5_cccccc1.gif (41 bytes)


ਬਾਬਾ ਜਵਾਲਾ ਸਿਓਂ
ਜੋਗਿੰਦਰ ਸੰਘੇੜਾ (ਕਨੇਡਾ)


ਪਿੰਡ ਦੇ ਦਰਵਾਜ਼ੇ ਤੋਂ ਉੱਤਰ ਵੱਲ ਨੂੰ ਮੁੜ ਕੇ ਤਕਰੀਬਨ ਵੀਹ-ਪੰਝੀ ਕਦਮਾ ਤੇ ਸੱਜੇ ਹੱਥ ਹਵੇਲੀ ਸੀ ਬਾਬਾ ਜ਼ਵਾਲਾ ਸਿਓਂ ਦੀ । ਹਵੇਲੀ ਦੇ ਪਿਛਲੇ ਹਿੱਸੇ ਵਿਚ ਇਕ ਬੜਾ ਸਾਰਾ ਦਲਾਨ ਸੀ, ਜਿਸ ਵਿਚ ਇਕ ਪਾਸੇ ਡੰਗਰਾਂ ਲਈ ਤੂੜੀ ਸੁੱਟੀ ਹੋਈ ਹੁੰਦੀ ਸੀ ਅਤੇ ਦਲਾਨ ਦੇ ਦੂਜੇ ਪਾਸੇ ਇਕ ਕੰਧ ਨਾਲ ਡੰਗਰਾਂ ਲਈ ਪੱਕੀ ਖ਼ੁਰਲੀ ਬਣਾਈ ਹੋਈ ਸੀ। ਦਲਾਨ ਦੇ ਮੂਹਰੇ ਵੇਹੜੇ ਵਿਚ ਇਕ ਪਾਸੇ ਇਕ ਛੋਟੀ ਜਹੀ ਬੈਠਕ ਬਣਾਈ ਹੋਈ ਸੀ ਅਤੇ ਇਕ ਬਰਾਂਡਾ ਬਣਿਆ ਹੋਇਆ ਸੀ। ਬਰਾਂਡੇ ਤੇ ਬੈਠਕ ਦੇ ਅਗੇ ਕਾਫੀ ਖੁੱਲਾ ਵੇਹੜਾ ਵੀ ਸੀ। ਵੇਹੜੇ ਦਾ ਦਰਵਾਜ਼ਾ ਸਾਹਮਣੇ ਬੀਹੀ ਵੱਲ ਨੂੰ ਖੁੱਲਦਾ ਸੀ, ਵੇਹੜੇ ਦੇ ਬੂਹੇ ਅਤੇ ਬੀਹੀ ਦੇ ਵਿਚਕਾਰ ਦੋ ਕੁ ਮੰਜੇ ਡਾਹਣ ਲਈ ਜਗ੍ਹਾ ਇੱਟਾਂ ਦੀ ਫ਼ਰਸ਼ ਲਾ ਕੇ ਬਣਾਈ ਹੋਈ ਸੀ, ਜਿਥੇ ਬਾਬਾ ਜ਼ਵਾਲਾ ਸਿਓਂ ਦਾ ਮੰਜਾ ਤਕਰੀਬਨ ਦਿਨ-ਰਾਤ ਡਿੱਠਾ ਰਹਿੰਦਾ ਸੀ। ਵੇਹੜੇ ਵਿਚ ਇਕ ਦੋ ਮੱਝਾਂ ਵੀ ਹਮੇਸ਼ਾਂ ਹੁੰਦੀਆਂ ਸਨ।

ਵੈਸੇ ਤਾਂ ਬਾਬਾ ਜ਼ਵਾਲਾ ਸਿਓਂ ਨੇ ਦੋ ਵਿਆਹ ਕਰਵਾਏ ਸਨ, ਪਹਿਲਾ ਵਿਆਹ ਹੋਣ ਤੋਂ ਕਈ ਸਾਲ ਬਾਅਦ ਤੱਕ ਕੋਈ ਔਲਾਦ ਨਹੀਂ ਸੀ ਹੋਈ। ਫਿਰ ਔਲਾਦ ਦੀ ਖਾਤਰ ਪਹਿਲੀ ਤੀਂਵੀਂ ਦੇ ਹੁੰਦਿਆਂ ਹੀ ਦੂਸਰਾ ਵਿਆਹ ਕਰਵਾ ਲਿਆ ਸੀ, ਪਰ ਔਲਾਦ ਫਿਰ ਵੀ ਨਹੀਂ ਸੀ ਹੋਈ। ਕੁਝ ਸਾਲਾਂ ਬਾਅਦ ਦੂਸਰੇ ਵਿਆਹ ਵਾਲੀ ਤੀਂਵੀਂ ਨਾਲ ਛੱਡ ਛਡੱਾਈਆ ਹੋ ਗਿਆ ਸੀ ਅਤੇ ਓਹ ਤੀਂਵੀਂ ਕਿਸੇ ਹੋਰ ਪਿੰਡ ਕਿਸੇ ਹੋਰ ਲੋੜ ਬੰਦ ਦੇ ਜਾ ਵਸੀ ਸੀ, ਜਿਥੇ ਉਸ ਦੇ ਕਈ ਬੱਚੇ ਪੈਦਾ ਹੋਏ ਸਨ। ਕਿਸਮਤ ਤੋਂ ਬਿਨਾ ਕਰਮਾਂ ਤੋਂ ਬਿਨਾ ਕੁਝ ਨਹੀਂ ਮਿਲਦਾ, ਇਨਸਾਨ ਭਾਵੇਂ ਕੁਝ ਕਰ ਲਵੇ ਕਿੰਨੀ ਮਰਜ਼ੀ ਵਾਹ ਲਾ ਲਵੇ, ਹੁੰਦਾ ਓਹੀ ਹੈ ਜੋ ਪ੍ਰਮਾਤਮਾ ਨੂੰ ਮਨਜ਼ੂਰ ਹੁੰਦਾ ਹੈ। ਹੁਣ ਬਾਬਾ ਜ਼ਵਾਲਾ ਸਿਓਂ ਆਪਣੇ ਪਹਿਲੇ ਵਿਆਹ ਵਾਲੀ ਤੀਂਵੀਂ ਨਾਲ ਇਕੱਲੇ ਰਹਿ ਰਿਹਾ ਸੀ। ਆਪਣੀ ਔਲਾਦ ਨਾ ਹੋਣ ਕਰਕੇ ਜ਼ਵਾਲਾ ਸਿਓਂ ਨੇ ਆਪਣੀ ਸਾਲ੍ਹੀ ਦੇ ਮੁੰਡੇ ਨੂੰ ਗੋਦ ਲੈ ਕੇ ਪੁੱਤ ਬਣਾ ਲਿਆ ਸੀ, ਦੋਹਰੀ ਰਿਸ਼ਤੇ ਦਾਰੀ ਸੀ, ਇਕ ਪਾਸਿਓਂ ਜ਼ਵਾਲਾ ਸਿਓਂ ਦੇ ਸਕੇ ਮਾਮੇ ਦਾ ਪੋਤਾ ਸੀ ਅਤੇ ਦੂਜੇ ਪਾਸਿਓਂ ਸਕੀ ਸਾਲ੍ਹੀ ਦਾ ਪੁੱਤ ਸੀ। ਹੁਣ (ਸ਼ਿੰਦਾ) ਪੁੱਤ ਬਣਕੇ ਆਪਣੇ ਨਵੇਂ ਮਾਂ-ਪਿਓ ਕੋਲ ਆ ਕੇ ਰਹਿਣ ਲੱਗ ਪਿਆ ਸੀ।

ਜ਼ਵਾਲਾ ਸਿਓਂ ਦਾ ਗੋਦੀ ਪੁੱਤ ਗੱਭਰੂ ਹੋ ਗਿਆ ਸੀ, ਕੱਦ ਕਾਠ ਕਾਫੀ ਕੱਢ ਆਇਆ ਸੀ। ਜ਼ਵਾਲਾ ਸਿਓਂ ਨੂੰ ਗੋਦੀ ਪੁੱਤ ਦਾ ਆਸਰਾ ਸਿਰਫ ਇਤਨਾ ਹੀ ਸੀ ਕਿ ਪੁੱਤ ਵੇਲੇ ਕੁਵੇਲੇ ਪੈਸੇ ਲੈਣ ਲਈ ਜ਼ਵਾਲਾ ਸਿਓਂ ਨੂੰ ਡਰਾ ਧਮਕਾ ਕੇ ਲੈ ਲੈਂਦਾ ਸੀ। ਬਾਕੀ ਗੋਦੀ ਪੁੱਤ ਵਲੋਂ ਸੁੱਖ ਇਤਨਾ ਸੀ ਕਿ ਪੁੱਤ ਦੀਆਂ ਨਿੱਤ ਦੀਆਂ ਕਰਤੂਤਾਂ ਕਾਰਨ ਕਈ ਵਾਰੀ ਲੋਕਾਂ ਦੇ ਮਿੰਨਤਾਂ ਤਰਲਾ ਕਰਨੇ ਪੈ ਜਾਂਦੇ ਸਨ, ਕਦੀ ਕਦਾਈਂ ਤਾਂ ਸਿਰ ਤੋਂ ਪੱਗ ਲਾਹਕੇ ਵੀ ਲੋਕਾਂ ਅੱਗੇ ਝੁਕਣਾ ਪੈ ਜਾਂਦਾ ਸੀ। ਪਰ ਫਿਰ ਵੀ ਜ਼ਵਾਲਾ ਸਿਓਂ ਨੂੰ ਮਾਣ ਸੀ ਆਪਣੇ ਸ਼ਿੰਦੇ ਪੁੱਤ ਤੇ। ਬਾਕੀ ਗੱਭਰੂ ਪੁੱਤ ਨੇ ਕਦੀ ਵੀ ਖੂਹ ਤੋਂ ਜਾ ਕੇ ਹਵੇਲੀ ਬੱਝੀਆਂ ਮੱਝਾਂ ਲਈ ਪੱਠਿਆਂ ਦੀ ਭਰੀ ਨਹੀਂ ਸੀ ਲਿਆਂਦੀ। ਇਹ ਸਭ ਕੰਮ ਤਾਂ ਬਾਬਾ ਜ਼ਵਾਲਾ ਸਿਓਂ ਨੂੰ ਹੀ ਕਰਨੇ ਪੈਂਦੇ ਸਨ। ਵੈਸੇ ਤਾਂ ਜ਼ਵਾਲਾ ਸਿਓਂ ਖੂਹ ਤੋਂ ਪੱਠੇ ਸਾਈਕਲ ਤੇ ਲਿਆਇਆ ਕਰਦਾ ਸੀ, ਪਰ ਸਾਈਕਲ ਚਲਾਉਣਾ ਨਹੀਂ ਸੀ ਆਉਂਦਾ, ਹੋ ਸਕਦਾ ਹੈ ਜ਼ਵਾਨੀ ਵਿਚ ਬਾਬਾ ਜ਼ਵਾਲਾ ਸਿਓਂ ਸਾਈਕਲ ਚਲਾਉਂਦਾ ਰਿਹਾ ਹੋਵੇ ਪਰ ਜਦੋਂ ਤੋਂ ਅਸੀਂ ਓਹਨੂੰ ਦੇਖਿਆ ਹੈ ਓਹ ਸਾਈਕਲ ਨੂੰ ਰੋੜ੍ਹ ਕੇ ਹੀ ਖੂਹ ਤੇ ਲਿਜਾਂਦਾ ਸੀ ਅਤੇ ਰੋੜ੍ਹ ਕੇ ਹੀ ਪੱਠੇ ਲੱਦ ਕੇ ਪਿੰਡ ਨੂੰ ਲੈ ਆਉਂਦਾ ਸੀ ਮੱਝਾਂ ਜਿਓਂ ਪਿੰਡ ਰੱਖੀਆਂ ਹੋਈਆਂ ਸਨ।

ਬਾਬਾ ਜ਼ਵਾਲਾ ਸਿਓਂ ਦੀ ਜ਼ਮੀਨ ਕੋਈ ਛੇ ਕੁ ਕਿੱਲੇ ਘਰਦੇ ਸਨ, ਹਵੇਲੀ ਸੀ, ਫਿਰ ਪਿੰਡ ਵਿਚ ਇਕ ਘਰ ਸੀ ਚੁਬਾਰਿਆਂ ਵਾਲਾ। ਜ਼ਮੀਨ ਬਾਬਾ ਜ਼ਵਾਲਾ ਸਿਓਂ ਨੇ ਆਪਣੇ ਦੋਂਹ ਭਤੀਜਿਆਂ ਨੂੰ ਭੌਲ੍ਹੀ ਤੇ ਦੇ ਰੱਖੀ ਸੀ। ਹਾੜੀ-ਸਾਉਣੀ ਫਸਲ ਵੰਡ ਕੇ ਭਤੀਜੇ ਜ਼ਵਾਲਾ ਸਿਓਂ ਦੀ ਹਵੇਲੀ ਛੱਡ ਜਾਂਦੇ ਸਨ। ਹੋਰ ਵੀ ਲੋੜ ਪੈਣ ਤੇ ਭਤੀਜੇ ਮਦਦ ਕਰ ਛੱਡਦੇ ਸਨ, ਪਰ ਗੋਦੀ ਪੁੱਤ ਨੇ ਕਦੇ ਡੱਕਾ ਤੋੜ ਕੇ ਦੂਹਰਾ ਨਹੀਂ ਸੀ ਕੀਤਾ। ਫਿਰ ਵੀ ਇਕ ਦਿਨ ਗੋਦੀ ਪੁੱਤ ਦੀ ਕਿਸਮਤ ਨੇ ਸਾਥ ਦਿੱਤਾ ਤੇ ਉਸ ਦਾ ਕਨੇਡਾ ਜਾਣ ਦਾ ਵਸੀਲਾ ਬਣ ਗਿਆ ਸੀ ਤੇ ਓਹ ਕਨੇਡਾ ਜਾ ਪਹੁੰਚਾ ਸੀ। ਹੁਣ ਬਾਬਾ ਜ਼ਵਾਲਾ ਸਿਓਂ ਫਿਰ ਇੱਕਲਾ ਸੀ। ਜ਼ਵਾਲਾ ਸਿਓਂ ਨੂੰ ਇਕ ਗੱਲ ਦੀ ਤਾਂ ਖੁਸ਼ੀ ਹੋਈ ਸੀ ਕਿ ਹੁਣ ਨਿੱਤ ਦੇ ਉਲਾਭਿਆਂ ਤੋਂ ਤਾਂ ਬਚਿਆ ਰਹਾਂਗਾ, ਇਹ ਤਾਂ ਨਾ ਕਰਨਾ ਪਊ ਕਿ ਸ਼ਿੰਦਾ ਪੁੱਤ ਕਰੇ ਤੇ ਮੈਂ ਭਰਦਾ ਫਿਰੂੰ। ਜ਼ਵਾਲਾ ਸਿਓਂ ਨੇ ਰੱਬ ਦਾ ਲੱਖ-ਲੱਖ ਸ਼ੁਕਰ ਕੀਤਾ ਸੀ।

ਬਾਬਾ ਜ਼ਵਾਲਾ ਸਿਓਂ ਦਾ ਜਿਊਂਣ ਦਾ ਇਕ ਨਿਰਾਲਾ ਹੀ ਢੰਗ ਸੀ, ਓਹ ਬਾਕੀ ਇਨਸਾਨਾ ਨਾਲੋਂ ਅਲੈਹਿਦਾ ਕਿਸਮ ਦਾ ਹੀ ਸੀ, ਜੋ ਅਸੀਂ ਬਚਪਨ ਤੋਂ ਹੀ ਦੇਖਦੇ ਆ ਰਹੇ ਸਾਂ। ਓਹ ਢੰਗ ਸੀ ਸਾਰਾ-ਸਾਰਾ ਦਿਨ ਮੰਜ਼ੇ ਉੱਤੇ ਲੇਟੇ ਰਹਿਣਾ, ਹੋਰ ਤਾਂ ਹੋਰ ਬਾਬਾ ਤਾਂ ਚਾਹ-ਪਾਣੀ ਪੀਣ ਲਈ ਵੀ ਕਦੇ ਉੱਠ ਕੇ ਨਹੀਂ ਸੀ ਬੈਠਾ, ਲੰਮਾਂ ਪਿਆ-ਪਿਆ ਹੀ ਵੱਖੀ ਭਾਰ ਹੋ ਕੇ ਚਾਹ-ਪਾਣੀ ਪੀ ਜਾਂਦਾ ਸੀ। ਬਾਬਾ ਜ਼ਵਾਲਾ ਸਿਓਂ ਚੌਵੀ ਘੰਟੇ ਵਿਚੋਂ ਸਿਰਫ ਦਿਨ ਵੇਲੇ ਇਕ ਵਾਰੀ ਖੂਹ ਤੋਂ ਮੰਝਾਂ ਲਈ ਪੱਠੇ ਲੈਣ ਜਾਇਆ ਕਰਦਾ ਸੀ, ਇਸ ਕੰਮ ਲਈ ਜਿੰਨਾ ਸਮਾਂ ਲੱਗਦਾ ਸੀ ਇਤਨਾ ਸਮਾਂ ਹੀ ਓਹ ਮੰਜੇ ਤੋਂ ਉੱਠਦਾ ਹੁੰਦਾ ਸੀ, ਨਹੀਂ ਤਾਂ ਭਾਵੇਂ ਕੋਈ ਭਾਈਬੰਧ ਜਾਂ ਕੋਈ ਮਿਲਣ ਵਾਲਾ ਹੀ ਕਿਓਂ ਨਾ ਆ ਜਾਵੇ ਬਾਬਾ ਜ਼ਵਾਲਾ ਸਿਓਂ ਕਦੇ ਮੰਜ਼ੇ ਤੋਂ ਉੱਠ ਕੇ ਨਹੀਂ ਸੀ ਬੈਠਾ.ਮੰਜ਼ਾ ਚਾਹੇ ਵੇਹੜੇ ਵਿਚ ਹੈ ਚਾਹੇ ਬੀਹੀ ਦੇ ਕਿਨਾਰੇ ਵੇਹੜੇ ਦੇ ਦਰਾਂ ਮੂਹਰੇ, ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਸੀ। ਇਹ ਨਹੀਂ ਸੀ ਕਿ ਬਾਬਾ ਜ਼ਵਾਲਾ ਸਿਓਂ ਬਿਮਾਰ ਰਹਿੰਦਾ ਸੀ, ਨਹੀਂ ਨਹੀਂ ਉਸ ਦੀ ਤਾਂ ਸਹਿਤ ਬਹੁਤ ਅੱਛੀ ਸੀ ਓਹ ਚੰਗਾ ਭਲਾ ਤੰਦਰੁਸਤ ਹੁੰਦਾ ਸੀ। ਪਰ ਇਹ ਓਹਦਾ ਆਪਣਾ ਢੰਗ ਸੀ ਜੀਊਣ ਦਾ।

ਬਾਬਾ ਜ਼ਵਾਲਾ ਸਿਓਂ ਦਾ ਇਕ ਹੋਰ ਠਰਕ ਸੀ, ਓਹ ਆਏ ਗਏ ਨੂੰ, ਜਾਂ ਬੀਹੀ ਚੋਂ ਲੰਘਦੇ ਵੜਦੇ ਨੂੰ ਮਜ਼ਾਕ ਕਰਕੇ ਬੜਾ ਖ਼ੁਸ਼ ਹੁੰਦਾ ਹੁੰਦਾ ਸੀ। ਕਈ ਵਾਰੀ ਤਾਂ ਗੋਲ੍ਹ-ਮੋਲ੍ਹ ਕਰਕੇ ਅਸ਼ਲੀਲ ਜਹੇ ਮਜ਼ਾਕ ਵੀ ਕਰ ਜਾਂਦਾ ਸੀ। ਖ਼ਾਸ ਕਰਕੇ ਜ਼ਨਾਨੀਆਂ ਨੂੰ ਜਦੋਂ ਕਿਤੇ ਕੱਲਾ ਹੁੰਦਾ ਸੀ। ਬਾਬਾ ਜ਼ਵਾਲਾ ਸਿਓਂ ਦੀ ਹਵੇਲੀ ਦੇ ਲਾਗੇ ਬਾਲਮੀਕੀਆਂ ਦੇ ਤੇ ਆਧਰਮੀਆਂ ਦੇ ਕਾਫੀ ਘਰ ਸਨ। ਕਈ ਵਾਰੀ ਵੇਲ੍ਹੇ ਕੁਵੇਲ੍ਹੇ ਕੋਈ ਔਰਤ ਜ਼ਵਾਲਾ ਸਿਓਂ ਕੋਲੋਂ ਤੂੜੀ ਦੀ ਪੰਡ ਮੰਗਣ ਵੀ ਆ ਜਾਂਦੀ ਹੁੰਦੀ ਸੀ, ਬਾਬਾ ਜ਼ਵਾਲਾ ਸਿਓਂ ਨੇ ਕਦੇ ਕਿਸੇ ਨੂੰ ਨ੍ਹਾ ਨਹੀਂ ਸੀ ਕੀਤੀ, ਪਰ ਮਜ਼ਾਕ ਜ਼ਰੂਰ ਕਰ ਦਿੰਦਾ ਸੀ, (ਕੁੜੇ ਓੱਨੀ ਹੀ ਲਿਜ਼ਾਈਂ ਜਿੰਨੀ ਦੇਣੀ ਹੈ) ਇਸ ਤਰਾਂ ਦੇ ਦੂਹਰੇ ਮਤਲਬ ਵਾਲੇ ਮਜ਼ਾਕ ਕਰਕੇ ਮੁੱਛਾਂ ਵਿਚ ਹੱਸ ਛੱਡਦਾ ਸੀ।

ਹੁਣ ਬਾਬਾ ਜ਼ਵਾਲਾ ਸਿਓਂ ਦੀ ਉਮਰ ਢਲ੍ਹ ਚੁੱਕੀ ਸੀ, ਜਿਸ ਗੋਦੀ ਪੁੱਤ ਦੇ ਨਾਂ ਆਪਣੀ ਸਾਰੀ ਜ਼ਾਇਦਾਦ ਦੀ ਵਸੀਅਤ ਬਹੁਤ ਚਿਰ ਪਹਿਲਾਂ ਹੀ ਕਰ ਦਿੱਤੀ ਸੀ, ਉਸ ਨੇ ਕਨੇਡਾ ਜਾਣ ਤੋਂ ਬਾਅਦ ਵੀ ਜ਼ਵਾਲਾ ਸਿਓਂ ਦੀ ਕੋਈ ਖ਼ਬਰ ਨਹੀਂ ਸੀ ਲਈ। ਪਰ ਹੁਣ ਬਾਬਾ ਜ਼ਵਾਲਾ ਸਿਓਂ ਕੁਝ ਢਿੱਲਾ ਮੱਠਾ ਵੀ ਰਹਿਣ ਲੱਗ ਪਿਆ ਸੀ, ਦੇਖ-ਭਾਲ ਤਾਂ ਬਹੁਤ ਸਾਲਾਂ ਤੋਂ ਹੀ ਉਸਦੇ ਭਤੀਜੇ ਹੀ ਕਰਦੇ ਆ ਰਹੇ ਸਨ, ਬਾਬਾ ਜ਼ਵਾਲਾ ਸਿਓਂ ਦੀਆਂ ਮੱਝਾਂ ਲਈ ਪੱਠੇ ਵੀ ਭਤੀਜੇ ਆਪ ਹੀ ਹਵੇਲੀ ਛੱਡ ਜਾਂਦੇ ਸਨ, ਹੋਰ ਹਰ ਤਰਾਂ ਦੀ ਮਦਦ ਬਾਬਾ ਜ਼ਵਾਲਾ ਸਿਓਂ ਦੇ ਭਤੀਜੇ ਜਾਂ ਭਤੀਜਿਆਂ ਦੇ ਨਿਆਣੇ ਹੀ ਕਰ ਰਹੇ ਸਨ। ਬਾਬਾ ਜ਼ਵਾਲਾ ਸਿਓਂ ਦੇ ਗੋਦੀ ਪੁੱਤ ਨੇ ਪਿਛਲੇ ਬਹੁਤ ਸਾਲਾਂ ਤੋਂ ਕੋਈ ਖਬਰ ਨਹੀਂ ਲਈ ਸੀ, ਸ਼ਾਇਦ ਇਸ ਕਰਕੇ ਹੀ ਬਾਬਾ ਜ਼ਵਾਲਾ ਸਿਓਂ ਨੇ ਸੋਚਿਆ ਸੀ ਕਿ ਮੇਰੀ ਸੇਵਾ ਤਾਂ ਮੇਰੇ ਭਤੀਜੇ ਕਰਦੇ ਨੇ, ਕਿਓਂ ਨਾ ਮੈਂ ਆਪਣੀ ਜ਼ਾਇਦਾਦ ਦੀ ਵਸੀਅਤ ਆਪਣੇ ਭਤੀਜਿਆਂ ਦੇ ਨਾਂ ਕਰਵਾ ਦੇਵਾਂ। ਬਾਬਾ ਜ਼ਵਾਲਾ ਸਿਓਂ ਨੇ ਆਪਣਾ ਏਹੇ ਇਰਾਦਾ ਆਪਣੇ ਕੋਲ ਬੈਠਣ ਉੱਠਣ ਵਾਲਿਆਂ ਨੂੰ ਦੱਸ ਦਿੱਤਾ ਸੀ, ਵੱਸ ਫਿਰ ਕੀ ਸੀ, ਇਹ ਗੱਲ ਹਨੇਰੀ ਵਾਂਗੂ ਗੋਦੀ ਪੁੱਤ ਦੇ ਦੂਸਰੇ ਭਰਾਵਾਂ ਕੋਲ ਪਹੁੰਚ ਗਈ ਸੀ, ਜੋ ਇੰਡੀਆ ਵਿਚ ਹੀ ਰਹਿ ਰਹੇ ਸਨ। ਗੋਦੀ ਪੁੱਤ ਦੇ ਭਰਾਵਾਂ ਨੇ ਜ਼ਾਇਦਾਦ ਦੇ ਲਾਲਚ ਨੂੰ ਫਟਾ-ਫਟ ਆਪਣੇ ਭਰਾ ਨੂੰ ਕਨੇਡਾ ਵੱਲ ਡਾਕਾਂ-ਤਾਰਾਂ ਘੱਲਣੀਆਂ ਸ਼ੁਰੂ ਕਰ ਦਿੱਤੀਆਂ।

ਕੁਝ ਦਿਨਾ ਬਾਅਦ ਗੋਦੀ ਪੁੱਤ ਦੇ ਭਰਾ ਬਾਬਾ ਜ਼ਵਾਲਾ ਸਿਓਂ ਕੋਲ ਆਏ ਤੇ ਕਨੇਡਾ ਵਾਲੇ ਦਾ ਸੁਨੇਹਾ ਆ ਦਿੱਤਾ, ਮਾਸੜਾ! ਤੇਰੇ ਪੁੱਤ ਦਾ ਕਨੇਡਾ ਤੋਂ ਸੁਨੇਹਾ ਆਇਆ ਹੈ, ਉਸ ਨੇ ਕਿਹਾ ਹੈ ਕਿ ਅਸੀਂ ਤੈਨੂੰ ਆਪਣੇ ਕੋਲ ਲਿਜਾ ਕੇ ਤੇਰਾ ਇਲਾਜ਼ ਕਰਵਾਈਏ। ਇਸ ਵਕਤ ਬਾਬਾ ਜ਼ਵਾਲਾ ਸਿਓਂ ਦੇ ਭਤੀਜਿਆਂ ਵਿਚੋਂ ਕੋਈ ਵੀ ਉਸ ਦੇ ਕੋਲ ਨਹੀਂ ਸੀ, ਇਸ ਗੱਲ ਦਾ ਫਾਇਦਾ ਉਠਾਉਂਦੇ ਹੋਏ ਬਾਬਾ ਜ਼ਵਾਲਾ ਸਿਓਂ ਦੇ ਨਾਂਹ-ਨਾਂਹ ਕਰਦਿਆਂ ਵੀ ਓਹ ਲਾਲਚੀ, ਬਾਬਾ ਜ਼ਵਾਲਾ ਸਿਓਂ ਨੂੰ ਕਾਰ ਵਿਚ ਸੁੱਟ ਆਪਣੇ ਪਿੰਡ ਲੈ ਗਏ। ਇਹ ਸ਼ਾਇਦ ਬਾਬਾ ਜ਼ਵਾਲਾ ਸਿਓਂ ਨੂੰ ਖੁਦ ਵੀ ਪਤਾ ਸੀ ਕਿ ਇਹ ਮੇਰਾ ਇਲਾਜ਼ ਕਰਵਾਣ ਲਈ ਨਹੀਂ ਸਗੋਂ ਮੇਰਾ ਗੂੱਗਾ ਪੂਜਣ ਲਈ ਲੈ ਕੇ ਜਾ ਰਹੇ ਹਨ, ਪਰ ਬਾਬਾ ਜ਼ਵਾਲਾ ਸਿਓਂ ਦੀ ਕੋਈ ਵਾਹ-ਪੇਸ਼ ਨਾ ਚੱਲੀ। ਗੋਦੀ ਪੁੱਤ ਦੇ ਭਰਾਵਾਂ ਨੂੰ ਪਤਾ ਸੀ ਕਿ ਜੇ ਜ਼ਵਾਲਾ ਸਿਓਂ ਨੂੰ ਹੁਣ ਨਾ ਸਾਂਭਿਆ ਤਾਂ ਇਸ ਨੇ ਆਪਣੀ ਸਾਰੀ ਜ਼ਾਇਦਾਦ ਦੀ ਨਵੀਂ ਵਸੀਅਤ ਆਪਣੇ ਭਤੀਜਿਆਂ ਦੇ ਨਾਮ ਕਰਵਾ ਦੇਣੀ ਹੈ, ਤੇ ਫਿਰ ਸਾਡੇ ਪੱਲੇ ਕੁਝ ਨਹੀਂ ਪੈਣਾ। ਵੈਸੇ ਤਾਂ ਬਾਬਾ ਜ਼ਵਾਲਾ ਸਿਓਂ ਦੇ ਭਤੀਜੇ ਜੇ ਚਾਹੁੰਦੇ ਤਾਂ ਓਹ ਵੀ ਉਸ ਕੋਲੋਂ ਵਸੀਅਤ ਆਪਣੇ ਨਾਮ ਕਰਵਾ ਸਕਦੇ ਸਨ, ਪਰ ਨਹੀਂ, ਭਤੀਜੇ ਹੇਰਾ ਫੇਰੀ ਨਾਲ ਕੁਝ ਨਹੀਂ ਸਨ ਚਾਹੁੰਦੇ। ਹਾਂ ਜੇ ਬਾਬਾ ਜ਼ਵਾਲਾ ਸਿਓਂ ਆਪਣੀ ਮਰਜ਼ੀ ਨਾਲ ਆਪਣੇ ਭਤੀਜਿਆਂ ਦੇ ਨਾਮ ਵਸੀਅਤ ਕਰਵਾ ਦਿੰਦਾ ਤਾਂ ਇਹ ਓਹਦੀ ਆਪਣੀ ਖ਼ੁਸ਼ੀ ਜਾਂ ਇੱਛਾ ਹੋ ਸਕਦੀ ਸੀ।

ਹੁਣ ਬਾਬਾ ਜ਼ਵਾਲਾ ਸਿਓਂ ਬੇਗਾਨੇ ਪਿੰਡ ਲਾਲਚੀ ਲੋਕਾਂ ਦੇ ਲੋਭੀ ਹੱਥਾਂ ਵਿਚ ਸੀ। ਬਾਬਾ ਜ਼ਵਾਲਾ ਸਿਓਂ ਦੇ ਭਤੀਜਿਆਂ ਨੂੰ ਖ਼ਬਰ ਪਹੁੰਚਾ ਦਿੱਤੀ ਸੀ ਕਿ ਓਹ ਆਪਣੀ ਮਰਜ਼ੀ ਨਾਲ ਸਾਡੇ ਕੋਲ ਆਇਆ ਹੈ। ਫਿਰ ਵੀ ਭਤੀਜਿਆਂ ਨੇ ਬਾਬਾ ਜ਼ਵਾਲਾ ਸਿਓਂ ਦੀ ਰਾਜ਼ੀ-ਖ਼ੁਸ਼ੀ ਦਾ ਪਤਾ ਕਰਨ ਦੀ ਬੜੀ ਕੋਸ਼ਿਸ਼ ਕੀਤੀ, ਪਰ ਕਿਸੇ ਨੇ ਵੀ ਉਸ ਵਾਰੇ ਕੁਝ ਨਹੀਂ ਦੱਿਸਆ, ਅਤੇ ਨਾ ਹੀ ਕਿਸੇ ਨੂੰ ਉਸ ਨਾਲ ਮਿਲਣ ਦਿੱਤਾ। ਉਸ ਪਿੰਡ ਦੇ ਲੋਕਾਂ ਤੋਂ ਜਿਸ ਤਰਾਂ ਦੀਆਂ ਖ਼ਬਰਾਂ ਬਾਬਾ ਜ਼ਵਾਲਾ ਸਿਓਂ ਦੀ ਹਾਲਤ ਵਾਰੇ ਮਿਲੀਆਂ ਓਹ ਸਨ ਬਹੁਤ ਹੀ ਦਰਦਨਾਕ, ਉਸ ਦਾ ਹਾਲ ਸੁਣ ਕੇ ਸਰੀਰ ਨੂੰ ਕੰਬਣੀ ਛਿੜਦੀ ਸੀ। ਇਹ ਬਾਬਾ ਜ਼ਵਾਲਾ ਸਿਓਂ ਦੀ ਜ਼ਿੰਦਗੀ ਦਾ ਅੰਤਮ ਸਫ਼ਰ ਸੀ ਬੇਗਾਨੇ ਪਿੰਡ ਲਾਲਚੀ ਲੋਕਾਂ ਦੇ ਹੱਥਾਂ ਵਿਚ ਦੇਖ-ਭਾਲ। ਇਕ ਦਿਨ ਕਿਸੇ ਕੋਲੋਂ ਖ਼ਬਰ ਸੁਣੀ ਸੀ ਕਿ ਬਾਬਾ ਜ਼ਵਾਲਾ ਸਿਓਂ ਨੂੰ ਗੁਜ਼ਰੇ ਤਾਂ ਪੰਦਰਾਂ-ਵੀਹ ਦਿਨ ਹੋ ਗਏ ਹਨ, ਇਹ ਖ਼ਬਰ ਪਿੰਡ ਵਿਚ ਜਾਣੀ ਬਾਬਾ ਜ਼ਵਾਲਾ ਸਿਓਂ ਦੇ ਜ਼ੱਦੀ ਪਿੰਡ ਵਿਚ ਹਵਾ ਵਾਂਗੂ ਫੈਲ ਗਈ ਸੀ। ਹਰ ਕੋਈ ਪੁੱਛ ਰਿਹਾ ਸੀ। ਬਾਬਾ ਜ਼ਵਾਲਾ ਸਿਓਂ ਮਰ ਗਿਆ ???

ਜ਼ਵਾਲਾ ਸਿਓਂ ਨੂੰ ਬੜਾ-ਛੋਟਾ ਹਰ ਕੋਈ ਬਾਬਾ ਕਹਿੰਦਾ ਹੁੰਦਾ ਸੀ।

 

5_cccccc1.gif (41 bytes)

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com