5_cccccc1.gif (41 bytes)


ਭਰਮ ਭੁਲੇ ਲੋਕਾਂ ਦੇ ਬਾਬੇ
ਅਨਮੋਲ ਕੌਰ


ਜਿਸ ਦਿਨ ਉਹ ਐਮ.ਏ. ਦਾ ਆਖਰੀ ਪੇਪਰ ਦੇ ਕੇ ਘਰ ਆਇਆ, ਉਸ ਨੂੰ ਇਹ ਦੇਖ ਕੇ ਬਹੁਤ ਖੁਸ਼ੀ ਹੋਈ ਕਿ ਘਰ ਉਸ ਦੇ ਭੂਆਂ ਜੀ ਆਏ ਹੋਏ ਹਨ। ਭੂਆ ਜੀ ਨੂੰ ਸਤਿ ਸ੍ਰੀ ਅਕਾਲ ਬਲਾਉਣ ਦੇ ਨਾਲ ਹੀ ਉਸ ਨੇ ਪੁਛਿਆ, "ਭੂਆ ਜੀ, ਤੁਹਾਡਾ ਕਿਵੇਂ ਦਿਲ ਕਰ ਆਇਆ ਸਾਨੂੰ ਮਿਲਨ ਨੂੰ, ਏਨੀ ਦੇਰ ਬਆਦ?"

"ਕਾਕਾ, ਆਈ ਤਾਂ ਹੁਣ ਵੀ ਮੈ ਆਪਦੇ ਕੰਮ ਨੂੰ ਹੀ ਹਾਂ।" ਭੂਆ ਜੀ ਨੇ ਦਲਜੀਤ ਦੇ ਸਿਰ ਉੱਪਰ ਪਿਆਰ ਦਿੰਦੇ ਆਖਿਆ, "ਜੈਲੇ ਦਾ ਵਿਆਹ ਧਰ ਦਿੱਤਾ ਹੈ। ਕੁੜੀ ਕੈਨੇਡਾ ਤੋਂ ਆਈ ਹੈ। ਇਸ ਲਈ ਵਿਆਹ ਦੋ ਹਫਤਿਆਂ ਦੇ ਵਿਚ ਵਿਚ ਹੀ ਕਰਨਾ ਪੈਣਾ ਹੈ।"

"ਦੋ ਹਫਤਿਆਂ ਵਿਚ ਵਿਆਹ ਕਰਨਾਂ ਔਖਾ ਨਹੀ?" ਕੋਲ ਬੈਠੇ ਦਲਜੀਤ ਦੇ ਬੀਜੀ ਆਲੂ ਕੱਟਦੇ ਬੋਲੇ। "ਹੈ ਤਾਂ ਔਖਾ ਹੀ, ਪਰ ਸਾਡੇ ਖੂਹੀ ਵਾਲੇ ਸੰਤ ਕਹਿੰਦੇ ਹਨ ਕਿ ਵਿਆਹ ਕਰ ਦਿਉ।" ਭੁਆ ਜੀ ਨੇ ਬੇਫਿਕਰੀ ਨਾਲ ਕਿਹਾ।

ਦਲਜੀਤ ਖੂਹੀ ਵਾਲੇ ਸੰਤਾਂ ਦਾ ਭੂਆ ਜੀ ਕੋਲੋ ਬਹੁਤ ਵਾਰੀ ਸੁਣ ਚੁੱਕਾ ਸੀ। ਭੂਆ ਜੀ ਦਾ ਸਾਰਾ ਟੱਬਰ ਹਰ ਕੰਮ ਉਹਨਾਂ ਕੋਲੋ ਪੁਛ ਕੇ ਹੀ ਕਰਦਾ ਸੀ। ਸੰਤ ਹੈ ਵੀ ਉਹ ਆਪਣੀ ਹੀ ਕਿਸਮ ਦੇ। ਉਹਨਾਂ ਕੋਲ ਕਈ ਸਰਕਾਰੀ ਬੰਦੇ ਅਤੇ ਨੇਤਾ ਵੀ ਆਉਦੇ ਜਾਂਦੇ ਰਹਿੰਦੇ ਸਨ। ਇਹਨਾਂ ਸਾਰੀਆਂ ਗੱਲਾਂ ਦਾ ਦਲਜੀਤ ਨੂੰ ਭੂਆ ਜੀ ਕੋਲੋ ਹੀ ਪਤਾ ਲੱਗਾ ਸੀ। ਗੱਲਾਂ ਕਰਦੇ ਕਰਦੇ ਹੀ ਭੂਆ ਜੀ ਕਹਿਣ ਲੱਗੇ, "ਭਰਜਾਈ, ਤੈਨੂੰ ਕਿਨੀ ਵਾਰੀ ਕਿਹਾ ਕਿ ਤੂੰ ਦਲਜੀਤ ਨੂੰ ਤਾਂ ਸੰਤਾਂ ਦੇ ਦਰਸ਼ਨ ਕਰਵਾ ਦੇ ਪਰ ਤੂੰ ਤਾਂ ਘਰੋਂ ਹੀ ਨਹੀ ਨਿਕਲਦੀ।"

"ਭੂਆ ਜੀ ਬੀਜੀ ਤਾਂ ਮੈਨੂੰ ਬਹੁਤ ਵਾਰੀ ਕਹਿ ਚੁੱਕੇ ਹਨ, ਪਰ ਮੈ ਹੀ ਆਪਣੇ ਇਮਤਿਹਾਨਾਂ ਵਿਚ ਰੁੱਝਾ ਹੋਇਆ ਸੀ।" ਦਲਜੀਤ ਨੇ ਆਪਣੇ ਬੂਟਾਂ ਦੇ ਤਸਮੇ ਖੋਲਦੇ ਆਖਿਆ।

ਦੂਸਰੇ ਦਿਨ ਦਲਜੀਤ ਭੂਆ ਜੀ ਨੂੰ ਬੱਸ ਅੱਡੇ ਉੱਪਰ ਛੱਡਣ ਗਿਆ ਅਤੇ ਸਾਰੇ ਰਸਤੇ ਭੂਆ ਜੀ ਉਸ ਨੂੰ ਵਾਰ ਵਾਰ ਤਾਕੀਦ ਕਰਦੇ ਗਏ ਕਿ ਉਹ ਵਿਆਹ ਤੋਂ ਦੋ ਦਿਨ ਪਹਿਲਾਂ ਹੀ ਪਹੁੰਚ ਜਾਵੇ।

ਇਸ ਲਈ ਦਲਜੀਤ ਆਪਣੇ ਦਾਦੀ ਜੀ ਨੂੰ ਨਾਲ ਲੈ ਕੇ ਅਖੰਡਪਾਠ ਰੱਖਣ ਤੋਂ ਇਕ ਦਿਨ ਪਹਿਲਾਂ ਹੀ ਭੂਆ ਜੀ ਦੇ ਪਿੰਡ ਪਹੁੰਚ ਗਿਆ। ਦੂਸਰੇ ਦਿਨ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਗੁਰਦੁਆਰੇ ਤੋਂ ਲੈ ਕੇ ਆਉਣਾ ਸੀ ਤਾਂ ਪੰਜ ਬੰਦੇ ਇਕੱਠੇ ਕਰਨ ਵਿਚ ਮੁਸ਼ਕਲ ਆ ਰਹੀ ਸੀ। ਸਿਰਫ ਫੁੱਫੜ ਜੀ ਹੀ ਤਿਆਰ ਸਨ। ਭੂਆ ਦਾ ਵੱਡਾ ਮੁੰਡਾਂ ਅਜੇ ਗੁਸਲਖਾਨੇ ਵਿਚ ਹੀ ਸੀ। ਫੁੱਫੜ ਜੀ ਦਾ ਛੋਟਾ ਭਰਾ ਕਹਿ ਰਿਹਾ ਸੀ, "ਭਾ, ਤੁਸੀ ਆਪਣੇ ਨਾਲ ਗੁਆਂਢੀ ਤਾਰਾ ਸਿੰਘ ਨੂੰ ਨਾਲ ਲੈ ਜਾਉ ਮੈ ਤਾਂ ਅਜੇ ਨਾਹਤਾ ਹੀ ਨਹੀ।" ਦਲਜੀਤ ਤਾਂ ਸਵੇਰੇ ਹੀ ਟਿਊਵਲ ਉੱਪਰ ਜਾ ਕੇ ਇਸ਼ਨਾਨ ਕਰ ਆਇਆ ਸੀ ਕਿਉਕਿ ਉਸ ਨੂੰ ਚਾਅ ਸੀ ਕਿ ਅਸੀ ਗੁਰੂ ਜੀ ਦੀ ਸਵਾਰੀ ਲੈਣ ਜਾਣਾ ਹੈ। ਭੂਆ ਜੀ ਨੇ ਰੋਲਾ-ਰੱਪਾ ਪਾ ਕੇ ਮਸੀ ਪੰਜ ਬੰਦੇ ਇਕੱਠੇ ਕਰਕੇ ਗੁਰਦੁਆਰੇ ਨੂੰ ਭੇਜੇ ਅਤੇ ਨੱਠ ਭੱਜ ਵਿਚ ਹੀ ਅੱਖਡਪਾਠ ਰੱਖ ਹੋਇਆ।

ਅੱਗਲੇ ਦਿਨ ਦੁਪਿਹਰ ਨੂੰ ਦਲਜੀਤ ਅੱਖਡਪਾਠ ਵਾਲੇ ਕਮਰੇ ਵਿਚ ਬੈਠਾ ਪਰਸ਼ਾਦ ਵਰਤਾਉਣ ਦੀ ਸੇਵਾ ਕਰ ਰਿਹਾ ਸੀ। ਉਸ ਨੇ ਬਾਹਰ ਵਿਹੜੇ ਵਿਚ ਪੈਦਾਂ ਰੋਲਾ ਜਿਹਾ ਸੁਣਿਆ, ਬਾਬਾ ਜੀ ਆ ਗਏ, ਬਾਬਾ ਜੀ ਆ ਗਏ। ਸਾਰੇ ਘਰ ਦੇ ਅਤੇ ਪ੍ਰਾਹੁਣੇ ਘਰ ਦੇ ਗੇਟ ਵੱਲ ਨੂੰ ਦੌੜ ਰੇਹੇ ਸਨ। ਦਲਜੀਤ ਵੀ ਆਪਣੀ ਥਾਂ ਉੱਪਰ ਜੈਲੇ ਦੇ ਦੋਸਤ ਨੂੰ ਬੈਠਾ ਕੇ ਬਾਹਰ ਆ ਗਿਆ। ਉਸ ਨੇ ਦੇਖਿਆ ਤਿੰਨ 'ਟਾਟਾ ਸਫਾਰੀ' ਗੱਡੀਆਂ ਵਿਚੋਂ ਕਾਫ਼ੀ ਬੰਦੇ ਬਾਹਰ ਨਿਕਲੇ। ਤਿੰਨ-ਚਾਰ ਜ਼ਨਾਨੀਆ ਵੀ ਨਾਲ ਸਨ। ਭੀੜ ਨੇ ਉਹਨਾਂ ਨੂੰ ਘੇਰ ਰੱਖਿਆ ਸੀ। ਸਾਰੇ ਘਰਦੇ ਅਤੇ ਬਾਹਰਲੇ ਇਕ ਬੰਦੇ ਦੇ ਪੈਰੀ ਹੱਥ ਲਾ ਰੇਹੇ ਸਨ। ਇਸ ਕਰਕੇ ਦਲਜੀਤ ਨੇ ਅੰਦਾਜਾ ਲਾਇਆ ਕਿ ਇਹ ਹੀ ਬਾਬਾ ਜੀ ਹੋਣਗੇ। ਭੂਆ ਜੀ ਦਾ ਦੇਵਰ ਅੱਗੇ ਹੋ ਕੇ ਉਹਨਾਂ ਨੂੰ ਉਸ ਕਮਰੇ ਵਿਚ ਲੈ ਗਿਆ ਜਿਥੇ ਖਾਣ-ਪੀਣ ਦਾ ਚੰਗਾ ਇੰਤਜਾਮ ਕੀਤਾ ਹੋਇਆ ਸੀ। ਬਾਬਾ ਜੀ ਨੂੰ ਅਤੇ ਉਹਨਾਂ ਦੀ ਹੀਰੋਇਨ ਵਰਗੀ ਦਿੱਖ ਲਈ ਪਤਨੀ ਨੂੰ ਅੱਲਗ ਕੁਰਸੀਆਂ ਉੱਪਰ ਬੈਠਾ ਦਿੱਤਾ ਗਿਆ। ਸਾਰੇ ਵਾਰੋ ਵਾਰੀ ਉਹਨਾਂ ਦੇ ਪੈਰਾ ਉੱਪਰ ਮੱਥਾ ਟੇਕ ਰੇਹੇ ਸਨ ਅਤੇ ਨਾਲ ਨਾਲ ਪੈਸੇ ਵੀ ਦੇ ਰੇਹੇ ਸਨ। ਦਸਾਂ ਵੀਹਾਂ ਤੋਂ ਕੋਈ ਵੀ ਘੱਟ ਨਹੀ ਸੀ ਦੇ ਰਿਹਾ। ਕਈ ਤਾਂ ਪਿੱਛੇ ਹੀ ਸਨ ਕਿਉਕਿ ਭੀੜ ਏਨੀ ਸੀ ਕਿ ਅਗਾਂਹ ਲੰਘਣ ਵਿਚ ਉਹਨਾਂ ਨੂੰ ਕਠਨਾਈ ਆ ਰਹੀ ਸੀ। ਪਰ ਬਾਬਾ ਜੀ ਆਪਣੀ ਲੰਬੀ ਬਾਂਹ ਕਰਕੇ ਪੈਸੇ ਉਹਨਾਂ ਕੋਲੋ ਫੜ ਰੇਹੇ ਸਨ। ਇਹ ਸਭ ਦੇਖ ਦਲਜੀਤ ਤਾਂ ਇਕ ਪਾਸੇ ਹੀ ਖੜ੍ਹਾ ਰਿਹਾ। ਭੂਆ ਜੀ ਉਸ ਕੋਲ ਆ ਕੇ ਕਹਿਣ ਲੱਗੇ, "ਚੱਲ ਪੁੱਤ, ਬਾਬਾ ਜੀ ਨੂੰ ਮੱਥਾ ਟੇਕ।" ਦਲਜੀਤ ਇਹ ਸੁਣ ਕੇ ਦੁਚਿੱਤੀ ਵਿਚ ਫਸ ਗਿਆ। ਉਸ ਨੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਗ਼ੈਰ ਕਦੇ ਕਿਸੇ ਨੂੰ ਮੱਥਾ ਨਹੀ ਸੀ ਟੇਕਿਆ। ਬਜੁਰਗਾਂ ਦੇ ਸਤਿਕਾਰ ਲਈ ਉਹਨਾਂ ਦੇ ਗੋਡਿਆਂ ਨੂੰ ਹੱਥ ਜ਼ਰੂਰ ਲਾ ਦਿੰਦਾਂ। ਵੈਸੇ ਵੀ ਦਲਜੀਤ ਦੇ ਮਨ ਵਿਚ ਬਾਬੇ ਦਾ ਵਤੀਰਾ ਦੇਖ ਉਸ ਲਈ ਕੋਈ ਥਾਂ ਨਹੀ ਸੀ।

ਬਾਬੇ ਨੂੰ ਮੱਥਾ ਟੇਕਣ ਲਈ ਬੰਦਿਆਂ ਨਾਲੋ ਜ਼ਨਾਨੀਆਂ ਦੀ ਜ਼ਿਆਦਾ ਲੰਮੀ ਕਤਾਰ ਸੀ। ਇਕ ਜ਼ਨਾਨੀ ਆਈ ਉਸ ਨੇ ਆਪਣੀ ਸੋਨੇ ਦੀ ਮੁੰਦਰੀ ਲਾਈ ਅਤੇ ਬਾਬੇ ਦੇ ਅੱਗੇ ਰੱਖਦੀ ਹੋਈ ਬੋਲੀ, "ਆਪਦੀ ਕ੍ਰਿਪਾ ਨਾਲ ਹੀ ਮੇਰੀ ਜ਼ਿੰਦਗੀ ਵਿਚ ਹਰ ਸੁੱਖ ਹੈ।" ਉਸ ਦੇ ਮਗਰ ਹੀ ਇਕ ਦੋ ਹੋਰ ਨੇ ਵੀ ਇਸ ਤਰ੍ਹਾਂ ਹੀ ਕੀਤਾ। ਦਲਜੀਤ ਦਾ ਦਿਲ ਤਾਂ ਕਰਦਾ ਸੀ ਇਹ ਸਭ ਪਖੰਡਬਾਜ਼ੀ ਬੰਦ ਕਰਾਵੇ। ਉਹ ਇਹ ਸੋਚ ਕੇ ਚੁੱਪ ਕਰ ਰਿਹਾ ਕਿ ਉਸਦੀ ਕੋਈ ਹਰਕਤ ਨਾਲ ਵਿਆਹ ਦੇ ਰੰਗ ਵਿਚ ਭੰਗ ਨਾ ਪੈ ਜਾਵੇ। ਬਾਬੇ ਨੇ ਕੋਈ ਵੀ ਧਰਮ ਜਾਂ ਇਤਹਾਸ ਦੀ ਗੱਲ ਨਹੀ ਸੀ ਕੀਤੀ। ਮਾਇਆ ਇੱਕਠੀ ਕੀਤੀ ਅਤੇ ਅਨੇਕ ਵਸਤਾਂ ਨਾਲ ਲੈ ਕੇ ਹੱਸ ਖੇਡ ਕੇ ਤੁਰਦੇ ਬਣੇ।

ਬਾਬੇ ਦੇ ਜਾਣ ਤੋਂ ਬਆਦ ਦਲਜੀਤ ਨੇ ਭੂਆ ਜੀ ਤੋਂ ਪੁਛਿਆ, " ਭੂਆ ਜੀ, ਉਹ ਜ਼ਨਾਨੀ ਕੌਣ ਸੀ? ਜਿਸ ਨੇ ਸਭ ਤੋਂ ਪਹਿਲਾਂ ਬਾਬੇ ਨੂੰ ਮੁੰਦਰੀ ਚੜ੍ਹਾਈ ਸੀ।"

"ਉਹ ਕੋਈ ਬਾਬਾ ਜੀ ਦੀ ਹੀ ਚੇਲੀ ਸੀ ਅਤੇ ਆਈ ਵੀ ਬਾਬਾ ਜੀ ਦੇ ਨਾਲ ਹੀ ਸੀ।" ਭੂਆ ਜੀ ਨੇ ਸੋਚਣ ਤੋਂ ਬਗ਼ੈਰ ਹੀ ਜ਼ਬਾਵ ਦਿੱਤਾ। ਦਲਜੀਤ ਇਹ ਸੁਣ ਕੇ ਹੈਰਾਨ ਸੀ ਕਿ ਸਭ ਕੁੱਝ ਦੇਖਦੇ ਹੋਏ ਵੀ ਇਸ ਪਖੰਡੀ ਬਾਬੇ ਦੀ ਚਾਲ ਕਿਉ ਨਹੀ ਸਮਝਦੇ।

ਦੂਸਰੇ ਦਿਨ ਭੋਗ ਤੋਂ ਬਆਦ ਜਦੋ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਗੁਰਦੁਆਰੇ ਵਾਪਸ ਲੈ ਕੇ ਜਾਣਾ ਸੀ ਤਾਂ ਪੰਜ ਬੰਦੇ ਫਿਰ ਨਹੀ ਪੂਰੇ ਹੋ ਰੇਹੇ ਸਨ। ਇਹ ਦੇਖ ਕੇ ਦਲਜੀਤ ਨੂੰ ਕਾਫ਼ੀ ਗੁੱਸਾ ਆਇਆ ਕਿ ਕੱਲ੍ਹ ਜਦੋ ਬਾਬਾ ਗਿਆ ਤਾਂ ਸਾਰਾ ਲਾਣਾ ਹੀ ਉਸ ਨੂੰ ਤੋਰਨ ਲਈ ਗਿਆ। ਉਸ ਨੇ ਫੁੱਫੜ ਜੀ ਨੂੰ ਕਹਿ ਹੀ ਦਿੱਤਾ, "ਫੁੱਫੜ ਜੀ, ਕੱਲ੍ਹ ਬਾਬੇ ਨੂੰ ਛੱਡਣ ਲਈ ਦਲੀ 'ਤੇ ਮਲੀ ਸੀ ਅਤੇ ਅੱਜ ਆਪਣੇ ਗੁਰੂ ਜੀ ਲਈ ਹਰ ਕੋਈ ਟਾਲ ਮਟੋਲ ਕਰ ਰਿਹਾ ਹੈ।" ਫੁੱਫੜ ਜੀ ਕੋਈ ਜ਼ਬਾਵ ਦਿੰਦੇ, ਉਹਨਾਂ ਦੀ ਬਿਰਧ ਮਾਂ ਪਹਿਲਾਂ ਹੀ ਬੋਲ ਪਈ, " ਹਾਏ, ਮੁੰਡਿਆ, ਬਾਬਾ ਜੀ ਨੂੰ ਕੁੱਛ ਨਾ ਕਹਿ।" ਦਲਜੀਤ ਗੁੱਸੇ ਵਿਚ ਕੁੱਝ ਕਹਿਣ ਹੀ ਵਾਲਾ ਸੀ ਕਿ ਉਸ ਦੇ ਦਾਦੀ ਜੀ ਬੋਲੇ, "ਕਾਕਾ, ਇਹਨਾਂ ਬਾਬਾ ਜੀ ਦੀ ਕ੍ਰਿਪਾ ਨਾਲ ਹੀ ਤੇਰਾ ਚਾਚਾ ਜੇਲ੍ਹ ਵਿਚੋਂ ਛੁੱਟ ਗਿਆ ਸੀ।"

ਦਲਜੀਤ ਦੇ ਸਾਹਮਣੇ ਉਸ ਵੇਲੇ ਦਾ ਦ੍ਰਿਸ਼ ਆਗਿਆ ਜਦੋ ਉਹ ਆਪਣੇ ਭਾਪਾ ਜੀ ਨਾਲ ਠਾਣੇ ਤੋਂ ਆਪਣੇ ਚਾਚਾ ਜੀ ਨੂੰ ਲੈਣ ਗਿਆ ਸੀ। ਠਾਣੇਦਾਰ ਨੇ ਉਸ ਵੇਲੇ ਕਿਹਾ ਸੀ, " ਅਸੀ ਤਾਂ ਮੁੱਖ ਮੰਤਰੀ ਦੇ ਜ਼ਿਆਦਾ ਜੋਰ ਪਾਉਣ ਕਰਕੇ ਛੱਡ ਦਿੱਤਾ। ਨਹੀ ਤਾਂ ਉਹਨਾਂ ਬੰਦਿਆਂ ਨੂੰ ਅਸੀ ਛੱਡਦੇ ਤਾਂ ਨਹੀ, ਜਿਨ੍ਹਾਂ ਦੇ ਖਾੜਕੂ ਰਿਸ਼ਤੇਦਾਰ ਹੋਣ।" ਕਿਉਕਿ ਚਾਚੀ ਜੀ ਦਾ ਭਰਾ ਖਾੜਕੂਆਂ ਨਾਲ ਰਲ ਗਿਆ ਸੀ। ਦਰਅਸਲ ਬਾਬੇ ਦੇ ਕੋਲ ਮੁੱਖ ਮੰਤਰੀ ਵੀ ਆਉਦਾ ਸੀ। ਬਾਬੇ ਨੇ ਮੁੱਖ ਮੰਤਰੀ ਨੂੰ ਕਹਿ ਕੇ ਚਾਚੇ ਨੂੰ ਛੁਡਵਾ ਦਿੱਤਾ ਸੀ ਅਤੇ ਆਪ ਚੋਖੀ ਰਕਮ ਲੈ ਲਈ ਸੀ।

"ਪਰ ਦਾਦੀ ਜੀ ਇਹ ਵੀ ਉਸ ਪੁੱਛਾਂ ਦੇਣ ਵਾਲੇ ਬਾਬੇ ਵਰਗਾ ਹੀ ਹੈ" ਦਲਜੀਤ ਨੇ ਦਾਦੀ ਜੀ ਨੂੰ ਪੁਰਾਣੀ ਘਟਨਾ ਯਾਦ ਕਰਵਾਈ। ਜਦੋ ਉਹਨਾਂ ਦੀਆਂ ਮੱਝਾਂ ਬਿਮਾਰੀ ਕਾਰਣ ਮਰ ਗਈਆਂ ਸਨ। ਪਰ ਦਾਦੀ ਜੀ ਇਹ ਅੜੀ ਲੈ ਕੇ ਬੈਠ ਗਏ ਸਨ ਕਿ ਉਹਨਾਂ ਦੀਆਂ ਮੱਝਾਂ ਨੂੰ ਕਿਸੇ ਨੇ ਕੁੱਝ ਕਰ ਦਿੱਤਾ ਹੈ। ਦਾਦੀ ਜੀ ਦਲਜੀਤ ਉੱਪਰ ਜੋਰ ਪਾ ਕੇ ਤੂਤ ਵਾਲੇ ਬਾਬੇ ਤੋਂ ਪੁੱਛ ਲੈਣ ਚੱਲ ਪਏ। ਦਲਜੀਤ ਨੇ ਬਹੁਤ ਸਮਝਾਇਆ, " ਦਾਦੀ ਜੀ, ਵਾਹਿਗੁਰੂ ਤੋਂ ਵੱਡਾ ਕੋਈ ਨਹੀ ਹੋ ਸਕਦਾ। ਨਾ ਹੀ ਕੋਈ ਭੱਵਿਖ ਅਤੇ ਬੀਤੇ ਬਾਰੇ ਦੱਸ ਸਕਦਾ ਹੈ।"

"ਪੁੱਤ ਮੈ ਤਾਂ ਅੱਗੇ ਲਈ ਸੁੱਖ ਮੰਗਣੀ ਹੈ" ਦਾਦੀ ਜੀ ਨੇ ਜ਼ਿਦ ਕੀਤੀ।

"ਗੁਰੂ ਗ੍ਰੰਥ ਸਾਹਿਬ ਜੀ ਤੋਂ ਜੋ ਮਰਜ਼ੀ ਮੰਗ ਲਵੋ ਮਿਲ ਜਾਂਦਾ ਹੈ, ਪਰ ਤਹਾਨੂੰ ਤਾਂ ਉਸ ਬਾਬੇ ਤੋਂ ਬਗ਼ੈਰ ਤਸੱਲੀ ਨਹੀ ਹੋਣੀ, ਚਲੋ, ਲੈ ਚਲਦਾ ਹਾਂ।"

ਬਾਬੇ ਦੇ ਡੇਰੇ ਤੋਂ ਪਹਿਲਾਂ ਹੀ ਉਹਨਾਂ ਨੂੰ ਤਿੰਨ ਚਾਰ ਬੰਦੇ ਮਿਲ ਪਏ। ਇੱਕ ਜ਼ਨਾਨੀ ਵੀ ਉਹਨਾਂ ਦੇ ਨਾਲ ਸੀ। ਉਹਨਾਂ ਨੇ ਦੱਸਿਆ ਕਿ ਉਹ ਵੀ ਤੂਤ ਵਾਲੇ ਬਾਬੇ ਦੇ ਹੀ ਜਾ ਰੇਹੇ ਹਨ। ਉਹਨਾਂ ਨੇ ਗੱਲਾਂ ਗੱਲਾਂ ਵਿਚ ਦਾਦੀ ਜੀ ਤੋਂ ਸਭ ਕੁੱਝ ਪੁੱਛ ਲਿਆ। ਡੇਰੇ ਦੇ ਲਾਗੇ ਜਾ ਕੇ ਉਹ ਕਹਿਣ ਲੱਗੇ, "ਅਸੀ ਠਹਿਰ ਕੇ ਆਉਦੇ ਹਾਂ, ਸਾਡਾ ਇਕ ਰਿਸ਼ਤੇਦਾਰ ਨਯਦੀਕ ਹੀ ਰਹਿੰਦਾ ਹੈ। ਉਸ ਨੂੰ ਨਾਲ ਲੈ ਕੇ ਆਉਦੇ ਹਾਂ।" ਵਿਚੋਂ ਹੀ ਇਕ ਜਾਣ ਲੱਗਾ ਦਲਜੀਤ ਨੂੰ ਪੁੱਛਣ ਲੱਗਾ, " ਕਾਕਾ ਜੀ, ਤੁਹਾਡਾ ਸ਼ੁਭ ਨਾਮ ਕੀ ਹੈ?"

"ਦਲਜੀਤ ਸਿੰਘ ਹੈ।" ਦਲਜੀਤ ਨੇ ਉਹਨਾਂ ਨਾਲ ਹੱਥ ਮਿਲਾਦਿਆਂ ਕਿਹਾ ਸੀ। ਦਾਦੀ ਜੀ ਬਹੁਤ ਖੁਸ਼ ਸਨ ਕਿਉਕਿ ਉਹ ਬਾਬੇ ਦੀਆ ਸਿਫ਼ਤਾਂ ਦੇ ਪੁਲ ਬੰਨ ਗਏ ਸਨ।

ਉਹਨਾਂ ਨੂੰ ਡੇਰੇ ਪਹੁੰਚੇ ਅਜੇ ਥੋੜੀ ਦੇਰ ਹੀ ਹੋਈ ਸੀ ਕਿ ਇਕ ਬੰਦਾ ਉਹਨਾਂ ਕੋਲ ਆਇਆ ਜਿਥੇ ਬਾਹਰ ਉਹ ਲੋਕਾਂ ਕੋਲ ਬੈਠੇ ਸਨ। ਬੰਦਾ ਉੱਚੀ ਸਾਰੀ ਕਹਿਣ ਲੱਗਾ, "ਦਲਜੀਤ ਸਿੰਘ ਅਤੇ ਉਸ ਦੀ ਦਾਦੀ ਨੂੰ ਬਾਬਾ ਜੀ ਮਿਲਣਾ ਚਹੁੰਦੇ ਹਨ।" ਦਲਜੀਤ ਹੈਰਾਨ ਸੀ ਕਿ ਉਹਨਾਂ ਨੂੰ ਸਾਡੇ ਬਾਰੇ ਕਿਵੇ ਪਤਾ ਲੱਗਾ।

"ਦੇਖਿਆ ਪੁੱਤ, ਬਾਬੇ ਜਾਨੀਜਾਣ ਹਨ।" ਦਾਦੀ ਜੀ ਬਾਬੇ ਵਿਚ ਯਕੀਨ ਰੱਖਦੇ ਬੋਲੇ। ਬਸ ਫਿਰ ਬਾਬਾ ਉਹਨਾਂ ਦੇ ਬੀਤੇ ਵਕਤ ਬਾਰੇ ਦੱਸਣ ਲੱਗਾ ਕਿ ਤੁਹਾਡੇ ਗੁਆਂਢੀਆਂ ਨੇ ਤੁਹਾਡੇ ਘਰ ਟੂਣਾ ਕੀਤਾ ਹੋਇਆ ਹੈ, ਅਜੇ ਤਾਂ ਤੁਹਾਡਾ ਬਹੁਤ ਨੁਕਸਾਨ ਹੋਣਾ ਹੈ ਨਹੀ ਤਾਂ ਇਸ ਡੇਰੇ ਵਿੱਚ ਦਾਨ ਕਰਕੇ ਬਚਾ ਸਕਦੇ ਹੋ। ਦਾਦੀ ਜੀ ਸਾਰੀਆਂ ਗੱਲਾਂ ਧਿਆਨ ਨਾਲ ਸੁਣ ਰੇਹੇ ਸਨ। ਪਰ ਦਲਜੀਤ ਬਾਬੇ ਦੇ ਆਲੇ -ਦੁਆਲੇ ਦਾ ਵਾਤਾਵਰਣ ਦੇਖ ਰਿਹਾ ਸੀ। ਅਚਾਨਕ ਹੀ ਦਲਜੀਤ ਨੇ ਉਸ ਬੰਦੇ ਨੂੰ ਬਾਬੇ ਦੀ ਪਿਛਲੀ ਕੋਠੜੀ ਵਿਚ ਦੇਖਿਆ ਜਿਸ ਨੇ ਦਲਜੀਤ ਨਾਲ ਹੱਥ ਮਿਲਾਇਆ ਸੀ। ਦਲਜੀਤ ਉੱਠ ਕੇ ਉਸ ਬੰਦੇ ਕੋਲ ਗਿਆ। ਦਲਜੀਤ ਨੂੰ ਦੇਖ ਕੇ ਉਹ ਘਬਰਾ ਗਿਆ ਅਤੇ ਪਿੱਛੇ ਲੁਕਣ ਦੀ ਕੋਸ਼ਿਸ ਕਰਨ ਲੱਗਾ। ਪਰ ਦਲਜੀਤ ਨੇ ਉਸ ਨੂੰ ਫੜ ਲਿਆ ਅਤੇ ਲੋਕਾਂ ਵੱਲ ਨੂੰ ਖਿਚਣ ਲੱਗਾ। ਉਹ ਦਲਜੀਤ ਦੇ ਪੈਰਾਂ ਵਿਚ ਬੈਠ ਕੇ ਮਿਨ੍ਹਤ ਤਰਲੇ ਕਰਨ ਲੱਗਾ ਅਤੇ ਬੋਲਿਆ, " ਮੈਨੂੰ ਲੋਕਾਂ ਸਾਹਮਣੇ ਨੰਗਾ ਨਾ ਕਰੋ। ਮੈ ਤਹਾਂਨੂੰ ਸਾਰੀ ਅਸਲੀਅਤ ਦੱਸ ਦਿੰਦਾਂ ਹਾਂ, ਅਸੀ ਬਾਬੇ ਦੇ ਹੀ ਬੰਦੇ ਹਾਂ। ਲੋਕਾਂ ਦੇ ਇਥੇ ਆਉਣ ਤੋਂ ਪਹਿਲਾਂ ਹੀ ਉਹਨਾਂ ਨੂੰ ਮਿਲ ਕੇ ਸਾਰੇ ਭੇਦ ਲੈਂਦੇ ਹਾਂ। ਫਿਰ ਉਹ ਹੀ ਬਾਬੇ ਨੂੰ ਦੱਸ ਦਿੰਦੇ ਹਾਂ ਅਤੇ ਜੋ ਕੁੱਝ ਲੋਕ ਦੇ ਕੇ ਜਾਂਦੇ ਹਨ ਉਹ ਆਪਸ ਵਿਚ ਵੰਡ ਲਈਦਾ ਹੈ।" ਇਹ ਸਭ ਕੁੱਝ ਜਾਣ ਕੇ ਦਾਦੀ ਜੀ ਦੁੱਖੀ ਮਨ ਨਾਲ ਵਾਪਸ ਆ ਗਏ ਸਨ।

ਦਾਦੀ ਜੀ ਨੂੰ ਇਹ ਘਟਨਾ ਯਾਦ ਕਰਾਉਣ ਨਾਲ ਉਹ ਤਾਂ ਚੁੱਪ ਕਰ ਗਏ। ਪਰ ਭੂਆ ਜੀ ਅਜੇ ਵੀ ਆਪਣੇ ਬਾਬੇ ਦੀ ਹੀ ਤਰਫਦਾਰੀ ਕਰ ਰੇਹੇ ਸਨ। ਪਰ ਦਲਜੀਤ ਨੇ ਮੇਲ ਦੇ ਸਾਹਮਣੇ ਬਹਿਂਸ ਵਿਚ ਪੈਣਾ ਮੁਨਾਸਿਬ ਨਾ ਸਮਝਿਆ ਅਤੇ ਚੁੱਪ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਵੱਲ ਨੂੰ ਤੁਰ ਪਿਆ।

ਸਾਲ ਕੁ ਬਾਅਦ ਕੈਨੇਡਾ ਤੋਂ ਜੈਲੇ ਦਾ ਫੋਨ ਦਲਜੀਤ ਨੂੰ ਆਇਆ ਅਤੇ ਆਖਣ ਲੱਗਾ, " ਦਲਜੀਤ ਮੇਰੇ ਵਿਆਹ ਵਿਚ ਜੋ ਕੁੱਝ ਤੂੰ ਕਹਿ ਰਿਹਾ ਸੀ ਉਹ ਸਭ ਠੀਕ ਹੀ ਨਿਕਲਿਆ। ਉਹ ਬਾਬੇ ਹੁਣ ਇਧਰ ਜੇਲ ਵਿਚ ਹਨ।" ਫਿਰ ਜੈਲੇ ਨੇ ਦਲਜੀਤ ਨੂੰ ਸਾਰੀ ਗੱਲ ਦੱਸੀ। ਕਿਸ ਤਰ੍ਹਾਂ ਬਾਬੇ ਦੇ ਕਿਸੇ ਸੇਵਕ ਨੇ ਬਾਬੇ ਨੂੰ ਉੱਧਰ ਕੈਨੇਡਾ ਵਿਚ ਮੰਗਾ ਲਿਆ ਅਤੇ ਫਿਰ ਕਿਵੇ ਪੰਜਾਬੀ ਅਖਬਾਂਰਾਂ ਵਾਲਿਆਂ ਨੇ ਹੀ ਪੈਸੇ ਲੈ ਲੈ ਕੇ ਅਤੇ ਮਸ਼ਹੂਰੀਆਂ ਦੇ ਦੇ ਬਾਬੇ ਨੂੰ ਹੋਰ ਉੱਤਾਂਹ ਚੁੱਕ ਦਿੱਤਾ। ਫਿਰ ਉਦੌ ਹੀ ਪਤਾ ਲੱਗਾ ਜਦੋ ਇਕ ਜ਼ਨਾਨੀ ਨੇ ਬਾਬੇ ਉੱਪਰ ਕੇਸ ਕਰ ਦਿੱਤਾ ਕਿ ਬਾਬੇ ਨੇ ਧੋਖੇ ਨਾਲ ਉਸ ਦੀ ਜਾਇਦਾਦ ਆਪਣੇ ਨਾਮ ਲਗਾ ਲਈ ਹੈ। ਪੁਲੀਸ ਨੇ ਛਾਣਬੀਣ ਕੀਤੀ ਅਤੇ ਬਾਬੇ ਦੀ ਅਸਲੀਅਤ ਬਾਹਰ ਆ ਗਈ। 'ਫਰਾਡ' ਦੇ ਕੇਸ ਦੀ ਪੈਰਵਾਈ ਪੂਰੀ ਕਰਕੇ ਉਸ ਨੂੰ ਛੇਤੀ ਹੀ ਵਾਪਸ ਭਾਰਤ ਭੇਜ ਦਿੱਤਾ ਜਾਵੇਗਾ।

ਦਲਜੀਤ ਇਹ ਸਭ ਕੁੱਝ ਸੁਣ ਕੇ ਹੱਸ ਪਿਆ ਅਤੇ ਜੈਲੇ ਨੂੰ ਕਹਿਣ ਲੱਗਾ, " ਮੈਨੂੰ ਤਾਂ ਇਹ ਸਭ ਪਤਾ ਹੀ ਸੀ। ਤੂੰ ਭੂਆ ਜੀ ਹੋਣਾ ਨੂੰ ਫੋਨ ਕਰਦੇ ਤਾਂ ਜੋ ਇਹ ਭਰਮ ਭੂਲੇ ਲੋਕ ਇਹਨਾਂ ਚੋਰ ਬਜ਼ਾਰੀ ਬਾਬਿਆਂ ਨੂੰ ਸਮਝ ਸਕਣ।"

 

5_cccccc1.gif (41 bytes)

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com