ਓਲਗਾ ਦੀ ਪ੍ਰੋਮੋਸ਼ਨ ਹੋਣ ਤੇ, ਉਸ ਦੀ ਪੋਸਟਿੰਗ 'ਆਊਟ ਆਫ ਸਟੇਸ਼ਨ' ਹੋ ਗਈ । ਪਰ
ਕੇਵਲ ਪੌਣੇ ਘੰਟੇ ਦੀ ਵਾਟ ਹੋਣ ਕਰਕੇ ਉਸ ਨੇ ਅਪਣੀ ਰਿਹਾਇਸ਼ ਲਿਵਰਪੂਲ ਵਿਚ ਹੀ
ਰਖੀ । ਮਾਨਚੈਸਟਰ ਦੀ ਮਿਡਲੈਂਡ ਬੈਂਕ ਵਿਚ ਕੰਮ ਕਰਦਿਆਂ ਉੁਸ ਨੂੰ ਅਜ ਤਿੰਨ ਕੁ
ਮਹੀਨੇ ਹੋ ਗਏ ਸਨ । ਅੱਠ ਘੰਟੇ ਕੰਮ ਕਰਕੇ ਵੀ ਉਹ ਹਲਕੀ ਫੁੱਲ ਮਹਿਸੂਸ ਕਰਦੀ ਸੀ
। ਸਾਰਾ ਦਿਨ, ਬੈਂਕ ਵਿਚ ਆਏ ਗਾਹਕਾਂ , ਦਫਤਰ ਦੀਆਂ ਕੁੜੀਆਂ ਅਤੇ ਮੈਨੇਜਰ ਨਾਲ,
ਹਾਸਾ ਮਖੌਲ ਕਰਦੀ ਰਹਿੰਦੀ । ਕੁਦਰਤ ਵੱਲੋਂ ਉਸ ਨੂੰ ਕੁਝ ਰੂਪ ਹੀ ਐਸਾ ਮਿਲਿਆ ਸੀ
ਕਿ ਉਸ ਨੇ ਕਦੇ ਆਪਣੇ ਚੇਹਰੇ ਤੇ ਹਲਕੇ ਜਹੇ ਟੈਲਕਮ-ਪਾਊਡਰ ਤੋਂ ਸਿਵਾ ਕੋਈ
'ਮੇਕ-ਅਪ' ਨਹੀ ਸੀ ਛੁਹਾਇਆ । ਗਲ੍ਹਾਂ ਤਾਂ ਕੁਦਰਤੀ ਹੀ ਏਨੀਆਂ ਸੁਰਖ,ਜਿਵੇਂ
ਹੁਣੇ ਹੁਣੇ ਸੰਗਦੀ ਹਟੀ ਹੋਵੇ । ਸੋਨੇ ਰੰਗੇ ਕੱਕੇ ਵਾਲ ਬਲਾਊਜ਼ ਦੇ ਗਲਮੇਂ ਤਕ
ਪਲਮਦੇ । ਅੱਖਾਂ ਦੀ ਨੀਲਾਹਟ ਇਕ ਗਹਿਰੀ ਸ਼ਾਤ ਝੀਲ ਵਰਗੀ । ਕੁੜੀਆਂ ਤਾਂ ਬੈਂਕ
ਵਿਚ ਹੋਰ ਵੀ ਸੋਹਣੀਆਂ ਸਨ । ਪਰ ਓਹਨਾਂ ਨੇ ਸੁਹੱਪਣ ਡੱਬੀਆਂ ਤੋਂ ਉਧਾਰਾ ਲਿਆ ਸੀ
। ਓਲਗਾ ਉੱਪਰ ਤਾਂ ਜਿਵੇਂ ਰੱਬ ਨੇ ਵਰਖਾ ਹੀ ਕਰ ਦਿੱਤੀ ਹੋਵੇ।
ਤਨਖਾਹ ਦਾ ਪੈਕਿਟ ਲੈਕੇ ਉਹ ਬਾਹਰ ਨਿਕਲੀ। ਸ਼ਾਮ ਦੇ ਸਵਾ ਪੰਜ ਵੱਜੇ ਸਨ ।
ਲਿਵਰਪੂਲ ਜਾਣ ਵਾਲੀ ਟਰੇਨ ਵਿਚ ਅਜੇ ਵੀਹ ਮਿੰਟ ਬਾਕੀ ਸਨ । ਬੈਂਕ ਤੋਂ ਮਾਨਚੈਸਟਰ
ਰੇਲਵੇ ਸਟੇਸ਼ਨ ਕੁਲ ਪੰਜ ਮਿੰਟ ਦਾ ਰਸਤਾ ਸੀ । ਰਸਤੇ ਵਿਚ ਖਲੋਤੀ ਰੇਹੜੀ ਤੋਂ ਉਸ
ਨੇ 'ਪੌਪ ਕੌਰਨ' ਦਾ ਪੈਕਿਟ ਖਰੀਦਿਆ ਤੇ ਚਬਦੀ ਚਬਦੀ ਪਾਰਕ ਵਿਚੋਂ ਦੀ ਹੋ ਟੁਰੀ ।
ਪਾਰਕ ਦੇ ਬੈਂਚਾਂ ਤੇ ਇਕਾ ਦੁਕਾ ਰੀਟਇਰਡ ਜਾਂ ਵੇਹਲੇ ਲੋਕੀਂ ਬੈਠੇ ਸਨ । ਕੋਈ
ਸਿਗਾਰ ਪੀਂਦੇ, ਕੋਈ ਅਖਬਾਰ ਪੜ੍ਹਦੇ । ਦੋ ਖਰੂਦੀ ਮੁੰਡੇ ਉਸਨੂੰ ਵੇਖ ਸੀਟੀ
ਮਾਰਕੇ ਹੱਸ ਪਏ । ਉਸ ਨੇ ਨਜ਼ਰ ਚੁੱਕ ਕੇ ਉੁਹਨਾਂ ਵਲ ਤੱਕਿਆ ਤੇ ਮੁਸਕਰਾਈ ਤੇ ਉਹ
ਦੋਵੇਂ ਆਪਣੇ ਹੈਟਾਂ ਨੂੰ ਸਤਕਾਰ ਨਾਲ ਛੋਹ ਕੇ ਪਰੇ ਨੂੰ ਚਲੇ ਗਏ । ਜਾਂਦਿਆ
ਜਾਂਦਿਆ, ਇਕ ਬੈਂਚ ਕੋਲ ਉਹ ਅਚਾਨਕ ਰੁਕ ਗਈ । ਇਕ ਵਿਅਕਤੀ 'ਲਿਵਰਪੂਲ-ਐਕੋ 'ਨਾਮੀ
ਅਖਬਾਰ ਪੜ੍ਹਨ ਵਿਚ ਮਗਨ ਸੀ । ਜਿਸਦੇ ਪਿਛਲੇ ਪੰਨੇ ਤੇ ਇਕ ਫੋਟੋ ਛਪੀ ਹੋਈ ਸੀ,
ਚਿੱਟੀ ਪੱਗ ਵਾਲੇ ਇਕ ਸਿਖ ਯੁਵਕ ਦੀ । ਤੇ ਉਸ ਦੇ ਨਾਲ ਖਲੋਤੀ ਇਕ ਕੁੜੀ ਦੀ,
ਸਾੜ੍ਹੀ ਵਿਚ । ਇਕ ਨਿਗਾਹ ਵਿਚ ਹੀ ਉਸ ਨੇ ਫੋਟੋ ਦਾ ਟਾਈਟਲ ਪੜ੍ਹ ਲਿਆ ।
'ਲਿਵਰਪੂਲ ਯੂਨੀਵਰਸਿਟੀ ਦੇ ਭਾਰਤੀ ਵਿਦਿਆਰਥੀਆਂ ਵੱਲੋਂ ਮਨਾਇਆ ਗਿਆ ਗਣਤੰਤਰ
ਦਿਵਸ ।'
ਜਲਦੀ ਜਲਦੀ ਕਦਮ ਪੁੱਟ ਕੇ ਉਹ ਟਰੇਨ ਸਟੇਸ਼ਨ ਤੇ ਜਾ ਪੁੱਜੀ ਅਤੇ 'ਨਿਊਜ਼-ਸਟੈਂਡ
'ਤੋਂ ਓਸੇ ਅਖਬਾਰ ਦੀ ਕਾਪੀ ਖਰੀਦ ਕੇ ਗ਼ੋਰ ਨਾਲ ਉਸ ਫੋਟੋ ਵੱਲ ਵੇਖਣ ਲੱਗ ਪਈ ।
ਹੇਠਾਂ ਲਿਖਿਆ ਸੀ ।
'ਕਲ੍ਹ ਸ਼ਾਮ ਲਿਵਰਪੂਲ ਯੂਨੀਵਰਸਿਟੀ ਦੇ ਭਾਰਤੀ ਵਿਦਿਆਰਥੀਆਂ ਵੱਲੋਂ ਬ੍ਰਿਟਿਸ਼
ਕਾਊਂਸਿਲ ਦੇ ਹਾਲ ਵਿਚ ਇਕ ਰੰਗਾ ਰੰਗ ਸ਼ੋ ਦਾ ਆਯੋਜਨ ਕੀਤਾ ਗਿਆ । ਜਿਸ ਵਿਚ
ਉਹਨਾਂ ਅਪਣੇ ਲੋਕ ਨਾਚ, ਫਿਲਮੀ ਗੀਤ ਅਤੇ ਹਾਸ ਇਕਾਂਗੀ ਪੇਸ਼ ਕੀਤੇ । ਪ੍ਰੋਗਰਾਮ
ਦੀ ਵਿਸ਼ੇਸ਼ਤਾ ਇਹ ਸੀ ਕਿ ਅਧਿਕ ਵਿਦਿਆਰਥੀ ਆਪਣੇ ਰਾਸ਼ਟਰੀ ਵਸਤਰਾਂ ਵਿਚ ਸਨ ।
ਉਹਨਾਂ ਮਹਿੰਗੀਆਂ ਮਹਿੰਗੀਆਂ ਸਿਲਕ ਸਾੜ੍ਹੀਆਂ ਅਤੇ ਸ਼ਾਹਾਨਾ ਦਸਤਾਰਾਂ ਬੰਨ੍ਹੀਆਂ
ਹੋਈਆਂ ਸਨ ।'
ਲਿਵਰਪੂਲ ਜਾਣ ਵਾਲੀ ਟਰੇਨ ਅੱਜ ਵੀ ਆਮ ਦਿਨਾਂ ਵਾਂਗ ਹੀ ਵੇਹਲੀ ਲਗਦੀ ਸੀ। ਉਹ
ਖਿੜਕੀ ਲਾਗੇ ਦੀ ਸੀਟ ਤੇ ਜਾ ਬੈਠੀ । ਪੱਗ ਵਾਲੇ ਯੁਵਕ ਦੀ ਆਕਰਸ਼ਿਕ ਛੱਬੀ ਵੱਲ
ਨੀਝ ਲਾ ਕੇ ਤਕਦੀ ਤਕਦੀ ਉਹ ਅਚਾਨਕ ਅਤੀਤ ਵਿਚ ਗੁਆਚ ਗਈ ।
ਉਸ ਨੂੰ ਪੰਜ ਸਾਲ ਪੁਰਾਣੀ, ਲੰਡਨ ਦੀ ਪਰੇਡ ਗਰਾਊਂਡ ਵਿਚ ਹੋ ਰਹੀ 'ਵਿਕਟਰੀ
ਪਰੇਡ' ਦਾ ਉਹ ਨਜ਼ਾਰਾ ਇਕ ਕਿਤਾਬ ਦੇ ਵਰਕੇ ਵਾਂਗ ਦਿਸ ਰਿਹਾ ਸੀ । ਜਦੋਂ ਉਨੀ ਸੌ
ਪੰਤਾਲੀ ਵਿਚ ਬੰਦ ਹੋਏ, ਦੂਸਰੇ ਵਿਸ਼ਵ ਯੁਧ ਦੀ ਵਿਜੈ ਦੇ ਸਿਲਸਿਲੇ ਵਿਚ ਖੁਸ਼ੀ
ਸਮਾਰੋਹ ਮਨਾਏ ਜਾ ਰਹੇ ਸਨ । ਹੋਰ ਇਤਹਾਦੀ ਮੁਲਕਾਂ ਦੇ ਨਾਲ, ਭਾਰਤੀ ਸੈਨਕ
ਟੁਕੜੀਆਂ ਵਿਚ, ਸਿਖ ਰੂਜਮੈਂਟ ਦੀਆ ਕੁਝ ਪਲਾਟੂਨਾਂ ਭਾਗ ਲੈ ਰਹੀਆਂ ਸਨ ।
'ਸੈਰੀਮੋਨੀਅਲ ਯੂਨੀਫਾਰਮਾਂ 'ਵਿਚ ਜਵਾਨ ਸਿੱਖ ਫੌਜੀ, ਲਾਲ ਪੱਗਾਂ ਤੇ ਚਮਕਦੇ
ਖੰਡੇ, ਮੋਢਿਆਂ ਤੇ ਲਿਸ਼ਕਦੇ ਸਿਖ ਰੈਜਮੈਂਟ ਦੇ ਬੈਜ, ਚੌੜੇ ਚੌੜੇ ਸੀਨਿਆਂ ਤੇ
ਸਰਵਿਸ ਰਿਬਨ । ਸੁਆਰ ਕੇ ਬੱਧੀਆਂ ਦਾਹੜੀਆਂ, ਅੱਖਾਂ ਵਿਚ ਟਪਕਦੀ ਬੀਰਤਾ। ਤੇ
ਉਹਨਾਂ ਦੀ ਅਗਵਾਈ ਕਰਦਾ ਹੋਇਆ ਇਕ ਸਾਢੇ ਛੇ ਫੁੱਟ ਲੰਮਾ ਅਫਸਰ, ਲੈਫਟੀਨੈਂਟ
ਜ਼ੋਰਾਵਰ ਸਿੰਘ ।
ਅਪਣੇ ਕਾਲਿਜ ਦੇ ਦਿਨਾਂ ਵਿਚ ਉਸਨੇ ਲਾਇਬਰੇਰੀ ਵਿਚ ਹਿੰਦੁਸਤਾਨੀ ਰਜਵਾੜਿਆਂ
ਪ੍ਰਤੀ ਡਿਸਪੈਚਿਜ਼ ਵਿਚੌਂ ਮਹਾਰਾਜਾ ਪਟਿਆਲਾ ਬਾਰੇ ਪੜ੍ਹਿਆ ਹੋਇਆ ਸੀ , ਤੇ
ਯਾਦਵਿੰਦਰ ਸਿੰਘ ਦੀਆ ਆਕਰਸ਼ਿਕ ਤਸਵੀਰਾਂ ਵੇਖੀਆਂ ਸਨ । ਉਸ ਨੂੰ ਜ਼ੋਰਾਵਰ ਵਿਚ ਵੀ
ਕਿਸੇ ਰਾਜਕੁਮਾਰ ਦਾ ਝੋਲਾ ਪੈ ਰਿਹਾ ਸੀ । ਉਸ ਵੱਲ ਵੇਖ ਕੇ ਤਾਂ ਭੀੜ ਵਿਚ
ਖਲੋਤੀਆਂ ਕਿੰਨੀਆਂ ਹੀ ਅੰਗਰੇਜ਼ ਕੁੜੀਆਂ ਨੇ ਆਵਾਜ਼ਾਂ ਕੱਸੀਆਂ ਤੇ ਹਵਾਈ ਚੁੰਬਣ
ਭੇਜੇ । ਜਿੰਨਾ ਜਵਾਨ ਓਨਾਂ ਹੀ ਸੋਹਣਾ । ਗੋਰਾ ਗੋਰਾ ਚਿਹਰਾ, ਡੋਰੀ ਤੇ ਚੜ੍ਹਾਈ
ਦਾਹੜੀ, ਫਿਫਟੀ ਦੀ ਤਿਕੋਣ, ਹਿੱਕ ਤੇ ਚਮਕਦਾ 'ਵਿਕਟੋਰੀਆ ਕਰਾਸ 'ਤੇ ਹੱਥ ਵਿਚ
ਪਤਲੀ ਜਹੀ ਛੜੀ। ਜਿਵੇਂ ਉਹ ਅਫਸਰ ਹੋਣ ਦੇ ਨਾਲ ਇਕ ਆਰਕੈਸਟਰੇ ਦਾ ਕੰਡਕਟਰ ਵੀ
ਲੱਗ ਰਿਹਾ ਸੀ । ਮੰਦ ਮੰਦ ਮੁਸਕਾਂਦਾ ਉਹ ਐਂਜ ਟੁਰ ਰਿਹਾ ਸੀ, ਜਿਵੇਂ ਹਵਾ ਵਿਚ
ੳੁੱਡ ਰਿਹਾ ਹੋਵੇ । ਇਕ ਸ਼ਾਖਸਾਤ ਜੇਤੂ ਸਮਾਨ ।
ਓਲਗਾ ਨੂੰ ਜਿਵੇਂ ਕੋਈ ਜਨੂੰਨ ਸਵਾਰ ਹੋ ਗਿਆ। ਅਗਲੇ ਹੀ ਦਿਨ ਪੁੱਛ ਪੁਛਾ ਕੇ,
'ਇੰਡੀਅਨ ਕੌਂਟਿਨਜੈਂਟ' ਦੇ ਨਿਵਾਸ ਸਥਾਨ, ਐਂਬੈਸੇਡਰ ਹੋਟਲ ਵਿਚ ਉਸਨੇ ਜ਼ੋਰਾਵਰ
ਨੂੰ ਜਾ ਲੱਭਿਆ। ਸਵੇਰ ਦਾ ਵੇਲਾ ਸੀ। ਇਕ ਸੂਬੇਦਾਰ ਬੜੇ ਅਦਬ ਨਾਲ ਉਸ ਨੂੰ
ਜ਼ੋਰਾਵਰ ਦੇ ਕਮਰੇ ਵਿਚ ਛੱਡ ਆਇਆ। ਉਹ ਹੁਣੇ ਹੁਣੇ ਕੇਸ ਵਾਹ ਕੇ, ਜੂੜੇ ਵਿਚ ਕੰਘਾ
ਟੁੰਗ ਕੇ ਖਲੋਤਾ ਸੀ, ਅਪਣੇ ਸਿਲਕਨ ਡ੍ਰੈਸਿੰਗ ਗਾਊਨ ਵਿਚ । ਓਲਗਾ ਨੂੰ ਅੱਜ ਵੀ
ਯਾਦ ਸੀ, ਕਿਵੇਂ ਉਹ ਉਸਦੇ ਵੱਲ ਇਕ ਟੱਕ ਵੇਖੀ ਜਾ ਰਹੀ ਸੀ ।
ਦੋ ਮੁਲਾਕਾਤਾਂ ਵਿਚ ਹੀ ਉਸ ਦਾ ਖੁਲਾਸਾ ਫੌਜੀ ਸੁਭਾ, ਪਾਲਿਸ਼ਡ ਅੰਗਰੇਜ਼ੀ ਦੀ
ਗੁਫਤਗੂ, ਅਤੇ ਇਕ ਇਸਤ੍ਰੀ ਪ੍ਰਤੀ ਸੁਹਜ ਭਰੇ ਹਾਵ ਭਾਵਾਂ ਦਾ, ਉਸ ਤੇ ਡੂੰਘਾ ਅਸਰ
ਹੋਇਆ ਜਾਪਦਾ ਸੀ । ਉਹ ਗੱਲ ਗੱਲ ਤੇ ਉਸ ਦੇ ਸ਼ਰੀਰ ਨੂੰ ਛੋਹਣ ਦਾ ਬਹਾਨਾ ਕਰ
ਲੈਂਦੀ । ਓਸ ਵੇਲੇ ਓਲਗਾ ਦੀ ਉਮਰ ਕੇਵਲ ਵੀਹ ਸਾਲ ਦੀ ਸੀ । ਭਰ ਜਵਾਨੀ ਤੇ
ਕਹਿਰਾਂ ਦਾ ਨੂਰ । ਪਰ ਜਿਵੇਂ ਜ਼ੋਰਾਵਰ ਤੇ ਉਸ ਦਾ ਕੋਈ ਵੀ ਜਾਦੂ ਨਹੀ ਸੀ ਚੱਲ
ਰਿਹਾ। ਕੋਹੀਮਾ ਤੇ ਇਮਫਾਲ ਦੀਆਂ ਮੁਹਿੰਮਾਂ ਦਾ ਜ਼ਿਕਰ ਕਰਦਾ ਕਰਦਾ ਕਦੇ ਉਹ ਅਪਣੀ
ਪਤਨੀ ਬਾਰੇ ਦੱਸਣ ਲੱਗ ਪੈਂਦਾ ।
"ਮੇਰੇ ਵਿਆਹ ਨੂੰ ਤਿੰਨ ਵਰ੍ਹੇ ਹੋ ਗਏ । ਵਿਆਹ ਦੇ ਇਕ ਹਫਤੇ ਬਾਦ ਹੀ ਮੈਨੂੰ
'ਫਾਰਵਰਡ-ਏਰੀਏ' ਵਿਚ ਜਾਣਾ ਪੈ ਗਿਆ । ਮੈਂ ਸਤਵੰਤ ਨੂੰ ਬੜਾ 'ਮਿਸ' ਕਰਦਾ ਹੁੰਦਾ
ਸਾਂ ।ਤਿੰਨਾਂ ਸਾਲਾਂ ਵਿਚ, ਜੰਗ ਦੇ ਦੌਰਾਨ, ਅਸੀਂ ਕੁੱਲ ਤਿੰਨ ਹਫਤੇਹੀ ਇਕੱਠੇ
ਰਹਿ ਸਕੇ । ਅਸਲੀ 'ਹਨੀ-ਮੂਨ' ਤਾਂ ਅਸਾਂ 'ਜੰਗ-ਬੰਦੀ' ਹੋਣ ਉਪਰੰਤ ਮਨਾਇਆ । ਮੈਂ
ਉਸਨੂੰ ਮਸੂਰੀ ਅਤੇ ਨੈਨੀਤਾਲ ਲੈ ਕੇ ਗਿਆ । ਏਨਾ ਮਜ਼ਾ ਆਇਆ, ਏਨਾ 'ਇਨਜੌਏ' ਕੀਤਾ
। ਦਸ ਹਫਤਿਆਂ ਬਾਦ ਜਦੋਂ ਅਸੀਂ ਵਾਪਸ ਆਏ, ਉਹ ਕੱਚੀਆਂ ਅੰਬੀਆਂ ਮੰਗਣ ਲੱਗ ਪਈ ।"
ਉਸ ਨੇ ਹਸਦਿਆਂ ਹਸਦਿਆਂ ਅਪਣੀ ਪਤਨੀ ਦੀ ਫੋਟੋ ਵਿਖਾਈ ।
' ਕਿੰਨੀ ਕਿਸਮਤ ਵਾਲੀ ਹੈ ਇਹ ਕੁੜੀ ! ਇਸਦਾ ਰੰਗ ਤਾਂ ਮੇਰੇ ਨਾਲੋਂ ਵੀ ਗੋਰਾ
ਹੈ ।' ਓਲਗਾ ਸੋਚ ਰਹੀ ਸੀ । 'ਤਦੇ ਤਾਂ ਇਹ ਮੈਨੂੰ ਪੱਲਾ ਨਹੀ ਫੜਾ ਰਿਹਾ।'
ਅਗਲੇ ਹਫਤੇ ਉਸ ਦੀ ਦਾਦੀ ਦੇ ਨਿਮੰਤ੍ਰਣ ਤੇ ਓਲਗਾ ਉਸ ਨੂੰ ਝੀਲਾਂ ਦਾ ਰਮਣੀਕ
ਨਜ਼ਾਰਾ ਵੇਖਣ ਬਹਾਨੇ ' ਲੇਕ-ਡਿਸਟਰਿਕਟ' ਲੈ ਗਈ । ਦੋ ਤਿੰਨ ਝੀਲਾਂ ਦਾ ਭਰਮਣ ਕਰਨ
ਬਾਦ ਉਹ 'ਵਿੰਡਰਮੀਅਰ' ਪਹੁੰਚ ਗਏ । ਜ਼ੋਰਾਵਰ ਨੂੰ ਏਥੋਂ ਦੀ ਸੁੰਦਰਤਾ ਨੇ ਸਭ ਤੋਂ
ਵਧੇਰੇ ਪ੍ਰਭਾਵਿਤ ਕੀਤਾ । ਓਲਗਾ ਨੇ ਇਹ ਦ੍ਰਿਸ਼ ਪਹਿਲਾਂ ਵੀ ਕਈ ਵਾਰ ਵੇਖੇ ਸਨ।
ਪਰ ਜ਼ੋਰਾਵਰ ਦੇ ਸਾਥ ਵਿਚ ਉਸ ਨੂੰ 'ਡੈਫੋਡਿਲ-ਫੁੱਲਾਂ' ਦੀਆਂ ਕਿਆਰੀਆਂ ਹੋਰ ਵੀ
ਰੋਮਾਂਟਿਕ ਲੱਗ ਰਹੀਆਂ ਸਨ । ਉਹ ਤਿਤਲੀ ਵਾਂਗ ਅਠਖੇਲੀਆਂ ਕਰਦੀ, ਕਦੇ ਉਸਦੀ ਬਾਂਹ
ਖਿੱਚ੍ਹ ਕੇ ਪਹਾੜੀ ਤੇ ਚੜ੍ਹਨ ਲੱਗ ਪੈਂਦੀ । ਕਦੇ ਝੀਲ ਦੇ ਨਿਰਮਲ ਜਲ ਵਿਚ ਲੱਤਾਂ
ਝਟਕ ਝਟਕ ਕੇ ਉਸਤੇ ਛਿੱਟੇ ਪਾਂਦੀ। ਫੇਰ ਬਹਾਨੇ ਨਾਲ 'ਸੌਰੀ, ਸੌਰੀ' ਕਰਦੀ ਉਹਦਾ
ਮੂੰਹ ਪੂੰਝਦੀ ਹੋਈ ਅੱਖਾਂ ਵਿਚ ਝਾਕਣ ਦਾ ਯਤਨ ਕਰਦੀ । ਓਸ ਦਿਨ ਤਾਂ ਉਹ ਕੁਝ
ਵਧੇਰੇ ਹੀ ਮਸਤੀ ਪਈ ਸੀ । ਜਿਵੇਂ ਅਪਣੇ ਮਨ ਚਾਹੇ ਮੀਤ ਦੀ ਖੁਸ਼ੀ ਉਸ ਕੋਲੋਂ
ਸਾਂਭੀ ਨਹੀ ਸੀ ਜਾ ਰਹੀ ।
ਘਰ ਵਾਪਸ ਆਏ ਤਾਂ ਸ਼ਾਮ ਦੇ 'ਡਿਨਰ ਡਾਂਸ' ਲਈ ਉਸ ਦੇ 'ਅੰਕਲ' ਨੇ ਕਾਰ ਭੇਜ
ਦਿੱਤੀ । ਜ਼ੋਰਾਵਰ ਨੇ ਮਿਲਿਟਰੀ ਵਾਲੀ ਕਾਲੀ 'ਡਿਨਰ ਜੈਕਿਟ' ਤੇ
'ਸਟ੍ਰਾਈਪਡ-ਗ੍ਰੇ-ਪੈਂਟ' ਪਾਈ । ਓਲਗਾ ਨੇ ਉਚੇਚਾ ਅਪਣੀ 'ਬੈਲੇ-ਡਾਂਸ' ਵਾਲੀ,
ਵੱਡੇ ਘੇਰੇ ਦੀ ਸਫੈਦ 'ਨਾਈਲੋਨ ਸਕਰਟ' ਪਾਕੇ ਹਲਕੀ ਜਹੀ 'ਮੇਕ-ਅਪ' ਕੀਤੀ। ਨਿਰੀ
ਪਰੀ ਲਗਦੀ ਸੀ ।
'ਡਾਂਸ ਹਾਲ' ਵਿਚ ਪਹੁੰਚਦਿਆਂ ਏਸ ਆਕਰਸ਼ਕ ਜੋੜੇ ਨੂੰ ਕਿੰਨੀਆਂ ਅੱਖਾਂ ਨੇ
ਪ੍ਰਸੰਸਾ ਭਰੀਆਂ ਨਜ਼ਰਾਂ ਨਾਲ ਤੱਕਿਆ । 'ਡਾਂਸ-ਬੈਂਡ' ਕੋਈ ਰੋਚਕ 'ਸਪੈਨਿਸ਼' ਧੁਨ
ਵਜਾ ਰਿਹਾ ਸੀ । ਕੁਝ ਵਿਸਕੀ ਦਾ ਸਰੂਰ, ਕੁਝ ਦੋ ਯੁਵਕ ਸਰੀਰਾਂ ਦਾ ਸੰਗਮ ।
ਜ਼ੋਰਾਵਰ ਦੇ 'ਫੁਟ-ਵਰਕ' ਨੇ ਤਾਂ 'ਡਾਂਸ-ਹਾਲ' ਵਿਚ ਨਵੀਂ ਜਾਨ ਪਾ ਦਿੱਤੀ । 'ਚਾ
ਚਾ ਚਾ ਡਾਂਸ' ਕਰਦਿਆਂ ਜਦੋਂ ਉਹ ਓਲਗਾ ਨੂੰ ਅਪਣੀਆਂ ਬਾਂਹਾਂ ਦੁਆਲੇ ਭਮੀਰੀ ਵਾਂਗ
ਘੁਮਾਂਦਾ, ਕਿੰਨੇ ਨ੍ਰਿਤ ਕਰਦੇ ਜੋੜੇ ਉਹਨਾਂ ਵੱਲ ਅਵਾਕ ਤੱਕਣ ਲੱਗ ਜਾਂਦੇ । ਉਹ
ਵੀ ਇਕ ਪੁਤਲੀ ਵਾਂਗ ਉਸ ਨਾਲ ਐਂਜ ਝੂਮ ਰਹੀ ਸੀ , ਜਿਵੇਂ ਕਿਸੇ ਨੇ ਜਾਦੂ ਕੀਤਾ
ਹੋਵੇ ।
ਡਾਂਸ ਤੋਂ ਵਾਪਸ ਆਏ ਤਾਂ ਸਵੇਰ ਦਾ ਡੇਢ ਵੱਜ ਚੁੱਕਾ ਸੀ । ਓਲਗਾ ਦੀ ਦਾਦੀ
ਅਜੇ ਵੀ ਜਾਗਦੀ ਸੀ ।
" ਮੈਂ ਤੁਹਾਡੇ ਬੈਡ ਗਰਮ ਲਈ ਰਬੜ ਦੀਆਂ 'ਵਾਟਰ-ਬਾਟਲਜ਼ ' ਰੱਖ ਦਿੱਤੀਆਂ ਸਨ
।" ਉਸ ਨੇ ਬੂਹਾ ਖੋਲ੍ਹਦਿਆਂ ਹੀ ਦੋਹਾਂ ਨੂੰ ਦੱਸਿਆ । ਤੇ ਸ਼ੁਭ-ਰਾਤ੍ਰੀ ਕਹਿ ਕੇ
ਅਪਣੇ ਸੌਣ ਕਮਰੇ ਵੱਲ ਚਲੀ ਗਈ ।
' ਭੋਲੀਏ ਦਾਦੀਏ ! ਜੋ ਇਸ਼ਕ ਚੁਆਤੀ ਮੇਰੀ ਹਿੱਕ ਅੰਦਰ ਮਘੀ ਜਾਂਦੀ ਹੈ ,
ਮੈਨੂੰ ਅੱਜ ਕਿਸੇ ਬਨੌਟੀ ਸੇਕ ਦੀ ਲੋੜ ਨਹੀ ਭਾਸ ਰਹੀ ।' ਸੋਚਦੀ ਤੇ ਮੁਸਕਰਾਂਦੀ
ਓਲਗਾ, ਜ਼ੋਰਾਵਰ ਦਾ ਹੱਥ ਫੜ ਕੇ ਉਪਰ ਲੈ ਗਈ । ਡਾਂਸ ਦੀ ਥਕਾਵਟ, ਡਰਿੰਕ ਦਾ ਨਸ਼ਾ
ਅਤੇ ਪਾਰਸਪ੍ਰਿਕ ਨੇੜਤਾ ਦਾ ਸਰੂਰ, ਦੋਵੇਂ ਕੁਝ ਇਸ ਤਰਾਂ ਆਪਸ ਵਿਚ ਅਭੇਦ ਹੋਏ ਕਿ
ਆਪੋ ਆਪਣੇ ਬੈਡਰੂਮ ਵਿਚ ਜਾਣ ਦੀ ਸੁਧ ਹੀ ਨਾ ਰਹੀ । ਤੜਕੇ ਜ਼ੋਰਾਵਰ ਦੀ ਅੱਖ
ਖੁੱਲ੍ਹੀ । ਉਸ ਦੇ ਤਨ ਤੇ ਰਾਤ ਵਾਲਾ 'ਡਾਂਸ- ਡ੍ਰੈਸ' ਅਜੇ ਵੀ ਓਸੇ ਤਰਾਂ ਪਾਇਆ
ਹੋਇਆ ਵੇਖ ਕੇ ਉਹ ਮੁਸਕਰਾਇਆ । ਓਲਗਾ ਉਸ ਦੇ ਪਲੰਘ ਤੇ ਨਿਰ-ਵਸਤਰ ਦਸ਼ਾ ਵਿਚ ਉਸ
ਦੁਆਲੇ ਬਾਂਹਾਂ ਵਲੀ ਸੁੱਤੀ ਪਈ ਸੀ । ਉਸ ਦੇ ਚੇਹਰੇ ਤੇ ਇਕ ਪ੍ਰਸੰਨਤਾ ਭਰੀ
ਸ਼ਾਂਤੀ ਸੀ, ਜਿਵੇਂ ਉਸ ਦਾ ਯੋਗ-ਤਪ ਸੰਪੂਰਣ ਹੋ ਗਿਆ ਹੋਵੇ ।
'ਸ਼ੁਕਰ ਹੈ ਮਾਲਕਾ! ਏਨੀ ਉਤੇਜਨਾ ਭਰੀ ਇਸਥਿਤੀ ਵਿਚ ਵੀ ਤੂੰ ਮੇਰੀ ਲਾਜ ਰੱਖੀ
। ਕੀ ਇਹ ਨਿਤਨੇਮ ਦਾ ਪ੍ਰਤਾਪ ਸੀ ਜਾਂ ਮਦਿਰਾ ਦੀ ਬੇਹੋਸ਼ੀ ?' ਉਸ ਨੂੰ ਕੁਝ ਵੀ
ਸਮਝ ਨਹੀ ਸੀ ਆ ਰਿਹਾ। ਬੱਸ ਏਹੋ ਸਚ ਸੀ ਕਿ ਇਕ ਹੋਰ ਜੋਗਾ ਸਿੰਘ ਦੀ ਥਾਂ, ਜ਼ੋਰਾ
ਸਿੰਘ ਨੂੰ ਕਿਸੇ ਦੈਵੀ ਸ਼ਕਤੀ ਨੇ ਹੱਥ ਦੇ ਕੇ ਰੱਖ ਲਿਆ । ਸਤਵੰਤ ਦੀ ਸ਼ਕਲ ਉਸ
ਦੀਆਂ ਅੱਖਾਂ ਅੱਗੇ ਘੁੰਮ ਰਹੀ ਸੀ, ਅਤੇ ਓਲਗਾ ਤੇ ਓਸ ਨੂੰ ਤਰਸ ਆ ਰਿਹਾ ਸੀ ।
"ਕੈਸੀ ਰਹੀ ਤੁਹਾਡੀ ਕਲ੍ਹ ਦੀ ਸ਼ਾਮ ?" ਸਵੇਰੇ ਦਾਦੀ ਜੀ ਨੇ ਬ੍ਰੇਕਫਾਸਟ ਦੀ
ਮੇਜ਼ ਤੇ ਚਾਹ ਦੀ ਕੇਟਲੀ ਰਖਦਿਆਂ ਪੁੱਛਿਆ ।
"ਸੁਪਰ ।" ਦੋਵੇਂ ਇਕ ਦੂਸਰੇ ਵਲ ਤਕਦੇ, ਮੁਸਕਰਾਂਦੇ ਇਕੇ ਸਾਥ ਬੋਲ ਪਏ ।
ਓਲਗਾ ਨੇ ਟੋਸਟ ਤੇ ਜਾਮ ਲਗਾ ਕੇ ਜ਼ੋਰਾਵਰ ਨੂੰ ਇਕ ਚੱਕ ਵੱਢਣ ਲਈ ਦਿੱਤਾ ਤੇ
ਬਾਕੀ ਆਪਣੇ ਮੂੰਹ ਵਿਚ ਪਾ ਲਿਆ। ਦਾਦੀ ਨੇ ਅਪਣੀ ਪੋਤ੍ਰੀ ਨੂੰ ਚਿਰਾਂ ਪਿਛੋਂ ਏਨਾ
ਪ੍ਰਸੰਨ ਵੇਖਿਆ ਸੀ । ਉਸਦੇ ਮਾਂ ਬਾਪ ਦੀ ਅਚਾਨਕ ਮ੍ਰਿਤੂ ਪਿਛੋਂ ਅੰਕਲ ਅਤੇ ਦਾਦੀ
ਨੇ ਹੀ ਉਸ ਦੀ ਦੇਖ ਰੇਖ ਕੀਤੀ ਸੀ । ਪਰ ਉਸ ਦੀ ਰੂਹ ਦਾ ਕੋਈ ਪਿਆਰ ਵਿਹੂਣਾ
ਖੂੰਜਾ ਅਜੇ ਵੀ ਖਾਲੀ ਸੀ ।
"ਅੱਜ ਕਿਥੇ ਜਾਣ ਦਾ ਪਲਾਨ ਹੈ ?"
"ਮੈਂ ਮਸ਼ਹੂਰ ਅੰਗਰੇਜ਼ ਕਵੀ 'ਵਰਡਜ਼ਵਰਥ' ਦਾ ਸਥਾਨ ਵੇਖਣਾ ਚਾਹੁੰਦਾ ਹਾਂ
।"ਜ਼ੋਰਾਵਰ ਨੇ ਇੱਛਾ ਜ਼ਾਹਰ
ਕੀਤੀ ।
"ਰੀਅਲੀ ! ਇਕ ਫੌਜੀ ਹੋ ਕੇ ਤੁਸੀਂ ਵੀ ਸਾਹਿਤ ਵਿਚ ਰੁਚੀ ਰਖਦੇ ਹੋ ?" ਦਾਦੀ
ਨੇ ਅਚੰਭਤ ਹੋ ਕੇ ਪੁਛਿਆ ।
" ਹਾਂ ਮੈਨੂੰ ਵੀ 'ਇੰਗਲਿਸ਼ ਪੋਇਮਜ਼' ਲਿਖਣ ਦਾ ਸ਼ੋਕ ਹੈ ।"
ਓਲਗਾ ਨੇ ਜ਼ੋਰਾਵਰ ਦੁਆਲੇ ਬਾਂਹ ਕੱਸ ਕੇ ਪ੍ਰਸੰਸਾ ਭਰੀ ਚੰਬਣ ਉਸ ਦੀ ਗਲ੍ਹ ਤੇ
ਛਾਪ ਦਿਤੀ ।"ਕੀ ਮੈਂ ਤੇਰੀ ਕੋਈ ਰਚਨਾ ਸੁਣ ਸਕਦੀ ਹਾਂ ? ਦਾਦੀ ਜੀ ਵੀ ਲਿਖਦੇ ਨੇ
।"
"ਮੇਰੀ ਲੇਖਣੀ ਇਹਨਾਂ ਦੇ ਮੁਕਾਬਲੇ ਵਿਚ......।" ਉਹ ਕੁਝ ਸ਼ਰਮਾ ਕੇ ਬੋਲਿਆ ।
" ਹੁਣ ਤਾਂ ਤੈਨੂੂੰ ਸੁਨਾਣੀ ਪਵੇਗੀ ।" ਉਸ ਨੇ ਜ਼ਿਦ ਕੀਤੀ ।
"ਤੁਸੀਂ ਮਜ਼ਾਕ ਤਾਂ ਨਹੀ ਉੜਾਓਗੇ ?"
"ਕਮ ਆਨ ਸਨ', ਕਵਿਤਾ ਤਾਂ ਉਹ ਲਿਖਦੈ ਜਿਸ ਨੂੰ ਜ਼ਿੰਦਗੀ ਨਾਲ ਇਸ਼ਕ ਹੁੰਦੈ ।
ਇਹ ਤਾਂ ਰੱਬ ਦੀ ਇਕ ਐਸੀ ਦਾਤ ਹੈ ਜੋ ਹਰ ਕਿਸੇ ਦੇ ਹਿੱਸੇ ਨਹੀ ਆਂਦੀ ।"
" ਤਾਂ ਸੁਣੋ ਮੇਰੀ ਇਕ 'ਲਵ- ਲਿਰਿਕ ।
ਪ੍ਰਿਯ ! ਇਕ ਵਾਰ ਤਾਂ ਆਪਣੀਆਂ ਫਰਿਸ਼ਤੇ ਜਹੀਆਂ ਨਜ਼ਰਾਂ ਨਾਲ ਤੱਕ, ਕਿ ਮੈਨੂੰ
ਤੇਰੇ ਨਾਲ ਕਿੰਨਾ ਤੇਹ ਹੋ ਗਿਆ ਹੈ । ਮੇਰਾ ਦਿਲ ਇਕ ਪ੍ਰਫੁਲਤ ਹੋ ਰਹੇ ਪੁਸ਼ਪ
ਵਾਂਗ ਹੈ । ਵੇਖੀਂ ਇਹ ਕਿਧਰੇ ਕੁਮਲਾ ਨਾ ਜਾਏ । ਪਰ ਜੇ ਤੂੰ ਇਸ ਨੂੰ ਅਪਣੇ ਦਿਲ
ਵਿਚ ਥਾਂ ਨਾਂ ਦੇ ਸਕੀ, ਤਾਂ ਕੁਝ ਚਿਰ ਲਈ ਇਸ ਨੂੰ ਅਪਣੇ ਪੱਲੂ ਵਿਚ ਬੰਨ੍ਹ
ਰੱਖੀਂ, ਕਿਧਰੇ ਇਸ ਦੀ ਸਾਰ ਲੈਣ ਲਈ ਤੇਰਾ ਜੀ ਕਰ ਆਵੇ ।"
ਓਲਗਾ ਸੁਣਦੀ ਸੁਣਦੀ ਸੋਚ ਰਹੀ ਸੀ,' ਕਾਸ਼ ਇਹ ਸ਼ਬਦ ਉਸ ਲਈ ਲਿਖੇ ਹੁੰਦੇ ।'
ਅਗਲੇ ਹਫਤੇ ਉਹ ਲੰਡਨ ਪਰਤ ਆਏ । ਜ਼ੋਰਾਵਰ ਦਾ ਮਰਯਾਦਾ ਪੂਰਵਕ ਜੀਵਨ, ਅੰਮ੍ਰਿਤ
ਵੇਲੇ ਉਠ ਕੇ ਕਸਰਤ ਕਰਨਾ, ਇਸ਼ਨਾਨ ਉਪਰੰਤ ਨਿਯਮ ਨਾਲ ਪਾਠ ਕਰਨਾ । ਅਪਣੀ ਰੈਜਮੈਂਟ
ਦੇ ਜਵਾਨਾਂ ਪ੍ਰਤੀ ਆਦਰ ਅਤੇ ਬਰਾਬਰੀ ਨਾਲ ਪੇਸ਼ ਆਣਾ । ਓਲਗਾ ਤੇ ਉਸਦੀ ਸ਼ਖਸੀਅਤ
ਦਾ ਏਨਾ ਪ੍ਰਭਾਵ ਪਿਆ, ਉਹ ਹਰ ਵਕਤ ਓਸੇ ਬਾਰੇ ਹੀ ਸੋਚਦੀ ਰਹਿੰਦੀ । ਦਿਲ ਦਾ ਏਨਾ
ਸਾਫ, ਸਤਵੰਤ ਨੂੰ ਖ਼ਤ ਲਿਖਦਾ ਤਾਂ ਉਸ ਦੇ ਕਹਿਣ ਤੇ ਸਾਰਾ ਖ਼ਤ ਪੜ੍ਹ ਕੇ ਸੁਣਾ
ਦੇਂਦਾ ।
ਇਕ ਸੰਡੇ ਉਹ ਸਵਖਤੇ ਹੀ ਜ਼ੋਰਾਵਰ ਕੋਲ ਆ ਪਹੁੰਚੀ । ਉਹ ਹੁਣੇ ਹੁਣੇ
ਬ੍ਰੇਕਫਾਸਟ ਕਰ ਕੇ ਹਟਿਆ ਸੀ।
"ਕੀ ਗੱਲ ਹੈ, ਅਜ ਬੜੀ ਖੁਸ਼ ਨਜ਼ਰ ਆ ਰਹੀ ਹੈਂ?"
"ਹਾਂ, ਕੁਝ ਗੱਲ ਹੀ ਐਸੀ ਹੈ ।"
"ਮੈਨੂੰ ਨਹੀ ਦਸਣੀ ?"
"ਤੇਰੇ ਬਾਰੇ ਤਾਂ ਗੱਲ ਹੈ ।"
"ਮੇਰੇ ਬਾਰੇ ? ਐਸੀ ਕਿਹੜੀ ਗੱਲ ਜੋ ਮੈਨੂੰ ਨਹੀ ਪਤਾ ।"
"ਕਲ੍ਹ ਰਾਤੀਂ ਤੂੰ ਫੇਰ ਮੇਰੇ ਸੁਫਨੇ ਵਿਚ ਆਇਆ ।"
"ਫੇਰ ?"
"ਮੈਨੂੰ ਸੰਗ ਆਂਦੀ ਹੈ ।ਪਰ......ਯੂ ਵਰ ਗਰੇਟ ।" ਕਹਿੰਦੀ ਕਹਿੰਦੀ ਦੀਆਂ
ਅੱਖਾਂ ਹੋਰ ਵੀ ਚਮਕ ਪਈਆਂ ਤੇ ਉਹ ਘੁਟ ਕੇ ਉਸ ਦੇ ਨਾਲ ਲਗ ਗਈ ।
"ਤੂੰ ਬੜੀ ਖਚਰੀ ਹੈਂ । ਮੇਰਾ ਸਤ ਭੰਗ ਕਰਨ ਦੀ ਤੂੰ ਆਪਣੇ ਵੱਲੋਂ ਪੂਰੀ ਵਾਹ
ਲਾਈ । ਓਲਗਾ, ਤੂੰ ਸੁਫਨੇ ਲੈਣੇ ਛੱਡ ਦੇਹ ।" ਉਹ ਗੰਭੀਰ ਹੋ ਕੇ ਬੋਲਿਆ ।
" ਇਹ ਕੋਈ ਵਸ ਦੀ ਗਲ ਹੈ ? ਪਤਾ ਨਹੀ ਪਹਿਲੇ ਦਿਨ ਤੋਂ ਹੀ ਮੈਂ ਪਰੇਡ ਵਿਚ
ਵੇਖ ਕੇ, ਤੈਨੂੰ ਅਪਣੇ ਅੰਦਰਕਿਓਂ ਵਸਾਈ ਬੈਠੀ ਹਾਂ । ਜ਼ੋਰਾਵਰ! ਮੇਰਾ ਤੇਰੇ ਤੇ
ਕੋਈ ਜ਼ੋਰ ਤਾਂ ਨਹੀ, ਪਰ ਕੀ ਤੂੰ ਸਤਵੰਤ ਦੇ ਹੁੰਦਿਆਂ ਮੈਨੂੰ ਨਹੀ ਅਪਣਾ ਸਕਦਾ ?"
" ਨਹੀ ਓਲਗਾ, ਇਹ ਜਨਮ ਤਾਂ ਸਤਵੰਤ ਦੇ ਲੇਖੇ ਲੱਗ ਗਿਆ। ਉਸ ਦੀ ਥਾਂ ਹੋਰ ਕੋਈ
ਨਹੀ ਲੈ ਸਕਦਾ। ਮੈਨੂੰ ਗ਼ਲਤ ਨਾਂ ਸਮਝੀਂ ਮੇਰੀ ਦੋਸਤ ! ਮੈਂ ਪੱਥਰ ਦਿਲ ਨਹੀ ਹਾਂ
। ਤੂੰ ਮੈਨੂੰ ਬਹੁਤ ਚੰਗੀ ਲਗਦੀ ਹੈਂ । ਤੇਰੇ ਹਰ ਇਕ ਜਜ਼ਬੇ ਦੀ ਕਦਰ ਕਰਨ ਲਈ
ਮੇਰਾ ਦਿਲ ਵੀ ਤਾਂਘਦੈ । ਸਾਡਾ ਮਿਲਾਪ ਇਕ 'ਪ੍ਰੀ- ਡੈਸਟਿੰਡ' ਘਟਨਾਂ ਸੀ । ਸ਼ਾਇਦ
ਅਸੀਂ ਪਿਛਲੇ ਜਨਮ ਵਿਚ....... ।" ਤੇ ਉਹ ਭਾਵੁਕ ਹੋ ਉਠਿਆ । ਓਲਗਾ ਉਸ ਨੂੰ
ਚਿੰਬੜ ਕੇ ਕਿੰਨਾ ਚਿਰ ਹੀ ਜ਼ਾਰ ਜ਼ਾਰ ਰੋਂਦੀ ਰਹੀ ।
ਓਹ ਦੋਹਾਂ ਦੀ ਆਖਰੀ ਮੁਲਾਕਾਤ ਸੀ । ਜ਼ੋਰਾਵਰ ਨੇ ਵਾਪਸ ਜਾਣਾ ਸੀ, ਚਲਾ ਗਿਆ ।
ਉਸ ਦੇ ਕੁਝ ਸਮੇਂ ਦਾ ਸਾਥ, ਓਲਗਾ ਦੀ ਸਿਮ੍ਰਤੀ ਤੇ ਗਹਿਰਾ ਨਿਸ਼ਾਨ ਛੱਡ ਗਿਆ ।
ਕਿੰਨੇ ਸਾਲਾਂ ਤਕ ਉਹਨਾਂ ਚਿਠੀ ਪੱਤ੍ਰ ਰਾਹੀਂ ਸੰਬੰਧ ਕਾਇਮ ਰਖਣ ਦਾ ਯਤਨ ਕੀਤਾ ।
ਪਰ ਸਮੇਂ ਦੇ ਵੇਗ ਕਾਰਣ, ਉਹ ਯਾਦਾਂ ਕੇਵਲ ਇਕ ਨਕਸ਼ੇ ਦੀਆਂ ਲਕੀਰਾਂ ਬਣਕੇ ਰਹਿ
ਗਈਆਂ ।
ਪਿਛਲੇ ਪੰਜ ਸਾਲਾਂ ਵਿਚ, ਕਿੰਨੇ ਹੀ ਸੁਨੱਖੇ ਮਰਦਾਂ ਨਾਲ ਓਲਗਾ ਦਾ ਮੇਲ ਜੋਲ
ਹੋਇਆ। ਪਰ ਕਦੇ ਕਿਸੇ ਨੂੰ ਚਾਹੁਣ ਦੀ ਸੀਮਾ ਤਕ ਉਸਦਾ ਕੋਈ ਵੀ ਰਿਸ਼ਤਾ ਨਾ ਜੁੜ
ਸਕਿਆ । ਕਈ ਵਾਰੀ ਉਸ ਨੂੰ ਅਪਣੇ ਬਾਰੇ ਸ਼ਕ ਹੋਣ ਲਗ ਪੈਂਦਾ, ਕਿਧਰੇ ਉਸ ਨੂੰ ਕੋਈ
ਸ਼ੁਦਾ ਤਾਂ ਨਹੀ ਹੋ ਗਿਆ । ਪਰ ਸਾਈਕਾਇਟ੍ਰਿਸਟ ਨੇ ਉਸ ਦੀਆਂ ਮਨੋ-ਵਰਿਤੀਆਂ ਦੀ
ਜਾਂਚ ਕਰਕੇ ਦੱਸਿਆ ਕਿ 'ਕਦੀ ਕਦੀ ਕਈ ਇਨਸਾਨੀ ਰਿਸ਼ਤੇ ਏਨਾ ਡੂੰਘਾ ਅਸਰ ਕਰ ਜਾਂਦੇ
ਹਨ, ਕਿ ਹਰ ਕੋਈ ਨਵਾਂ ਵਿਅਕਤੀ ਓਸ ਇਮੇਜ ਤਕ ਨਹੀ ਅੱਪੜ ਸਕਦਾ । ਸ਼ਾਇਦ ਉਸ ਦੀ
ਢੂੰਡ ਅਜੇ ਪੂਰੀ ਹੋਣੀ ਬਾਕੀ ਸੀ ।'
ਲਿਵਰਪੂਲ ਜਾ ਕੇ ਉਸ ਨੇ ਬ੍ਰਿਟਿਸ਼ ਕਾਊਂਸਿਲ ਅਤੇ ਯੂਨੀਵਰਸਿਟੀ ਵਿਚ, ਥਾਂ ਥਾਂ
ਫੋਨ ਕਰਕੇ ਉਸ ਫੋਟੋ ਵਾਲੇ ਸਰਦਾਰ ਬਾਰੇ ਪੁੱਛ ਗਿੱਛ ਕੀਤੀ । ਪਰ ਕਈ ਹਫਤਿਆਂ ਤਕ
ਕੋਈ ਪਤਾ ਨਾ ਲਗ ਸਕਿਆ ।
ਇਕ ਦਿਨ ਉਸ ਦੀ ਇੰਡੀਅਨ ਸਹੇਲੀ ਰਾਸ਼ਮੀ ਦਾ 'ਕਾਲ' ਆਇਆ ।" ਓਲਗਾ! ਮੈਂ ਉਸ
ਫੋਟੋ ਵਾਲੇ ਯੁਵਕ ਦਾ ਪਤਾ ਕਰ ਲਿਆ ਹੈ । ਉਸ ਦਾ ਨਾਂ ਹਰਬੰਸ ਹੈ । ਮੈਡੀਕਲ
ਸਟੂਡੈਂਟ ਹੈ । ਇਹ ਲੋਕ ਅਗਲੇ ਹਫਤੇ, ਵਿਸਾਖੀ ਤੇ ਡਿਨਰ ਪਾਰਟੀ ਅਰੇਂਜ ਕਰ ਰਹੇ
ਹਨ । ਭੰਗੜਾ, ਬਾਲਰੂਮ ਡਾਂਸ ਕਿੰਨਾ ਕੁਝ ਹੋਵੇਗਾ । ਮੈਂ ਫੇਰ ਫ਼ੋਨ ਕਰਾਂ ਗੀ ।"
ਮਿਥੇ ਹੋਏ ਦਿਨ, ਓਲਗਾ ਯੂਨੀਵਰਸਿਟੀ ਦੇ ਕਲਚਰਲ ਹਾਲ ਵਿਚ ਸਮੇਂ ਸਿਰ ਪਹੁੰਚ
ਗਈ । ਇਕ 'ਲਾਈਵ ਬੈਂਡ', ਜੈਜ਼ ਦਾ ਸੰਗੀਤ ਵਜਾ ਰਿਹਾ ਸੀ । ਉਸ ਦੀਆਂ ਅੱਖਾਂ ਕਿਸੇ
ਪੱਗ ਵਾਲੇ ਵਿਅਕਤੀ ਦੀ ਤਲਾਸ਼ ਕਰ ਰਹੀਆਂ ਸਨ । ਕਿੰਨਾ ਚਿਰ ਖਲੋ ਕੇ ਉਹ ਬਾਰ ਵੱਲ
ਚਲੀ ਗਈ ਤੇ ਅਪਣੀ ਡਰਿੰਕ ਲੈਕੇ ਇਕ ਟੇਬਲ ਲਾਗੇ, ਇਕਲਵੰਜੇ ਬੈਠ ਗਈ । ਗੈਸਟਾਂ
ਵਿਚ ਅਧਿਕ ਲੜਕੇ ਇੰਡੀਅਨ ਸਨ। ਕੁੜੀਆਂ ਵਧੇਰੇ ਅੰਗ੍ਰੇਜ਼, ਕੁਝ ਅਫਰੀਕਨ। ਇਕ ਟੇਢੇ
ਚੀਰ ਵਾਲਾ ਗਭਰੂ, 'ਨੇਵੀ -ਬਲਿਊ' ਜੈਕਿਟ ਪਾਈ, ਕਾਫੀ ਸਰਗਰਮ ਲੱਗ ਰਿਹਾ ਸੀ। ਕਦੇ
ਉਹ ਪਰਵੇਸ਼ ਦਵਾਰ ਵੱਲ ਕਿਸੇ ਨੂੰ ਵੇਖਣ ਚਲਾ ਜਾਂਦਾ। ਵਾਪਸ ਆ ਕੇ ਕਿਸੇ ਹੋਰ ਨਵੀਂ
ਕੁੜੀ ਨਾਲ ਡਾਂਸ ਕਰਨ ਲੱਗ ਪੈਂਦਾ । ਓਸ ਅੱਧੇ ਘੰਟੇ ਵਿਚ, ਇਕ ਸ਼ਹਿਦ ਦੀ ਮੱਖੀ
ਵਾਂਗ ਉਸ ਨੇ ਕੋਈ ਚਾਰ, ਪੰਜ 'ਂਿਨ੍ਰਤ ਸਾਥਣਾਂ' ਨੂੰ ਬਦਲਿਆ । ਇਕ ਅਫਰੀਕਨ ਕੁੜੀ
ਨੇ ਤਾਂ ਉਸ ਨਾਲ ਨੱਚਣ ਤੋਂ ਨਾਂਹ ਵੀ ਕਰ ਦਿਤੀ । ਵਿਚਾਰਾ ਸ਼ਰਮਿੰਦਾ ਹੋਇਆ ਆਪਣੀ
ਸੀਟ ਤੇ ਜਾ ਕੇ ਸਿਗਰੇਟ ਫੂਕਣ ਲੱਗ ਪਿਆ । ਏਨੇ ਵਿਚ ਰਾਸ਼ਮੀ ਅਪਣੇ ਪਤੀ ਨਾਲ ਆ
ਪਹੁੰਚੀ ।
"ਹੈਲੋ ਓਲਗਾ! ਸੌਰੀ ਯਾਰ ਕੁਝ ਦੇਰ ਹੋ ਗਈ ।"
"ਇਟ ਇਜ਼ ਓ ਕੇ ।" ਉਹ ਉਸਦੇ ਪਤੀ ਨੂੰ ਵੇਖ, ਸਿਰ ਹਿਲਾ ਕੇ ਮੁਸਕਰਾਈ ।
"ਹਰਬੰਸ ਨੂੰ ਮਿਲੀ ਕਿ ਨਹੀ ?"
"ਅਜੇ ਤਕ ਤਾਂ ਨਹੀ ਦਿਸਿਆ ।"
"ਔਹ ਕੌਣ ਬੈਠਾ ਹੈ ?" ਉਸ ਨੇ 'ਨੇਵੀ ਬਲਿਊ' ਜੈਕਿਟ ਵਾਲੇ ਯੁਵਕ ਵੱਲ ਇਸ਼ਾਰਾ
ਕੀਤਾ । " ਅੱਛਾ! ਤਦੇ ਨਹੀਂ ਤੂੰ ਪਛਾਣਿਆ। ਉਸ ਨੇ ਪਿਛਲੇ ਹਫਤੇ ਹੀ ਵਾਲ ਕਟਾਏ
ਨੇ । ਵੇਖ ਤਾਂ ਸਹੀ, ਕਿੰਨਾ ' ਹੈਂਡਸਮ ' ਲਗਦੈ । ਲੈ ਤੈਨੂੰ ਮਿਲਾਵਾਂ ।"
ਤੇ ਓਹ ਹਰਬੰਸ ਨੂੰ ਬਾਂਹੋਂ ਖਿਚ ਕੇ ਓਲਗਾ ਕੋਲ ਲੈ ਆਈ । "ਮੀਟ ਆਵਰ ਫਰੈਂਡ,
ਹਰਬੰਸ ਸਿੰਘ ।" ਉਹ ਜਾਣ ਪਛਾਣ ਕਰਾਂਦਿਆਂ ਬੋਲੀ । ਹਰਬੰਸ ਨੇ 'ਸ਼ੇਕ- ਹੈਂਡ' ਕਰਨ
ਲਈ ਹਥ ਵਧਾਇਆ ।
' ਨਹੀ, ਨਹੀ ! ਇਹ ਓਹ ਹਰਬੰਸ ਸਿੰਘ ਨਹੀ ਹੋ ਸਕਦਾ, ਜਿਸ ਨੂੰ ਮੈਂ ਜ਼ੋਰਾਵਰ
ਦਾ ਸਥਾਨ ਦੇਣਾਂ ਚਾਹੁੰਦੀ ਸਾਂ। ਮੈਂ ਤਾਂ ਕਿਸੇ ਹੋਰ 'ਪ੍ਰਿੰਸ-ਚਾਰਮਿੰਗ' ਦੀ
ਤਲਾਸ਼ ਵਿਚ ਆਈ ਸਾਂ । ਜਿਸ ਵਿਚ ਉਸ ਜੇਹੀ ਸ਼ਾਨ ਹੋਵੇ । ਉਸ ਵਰਗੀ ਸ਼ਖਸੀਅਤ,
ਕਿਰਦਾਰ ਦੀ ਉੱਚਤਾ । ਉਹ ਆਚਰਣ ਤਾਂ ਓਸੇ ਮਹਿਬੂਬ ਵਿਚ ਹੀ ਸੀ। ਇਹ ਤਾਂ ਕੋਈ
ਬਹਿਰੂਪੀਆ ਲਗਦੈ, ਇਕ ਸ਼ਹਿਦ ਦੀ ਮੱਖੀ ।
ਸੋਚਦਿਆਂ ਸੋਚਦਿਆਂ, ਓਲਗਾ ਨੇ ਹਰਬੰਸ ਨਾਲ ਹੱਥ ਮਿਲਾਣ ਦੀ ਥਾਂ ਕੇਵਲ ਹੱਥ
ਜੋੜ ਦਿੱਤੇ ਅਤੇ ਮੂੰਹ ਭੁਆ ਲਿਆ । ਉਹ ਜਾਣਦੀ ਸੀ, ਇੰਜ ਕਰਨਾ ਸ਼ਿਸ਼ਟਾਚਾਰ ਦੇ
ਅਨਕੂਲ ਨਹੀ, ਐਪਰ ਆਪਣੇ ਦਿਲ ਹੱਥੋਂ ਮਜਬੂਰ ਸੀ |