5_cccccc1.gif (41 bytes)


ਬਾਲ ਕੁਮਾਰੀ
ਰਾਜਿੰਦਰ ਕੌਰ


ਇੰਦੂ ਨੂੰ ਨੌਕਰੀ ਦੇ ਨਾਲ ਨਾਲ ਘਰ ਦਾ ਸਾਰਾ ਕੰਮ ਕਰਨਾ ਬੜਾ ਔਖਾ ਲਗਦਾ ਸੀ। ਉਹਨੂੰ ਕਿਤਾਬਾਂ ਰਿਸਾਲੇ ਪੜ੍ਹਣ ਦਾ ਬੜਾ ਸ਼ੋਕ ਸੀ ਪਰ ਜਦੋਂ ਤੋਂ ਅੰਮਾਂ ਨੇ ਕੰਮਕਰਨਾ ਛੱਡ ਦਿੱਤਾ ਸੀ ਉਹਨੂੰ ਅਖਬਾਰ ਦੀਆਂ ਸੁਰਖੀਆਂ ਤੱਕ ਵੇਖਣ ਦੀ ਫੁਰਸਤ ਨਾ ਮਿਲਦੀ। ਤਿੰਨ ਚਾਰ ਜਗ੍ਹਾ, ਰਿਸ਼ਤੇਦਾਰੀ ਵਿਚ ਜਾਣਾ ਜ਼ਰੂਰੀ ਸੀ ਤੇ ਉਹ ਟਾਲਦੀ ਆ ਰਹੀ ਸੀ। ਆਪਣੀ ਮਾਂ ਦੇ ਖਤ ਦਾ ਵੀ ਮਹੀਨੇ ਤੋਂ ਜੁਆਬ ਨਹੀਂ ਸੀ ਦੇ ਸਕੀ।

ਇਕ ਜਾਨ ਤੇ ਇੰਨਾ ਵੱਡਾ ਜਹਾਨ….ਉਹ ਠੰਡੀ ਆਹ ਭਰਕੇ ਆਪਣੇ ਆਪ ਨੂੰ ਕਹਿ ਰਹੀ ਸੀ ਤਾਂ ਉਹਦੇ ਪਤੀ ਨੇ ਇਹ ਗੱਲ ਸੁਣ ਲਈ-

ਇੰਦੂ, ਇਹ ਮੁਹਾਵਰਾ ਤਾਂ ਮੈਂ ਕਦੀ ਕਿਥੇ ਪੜ੍ਹਿਆ ਸੁਣਿਆ ਨਹੀਂ’।

‘ਤੁਸੀਂ ਕਿਥੋਂ ਸੁਣੋਗੇ। ਜਿਹਦੇ ਸਿਰ ਤੇ ਜਹਾਨ ਦੇ ਸਾਰੇ ਕੰਮ ਨੇ ਉਹੀ ਇਹ ਸਭ ਜਾਣੇ’।

‘ਤੇਰੀ ਸਮੱਸਿਆ ਤਾਂ ਮੈਂ ਸਮਝਦਾ’। ਪਰ ਕੀਤਾ ਕੀ ਜਾਵੇ। ਮਾਈ ਤਾਂ ਤੂੰ ਆਪ ਹੀ ਲਭਣੀ ਹੈ’।

‘ਕਿਵੇਂ ਲੱਭਾਂ?’

‘ਜਿਵੇਂ ਬਾਕੀ ਸਭ ਜ਼ਨਾਨੀਆਂ ਲਭਦੀਆਂ ਨੇ’।

‘ਅੰਮਾਂ ਨੂੰ ਕਿਹਾ ਤਾਂ ਹੈ। ਹੋਰ ਆਂਢੀਆਂ ਗੁਆਂਢੀਆਂ ਸਭ ਨੂੰ ਕਹਿ ਦਿੱਤਾ ਹੈ ਪਰ ਅਜ ਦੇ ਜ਼ਮਾਨੇ ਵਿਚ ਮਾਈ ਲੱਭਣੀ ਸੌਖੀ ਨਹੀਂ।

‘ਮੰਮੀ ਅਖਬਾਰ ਵਿਚ ਦੇ ਲਈਏ, ਇਸ਼ਤਿਹਾਰ?’ ਹਸਦਾ ਹੋਇਆ ਉਹਦਾ ਪੁੱਤਰ ਟਿਚਕਰ ਕਰਦਾ।

‘ਕਰ ਲਵੋ ਮਜ਼ਾਕ ਪਿਉ ਪੁੱਤਰ। ਇਹ ਤਾਂ ਨਹੀਂ ਕਿ ਕੋਲੋਂ ਕੁਝ ਕੰਮ ਹੀ ਕਰਵਾ ਲਈਏ’।

‘ਬਈ ਅਸੀਂ ਹੁਣ ਭਾਡੇ ਥੋੜਾ ਹੀ ਮਾਂਜਣੇ ਨੇ ਤੇ ਨਾ ਹੀ ਸਾਡੇ ਹੱਥਾਂ ਵਿਚ ਝਾੜੂ ਹੀ ਸ਼ੋਭਾ ਦਿੰਦਾ ਹੈ’।

ਇੰਦੂ ਸੋਚਦੀ ਇਨ੍ਹਾਂ ਨਾਲ ਬਹਿਸ ਕਰਨਾ ਬੇਕਾਰ ਹੈ। ਉਹ ਹੋਰ ਲੋਕਾਂ ਦਾ ਉਦਾਰਹਰਣ ਦਿੰਦੀ ਸੀ। ਯੁਰਪ, ਅਮਰੀਕਾ ਵਿਚ ਕਿਵੇਂ ਪਤੀ ਆਪਣੀਆਂ ਪਤਨੀਆਂ ਨਾਲ ਪੂਰੀ ਜ਼ਿੰਮੇਵਾਰੀ ਨਿਭਾਂਦੇ ਨੇ।

ਉਹਦਾ ਪਤੀ ਕਹਿੰਦਾ ਇੰਦੂ ਇਹ ਹਿੰਦੁਸਤਾਨ ਹੈ ਤੇ ਅਸੀਂ ਹਿੰਦੁਸਤਾਨੀ। ਤੂੰ ਇਹ ਕਿਉਂ ਭੁਲ ਜਾਂਦੀ ਹੈ।

ਕੰਮ ਨਾ ਕਰਨ ਦੀਆਂ ਉਹਦੇ ਪਤੀ ਤੇ ਪੁੱਤਰ ਕੋਲ ਬਹੁਤ ਦਲੀਲਾਂ ਸਨ। ਅੰਮਾਂ ਨੇ ਕਈ ਸਾਲ ਉਨ੍ਹਾਂ ਦੇ ਕੰਮ ਕੀਤਾ ਸੀ ਪਰ ਹੁਣ ਉਹਦੇ ਇਕ ਗੋਡੇ ਵਿਚ ਬਹੁਤ ਪੀੜ ਰਹਿੰਦੀ ਸੀ ਤੇ ਉਹ ਇੰਦੂ ਦੇ ਘਰ ਦੀਆਂ ਇਤਨੀਆਂ ਪੌੜੀਆਂ ਨਹੀਂ ਸੀ ਚੜ੍ਹ ਸਕਦੀ।

ਅੰਮਾਂ ਇਕ ਦਿਨ ਇਕ ਬਾਲੜੀ ਜਿਹੀ ਨੂੰ ਨਾਲ ਲੈ ਕੇ ਇੰਦੂ ਵੱਲ ਆਈ।

‘ਬੀਬੀ ਜੀ, ਜਦੋਂ ਤਕ ਤੁਹਾਨੂੰ ਹੋਰ ਮਾਈ ਕੰਮ ਕਰਨ ਲਈ ਨਹੀਂ ਮਿਲਦੀ ਇਹ ਬਾਲ ਕੁਮਾਰੀ ਤੁਹਾਡਾ ਕੰਮ ਕਰੇਗੀ। ਇਹ ਮੇਰੇ ਪੋਤੇ ਦੀ ਬੇਟੀ ਹੈ। ਮਹੀਨਾ ਪਹਿਲਾਂ ਹੀ ਪਿੰਡ ਤੋਂ ਮੇਰਾ ਪੋਤਾ ਆਪਣੀ ਬਹੁ ਤੇ ਬਚਿਆਂ ਨੂੰ ਲਿਆਇਆ ਹੈ’।

ਪਰ ਇਹ ਤਾਂ ਬਹੁਤ ਛੋਟੀ ਹੈ ਇਹ ਕੀ ਕੰਮ ਕਰੇਗੀ’।

ਛੋਟੀ ਕਿਥੇ, ਬੀਬੀ ਜੀ। ਇਹ ਅਗਲੇ ਵਿਸਾਖ ਵਿਚ ਜਦੋਂ ਫਸਲਾਂ ਕੱਟਦੀਆਂ ਨੇ, ਉਦੋਂ ਨੌ ਸਾਲ ਦੀ ਹੋ ਜਾਵੇਗੀ ਤੇ ਇਹ ਕੰਮ ਕਰਨਾ ਚਾਹੁੰਦੀ ਹੈ। ਪਰ ਹਾਂ ਇਹ ਸਵੇਰੇ ਕੰਮ ਕਰਨ ਨਹੀਂ ਆਵੇਗੀ। ਸਵੇਰੇ ਇਹ ਸਕੂਲ ਜਾਂਦੀ ਹੈ, ਸ਼ਾਮ ਨੂੰ ਭਾਂਡੇ ਤੇ ਸਫਾਈ ਕਰੇਗੀ। ਕੱਪੜੇ ਨਹੀਂ ਧੋਵੇਗੀ’।

ਇਸ ਬੱਚੀ ਦੇ ਹਾਲੇ ਖੇਡਣ ਖਾਣ ਦੇ ਦਿਨ ਨੇ ਅੰਮਾਂ ਤੇ ਇਹਨੂੰ ਤੂੰ ਇਸ ਕੰਮ ਤੇ ਲਗਾ ਰਹੀ ਹੈ’। ਇੰਦੂ ਬੜੇ ਸ਼ਸੋਪੰਜ ਵਿਚ ਸੀ।

‘ਮੈਂ ਤਾਂ ਬੀਬੀ ਜੀ, ਤੁਹਾਡੇ ਭਲੇ ਲਈ ਕਹਿੰਦੀ ਹਾਂ, ਅਗੋਂ ਤੁਹਾਡੀ ਮਰਜ਼ੀ। ਤੁਹਾਡੇ ਨਹੀਂ ਕਰੇਗੀ ਤਾਂ ਇਹਦੀ ਮਾਂ ਕਿਸੇ ਹੋਰ ਘਰ ਲਗਾ ਦੇਵੇਗੀ’।

ਦੂਜੇ ਦਿਨ ਸ਼ਾਮ ਨੂੰ ਬਾਲ ਕੁਮਾਰੀ ਕੰਮ ਕਰਨ ਆ ਗਈ। ਇੰਦੂ ਨੇ ਸਭ ਕੰਮ ਸਮਝਾ ਦਿੱਤਾ।

ਬਾਲ ਕੁਮਾਰੀ ਤੂੰ ਕਿਹੜੀ ਜਮਾਤ ਵਿਚ ਪੜ੍ਹਦੀ ਹੈ?’ ਇੰਦੂ ਨੇ ਗੱਲ ਚਲਾਣ ਲਈ ਪੁਛਿਆ।

ਪਹਿਲੀ ਵਿਚ ਹੁਣ ਪਿੰਡ ਤੋਂ ਆ ਕੇ ਹੀ ਤਾਂ ਪਾਪਾ ਨੇ ਦਾਖਲ ਕਰਵਾਇਆ ਹੈ।

ਪਿੰਡ ਵਿਚ ਨਹੀਂ ਸੀ ਪੜ੍ਹਦੀ?’

‘ਨਹੀਂ ਮਾਂ ਕਹਿੰਦੀ ਸੀ, ਪੜ੍ਹਕੇ ਕੀ ਕਰਨਾ ਹੈ। ਮੇਰੀ ਮਾਂ ਬਿਲਕੁਲ ਨਹੀਂ ਪੜ੍ਹੀ ਉਹ ਚਾਹੁੰਦੀ ਏ ਮੈਂ ਵੀ ਨਾ ਪੜ੍ਹਾਂ। ਮੇਰੇ ਪਾਪਾ ਬਹੁਤ ਪੜ੍ਹੈ ਹੋਏ ਨੇ ਉਹ ਕਹਿੰਦੇ ਨੇ ਮੈਂ ਪੜ੍ਹ ਜਾਵਾਂ।

ਇੰਦੂ ਕੁਮਾਰੀ ਦੀਆਂ ਭੋਲੀਆਂ ਗਲਾਂ ਤੇ ਹਸਦੀ ਰਹੀ। ਉਹ ਜਾਣਦੀ ਸੀ ਕਿ ਉਹਦਾ ਪਿਤਾ ਮੈਟ੍ਰਿਕ ਪਾਸ ਸੀ। ਅਮਮਾਂ ਨਾਲ ਇਕ ਦੋ ਵਾਰ ਉਹ ਘਰ ਆ ਚੁੱਕਾ ਸੀ। ਉਹ ਇਕ ਦੁਕਾਨ ਤੇ ਨੌਕਰੀ ਕਰਦਾ ਸੀ। ਅਮਮਾਂ ਨੇ ਇਹ ਵੀ ਦਸਿਆ ਸੀ ਕਿ ਉਹਦੇ ਪੋਤੇ ਤੋਂ ਸਿਵਾਏ ਉਹਦੀ ਦੇਖ ਭਾਲ ਕਰਨ ਵਾਲਾ ਹੋਰ ਕੋਈ ਨਹੀਂ।

ਬਾਲ ਕੁਮਾਰੀ ਤੇਰੇ ਕਿੰਨੇ ਭੈਣ ਭਰਾ ਨੇ?

ਅੁਹ ਖਿੜ ਖਿੜ ਹਸ ਪਈ ਭੇਣ ਤਾਂ ਇਕ ਵੀ ਨਹੀਂ। ਹਾਂ ਭਰਾ ਤਿੰਨ ਨੇ, ਤਿੰਨੋਂ ਮੇਰੇ ਤੋਂ ਛੋਟੇ ਨੇ। ਮੇਰੀ ਮਾਂ ਮੇਰੇ ਭਰਾਵਾਂ ਨੂੰ ਬਹੁਤ ਪਿਆਰ ਕਦੀ ਹੈ’। ਇਹ ਕਹਿੰਦੇ ਹੋਏ ਉਹ ਉਦਾਸ ਹੋ ਗਈ।

‘ਤੇ ਤੈਨੂੰ ਪਿਆਰ ਨਹੀਂ ਕਰਦੀ?’

ਨਹੀਂ, ਮੈਨੂੰ ਤਾਂ ਪਾਪਾ ਤੇ ਅੰਮਾਂ ਹੀ ਪਿਆਰ ਕਰਦੇ ਨੇ, ਬਸ’।

ਤੈਨੂੰ ਕਿਸ ਤਰ੍ਹਾਂ ਪਤਾ ਹੈ?’ ਇੰਦੂ ਨੇ ਹਥਲਾ ਕੰਮ ਛਡੱਕੇ ਬਾਲ ਕੁਮਾਰੀ ਵਲ ਵੇਖਦੇ ਹੋਏ ਪੁਛਿਆ।

ਮੇਰੀ ਮਾਂ ਮੈਨੂੰ ਬਹੁਤ ਡਾਂਟਦੀ ਏ। ਮਾਰਦੀ ਵੀ ਏ। ਖੇਡਣ ਵੀ ਨਹੀਂ ਦਿੰਦੀ। ਆਂਟੀ, ਮੇਰੀ ਮਾਂ ਮੈਨੂੰ ਸਭ ਚੀਜ਼ਾਂ ਖਾਣ ਨੂੰ ਵੀ ਨਹੀਂ ਦਿੰਦੀ ਏ। ਸਵੇਰੇ ਜਦੋਂ ਮੈਂ ਸਕੂਲ ਜਾਣ ਲਈ ਤਿਆਰ ਹੁੰਦੀ ਹਾਂ ਤਾਂ ਮਾਂ ਮੇਰੇ ਵੱਲ ਗੁੱਸੇ ਨਾਲ ਤਕਦੀ ਏ। ਕਹਿੰਦੀ ਏ ਤੇਰੀ ਉਮਰ ਵਿਚ ਮੇਰੀ ਸ਼ਾਦੀ ਹੋ ਗਈ ਸੀ। ਅਸੀਂ ਪਿੰਡ ਵਿਚ ਮਿੱਟੀ ਢੋਂਦੇ ਸੀ। ਕਈ ਕਈ ਦਿਨ ਵਾਲਾਂ ਨੂੰ ਤੇਲ ਨਹੀਂ ਸੀ ਲਗਾਂਦੇ, ਕੰਘੀ ਨਹੀਂ ਸੀ ਕਰਦੇ ਤੇ ਹੁਣ ਆਟੀ ਮੈਂ ਤਾਂ ਸਕੂਲ ਜਾਂਦੀ ਹਾਂ। ਮੈਂ ਤਾਂ ਗੁੱਤ ਕਰਕੇ ਰਿਬਨ ਪਾ ਕੇ ਜਾਵਾਂਗੀ ਨਾ। ਤੇ ਸਕੂਲ ਤਾਂ ਧੋਤਾ ਹੋਇਆ ਡਰੈਸ ਵੀ ਪਾਣਾ ਜ਼ਰੂਰੀ ਏ ਨ ਆਂਟੀ।

ਇੰਦੂ ਹੈਰਾਨੀ ਨਾਲ ਉਸ ਕੁੜੀ ਨੂੰ ਵੇਖਦੀ ਰਹੀ। ਕਿੰਨਾ ਬੋਲਦੀ ਏ, ਇਹ। ਕੀ ਸਚਮੁੱਚ ਇਹਦੀ ਮਾਂ ਇਹਦੀ ਪ੍ਰਵਾਹ ਨਹੀਂ ਕਰਦੀ।

ਆਂਟੀ ਹੁਣ ਬਹੁਤ ਭੁੱਖ ਲਗੀ ਹੈ। ਸਫਾਈ ਬਾਅਦ ਵਿਚ ਕਰਾਂਗੀ ਪਹਿਲਾਂ ਕੁਝ ਖਾਣ ਨੂੰ ਦੇ ਦਿਉ। ਇੰਦੂ ਨੇ ਚਾਹ ਨਾਲ ਬਰੈਡ ਖਾਣ ਨੂੰ ਦੇ ਦਿੱਤੀ।

ਸਫਾਈ ਕਰਦੇ ਹੋਏ ਉਹ ਸ਼ੋ ਕੇਸ ਵਿਚ ਪਈਆਂ ਚੀਜ਼ਾਂ ਦਾ ਮੁਆਇਨਾ ਕਰਦੀ ਰਹੀ। ਸੈਲਫ ਤੇ ਪੲੈ ਪੈਨ ਸਟੈਂਡ ਵਿਚ ਪਏ ਪੈਨ ਪੈਂਸਿਲਾਂ ਕੱਢਦੀ ਰਖਦੀ ਰਹੀ। ਕਿਤਾਬਾਂ ਦੀ ਅਲਮਾਰੀ ਦੇ ਅੱਗੇ ਖੜੀ ਕਿੰਨੀ ਹੀ ਦੇਰ ਪਤਾ ਨਹੀਂ ਕੀ ਸੋਚਦੀ ਰਹੀ।

ਹੁਣ ਉਹ ਰੋਜ਼ ਹੀ ਸ਼ਾਮ ਨੂੰ ਆਉਂਦੀ ਜੇ ਇੰਦੂ ਪੜ੍ਹਣ ਵਿਚ ਮਸਤ ਹੁੰਦੀ ਤਾਂ ਕਿਸੇ ਨਾ ਕਿਸੇ ਬਹਾਨੇ ਉਹਨੂੰ ਬੁਲਾ ਹੀ ਲੈਂਦੀ। ਗਲਾਂ ਦੀ ਉਹ ਬਹੁਤ ਸ਼ੌਕੀਨ ਸੀ। ਖਾਣ ਪੀਣ ਲਈ ਉਹ ਰੋਜ਼ ਆਪੇ ਹੀ ਮੰਗ ਲੈਂਦੀ।

ਇੰਦੂ ਨੇ ਆਪਣੇ ਕੁਝ ਕਪੜੇ ਬਾਲ ਕੁਮਾਰੀ ਨੂੰ ਦਿੱਤੇ ਕਿ ਆਪਣੀ ਮੰਮੀ ਤੋਂ ਸਹੀ ਕਰਵਾਕੇ ਪਾ ਲਵੇ। ਇਕ ਚੱਪਲ ਦੇ ਦਿੱਤੀ।

ਆਂਟੀ ਤੁਸਾਂ ਕੰਨਾਂ ਵਿਚ ਜੋ ਬੁੰਦੇ ਪਾਏ ਹਨ ਬਹੁਤ ਚੰਗੇ ਹਨ’।

ਅੱਛਾ’।

‘ਮੈਨੂੰ ਵੀ ਇਉਂ ਜਿਹੇ ਲੈ ਦਿਓ। ਤੁਹਾਡੇ ਕੋਲ ਕੋਈ ਹੋਣ ਤਾਂ ਮੈਨੂੰ ਦਿਉਗੇ’।

‘ਆਂਟੀ ਤੁਸਾਂ ਕੰਨਾਂ ਵਿਚ ਜੋ ਬੁੰਦੇ ਪਾਏ ਹਨ ਬਹੁਤ ਚੰਗੇ ਹਨ’।

‘ਅੱਛਾ’।

‘ਮੈਨੂੰ ਵੀ ਇਉਂ ਜਿਹੇ ਲੈ ਦਿਓ। ਤੁਹਾਡੇ ਕੋਲ ਕੋਈ ਹੋਣ ਤਾਂ ਮੈਨੂੰ ਦਿਉਗੇ’।‘ਆਂਟੀ, ਇਹ ਕਲਿਪ ਜੋ ਵਾਲਾਂ ਵਿਚ ਤੁੱਸਾਂ ਲਗਾਇਆ ਹੈ, ਬਾਜ਼ਾਰੋਂ ਕਿੰਨੇ ਦਾ ਆਵੇਗਾ?’

‘ਆਂਟੀ, ਇਹ ਨੇਲ ਪਾਲਿਸ਼ ਮੈਂ ਲਗਾ ਲਵਾਂ?’

‘ਆਂਟੀ, ਤੁਸਾਂ ਜੋ ਚੱਪਲ ਮੈਨੂੰ ਦਿੱਤੀ ਸੀ, ਮੇਰੀ ਮਾਂ ਨੇ ਲੈ ਲਈ ਹੈ। ਆਪਣੀ ਟੁੱਟੀ ਹੋਈ ਮੈਨੂੰ ਦੇ ਦਿੱਤੀ ਹੈ’।

ਬਾਲ ਕੁਮਾਰੀ ਦੀਆਂ ਇਹ ਰੋਜ਼ ਦੀਆਂ ਮੰਗਾਂ ਵਧੀ ਜਾ ਰਹੀਆਂ ਸਨ। ਪਰ ਉਹ ਮੰਗਦੀ ਇੰਨੇ ਭੋਲੇ ਤਰੀਕੇ ਨਾਲ ਸੀ ਕਿ ਇੰਦੂ ਝਟ ਪਸੀਜ ਜਾਂਦੀ। ਕਈ ਵਾਰ ਇੰਦੂ ਨੂੰ ਲਗਦਾ ਉਹ ਬਹੁਤ ਲਾਲਚੀ ਹੁੰਦੀ ਜਾ ਰਹੀ ਹੈ। ਪਰ ਫਿਰ ਇੰਦੂ ਸੋਚਦੀ ਇਸ ਵਿਚਾਰੀ ਦੇ ਮੰਨ ਵਿਚ ਵੀ ਤਾਂ ਕਈ ਹਸਰਤਾਂ ਨੇ। ਸਜਣ ਸੰਵਰਨ ਦੀ ਇੱਛਾ ਹਰ ਕੁੜੀ ਵਿਚ ਬੜੀ ਸੁਭਾਵਿਕ ਏ। ਛੋਟੀਆਂ ਛੋਟੀਆਂ ਚੀਜ਼ਾਂ ਲੈ ਕੇ ਉਹ ਕਿੰਨੀ ਖੁਸ਼ ਰਹਿੰਦੀ ਏ। ਕਿੰਨਾ ਕੰਮ ਕਰ ਦਿੰਦੀ ਏ।

ਇਕ ਦਿਨ ਬਾਲ ਕੁਮਾਰੀ ਬੋਲੀ-‘ਆਂਟੀ ਤੁਸੀਂ ਪੜ੍ਹਦੇ ਬਹੁਤ ਹੋ। ਕੀ ਪੜ੍ਹਦੇ ਹੋ?’

ਬਾਲ ਕੁਮਾਰੀ ਮੇਰੇ ਕੋਲ ਕਹਾਣੀਆਂ ਦੀ ਇਕ ਕਿਤਾਬ ਏ ਆ ਤੈਨੂੰ ਵਿਖਾਵਾਂ। ਇਹਦੇ ਵਿਚ ਫੋਟੋ ਵੀ ਬਹੁਤ ਨੇ’। ਇੰਦੂ ਉਹਨੂੰ ਆਪਣੇ ਕੋਲ ਬਿਠਾਕੇ ਫੋਟੋ ਵਿਖਾਂਦੀ ਰਹੀ-

‘ਇਸ ਤਰ੍ਹਾਂ ਦੀਆਂ ਫੋਟੋ ਮੈਂ ਵੀ ਬਣਾ ਸਕਦੀ ਹਾਂ’।

‘ਅੱਛਾ ਤੂੰ ਕਿਥੋਂ ਸਿੱਖੀਆਂ?’

‘ਸਾਡੀਆਂ ਝੋਂਪੜੀਆਂ ਵਿਚ ਇਕ ਮੈਡਮ ਆਉਂਦੀ ਏ। ਉਹ ਸਭ ਬੱਚਿਆਂ ਨੂੰ ਡਰਾਇੰਗ ਸਿਖਾਂਦੀ ਏ’। ਇੰਦੂ ਨੂੰ ਬੜੀ ਹੈਰਾਨੀ ਹੋਈ। ਭੱਲਾ ਇਹੋ ਜਿਹੀ ਸ਼ੋਸ਼ਲ ਵਰਕਰ ਕੌਣ ਹੋਰੇਗੀ।

ਮੈਂ ਤੁਹਾਨੂੰ ਡਰਾਇੰਗ ਕਰਕੇ ਵਿਖਾਵਾਂ?’ ਬਾਲ ਕੁਮਾਰੀ ਬੋਲੀ।

ਇੰਦੂ ਨੇ ਕਾਗਜ਼ ਤੇ ਪੈਨਸਿਲ ਉਹਨੂੰ ਦੇ ਦਿੱਤਾ ਤੇ ਆਪ ਪਿਠ ਮੋੜ੍ਹਕੇ ਪੜ੍ਹਣ ਲਗ ਪਈ। ਕੁਝ ਦੇਰ ਬਾਅਦ ਹੀ ਉਸ ਵੇਖਿਆ ਕਿ ਬਾਲ ਕੁਮਾਰੀ ਨੇ ਕਾਗਜ਼ ਤੇ ਝੌਂਪੜੀ, ਮੋਰ ਤੋਤਾ ਆਦਿ ਦੀਆਂ ਤਸਵੀਰਾਂ ਵਾਹੀਆਂ ਸਨ। ਇੰਦੂ ਨੂੰ ਬਹੁਤ ਹੀ ਖੁਸ਼ੀ ਹੋਈ।

ਇਸ ਕੁੜੀ ਵਿਚ ਤਾਂ ਬੜੀਆਂ ਸੰਭਾਵਨਾਵਾਂ ਨੇ। ਦੂਜੇ ਦਿਨ ਉਹ ਉਸ ਕੁੜੀ ਲਈ ਡਰਾਇੰਗ ਦੀ ਕਾਪੀ ਪੈਨਸਿਲ, ਰੰਗ, ਰਬੜ ਲੈ ਆਈ। ਕੁੜੀ ਖੁਸ਼ੀ ਨਾਲ ਫੁਲੀ ਨਹੀਂ ਸੀ ਸਮਾਂਦੀ।

‘ਆਂਟੀ, ਉਹ ਕਹਾਣੀ ਦੀ ਕਿਤਾਬ ਵੀ ਦੇ ਦਿਉ।

‘ਨਹੀਂ, ਉਹ ਤਾਂ ਦਿਆਂਗੀ ਜਦੋਂ ਤੂੰ ਚੰਗੀ ਤਰ੍ਹਾਂ ਪੜ੍ਹਣਾ ਸਿੱਖ ਲਵੇਗੀ। ‘ਇੰਦੂ ਨੇ ਕਿਹਾ।

ਇਧਰ ਸਰਦੀ ਦੇ ਦਿਨ ਆ ਗਏ ਸਨ ਬਾਲ ਕੁਮਾਰੀ ਪਤਨੀ ਜਿਹੀ ਫਰਾਕ ਪਾ ਕੇ ਆ ਜਾਂਦੀ। ਇੰਦੂ ਨੇ ਉਹਦੇ ਲਈ ਸਵੈਟਰ ਦਾ ਪ੍ਰਬੰਧ ਕੀਤਾ, ਜ਼ੁਰਾਬਾ ਦਿੱਤੀਆਂ। ਸਿਰ ਤੇ ਬੰਨਣ ਲਈ ਸਕਾਰਫ ਦਿੱਤਾ। ਬਾਲਕੁਮਾਰੀ ਲਗਾਤਾਰ ਖੰਘਦੀ ਰਹਿੰਦੀ। ਉਹਨੂੰ ਠੰਡ ਲਗ ਗਈ ਸੀ।

‘ਤੂੰ ਕੋਈ ਦਵਾਈ ਕਿਉਂ ਨਹੀਂ ਲੈਂਦੀ’।

‘ਆਂਟੀ, ਮਾਂ ਲਿਆ ਕੇ ਨਹੀਂ ਦਿੰਦੀ ਦਵਾਈ’। ਉਹ ਕਹਿੰਦੀ ਹੈ ਤੂੰ ਆਪਣੀ ਆਂਟੀ ਨੂੰ ਕਹਿ ਦਵਾਈ ਲਿਆ ਕੇ ਦੇਵੇ।

ਇੰਦੂ ਨੂੰ ਗੁੱਸਾ ਆ ਗਿਆ। ਬਾਲ ਕੁਮਾਰੀ ਦੀ ਮਾਂ ਉਹਦੀ ਪ੍ਰਵਾਹ ਕਿਉਂ ਨਹੀਂ ਕਰਦੀ। ਹਾਰ ਕੇ ਇੰਦੂ ਹੀ ਉਹਦੇ ਲਈ ਖੰਘ ਦੀ ਦਵਾਈ ਲੈ ਕੇ ਆਈ। ਉਹਨੂੰ ਡਰ ਸੀ ਕਿ ਜੇ ਇਹ ਜ਼ਿਆਦਾ ਬੀਮਾਰ ਹੋ ਗਈ ਤਾਂ ਇੰਨੀ ਸਰਦੀ ਵਿਚ ਉਹਨੂੰ ਹੀ ਕੰਮ ਕਰਨਾ ਪਵੇਗਾ। ਕਈ ਵਾਰ ਉਹਨੂੰ ਬਾਲ ਕੁਮਾਰੀ ਤੇ ਤਰਸ ਆਉਂਦਾ। ਇੰਦੂ ਸੋਚਦੀ ਹਿੰਦੁਸਤਾਨ ਦੇ ਕਿੰਨੇ ਹੀ ਬੱਚੇ ਖਾਣ ਖੇਡਣ, ਪੁੰਗਰਣ, ਪੜ੍ਹਣ ਤੋਂ ਵਾਂਝੇ ਰਹਿ ਜਾਂਦੇ ਨੇ। ਲੋਕਾਂ ਦੀ ਜੂਠਣ ਤੇ ਪਲਦੇ ਨੇ। ਹੋਸ਼ ਸੰਭਾਲਦਿਆਂ ਹੀ ਉਨ੍ਹਾਂ ਦੋ ਮੋਢਿਆਂ ਤੇ ਕਮਈ ਦਾ ਭਾਰ ਪਾ ਦਿੱਤਾ ਜਾਂਦਾ ਹੈ। ਉਹ ਬੱਚੇ ਨਾ ਬਚਪਨ ਦੀਆਂ ਖੁਸ਼ੀਆਂ ਮਾਣਦੇ ਨੇ ਨਾ ਜਵਾਨੀ ਉਨ੍ਹਾਂ ਦੀ ਦਹਿਲੀਜ਼ ਤੇ ਦਸਤਕ ਦਿੰਦੀ ਏ। ਬਸ ਜ਼ਿੰਦਗੀ ਦਾ ਭਾਰ ਢੋਈ ਚਲੇ ਜਾਂਦੇ ਹਨ, ਦੁੱਖ ਭੋਗਦੇ ਜਾਂਦੇ ਹਨ, ਦੁੱਖ ਜੋ ਬੜੇ ਲੰਬੇ ਹੁੰਦੇ ਨੇ। ਦੋ ਚਾਰ ਸਾਲ ਬਾਅਦ ਇਸ ਬਾਲ ਕੁਮਾਰੀ ਦਾ ਵਿਆਹ ਹੋ ਜਾਵੇਗਾ……ਇਹ ਸੋਚਕੇ ਹੀ ਇੰਦੂ ਕੰਬ ਗਈ।

‘ਆਂਟੀ ਤੁਸੀਂ ਉਹ ਵਾਲੀ ਕਹਾਣੀ ਦੀ ਕਿਤਾਬ ਮੈਨੂੰ ਦੇ ਦਿਉ ਨਾ। ਹੁਣ ਤਾਂ ਮੈਂ ਦੂਜੀ ਦੀ ਕਿਤਾਬ ਵੀ ਪੜ੍ਹ ਲੈਂਦੀ ਹਾਂ। ਅੱਧੀ ਛੁੱਟੀ ਵੇਲੇ ਮੈਨੂੰ ਇਕ ਕੁੜੀ ਪੜ੍ਹਾਂਦੀ ਹੈ’।

ਅੱਛਾ! ਫਿਰ ਇਹ ਪੜ੍ਹਕੇ ਸੁਣਾ’। ਇੰਦੂ ਨੇ ਬੱਚਿਆਂ ਦੀ ਕਿਤਾਬ ਉਹਦੇ ਅੱਗੇ ਰੱਖੀ। ਉਹ ਸੱਚ ਕਹਿ ਰਹੀ ਸੀ। ਉਹ ਹੁਣ ਇਹ ਕਿਤਾਬ ਆਸਾਨੀ ਨਾਲ ਪੜ੍ਹ ਸਕਦੀ ਸੀ। ਕਿਸੇ ਕਿਸੇ ਲਫਜ਼ ਤੇ ਅਟਕ ਜਾਂਦੀ ਸੀ। ਪਰ ਜੋੜ ਲਗਾਕੇ ਅੱਗੇ ਵਧ ਜਾਂਦੀ ਇੰਦੂ ਉਹਦੀ ਸਿਖਣ ਦੀ ਇੱਛਾ ਸ਼ਕਤੀ ਤੋਂ ਬਹੁਤ ਪਭਾਵਿਤ ਹੋਈ। ਉਹਨੇ ਉਹ ਕਿਤਾਬ ਉਹਨੂੰ ਦੇ ਦਿੱਤੀ ਤੇ ਹੋਰ ਕਿਤਾਬਾਂ ਦੇਣ ਦਾ ਵਾਇਦਾ ਕਰ ਦਿੱਤਾ।

ਇਕ ਦਿਨ ਬਾਲ ਕੁਮਾਰੀ ਕਿਤਾਬਾਂ ਦੀ ਅਲਮਾਰੀ ਅੱਗੇ ਖੜੀ ਕੁਝ ਸੋਚਦੀ ਰਹੀ।

‘ਆਂਟੀ, ਇਸ ਅਲਮਾਰੀ ਵਿਚ ਬੱਚਿਆਂ ਦੀਆਂ ਕਹਾਣੀਆਂ ਦੀਆਂ ਹੋਰ ਕਿਤਾਬਾਂ ਹੈਗੀਆਂ?’

‘ਪਹਿਲਾਂ ਵਾਲੀ ਤੂੰ ਪੜ੍ਹ ਲਈ ਹੈ?’

‘ਹਾਂ ਜੋੜ ਲਗਾ ਲਗਾ ਕੇ ਪੜ੍ਹ ਲਈ ਹੈ। ਪਾਪਾ ਨੇ ਵੀ ਮਦਦ ਕੀਤੀ ਸੀ। ਬੜੀਆਂ ਚੰਗੀਆਂ ਕਹਾਣੀਆਂ ਨੇ ਆਂਟੀ। ਉਹ ਸ਼ੇਰ ਤੇ ਚੂਹੇ ਦੀ ਕਹਾਣੀ……ਹਾਥੀ ਦੀ……..।ਬੜਾ ਮਜ਼ਾ ਆਇਆ’।

ਇੰਦੂ ਨੇ ਵੇਖਿਆ ਕਿ ਉਸ ਕੁੜੀ ਦੇ ਚਿਹਰੇ ਤੋਂ ਕਿੰਨੀ ਖੁਸ਼ੀ ਟਪਕ ਰਹੀ ਸੀ। ਗੱਲਾਂ ਕਰਦੇ ਕਰਦੇ ਉਹਦੇ ਹੱਥ ਪੈਰ ਅੱਖਾਂ ਸਭ ਪ੍ਰਸੰਨਤਾ ਪ੍ਰਗਟ ਕਰ ਰਹੇ ਸਨ।

ਇੰਦੂ ਨੂੰ ਉਸ ਕੁੜੀ ਦੀ ਇਹ ਬਾਲ ਸੁਲਭ ਖੁਸ਼ੀ ਅੰਦਰ ਤਕ ਛੂਹ ਗਈ।

‘ਮੈਂ ਤੈਨੂੰ ਹੋਰ ਕਿਤਾਬਾਂ ਲਿਆਂ ਦਿਆਂਗੀ’।

ਸੱਚ ਆਂਟੀ। ਉਹ ਖੁਸ਼ੀ ਨਾਲ ਤਾੜੀਆਂ ਮਾਰ ਰਹੀ ਸੀ। ਫਿਰ ਤਾਂ ਭਰਾਵਾਂ ਤੇ ਮੇਰਾ ਹੋਰ ਰੋਅਬ ਪੈ ਜਾਵੇਗਾ।

‘ਉਹ ਕਿਵੇਂ?’

‘ਆਂਟੀ ਭਰਾ ਤਾਂ ਮੇਰੇ ਤੋਂ ਛੋਟੇ ਨੇ ਮੈਨੂੰ ਐਵੇਂ ਹੀ ਮਾਰਦੇ ਰਹਿੰਦੇ ਨੇ। ਮਾਂ ਵੀ ਉਨ੍ਹਾਂ ਦਾ ਸਾਥ ਦਿੰਦੀ ਏ। ਹੁਣ ਜਦੋਂ ਤੋਂ ਤੁਸੀਂ ਕਿਤਾਬ ਦਿੱਤੀ ਹੈ ਤਦ ਤੋਂ ਭਰਾ ਮਾਰਦੇ ਨਹੀਂ। ਮੇਰੀ ਮਿੰਨਤ ਕਰਦੇ ਨੇ ਕਹਾਣੀ ਸੁਨਾਣ ਲਈ, ਫੋਟੋ ਵੇਖਣ ਲਈ ਕਿਤਾਬ ਮੰਗਦੇ ਨੇ। ਤੁਸੀਂ ਹੋਰ ਕਿਤਾਬ ਦਿਉਗੇ ਤਾਂ ਮੇਰਾ ਰੋਹਬ ਪੈ ਜਾਵੇਗਾ’।

ਇੰਦੂ ਉਸ ਬੱਚੀ ਦੇ ਭੋਲੇ ਪਨ ਤੇ ਮੁੱਗਧ ਉਹਦੇ ਵੱਲ ਵੇਖਦੀ ਰਹੀ। ਉਸ ਦਿਨ ਇੰਦੂ ਨੇ ਉਹਨੂੰ ਖਾਣ ਪੀਣ ਲਈ ਬਹੁਤ ਸਾਰੀਆ ਚੀਜ਼ਾਂ ਦਿਤੀਆਂ। ਦੂਜੇ ਹੀ ਦਿਨ ਉਹ ਉਹਦੇ ਲਈ ਕਹਾਣੀਆਂ ਦੀਆਂ ਕਿਤਾਬਾਂ ਲੈ ਆਈ।

ਇਕ ਦਿਨ ਸ਼ਾਮ ਨੂੰ ਬਾਲ ਕੁਮਾਰੀ ਜ਼ਰਾ ਜਲਦੀ ਆ ਗਈ।

‘ਆਂਟੀ, ਅੱਜ ਮੈਂ ਤੁਹਾਡੇ ਲਈ ਇਕ ਚੀਜ਼ ਬਣਾ ਕੇ ਲਿਆਈ ਹਾਂ’। ਇੰਦੂ ਨੇ ਵੇਖਿਆ ਕਿ ਬਾਲ ਕੁਮਾਰੀ ਦਾ ਚਿਹਰਾ ਕਿਸੇ ਅਕਹਿ ਖੁਸ਼ੀ ਨਾਲ ਚਮਕ ਰਿਹਾ ਸੀ।

ਆਂਟੀ ਤੁਸੀਂ ਅੱਖਾਂ ਬੰਦ ਕਰੋ। ‘ਇੰਦੂ ਨੇ ਅੱਖਾਂ ਬੰਦ ਕਰ ਲਈਆਂ। ਇੰਦੂ ਨੇ ਕੁਝ ਦੇਰ ਬਾਅਦ ਅੱਖਾਂ ਖੋਲ੍ਹੀਆਂ ਤਾਂ ਉਹਦੀਆਂ ਅੱਖਾਂ ਹੈਰਾਨੀ ਨਾਲ ਅੱਡੀਆਂ ਰਹਿ ਗਈਆਂ। ਪਲੰਘ ਤੇ ਬਾਲ ਕੁਮਾਰੀ ਨੇ ਡਰਾਇੰਗ ਦੀ ਕਾਪੀ, ਮਿੱਟੀ ਦੇ ਬਣੇ ਖਿਡੌਣੇ, ਤੀਲਿਆਂ ਦੀ ਬਣੀ ਝੌਂਪੜੀ ਤੇ ਕਾਗਜ਼ ਦੇ ਬਣੇ ਫੁੱਲ ਰਖੇ ਹੋਏ ਹਨ। ਬਾਲ ਕੁਮਾਰੀ ਖੁਸ਼ੀ ਨਾਲ ਹੱਥ ਬੰਨ੍ਹੀ ਪ੍ਰੰਸਸਕ ਨਿਗਾਹਾਂ ਨਾਲ ਉਨ੍ਹਾਂ ਚੀਜ਼ਾਂ ਨੂੰ ਵੇਖਦੀ ਖੜ੍ਹੀ ਸੀ।

ਇਹ ਸਭ ਕਿਹਨੇ ਬਣਾਈਆਂ?’ ਇੰਦੂ ਉਨ੍ਹਾਂ ਚੀਜ਼ਾਂ ਨੂੰ ਛੁਹ ਛੁਹ ਕੇ ਵੇਖਦੀ ਹੋਈ ਬੋਲੀ।

"ਮੈਂ, ਆਂਟੀ, ਬਾਲ ਕੁਮਾਰੀ ਨੇ। ਮੈਂ ਇਹ ਸਭ ਤੁਹਾਡੇ ਲਈ ਲਿਆਈ ਹਾਂ। ਤੁਸੀਂ ਰੋਜ਼ ਮੈਨੂੰ ਕਿੰਨਾ ਕੁਝ ਦਿੰਦੇ ਹੋ। ਮੈਂ ਸੋਚਿਆ ਮੈਂ ਵੀ ਆਪਣੀ ਆਂਟੀ ਨੂੰ ਕੁਝ ਦਿਆਂ’।

ਇੰਦੂ ਉਸ ਨੰਨ੍ਹੀ ਜਚੀ ਕਲਾਕਾਰ ਵਲ ਮੁਗੱਧ ਨਿਗਾਹਾਂ ਨਾਲ ਤਕਦੀ ਰਹੀ ਤੇ ਉਹਨੂੰ ਗਲੇ ਲਗਾਕੇ ਬੋਲੀ-ਆ ਤੇਰੀਆਂ ਸਭ ਚੀਜ਼ਾਂ ਇਸ ਸ਼ੌ ਕੇਸ਼ ਵਿਚ ਸਜਾਈਏ। ਸ਼ੌ ਕੇਸ ਵਿਚ ਚੀਜ਼ਾਂ ਰਖਦੇ ਹੋਏ ਇੰਦੂ ਸੋਚ ਰਹੀ ਸੀ- ਮੈਂ ਆਪਣੇ ਪੁਰਾਣੇ ਕਪੜੇ, ਬੱਚੀਆਂ ਖੁੱਚੀਆਂ ਚੀਜ਼ਾਂ ਦੇ ਕੇ ਆਪਣੇ ਆਪ ਨੂੰ ਕਿੰਨੀ ਮਹਾਨ ਦਾਨੀ ਸਮਝ ਬੈਠੀ ਸਾਂ ਇਹ ਕੁੜੀ ਤਾਂ ਮੈਨੂੰ ਮਾਤ ਦੇ ਗਈ ਹੈ।

 

5_cccccc1.gif (41 bytes)

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com