ਉਸ
ਨੂੰ ਉਹਨਾਂ ਦੇ ਘਰ ਰਹਿੰਦਿਆਂ ਇਕ ਹਫ਼ਤਾ ਹੋ ਗਿਆ ਸੀ। ਪਰ ਦੀਪਾਂ ਨੂੰ ਇਹ ਨਹੀ ਸੀ
ਪਤਾ ਲੱਗਾ ਕਿ ਉਹ ਕੌਣ ਹੈ ਤੇ ਕਿਥੋਂ ਆਇਆ ਹੈ। ਪਤਾ ਵੀ ਕਿਥੋ ਲੱਗਣਾ ਸੀ। ਉਹ
ਕਾਫੀ ਖਾਮੋਸ਼ ਕਿਸਮ ਦਾ ਬੰਦਾ ਸੀ ਕਿਤੇ ਕਿਤੇ ਥੋੜੀ ਬਹੁਤੀ ਹੀ ਗੱਲ ਕਰਦਾ ਸੀ।
ਸਵੇਰੇ ਤੜਕੇ ਹੀ ਉੱਠ ਖੜ੍ਹਦਾ, ਇਸ਼ਨਾਨ ਕਰਕੇ ਪਾਠ ਕਰਨ ਲੱਗ ਜਾਂਦਾ। ਜਦੋ ਦੀਪਾਂ
ਦੇ ਬੀਜੀ ਹੇਵੇਲੀ ਤੋਂ ਮੱਝਾਂ ਚੋ ਕੇ ਵਾਪਸ ਆਉਂਦੇ ਤਾਂ ਉਹ ਚੁੱਲ੍ਹੇ ਮੁਹਰੇ
ਬੈਠਾ ਅੱਗ ਬਾਲਦਾ ਹੁੰਦਾ। ਹੌਲੀ ਹੌੋਲੀ ਉਹ ਬੀਜੀ ਨਾਲ ਗੱਲ ਬਾਤ ਕਰਨ ਲੱਗ ਪਿਆ
ਸੀ। ਹੁਣ ਦੀਪਾਂ ਦੇ ਬੀਜੀ ਉਸ ਨੂੰ ਰਾਤ ਦਾ ਜਮਾਇਆ ਦੁੱਧ ਚਾਟੀ ਵਿਚ ਪਾ ਦਿੰਦੇ,
ਤੇ ਉਹ ਮਧਾਣੀ ਫੇਰਨ ਲੱਗ ਜਂਾਦਾ ਨਾਲ ਨਾਲ ਬਾਣੀ ਪੜ੍ਹਦਾ। ਜਦ ਤਕ ਘਰ ਦਾ ਬਾਕੀ
ਟੱਬਰ ਉੱਠਦਾ, ਉਹ ਦੁਬਾਰਾ ਆਪਣੇ ਕਮਰੇ ਵਿਚ ਜਾ ਚੁੱਕਾ ਹੁੰਦਾ। ਬਸ ਫਿਰ ਤਾਂ ਉਹ
ਸਾਰੀ ਦਿਹਾੜੀ ਕਮਰੇ ਵਿਚ ਹੀ ਬਿਤਾਂਦਾ। ਆਢ-ਗੁਆਂਡ ਵਿਚ ਤਾਂ ਕਿਸੇ ਨੂੰ ਵੀ ਨਹੀ
ਪਤਾ ਸੀ ਕਿ ਦੀਪਾਂ ਦੇ ਘਰ ਟੱਬਰ ਤੋ ਛੁਟ ਕੋਈ ਹੋਰ ਬੰਦਾ ਵੀ ਹੈ। ਦੀਪਾਂ ਦੇ
ਦਾਦੀ ਜੀ ਦਾ ਤਾਂ ਉਹ ਕਾਫੀ ਚਹੇਤਾ ਬਣ ਗਿਆ ਸੀ। ਦਾਦੀ ਜੀ ਦੀ ਨਿਗਾਹ ਘੱਟ ਹੋਣ
ਕਰਕੇ, ਪਾਠ ਕਰਨ ਵਿਚ ਉਹਨਾਂ ਨੂੰ ਮੁਸ਼ਕਲ ਹੁੰਦੀ ਤਾਂ ਉਹ ਸੁਖਮਨੀ ਸਾਹਿਬ ਦਾ ਪਾਠ
ਕਰਕੇ ਉਹਨਾਂ ਨੂੰ ਸੁਣਾ ਦਿੰਦਾ। ਦੀਪਾਂ ਨੂੰ ਦਾਦੀ ਜੀ ਤੋ ਹੀ ਪਤਾ ਲੱਗਾ ਕਿ ਉਹ
ਉਹਨਾ ਦੀ ਦੂਰ ਦੀ ਰਿਸ਼ਤੇਦਾਰੀ ਵਿਚੋਂ ਹੈ। ਜਿਸ ਦਾ ਪਿੰਡ ਪਾਕਿਸਤਾਨ ਦੇ ਬਾਡਰ ਦੇ
ਲਾਗੇ ਹੈ ਅਤੇ ਉਹ ਲੁਧਿਆਣੇ ਐਗਰੀਕਲਚਰ ਯੂਨੀਵਰਸਟੀ ਵਿਚ ਐੈੇਮ.ਐੈੇਸ.ਸੀ. ਕਰ
ਰਿਹਾ ਹੈ। ਅਤੇ ਉਸਦਾ ਨਾਮ ਸੁਖਰਾਜ ਹੈ। ਉਸਦੀ ਸ਼ਕਲ ਕਿਸੇ ਖਾੜਕੂ ਨਾਲ ਮਿਲਦੀ
ਜੁਲਦੀ ਹੋਣ ਕਾਰਨ ਪੁਲੀਸ ਉਸ ਦੇ ਮਗਰ ਪਈ ਹੋਈ ਹੈ। ਇਸ ਲਈ ਉਹ ਇਥੇ ਰਹਿੰਦਾ ਹੈ।
ਇਹ ਉਹਨਾਂ ਦਿਨਾਂ ਦੀ ਗੱਲ ਹੈ, ਜਦੋ ਪੁਲਿਸ ਸਿਰਫ ਪੱਗ ਦਾੜ੍ਹੀ ਦੇਖ ਕੇ ਜਵਾਨ
ਮੁੰਡੇ ਫੜ ਕੇ ਲੈ ਜਾਂਦੀ ਸੀ।
ਕਦੀ ਕਦੀ ਉਹ ਕਿੰਨਾਂ ਚਿਰ ਹੀ ਕਮਰੇ ਵਿਚੋ ਬਾਹਰ ਨਾ ਆਉਦਾ, ਤਾਂ ਦਾਦੀ ਜੀ ਉਸ
ਨੂੰ ਅਵਾਜ਼ ਦਿੰਦੇ,
"ਬਾਹਰ ਆ ਜਾ ਸੁਖੀ।"
ਉਹ ਬਾਹਰ ਆਕੇ ਧੁੱਪੇ ਦਾਦੀ ਜੀ ਨਾਲ ਮੰਜੇ ਤੇ ਬੈਠ ਜਾਂਦਾ। ਦੀਪਾਂ ਨਾਲ ਉਹ
ਘੱਟ ਵੱਧ ਹੀ ਬੋਲਦਾ। ਵੈਸੇ ਵੀ ਦੀਪਾਂ ਤਾਂ ਸਵੇਰੇ ਹੀ ਕਾਲਜ ਚਲੀ ਜਾਂਦੀ ਤੇ ਸ਼ਾਮ
ਨੂੰ ਵਾਪਸ ਆਉਦੀ। ਇਕ ਦਿਨ ਦੀਪਾਂ ਨੇ ਆਪ ਹੀ ਉਸਨੂੰ ਬੁਲਾਇਆ,
"ਭਾਜੀ ਜੇ ਅਖਬਾਰ ਪੜ੍ਹਨਾ ਹੈ ਤਾਂ ਲੈ ਲਉ, ਮੈ ਆਉਦੀ ਹੋਈ ਕਾਲਜ ਤੋ ਲੈ ਕੇ
ਆਈ ਹਾਂ।"
ਉਹ ਚੁਪ ਕਰਕੇ ਅਖਬਾਰ ਫੜ ਲਂੈਦਾ। ਇਕ ਦਿਨ ਜਦੋ ਉਹ ਕਾਲਜ ਤੋ ਵਾਪਸ ਆਈ ਅਤੇ
ਉਸਦੀ ਸਹੇਲੀ ਪੂੰਨਮ ਵੀ ਉਸ ਨਾਲ ਸੀ। ਜਦੋ ਸੁਖੀ ਅਖਬਾਰ ਲੈਣ ਬਾਹਰ ਆਇਆ ਤਾਂ
ਪੂੰਨਮ ਨੇ ਉਸ ਨੂੰ ਦੇਖ ਲਿਆ। ਉਸ ਦਿਨ ਸੁਖੀ ਨੇ ਕੇਸਰੀ ਰੰਗ ਦੀ ਪੱਗ ਬੰਨੀ ਹੋਈ
ਸੀ, ਜਿਹੜੀ ਉਸ ਨੂੰ ਕਾਫ਼ੀ ਜਚ ਰਹੀ ਸੀ। ਉਂਜ ਉਹ ਘਰ ਵਿਚ ਪੱਗ ਘੱਟ ਹੀ ਬੰਨ੍ਹਦਾ
ਸੀ। ਇਕ ਲੀਕਾਂ ਵਾਲਾ ਪਰਨਾ ਹੀ ਸਿਰ ਦੇ ਆਲੇ ਦੁਆਲੇ ਲਪੇਟਿਆ ਹੁੰਦਾ। ਉਸ ਦਿਨ
ਕਿਸੇ ਨੇ ਉਸਨੂੰ ਮਿਲਣ ਆਉਣਾ ਸੀ, ਇਸ ਲਈ ਉਹ ਤਿਆਰ ਸੀ।
ਦੂਜੇ ਦਿਨ ਪੂੰਨਮ ਕਾਲਜ ਵਿਚ ਦੀਪਾਂ ਤੋ ਸੁਖੀ ਬਾਰੇ ਹੀ ਪੁਛ ਪੜਤਾਲ ਕਰਦੀ
ਰਹੀ। ਦਰਅਸਲ ਪੂੰਨਮ ਨੂੰ ਸੁਖੀ ਚੰਗਾ ਲੱਗਿਆ ਸੀ। ਅਤੇ ਆਨੇ-ਬਹਾਨੇ ਦੀਪਾਂ ਦੇ ਘਰ
ਆਣ ਜਾਣ ਲੱਗੀ। ਪਰ ਸੁਖੀ ਤਾ ਐਸੇ ਪਿਉ ਦਾ ਪੁੱਤ ਸੀ ਕਿ ਪੂੰਨਮ ਵੱਲ ਧਿਆਨ ਹੀ
ਨਹੀ ਦੇ ਰਿਹਾ ਸੀ। ਪਰ ਉਹ ਦੀਪਾਂ ਨਾਲ ਅਖਬਾਰ ਦੀਆਂ ਖ਼ਬਰਾਂ ਦੀ ਚਰਚਾ ਜ਼ਰੂਰ ਕਰ
ਲੈਂਦਾ। ਜੋ ਕੁਝ ਉਸ ਸਮੇ ਪੰਜਾਬ ਵਿਚ ਹੋ ਰਿਹਾ ਸੀ। ਉਹਨਾਂ ਬਾਰੇ ਹੀ ਜ਼ਿਆਦਾ ਗਲ
ਕਰਦਾ। ਉਹ ਅਕਸਰ ਇਹ ਗੱਲ ਕਹਿੰਦਾ, "ਸਿੱਖ ਹੀ ਕਿੳਂੁ ਆਪਸ ਵਿਚ ਇਕ ਦੂਜੇ ਨੂੰ
ਮਾਰੀ ਜਾ ਰਹੇ ਹਨ?" ਕਿਉ ਕਿ ਪੁਲਿਸ ਵਿੱਚ ਵੀ ਸਿੱਖ ਹੀ ਮਰਦੇ ਹਨ, ਅਤੇ ਪੁਲੀਸ
ਹੀ ਸਿੱਖਾਂ ਦੇ ਮੁੰਡੇ ਚੁੱਕ- ਚੁੱਕ ਮਾਰੀ ਜਾਂਦੀ ਹੈ। ਇਹ ਚਾਲ ਕਿਸ ਦੀ ਹੈ, ਇਹ
ਹੀ ਕਿਸੇ ਨੂੰ ਸਮਝ ਨਹੀ ਆ ਰਹੀ ਸੀ।
ਐਤਵਾਰ ਦਾ ਦਿਨ ਸੀ। ਸੁਖੀ ਧੁੱਪੇ ਦਾਦੀ ਜੀ ਨਾਲ ਮੰਜੇ ‘ਤੇ ਬੈਠਾ ਦਾਦੀ ਜੀ
ਨੂੰ ਸੰਤਰੇ ਛਿੱਲ ਛਿੱਲ ਕੇ ਦੇ ਰਿਹਾ ਸੀ। ਦੀਪਾਂ ਰਸੋਈ ਵਿੱਚ ਕੁਝ ਕਰ ਰਹੀ ਸੀ
ਕਿ ਅਚਾਨਕ ਪੂੰਨਮ ਆ ਗਈ। ਉਸ ਨੇ ਸਭ ਨੂੰ ਸਤਿ ਸ੍ਰੀ ਅਕਾਲ ਕਹੀ। ਦਾਦੀ ਜੀ ਤਾਂ
ਬੁਹਤ ਖੁਸ਼ ਹੋ ਕੇ ਬੋਲੇ, ਪਰ ਸੁਖੀ ਨੇ ਢਿਲੀ ਜਹੀ ਸਤਿ ਸ੍ਰੀ ਅਕਾਲ ਕਹੀ ਅਤੇ
ਆਪਣੇ ਕੰਮ ਵਿਚ ਮਗਨ ਰਿਹਾ। ਜਦ ਨੂੰ ਦੀਪਾਂ ਵੀ ਪੂੰਨਮ ਦਾ ਬੋਲ ਸੁਣ ਕੇ ਬਾਹਰ ਆ
ਗਈ। ਪੂੰਨਮ ਨੇ ਸੁਖੀ ਨੂੰ ਸੁਣਾ ਕੇ ਕਿਹਾ, "ਕਈ ਲੋਕ ਐਸੇ ਹੁੰਦੇ ਹਨ, ਕਿਸੇ ਦੀ
ਮੁਸਕਰਾਹਟ ਦਾ ਜਵਾਬ ਵੀ ਚੰਗੀ ਤਰਾਂ ਨਹੀ ਦਿੰਦੇ।"
ਸੁਖੀ ਨੇ ਇਕ ਦਮ ਪੂੰਨਮ ਵੱਲ ਦੇਖਿਆ ਜੋ ਕਿ ਉਸ ਵੱਲ ਹੀ ਦੇਖ ਰਹੀ ਸੀ। ਜਦ
ਦੋਹਾਂ ਦੀਆਂ ਅੱਖਾਂ ਮਿਲੀਆਂ ਤਾਂ ਪੂੰਨਮ ਨੂੰ ਇੰਜ ਲੱਗਾ ਜਿਵੇ ਉਸਦਾ ਦਿਲ ਧੱਕ
ਕਰਕੇ ਰਹਿ ਗਿਆ ਹੋਵੇ। ਸੁਖੀ ਨੇ ਵੀ ਅਹਿਸਾਸ ਉਸ ਦਿਨ ਹੀ ਕੀਤਾ ਕਿ ਪੂੰਨਮ ਕਿਤਨੀ
ਖੁਬਸੂਰਤ ਹੈ। ਉਹ ਮੁਸਕਰਾ ਕੇ ਆਪਣੇ ਕਮਰੇ ਵਿੱਚ ਚਲਾ ਗਿਆ। ਜਦੋਂ ਸੁਖੀ ਨੂੰ
ਥੋੜ੍ਹਾ ਯਕੀਨ ਹੋ ਗਿਆ ਸੀ ਕਿ ਪੁਲੀਸ ਇਥੇ ਨਹੀ ਆ ਸਕਦੀ, ਤਾਂ ਥੋੜ੍ਹਾ ਬਹੁਤਾ
ਬਾਹਰ ਅੱਡੇ ਤਕ ਜਾ ਆਉਂਦਾ ਸੀ। ਇਕ ਦਿਨ ਸੁਖੀ ਦੇ ਤਾਇਆ ਜੀ ਪਿੰਡੋਂ ਆਏ ਅਤੇ
ਉਹਨਾਂ ਦੱਸਿਆ ਕਿ ਪੁਲੀਸ ਵਾਲੇ ਉਹਨਾਂ ਦੇ ਘਰ ਗਏ ਸਨ। ਅਤੇ ਉਹ ਸੁਖੀ ਦੀ ਫੋਟੋ
ਲੈ ਕੇ ਚਲੇ ਗਏ ਹਨ, ਨਾਲੇ ਕਹਿ ਰਹੇ ਸਨ ਕਿ ਸੁਖੀ ਉਹ ਹੀ ਲੜਕਾ ਹੈ। ਜਿਸ ਦੀ
ਉਹਨਾਂ ਨੂੰ ਭਾਲ ਹੈ।
ਪੂੰਨਮ ਅਤੇ ਸੁਖੀ ਹੁਣ ਤਕ ਇਕ ਦੂਜੇ ਦੇ ਨੇੜੇ ਹੋ ਚੁੱਕੇ ਸਨ। ਇਕ ਦੂਜੇ ਤੋ
ਪੜ੍ਹਨ ਲਈ ਨਾਵਲ ਲੈਣੇ ਤੇ ਦੇਣੇ ਜਾਰੀ ਸਨ। ਉਸ ਦਿਨ ਜਦ ਸੁਖੀ ਪੂੰਨਮ ਨੂੰ ਮਿਲਿਆ
ਤਾਂ ਉਹ ਕਾਫੀ ਉਦਾਸ ਸੀ। ਪੂੰਨਮ ਦੇ ਪੁੱਛਣ ਤੇ ਉਸ ਨੇ ਤਾਇਆ ਜੀ ਵਾਲੀ ਸਾਰੀ ਗੱਲ
ਦੱਸੀ। ਆਪਣੀ ਪੜ੍ਹਾਈ ਬਾਰੇ ਤਾਂ ਉਹ ਪਹਿਲਾ ਹੀ ਬਹੁਤ ਫਿਕਰਮੰਦ ਸੀ। ਕਹਿਣ ਲੱਗਾ,
"ਪਤਾ ਨਹੀ ਲਗਦਾ ਮੈ ਕੀ ਕਰਾਂ? ਕਿਨ੍ਹੇ ਕੁ ਦਿਨ ਮੈ ਇਸ ਤਰਾਂ ਦੀਪਾਂ ਦੇ ਘਰ ਰਹਿ
ਸਕਦਾ ਹਾਂ।" ਪੂੰਨਮ ਨੇ ਉਸ ਨੂੰ ਹੌਸਲਾ ਦਿੱਤਾ ਤੇ ਕਿਹਾ, "ਤੁਸੀ ਫਿਕਰ ਨਾ ਕਰੋ
ਮੇਰੇ ਮਾਮਾ ਜੀ ਪੁਲੀਸ ਵਿੱਚ ਹਨ, ਮੈ ਉਹਨ੍ਹਾਂ ਨਾਲ ਗੱਲ ਕਰਾਂਗੀ।"
ਤਾਇਆ ਜੀ ਦੇ ਜਾਣ ਤੋ ਦੋੇ ਚਾਰ ਦਿਨ ਬਾਅਦ ਸੁਖੀ ਦੀਪਾਂ ਦੇ ਪਿਤਾ ਜੀ ਨਾਲ
ਅੱਡੇ ਵੱਲ ਚਿੱਠੀ ਪਾਉਣ ਗਿਆ ਹੋਇਆ ਸੀ, ਅਤੇ ਪਿਛੋ ਪੁਲੀਸ ਦੀਪਾਂ ਦੇ ਘਰ ਆ
ਪੁਜੀ। ਸੁਖੀ ਬਾਰੇ ਪੁੱਛ- ਗਿੱਛ ਹੋਣ ਲੱਗੀ। ਦਾਦੀ ਜੀ ਤਾਂ ਪੁਲੀਸ ਦੇਖ ਕਿ ਵੈਸੇ
ਹੀ ਘਬਰਾ ਗਏ। ਦੀਪਾਂ ਦੇ ਬੀਜੀ ਨੇ ਡਰਦਿਆਂ ਕਹਿ ਦਿੱਤਾ ਕਿ ਅਸੀ ਤਾਂ ਕਿਸੇ ਸੁਖੀ
ਨੂੰ ਜਾਣਦੇ ਹੀ ਨਹੀ ਹਾਂ। ਕਹਿਣ ਦੀ ਹੀ ਦੇਰ ਸੀ, ਕਿ ਇਕ ਸਿਪਾਹੀ ਨੇ ਬੀਜੀ ਨੂੰ
ਕੰਧ ਵੱਲ ਨੂੰ ਧੱਕਾ ਮਾਰਿਆ ਤੇ ਬੋਲਿਆ, "ਹੁਣ ਤਾਂ ਸੁਖੀ ਨੂੰ ਜਾਣ ਗਈ ਹੋਵੇਗੀ।"
ਬੀਜੀ ਤਾਂ ਉਥੇ ਹੀ ਸਿਰ ਫੜ ਕੇ ਬੈਠ ਗਏ। ਰੌਲਾ ਸੁਣ ਕੇ ਦੀਪਾਂ ਵੀ ਬਾਹਰ ਆ ਗਈ।
ਦੂਜਾ ਸਿਪਾਹੀ ਬੋਲਿਆ, "ਆਹ ਪਟਾਕਾ ਕਿੱਥੋਂ ਨਿਕਲਿਆ?" ਇਹ ਤਾਂ ਜਰੂਰ ਜਾਣਦੀ
ਹੋਵੇਂਗੀ ਸੁਖੀ ਨੂੰ, ਇਹਦੇ ਤਾਂ ਹਾਣ ਦਾ ਹੈ।" ਠਾਣੇਦਾਰ ਬੋਲਿਆ, "ਸ਼ਾਬਾਸ਼, ਦੱਸ
ਫਿਰ ਤੇਰਾ ਯਾਰ ਕਿੱਥੇ ਹੈ?" ਇਕ ਘਸੇ ਜਿਹੇ ਸਿਰ ਵਾਲਾ ਬੋਲਿਆ, "ਸਾਬ੍ਹ ਇਹਨ੍ਹਾਂ
ਨੂੰ ਫੋਟੋ ਦਿਖਾਉ ਫਿਰ ਦੱਸਣਗੇ ਕਿੱਥੇ ਹੈ?" ਇਕ ਸਿਪਾਹੀ ਫੋਟੋ ਕੱਢ ਕੇ ਦਾਦੀ ਜੀ
ਵੱਲ ਨੂੰ ਲੈ ਗਿਆ ਤੇ ਪੁੱਛਣ ਲੱਗਾ, "ਦੱਸ ਦੇ ਬੁੜ੍ਹੀਏ ਜਵਾਈ ਕਿਥੇ ਹੈ?"
ਏਨੇ ਨੂੰ ਪਿੰਡ ਦਾ ਸਰਪੰਚ ਵੀ ਪਹੁੰਚ ਗਿਆ। ਉਸ ਨੇ ਠਾਣੇਦਾਰ ਦਾ ਮਿਨਤ ਤਰਲਾ
ਕੀਤਾ, ਕਿ ਅਸੀ ਮੁੰਡਾ ਆਪ ਹੀ ਠਾਣੇ ਪਹੁੰਚਦਾ ਕਰ ਦਿਆਂਗੇ। ਤੁਸੀ ਇਹਨ੍ਹਾਂ ਨੂੰ
ਤੰਗ ਨਾ ਕਰੋ। ਪੁਲੀਸ ਵਾਲੇ ਜਾਣ ਲੱਗੇ ਵੀ ਦੀਪਾਂ ਨੁੰ ਇਸ ਤ੍ਹਰਾ ਦੇਖਦੇ ਸਨ,
ਜਿਵੇ ਉਹਨ੍ਹਾ ਨੇ ਕਦੀ ਕੁੜੀ ਦੇਖੀ ਨਾ ਹੋਵੇ।
ਜਦੋ ਸੁਖੀ ਨੂੰ ਇਹ ਸਾਰਾ ਪਤਾ ਲੱਗਾ, ਤਾਂ ਉਸ ਦਾ ਮਨ ਬੁਹਤ ਦੁਖੀ ਹੋਇਆ ਕਿ
ਪੁਲੀਸ ਅਜੇ ਵੀ ਉਸ ਦੇ ਮਗਰ ਹੀ ਪਈ ਹੋਈ ਹੈ। ਪੂੰਨਮ ਨੂੰ ਵੀ ਇਹ ਸਭ ਪੱਤਾ ਲੱਗ
ਚੁੱਕਾ ਸੀ। ਉਹ ਵੀ ਇਕਦਮ ਦੀਪਾਂ ਦੇ ਘਰ ਪਹੁੰਚ ਗਈ। ਉਸ ਨੇ ਦੇਖਿਆ ਕਿ ਸੁਖੀ
ਬਹੁਤ ਉਦਾਸ ਮਨ ਨਾਲ ਆਪਣੇ ਕਮਰੇ ਵਿਚ ਬੈਠਾ ਕਿਸੇ ਕਿਤਾਬ ਦੇ ਵਰਕੇ ਫੋਲ ਰਿਹਾ
ਸੀ। ਜਦ ਉਸ ਨੇ ਦੀਪਾਂ ਅਤੇ ਪੂੰਨਮ ਨੂੰ ਆਪਣੇ ਕਮਰੇ ਵਿਚ ਦਾਖਲ ਹੁੰਦੇ ਦੇਖਿਆ
ਤਾਂ ਚਿਹਰੇ ਤੇ ਥੋੜੀ ਜਿਹੀ ਮੁਸਕਾਨ ਲਿਆਦਿਆਂ ਪੂੰਨਮ ਨੂੰ ਸਤਿ ਸ੍ਰੀ ਅਕਾਲ
ਬੁਲਾਈ। ਪੂੰਨਮ ਸੁਖੀ ਦੇ ਲਾਗੇ ਪਈ ਕੁਰਸੀ ‘ਤੇ ਬੈਠ ਗਈ। ਦੀਪਾਂ ਪੂੰਨਮ ਨੂੰ ਛੱਡ
ਕੇ ਆਪ ਚਾਹ ਲੈਣ ਲਈ ਰਸੋਈ ਵੱਲ ਚਲੀ ਗਈ।
"ਪੁਲੀਸ ਨੂੰ ਕਿਸ ਤਰਾਂ ਪਤਾ ਲੱਗਾ ਕਿ ਤੁਸੀ ਇਥੇ ਹੋ?" ਪੂੰਨਮ ਨੇ ਸੁਖੀ ਤੋ
ਪੁਛਿਆ। ਪਰ ਸੁਖੀ ਨੇ ਕੋਈ ਜਵਾਬ ਨਾ ਦਿੱਤਾ, ਤੇ ਭਰੀਆਂ ਹੋਈਆਂ ਅੱਖਾ ਨਾਲ ਪੂੰਨਮ
ਵੱਲ ਦੇਖਿਆ। ਪੂੰਨਮ ਨੇ ਉਸ ਦਾ ਮਜਬੂਤ ਕੜੇ ਵਾਲਾ ਹੱਥ ਆਪਣੇ ਹੱਥਾਂ ਵਿੱਚ ਲੈਂਦੇ
ਹੋਏ ਕਿਹਾ, "ਤੁਸੀ ਇਤਨੇ ਫਿਕਰਮੰਦ ਨਾ ਹੋਵੋ ਸਭ ਕੁਝ ਠੀਕ ਹੋ ਜਾਵੇਗਾ।" ਸੁਖੀ
ਨੇ ਅਪਣਾ ਦੂਸਰਾ ਹੱਥ ਵੀ ਪੂਨਮ ਦੇ ਹੱਥਾ ਵਿੱਚ ਰੱਖਦੇ ਹੋਏ ਕਿਹਾ। "ਤੁਸੀ ਆਪਣੇ
ਮਾਮਾ ਜੀ ਨਾਲ ਮੇਰੇ ਬਾਰੇ ਜਿਕਰ ਕੀਤਾ ਸੀ?" "ਮੈ ਮਾਮਾ ਜੀ ਨਾਲ ਗੱਲ ਕਰਨ ਦੀ
ਕੋਸ਼ਿਸ਼ ਕੀਤੀ ਸੀ, ਪਰ ਉਹ ਬਾਹਰ ਗਏ ਹੋਏ ਹਨ"। "ਪਰ ਪੂੰਨਮ ਮੈ ਤਾਂ ਬਹੁਤ ‘ਨਰਵਸ’
ਹਾਂ, ਮੈਨੂੰ ਕੁਝ ਨਹੀ ਸੁੱਝ ਰਿਹਾ।"
ਇਸ ਤਰਾਂ ਦੀਆਂ ਗੱਲਾਂ ਚੱਲ ਹੀ ਰਹੀਆਂ ਸਨ ਕਿ ਦੀਪਾਂ ਚਾਹ ਦੇ ਤਿੰਨ ਕੱਪ ਲੈ
ਕੇ ਪੁੰਹਚ ਗਈ। ਉਸ ਨੇ ਟਰੇ ਮੇਜ਼ ਤੇ ਰੱਖਦਿਆਂ ਹੋਏ ਕਿਹਾ ਕਿ ਅਸੀਂ ਤਾਂ ਹੁਣ ਇਹ
ਫੈਸਲਾ ਕੀਤਾ ਹੈ ਕਿ ਭਾਜੀ ਹੋਰਾਂ ਨੂੰ ਪਹਾੜਾਂ ਵਾਲੀ ਜਮੀਨ ਤੇ ਥੋੜੀ ਦੇਰ ਲਈ
ਭੇਜ ਦਿੰਦੇ ਹਾਂ। ਜਦ ਤੱਕ ਪੂੰਨਮ ਤੇਰੇ ਮਾਮਾ ਜੀ ਵੀ ਆ ਜਾਣਗੇ। ਪੂੰਨਮ ਨੂੰ ਵੀ
ਇਹ ਸੁਝਾਅ ਚੰਗਾ ਲੱਗਾ ਪਰ ਸੁਖੀ ਚੁੱਪ ਹੀ ਰਿਹਾ।
ਸੁਖੀ ਨੂੰ ਦੂਸਰੇ ਦਿਨ ਹੀ ਪਹਾੜ ਵਿਚਲੀ ਜ਼ਮੀਨ ‘ਤੇ ਭੇਜ ਦਿੱਤਾ ਗਿਆ। ਓਥੇ
ਮੋਟਰ ਵਾਲਾ ਛੋਟਾ ਜਿਹਾ ਕਮਰਾ ਸੀ ਜਿਸ ਵਿਚ ਭਈਆ ਰਹਿੰਦਾ ਸੀ। ਓਥੇ ਉਸ ਕੋਲ ਇਕ
ਮਿੱਟੀ ਦੇ ਤੇਲ ਦਾ ਛੋਟਾ ਜਿਹਾ ਸਟੋਵ ਸੀ। ਜਿਸ ਤੇ ਉਹ ਆਪਣਾ ਰੋਟੀ ਪਾਣੀ ਕਰ
ਲੈਂਦਾ ਸੀ, ਨਾਲ ਹੀ ਸੁਖੀ ਲਈ ਵੀ ਬਣਾ ਦਿੰਦਾ। ਦੋ ਦਿਨ ਵਿੱਚ ਹੀ ਉਹ ਸੁਖੀ ਨਾਲ
ਕਾਫੀ ਘੁਲ ਮਿਲ ਗਿਆ, ਅਤੇ ਦੋਨੋ ਰਲ ਮਿਲ ਕੇ ਖੇਤੀ ਦੇ ਕੰਮ ਵਿੱਚ ਰੁੱਝ ਗਏ। ਕਈ
ਵਾਰੀ ਭਈਆ ਸੁਖੀ ਤੋ ਪੁਛਣ ਲੱਗ ਪੈਂਦਾ, "ਸਰਦਾਰ ਸਾਹਿਬ ਆਪ ਯਹਾਂ ਕਿਸ ਲੀਏ ਆਏ
ਹੋ? ਬੀਬੀ ਜੀ ਤੋ ਬਤਾ ਰਹੀ ਥੀ ਕਿ ਆਪ ਨੇ ਕਿਸੀ ਪ੍ਰੀਖਿਆ ਕੀ ਤਿਆਰੀ ਕਰਨੀ ਹੈ।"
"ਹਾਂ ਇਸ ਲੀਏ ਤੋ ਮੈ ਕਿਤਾਬੇਂ ਪੜਤਾ ਹੂੰ"। ਸੁਖੀ ਨੇ ਹੱਥ ਵਿਚਲੀ ਕਿਤਾਬ ਉਸ
ਨੂੰ ਦਿਖਾਂਦੇ ਕਿਹਾ।
"ਆਪ ਬੁਹਤ ਅੱਛੇ ਨੰਬਰ ਲੇ ਕਰ ਪਾਸ ਹੋਂਗੇ, ਕਿਉਂਕਿ ਜਹਾਂ ਕਾ ਵਾਤਾਵਰਣ
ਪੜ੍ਹਨੇ ਕੇ ਲੀਏ ਅੱਛਾ ਹੈ।" ਭਈਏ ਨੇ ਪਾਣੀ ਦਾ ਪਤੀਲਾ ਸਟੋਵ ਉਪਰ ਰੱਖਦੇ ਕਿਹਾ।
ਸੁਖੀ ਪੜ੍ਹਨ ਵਿੱਚ ਤੇ ਭਈਆ ਚਾਹ ਬਣਾਨ ਵਿੱਚ ਰੁੱਝ ਗਿਆ। ਅਚਾਨਕ ਹੀ ਉਹਨਾਂ ਨੇ
ਕਿਸੇ ਗੱਡੀ ਦੇ ਆਉਣ ਦੀ ਅਵਾਜ਼ ਸੁਣੀ। ਦੋਹਾਂ ਇਕਦਮ ਉਧਰ ਦੇਖਿਆ। "ਸਰਦਾਰ ਜੀ ਯੇਹ
ਤੋ ਪੁਲਿਸ ਕਾ ਗਾੜੀ ਹੈ।" ਸੁਖੀ ਹੱਥ ਵਿਚਲੀ ਕਿਤਾਬ ਉਥੇ ਹੀ ਸੁੱਟ੍ਹ ਕੇ ਮੋਟਰ
ਵਾਲੇ ਕਮਰੇ ਦੇ ਪਿਛੇ ਵੱਲ ਦੌੜਿਆ।
ਅੱਗਲੇ ਦਿਨ ਪੂੰਨਮ ਨੇ ਦੀਪਾਂ ਨੂੰ ਕਾਲਜ ਤੋ ਆਉਂਦੇ ਹੋਏ ਦੱਸਿਆ, ਕਿ ਮੈ
ਆਪਣੇ ਮਾਮਾ ਜੀ ਨਾਲ ਸੁਖੀ ਬਾਰੇ ਗੱਲ ਕੀਤੀ ਹੈ, ਅਤੇ ਨਾਲ ਫੋਟੋ ਵੀ ਦਿਖਾਈ ਸੀ।
ਉਹਨਾਂ ਨੇ ਦੱਸਿਆ ਕਿ ਉਹ ਸੁਖਰਾਜ ਸਿੰਘ ਹੋਰ ਹੈ, ਜਿਸ ਦੀ ਪੁਲੀਸ ਨੂੰ ਤਲਾਸ਼ ਹੈ।
ਬਸ ਚੜ੍ਹਨ ਤੋ ਪਹਿਲਾਂ ਉਹਨਾਂ ਨੇ ਪੇਪਰ ਖਰੀਦਿਆ, ਤੇ ਪੂੰਨਮ ਦੇ ਹੱਥੋ ਕਿਤਾਬਾਂ
ਛੁੱਟ ਗਈਆਂ, ਉਸ ਦੀ ਧਾਹ ਨਿਕਲ ਗਈ, ਜਦੋ ਉਸਨੇ ਪਹਿਲੇ ਹੀ ਸਫ਼ੇ ਤੇ ਦੋ
ਅਣਪਛਾਤੀਆਂ ਲਾਸ਼ਾ ਦੇ ਨਾਲ ਹੀ ਸੁਖੀ ਦੀ ਫ਼ੋਟੋ ਛਪੀ ਦੇਖੀ। ਜਿਸ ਦੇ ਆਲੇ ਦੁਵਾਲੇ
ਕਾਫ਼ੀ ਹਥਿਆਰ ਰੱਖੇ ਹੋਏ ਸਨ, ਅਤੇ ਉਪਰ ਲਿੱਖਿਆ ਹੋਇਆ ਸੀ ਕਿ ਕਈ ਕੇਸਾਂ ਵਿੱਚ
ਲੋੜੀਂਦਾ ਅਤਿਵਾਦੀ ਸੁੱਖਰਾਜ ਸਿੰਘ ਅਤੇ ਉਸ ਦਾ ਸਾਥੀ ਮੁਕਾਬਲਾ ਕਰਦੇ ਹੋਏ ਮਾਰੇ
ਗਏ, ਅਤੇ ਅਸਲਾ ਕਾਬੂ ਕਰ ਲਿਆ ਗਿਆ। |