5_cccccc1.gif (41 bytes)


ਭੁੱਖ-ਮਰੀ
 ਡਾ. ਸ਼ਰਨਜੀਤ ਕੌਰ


ਡਾ. ਸ਼ਰਨਜੀਤ ਕੌਰ ਇਕ ਪਰੌੜ ਲੇਖਕਾ ਹੈ ਜਿਹੜੀ ਪਿਛਲੇ ਕਈ ਸਾਲਾਂ ਤੋਂ ਲਿਖ ਰਹੀ ਹੈ। ਉਸ ਦੀਆਂ ਕਹਾਣੀਆਂ ਵਿਚ ਇਸਤਰੀ ਸੰਵੇਦਨਾ ਬਹੁਤ ਉਘੜਵੇਂ ਢੰਗ ਨਾਲ ਦਿਖਾਈ ਦਿੰਦੀ ਹੈ। ਉਹ ਹੁਣ ਤਕ ਪੰਜਾਬੀ ਸਾਹਿਤ ਨੂੰ ਤਿੰਨ ਕਹਾਣੀ ਸੰਗ੍ਰਿਹ ਦੇ ਚੁਕੀ ਹੈ। ਅਧਿਆਪਨ ਦੇ ਖੇਤਰ ਵਿਚ ਬਹੁਤ ਨਾਮਣਾ ਖੱਟਣ ਤੋਂ ਬਾਦ ਅੱਜ ਕੱਲ਼੍ਹ ਉਹ ਸਿਰਫ ਅਤੇ ਸਿਰਫ ਸਾਹਿਤ ਲੇਖਣੀ ਵੱਲ ਹੀ ਧਿਆਨ ਦੇ ਰਹੀ ਹੈ। ਉਸ ਦੀ ਹੱਥਲੀ ਕਹਾਣੀ ਗਰੀਬੀ ਅਤੇ ਅਮੀਰੀ ਦੀ ਵੰਡੀ ਵਾਲੇ ਸੰਸਾਰ ਵਿਚ ਇਸਤਰੀ ਦੇ ਸਰੀਰਕ ਸ਼ੋਸ਼ਣ ਦੀ ਅਤੇ ਸਮਾਜ ਦੇ ਦਰਿੰਦਿਆਂ ਦੀ ਕਹਾਣੀ ਹੈ।

ਮੈਂ ਪਿੰਡ ਦਾ ਊਧੋ ਜਾਣੀ ਊਧਮ ਸਿੰਘ ਹਾਂ। ਮੇਰੇ ਆਸੇ ਪਾਸੇ ਸਭ ਆਪਣੀਆਂ ਜ਼ਮੀਨਾਂ ਵਾਲੇ ਲੋਕ ਸਨ, ਕਿਸਾਨ, ਹੱਥੀਂ ਮਿਹਨਤ ਕਰਨ ਵਾਲੇ। ਇਨ੍ਹਾਂ ਦੀ ਜ਼ਮੀਨ ਚੰਗੀ ਰੋਟੀ ਦਿੰਦੀ ਸੀ, ਰੱਜ ਕੇ ਖਾਂਦੇ ਸੀ। ਪਰ ਹੁਣ ਨਿਰੀ ਭੁੱਖ ਮਰੀ ਹੈ।

ਬਹੁਤੀ ਜ਼ਮੀਨ ਤਾਂ ਸਰਕਾਰ ਨੇ ਲੈ ਲਈ। ਸਰਕਾਰ ਨੇ ਲੈ ਕੇ ਉਚੀਆਂ ਉਚੀਆਂ ਕਈ ਮੰਜ਼ਲਾ ਦੁਕਾਨਾਂ, ਸ਼ੌ ਰੂਮਜ਼, ਤੇ ਏ ਸੀ ਦੁਕਾਨਾਂ ਬਣਾ ਦਿਤੀਆਂ। ਪਤਾ ਹੀ ਨਹੀਂ ਲਗਦਾ ਕਿ ਕਦੇ ਇਥੇ ਜ਼ਮੀਨ ਵੀ ਹੁੰਦੀ ਸੀ ਜਾਂ ਕਦੇ ਇਸੇ ਧਰਤੀ ‘ਤੇ ਮਿਹਨਤ ਦਾ ਮੁੜ੍ਹਕਾ ਚੋਂਦਾ ਰਿਹਾ ਸੀ। ਉਦੋਂ ਇਹ ਧਰਤੀ ਉਪਜਾਊ ਸੀ ਤੇ ਕਈਆਂ ਦਾ ਪੇਟ ਪਾਲਦੀ ਸੀ। ਹੁਣ ਇਹ ਧਰਤੀ ਨਹੀਂ ਰਹੀ। ਹਾਂ, ਇਕ ਗੱਲ ਤਾਂ ਹੈ- ਸਰਕਾਰ ਨੇ ਕਿਤੇ ਮੁਫਤ ਥੋੜਾ ਲਈ ਸੀ ਇਹ ਜ਼ਮੀਨ। ਇਸ ਦੇ ਪੈਸੇ ਦਿਤੇ ਸਨ।

ਪੈਸੇ-ਪਰ ਅਸਾਂ ਲੋਕਾਂ ਸਾਰੇ ਪੈਸੇ ਖਾ ਹੀ ਉਡਾ ਧਰੇ ਤੇ ਰਹਿ ਗਈ ਭੁੱਖਮਰੀ। ਬਾਕੀ ਜ਼ਮੀਨ ਜੋ ਸਰਕਾਰ ਦੇ ਕੰਮ ਨਹੀਂ ਸੀ ਰਹਿ ਗਈ, ਬੱਸ। ਇਕ ਦੋ ਟੋਟੇ ਅਤੇ ਖਾਣ ਵਾਲੇ ਕਈ। ਉਂਜ ਉਹ ਸੜਕੋਂ ਕਾਫੀ ਪਰ੍ਹੇ ਜਹੇ ਸੀ। ਭੁੱਖਮਰੀ ਤੋਂ ਤੰਗ ਪੈ ਕਈ ਬਾਹਰ ਵੱਲ ਨੂੰ ਭੱਜ ਨਿਕਲੇ ਸਨ, ਪੈਸੇ ਕਮਾਉਣ। ਪਰ ਤਾਂ ਵੀ ਜੋ ਬਾਕੀ ਸਨ, ਉਨ੍ਹਾਂ ਲਈ ਬਚੇ ਖੁਚੇ ਜ਼ਮੀਨ ਦੇ ਦੋ ਟੋਟਿਆਂ ਦੀ ਕਿੱਲ ਕਿੱਲ, ਬਿਜਾਈ-ਸਿੰਜਾਈ ਕਰ, ਕੁਝ ਕਣਕ-ਸਣਕ ਬੀਜ ਗੁਜ਼ਾਰਾ ਕਰਨਾ ਚਾਹਿਆ। ਸਿਆਲ, ਅੰਤਾਂ ਦੀ ਸਰਦੀ। ਕੱਕਰ ਅਤੇ ਮਗਰੋਂ ਝੱਖੜ ਵਾਲੀਆਂ ਅੰਨ੍ਹੀਆਂ ਬਾਰਸ਼ਾਂ, ਫਿਰ ਹੜ੍ਹ, ਅਤੇ ਜੋ ਭੋਰਾ ਮਾਸਾ ਕਣਕ ਬੀਜੀ ਸੀ, ਤਿਆਰ ਵੀ ਹੋ ਗਈ ਸੀ, ਉਹ ਵੀ ਇਸ ਕੁਦਰਤੀ ਕਹਿਰ ਨੇ ਹੜ੍ਹਾ ਦਿਤੀ ਸੀ।

ਬੱਚੇ ਭੁੱਖ ਨਾਲ ਵਿਲ੍ਹਕੂੰ ਵਿਲ੍ਹਕੂੰ ਕਰਦੇ ਤਾਂ ਮਾਵਾਂ ਦੇ ਕਲੇਜੇ ਫਟਦੇ ਸਨ। ਛਾਤੀ ‘ਤੇ ਹੱਥ ਧਰ ਧਰ, ਖੇਤਾਂ ਦੇ ਉਨ੍ਹਾਂ ਟੋਟਿਆਂ ਵੱਲ ਉਹ ਭੱਜਦੀਆਂ, ਇੱਟਾਂ ਰੋੜੇ ਫਰੋਲਦੀਆਂ। ਹੇਠੋਂ ਕਣਕ ਦੇ ਦਾਣਿਆਂ ਨੂੰ ਚੁਣ ਚੁਣ ਲਿਆਉਂਦੀਆਂ। ਪੂਰੀ ਹਾਂਡੀ ਪਾਣੀ ਦੀ ਭਰ, ਵਿਚ ਮੁੱਠ ਕੁ ਦਾਣੇ ਪਾ ਕੇ ਧਰਦੀਆਂ, ਉਬਾਲਦੀਆਂ, ਲੂਣ ਮਿਰਚ ਪਾ ਵਿਲ੍ਹਕਦੇ ਬਾਲਾਂ ਦੇ ਮੂੰਹੀਂ ਫੁਹੀ ਫੂਹੀ ਪਾਉਂਦੀਆਂ ਤਾਂ ਕਿਤੇ ਕੁਝ ਰਾਹਤ ਮਿਲਦੀ।

ਅਸੀਂ ਸੋਚਦੇ ਇਹ ਸਿਆਲ ਭਲਾ ਕਦੇ ਮੁਕੇਗਾ ਵੀ? ਬੇਵੱਸ ਸਾਂ। ਢੇਰ ਚਿਰ ਪਿਛੋਂ ਤਕ ਵੀ ਜ਼ਮੀਨਾਂ ਨਾ ਸੁੱਕੀਆਂ। ਕਣਕ ਦੇ ਦਾਣੇ ਹੁਣ ਨਹੀਂ ਸਨ ਮਿਲਦੇ। ਖਬਰੇ ਸਾਰੇ ਹੀ ਹੜ੍ਹ ਚੁਕੇ ਸਨ। ਪਰ ਮਾਵਾਂ ਬੱਚਿਆਂ ਲਈ ਕੁਝ ਵੀ ਕਰਨ ਲਈ ਤਿਆਰ ਸਨ। ਹੈਵਾਨੀਅਤ ਵੀ। ਖੇਤਾਂ ਵਿਚ ਕਾਂ ਕਾਂ ਕਰਦੇ ਕਾਂ, ਚੀਂ ਚੀਂ ਕਰਦੀਆਂ ਚਿੜੀਆਂ- ਉਨ੍ਹਾਂ ਨੂੰ ਕਦ ਚੰਗੀਆਂ ਲਗਦੀਆਂ ਸਨ। ਪੱਥਰ ਬਣ ਹੁਣ ਤਾਂ ਉਨ੍ਹਾਂ ਇਕ ਅੱਧ ਚਿੜੀ ਮਾਰਨੀ ਵੀ ਸ਼ੁਰੂ ਕਰ ਦਿਤੀ ਸੀ। ਕਿਤਨਾ ਪਾਪ! ਤੇ ਉਸ ਨੂੰ ਪਤੀਲਾ ਪਾਣੀ ਦਾ ਭਰ ਪਾਣੀ ਪਾ ਕੇ ਰਿੰਨਦੀਆਂ ਤੇ ਬੱਚਿਆਂ ਦੇ ਮੂੰਹੀਂ ਪਾਉਂਦੀਆਂ। ਹੋਰ ਕਰਨ ਵੀ ਕੀ? ਪੇਟ ਕਿਥੇ ਪਾਪ ਪੁੰਨ ਦਾ ਨਿਬੇੜਾ ਕਰਨ ਦਿੰਦਾ ਏ!

ਫੇਰ ਸਾਰੇ ਇਕ ਦਿਨ ਬੋਰੂ ਦੇ ਘਰੇ ਇਕੱਠੇ ਹੋਏ। ਇਕੱਠੇ ਤਾਂ ਹੋਣਾ ਹੀ ਸੀ। ਬੇਰੂ ਦੀ ਪਤਨੀ ਕੁੰਤੀ ਘਰੇ ਹੀ ਸੀ। ਘਰੇ ਤਾਂ ਹੋਣਾ ਹੀ ਸੀ। ਉਸ ਦਾ ਛੋਟਾ ਬਾਲ ਜੋ ਮਰ ਗਿਆ ਸੀ, ਭੁੱਖ ਮਰੀ ਨਾਲ। ਪਰ ਕੁੰਤੀ ਬਾਲ ਨੂੰ ਛਾਤੀ ਨਾਲ ਲਾਈ ਬੈਠੀ ਸੀ- ਚੁੱਪ ਚਾਪ। ਰੋ ਨਹੀਂ ਸੀ ਰਹੀ। ਗੁੰਮ ਸੁੰਮ। ਉਸ ਦੀ ਗਵਾਂਢਣ ਲਾਜੋ, ਜੋ ਡੁਸ ਡੁਸ ਕਰ ਰਹੀ ਸੀ, ਚੰਨੀ ਨਾਲ ਮੁੜ ਮੁੜ ਨੱਕ ਪੂੰਝਦੀ, ਅੱਖਾਂ ਪੂੰਝਦੀ ਕਹਿ ਰਹੀ ਸੀ, "ਸਾਂਭਿਆ ਗਿਆ, ਇਥੇ ਹੈ ਵੀ ਕੀ ਸੀ? ਸੁੱਕੀ ਰੋਟੀ ਵੀ ਨਹੀਂ ਸੀ, ਨਿਰੀ ਭੁੱਖਮਰੀ, ਜਾਨ ਛੁੱਟੀ ਸੂ!"

ਗਵਾਂਢਣ ਆਪਣੇ ਘਰੋਂ ਇਕ ਪੁਰਾਣਾ ਚਿੱਟਾ ਕੱਪੜਾ ਲੈ ਆਈ ਸੀ। ਕੁੰਤੀ ਅਜੇ ਵੀ ਬਾਲ ਨੂੰ ਛਾਤੀ ਨਾਲ ਲਾਈ ਬੈਠੀ ਸੀ। ਸਾਰਿਆਂ ਉਸ ਤੋਂ ਬਾਲ ਫੜਿਆ ਪਰ ਉਸ ਬਾਲ ਨੂੰ ਹੋਰ ਵੀ ਘੁੱਟ ਕੇ ਆਪਣੇ ਨਾਲ ਲਾ ਲਿਆ। ਛੱਡ ਨਹੀਂ ਸੀ ਰਹੀ। ਆਖਰ ਲਾਜੋ ਨੇ ਬਾਲ ਉਸ ਤੋਂ ਖਿੱਚ ਲਿਆ, ਪੁਰਾਣਾ ਚਿੱਟਾ ਕੱਪੜਾ ਉਸ ‘ਤੇ ਪਾਇਆ ਤੇ ਅਸੀਂ ਆਦਮੀ ਆਦਮੀ ਬਾਹਰ ਖੇਤਾਂ ਵਲ ਨੂੰ ਹੋ ਤੁਰੇ।

ਕੁੰਤੀ ਦਾ ਘਰ ਵਾਲਾ ਬੋਰੂ ਕਈ ਮਹੀਨਿਆਂ ਤੋਂ ਬਾਹਰ ਪੈਸਾ ਕਮਾਉਣ ਗਿਆ ਹੋਇਆ ਸੀ। ਉਸ ਦੀ ਅਜੇ ਕੋਈ ਉੱਘ ਸੁੱਘ ਨਹੀਂ ਸੀ ਮਿਲੀ ਕਿ ਜੀਂਦਾ ਕਿ ਮੋਇਆ। ਕੁੰਤੀ ਇਕੱਲੀ ਦੋ ਬੱਚਿਆਂ ਨਾਲ ਛੇ ਮਹੀਨੇ ਤੋਂ ਭੁੱਖਮਰੀ ਝੱਲ ਰਹੀ ਸੀ। ਤੇ ਹੁਣ ਤਾਂ ਛੋਟਾ ਬਾਲ ਮਰ ਹੀ ਗਿਆ ਸੀ। ਵੱਡੀ ਕੁੜੀ ਵੀ। ਖੇਤਾਂ ਤੋਂ ਆ, ਅਸੀਂ ਸਲਾਹ ਬਣਾਈ ਕਿ ਆਹ ਪਿੰਡ ਤੋਂ ਪਰ੍ਹੇ ਵੱਡੀ ਸੜਕ ਕਿਨਾਰੇ ਉਚੀ ਹਵੇਲੀ ਵਾਲੇ ਸਰਦਾਰ ਕੋਲ ਚਲੀਏ। ਉਸ ਅਗੇ ਬੇਨਤੀ ਕਰੀਏ। ਸ਼ਾਇਦ ਖਾਣ ਨੂੰ ਕੁਝ ਮਿਲ ਸਕੇ। ਬੜਾ ਕੰਮ ਸੀ ਉਸ ਦਾ ਤੇ ਬੜਾ ਪੈਸਾ ਸੀ ਉਸ ਕੋਲ। ਪਿਉ ਦੇ ਮਰਨ ਪਿਛੋਂ ਕੋਠੀਆਂ, ਫੈਕਟਰੀਆਂ ਸਭ ਦੀ ਮਲਕੀਅਤ ਉਸ ਦੀ ਹੀ ਬਣ ਗਈ ਸੀ। ਇਕੱਲਾ ਪੁਤ ਜੋ ਸੀ। ਸਾਡੇ ਪਿੰਡੋਂ ਬਾਹਰ ਉਸ ਨੇ ਆਪਣੀ ਨਵੀਂ ਹਵੇਲੀ ਪਾਈ ਸੀ। ਉਂਜ ਸਹਿਰ ਵਿਚ ਫੈਕਟਰੀ ਵੀ ਸੀ ਤੇ ਕਹਿੰਦੇ ਐ ਕਿ ਵੱਡੇ ਪਿੰਡ ਵੀ ਇਸ ਤਰਾਂ ਦੀ ਹੀ ਉਸ ਦੀ ਹਵੇਲੀ ਹੈ। ਪਿੰਡੋਂ ਬਾਹਰ ਉਸ ਦੀ ਨਵੀਂ ਹਵੇਲੀ ਕਾਫੀ ਦੂਰ ਸੀ ਪਰ ਬੋਰੂ ਦੇ ਬਾਲ ਮਰ ਜਾਣ ‘ਤੇ ਤਾਂ ਅਸੀਂ ਭੀਖ ਮੰਗਣ ਲਈ ਵੀ ਤਿਆਰ ਹੋ ਗਏ ਸਾਂ।

ਭੁੱਖਮਰੀ ਨੇ ਸਾਨੂੰ ਖੁਦਗ਼ਰਜ਼ ਬਣਾ ਦਿਤਾ ਸੀ। ਜਿਸ ਨੂੰ ਜੋ ਮਿਲਦਾ, ਖਾ ਲੈਂਦਾ। ਦੂਜੇ ਦਾ ਧਿਆਨ? ਬੱਸ ਛੱਡੋ ਜੀ। ਹੁਣ ਕੁੰਤੀ ਦੇ ਬਾਲ ਦੀ ਮੌਤ ਨੇ ਸਾਡੀ ਹੈਵਾਨੀਅਤ ਨੂੰ ਕੁਝ ਘਟਾ ਦਿਤਾ ਸੀ। ਅਸੀਂ ਸਾਰੇ ਇਕ ਹੋ ਗਏ ਸਾਂ। ਹਿੰਦੂ, ਮੁਸਲਿਮ ,ਅਤੇ ਸਿੱਖ ਵਾਲੀ ਗੱਲ ਤਾਂ ਪਹਿਲਾਂ ਵੀ ਨਹੀਂ ਸੀ। ਅਸੀਂ ਕੁਝ ਜਣਿਆਂ ਉਚੀ ਹਵੇਲੀ ਵਾਲੇ ਸਰਦਾਰ ਕੋਲ ਜਾਣ ਦਾ ਫੈਸਲਾ ਕੀਤਾ। ਕੁੰਤੀ ਤੇ ਉਸ ਦੀ ਬੱਚੀ ਨੂੰ ਨਾਲ ਲਿਜਾਣ ਲਈ ਸੋਚਿਆ ਗਿਆ ਕਿ ਸ਼ਾਇਦ ਸਰਦਾਰ ਇਸ ‘ਤੇ ਤਰਸ ਕਰਕੇ ਜਲਦੀ ਪਸੀਜ ਜਾਏ। ਉਂਜ ਸਾਡੇ ਵਿਚ ਤੁਰਨ ਦੀ ਵੀ ਸਤਿਆ ਨਹੀਂ ਸੀ। ਪੈਰ ਨੰਗੇ ਸਨ। ਕਿਤੇ ਰੋੜ ਚੁਭਦੇ ਤੇ ਕਿਤੇ ਚਿੱਕੜ੍ਹ ‘ਚ ਪੈਰ ਫਸਦੇ। ਅਸੀਂ ਚੁੱਪ ਚਾਪ ਤੁਰੇ ਜਾ ਰਹੇ ਸਾਂ। ਕੁਝ ਵੀ ਨਹੀਂ ਸਾ ਕਹਿ ਰਹੇ ਸੁਣ ਰਹੇ। ਇਥੋਂ ਤਕ ਕਿ ਆਪਣਾ ਦੁੱਖ ਵੀ ਨਹੀਂ ਸੀ ਦੱਸ ਰਹੇ। ਕੁੰਤੀ ਹੁਣ ਵੀ ਚੁੱਪ ਸੀ। ਉਸ ਦੀ ਕੁੜੀ ਚੁੱਪ ਚਾਪ ਮਾਂ ਨਾਲ ਤੁਰੀ ਜਾ ਰਹੀ ਸੀ। ਸੋਹਣੀ, ਗੋਲ ਮਟੋਲ, ਗੋਰੀ ਚਿੱਟੀ ਤੇ ਬਲੌਰੀ ਅੱਖਾਂ। ਰੱਬ ਨੇ ਰੂਪ ਦੇ ਢੇਰ ਦਿਤੇ ਸਨ, ਪਰ ਨਾਲ ਹੀ ਭੁੱਖਮਰੀ।

ਜਦੋਂ ਅਸੀਂ ਸਰਦਾਰ ਦੀ ਹਵੇਲੀ ਨੇੜੇ ਪਹੁੰਚੇ ਤਾਂ ਸ਼ਾਮ ਦਾ ਘੁਸਮੁਸਾ ਪੈ ਚੁਕਾ ਸੀ। ਅਗਲਾ ਕਦਮ ਪੁਟਦਿਆਂ ਹੀ ਦੋ ਸ਼ੇਰ ਕੁੱਤਿਆਂ ਭੌਂਕਣਾ ਸ਼ੁਰੂ ਕਰ ਦਿਤਾ ਸੀ। ਅਸੀਂ ਠਠੰਬਰ ਥਾਏਂ ਰੁਕ ਗਏ। ਕੁੱਤਿਆਂ ਦੀ ਆਵਾਜ਼ ਸੁਣ ਸਰਦਾਰ ਬਾਹਰ ਨਿਕਲਿਆ। ਸਾਡੇ ਵੱਲ ਘੁਰੀ ਵੱਟ ਵੇਖਣ ਲਗ ਪਿਆ। ਅਸੀਂ ਸਾਰੇ ਚੁੱਪ ਸਾਂ। ਸਭ ਤੋਂ ਅੱਗੇ ਵਿਚਕਾਰ ਜਿਹੇ ਫਟੇ ਹਾਲ ਕੁੰਤੀ ਮੂੰਹ ਨੀਵਾਂ ਪਾਈ ਖੜ੍ਹੀ ਸੀ। ਉਸ ਦਾ ਹੁਸਨ, ਮੈਲ ਕੁਚੈਲ ‘ਚੋਂ ਵੀ ਡੁਲ੍ਹ ਡੁਲ੍ਹ ਪੈ ਰਿਹਾ ਸੀ। ਸਰਦਾਰ ਨੇ ਰੋਹਬ ਭਰੀ ਜੋਸ਼ੀਲੀ ਆਵਾਜ਼ ਵਿਚ ਪੁੱਛਿਆ:

"ਕੀ ਗੱਲ ਐ ਬਈ?"

ਮੈਂ ਅੱਗੇ ਹੋਇਆ, "ਮਾਈ ਬਾਪ, ਤੁਹਾਨੂੰ ਪਤੈ, ਸਾਡੀ ਜ਼ਮੀਨ ਸਰਕਾਰ ਨੇ ਲੈ ਲਈ ਸੀ ਤੇ ਹੁਣ ਜੋ ਇਕ ਦੋ ਟੋਟੇ ਬਾਕੀ ਬਚੇ ਸਨ, ਉਹ ਹੜ੍ਹਾਂ ਨੇ ਹੜ੍ਹ ਲਈ । ਕੁਝ ਨਹੀਂ ਬਚਿਆ। ਭੁੱਖਮਰੀ ਐ। ਛੋਟੇ ਬਾਲ ਇਕ ਇਕ ਦੋ ਦੋ ਕਰਕੇ ਮਰੀ ਜਾ ਰਹੇ ਹਨ ਸਾਡੇ ‘ਤੇ ਤਰਸ ਕਰੋ…."

ਅਜੇ ਮੈਂ ਗੱਲ ਪੂਰੀ ਵੀ ਨਹੀਂ ਸੀ ਕੀਤੀ ਕਿ ਸਰਾਦਰ ਕੜਕਿਆ, "ਤੇ ਮੈਂ ਕੀ ਕਰਾਂ? ਰਾਤ ਵੇਲੇ ਤੰਗ ਕਰਨ ਆ ਗਏ ਨੇ!" ਤੇ ਉਹ ਮੂੰਹ ਵਿਚ ਬੁੜਬੁੜਾਇਆ। ਹੌਸਲਾ ਕਰ ਰਲੂ ਰਾਮ ਅੱਗੇ ਵਧਿਆ ਤੇ ਝੁਕਦਿਆਂ ਹੱਥ ਜੋੜ ਬੋਲਿਆ, "ਸਰਦਾਰ ਸਾਹਿਬ, ਇਹ ਸਾਡਾ ਪਿੰਡ ਤੁਹਾਡੇ ਇਲਾਕੇ ਵਿਚ ਆਉਂਦਾ ਏ"।

"ਔਂਦਾ ਏ ਤਾਂ ਫਿਰ ਮੈਂ ਕੀ ਕਰਾਂ?" ਰਲੂ ਰਾਮ ਦੀ ਅੱਧੀ ਗੱਲ ਦਾ ਹੀ ਉਸ ਗੁੱਸੇ ਨਾਲ ਜਵਾਬ ਮੋੜਿਆ। ਸਭ ਨੇ ਡਰਦਿਆਂ ਚੁੱਪਚਾਪ ਮੂੰਹ ਨੀਵੇਂ ਕਰ ਲਏ। ਭਾਵੇਂ ਮੈਂ ਵੀ ਡਰਦਾ ਸਾਂ। ਵੱਡਾ ਹੋਣ ਕਰਕੇ, ਫਿਰ ਵੀ ਹੌਸਲਾ ਕਰਕੇ, ਪਤਾ ਨਹੀਂ ਕਿਵੇਂ ਉਹਦੇ ਰਾਹ ਵਿਚ ਸਾਹਮਣੇ ਆ ਖਲੋਤਾ। ਕੁੰਤੀ ਤੇ ਉਸ ਦੀ ਬੱਚੀ ਵੱਲ ਇਸ਼ਾਰਾ ਕਰਦਿਆਂ ਮੈਂ ਕਿਹਾ, "ਐਹਨਾਂ ਦੀ ਹਾਲਤ ‘ਤੇ ਤਰਸ ਖਾਓ। ਜ਼ਰਾ ਦੇਖੋ"। ਅਤੇ ਕੁੰਤੀ ‘ਤੇ ਨਜ਼ਰ ਪੈਂਦਿਆਂ ਕੁਝ ਇਸ ਤਰਾਂ ਅੱਖਾਂ ਚੌੜੀਆਂ ਕਰ ਉਸ ਤੱਕਿਆ ਤੇ ਜਿਵੇਂ ਉਸ ਦੀ ਨਜ਼ਰ ਥਾਏਂ ਹੀ ਜੰਮ ਗਈ ਹੋਵੇ ਤੇ ਜਿਵੇਂ ਉਸ ਦਾ ਸਾਹ ਰੁਕ ਗਿਆ ਹੋਵੇ ਤੇ ਜਿਵੇਂ ਦੋ ਮਿੰਟ ਤਾਂ ਸਰਦਾਰ ਸਿੱਲ੍ਹ ਪੱਥਰ ਹੀ ਬਣ ਗਿਆ ਹੋਵੇ।

ਆਪਣੇ ਆਪ ਨੂੰ ਸਾਂਭਦਿਆਂ ਉਸ ਮੇਰੇ ਵੱਲ ਪਿੱਛੇ ਆਉਣ ਦਾ ਇਸ਼ਾਰਾ ਕੀਤਾ। ਸਾਨੂੰ ਸਾਰਿਆਂ ਨੂੰ ਕੁਝ ਅਜੀਬ ਜਿਹਾ ਲਗਾ ਪਰ ਕੁਝ ਸਮਝ ਜਹੀ ਨਹੀਂ ਆਈ। ਖੱਬੇ ਪਾਸੇ ਪੌੜੀਆਂ ਹੇਠਾਂ ਉਤਰ ਕੇ ਸਟੋਰ ਵਿਚੋਂ ਇਕ ਬੋਰੀ ਆਟਾ ਤੇ ਇਕ ਬੋਰੀ ਚਾਵਲ ਚੁੱਕਣ ਲਈ ਉਸ ਕਿਹਾ। ਮੇਰੇ ਪਿੱਛੇ ਰਲੂ ਰਾਮ ਵੀ ਆ ਰਿਹਾ ਸੀ। ਅਸਾਂ ਦੋਹਾਂ ਇਕ ਇਕ ਬੋਰੀ ਚੁਕ ਲਈ ਅਤੇ ਤੁਰੇ ਆਏ। ਕੁੰਤੀ ਵੀ ਕੁੜੀ ਨਾਲ ਪੱਥਰ ਜਹੀ ਬਣੀ ਅਜੇ ਉਥੇ ਹੀ ਖੜ੍ਹੀ ਸੀ । ਕੁੜੀ ਝੰਜੋੜ ਝੰਜੋੜ ਕੇ ਉਸ ਨੂੰ ਤੁਰਨ ਲਈ ਕਹਿ ਰਹੀ ਸੀ। ਮੇਰੀ ਹੈਰਾਨੀ ਦੀ ਕੋਈ ਹੱਦ ਨਹੀਂ ਰਹੀ ਜਦੋਂ ਮੈਂ ਕੁੰਤੀ ਦੀ ਕੁੜੀ ਵੱਲ ਗਹੁ ਨਾਲ ਝਾਕਿਆ। ਕੁੜੀ ਦੀ ਸ਼ਕਲ ਹੂ-ਬ-ਹੂ ਸਰਦਾਰ ਨਾਲ ਮਿਲਦੀ ਸੀ। ਉਹੀ ਗੋਰਾ ਰੰਗ, ਗੋਲ ਮੋਲ ਅਤੇ ਬਲੌਰੀ ਅੱਖਾਂ। ‘ਹੇ ਰਾਮ-ਵਾਹਿਗੁਰੂ ਮੈਂ ਤਾਂ ਸਭ ਕੁਝ ਭੁੱਲ ਚੁਕਾ ਸਾਂ- ਇਹ ਕੀ ਕੌਤਕ!’

ਅੱਜ ਤੋਂ ਕੋਈ ਤੇਰਾਂ ਚੌਦਾਂ ਸਾਲ ਪਹਿਲਾਂ ਅਸਾਂ ਸੁਣਿਆ ਸੀ ਕਿ ਨਾਲ ਦੇ ਵੱਡੇ ਪਿੰਡ ਵੀ ਭੁੱਖਮਰੀ ਪਈ ਸੀ। ਮੇਰੀ ਧੁੰਦਲੀ ਧੁੰਦਲੀ ਯਾਦ ਹੁਣ ਬਿਲਕੁਲ ਸ਼ੀਸ਼ੇ ਵਾਂਗ ਸਾਫ ਹੋ ਗਈ ਸੀ ਤੇ ਮੈਨੂੰ ਉਹ ਸਾਰਾ ਕੁਝ ਵਾਪਰਿਆ ਯਾਦ ਆ ਗਿਆ ਸੀ। ਉਦੋਂ ਮੈਂ ਆਪਣੀ ਪੁਰਾਣੀ ਜ਼ਮੀਨ ਦਾ ਸੌਦਾ ਕਰਨ ਵੱਡੇ ਪਿੰਡ ਹੀ ਗਿਆ ਸਾਂ। ਮੈਂ ਦਸਿਆਂ ਏ ਪਈ ਉਦੋਂ ਵੱਡੇ ਪਿੰਡ ਵੀ ਇਵੇਂ ਹੀ ਭੁੱਖਮਰੀ ਪਈ ਸੀ ਤੇ ਕੁਝ ਬੰਦੇ, ਜਿਹਦੇ ਵਿਚ ਇਕ ਕੁੰਤੀ ਦਾ ਪਿਉ ਰਸ਼ੀਦਾ ਵੀ ਸੀ, ਇਸੇ ਤਰਾਂ ਕੁੰਤੀ ਨੂੰ ਉਂਗਲੀ ਲਾਈ ਭੁੱਖਮਰੀ ਦਾ ਵਾਸਤਾ ਪਾਉਣ ਗਿਆ ਸੀ, ਹਵੇਲੀ ਵਾਲੇ ਇਸੇ ਸਰਦਾਰ ਦੇ ਬਾਪ ਕੋਲ। ਰਸ਼ੀਦਾ ਉਸ ਦੇ ਖੇਤਾਂ ਵਿਚ ਹੀ ਕੰਮ ਕਰਦਾ ਸੀ। ਖੇਤਾਂ ਵਿਚ ਕੱਖ ਵੀ ਨਹੀਂ ਸੀ ਉਗਿਆ।

ਸਰਦਾਰ ਨੇ ਰਸ਼ੀਦੇ ਨੂੰ ਲਾਲਚ ਦਿਤਾ ਸੀ, "ਖਾਣ ਲਈ ਮਲੇਗਾ। ਇਸ ਬਾਲੜੀ ਨੂੰ ਘਰੇ ਕੰਮ ਕਰਨ ਲਈ ਭੇਜ", ਤੇ ਉਸ ਨੇ ਕੁੰਤੀ ਨੂੰ ਆਪਣੇ ਕੋਲ ਬੁਲਾ ਕੇ ਪਿਆਰ ਕੀਤਾ ਤੇ ਘਰ ਆਉਣ ਲਈ ਕਿਹਾ ਸੀ। ਇਕ ਦਿਨ, ਦੋ ਦਿਨ ਅਤੇ ਇਸ ਤਰਾਂ ਕੁੰਤੀ ਕਈ ਦਿਨ ਸਰਦਾਰ ਦੇ ਘਰੇ ਜਾਂਦੀ ਰਹੀ ਸੀ। ਤੇ ਮੁੜ ਕੁਝ ਮਹੀਨਿਆਂ ਮਗਰੋਂ ਰਸ਼ੀਦਾ, ਰੱਜ ਕੇ ਰੋਟੀ ਖਾਂਦਾ ਵੀ, ਫਾਹਾ ਲੈ ਕੇ ਮਰ ਗਿਆ ਸੀ। ਕੁੰਤੀ ਦੀ ਮਾਂ ਤਾਂ ਪਹਿਲੋਂ ਹੀ ਭੁੱਖਮਰੀ ਨਾਲ ਮਰ ਚੁੱਕੀ ਸੀ। ਕੁੰਤੀ ਇਕੱਲੀ, ਬੇਸਮਝ ਰੋਣ ਲਈ ਰਹਿ ਗਈ ਸੀ।

ਉਦੋਂ ਸਾਨੂੰ ਬੜਾ ਤਰਸ ਆਇਆ ਸੀ ਇਸ ‘ਤੇ ਪਰ-ਮੁੜ ਅਸਾਂ ‘ਤੇ ਸੁਣਿਆ ਸੀ ਕਈ ਕੁਝ। ਬਸ ਸੁਣਿਆ ਸੀ ਅਤੇ ਆਪਣੇ ਰੱਫੜਿਆਂ ਵਿਚ ਭੁੱਲ ਭੁਲਾ ਗਏ ਸਾਂ। ਉੱਕਾ ਹੀ ਵਿੱਸਰ ਗਏ ਸਾਂ। ਪਰ ਅੱਜ, ਗੋਰਾ ਚਿੱਟਾ, ਗੋਲ ਮਟੋਲ ਬਲੌਰੀ ਅੱਖਾਂ ਵਾਲੇ ਸਰਦਾਰ ਨੂੰ ਸਾਹਮਣੇ ਖੜ੍ਹਾ ਦੇਖ, ਬਲੌਰੀ ਅੱਖਾਂ ਵਾਲੀ ਕੁੰਤੀ ਦੀ ਬਾਲੜੀ ਨੂੰ ਦੇਖ ਜਿਵੇਂ….। ਮੇਰੀ ਸੋਚਾਂ ਦੀ ਲੜੀ ਥਾਏਂ ਟੁੱਟੀ ਜਦੋਂ ਸਰਾਦਰ ਨੇ ਮੇਰੇ ਵੱਲ ਝਾਕਦਿਆਂ ਰੋਹਬ ਨਾਲ ਪੁੱਛਿਆ, "ਇਹ ਕੁੜੀ ਕੌਣ ਏ?" ਜਵਾਬ ਵਿਚ ਮੈਂ ਕੁੰਤੀ ਵੱਲ ਝਾਕਿਆ। ਕਈ ਦਿਨਾਂ ਤੋਂ ਪੱਥਰ ਬਣੀ ਕੁੰਤੀ ਹਿੱਲੀ। ਉਸ ਦੀਆਂ ਅੱਖਾਂ ਵਿਚੋਂ ਅੱਗ ਨਿਕਲੀ। ਉਸ ਮੂੰਹ ਉਚਾ ਕੀਤਾ। ਸਰਦਾਰ ਵੱਲ ਪ੍ਰਸ਼ਨ ਚਿੰਨ ਬਣ ਉਸ ਕਹਿਰ ਦੀ ਨਜ਼ਰ ਤੱਕਿਆ-ਇਕ ਟੱਕ। ਬਿਲਕੁਲ ਉਹੀ ਸੀ। ਗੋਰਾ ਚਿੱਟਾ, ਗੋਲ ਮਟੋਲ, ਬਲੌਰੀ ਅੱਖਾਂ ਵਾਲਾ। ਕਈ ਦਿਨਾਂ ਤੋਂ ਚੁੱਪ ਕੁੰਤੀ ਚੀਕੀ, ਹੋਰ ਚੀਕੀ, ਤੇ ਫਿਰ ਬੋਲੀ, "ਨਹੀਂ! ਨਹੀਂ! ਸਾਨੂੰ ਕੁਝ ਨਹੀਂ ਚਾਹੀਦਾ। ਭੁੱਖਮਰੀ ਹੀ ਠੀਕ ਹੈ," ਅਤੇ ਉਹ ਮੂੰਹ ਉਤੇ ਹੱਥ ਧਰੀ ਫੁੱਟ ਫੁੱਟ ਰੋਣ ਲਗ ਪਈ।

ਸਰਦਾਰ ਹੈਰਾਨ ਪ੍ਰੇਸ਼ਾਨ। ਇਹ ਅਨਪੜ੍ਹ ਗੰਵਾਰ ਭੋਲੀ ਭਾਲੀ, ਭੁੱਖਣ ਭਾਣੀ ਕੁੰਤੀ- ਹੁਣ ਕਿੰਨੀ ਸਿਆਣੀ, ਸੂਝ ਵਾਲੀ। ਉਸ ਦੀ ਸੋਚ ਅੱਧਵਾਟਿਉਂ ਹੀ ਟੁੱਟ ਗਈ ਜਦੋਂ ਉਸ ਕੁੰਤੀ ਦੀਆਂ ਆਸਮਾਨ ਫਾੜ ਰਹੀਆਂ ਚੀਕਾਂ ਸੁਣੀਆਂ। ਉਹ ਤਾਂ ਸ਼ੇਰਨੀ ਸੀ। ਸ਼ੇਰਨੀ ਵਾਂਗ ਦਹਾੜ ਰਹੀ ਸੀ। ਉਸ ਦਾ ਸਾਰ ਸਰੀਰ ਕੰਬ ਰਿਹਾ ਸੀ। ਸਰਦਾਰ ਡਰ ਗਿਆ ਸੀ ਪਰ ਆਪਣੇ ਮੋਢੇ ਖਿੱਚਦਾ, ਸੰਭਲ ਕੁੰਤੀ ਦੇ ਨੇੜੇ ਆ, ਉਸ ਦੀ ਗੋਰ ਚਿੱਟੀ ਪਿਆਰੀ ਕੁੜੀ ਨੂੰ ਤੱਕਣ ਲਗਾ। ਸਰਦਾਰ ਦੀਆਂ ਅੱਖਾਂ ਨੂੰ ਭਾਂਪਦੀ ਕੁੰਤੀ ਬਿਫਰੀ ਤੇ ਜ਼ੋਰ ਲਗਾ, ਜਿੰਨਾ ਉਚਾ ਉਹ ਬੋਲ ਸਕਦੀ ਸੀ, ਬੋਲੀ, "ਜਾਨਵਰ, ਇਹ ਤੇਰੀ ਹੀ ਭੈ…!" ਤੇ ਬਾਕੀ ਦੇ ਸ਼ਬਦ ਉਸ ਦੇ ਮੂੰਹ ਵਿਚ ਹੀ ਅੜ ਗਏ ਜਦੋਂ ਭੁੱਖ ਨਾਲ ਧੜੰਮ ਕਰਦੀ ਫਰਸ਼ ਉਤੇ ਡਿਗ ਕੇ ਉਹ ਬੇਹੋਸ਼ ਹੋ ਗਈ।

 

5_cccccc1.gif (41 bytes)

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com