5_cccccc1.gif (41 bytes)


ਬੇਗ਼ਮ
ਕਰਨੈਲ ਸਿੰਘ ਗਿਆਨੀ - ਫ਼ਿਲਾਡੈਲਫ਼ੀਆ


" ਮੇਰੇ ਕੋਲੇ ਹੋ ਜਾਹ ਜ਼ੀਨਤ, ਠੰਢ ਲੱਗੀ ਜਾਂਦੀ ਐ।" ਉਸਨੂੰ ਆਪਣੀਆਂ ਬਾਂਹਾਂ ਵਿਚ ਭਰਦਿਆਂ ਪਰਵੇਜ਼ ਨੇ ਦੱਬੀ ਆਵਾਜ਼ ਵਿਚ ਕਿਹਾ।

" ਏਸ ਤੋਂ ਹੋਰ ਕਿੰਨੀ ਕੁ ਕੋਲੇ....? ਠੰਢ ਦਾ ਤਾਂ ਐਂਵੇਂ ਤੇਰਾ ਬਹਾਨਾ ਐਂ।" ਉਸਦੀ ਬੱਚਿਆਂ ਵਰਗੀ ਬੇਬਸੀ ਤੇ ਹਸਦੀ ਹੋਈ ਉਹ ਸਿਰ ਝਟਕ ਕੇ ਬੋਲੀ। "ਅੜਿਆ ਤੈਨੂੰ ਰੱਜ ਕਿਓਂ ਨਹੀ ਆਂਉਂਦਾ?"

"ਤੈਨੂੰ ਆਂਉਂਦੈ ?"

"ਜਾਹ ਪਰੇ! ਜਦੋਂ ਦੀ ਜਾਣ ਜਾਣ ਲਾਈ ਐ, ਮੈਨੂੰ ਤਾਂ ਤੂੰ ਫ਼ਿਕਰਾਂ ਵਿਚ ਪਾ ਦਿੱਤੈ।। ਸਾਰਾ ਦਿਨ ਦਿਲ ਖੁਸਦਾ ਰਹਿੰਦੈ।"

ਕਰਨੈਲ ਸਿੰਘ ਗਿਆਨੀ - ਫ਼ਿਲਾਡੈਲਫ਼ੀਆ

"ਜਾਣਾ ਤਾਂ ਪੈਣੈ, ਜ਼ੀਨਤ। ਤੇਰੇ ਅੱਬਾ ਨੇ ਮੈਨੂੰ ਤਾਹਨਾ ਜੋ ਮਾਰਿਆ ਹੈ।"

"ਤੂੰ ਦੁਬਈ ਜਾਣ ਦੀ ਥਾਂ ਕਰਾਚੀ ਕਿਓਂ ਨਹੀ ਚਲਾ ਜਾਂਦਾ। ਨੇੜੇ ਤਾਂ ਹੋਵੇਂਗਾ।"

"ਮੈਂ ਭਾਵੇਂ ਕਿਧਰੇ ਵੀ ਚਲਾ ਜਾਂਵਾਂ, ਪਰ ਮੇਰਾ ਦਿਲ ਅਪਣੀ ਜ਼ੀਨਤ ਕੋਲੋਂ ਕਦੇ ਦੂਰ ਨਹੀ ਹੋਵੇਗਾ। ਉਂਜ ਮੇਰਾ ਜੀ, ਬੰਬਈ ਦੀ ਫ਼ਿਲਮ ਇੰਡਸਟਰੀ ਵਿਚ ਕੰਮ ਕਰਨ ਲਈ ਵਧੇਰੇ ਕਰਦੈ। ਕਾਸ਼ ਇਹ ਮੁਲਕਾਂ ਦੀਆਂ ਹੱਦਾਂ ਨਾਂ ਹੁੰਦੀਆਂ ਤਾਂ।"

" ਨਾਂ ਬਾਬਾ, ਮੈਂ ਨਾਂ ਤੈਨੂੰ ਬੰਬਈ ਭੇਜਦੀ। ਕਿਧਰੇ ਕੋਈ ‘ਜ਼ੀਨਤ ਅਮਾਨ’ ਵਰਗੀ ਮਿਲ ਗਈ ਤਾਂ....।"

"ਤੈਨੂੰ ਅਪਣੇ ਪਰਵੇਜ਼ ਤੇ ਇਤਬਾਰ ਨਹੀ? ਭਲਾ ਏਸ ‘ਜ਼ੀਨਤ’ ਨੂੰ ਛੱਡ ਕੇ ਮੈਂ ਆਪਣਾ ‘ਈਮਾਨ’ ਖਰਾਬ

ਕਰਨੈ ?" ਓਹ ਉਸਦੀਆਂ ਵੰਗਾਂ ਭਰੀਆਂ ਬਾਹਾਂ ਨੂੰ ਪਲੋਸਦਿਆਂ, ਉਸਦੀਆਂ ਅੱਖਾਂ ਵਿਚ ਝਾਕਦਾ ਬੋਲਿਆ।

ਜ਼ੀਨਤ, ਪਰਵੇਜ਼ ਦੀ ਭੂਆ ਦੀ ਧੀ ਸੀ। ਦੋਹਾਂ ਦੀ ਉਮਰ ਵਿਚ ਮਸਾਂ ਸਾਲ ਕੁ ਦਾ ਫ਼ਰਕ ਹੋਣੈ। ਦੋਵੇਂ ਸਿਆਲਕੋਟ ਵਿਚ ਹੀ ਵੱਡੇ ਹੋਏ। ਨਾਲ ਲਗਵੇਂ ਘਰ। ਉਹ ਪਰਵੇਜ਼ ਨੂੰ ਅਕਸਰ ਭਾਈ ਜਾਨ ਕਹਿ ਕੇ ਬੁਲਾਇਆ ਕਰਦੀ। ਫੇਰ ਜਦੋਂ ਉਹ ਕਾਲਿਜਾਂ ਵਿਚ ਪੜ੍ਹਨ ਚਲੇ ਗਏ, ਮਾਸ਼ਾ ਅੱਲਾ ਉਹਨਾਂ ਦੇ ਜਜ਼ਬੇ ਵੀ ਜਵਾਨ ਹੋਣ ਲੱਗ ਪਏ। ਓਧਰੋ ਓਧਰੀ ਲੁਕੀਆਂ ਲੁਕੀਆਂ ਸੈਨਤਾਂ, ਬੁਰਕੇ ਵਿਚੋਂ ਖਿਚ੍ਹਾਂ ਭਰੀਆਂ ਝਾਤੀਆਂ। ਲੰਮੇ ਲੰਮੇ ਖਤਾਂ ਦੀ ਆਵਾ ਜਾਈ।

ਫੇਰ ਇਕ ਸ਼ਾਮ ਜਦੋਂ ਜ਼ੀਨਤ ਨੇ ਪਰਵੇਜ਼ ਨੂੰ ਸੈਨਤ ਮਾਰ ਕੇ ਆਪਣੇ ਚੁਬਾਰੇ ਅੰਦਰ ਬੁਲਾਇਆ ਤਾਂ ਪਰਵੇਜ਼ ਦੀ ਮਾਂ ਤਾੜ ਗਈ। ਕਿਧਰੇ ਧੀ ਪੁੱਤ ਦੀ ਗੱਲ, ਗਲੀ ਗੁਆਂਢ ਦੀ ਜ਼ਬਾਨ ਤੇ ਨਾ ਚੜ੍ਹ ਜਾਵੇ, ਉਸ ਨੇ ਅਪਣੇ ਖਾਵੰਦ ਨੂੰ ਚੌਕੰਨਿਆਂ ਕਰ ਦਿੱਤਾ। ਅਗਲੇ ਹੀ ਹਫ਼ਤੇ ਪਰਵੇਜ਼ ਦੇ ਅੱਬੂ ਨੇ ਅਪਣੀ ਭੈਣ ਕੋਲ, ਜ਼ੀਨਤ ਦੇ ਰਿਸ਼ਤੇ ਦੀ ਫ਼ਰਮਾਇਸ਼ ਜਾ ਪਾਈ। ਜ਼ੀਨਤ ਦੇ ਵਾਲਿਦ ਸ਼ਹਿਰ ਦੇ ਮੰਨੇ ਪਰਮੰਨੇ ਵਕੀਲ ਸਨ। ਉਹ ਉਹਨਾਂ ਦੀ ਕੱਲੀ ਕੱਲੀ ਔਲਾਦ ਸੀ। ਸੁਣਦਿਆਂ ਸਾਰ ਹੀ ਉਹਨਾਂ ਅਪਣੇ ਸਾਲੇ ਦੀ ਪੇਸ਼ਕਸ ਇਹ ਕਹਿ ਕੇ ਠੁਕਰਾ ਦਿੱਤੀ। " ਜੇ ਅਪਣੀ ਭਾਣਜੀ ਨੂੰ ਅਪਣੇ ਘਰ ਦੀ ਜ਼ੀਨਤ ਬਨਾਣੈ ਤਾਂ ਆਪਣੇ ਮੁੰਡੇ ਨੂੰ ਆਖੋ, ਕੁਝ ਬਣ ਕੇ ਵਿਖਾਵੇ। ਚਾਰ ਪੈਸੇ ਤਾਂ ਕਮਾਣ ਜੋਗਾ ਹੋਇਆ ਨਹੀ ਤੇ....।"

ਪਰਵੇਜ਼ ਨੇ ਸੁਣਿਆ ਤਾਂ ਉਸ ਨੂੰ ਇਹ ਗੱਲ ਤੀਰ ਵਾਂਗ ਚੁਭ ਗਈ। ਕਾਲਿਜ ਵਿਚ ਪੜ੍ਹਦਿਆਂ ਅਜੇ ਉਸਨੂੰ ਤੀਜਾ ਸਾਲ ਹੀ ਹੋਇਆ ਸੀ। ਉਸ ਨੂੰ ਵਤਨ ਛੱਡ ਕੇ ਜਾਣ ਦਾ ਪਤਾ ਨਹੀ ਕੀ ਭੂਤ ਸਵਾਰ ਹੋ ਗਿਆ। ਬਸ ਪੜ੍ਹਾਈ ਵਿਚੇ ਛੱਡ ਕੇ ਦੁਬਈ ਜਾਣ ਦੀ ਤਿਆਰੀ ਕਰ ਲਈ। ਜ਼ੀਨਤ ਨਾਲ ਇਹ ਉਸਦੀ ਆਖਰੀ ਮੁਲਾਕਾਤ ਸੀ।

ਦੁਬਈ ਦੇ ਮਾਹੌਲ ਵਿਚ ਦਿਲ ਖੁਭਦਾ ਨਾ ਵੇਖ ਉਹ ਜਰਮਨੀ ਦੇ ਸ਼ਹਿਰ ਫ਼ਰੈਂਕਫ਼ਰਟ ਜਾ ਨਿਕਲਿਆ। ਤੇ ਉਸ ਤੋਂ ਚਾਰ ਕੁ ਸਾਲ ਬਾਦ ਨਿਊਯਾਰਕ। ਓਹਨੀ ਦਿਨੀ ਉਸ ਦੇ ਕਈ ਅਹਿਮਦੀਆ ਦੋਸਤਾਂ ਨੂੰ ਤਾਂ ਸਿਆਸੀ ਪਨਾਹ ਮਿਲ ਵੀ ਗਈ ਸੀ। ਪਰ ਪਰਵੇਜ਼ ਦੇ ਆਪਣੇ ਕੁਝ ਅਸੂਲ ਸਨ। ਯੂਰਪ ਵਿਚ ਐਨੇ ਸਾਲਾਂ ਦੀ ਜੱਦੋ ਜਹਿਦ ਨਾਲ ਚਾਰ ਪੈਸੇ ਜੋੜ ਰੱਖੇ ਸਨ। ਉਹ ਖੁਦ-ਦਾਰੀ ਨਾਲ ਹੀ ਜੀਣਾ ਚਾਹੁੰਦਾ ਸੀ। ਪਰਵੇਜ਼ ਦੇ ਸਿਆਲਕੋਟ ਛੱਡਣ ਪਿਛੋਂ, ਵਕੀਲ ਸਾਹਿਬ ਦਾ ਰਵਈਆ ਉਸ ਵੱਲ ਕਾਫ਼ੀ ਨਰਮ ਹੋ ਚੁੱਕਾ ਸੀ। ਓਹ ਵੀ ਜਦੋਂ ਘਰ ਖਤ ਲਿਖਦਾ ਤਾਂ ਜ਼ੀਨਤ ਲਈ ਇਕ ਰੁੱਕਾ ਵੱਖਰੇ ਲਿਫ਼ਾਫ਼ੇ ਵਿਚ ਪਾ ਕੇ ਭੇਜ ਦੇਂਦਾ। ਫੇਰ ਇੰਜ ਲੱਗਾ ਜਿਵੇਂ ਫੂਫੀ ਦੇ ਇਸ਼ਾਰੇ ਤੇ ਜ਼ੀਨਤ ਨੇ ਵੀ ਹਿੰਮਤ ਫੜ ਲਈ ਤੇ ਓਹਨਾਂ ਦੀ ਪ੍ਰੇਮ ਕਹਾਣੀ ਸੁਭਾਵਿਕ ਵੇਗ ਨਾਲ ਟੁਰ ਪਈ।

ਪਰਵੇਜ਼ ਦੀ ਉਮਰ ਉਸ ਵੇਲੇ ਕੋਈ ਸਤਾਈ ਕੁ ਵਰ੍ਹੇ ਹੋਣੀ ਐਂ। ਆਮ ਲੜਕਿਆਂ ਨਾਲੋਂ ਵਧੇਰੇ ਲੰਮਾ ਕੱਦ। ਕਣਕ ਵੰਨਾ ਰੰਗ, ਠੋਡੀ ਵਿਚ ਪੈਂਦਾ ਸ਼ਿਕਨ, ਨਿੱਕੀ ਨਿੱਕੀ ਮੁੱਛ, ਸੁਫ਼ਨੇ ਭਰੀਆਂ ਅੱਖਾਂ, ਤੇ ਸ਼ਰਾਰਤੀ ਮੁਸਕਰਾਹਟ। ਉਸ ਦਾ ਲਿਬਾਸ ਹਮੇਸ਼ਾ ਚੁਸਤ ਹੁੰਦਾ। ਲੈਦਰ ਜੈਕਿਟ, ਪਿੰਡੇ ਨੂੰ ਚਿੰਬੜੀ ‘ਲੀ-ਵਾਈ ’ਦੀ ਬਲਿਯੂ ਜੀਨ, ਕੁਝ ‘ਸਪੋਰਟਸ-ਮੈਨ ਟਾਈਪ’। ੳੇੁਸ ਵਿਚ ਗਜ਼ਲਾਂ ਲਿਖਣ ਦਾ ਇਕ ਖਾਸ ਵਸਫ਼ ਸੀ। ਕਦੇ ਕਦੇ ਏਸ਼ੀਅਨ ਟੀ.ਵੀ. ਪ੍ਰੋਗਰਾਂਮਾਂ ਤੇ ‘ਫ਼ਰੀ-ਲਾਂਸ’ ਗਜ਼ਲ ਗਾਇਕੀ ਵੀ ਪੇਸ਼ ਕਰਨ ਚਲਾ ਜਾਂਦਾ।

ਇਕ ਦਿਨ ‘ਐਮਪਾਇਰ-ਸਟੇਟ-ਬਿਲਡਿੰਗ’ ਦੇਖਣ ਨਿਕਲਿਆ। ਧੁਰ ਉਪਰਲੀ ਮੰਜ਼ਿਲ ਤੇ ਦੋ ਗੁਜਰਾਤੀ ਕੁੜੀਆਂ ਦੂਰ-ਬੀਨ ਨਾਲ ਸ਼ਹਿਰ ਦਾ ਨਜ਼ਾਰਾ ਵੇਖ ਰਹੀਆਂ ਸਨ। ਹਿੰਦੋਸਤਾਨੀ ਸ਼ਕਲਾਂ ਵੇਖ ਕੇ ਆਪਸ ਵਿਚ ਸਿਰ ਹਿੱਲੇ ਤੇ ਮੁਸਕਰਾਹਟਾਂ ਦਾ ਵਟਾਂਦਰਾ ਹੋਇਆ। ਫੇਰ ਇਕ ‘ਵੀਕ-ਐਂਡ‘ ਤੇ ਉਹਨਾਂ ਵਿੱਚੋਂ ਇਕ ਕੁੜੀ ਉਸ ਨੂੰ ‘ਜੈਕਸਨ ਹਾਈਟਸ’ ਦੇ ਇੰਡੀਅਨ ਬਾਜ਼ਾਰ ਵਿਚ ਸ਼ਾਪਿੰਗ ਕਰਦੀ ਟੱਕਰ ਪਈ।

" ਕੀ ਤੁਸੀਂ ਓਹੀ ਤਾਂ ਨਹੀ ਜੋ ਉਸ ਦਿਨ ‘ਐਮਪਾਇਰ-ਸਟੇਟ-ਬਿਲਡਿੰਗ’ ਵਿਚ....?" ਪਰਵੇਜ਼ ਨੇ ਅਚਾਨਕ ਪਛਾਣ ਕੱਢੀ।

" ਓ ਯੈਸ! ਓਸ ਦਿਨ ਮੈਂ ਤੇ ਮੇਰੀ ਭਾਬੀ ਮਟਰ-ਗਸ਼ਤੀ ਕਰਨ ਨਿੱਕਲੀਆਂ ਸੀ। ਹਾਂ ਸਚ ਮੇਰੀ ਭਾਬੀ ਨੇ ਉਸ ਤੋਂ ਬਾਦ ਦੱਸਿਆ ਕਿ ਤੁਸੀਂ ਤਾਂ ਕਾਫ਼ੀ ਮਸ਼ਹੂਰ ਆਰਟਿਸਟ ਹੋ। ਤੁਹਾਡੇ ਪ੍ਰੋਗਰਾਮ ਤਾਂ ਅਕਸਰ ਟੀ.ਵੀ. ਤੇ ਵੀ ਆਂਦੇ ਨੇ। ਇਜ਼ ਦੈਟ ਰਾਈਟ ?"

" ਕੋਈ ਖਾਸ ਨਹੀ । ਐਂਵੇਂ ਛੋਟੀ ਮੋਟੀ ਤੁਕ ਬੰਦੀ ਕਰ ਲੈਨਾਂ ਵਾਂ। ਤੁਸੀਂ ਵੀ ਸ਼ੋਕ ਰਖਦੇ ਹੋ ?"

" ਐਡੀ ਕਿਸਮਤ ਕਿੱਥੇ। ਵੈਸੇ ਬੰਬਈ ਵਿਚ ਅਪਣੇ ਕਾਲਿਜ ਦੇ ਆਰਕੈਸਟਰੇ ਵਿਚ ਮੈਂ ਵਾਇਓਲਿਨ ਵਜਾਂਦੀ ਹੁੰਦੀ ਸਾਂ।"

" ਇੰਟਰੈਸਟਿੰਗ! ਅੱਛਾ ਤੁਸੀਂ ਇੰਡੀਆ ਤੋਂ ਆਏ ਹੋ।"

" ਹਾਂ। ਤੁਸੀਂ?"

" ਮੈਂ ਪਾਕਿਸਤਾਨ ਤੋਂ। ਬਾਈ ਦਾ ਵੇ ਮੇਰਾ ਨਾਂ ਪਰਵੇਜ਼ ਹੈ ।"

" ਆਈ ਐਮ ਨੀਰੂ, ਨੀਰੂ ਡੇਸਾਈ। ।"

" ਕੀ ਤੁਹਾਡਾ ਸਾਰਾ ਫ਼ੈਮਿਲੀ ਏਥੇ ਰਹਿੰਦਾ ਹੈ?"

" ਡੈਡੀ ਮੇਰੇ ਇੰਡੀਆ ਵਿਚ ਹੀ ਨੇ। ਵੈਸੇ ਮੈਂ ਅਪਣੇ ਭਰਾ ਦੇ ਸਪੌਂਸਰ ਕਰਨ ਤੇ ਏਥੇ ਆ ਗਈ ਹਾਂ।"

" ਦਿਲ ਲੱਗ ਗਿਐ ?"

" ਪਹਿਲਾਂ ਤਾਂ ਨਹੀ ਸੀ ਲਗਦਾ। ਹੁਣ ਮੈਂ ਰੇਡਿਓਲੋਜੀ ਪੜ੍ਹਨ ਲਈ ਐਡਮਿਸ਼ਨ ਲੈ ਲਿਐ। ਤੁਸੀਂ ?"

" ਮੈਂ ਤਾਂ ‘ਬੈਕ- ਡੋਰ-ਐਂਟਰੀ ’ ਲੈ ਕੇ ਜਰਮਨੀ ਤੋਂ ਆਇਆ ਸਾਂ। ਅੱਜ ਕੱਲ੍ਹ ਟੈਕਸੀ ਚਲਾਂਦਾ ਹਾਂ।"

" ਕਿਸੇ ਸਪੋਰਟਸ ਦਾ ਸ਼ੌਕ ?"

" ਕਾਲਿਜ ਦੇ ਦਿਨਾਂ ਵਿਚ ਕ੍ਰਿਕਿਟ ਖੇਡਦਾ ਹੁੰਦਾ ਸਾਂ।"

" ਓ ਆਈ ਲਵ ਕ੍ਰਿਕਿਟ। ਸਾਡੇ ਖਾਲਸਾ ਕਾਲਿਜ ਮਾਟੁੰਘਾ ਨੇ ਤਾਂ ਕਈ ਚੰਗੇ ਚੰਗੇ ਖਿਲਾੜੀ ਪੈਦਾ ਕੀਤੇ ਨੇ। ਵੈਸੇ ਕਾਲਿਜ ਦੇ ਦਿਨਾਂ ਵਿਚ ਮੈਂ ‘ਐਨ.ਸੀ.ਸੀ.’ ਵਿਚ ਵਧੇਰੇ ਐਕਟਿਵ ਸੀ।"

ਬੰਬਈ ਦੀ ਫ਼ਿਲਮੀ ਦੁਨੀਆਂ ਦੇ ਬਹੁਤ ਨੇੜੇ ਰਹਿਣ ਕਾਰਨ ਨੀਰੂ ਦਾ ਲਾਈਫ਼ ਸਟਾਈਲ ਵੀ ਕਾਫੀ ਮਾਡਰਨ ਸੀ। ਗਿੱਟਿਆਂ ਤੋਂ ਜ਼ਰਾ ਉਚੀ ਸਲੈਕਸ, ਹਾਈ ਹੀਲਜ਼, ਰੇਸ਼ਮੀ ਵਾਲਾਂ ਦੇ ਲੱਛੇ ਕਦੇ ਉਸਦੀਆਂ ਗੱਲ੍ਹਾਂ ਤੇ ਹੁੰਦੇ ਤੇ ਕਦੇ ਪਿੱਠ ਵਾਲੇ ਪਾਸੇ। ਬੰਦ ਗਲੇ ਦੇ ਬਲਾਊਜ਼ ਵਿਚੋਂ ਵੀ ਉਸ ਦੇ ਪੀਢੇ ਪੀਢੇ ਥਰਕਦੇ ਅੰਗ ਇਕ ਮਨਮੋਹਕ ਪਰਦਰਸ਼ਨੀ ਦਾ ਝਲਕਾਰਾ ਦੇਂਦੇ। ਸ਼ਾਇਦ ਉਸ ਨੂੰ ਪਤਾ ਸੀ ਕਿ ਗੋਰੇ ਗੋਰੇ ਰੂਪ ਨੂੰ ਸ਼ੋਖ ਰੰਗੇ ਵਸਤਰ ਹੀ ਸਹੀ ਤਰਾਂ ਉਜਾਗਰ ਕਰਦੇ ਹਨ। ਉਸ ਨੇ ਹਮੇਸ਼ਾ ਬਲਾਊਜ਼ ਦੇ ਰੰਗ ਦੀਆਂ ਚੂੜੀਆਂ ਪਾਈਆਂ ਹੁੰਦੀਆਂ। ਤੇ ਓਸੇ ਰੰਗ ਦੇ ਈਅਰ ਰਿੰਗਜ਼। ਜੇ ਸਭ ਤੋਂ ਵਧੇਰੇ ਆਕਰਸ਼ਕ ਸੀ, ਤਾਂ ਉਹ ਸੀ ਉਸ ਦੀ ਮੁਸਕਰਾਹਟ।

ਏਸ ਮੁਸਕਰਾਹਟ ਨੇ ਹੀ ਤਾਂ ਲੈਫ਼ਟੀਨੈਂਟ ਅਮਰਜੀਤ ਦਾ ਦਿਲ ਜਿੱਤ ਲਿਆ ਸੀ। ਕਾਲਿਜ ਦੇ ਦਿਨਾਂ ਵਿਚ ਉਹ ਐਨ.ਸੀ.ਸੀ. ਦੀ ਇਕ ਬੜੀ ਸੁਘੜ ਕੈਡਿਟ ਸੀ। ਇਕ ਵਾਰੀਂ ਕਿਸੇ ਕੈਂਪ ਵਿਚ, ਕਿਧਰੇ ਉਹ ਆਪਣੇ ਕਾਲਿਜ ਦੀ ਟੀਮ ਨਾਲ ਸ਼ੂਟਿੰਗ ਕੰਪੀਟੀਸ਼ਨ ਲਈ ਪੂਨੇ ਗਈ। ਲੈਫ਼ਟੀਨੈਂਟ ਅਮਰਜੀਤ ਸੰਧੂ, ਕੈਂਪ ਦਾ ਇੰਚਾਰਜ ਸੀ। ਬੱਸ ਵਿਚਾਰਾ ਫੁੰਡਿਆ ਗਿਆ। ਅਮਰਜੀਤ ਪਿੱਛੋਂ ਕਿਸੇ ਤਕੜੇ ਪਰਵਾਰ ‘ਚੋਂ ਸੀ। ਦਰਸ਼ਨੀ ਜਵਾਨ, ਹਸੂੰ ਹਸੂੰ ਕਰਦਾ ਚਿਹਰਾ, ਬਈ ਵੇਂਹਦਿਆਂ ਭੁਖ ਲਹਿੰਦੀ ਸੀ। ਕਾਲਿਜ ਟੀਮ ਦੀ ਇਨਚਾਰਜ ਪਰੋਫ਼ੈਸਰ ਤਾਰਾ ਬੈਨਰਜੀ ਵੀ ਅਮਰਜੀਤ ਤੇ ਅੱਖ ਰਖਦੀ ਜਾਪਦੀ ਸੀ। ਪਰ ਲੱਗਦਾ ਸੀ ਕਿ ਨੀਰੂ ਦੀ ਝੋਲੀ ਵਿਚ ਇਸ ਵਾਰੀ ਸ਼ੂਟਿੰਗ ਦੀ ਟਰਾਫ਼ੀ ਦੇ ਨਾਲ ਇਕ ਹੋਰ ਸ਼ਿਕਾਰ ਵੀ ਆ ਪਿਆ ਸੀ।

ਫ਼ਿਰ ਉਹ ਰੋਮਾਂਸ ਕੁਝ ਏਨਾ ਤੀਬਰ ਹੋ ਗਿਆ, ਕਿ ਉਸ ਦੇ ਚਰਚੇ ਕਾਲਿਜ ਦੀਆਂ ਹੱਦਾਂ ਵੀ ਟੱਪ ਗਏ। ਪੂਨਾ, ਬੰਬਈ ਤੋਂ ਬਾਹਲਾ ਦੂਰ ਨਾ ਹੋਣ ਕਰਕੇ, ਦੋਵੇਂ ਮਹੀਨੇ ਵਿਚ ਦੋ ਤਿੰਨ ਵਾਰ ਜਾਂ ਤਾਂ ਕਿਸੇ ਡਾਂਸ ਅਥਵਾ ਸੋਸ਼ਲ ਗੈਟ-ਟੂ-ਗੈਦਰ ਦੇ ‘ਰੰਗੀਨ’ ਮਾਹੌਲ ਵਿਚ, ਜਾਂ ਫਿਰ ਜੂਹੂ ਬੀਚ ਦੇ ‘ਸੰਗੀਨ’ ਵਾਤਾਵਰਣ ਵਿਚ ਵਿਚਰਦੇ ਦਿਸਦੇ।

" ਲਗਦੈ ਸ਼ੂਟਿੰਗ ਕੰਪੀਟੀਸ਼ਨ ਵਿਚ ਤਾਂ ਤੂੰ ਮੇਰਾ ਨਿਸ਼ਾਨਾ ਬਨਾਣ ਆਈ ਸੀ।" ਇਕ ਵਾਰੀ ਅਮਰਜੀਤ ਨੇ ਹਸਦਿਆਂ ਨੀਰੂ ਨੂੰ ਕਿਹਾ।

" ਨਿਸ਼ਾਨਾ ਵੀ ਲੱਗਾ ਤਾਂ ਦਾਰਾ ਸਿੰਘ ਵਰਗੇ ਇਕ ਪੰਜਾਬੀ ਜੱਟ ਬੂਟ ਤੇ।" ਉਹ ਸ਼ਰਾਰਤੀ ਅੰਦਾਜ਼ ਨਾਲ ਉਸ ਨੂੰ ਛੇੜਣ ਲਈ ਬੋਲੀ।

"ਅਜੇ ਡੁੱਲ੍ਹੇ ਬੇਰਾਂ ਦਾ ਕੀ ਵਿਗੜਿਆ ਹੈ?" ਅਮਰਜੀਤ ਨੇ ਹਾਜ਼ਰ ਜਵਾਬ ਦਿੱਤਾ।

"ਓਏ, ਹੋਏ, ਹੋਏ, ਹੋਏ!" ਉਹ ਨਜ਼ਾਕਤ ਨਾਲ ਉਸ ਨੂੰ ਪੁਚਕਾਰਦੀ, ਦੁਲਾਰਦੀ ਬੋਲੀ। "ਸਰਦਾਰ ਜੀ! ਜੇਹੜਾ ਫੁੱਲ ਇਕ ਵਾਰ, ਇਕ ਦੇਵਤਾ ਦੇ ਅਰਪਨ ਹੋ ਜਾਵੇ, ਉਹ ਕਿਸੇ ਹੋਰ ਦੇਵਤਾ ਦੀ ਭੇਂਟ ਨਹੀ ਹੋਇਆ ਕਰਦਾ।" ਨੀਰੂ ਨੇ ਮੁਘਧ ਅੱਖਾਂ ਨਾਲ ਨਿਹਾਰਦਿਆਂ ਕਿਹਾ। ਉਸਦੇ ਪ੍ਰਤੀ ਏਨੀ ਸ਼ਰਧਾ ਵੇਖ ਕੇ ਅਮਰਜੀਤ ਨੇ ਉਸ ਦਾ ਮੱਥਾ ਚੁੰਮ ਲਿਆ।

"ਉਂਜ ਕਦੇ ਕਦੇ ਮੈਂ ਸੋਚਦੀ ਹਾਂ..........।" ਉਸ ਨੇ ਮੁਸਕਰਾਂਦਿਆਂ ਹੋਇਆਂ ਕਿਹਾ।

"ਕੀ ਸੋਚਦੀ ਐਂ?"

"ਏਹੀ, ਜੇ ਏਸ ਪਗੜੀ ਵਾਲੇ ਭਾਈ ਨਾਲ ਮੇਰਾ ਵਿਆਹ ਹੋ ਗਿਆ, ਤਾਂ ਕਿਵੇਂ ਲੱਗੇ ਗਾ?" ਉਹ ਉਸਦੀ ਪਗੜੀ ਦੇ ਪੇਚਾਂ ਨੂੰ ਪਲੋਸਦੀ ਹੋਈ ਬੋਲੀ।

"ਤੁਹਾਡੇ ਪਰਵਾਰਾਂ ਵਿਚ ਵੀ ਤਾਂ ਜਦੋਂ ਵਿਆਹ ਹੁੰਦੈ, ਤਾਂ ਬਰਾਤ ਢੁੱਕਣ ਸਮੇ ਲਾੜਾ, ਘੋੜੀ ਤੇ ਸਵਾਰ, ਹੱਥ ਵਿਚ ਤਲਵਾਰ ਫੜ ਕੇ, ਗੁਲਾਬੀ ਪਗੜੀ ਬੰਨ੍ਹ ਕੇ ਆਉਂਦੈ।"

"ਹਾਂ, ਪਰ ਉਹ ਤਾਂ ਸ਼ਗਨਾਂ ਦੀ ਘੜੀ ਹੁੰਦੀ ਹੈ।"

"ਤੂੰ ਏਸ ਸਰਦਾਰ ਨਾਲ ਵਿਆਹ ਕਰਾਕੇ ਤਾਂ ਵੇਖ, ਸਾਰੀ ਉਮਰ ਹੀ ਸ਼ਗਨਾਂ ਵਿਚ ਲੰਘ ਜਾਣੀ ਹੈਂ।" ਤੇ ਦੋਵੇਂ ਕਿੰਨਾ ਚਿਰ ਹੀ ਹਸਦੇ ਰਹੇ।

ਅਪਣੇ ਹਲਕੇ ਵਿਚ, ਡੇਸਾਈ ਪਰਵਾਰ ਕਾਫੀ ਰੱਜਿਆ ਪੁੱਜਿਆ ਘਰਾਣਾ ਹੋਣ ਕਰਕੇ ਦੋਹਾਂ ਦੀ ਪਿਆਰ ਕਹਾਣੀ ਜ਼ਿਆਦਾ ਦਿਨ ਲੁਕੀ ਨਾ ਰਹਿ ਸਕੀ। ਨੀਰੂ ਦੇ ਪਿਤਾ ਉਸ ਨੂੰ ਬੜਾ ਪਿਆਰ ਕਰਦੇ ਸਨ। ਭਾਵੇਂ ਉਸਦੀ ਮਾਂ ਉਸਦੇ ਜੰਮਣ ਸਾਰ ਹੀ ਪਰਲੋਕ ਸਿਧਾਰ ਗਈ ਸੀ, ਉਹਨਾਂ ਨੀਰੂ ਨੂੰ, ਮਾਂ ਦੀ ਅਣਹੋਂਦ ਨਹੀ ਸੀ ਮਹਿਸੂਸ ਹੋਣ ਦਿੱਤੀ। ਸਮਾਜ ਵਿਚ ਇਕ ਉਘੀ ਸ਼ਖਸੀਅਤ ਹੋਣ ਦੇ ਨਾਲ, ਉਹ ਇਕ ਵੱਡੀ ਇੰਡਸਟਰੀ ਦੇ ਮਾਲਿਕ ਵੀ ਸਨ। ਉਹਨਾਂ ਲਈ, ਉਹਨਾਂ ਦੀ ਬੇਟੀ ਦਾ ਅਪਣੇ ਭਾਈ ਚਾਰੇ ਤੋਂ ਬਾਹਰ ਰਿਸ਼ਤਾ ਹੋਣਾ ਇਕ ਅਸਹਿ ਗੱਲ ਸੀ। ਪਤਾ ਲੱਗਣ ਤੇ, ਉਹਨਾਂ ਨੀਰੂ ਨੂੰ ਕਿਹਾ ਤਾਂ ਕੁਝ ਨਾਂ। ਪਰ ਐਸੀ ਚੁੱਪ ਵੱਟੀ ਜਿਵੇਂ ਬਾਪ ਬੇਟੀ ਦਾ ਕੋਈ ਰਿਸ਼ਤਾ ਹੀ ਨਾਂ ਰਹਿ ਗਿਆ ਹੋਵੇ।

ਕੁਝ ਮਹੀਨਿਆਂ ਦੇ ਮਿਲਾਪ ਕਾਰਨ, ਅਮਰਜੀਤ ਦਾ ਪਿਆਰ ਨੀਰੂ ਦੀ ਸਿਮ੍ਰਤੀ ਵਿਚ ਏਨਾ ਗਹਿਰਾ ਵੱਸ ਚੁੱਕਾ ਸੀ, ਕਿ ਉਸ ਨੂੰ ਉਸ ਦੇ ਬਿਨਾ ਸਾਰਾ ਸੰਸਾਰ ਬੇ-ਅਰਥ ਲੱਗਦਾ ਸੀ। ਪਰ ਜਿਸ ਸਮਾਜ ਵਿਚ ਸਦੀਆਂ ਤੋਂ ਇਸਤਰੀ ਨੂੰ ਹੀ ਅਪਣਾ ਪਿਆਰ ਨਿਛਾਵਰ ਕਰਨ ਦੀ ਪਰੰਪਰਾ ਹੋਵੇ, ਓਥੇ ਨੀਰੂ ਵਿਚਾਰੀ ਦੀ ਕੀ ਵੱਟੀ ਜਾਣੀ ਸੀ। ਆਖਿਰ ਉਸਨੂੰ ਪਿਤਾ ਦੀ ਮਾਣ ਮਰਿਯਾਦਾ ਦੇ ਸਾਹਮਣੇ ਹਥਿਆਰ ਸੁੱਟ੍ਹ ਦੇਣੇ ਪਏ।

ਪਰ ਨੀਰੂ ਦੇ ਦਿਲ ਤੇ ਕੁਝ ਏਨਾ ਡੂੰਘਾ ਅਸਰ ਹੋਇਆ ਕਿ ਉਸ ਨੇ ਕਾਲਿਜ ਜਾਣਾ ਬੰਦ ਕਰ ਦਿੱਤਾ। ਉਸ ਦੇ ਵੱਡੇ ਵੀਰ ਜਤਿੰਦਰ ਦਾ ਬਿਜ਼ਨਿਸ ਨਿਊਯਾਰਕ ਵਿਚ ਸੀ। ਜਵਾਨ ਧੀ ਨੂੰ ਹਮੇਸ਼ਾ ਘਰ ਵਿਚ ਉਦਾਸ ਵੇਖ ਕੇ, ਪਿਤਾ ਜੀ ਨੇ ਉਸਦੇ ਵੀਰ ਤੇ ਭਾਬੀ ਦੀ ਸਲਾਹ ਤੇ ਹਵਾ ਬਦਲੀ ਲਈ ਉਸਨੂੰ ਨਿਊਯਾਰਕ ਭੇਜ ਦਿੱਤਾ।

ਅਮਰੀਕਾ ਆ ਕੇ ਵੀ, ਕਈ ਮਹੀਨਿਆਂ ਤਕ ਨੀਰੂ ਦੀ ਮਾਨਸਕ ਹਾਲਤ ਡਾਂਵਾਂ ਡੋਲ ਰਹੀ। ਪਰ ਉਸ ਦੀ ਭਾਬੀ ਸਾਧਨਾ ਦੇ ਸਨੇਹ ਤੇ ਸਾਹਸ ਨੇ ਹੌਲੀ ਹੌਲੀ ਉਸ ਦੀਆਂ ਮਨੋ ਵਰਿਤੀਆਂ ਨੂੰ ਵੱਸ ਵਿਚ ਲੈ ਆਂਦਾ। ਉਹ ਸਦਾ ਉਸ ਦੇ ਕੋਲ ਹੀ ਰਹਿੰਦੀ। ਉਸਨੂੰ ਸਾਂਸਕ੍ਰਿਤਿਕ ਸਮੇਲਨਾਂ ਵਿਚ ਲੈ ਜਾਂਦੀ। ਨਿਆਗਰਾ ਫ਼ਾਲਜ਼ ਜਹੇ ਰਮਣੀਕ ਸਥਾਨਾਂ ਦੀ ਸੈਰ, ਅਮਿਊਜ਼ਮੈਂਟ ਪਾਰਕਾਂ ਦੀਆਂ ਖੇਡਾਂ, ਜੂਏ ਖਾਨਿਆਂ ਦੀਆਂ ਰੰਗੀਨੀਆਂ ਨੇ ਉਸ ਦਾ ਸੋਚਣ ਦਾ ਢੰਗ ਹੀ ਬਦਲ ਦਿੱਤਾ। ਇਕ ਵਾਰ ਸਾਧਨਾ ਨੇ ਇੰਡੀਆ ਕਾਲ ਕਰਕੇ ਅਮਰਜੀਤ ਨਾਲ ਨੀਰੂ ਦੀ ਗੱਲ ਵੀ ਕਰਵਾਈ। ਅਤੀਤ ਦੀਆਂ ਗੱਲਾਂ ਕਰਕੇ ਦੋਵੇਂ ਕਿੰਨਾਂ ਚਿਰ ਕੀਰਨੇ ਪਾਂਦੇ ਰਹੇ। ਪਰ ਵਕਤ ਦੀ ਨਜ਼ਾਕਤ ਨੂੰ ਮੁਖ ਰੱਖਦਿਆਂ ਅਮਰਜੀਤ ਨੇ ਵੀ ਉਸ ਨੂੰ ਅਪਣੇ ਹਾਲਾਤ ਨਾਲ ਸਮਝੌਤਾ ਕਰਨ ਲਈ ਹੀ ਸਲਾਹ ਦਿੱਤੀ।

ਇਕ ਦਿਨ ਨੀਰੂ ਨੇ ਸਾਧਨਾ ਕੋਲ ਪਰਵੇਜ਼ ਦੀ ਮੁਲਾਕਾਤ ਦਾ ਜ਼ਿਕਰ ਕੀਤਾ। ਸਾਧਨਾ ਨੂੰ ਪਹਿਲਾਂ ਤਾਂ ਕੁਝ ਅਚੰਭਾ ਲੱਗਾ। ਫੇਰ ਇਹ ਸੋਚ ਕੇ ਕਿ ਸ਼ਾਇਦ ਕਿਸੇ ਯੁਵਕ ਦੀ ਸਾਧਾਰਣ ਮਿੱਤਰਤਾ ਉਸ ਕੁੜੀ ਦੇ ਮਾਨਸਿਕ ਸੰਤੁਲਨ ਲਈ ਸਹਾਇਕ ਹੋ ਸਕੇ, ਉਸ ਨੇ ਹੱਲਾ ਸ਼ੇਰੀ ਦੇ ਦਿੱਤੀ। ਪਰਵੇਜ਼ ਕਦੇ ਨੀਰੂ ਨੂੰ ਅਪਣੀ ਕਾਰ ਵਿਚ ਲਿਫ਼ਟ ਦੇ ਕੇ ਕਾਲਿਜ ਛੱਡ ਆਂਦਾ। ਕਦੇ ਉਹ ਇੰਡੀਅਨ ਫ਼ਿਲਮ ਸਟਾਰਾਂ ਜਾਂ ਪਾਕਿਸਤਾਨੀ ਗਾਇਕ ਕਲਾਕਾਰਾਂ ਦੇ ਕਲਚਰਲ ਪਰੋਗਰਾਮਾਂ ਦੇ ਫ਼ਰੀ-ਪਾਸ ਲੈ ਆਂਦਾ। ਕਦੇ ਕਦੇ ਜਤਿੰਦਰ ਵੀ ਕੰਮ ਤੋਂ ਵਿਹਲਾ ਹੋ ਕੇ ਨਾਲ ਚਲਾ ਜਾਂਦਾ, ਤੇ ਸ਼ੋ ਤੋਂ ਬਾਦ ਪਰਵੇਜ਼ ਸਾਰਿਆਂ ਨੂੰ ਡਿਨਰ ਲਈ ਬਾਂਮਬੇ-ਪੈਲਿਸ ਦੇ ਮਸ਼ਹੂਰ ਰੈਸਟੋਰੈਂਟ ਲੈ ਜਾਂਦਾ। ਜਤਿੰਦਰ ਦਾ ਆਡੀਓ- ਵਿਡੀਓ ਦਾ ਸਟੋਰ ਸੀ। ਪਰਵੇਜ਼ ਦੀ ਜਾਣ ਪਹਿਚਾਣ ਕਾਰਣ ਉਸ ਦੇ ਪਾਕਿਸਤਾਨੀ ਦੋਸਤਾਂ ਦੀ ਗਾਹਕੀ ਕਾਫੀ ਵਧ ਗਈ।

ਕਿੰਂਨਾ ਹੀ ਚਿਰ, ਭਰਾ ਭਰਜਾਈ ਨੇ ਨੀਰੂ ਦੀ ਓਸ ਖੁਲ੍ਹ ਨੂੰ ਕਦੇ ਵੀ ਸ਼ੱਕ ਦੀ ਨਜ਼ਰ ਨਾਲ ਨਾ ਵੇਖਿਆ। ਇਕ ਦਿਨ ਪਰਵੇਜ਼ ਨੇ ਨੀਰੂ ਦੇ ‘ਬਰਥ-ਡੇ’ ਤੇ ਉਸਨੂੰ ਦੋ ਮੀਨੇ ਵਾਲੇ ਗਜਰਿਆਂ ਦਾ ਸੈਟ ਤੋਹਫ਼ੇ ਵਜੋਂ ਦਿੱਤਾ। ਭਾਬੀ ਦੇ ਪੁੱਛਣ ਤੇ ਉਹ ਟਾਲ ਗਈ।

"ਭਾਬੀ ਇਹ ਨਕਲੀ ਨੇ। ਸੋਨੇ ਦਾ ਪਾਣੀ ਚੜ੍ਹਿਆ ਹੋਇਆ ਹੈ।"

"ਕਮਾਲ ਹੈ। ਅਸਲੀ ਨਕਲੀ ਦਾ ਕੋਈ ਪਤਾ ਨਹੀ ਚਲਦਾ। ਫੇਰ ਵੀ ਮਹਿੰਗਾ ਤਾਂ ਹੋਣੈ।"

"ਕੋਈ ਖਾਸ ਨਹੀ।" ਤੇ ਉਹ ਭਾਬੀ ਨਾਲ ਨਜ਼ਰਾਂ ਮਿਲਾਏ ਬਗ਼ੈਰ ਕਾਲਿਜ ਚਲੀ ਗਈ।

ਫੇਰ ਇਕ ਸ਼ਾਮ ਨੀਰੂ ਇਕ ਪਾਰਟੀ ਤੋਂ ਕਾਫ਼ੀ ਲੇਟ ਆਈ। ਉਸ ਨੇ ‘ਫ਼ਰ’ ਦਾ ਲੰਮਾ ਕੋਟ ਤੇ ਗਲੇ ਵਿਚ ਕੀਮਤੀ ਨੈਕਲਸ ਪਾਇਆ ਹੋਇਆ ਸੀ। ਸਾਧਨਾ ਅਜੇ ਟੀ.ਵੀ. ਵੇਖ ਰਹੀ ਸੀ।

"ਮਾਈ ਗਾਡ! ਇਹ ਸ਼ਾਪਿੰਗ ਕਦੋਂ ਕੀਤੀ ਨੀਰੂ?" ਉਸ ਨੇ ਸਰਾਹਣਾ ਕਰਦਿਆਂ ਪੁਛਿਆ। ਨੀਰੂ ਕੁਝ ਸ਼ਸੋ ਪੰਜ ਵਿਚ ਸੀ।"ਦੱਸੇਂ ਗੀ ਨਹੀ?.... ਪਰਵੇਜ਼ ਨੇ ਲੈ ਕੇ ਦਿੱਤੇ ਨੇ?"

ਉਸ ਨੇ ਹਾਂ ਵਿਚ ਸਿਰ ਹਿਲਾਇਆ। ਤੇ ਕਹਿਣ ਲੱਗੀ।, "ਹੀ ਲਾਈਕਸ ਮੀ।"

"ਆਈ ਥਿੰਕ ਹੀ ਲਵਜ਼ ਯੂ।"

ਉਹ ਮੁਸਕਰਾ ਕੇ ਪਿੱਛਾ ਛੁੜਾਨ ਲਈ ਅਪਣੇ ਕਮਰੇ ਜਾਣ ਲੱਗੀ। ਪਰ ਭਾਬੀ ਨੇ ਰੋਕ ਕੇ ਗੱਲ ਜਾਰੀ ਰੱਖੀ।

"ਨੀਰੂ! ਬੁਰਾ ਨਾਂ ਮਨਾਵੇਂ ਤਾਂ ਇਕ ਗੱਲ ਕਹਾਂ? ਕਿਧਰੇ ਤੇਰੇ ਕਦਮ….ਗ਼ਲਤ ਪਾਸੇ….?"

"ਭਾਬੀ! ਮੈਂ ਹੁਣ ਬੱਚੀ ਨਹੀ। ਕੀ ਗ਼ਲਤ ਤੇ ਕੀ ਸਹੀ, ਮੈਂ ਸਭ ਜਾਣਦੀ ਹਾਂ।" ਉਹ ਗੰਭੀਰ ਹੋ ਕੇ ਬੋਲੀ।

"ਕਾਸ਼ ਤੂੰ ਬੱਚੀ ਹੁੰਦੀ, ਤੇ ਮੈਂ ਤੈਨੂੰ ਰੋਕ ਸਕਦੀ। ਵੇਖ ਮੈਂ ਤੇਰੇ ਭਲੇ ਲਈ....।"

"ਮੈਂ ਅਪਣਾ ਭਲਾ ਬੁਰਾ ਚੰਗੀ ਤਰਾਂ ਸਮਝਦੀ ਹਾਂ।" ਉਸ ਨੇ ਗੱਲ ਵਿੱਚੇ ਟੋਕ ਦਿਤੀ ਤੇ ਬੂਹਾ ਬੰਦ ਕਰ ਲਿਆ।

ਅਗਲੀ ਰਾਤ ਉਹ ਘਰ ਹੀ ਨਾ ਆਈ। ਬੱਸ ਫ਼ੋਨ ਕਰਕੇ ਦੱਸ ਦਿਤਾ ਕਿ ਪਰਵੇਜ਼ ਦੀ ਤਬੀਅਤ ਠੀਕ ਨਹੀ ਹੈ, ਤੇ ਉਹ ਉਸ ਨੂੰ ਕੱਲੇ ਨੂੰ ਛੱਡ ਕੇ ਨਹੀ ਆ ਸਕਦੀ। ਉਸ ਤੋਂ ਬਾਦ ਹਰ ਤੀਸਰੇ ਚੌਥੇ ਦਿਨ, ਕਿਸੇ ਨਾ ਕਿਸੇ ਬਹਾਨੇ ਉਹ ਪਰਵੇਜ਼ ਦੇ ਅਪਾਰਟਮੈਂਟ ਤੇ ਹੀ ਰਹਿਣ ਲੱਗ ਪਈ। ਜਤਿੰਦਰ ਪਹਿਲਾਂ ਹੀ ਅਪਣੇ ਪਿਤਾ ਵਾਂਗ ਉਸ ਨਾਲ ਕੋਈ ਜ਼ਿਆਦਾ ਗੱਲ ਨਹੀ ਸੀ ਕਰਦਾ। ਹੁਣ ਸਾਧਨਾ ਵੀ ਵੱਟੀ ਵੱਟੀ ਰਹਿਣ ਲੱਗ ਪਈ। ਪਰ ਏਸ ਵਰਤਾਵੇ ਦਾ ਨੀਰੂ ਤੇ ਕੋਈ ਅਸਰ ਨਾ ਹੋਇਆ।

ਇਕ ਸਵੇਰੇ ਨਾਸ਼ਤੇ ਦੀ ਮੇਜ਼ ਤੇ ਭਾਬੀ ਨੇ ਨੀਰੂ ਦੇ ਖੱਬੇ ਹੱਥ ਵਿਚ ਇਕ ‘ਡਾਇਮੰਡ-ਰਿੰਗ’ ਪਾਈ ਵੇਖੀ। ਪਰ ਕਿਹਾ ਕੁਝ ਨਾ।

"ਪੁੱਛੇਂਗੀ ਨਹੀ, ਭਾਬੀ?" ਉਹ ਮੁੰਦਰੀ ਵਾਲਾ ਹੱਥ ਅੱਗੇ ਕਰਕੇ ਬੋਲੀ।

"ਮੈਂ ਕੌਣ ਹੁੰਦੀ ਹਾਂ ਪੁੱਛਣ ਵਾਲੀ?.... ਪਰਵੇਜ਼ ਨੇ ਦਿੱਤੀ ਹੋਣੀ ਐਂ। ਏਹੀ ਨਾਂ?"

"ਹਾਂ।"

"ਸੋਹਣੀ ਹੈ।.... ਐਂਗੇਜਮੈਂਟ ਰਿੰਗ ਹੈ?"

"ਨਹੀ, ਵੈਡਿੰਗ ਰਿੰਗ ਹੈ।" ਭਾਬੀ ਅਵਾਕ ਤੱਕਦੀ ਰਹਿ ਗਈ। ਨੀਰੂ ਨੇ ਗੱਲ ਜਾਰੀ ਰੱਖੀ। "ਹਾਂ ਭਾਬੀ! ਅਸੀ ਸ਼ਾਦੀ ਕਰ ਲਈ ਹੈ। ‘ਕੋਰਟ-ਮੈਰੇਜ’। ਤੇ ਮੈਨੂੰ ....। ਤੇ ਮੈਨੂੰ ਤੀਜਾ ਮਹੀਨਾ....।"

"ਹੈਂ! ਤੂੰ ‘ਪਰੈਗਨੈਂਟ’....?" ਸਾਧਨਾ ਦੇ ਪੈਰਾਂ ਹੇਠੋਂ ਜਿਵੇਂ ਜ਼ਮੀਨ ਨਿਕਲ ਗਈ।

ਉਸ ਨੇ ਹਾਂ ਵਿਚ ਸਿਰ ਹਿਲਾ ਦਿੱਤਾ।

"ਨੀਰੂ! ਤੈਨੂੰ ਪਤੈ ਤੂੰ ਕੀ ਕਹਿ ਰਹੀ ਹੈਂ?.... ਤੂੰ ਇਹ ਕੀ ਕੀਤਾ? ਨੀਰੂ ਤੂੰ ਇਹ ਕਿਓਂ ਕੀਤਾ।? ਮੈਂ ਤਾਂ ਤੈਨੂੰ ਅਪਣੀ ਛੋਟੀ ਭੈਣ ਸਮਝ ਕੇ ਅਪਣੇ ਕੋਲ ਬੁਲਾਇਆ ਸੀ। ਤੂੰ ਮੇਰੇ ਨਾਲ ਵਿਸ਼ਵਾਸ ਘਾਤ ਕੀਤਾ ਹੈ? ਹੁਣ ਅਸੀਂ ਪਿਤਾ ਜੀ ਨੂੰ ਕੀ ਮੂੰਹ ਵਿਖਾਵਾਂਗੇ?"

ਤੇ ਅਗਲੇ ਹਫ਼ਤੇ ਨੀਰੂ ਪਰਵੇਜ਼ ਦੇ ਅਪਾਰਟਮੈਂਟ ਵਿਚ ਸ਼ਿਫ਼ਟ ਹੋ ਗਈ।

ਇਕ ਸੁਭਾਵਿਕ ਗੱਲ ਹੈ। ਜੇਕਰ ਕਿਸੇ ਇਸਤਰੀ ਦੇ ਮਨ ਵਿਚ ਕਿਸੇ ਪੁਰਸ਼ ਦੇ ਪਿਆਰ ਦਾ ਪ੍ਰਕਾਸ਼ ਨਾ ਹੋਇਆ ਹੋਵੇ, ਤਾਂ ਸ਼ਾਇਦ ਉਸ ਦੀ ਜੀਵਨ ਧਾਰਾ, ਬੇਲਾਗ ਇਕ ਸਾਰ ਤੁਰਦੀ ਜਾਵੇ। ਪਰ ਅਮਰਜੀਤ ਦੇ ਉਸ ਦੀ ਜ਼ਿੰਦਗੀ ਵਿਚ ਪ੍ਰਵੇਸ਼ ਹੋ ਕੇ ਚਲੇ ਜਾਣ ਪਿਛੋਂ ਨੀਰੂ ਦੇ ਅੰਦਰ ਇਕ ਖਾਲੀ-ਪਨ ਦਾ ਇਹਸਾਸ ਹੋਣ ਲੱਗ ਪਿਆ ਸੀ। ਇਕ ਸ਼ੁਨਿਯ ਅਵਸਥਾ। ਪਰਵੇਜ਼ ਦਾ ਐਨ੍ਹ ਓਸੇ ਵੇਲੇ ਉਸਦੇ ਜੀਵਨ ਵਿਚ ਆ ਜਾਣਾ ਓਸ ਖਲਾਅ ਨੂੰ ਪੂਰਾ ਕਰਨ ਵਿਚ ਕਾਫੀ ਸਹਾਇਕ ਹੋਇਆ ਸੀ।

ਪਰਵੇਜ਼ ਦਿਲ ਦਾ ਬੜਾ ਸਾਫ਼ ਲੜਕਾ ਸੀ। ਉਸ ਨੇ ਅਪਣੀ ਮਹਿਬੂਬਾ ਜ਼ੀਨਤ ਬਾਰੇ, ਨੀਰੂ ਨੂੰ ਸੱਚੋ ਸੱਚ ਬਿਆਨ ਕਰ ਦਿੱਤਾ ਸੀ। ਉਹ ਹਮੇਸ਼ਾ ਫ਼ਖਰ ਨਾਲ ਦੱਸਦਾ ਕਿ ਜ਼ੀਨਤ ਮੇਰੀ ਜਿੰਦ ਜਾਨ ਹੈ। ਮੈਂ ਉਸ ਨੂੰ ਬੇਗ਼ਮ ਬਨਾਣ ਦੇ ਵਾਹਦੇ ਕਰ ਕੇ ਆਇਆ ਹਾਂ। ਨੀਰੂ ਨੇ ਵੀ ਅਪਣੀ ਰਾਮ ਕਹਾਣੀ ਉਸ ਨੂੰ ਸੁਣਾਈ ਸੀ।

"ਪਿਆਰ ਦਾ ਜਜ਼ਬਾ ਕਿਸੇ ਦਿਲ ਵਿਚ ਵੱਸ ਜਾਵੇ, ਤਾਂ ਉਸ ਇਨਸਾਨ ਲਈ ਵਡਭਾਗੀ ਗੱਲ ਹੈ।" ਪਰਵੇਜ਼ ਨੇ ਇਕ ਦਿਨ ਅਪਣਾ ਖਿਆਲ ਜ਼ਾਹਰ ਕੀਤਾ।

"ਪਰ ਸਾਰੇ ਪਿਆਰ ਸਿਰੇ ਚੜ੍ਹ ਸਕਣ, ਇਹ ਵੀ ਤਾਂ ਭਾਗਾਂ ਨਾਲ ਹੀ ਹੁੰਦੈ, ਪਰਵੇਜ਼!"

ਪਰਵੇਜ਼ ਸੋਚ ਰਿਹਾ ਸੀ। ਨੀਰੂ ਠੀਕ ਹੀ ਤਾਂ ਕਹਿ ਰਹੀ ਸੀ। ਇਨਸਾਨ ਚਾਹੇ ਤਾਂ ਅਪਣੇ ਭਾਗ ਆਪ ਬਣਾ ਸਕਦੈ। ਪਰਵੇਜ਼ ਜ਼ੀਨਤ ਨੂੰ ਅਪਣੀ ਬੇਗ਼ਮ ਬਨਾਣ ਖਾਤਰ ਹੀ ਤਾਂ ਪਰਦੇਸਾਂ ਦੀ ਖਾਕ ਛਾਣ ਰਿਹਾ ਸੀ, ਤਾਂ ਕਿ ਭਾਗਾਂ ਵਾਲੀ ਗੱਲ ਸਾਕਾਰ ਹੋ ਸਕੇ। ਉਸ ਦੇ ਸਾਮਣੇ ਇਕ ਮੰਜ਼ਿਲ ਸੀ। ਤੇ ਇਸ ਮੰਜ਼ਿਲ ਤੱਕ ਪਹੁੰਚਣ ਲਈ ਉਸ ਨੂੰ ਇਕ ਪੌੜੀ ਦੇ ਸਹਾਰੇ ਦੀ ਲੋੜ ਸੀ। ਏਸ ਮੁਲਕ ਵਿਚ ਪੂਰੀ ਤੌਰ ਤੇ ਸ਼ਹਿਰੀਅਤ ਲੈਣ ਲਈ ਉਸ ਅੱਗੇ ਦੋ ਹੀ ਰਸਤੇ ਸਨ। ਜਾਂ ਤਾਂ ਉਸ ਕੋਲ ਉਚੀ ਤਾਲੀਮ ਹੋਵੇ। ਤੇ ਜਾਂ ਕਿਸੇ ਅਮਰੀਕਣ ਸ਼ਹਿਰੀ ਨਾਲ ਸ਼ਾਦੀ। ਅਪਣੀ ਸੀਮਤ ਸਿੱਖਿਆ ਕਾਰਣ ਉਹ ਕੇਵਲ ਦੂਸਰਾ ਰਸਤਾ ਹੀ ਅਪਣਾ ਸਕਦਾ ਸੀ। ਪਰ ਉਹ ਸ਼ਾਦੀ ਵੀ ਆਰਜ਼ੀ ਹੋਣੀ ਜ਼ਰੂਰੀ ਸੀ। ਜਿਸ ਦਾ ਕੋਈ ਅਸਤਿਤਵ ਨਾ ਹੋਵੇ। ਨਿਰਾ ਕਾਗਜ਼ੀ ਰਿਸ਼ਤਾ, ਜੇਹੜਾ ਕਾਨੂਨੀ ਖਾਨਾ-ਪੁਰੀ ਕਰ ਸਕੇ। ਉਹ ਨੀਰੂ ਨੂੰ ਹਨੇਰੇ ਵਿਚ ਨਹੀ ਸੀ ਰੱਖਣਾ ਚਾਹੁੰਦਾ। ਤੇ ਉਸ ਨੇ ਉਸ ਵੱਲ ਵਧਦੇ ਰਿਸ਼ਤੇ ਦਾ ਮੰਤਵ ਸਾਫ਼ ਸਾਫ਼ ਦੱਸ ਦਿੱਤਾ।

ਰਹੀ ਗੱਲ ਨੀਰੂ ਦੀ। ਪਹਿਲੀ ਵਾਰੀਂ ਉਹ ਸਮਾਜਿਕ ਦਬਾ ਥੱਲੇ ਆਕੇ ਅਮਰਜੀਤ ਦਾ ਪਿਆਰ ਖੋਹ ਚੁੱਕੀ ਸੀ। ਪਰ ਹੁਣ ਉਹ ਅਜੇਹੀ ਘਟਨਾ ਵਾਪਰਨ ਦੇਣਾ ਨਹੀ ਸੀ ਚਾਹੁੰਦੀ। ਉਸ ਦੇ ਅਲ੍ਹੜ ਮਨ ਵਿਚ ਇਹ ਗੱਲ ਘਰ ਕਰ ਗਈ ਸੀ, ਕਿ ਇਕ ਵਾਰੀਂ ਪਰਵੇਜ਼ ਨਾਲ ਰਿਸ਼ਤਾ ਹੋ ਜਾਵੇ। ਫ਼ੇਰ ਉਹ ਅਪਣਾ ਪ੍ਰੇਮ ਜਾਲ ਏਨਾ ਪੀਢਾ ਬੁਣ ਦੇਵੇਗੀ ਕਿ ਪਰਵੇਜ਼, ਚਾਹੁਣ ਤੇ ਵੀ ਉਸ ਵਿਚੋਂ ਨਹੀ ਨਿਕਲ ਸਕੇ ਗਾ। ਸੋ ਉਸਦੀ ਬੇਟੀ ‘ਰੂਹੀ’ ਦਾ ਜਨਮ ਵੀ ਉਸ ਦੀ ਪਲਾਨ ਦੀ ਇਕ ਕੜੀ ਸੀ।

ਭਾਵੇਂ ਪਰਵੇਜ਼ ਨੇ ਇਹ ਰਿਸ਼ਤਾ ਉਪਰੋਂ ਉਪਰੋਂ ਹੀ ਕਾਇਮ ਕੀਤਾ ਸੀ। ਪਰ ਰੂਹੀ ਦੀ ਸ਼ਕਲ ਵਿਚ ਅਪਣਾ ਅਕਸ ਵੇਖ ਕੇ ਜਿਵੇਂ ਉਹ ਦੁਚਿੱਤੀ ਵਿਚ ਧਸਦਾ ਜਾ ਰਿਹਾ ਸੀ। ਰੂਹੀ ਛੇ ਮਹੀਨੇ ਦੀ ਹੋ ਗਈ ਸੀ। ਤੇ ਅਪਣੇ ਮਾਂ ਬਾਪ ਨੂੰ ਚੰਗੀ ਤਰਾਂ ਪਛਾਨਣ ਲੱਗੀ ਸੀ। ਬਾਪ ਬੇਟੀ ਵਿਚਕਾਰ ਕੋਮਲ ਹਾਵ- ਭਾਵਾਂ ਦਾ ਆਦਾਨ ਪ੍ਰਦਾਨ ਹੁੰਦਾ ਵੇਖਕੇ, ਨੀਰੂ ਨੂੰ ਅਪਣੀ ਸਕੀਮ ਕਾਰਗਰ ਹੁੰਦੀ ਜਾਪਦੀ।

ਅਜੇ ਪਰਵੇਜ਼ ਦੀ ਮੁਸਤਕਿਲ ਰਿਹਾਇਸ਼ ਦੀ ਮਨਜ਼ੂਰੀ, ਮਹਿਕਮੇ ਵੱਲੋਂ ਕੁਝ ਮਹੀਨੇ ਪਹਿਲਾਂ ਹੀ ਮਿਲੀ ਸੀ, ਕਿ ਜ਼ੀਨਤ ਦੇ ਅੱਬਾ ਨੂੰ ਦਿਲ ਦਾ ਦੌਰਾ ਪੈਣ ਦੀ ਬੁਰੀ ਖਬਰ ਦੀ ਤਾਰ ਆ ਗਈ। ਪਰਵੇਜ਼ ਦਾ ਸਿਆਲਕੋਟ ਜਾਣਾ ਜ਼ਰੂਰੀ ਹੋ ਗਿਆ ਸੀ।

" ਮੇਰਾ ਵੀ ਰੂਹੀ ਦੇ ਦਾਦਾ ਦਾਦੀ ਜੀ ਨੂੰ ਵੇਖਣ ਤੇ ਬੜਾ ਜੀ ਕਰਦਾ ਹੈ।" ਉਸਦੀ ਵਿਆਹੁਤਾ ਹੋਣ ਦੇ ਨਾਤੇ ਨੀਰੂ ਨੇ ਪਰਵੇਜ਼ ਨਾਲ ਜਾਣ ਦੀੇ ਇੱਛਾ ਜ਼ਾਹਰ ਕੀਤੀ।

" ਅਜੇ ਰਹਿਣ ਦਿਓ ਨੀਰੂ ਬੇਗ਼ਮ। ਰੂਹੀ ਵੱਡੀ ਹੋ ਜਾਵੇ, ਫੇਰ ਕਦੇ ਚੱਲਾਂ ਗੇ। ਮੈਂ ਤਿੰਨ ਚਾਰ ਹਫ਼ਤਿਆਂ ਵਿਚ ਤਾਂ ਵਾਪਸ ਆ ਜਾਣੈ।"

ਬੇਗ਼ਮ ਦਾ ਖਿਤਾਬ ਪਰਵੇਜ਼ ਦੇ ਮੂੰਹੋਂ ਸੁਣ ਕੇ ਉਹ ਫੁੱਲੀ ਨਹੀ ਸੀ ਸਮਾਂਦੀ। ਜਿਵੇਂ ਸਚ ਮੁਚ ਪਰਵੇਜ਼ ਨੇ ਉਸ ਨੂੰ ਇਕ ਰਿਆਸਤ ਦੀ ਮਾਲਕਣ ਬਣਾ ਦਿੱਤਾ ਹੋਵੇ।

ਪਰਵੇਜ਼ ਚਲਾ ਗਿਆ। ਏਅਰ-ਪੋਰਟ ਤੇ ਨੀਰੂ ਉਸ ਨੂੰ ਛੱਡਣ ਆਈ। ਜਾਣ ਲੱਗਿਆਂ ਪਰਵੇਜ਼ ਨੇ ਰੂਹੀ ਨੂੰ ਹਿੱਕ ਨਾਲ ਲਾ ਕੇ ਚੁੰਮਿਆ।

"ਪਹੁੰਚਦਿਆਂ ਹੀ ਕਾਲ ਕਰਨਾ। ਮੈਂ ਫਿਕਰ ਕਰਾਂਗੀ।" ਨੀਰੂ ਨੇ ਤਾਕੀਦ ਕੀਤੀ।

"ਸ਼ੋਅਰ।" ਪਰਵੇਜ਼ ਦਾ ਆਖਰੀ ਦਿਲਾਸਾ ਸੀ। ਨੀਰੂ ਨੇ ਰੂਹੀ ਦਾ ਹੱਥ ਅਪਣੇ ਹੱਥ ਵਿਚ ਲੈ ਕੇ ਜਾਂਦੇ ਪਰਵੇਜ਼ ਵੱਲ ਲਹਿਰਾਂਦਿਆਂ ਰੂਹੀ ਵੱਲੋਂ ਅਖਵਾਣਾ ਚਾਹਿਆ। "ਰੂਹੀ! ਅੱਬੂ ਨੂੰ ਕਹੋ, ਛੇਤੀ ਛੇਤੀ ਆਣ। ਅੱਬੂ ਛੇਤੀ ਆਣਾ ਪਲੀਜ਼!" ਤੇ ਪਰਵੇਜ਼ ਦੇ ‘ਡੀਪਾਰਚਰ-ਗੇਟ’ ਅੰਦਰ ਅਲੋਪ ਹੁੰਦਿਆਂ ਹੀ ਉਸ ਦੀ ਧਾਹ ਨਿਕਲ ਗਈ।

ਅੱਜ ਪਰਵੇਜ਼ ਨੂੰ ਗਿਆਂ, ਵਰ੍ਹੇ ਤੋਂ ਉਪਰ ਹੋ ਗਿਆ। ਨਾ ਉਸ ਦਾ ਕੋਈ ਕਾਲ ਆਇਆ, ਨਾ ਕੋਈ ਖਤ। ਨੀਰੂ ਕਿੰਨੇ ਹੀਲੇ ਕਰ ਥੱਕੀ। ਉਸ ਵੱਲੋਂ ਰਜਿਸਟਰੀ ਕਰਕੇ ਭੇਜੀ ਸਾਰੀ ਡਾਕ ਉਸ ਕੋਲ ਵਾਪਸ ਆ ਗਈ ਸੀ। ਭਰਾ ਭਰਜਾਈ ਵੱਲੋਂ ਕੋਈ ਹਮਦਰਦੀ ਦੀ ਯਾਚਨਾ ਕਰਦੀ ਵੀ ਤਾਂ ਕਿਹੜੇ ਮੂੰਹ ਨਾਲ? ਉਸ ਨੂੰ ਭਾਬੀ ਦੀਆਂ ਕਹੀਆਂ ਗੱਲਾਂ ਯਾਦ ਆ ਰਹੀਆਂ ਸਨ। ਬਹਾਨੇ ਬਹਾਨੇ ਉਸ ਦੇ ਅੱਥਰੂ ਨਿਕਲ ਨਿਕਲ ਜਾਂਦੇ। ਰੂਹੀ ਹੁਣ ਗੱਲਾਂ ਕਰਨ ਲਾਇਕ ਹੋ ਗਈ ਸੀ। ਸਭ ਦੇ ਨਾਂ ਲੈ ਲੈ ਕੇ ਬੁਲਾਂਦੀ । ਕਦੇ ਕਦੇ ਰਾਤੀਂ ਅੱਭੜ-ਵਾਹੇ ਉਠ ਬੈਠਦੀ, ਤੇ ਅਪਣੀ ਮਾਂ ਨੂੰ ਅਪਣੇ ਕੋਮਲ ਜਹੇ ਹੱਥਾਂ ਨਾਲ ਹਿਲੂਣ ਕੇ ਕੁਝ ਇਸ ਤਰਾਂ ਬੋਲਣ ਦੀ ਕੋਸ਼ਿਸ਼ ਕਰਦੀ।

" ਅੰਮੀ!... ਅੱਬੂ।" ਉਹ ਹੈਰਾਨ ਹੋਈ ਐਧਰ ਔਧਰ ਝਾਕਦੀ। ਜਿਵੇਂ ਹੁਣੇ ਹੁਣੇ ਉਸ ਨੇ ਅਪਣੇ ਅੱਬੂ ਨੂੰ ਸੁਫ਼ਨੇ ਵਿਚ ਵੇਖਿਆ ਹੋਵੇ। ਤੇ ਨੀਰੂ ਹੌਕੇ ਲੈਂਦੀ ਉਸ ਨੂੰ ਅਪਣੀਆਂ ਬਾਹਾਂ ਵਿਚ ਘੁੱਟ ਕੇ ਤੱਕਦੀ ਰਹਿੰਦੀ। ਜਿਵੇਂ ਕਹਿ ਰਹੀ ਹੋਵੇ।‘ਨੀ ਧੀਏ! ਕਿੱਥੋਂ ਲਿਆਵਾਂ ਮੈਂ ਤੇਰੇ ਅੱਬੂ ਨੂੰ।’

 

5_cccccc1.gif (41 bytes)

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com