ਜਸਬੀਰ ਕੌਰ ਰਾਏ ਉਨਾਂ ਨਵੀਆਂ ਕਲਮਾਂ
ਵਿਚ ਸ਼ੁਮਾਰ ਹੈ ਜਿਨਾਂ ਵਿਚ ਕਵਿਤਾ ਦੇ ਨਾਲ ਨਾਲ ਕਹਾਣੀ ਲਿਖਣ ਦੀ ਵੀ
ਸਮਰੱਥਾ ਹੈ। ਸੇਵਾ ਮੁਕਤ ਫੌਜੀ ਅਧਿਕਾਰੀ ਦੀ ਇਹ ਪਤਨੀ ਅੱਜ ਕਲ੍ਹ ਜਲੰਧਰ ਦੇ
ਸਾਹਿਤਕ ਹਲਕਿਆਂ ਵਿਚ ਬਹੁਤ ਸਰਗਰਮ ਹੈ। ਉਸ ਦੀ ਇਕ ਕਹਾਣੀ ਪਾਠਕਾਂ ਲਈ ਪੇਸ਼
ਹੈ। |
ਅੱਜ ਫੋਨ ‘ਤੇ ਜਦ ਉਹਨੇ ਕਿਹਾ ਸੀ, "ਜੇ ਤੁਹਾਡੀ ਧੀ ਹੁੰਦੀ ਤਾਂ ਤੁਸੀਂ ਉਹਦਾ
ਪੱਖ ਨਾ ਪੂਰਦੇ," ਤਾਂ ਵੀਨਾ ਦੇ ਦਿਲ ਦੀ ਧੜਕਣ ਜਿਵੇਂ ਰੁਕ ਗਈ ਹੋਵੇ; ਸਾਰੇ
ਅਹਿਸਾਸ ਤੇ ਜਜ਼ਬੇ ਅਮਦਰੇ ਦਮ ਤੋੜ ਗਏ ਹੋਣ; ਭਾਵਨਾਵਾਂ ਦੇ ਆਵੇਗ ਨੇ ਉਹਦੇ ਦਿਲ
ਨੂੰ ਦਬੋਚ ਲਿਆ। ਜਿਹਨੂੰ ਉਹ ਧੀਆਂ ਤੋਂ ਵੱਧ ਪਿਅਰ ਕਰਦੀ ਸੀ ਉਹ ਕਹਿ ਰਹੀ ਸੀ
‘ਜੇ ਤੁਹਾਡੀ ਧੀ ਹੁੰਦੀ’? ਉਸ ਦਾ ਜੀਅ ਕੀਤਾ ਕਿ ਰੱਬ ਤੋਂ ਪੁੱਛੇ…ਮੈਨੂੰ ਇਸ ਧੀ
ਦੇ ਸੁੱਖ ਤੋਂ ਵਾਂਝਿਆਂ ਕਿਉਂ ਰਖਿਆ? ਇਹ ਸਰਾਪ ਤੇ ਮਿਹਣਾ ਮੈਨੂੰ ਕਿਉਂ ਹੰਢਾਉਣਾ
ਪਿਆ? ਮੇਰੇ ਅੰਦਰਲੀ ਮਮਤਾ ਰਿਸ਼ਤਿਆਂ ਦੀ
ਮੁਹਤਾਜ ਕਿਉਂ ਹੈ? ਇਸ ਰਿਸ਼ਤੇ ਅੰਦਰਲੀ ਮਮਤਾ ਨੂੰ ਕਿਉਂ ਨਹੀਂ ਦੇਖ ਸਕਦੇ? ਕਿਉਂ
ਇਹਨਾਂ ਦੀਆਂ ਅੱਖਾਂ ‘ਤੇ ਸਵਾਰਥ ਦੀ ਪੱਟੀ ਬੰਨ੍ਹੀ ਹੋਈ ਹੈ? ਵੀਨਾ ਦੇ ਜ਼ਿਹਨ ਵਿਚ
ਇਕ ਪਲ ਵਿਚ ਕਈ ਸਵਾਲ ਉਭਰੇ ਜੋ ਦੂਰ ਕਿਤੇ ਉਹਦੇ ਦਿਲ ਦੀ ਤਹਿ ਵਿਚ ਲੁਕੇ ਹੋਏ
ਸਨ। ਵੀਨਾ ਇਹ ਸੁਣ ਕੇ ਪਥਰਾ ਗਈ, ਫੋਨ ਦਾ ਰਸੀਵਰ ਰੱਖ ਦਿਤਾ ਤੇ ਸੋਚਾਂ ਵਿਚ ਪੈ
ਗਈ। ਇਕ ਇਕ ਕਰਕੇ ਸਾਰੇ ਦ੍ਰਿਸ਼ ਉਸਦੀਆਂ ਅੱਖਾਂ ਸਾਹਮਣੇ ਘੁੰਮਣ ਲਗੇ।
ਉਹ ਅਤੀਤ ਵਿਚ ਪਹੁੰਚ ਗਈ ਸੀ। ਜਦੋਂ ਸਨੇਹ ਦੀ ਵੱਡੀ ਬੇਟੀ ਹੋਈ ਸੀ, ਉਹਦੀ
ਵੱਡੀ ਪੋਤਰੀ, ਤਾਂ ਉਹ ਕਿੰਨਾ ਖੁਸ਼ ਹੋਈ ਸੀ। ਲੋਕ ਕਹਿੰਦੇ ਹਨ ਕਿ ਪਹਿਲੀ ਬੇਟੀ
ਹੋਵੇ ਤਾਂ ਘਰ ਵਿਚ ਲਕਸ਼ਮੀ ਆ ਗਈ ਪਰ ਉਹਨੂੰ ਲਗਦਾ ਕਿ ਲਕਸ਼ਮੀ ਹੀ ਨਹੀਂ ਸਗੋਂ ਇਕ
ਛੋਟੀ ਜਹੀ ਪਰੀ ਉਹਦੇ ‘ਤੇ ਖੁਸ਼ ਹੋ ਕੇ ਉਹਦੇ ਘਰ ਆ ਗਈ ਹੋਵੇ। ਸਾਰਾ ਦਿਨ ਉਹ ਕੰਮ
ਕਰਦੀ ਨਾ ਥੱਕਦੀ, ਪਰਿਵਾਰ ਵਿਚ ਨਵੇਂ ਜੀਅ ਦੀ ਆਮਦ ਉਹਨੂੰ ਬੜੀ ਸੁਖਾਵੀਂ ਲਗਦੀ।
ਉਹ ਸਾਰਾ ਦਿਨ ਮਾਂ ਬੇਟੀ ਦੀ ਸੇਵਾ ਕਰਦੀ ਨਾ ਥੱਕਦੀ।
ਸਵਾ ਮਹੀਨਾ ਹੁੰਦਿਆਂ ਹੀ ਉਹਦੀ ਕੁੜਮਣੀ ਆ ਗਈ ਜੋ ਉਸੇ ਸ਼ਹਿਰ ਹੀ ਰਹਿੰਦੇ ਸਨ।
ਉਸ ਕਿਹਾ, "ਭੈਣ ਜੀ ਹੁਣ ਸਨੇਹ ਨੂੰ ਭੇਜ ਦਿਉ, ਫਿਰ ਤੁਰ ਆਵੇਗੀ ਹਫਤਾ ਕੁ, ਅਸੀਂ
ਵੀ ਚਾਅ ਪੂਰਾ ਕਰ ਲਈਏ"। ਰਾਜੀਵ ਸਨੇਹ ਨੂੰ ਪੇਕੀਂ ਛੱਡ ਆਇਆ ਸੀ।
ਵੀਨਾ ਨੂੰ ਹੁਣ ਘਰ ਬੜਾ ਬੜਾ ਸੁੰਨਾ ਸੁੰਨਾ ਲਗਦਾ। ਹਫਤੇ ਕੁ ਬਾਦ ਉਹਨੇ ਆਪਣੀ
ਕੁੜਮਣੀ ਨੂੰ ਫੋਨ ਲਾਇਆ, "ਭੈਣ ਜੀ ਸਨੇਹ ਨੂੰ ਭੇਜ ਦੇਵੋ। ਸਾਡੇ ਘਰ ਦੀ ਤਾਂ
ਰੌਣਕ ਹੀ ਖਤਮ ਹੋ ਗਈ ਜਿਵੇਂ ਸੁੰਨ ਜਹੀ ਪੈ ਗਈ ਹੋਵੇ…"। ਅਗੋਂ ਕੁੜਮਣੀ ਬੋਲੀ,
"ਸਾਡਾ ਤਾਂ ਅਜੇ ਜੀਅ ਵੀ ਨਹੀਂ ਭਰਿਆ। ਕੋਈ ਨਾ ਭੈਣ ਜੀ ਤੁਹਾਡੇ ਹੀ ਬੱਚੇ ਨੇ
ਤੁਹਾਡੇ ਕੋਲ ਹੀ ਰਹਿਣਾ!" ਬੜੇ ਪਿਆਰ ਨਾਲ ਹੱਸਦਿਆਂ ਹੱਸਦਿਆਂ ਉਸ ਟਾਲ ਦਿਤਾ।
ਕੁਝ ਸਮਾਂ ਪਾ ਕੇ ਵੀਨਾ ਲੈਣ ਗਈ। ਸਨੇਹ ਆਈ ਨਾ। ਇੰਜ ਹੀ ਤਿੰਨ ਚਾਰ ਮਹੀਨੇ
ਬਤਿ ਗਏ। ਬੇਟਾ ਵੀ ਵਿਹਲਾ ਹੋ ਕੇ ਆਪਣੀ ਪਤਨੀ ਅਤੇ ਬੇਟੀ ਨੂੰ ਮਿਲਣ ਚਲੇ ਜਾਂਦਾ
ਪਰ ਮਨ ਹੀ ਮਨ ਉਹ ਮਾਂ ਬਾਪ ਦੀ ਮਜਬੂਰੀ ਨੂੰ ਮਹਿਸੂਸ ਕਰਦਾ ਅਤੇ ਆਪਣੀ ਪਤਨੀ ਨੂੰ
ਸਹੁਰੇ ਘਰ ਆਉਣ ਲਈ ਆਖਦਾ। ਪਰ ਸ਼ਾਇਦ ਸਹੁਰੇ ਘਰ ਦਾ ਨੰਬਰ ਉਹਦੀ ਲਿਸਟ ਵਿਚ ਨਹੀਂ
ਸੀ।
ਬੇਟਾ ਜਦੋਂ ਵੀ ਆਪਣੀ ਸੱਸ ਨੂੰ ਕਹਿੰਦਾ, "ਹੁਣ ਬੜਾ ਚਿਰ ਹੋ ਗਿਆ ਹੈ ਸਨੇਹ
ਨੂੰ ਮੇਰੇ ਨਾਲ ਭੇਜ ਦੇਵੋ" ਤਾਂ ਉਹ ਹੱਸ ਕੇ ਕਹਿੰਦੀ ਸਨੇਹ ਦੀ ਮਰਜ਼ੀ ਏ ਚਲੀ
ਜਾਵੇ, ਮੈਂ ਤਾਂ ਰੋਕਦੀ ਨਹੀਂ ਇਹਨੂੰ, ਇਹਦੀ ਮਰਜ਼ੀ ਏ। ਤੇ ਸਨੇਹ ਫਿਰ ਉਹੀ ਬਹਾਨੇ
ਤੇ ਟਾਲ ਮਟੋਲ ਕਰਦੀ ਰਹਿੰਦੀ।
ਵੀਨਾ ਸੋਚਦੀ ਜੇ ਮਾਂ ਧੀ ਨੂੰ ਸਮਝਾਉਂਦੀ ਹੋਵੇ ਕਿ ਧੀਏ ਹੁਣ ਬਹੁਤ ਦਿਨ ਹੋ
ਗਏ ਨੇ, ਆਪਣੇ ਘਰ ਜਾਹ ਤਾਂ ਧੀ ਕਿਉਂ ਨਹੀਂ ਮੰਨੇਗੀ। ਇਹ ਤਾਂ ਵਿਖਾਵਾ ਸੀ ਸਾਡੇ
ਲਈ, ਵਿਚੋਂ ਤਾਂ ਮਾ ਧੀ ਇਕੋ ਸਨ।
ਸਨੇਹ ਦੀ ਵੀ ਇਹੀ ਕੋਸ਼ਿਸ਼ ਰਹਿੰਦੀ ਕਿ ਰਾਜੀਵ ਜ਼ਿਆਦਾ ਸਮਾਂ ਉਹਦੇ ਕੋਲ ਹੀ
ਗੁਜ਼ਾਰੇ। ਇਨਾਂ ਕਾਰਨਾਂ ਵੱਸ ਵੀਨਾ ਦੇ ਘਰ ਦਾ ਮਾਹੌਲ ਬਹੁਤ ਤਣਾਅ ਪੂਰਨ ਹੋ ਗਿਆ
ਸੀ ਅਤੇ ਇਕ ਦਿਨ ਰਾਜੀਵ ਅਤੇ ਸਨੇਹ ਨੇ ਫੈਸਲਾ ਕਰ ਲਿਆ ਤੇ ਉਹ ਬੰਬੇ ਚਲੇ ਗਏ ਅਤੇ
ਨਵਾਂ ਬਿਸਨਿਸ ਸ਼ੁਰੂ ਕਰ ਲਿਆ।
ਵੀਨਾ ਦੇ ਮਨ ਵਿਚ ਹਰ ਵੇਲੇ ਇਕ ਕਸਕ ਰਹਿੰਦੀ । ਉਹ ਬਹੁਤ ਉਦਾਸ ਹੋ ਜਾਂਦੀ।
ਸੋਚਿਆ ਕਰਦੀ ਕਿਵੇਂ ਬੇਟੇ ਨੂੰ ਪਾਲਿਆ, ਸੋਚਿਆ ਸੀ ਕਿ ਬਹੂ ਆਵੇਗੀ, ਬੱਚੇ
ਹੋਣਗੇ, ਘਰ ਖੁਸ਼ੀਆਂ ਨਾਲ ਭਰ ਜਾਵੇਗਾ। ਪਰ ਹੁਣ ਤਾਂ ਜਾਪਦਾ ਸੀ ਕਿ ਕਿਸੇ ਨੂੰ
ਉਹਦੀਆਂ ਖੁਸ਼ੀਆਂ ਨਾਲ ਕੋਈ ਸਰੋਕਾਰ ਨਹੀਂ ਸੀ।
ਦਿਨ ਬੀਤਦੇ ਗਏ, ਰੁੱਤਾਂ ਬਦਲ ਗਈਆਂ, ਹਾਲਾਤ ਵੀ ਬਦਲ ਗਏ। ਰਾਜੀਵ ਤੇ ਸਨੇਹ
ਬੰਬੇ ਤੋਂ ਮਿਲਣ ਆਉਂਦੇ, ਵੀਨਾ ਸਨੇਹ ਨੂੰ ਆਪਣੇ ਪੁੱਤਰ ਤੋਂ ਵੀ ਵੱਧ ਪਿਆਰ
ਕਰਦੀ। ਉਹਨੂੰ ਚੰਗੇ ਚੰਗੇ ਖਾਣੇ ਬਣਾ ਕੇ ਖਵਾਉਂਦੀ। ਕਦੀ ਉਹਨੂੰ ਕੰਮ ਨਾ ਕਰਨ
ਦਿੰਦੀ। ਉਹਦੇ ਲਈ ਬਹੁਤ ਸਾਰੇ ਤੋਹਫੇ ਖਰੀਦਦੀ। ਉਹਨੂੰ ਲ਼ਗਦਾ ਜਿਵੇਂ ਉਹ ਪਿਆਰ
ਨਾਲ ਸਨੇਹ ਦਾ ਮਨ ਜਿੱਤ ਲਵੇਗੀ ਤੇ ਉਹਦੀ ਬੇਟੀ ਦੀ ਘਾਟ ਪੂਰੀ ਹੋ ਜਾਵੇਗੀ। ਉਹਦਾ
ਮਨ ਹਮੇਸ਼ਾ ਹੀ ਬੇਟੀ ਲਈ ਤਰਸਦਾ ਰਿਹਾ ਸੀ ਪਰ ਸਨੇਹ ਬਹੁਤਾ ਸਮਾਂ ਪੇਕਿਆਂ ਦੇ ਹੀ
ਰਹਿ ਕੇ ਖੁਸ਼ ਰਹਿੰਦੀ ਸੀ। ਉਹ ਅਜੇ ਤਕ ਵੀ ਪੇਕਿਆਂ ਦੇ ਘਰ ਨਾਲ ਪੂਰੀ ਤਰਾਂ ਜੁੜੀ
ਹੋਈ ਸੀ। ਸਹੁਰੇ ਘਰ ਦੀ ਜ਼ਿੰਮੇਵਾਰੀ ਨੂੰ ਉਸ ਨੇ ਕਬੂਲਿਆ ਨਹੀਂ ਸੀ।
ਵੀਨਾ ਨੇ ਹੁਣ ਹਾਲਾਤ ਨਾਲ ਸਮਝੌਤਾ ਕਰ ਲਿਆ ਸੀ। ਸਨੇਹ ਪ੍ਰਾਹੁਣਿਆਂ ਵਾਂਗ ਦੋ
ਦਿਨ ਮਿਲਣ ਵੀ ਆਉਂਦੀ ਤਾਂ ਉਹ ਸ਼ੁਕਰ ਕਰਦੀ। ਉਹ ਡਰਦੀ ਕਿ ਕੁਝ ਕਹਿਣ ਨਾਲ ਦਿਲਾਂ
ਵਿਚ ਵਿੱਥ ਨਾ ਪੈ ਜਾਵੇ। ਬੇਟਾ ਦੋ ਰਿਸ਼ਤਿਆਂ ਵਿਚਕਾਰ ਮਜਬੂਰ ਹੋ ਗਿਆ ਸੀ। ਉਹ
ਸੋਚਦੀ, ਅਸੀਂ ਵੱਡੇ ਹਾਂ, ਸਾਨੂੰ ਹੀ ਸਮਝੌਤਾ ਕਰਨਾ ਚਾਹੀਦਾ ਹੈ। ਸ਼ਾਇਦ ਇਹੀ
ਸਮੇਂ ਦੀ ਮੰਗ ਸੀ। ਜਾਂ ਸ਼ਾਇਦ ਇਹੀ ਉਸ ਬੱਚੀ ਦੇ ਸੰਸਕਾਰ ਹੋਣਗੇ। ਬੱਚੀ ਸਮਝ ਕੇ
ਹੀ ਉਹ ਮਾਵਾਂ ਵਾਂਗ ਉਸ ਦੀਆਂ ਸਾਰੀਆਂ ਗ਼ਲਤੀਆਂ ਨਜ਼ਰਅੰਦਾਜ਼ ਕਰ ਦਿੰਦੀ।
ਸਾਲ ਬੀਤਦੇ ਗਏ। ਫਿਰ ਉਸ ਦੇ ਬੇਟੇ ਦੀ ਚਿੱਠੀ ਆਈ ਕਿ ਸਨੇਹ ਫਿਰ ਮਾਂ ਬਣਨ
ਵਾਲੀ ਹੈ। ਵੀਨਾ ਦੇ ਮਨ ਵਿਚ ਆਸ ਦੀ ਕਿਰਨ ਜਾਗੀ। ਨਿੱਕੇ ਜਿਹੇ ਪਰਿਵਾਰ ਵਿਚ
ਵਾਧਾ ਹੋਵੇਗਾ। ਸਨੇਹ ਫਿਰ ਬੱਚੇ ਨੂੰ ਜਨਮ ਦੇਣ ਲਈ ਪੰਜਾਬ ਆਏਗੀ, ਫਿਰ ਘਰ ਵਿਚ
ਰੌਣਕ ਹੋਵੇਗੀ ਕਿਉਂਕਿ ਸਨੇਹ ਦੀ ਮੰਮੀ ਇਸ ਦੌਰਾਨ ਅਮਰੀਕਾ ਚਲੇ ਗਈ ਸੀ।
ਪਰ ਫਿਰ ਇਕ ਦਿਨ ਸਨੇਹ ਦਾ ਖਤ ਆਇਆ। ਉਹ ਸਾਡੇ ਕੋਲ ਨਹੀਂ ਆ ਸਕਦੀ। ਬੇਟੀ ਦੀ
ਪੜ੍ਹਾਈ ਖਰਾਬ ਹੋ ਜਾਵੇਗੀ। ਕੁਝ ਡਾਕਟਰ ਵੀ ਸਫਰ ਤੋਂ ਮਨਾਂ ਕਰਦੇ ਹਨ। ਉਸ ਲਿਖਿਆ
ਸੀ, "ਮੈਂ ਮੰਮੀ ਨੂੰ ਕਹਿ ਦਿਤਾ ਹੈ, ਉਹ ਅਮਰੀਕਾ ਤੋਂ ਆ ਰਹੇ ਹਨ। ਬੱਚੇ ਦੇ ਜਨਮ
ਸਮੇਂ ਉਹ ਨੇਰੇ ਕੋਲ ਹੋਣਗੇ। ਮੰਮੀ ਤੁਸੀਂ ਕੋਈ ਫਿਕਰ ਨਹੀਂ ਕਰਨਾ, ਅਸੀਂ ਆਪੇ ਸਭ
ਕੁਝ ਕਰ ਲਵਾਂਗੇ। ਤਹਾਡਾ ਪਿਤਾ ਜੀ ਨੂੰ ਕੱਲਿਆਂ ਛੱਡ ਕੇ ਆਉਣਾ ਮੁਸ਼ਕਲ ਹੈ"। ਫਿਰ
ਵੀਨਾ ਨੇ ਸੋਚਿਆ ਕਿ ਜਿਸ ਤਰਾਂ ਉਹ ਖੁਸ਼ ਹੋਣ ਉਸੇ ਤਰਾਂ ਹੀ ਠੀਕ ਹੈ। ਘਰ ਬੰਦ
ਕਰਕੇ ਵੀ ਉਹਦਾ ਜਾਣਾ ਔਖਾ ਸੀ।
ਸਨੇਹ ਦੀ ਮਾਂ ਵੀ ਅਮਰੀਕਾ ਤੋਂ ਪੰਜਾਬ ਆ ਗਈ ਸੀ ਅਤੇ ਵੀਨਾ ਨੂੰ ਰੋਜ਼ ਹੀ
ਬੰਬੇ ਜਾਣ ਨੂੰ ਕਹਿਣ ਲਗੀ। ਇਕ ਦਿਨ ਵੀਨਾ ਕੋਲ ਆਈ ਅਤੇ ਕਹਿਣ ਕਗੀ, "ਤੁਸੀਂ
ਬੰਬੇ ਚਲੇ ਜਾਓ, ਸਨੇਹ ਇਕੱਲੀ ਹੈ, ਕਿਸੇ ਔਰਤ ਦਾ ਕੋਲ ਹੋਣਾ ਜ਼ਰੂਰੀ ਹੈ। ਮੈਂ
ਤਾਂ ਜਾ ਨਹੀਂ ਸਕਦੀ। ਕੀ ਕਰਾਂ ਮੇਰਾ ਤਾਂ ਲੱਕ ਹੀ ਦੁਖਦਾ ਰਹਿੰਦਾ ਹੈ। ਜੇ ਚਲੀ
ਵੀ ਗਈ ਤਾਂ ਕੰਮ ਤਾਂ ਕੋਈ ਕਰ ਨਹੀਂ ਸਕਾਂਗੀ। ਮੈਂ ਤਾਂ ਬੇਬਸ ਹਾਂ"।
ਵੀਨਾ ਨੇ ਵੀ ਆਪਣੀ ਮਜਬੂਰੀ ਦਸੀ ਕਿ ਮੈਂ ਆਪਣੇ ਪਤੀ ਨੂੰ ਇਕੱਲਿਆਂ ਛੱਡ ਕੇ
ਨਹੀਂ ਜਾ ਸਕਦੀ। ਕੋਈ ਰੋਟੀ ਪਕਾਉਣ ਵਾਲਾ ਵੀ ਨਹੀਂ ਹੈ। ਜੇ ਉਹ ਮੇਰੇ ਕੋਲ ਆ
ਜਾਂਦੀ ਤਾਂ ਮੈਂ ਦੇਖ ਰੇਖ ਕਰ ਸਕਦੀ ਸਾਂ। ਉਹ ਇਹ ਕਹਿ ਕੇ ਚਲੀ ਗਈ ਕਿ ਮੈਂ
ਦੇਖਦੀ ਹਾਂ। ਮੈਂ ਆਈ ਤਾਂ ਦੂਰੋਂ ਬੇਟੀ ਕਰਕੇ ਹੀ ਹਾਂ।
ਆਖਰਕਾਰ ਉਹ ਦਿਨ ਆ ਗਿਆ ਜਿਸ ਦਾ ਇੰਤਜ਼ਾਰ ਸੀ। ਰਾਜੀਵ ਦੇ ਘਰ ਬੇਟਾ ਹੋਇਆ ਸੀ।
ਖਬਰ ਮਿਲਦਿਆਂ ਹੀ ਉਸ ਦੇ ਪੈਰ ਧਰਤੀ ਤੋਂ ਗਿੱਠ ਗਿੱਠ ਉਚੇ ਹੋ ਗਏ। ਵੀਨਾ ਨੇ ਰੱਬ
ਦਾ ਸ਼ੁਕਰ ਕੀਤਾ ਕਿ ਸਭ ਕੁਝ ਠੀਕ ਹੋ ਗਿਆ। ਜੱਚਾ ਬੱਚਾ ਸਹੀ ਸਲਾਮਤ ਸਨ। ਉਹ ਦੂਰ
ਬੈਠੀ ਰੱਬ ਅਗੇ ਅਰਦਾਸਾਂ ਹੀ ਕਰ ਸਕਦੀ ਸੀ, ਬਚਿਆਂ ਦੀ ਖੈਰ ਸੁੱਖ ਹੀ ਮੰਗ ਸਕਦੀ
ਸੀ।
ਪਰ ਭੈਣ ਜੀ (ਕੁੜਮਣੀ) ਬੰਬੇ ਨਾ ਗਏ। ਰਾਜੀਵ
ਦਾ ਫੋਨ ਆਇਆ ਕਿ ਮੰਮੀ ਤੁਸੀਂ ਫੌਰਨ ਆ ਜਾਵੋ, ਅਸੀਂ ਬੜੇ ਤੰਗ ਹਾਂ। ਘਰ ਵਿਚ ਕੋਈ
ਕੰਮ ਕਰਨ ਵਾਲਾ ਨਹੀਂ ਹੈ, ਅਸੀਂ ਬਹੁਤ ਔਖੇ ਹਾਂ, ਤੁਸੀਂ ਜਲਦੀ ਆ ਜਾਵੋ। ਵੀਨਾ
ਦੀ ਰਾਤ ਸੋਚਾਂ ਵਿਚ ਲੰਘੀ। ਉਹਨੇ ਪਤੀ ਨੂੰ ਕਿਹਾ, "ਤੁਸੀਂ ਜੀ ਟਿਕਟਾਂ ਦਾ
ਬੰਦੋਬਸਤ ਕਰੋ, ਆਪਾਂ ਬੰਬੇ ਜਾਣਾ ਹੈ। ਬੱਚਿਆਂ ਦੀ ਤਕਲੀਫ ਮੈਥੌਂ ਬਰਦਾਸ਼ਤ ਨਹੀਂ
ਹੁੰਦੀ"। ਅਤੇ ਦੋਵੇਂ ਜਣੇ ਬੰਬੇ ਪਹੁੰਚ ਗਏ।
ਜਦੋਂ ਬੱਚਾ ਦੇਖਿਆ ਤਾਂ ਵੀਨਾ ਦੀ ਸਾਰੀ ਥਕਾਵਟ ਦੂਰ ਹੋ ਗਈ। ਉਹ ਉਨਾਂ ਦੀ
ਸੇਵਾ ਵਿਚ ਜੁਟ ਗਈ। ਜਦੋਂ ਵਾਪਸ ਆਏ ਤਾਂ ਉਸ ਦੀ ਕੁੜਮਣੀ ਦਾ ਫੋਨ ਆਇਆ, "ਭੈਣ
ਜੀ, ਬਹੁਤ ਮਿਹਰਬਾਨੀ, ਸਨੇਹ ਕਹਿੰਦੀ ਸੀ ਮੰਮੀ ਨੇ ਮੇਰੀ ਬਹੁਤ ਸੇਵਾ ਕੀਤੀ।
ਉਨਾਂ ਨੂੰ ਬਹੁਤ ਕੰਮ ਕਰਨਾ ਪਿਆ। ਭੈਣ ਜੀ ਤੁਸੀਂ ਜਵਾਨ ਹੋ ਕੇ ਕੰਮ ਕਰ ਸਕਦੇ
ਹੋ। ਮੈਂ ਤਾਂ ਠੀਕ ਨਹੀਂ ਰਹਿੰਦੀ, ਇਸ ਕਰਕੇ ਨਹੀਂ ਜਾ ਸਕੀ"।
ਵੀਨਾ ਦੀ ਸਹੇਲੀ ਵਧਾਈ ਦੇਣ ਆਈ ਉਸ ਦੇ ਕੋਲ ਬੈਠੀ ਸੀ। ਇਹ ਸੁਣ ਕੇ ਖਿੜ ਖਿੜ
ਹੱਸ ਪਈ "ਤੇਰੀ ਕੁੜਮਣੀ ਤਾਂ ਲੋਹੜੀ ਦੇ ਫੰਕਸ਼ਨ ਵਿਚ ਕਲੱਬ ਵਿਚ ਕੁੜੀਆਂ ਵਾਂਗ
ਨੱਚ ਰਹੀ ਸੀ, ਕੌਣ ਕਹੇਗਾ ਕਿ ਉਹ ਬਿਮਾਰ ਹੈ। ਵੀਨਾ ਕੰਮ ਕਰਨ ਨੂੰ ਤੂੰ, ਔਖੇ
ਵੇਲੇ ਤੂੰ ਮਦਦ ਕਰੇਂ ਅਤੇ ਖੁਸ਼ੀਆਂ ਸਾਂਝੀਆਂ ਕਰਨ ਲਈ ਮਾਂ…। ਤੂੰ ਕਿਹੋ ਜਿਹੀ
ਸੱਸ ਏਂ ਕਿ ਤੇਰਾ ਨੂੰਹ ਉਤੇ ਭੋਰਾ ਵੀ ਰੋਹਬ ਨਹੀਂ !"
ਇਹ ਯਾਦ ਆਉਂਦਿਆਂ ਹੀ ਵੀਨਾ ਦੀਆਂ ਅੱਖਾਂ ਵਿਚ ਹੰਝੂ ਆ ਗਏ ਸਨ। ਮੈਨੂੰ ਕਿਵੇਂ
ਵਰਤਿਆ ਜਾਂਦਾ ਰਿਹਾ ਹੈ। ਜਦੋਂ ਵੀ ਮੇਰੀ ਲੋੜ ਪਈ ਵਰਤ ਲਿਆ ਜਾਂਦਾ। ਜਿਹੜੀ ਮਾਂ
ਬੰਬੇ ਨਹੀਂ ਗਈ ਉਦੋਂ ਸਨੇਹ ਨਾਲ ਗੁੱਸੇ ਸੀ। ਕਹਿੰਦੀ ਸੀ "ਮੰਮੀ ਤੁਸੀਂ ਤਾਂ
ਆਉਣਾ ਵੀ ਨਹੀਂ ਸੀ ਫਿਰ ਵੀ ਪਹੁੰਚ ਗਏ ਹੋ ਪਰ ਮੇਰੀ ਮਾਂ ਨੂੰ ਤਾਂ ਪੰਜਾਬ ਬੈਠੀ
ਨੂੰ ਵੀ ਮੇਰਾ ਕੋਈ ਫਿਕਰ ਨਹੀਂ ਏ"। ਹੁਣ ਬੇਟੇ ਦੇ ਜਨਮ ਪਿਛੋਂ ਠੀਕ ਹੋ ਕੇ ਮਾਂ
ਨੂੰ ਮਿਲਣ ਆਈ ਤਾਂ ਸਿੱਧੀ ਸਟੇਸ਼ਨ ਤੋਂ ਮਾਂ ਦੇ ਘਰ ਪਹੁੰਚ ਗਈ ਸੀ। ਵੀਨਾ ਦੀ ਉਸ
ਨੇ ਰਤਾ ਵੀ ਪਰਵਾਹ ਨਹੀਂ ਸੀ ਕੀਤੀ ਕਿ ਉਸ ਉਤੇ ਕੀ ਬੀਤਦੀ ਹੋਵੇਗੀ। ਵੀਨਾ ਦੇ
ਹਿੱਸੇ ਵਿਚ ਉਹੀ ਇਕੱਲ। ਉਹ ਸੋਚਦੀ ਕਿ ਮਾਂ ਤਾਂ ਮਾਂ ਹੀ ਹੈ। ਉਹਨੂੰ ਆਪਣੀ ਮਾਂ
ਹੀ ਚੰਗੀ ਲਗਦੀ ਹੈ। ਮੈਂ ਜਿੰਨਾ ਮਰਜ਼ੀ ਪਆਰ ਕਰ ਲਵਾਂ, ਮੈਂ ਤਾਂ ਉਹਦੀਆਂ ਨਜ਼ਰਾਂ
ਵਿਚ ਕੁਝ ਵੀ ਨਹੀਂ, ਮੇਰਾ ਕੀ ਰਿਸ਼ਤਾ ਹੈ?
ਅੱਜ ਸਨੇਹ ਦਾ ਫੋਨ ਆਇਆ ਸੀ ਅਤੇ ਕਿਹਾ ਸੀ ਕਿ ਤੁਹਾਡੇ ਬੇਟੇ ਨੇ ਫਿਰ ਸ਼ਰਾਬ
ਪੀ ਲਈ ਹੈ ਅਤੇ ਅਸੀਂ ਲੜ ਪਏ ਹਾਂ। ਉਹ ਰਾਜੀਵ ਨੂੰ ਉਚੀ ਉਚੀ ਗਾਲਾਂ ਕੱਢ ਰਹੀ
ਸੀ, ਬੁਰਾ ਭਲਾ ਬੋਲ ਰਹੀ ਸੀ। ਮਾਂ ਦਾ ਦਿਲ ਤਾਂ ਦੁਖਿਆ ਪਰ ਉਹ ਸਾਰੀਆਂ ਗਾਲਾਂ
ਸੁਣਦੀ ਰਹੀ ਤੇ ਇੰਨਾ ਹੀ ਕਹਿ ਦਿਤਾ ਸੀ, "ਬੇਟੀ ਜੇ ਤੂੰ ਉਸ ਨਾਲ ਲੜੇਂਗੀ ਉਸ
ਨਾਲ ਤਾਂ ਉਹ ਹੋਰ ਸ਼ਰਾਬ ਪੀਵੇਗਾ..ਧੀਏ ਪਤੀ ਨੂੰ ਤਾਂ ਪਿਆਰ ਨਾਲ ਹੀ ਸਮਝਾਉਣਾ
ਚਾਹੀਦਾ…"
ਫਿਰ ਉਹਦੇ ਕੰਨਾਂ ਵਿਚ ਸਨੇਹ ਦੇ ਸ਼ਬਦ ਗੂੰਜੇ…ਜੇ ਤੁਹਾਡੀ ਧੀ ਹੁੰਦੀ ਤਾਂ
ਤੁਸੀਂ ਉਹਦਾ ਪੱਖ ਨਾ ਪੂਰਦੇ। ਵੀਨਾ ਧੁਰ ਅੰਦਰ ਤਕ ਟੁੱਟ ਗਈ ਸੀ। ਉਹਨੂੰ ਜਾਪਦਾ
ਸੀ ਉਸ ਦੀਆਂ ਸਾਰੀਆਂ ਕੋਸ਼ਿਸ਼ਾਂ ਨਾਕਾਮਯਾਬ ਰਹੀਆਂ ਹਨ। ਜਿਹਨੂੰ ਉਹ ਬੇਟੀ ਸਮਝਦੀ
ਰਹੀ ਸੀ ਉਹ ਇਕ ਕਹਿ ਰਹੀ ਸੀ ਕਿ …..ਜੇ ਤੁਹਾਡੀ ਬੇਟੀ ਹੁੰਦੀ। ਵੀਨਾ ਹਾਰ ਗਈ
ਸੀ। ਉਹਨੂੰ ਲਗ ਰਿਹਾ ਸੀ ਕਿ ਖੂਨ ਦਾ ਰਿਸ਼ਤਾ ਤਾਂ ਖੂਨ ਦਾ ਰਿਸ਼ਤਾ ਹੁੰਦਾ ਹੈ।
ਅੱਜ ਸਨੇਹ ਦੀ ਸੋਚ ਨੇ ਉਸ ਨੂੰ ਬੇਗਾਨੀ ਬਣਾ ਦਿਤਾ ਸੀ। ਫਿਰ ਵੀਨਾ ਨੇ ਲੰਮਾ
ਹਉਕਾ ਲਿਆ ਕਿ ਸਿਆਣਿਆਂ ਸੱਚ ਈ ਕਿਹਾ ਹੈ ਕਿ ਬੇਟੀ ਤਾਂ ਬੇਟੀ ਹੀ ਹੁੰਦੀ ਹੈ,
ਨੂੰਹਾਂ ਕਦੋਂ ਬੇਟੀਆਂ ਬਣੀਆਂ ਹਨ। |