ਖ਼ਬਰਾਂ ਬੋਲਦੀਆਂ ਹਨ:
ਲਗਨ ਤੇ ਸ਼ਰਧਾ ਦਾ ਚਿੰਨ੍ਹ
ਸੁਨਹਿਰੀ ਪਾਲਕੀ ਹੋਈ ਸੰਪੰਨ
ਅੰਦਰ ਬਾਹਰ ਸੋਨੇ ਜੜੀ
ਗੁਰੂ ਗ੍ਰੰਥ ਸਾਹਿਬ ਦੇ
ਚਾਰ ਸੌ ਸਾਲਾ ਦਿਵਸ
ਲਈ ਹੋਈ ਅਰਪਨ,
ਨਾਲੇ ਇਕ ਬੀੜ
ਸੁਨਹਿਰੀ ਜਿਲਦ ਵਾਲੀ
ਦੇ ਸੰਗਤ ਕਰੇਗੀ ਦਰਸ਼ਨ
|
-
ਪ੍ਰੋ.ਪ੍ਰੀਤਮ ਸਿੰਘ ਗਰੇਵਾਲ |
ਗੁਰੂ ਗ੍ਰੰਥ ਸਾਹਿਬ ਫੁਰਮਾਉਂਦੇ ਹਨ:
“ਸੁਇਨਾ ਰੁਪਾ ਸਭ ਧਾਤੁ ਹੈ ਮਾਟੀ ਰਲਿ ਜਾਈ॥ (ਸਫਾ 1012)
“ਕੂੜੁ ਸੁਇਨਾ ਕੂੜ ਰੁਪਾ ਕੂੜੁ ਪੈਨਣਹਾਰ॥ (ਸਫਾ 468)
“ਰਤਨ ਪਦਾਰਥ ਮਾਣਕਾ ਸੁਇਨਾ ਰੁਪਾ ਖ਼ਾਕੁ॥ (ਸਫਾ 47)
“ਜਿਨ ਸਰਧਾ ਰਾਮ ਨਾਮਿ ਲਗੀ ਤਿਨ ਦੂਜੈ ਚਿਤੁ ਨ ਲਾਇਆ ਰਾਮ॥
ਜੇ ਧਰਤੀ ਸਭ ਕੰਚਨੁ ਕਰਿ ਦੀਜੈ ਬਿਨੁ ਨਾਵੈ ਅਵਰੁ ਨ ਭਾਇਆ ਰਾਮ॥” (ਸਫਾ 444)
“ਸੁਖ ਸਨੇਹੁ ਅਰੁ ਭੈ ਨਹੀ ਜਾ ਕੈ ਕੰਚਨ ਮਾਟੀ ਮਾਨੈ॥ (ਸਫਾ 633)
ਕੀ ਚਾਰ ਸਦੀਆਂ ਬਾਅਦ ਵੀ
ਅਸੀਂ ਸੁਨਹਿਰੀ ਝਲਕ ਝਾਕੀ ਤੀਕ
ਸੀਮਤ ਰਹਿ ਕੇ ਵਾਹ ਦੇਣੀ ਹੈ ਲੀਕ?
ਜਾਂ ਇਸ ਹੱਦ ਤੋਂ ਲੰਘਣਾ ਪਾਰ
ਪੜ੍ਹ ਸੁਣ ਕੇ ਗੁਰਸ਼ਬਦ ਵੀਚਾਰ?
ਕਿਸ ਕੰਮ ਕੇਵਲ ਸੋਨ ਮੁਲ੍ਹੱਮਾ
ਜੋ ਸਾਡੀ ਸੋਚ ਨੂੰ ਲਏ ਭਰਮਾ
ਤੇ ਪੀਊ ਦਾਦੇ ਦੇ ਖਜ਼ਾਨੇ ਵਲੇ
ਪੈਣ ਈ ਨਾ ਦਏ ਨਿਗਾਹ?
ਜਿਥੇ ਸ਼ਬਦ ਰਤਨ ਤੇ ਲਾਲ
ਅਮੋਲ ਗਿਆਨ ਦੇ ਅਖੁਟ ਭੰਡਾਰ
ਜਿਸ ਦਾ ਵਾਰਸ ਕੁਲ ਸੰਸਾਰ
ਜਿਸ ਨੂੰ ਰਲ ਮਿਲ ਵਰਤਣ ਦੇ ਲਈ
ਗੁਰੂ ਸਭਨਾ ਨੂੰ ਦਏ ਆਵਾਜ਼!
|