|
ਕਰਨੈਲ ਸਿੰਘ ਗਿਆਨੀ |
ਮਿਲਿਟਰੀ ‘ਚੋਂ ਰੀਟਾਇਰ ਹੋਣ ਵੇਲੇ ਜਸਪਾਲ ਢਿੱਲੋਂ ਦਾ ਰੈਂਕ ‘ਕਰਨਲ’ ਸੀ,
ਆਰਟਿਲਰੀ ਬਰਾਂਚ ਦਾ। ‘ਕੀ ਖੱਟਿਆ, ਕੀ ਬਣਾਇਆ, ਕੀ ਗਵਾਇਆ। ਉਹ ਬੈਠਾ ਬੈਠਾ
ਘੰਟਿਆਂ ਬੱਧੀਂ ਸੋਚਦਾ, ਅਪਣੇ ਭਵਿਖ ਦਾ ਜਾਇਜ਼ਾ ਲੈਂਦਾ ਰਹਿੰਦਾ। ਬੰਬ ਦੇ ਗੋਲੇ,
ਮਸ਼ੀਨ ਗੰਨਾ, ਤੋਪਾਂ, ‘ਮਾਰਟਰ, ਰੌਕਟ-ਲਾਂਚਰਜ਼,’ ਉਸਦੇ ਰੋਜ਼ਾਨਾ ਜੀਵਨ ਦੇ
ਸੰਬੰਧਿਤ ਸ਼ਬਦ। ਸਾਰੀ ਉਮਰ ਤਬਾਹੀ ਕਰਨ ਵਿੱਚ ਚਲੀ ਗਈ। ਬੰਦੇ ਹੀ ਮਾਰੇ।
ਬਰਬਾਦੀ…। ਖੂਨ ਖਰਾਬਾ…। ਇਨਸਾਨੀ ਚੀਕਾਂ…।
ਹੁਣ ਉਸਨੇ ਕੀ ਕਰਨੈ? ਕੀ ਕਰ ਸਕੇਗਾ? ਸਰਕਾਰ ਵੱਲੋਂ ਉਸਨੂੰ ‘ਫ਼ੰਡ’ ਵਿੱਚ ਜਮਾ
ਹੋਇਆ ਦੋ ਕੁ ਲੱਖ ਰੁਪਈਆ ਮਿਲਿਆ, ਬੱਸ। ਛੇ ਹਜ਼ਾਰ ਰੁਪਏ ਮਾਹਵਾਰੀ ‘ਪੈਨਸ਼ਨ‘ ਵਿੱਚ
ਕੀ ਬਣੇਗਾ? ਕਾਰ ਕਿੰਜ ‘ਮੇਨਟੇਨ’ ਕਰ ਸਕੇਗਾ? ਏਨੇ ਵਿੱਚ ਤਾਂ ਪਤਾ ਨਹੀ ਸਕੂਟਰ
ਵੀ ਰੱਖ ਸਕੇ ਕਿ ਨਾ।
ਉਸਦੀ ਪਤਨੀ ਦਿਲਜੀਤ ਨੇ ਵੀ ਕਦੇ ਲੰਮੀ ਸੋਚ ਨਾ ਸੋਚੀ। ਅਕਸਰ ਬੰਦੇ ਕਮਾਉਂਦੇ
ਨੇ ਤੇ ਔਰਤਾਂ ਘਰ ਬਣਾਉਂਦੀਆਂ ਨੇ। ਜਦੋਂ ਬੰਦਿਆਂ ਨੂੰ ਫ਼ਾਰਵਰਡ ਏਰੀਆ ਵਿੱਚ ਗੋਲੇ
ਦਾਗਣ ਤੋਂ ਇਲਾਵਾ ਹੋਰ ਕਿਸੇ ਗੱਲ ਦੀ ਫ਼ੁਰਸਤ ਨਾ ਹੋਵੇ, ਤਾਂ ਘਰ ਦਾ ਫ਼ਰੰਟ ਤਾਂ
ਤ੍ਰੀਮਤਾਂ ਨੇ ਹੀ ਸੰਭਾਲਣਾ ਹੋਇਆ। ਪਰ ਜਿਨ੍ਹਾਂ ਨੂੰ ਪੱਤੇ ਚੱਟਣ ਤੋਂ ਸਿਵਾਏ
ਹੋਰ ਕੋਈ ਆਹਰ ਨਾ ਹੋਵੇ, ਉਹਨਾ ਦੇ ਘਰ ਤਾਂ ਫੇਰ ਭੰਗ ਹੀ ਭੁੱਜਣੀ ਹੋਈ। ਰੋਜ਼
ਮੁਰਗ-ਮੁਸੱਲਮ, ‘ਕਾਕਟੇਲ-ਪਾਰਟੀਆਂ,’ ‘ਆਫ਼ੀਸਰਜ਼-ਵਾਈਵਜ਼’ ਦੀਆਂ ਤਾਸ਼ ਪਾਰਟੀਆਂ।
‘ਫ਼ੈਸਨ-ਸੈਮੀਨਾਰਜ਼’, ‘ਹੇਅਰ-ਕਲਰਿੰਗ ਸੈਸ਼ਨਜ਼’, ‘ਫ਼ਲਾਵਰ-ਅਰੇਂਜਮੈਂਟ-ਕਲਾਸਾਂ’।
‘ਆਰਡਰਲੀਜ਼’, ਖਾਨਸਾਮੇ, ਫੋਕੀ ਫੂੰ ਫਾਂ….।
ਪੂਨੇ ਕਦੀ ਇੱਕ ‘ਪਲਾਟ’ ਖਰੀਦਿਆ ਸੀ। ਸ਼ਾਇਦ ਕੋਠੀ ਬਨਾਉਣ ਦਾ ਸੰਕਲਪ ਹੋਵੇ।
ਫੇਰ ਜਦੋਂ ‘ਐੇਮਬੈਸਡਰ ਕਾਰ’ ਦੀ ‘ਓਵਰਹਾਲ’ ਦਾ ਅਚਾਨਕ ਖਰਚਾ ਆ ਪਿਆ ਤਾਂ ਪਲਾਟ
ਵੇਚ ਦਿੱਤਾ। ਕਾਰ ਤਾਂ ਮੈਡਮ ਨੂੰ ਚਾਹੀਦੀ ਹੀ ਸੀ। ‘ਆਰਡਰਲੀ’ ਨਾਲ ਜੀਪ ‘ਚ ਜਾਣ
ਨਾਲ ਹੱਤਕ ਹੋਣੀ ਸੀ। ਇਨਸਾਨ ਦੇ ‘ਪਰੈਸਟੀਜ-ਇਸ਼ੂ’ ਦੀ ਗੱਲ ਜੋ ਹੋਈ। ਭਲਾ ਕਰਨਲ
ਸਾਬ੍ਹ ਦੀ ਮਿਸਿਜ਼ ਹੋ ਕੇ ‘ਟੈਕਸੀ’ ਵਿੱਚ ਕੌਣ ਜਾਂਦੈ।
ਬੰਗਲਾ-ਦੇਸ਼ ਦੇ ਯੁੱਧ ‘ਚ, ‘ਮੁਕਤੀ-ਬਾਹਿਨੀ’ ਦੇ ਆਪ੍ਰੇਸ਼ਨ ਮਗਰੋਂ, ਉਸਨੇ
ਕਿੰਨੀਆਂ ਆਧੁਨਿਕ ਰਾਈਫ਼ਲਾਂ ‘ਸਮਗਲ’ ਕਰ ਕੇ ਵੇਚੀਆਂ। ਅੰਨ੍ਹਾਂ ਪੈਸਾ ਬਣਾਇਆ।
ਕੋਈ ਹੋਰ ਹੁੰਦਾ ਤਾਂ ਦੋ, ਤਿੰਨ ਪਲਾਟ ਖਰੀਦ ਲੈਂਦਾ। ਪਰ ਮੇਮ ਸਾਹਿਬਾ ਨੇ ਤਾਂ
ਫੱਕੀਆਂ ਉੜਾ ਦਿੱਤੀਆਂ।
ਦੋ ਬੱਚੇ ਅਜੇ ਪੜ੍ਹਾਣ ਵਾਲੇ ਪਏ ਸਨ। ਫੇਰ ਸ਼ਾਇਦ ਵਿਆਹੁਣੇ ਵੀ ਹੋਣਗੇ।
‘ਵਿੱਕੀ’ ਹੁਣ ਛੱਬੀ ਸਾਲਾਂ ਦਾ ਸੀ। ਲਟੋਰ, ਆਵਾਰਾ, ਗੋਲ ਮਟੋਲ, ਬੋਢਲ ਕੱਟਾ।
ਬੀ. ਐਸ. ਸੀ. ਵੀ ਪੂਰੀ ਨਾ ਕਰ ਸਕਿਆ। ਨਾ ਮਾਂ ਨੇ ਕਦੇ ਉਸ ਲਈ ਸਮਾਂ ਕੱਢਿਆ, ਨਾ
ਕਰਨਲ ਸਾਬ੍ਹ ਨੂੰ ਫ਼ੁਰਸਤ। ਸ਼ਕਲ ਹੀ ਵੇਖ ਲਵੋ। ਨਾ ਪੜ੍ਹਾਈ ਦਾ ਸ਼ੋਕ, ਨਾ ਕਿਸੇ
ਆਰਟ ਵੱਲ ਰੁਚੀ। ਬੱਸ ਹਾਕੀ ਲੈ ਕੇ ਤੁਰੇ ਫਿਰਨਾ। ‘ਮਾਈ ਫ਼ਾਦਰ ਇਜ਼ ਏ ਕਰਨਲ, ਯੂ
ਨੋ?’ ਦੀ ਲਾਈਨ ਹਰ ਥਾਂ ਬੋਲ ਕੇ ਪ੍ਰਭਾਵ ਪਾਉਣਾ ਆਂਉਦਾ ਸੀ ਉਸ ਨੂੰ। ਪਿਓ ਹਮੇਸ਼ਾ
ਸੋਚਦਾ। ‘ਕੀ ਬਣੇਗਾ ਏਸ ਮੁੰਡੇ ਦਾ?’
ਇੱਕ ਵਾਰੀਂ ਬੜੀ ਕੋਸ਼ਿਸ਼ ਕਰਕੇ ‘ਕੰਪਿਊਟਰ ਸਾਇੰਸ’ ਦੀ ਡਿਗਰੀ ਲਈ ‘ਐਡਮਿਸ਼ਨ’
ਕਰਵਾਇਆ ਵੀ। ਪਰ ਪੂਰੀ ਤਰਾਂ ਰੁਚੀ ਨਾ ਪੈਦਾ ਹੋ ਸਕੀ। ‘ਸਾਈਕੈਟਰਿਸਟ’ ਦੀ ਰਾਏ
ਸੀ ਕਿ ਉਸ ਦੀ ‘ਆਈ. ਕਿਊ.’ ਦਾ ‘ਲੈਵਲ’ ਉਸਦੀ ਉਮਰ ਅਨੁਸਾਰ ਨਹੀ ਹੈ। ਸ਼ਾਇਦ ਸਮਾਂ
ਪਾ ਕੇ ਠੀਕ ਹੋ ਜਾਵੇ।
ਚੰਨੀ ਸੋਲਾਂ ਸਾਲਾਂ ਦੀ। ਸੁਸ਼ੀਲ਼, ਨਿਮਰ ਸੁਭਾ। ਬੋਲਦੀ ਤਾਂ ਮੂੰਹ ‘ਚੋਂ ਫੁੱਲ
ਕਿਰਦੇ। ਪਰ ਵਿਚਾਰੀ ਰੱਬ ਦਾ ਰੂਪ ਸੀ। ਮਧਰਾ ਕੱਦ। ਸਧਾਰਨ ਨੈਣ ਨਕਸ਼, ਕਣਕ ਵੰਨਾ
ਰੰਗ। ਪਤਾ ਨਹੀ ਕੀਹਦੇ ਤੇ ਗਈ ਸੀ। ਘਰ ਵਿੱਚ ਜ਼ਰਾ ਨਹੀ ਸੀ ਮਿਲਦੀ, ਕਿਸੇ ਨਾਲ।
ਵੈਸੇ ‘ਤਾੜਨੇ ਵਾਲੇ ਭੀ ਕਿਆਮਤ ਕੀ ਨਜ਼ਰ ਰਖਤੇ ਹੈਂ।’ ਮੇਮ ਸਾਹਿਬਾ ਦੀ ਰੰਗੀਨ
ਤਬੀਅਤ ਤੋਂ ਵਾਕਿਫ਼ ਹੋਰ ਅਫ਼ਸਰਾਂ ਦੀਆਂ ਮੇਮਾਂ, ਉਸਦੀ ਸ਼ਕਲ ਦੀ ਤਸ਼ਬੀਹ ਉਸਦੇ
ਅੜਦਲੀਆਂ ਦੇ ਮੁਹਾਂਦਰੇ ਨਾਲ ਕਰਦੀਆਂ ਨਾ ਟਲਦੀਆਂ। ਕਿਹੜਾ ਅੜਦਲੀ ਹੋ ਸਕਦੈ ?
ਪਠਾਨ ਕੋਟ ਵਾਲਾ? ਨਾਸਿਕ ਵਾਲਾ? ਯਾ ਸ਼ਿਲਾਂਗ ਵਾਲਾ?
ਸਰਵਿਸ ਤੋਂ ਰੀਟਾਇਰ ਹੁੰਦਿਆਂ ਤੱਕ ਅਕਸਰ ਸਮਝਦਾਰ ਅਫ਼ਸਰਾਂ ਨੇ ਅਪਣੀ ਬੱਚਤ
ਵਿੱਚੋਂ ਕੋਠੀਆਂ ਬਣਾਈਆਂ ਹੁੰਦੀਆਂ ਨੇ। ਪਲਾਟ ਲਏ ਹੁੰਦੇ ਨੇ। ‘ਸਟਾਕਸ’ ਜਾਂ
‘ਮਿਊਚੂਅਲ ਫ਼ੰਡਾਂ’ ਵਿੱਚ ਪੈਸਾ ਜੋੜਿਆ ਹੁੰਦੈ। ‘ਸਿਵਲੀਅਨ-ਲਾਈਫ਼’ ਵਿੱਚ ਆਉਂਦਿਆਂ
ਹੀ ਕਈ ‘ਟੈਲਨੀਕਲ-ਕਨਸਲਟੈਂਟ’ ਲੱਗ ਜਾਂਦੇ ਨੇ। ਪਰ ਕਰਨਲ ਢਿੱਲੋਂ ਪਛੜ ਚੁੱਕਾ
ਸੀ। ਉਸਨੂੰ ਕੋਈ ਰਸਤਾ ਨਹੀ ਸੀ ਦਿਸ ਰਿਹਾ।
ਕੱਲੇ ਕੱਲੇ ਭਰਾ ਭਰਜਾਈ ਨਾਲ ਵੀ ਨਹੀ ਸੀ ਬਣਦੀ। ਕਦੇ ਕਿਸੇ ਨਾਲ ਤਾਂ ਬਣਾ ਕੇ
ਰੱਖੀ ਹੋਵੇ। ਰਿਸ਼ਤੇਦਾਰੀਆਂ ਵਿੱਚ ਪਿਆਰ ਵੰਡਣ ਵੰਡਾਣ ਵੇਲੇ ਹਉਂਮੈ ਨੂੰ ਤਜ ਕੇ,
ਕਈ ਵਾਰ ਅਗਲੇ ਦੇ ਪੱਧਰ ਤੇ ਹੋ ਕੇ ਵਰਤਣਾ ਪੈਂਦਾ ਹੈ। ਪਤਾ ਨਹੀ ਕਿਹੜੇ ਵੇਲੇ
ਕਿਸੇ ਦੀ ਲੋੜ ਪੈ ਜਾਵੇ। ਪਰ ਏਨੀ ਅਕਲ ਹੁੰਦੀ ਤਾਂ ਕਾਹਦਾ ਘਾਟਾ ਸੀ। ਵੱਡਾ ਭਰਾ
ਆਪਣੀ ਕਾਬਲੀਅਤ ਕਾਰਨ ਅਮਰੀਕਾ ਜਾ ਪਹੁੰਚਿਆ ਸੀ। ਉਸਦੀ ਕਿਸਮਤ ਨੂੰ, ਕੈਨੇਡਾ
ਵਿੱਚ ਰਹਿੰਦੀ ਉਹਦੇ ਵੱਡੇ ਭਾਈ ਸਾਹਿਬ ਦੀ ਲੜਕੀ ਭੂਪਿੰਦਰ ਦੇ ਦਿਲ ਵਿੱਚ ਦਇਆ ਆ
ਗਈ। ਤੇ ਉਸ ਨੇ ਅਪਣੇ ਲੜਕੇ ਦੇ ਸ਼ੁਭ ਵਿਵਾਹ ਦਾ ‘ਇਨਵੀਟੇਸ਼ਨ-ਕਾਰਡ’ ਚਾਚਾ ਜੀ ਨੂੰ
ਭੇਜ ਦਿੱਤਾ। ਕਰਨਲ ਸਾਬ੍ਹ ਕਿਵੇਂ ਕਰ ਕਰਾ ਕੇ ‘ਵਿਜ਼ਿਟਰ-ਵੀਜ਼ੇ’ ਤੇ ਵੈਨਕੂਵਰ ਆ
ਪਹੁੰਚੇ। ਆਕੇ ਵਾਪਸ ਤਾਂ ਜਾਣਾ ਹੀ ਨਹੀ ਸੀ। ਵਕੀਲ ਰਾਹੀਂ ਸਿਆਸੀ ਪਨਾਹ ਦਾ ਝੂਠਾ
ਕੇਸ ਕਰ ਦਿੱਤਾ। ਤੇ ਸਾਲ ਕੁ ਦੇ ਅੰਦਰ ‘ਲੈਂਡਿਡ-ਇਮੀਗ੍ਰੈਂਟ’ ਦੀ ਮੋਹਰ ਪਾਸਪੋਰਟ
ਤੇ ਲੱਗ ਗਈ। ਸਾਰਾ ਸਾਲ ਵਿਹਲੇ ਰਹਿ ਕੇ ਜਵਾਈਆਂ ਵਾਂਗ, ਸਰਕਾਰ ਵੱਲੋਂ ਇੱਕ
‘ਰਿਫ਼ਿਊਜੀ‘ ਹੋਣ ਵਜੋਂ ਰਿਹਾਇਸ਼ ਦੀ ਜਗਾਹ, ਖਾਣ ਜੋਗਾ ਭੋਜਨ, ਖਰਚਣ ਨੂੰ ਨਗਦੀ ਤੇ
ਦਵਾ ਦਾਰੂ ਮੁਫ਼ਤ ਮਿਲਦੀ ਰਹੀ। ਕਿਸੇ ਅਮੀਰ ਆਦਮੀ ਦੇ ਕਿਰਾਏ ਦੇ ਫ਼ਲੈਟਾਂ ਦੀ
ਮੁਰੰਮਤ ਤੇ ਸਫ਼ਾਈ ਕਰਨ ਦਾ ਕੰਮ ਸਿੱਖ ਕੇ, ਅੰਦਰ ਖਾਤੇ ਕੁਝ ਕਮਾਈ ਵੀ ਜਾਰੀ
ਰੱਖੀ। ਹੁਣ ਏਥੇ ਬੰਦੇ ਮਾਰਨ ਦਾ ਕੰਮ ਤਾਂ ਮਿਲਣੋ ਰਿਹਾ।
‘ਚੱਲੋ ਕੰਮ ਤਾਂ ਕੰਮ ਹੀ ਹੁੰਦੈ। ਇਹਦੇ ਵਿੱਚ ਸ਼ਰਮ ਕਾਹਦੀ।’ ਕਹਿ ਕੇ ਕੁਝ
ਪੁਰਾਣੇ ਫ਼ੌਜੀ ‘ ਜੀ ਹਜ਼ੂਰੀਏ’ ਯਾਰ ਦੋਸਤ, ਕਰਨਲ ਸਾਬ੍ਹ ਨਾਲ ਮੁਫ਼ਤ ਦੀ ਬੀਅਰ ਪੀਣ
ਹਰ ਹਫ਼ਤੇ ਆ ਢੁੱਕਦੇ। ਤੇ ਚੱਕ ਲੋ,… ਚੱਕ ਲੋ,…. ਚੀਅਰਜ਼…. ਕਰਕੇ ਤੁਰ ਜਾਂਦੇ।
ਜਸਪਾਲ ਦਾ ਼ਲੀਗਲ-ਸਟੇਟਸ’ ਬਦਲ ਜਾਣ ਮਗਰੋਂ ਦਿਲਜੀਤ ਤੇ ਚੰਨੀ ਵੀ ਇੰਡੀਆ ਤੋਂ
ਆ ਗਈਆਂ। ਪੁਰਾਣੇ ਨਵਾਬਾਂ ਵਾਂਗ, ਮੇਮ ਸਾਹਿਬਾ ਵੱਲੋਂ ਆਉਂਦਿਆਂ ਹੀ, ਨਵੀ ਕਾਰ
ਲੈਣ ਦੀ ਜ਼ਿਦ ਸ਼ੁਰੂ ਹੋ ਗਈ। ਫੇਰ ਓਹੀ ਫ਼ੈਲ-ਸੂਫ਼ੀਆਂ ਦਾ ਦੌਰ। ਹੋਰ ਕਰਜ਼ੇ ਚੜ੍ਹਾ
ਲਏ। ਥੋੜੀ ਬਹੁਤ ਗੁਲਾਬੀ ਅੰਗ੍ਰੇਜ਼ੀ ਨੂੰ ਮੂੰਹ ਮਾਰਦੀ ਹੋਣ ਕਰਕੇ ਦਸਾਂ ਥਾਵਾਂ
ਤੇ ਅਰਜ਼ੀਆਂ ਪਾਈਆਂ। ਭਲਾ ਜਵਾਨ ਵਰਕਰਾਂ ਦੀ ਮਾਰਕੀਟ ਵਿੱਚ ਇੱਕ ਅਧਖੜ੍ਹ ਜ਼ਨਾਨੀ
ਨੂੰ ਕਿਸ ਨੇ ਪੁੱਛਣਾ ਸੀ।
ਆਖਿਰ ਕਿਸੇ ਥਾਂ ਤੇ ਕੋਈ ਵੱਡੀ ‘ਅਪਾਰਮੈਂਟ-ਬਿਲਡਿੰਗ’ ਲਈ ‘ਮੈਨੇਜਰ
ਸੁਪਰਡੈਂਟ ਕਪਲ’ ਦੀ ਲੋੜ ਪੂਰੀ ਕਰਨ ਲਈ ਦੋਹਾਂ ਨੇ ਹਾਂ ਕਰ ਦਿੱਤੀ। ਤਨਖਾਹ ਨਾਲ
ਫ਼ਰੀ ਰਿਹਾਇਸ਼। ਮੌਜਾਂ ਹੋ ਗਈਆਂ। ਦਿਲਜੀਤ ਫ਼ੋਨ ਤੇ ‘ਮੈਸੇਜ’ ਲੈ ਛਡਦੀ ਤੇ ਜਸਪਾਲ
ਸਾਬ੍ਹ, ਕਦੇ ਕਿਸੇ ਖਾਲੀ ਅਪਾਰਮੈਂਟ ਦੀ ਸਫ਼ਾਈ ਕਰਨ ਚਲੇ ਜਾਂਦੇ, ਕਦੇ ਕੋਈ ਟੂਟੀ
ਠੀਕ ਕਰਨ ਤੇ ਕਦੇ ਕਿਸੇ ਰੁਕੀ ਹੋਈ ‘ਟਾਇਲਟ’ ‘ਚੋਂ ਮਲਬਾ ਕਢਣ ਦੀ ਮਸ਼ੀਨ ਚਲਾਣ।
ਮੇਮ ਸਾਹਿਬਾ ਅਪਣੀਆਂ ਸਹੇਲੀਆਂ ਕੋਲ ਪਹਿਲਾਂ ਵਾਂਗ ਹੀ ਸ਼ੇਖੀਆਂ ਮਾਰਦੀ। ਸਾਡੇ
ਕਰਨਲ ਸਾਬ੍ਹ ਐਂਜ…, ਸਾਡੇ ਕਰਨਲ ਸਾਬ੍ਹ ਆਹ….। ਸਭ ਨੂੰ ਪਤਾ ਸੀ ਕਿ ਵਿਚਾਰੇ
ਕੂੜਾ ਚੁੱਕਦੇ, ਕਿਰਾਏਦਾਰਾਂ ਦਾ ਪੁਰਾਣਾ ਫ਼ਰਨੀਚਰ ਢੋਂਦੇ ਤੇ ਸਾਰਾ ਸਾਰਾ ਦਿਨ
ਨਾਲੀਆਂ ਸਾਫ਼ ਕਰਨ ਵਿੱਚ ਲੱਗੇ ਰਹਿੰਦੇ ਨੇ।
ਮੁਸੀਬਤ ਸੀ ਤਾਂ ਵਿਚਾਰੀ ਚੰਨੀ ਨੂੰ। ਇਕ ਆਜ਼ਾਦ ਦੇਸ਼ ਵਿਚ ਆਪਣੀਆਂ ਹਾਣ ਦੀਆਂ
ਕੁੜੀਆਂ ਨੂੰ ਅਪਣੇ ਮਿੱਤਰ ਲੜਕਿਆਂ ਨਾਲ ਖੁਲ੍ਹੇ ਆਮ ਅਠਖੇਲੀਆਂ ਕਰਦਿਆਂ ਵੇਖਦੀ।
ਮਨ ਵਿੱਚ ਉਮੰਗਾਂ ਉੱਠਦੀਆਂ, ਤਾਂ ਪੁਰਾਣੀ ਫ਼ਿਲਮ ਦਾ ਉਹ ਗੀਤ, ਅਕਸਰ ਉਸਨੂੰ
ਪਰੇਸ਼ਾਨ ਕਰ ਜਾਂਦਾ।
‘ਪਲ ਭਰ ਕੇ ਲੀਏ ,
ਕੋਈ ਮੁਝੇ ਪਿਆਰ ਕਰ ਲੇ,
ਝੂਠਾ ਹੀ ਸਹੀ।’
ਸ਼ੁਰੂ ਸ਼ੁਰੂ ਵਿੱਚ ਮਾਂ ਬਾਪ ਨੇ ਉਸ ਲਈ ਰਿਸ਼ਤਾ ਲੱਭਣ ਦੀ ਬਥੇਰੀ ਵਾਹ ਲਾਈ। ਪਰ
ਕਿਧਰੇ ਵੀ ਗੱਲ ਨਾ ਸਿਰੇ ਚੜ੍ਹੀ। ਕੋਈ ਆਖੇ ਲੰਮੀ ਨਹੀ ਹੈ। ਕੋਈ ਕਹਿੰਦਾ ਸੋਹਣੀ
ਨਹੀ। ਸਾਧਾਰਣ ਰੰਗ ਰੂਪ ਹੋਣ ਕਰਕੇ ਉਸਦੇ ਅੰਦਰ ਹੀਣ ਭਾਵਨਾ ਪ੍ਰਬਲ ਹੋ ਰਹੀ ਸੀ।
ਘਰ ਦੀ ਆਰਥਿਕ ਹਾਲਤ ਵੇਖ ਕੇ, ਅੱਗੇ ਪੜ੍ਹਨ ਦਾ ਵੀ ਸਵਾਲ ਨਹੀ ਸੀ ਉੱਠਦਾ। ਕਿਸੇ
ਰੈਸਟੋਰੈਂਟ ਵਿੱਚ ‘ਵੇਟਰੈਸ’ ਦੀ ਨੌਕਰੀ ਕਰ ਲਈ। ਜਾਂ ਕਿਸੇ ‘ਗੈਸ-ਸਟੇਸ਼ਨ’ ਤੇ
‘ਕੈਸ਼ੀਅਰ’ ਦੀ।
ਭੂਪਿੰਦਰ ਨੂੰ, ਅਪਣੀ ਛੋਟੀ ਭੈਣ ਹੋਣ ਨਾਤੇ ਉਸਤੇ ਤਰਸ ਆ ਗਿਆ, ਤੇ ਉਸਨੇ
ਉਹਨੂੰ ‘ਫ਼ਾਰਮੇਸੀ -ਟੈਕਨੀਸ਼ਨ’ ਦੀ ‘ਟਰੇਨਿੰਗ’ ਆਪਣੇ ਖਰਚੇ ਤੇ ਕਰਵਾ ਦਿੱਤੀ। ਜਿਸ
ਕਰਕੇ ਉਸਨੂੰ ਇੱਕ ਇੱਜ਼ਤਦਾਰ ਪ੍ਰੋਫ਼ੈਸ਼ਨ ਦਾ ਮਾਹੌਲ ਮਿਲ ਗਿਆ। ਸੋਹਣੀ ਤਨਖਾਹ ਵੀ।
ਚਿਰਾਂ ਪਿੱਛੋਂ ਉਹਦੇ ਚਿਹਰੇ ਤੇ ਖੇੜਾ ਆਣ ਲੱਗਾ। ਪਰ ਮਾਂ ਬਾਪ ਨੂੰ ਤਾਂ ਉਸ ਦੇ
ਭਵਿੱਖ ਦੀ ਥਾਂ, ਹੁਣ ਉਸ ਦੇ ਅਠਾਈ ਸਾਲਾਂ ਦੇ ਭਰਾ ਨੂੰ ਬੁਲਾਣ ਦੀ ਵਧੇਰੇ ਫ਼ਿਕਰ
ਸੀ।
‘ਮੰਮੀ, ਡੈਡੀ ਮੈਨੂੰ ਛੇਤੀ ਬੁਲਾਓ ਪਲੀਜ਼।’ ਇੰਡੀਆ ਤੋਂ ਹਰ ਹਫ਼ਤੇ ਉਸਦੇ ਦੋ
ਤਿੰਨ ਟੈਲੀਫ਼ੋਨ ਆ ਜਾਂਦੇ।
ਮੁਲਕ ਦੇ ਕਾਨੂੰਨ ਅਨੁਸਾਰ ਵਡੇਰੀ ਉਮਰ ਦੇ ਲੜਕੇ ਨੂੰ ਬੁਲਾਣ ਲਈ, ਜਾਂ ਤਾਂ
ਉਹ ਉੱਚੀ ਤਾਲੀਮ-ਯਾਫ਼ਤਾ ਹੋਵੇ। ਜਾਂ ਫਿਰ ਕਿਸੇ ਕੈਨੇਡੀਅਨ ਲੜਕੀ ਨਾਲ ਵਿਆਹਿਆ
ਹੋਵੇ। ਉਹਨਾ ਦੇ ਇੱਕ ਮਿੱਤਰ ਪਰਵਾਰ ਦਾ ਲੜਕਾ ਅਤੇ ਲੜਕੀ ਵੀ ਏਸੇ ਕਾਰਨ ਇੰਡੀਆ
ਵਿੱਚ ਰੁਕੇ ਪਏ ਸਨ। ਮਜਬੂਰਨ ਇੱਕ ਧੀ ਹੋਣ ਦੇ ਨਾਤੇ, ਚੰਨੀ ਨੂੰ ਹੀ ‘ਬਲੀ ਦਾ
ਬੱਕਰਾ’ ਬਨਣਾ ਪਿਆ।
ਪਹਿਲਾਂ ਉਹ ਚੰਡੀਗੜ੍ਹ ਜਾ ਕੇ ਓਸ ਪ੍ਰਵਾਰ ਦੇ ਲੜਕੇ ਨਾਲ ਆਰਜ਼ੀ ਸ਼ਾਦੀ ਤੋਂ
ਬਾਦ ਉਹਨੂੰ ਕੈਨੇਡਾ ਲੈ ਕੇ ਆਈ। ਆਕੇ ਉਸ ਨੂੰ ਤਲਾਕ ਦਿੱਤਾ। ਓਸ ਵੱਟੇ ਸੱਟੇ
ਅਨੁਸਾਰ ਅਗਲਿਆਂ ਆਪਣੀ ਕੁੜੀ ਨੂੰ ਭੇਜ ਕੇ ‘ਵਿੱਕੀ’ ਦੇ ਆਣ ਦਾ ਜੁਗਾੜ ਬਣਾਇਆ।
‘ਵਾਦੜੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ।’
ਆਉਂਦੇ ਸਾਰ ਕੈਨੇਡਾ ਦੇ ਖੁਲ੍ਹੇ ਜਨ-ਜੀਵਨ ਨੂੰ ਵੇਖ ਕੇ ‘ਵਿੱਕੀ’ ਸਾਬ੍ਹ
ਦੀਆਂ ਤਾਂ ਅੱਖਾਂ ਹੀ ਪਾਟ ਗਈਆਂ। ਪੁਰਾਣੀਆਂ ਆਦਤਾਂ ਅਨੁਸਾਰ, ਪਹਿਨ ਪੱਚਰ ਕੇ
ਸਾਰਾ ਦਿਨ ਮਟਰ ਗਸ਼ਤੀ ਕਰਨੀ। ਕੁੜੀਆਂ ਨੂੰ ਤਾੜਨ ਲਈ ਐਵੇਂ ‘ਮਾਲ’ ਦੇ ਸਟੋਰਾਂ
ਵਿੱਚ ਗੇੜੇ ਕੱਢਦੇ ਰਹਿਣਾ। ਪਗੜੀ ਤਾਂ ਓਸ ਨੇ ਇੰਡੀਆ ਵਿੱਚ ਹੀ ਲਾਹ ਛੱਡੀ ਸੀ।
"ਬੱਚੂ! ਏਸ ਤਰਾਂ ਨਹੀ ਏਥੇ ਚੱਲਣਾ। ਕੁਸ਼ ਕੰਮ ਕਰਨਾ ਸਿੱਖ। ਸਾਰੀ ਉਮਰ ਪਿਓ
ਦੇ ਸਿਰ ਤੇ ਕਿਵੇਂ ਕੱਢੇਂਗਾ?" ਭੂਪਿੰਦਰ ਨੇ ਵੱਡੇ ਥਾਂ ਹੋਣ ਕਰਕੇ ਇੱਕ ਦਿਨ
ਉਸਨੂੰ ਮੱਤ ਦਿੱਤੀ। ਇੰਡੀਆ ਵਿੱਚ ਥੋੜੀ ਬਹੁਤ ਕੰਪਿਊਟਰ ਦੀ ਸਿੱਖਿਆ ਲਈ ਹੋਈ ਉਸ
ਦੇ ਕੰਮ ਆ ਗਈ। ਤੇ ਭੈਣ ਜੀ ਨੇ ਸਿਫ਼ਾਰਿਸ਼ ਪਵਾ ਕੇ ਉਸ ਨੂੰ ਕੰਮ ਤੇ ਲਗਵਾ ਦਿੱਤਾ।
ਪਰ ਉਹ ਜੋ ਕਮਾਵੇ, ਉਜਾੜ ਛੱਡਿਆ ਕਰੇ। ਕਰਨਲ ਸਾਬ੍ਹ ਨੇ ਭਤੀਜੀ ਦੀ ਸਲਾਹ ਨਾਲ ਉਸ
ਨੂੰ ਵੱਖਰਾ ਅਪਾਰਟਮੈਂਟ ਲੈ ਦਿੱਤਾ। ਕਮਾ ਤੇ ਖਾਹ। ਹੋ ਸਕੇ ਤਾਂ ਸਾਡੀ ਮਦਦ ਵੀ
ਕਰ। ਕਾਹਦੀ ਮਦਦ ਕਰਨੀ ਸੀ। ਵਿਚਾਰੇ ਪੁੱਤਰ ਪੈਦਾ ਕਰਨ ਦਾ ਸੰਤਾਪ ਭੋਗ ਰਹੇ ਸਨ।
ਕੰਪਿਊਟਰ ਦੀ ‘ਜਾਬ’ ਸ਼ੁਰੂ ਕਰਦਿਆਂ ਉਸਨੇ ਇੰਟਰਨੈਟ ਰਾਹੀਂ ਆਪਣੇ ਲਈ ਇੱਕ ਯੋਗ
ਕੰਨਿਆਂ ਵੀ ਲੱਭ ਲਈ। ਉਹ ‘ਫ਼ਿਜੀ’ ਦੇ ਇੱਕ ਬ੍ਰਾਹਮਣ ਪਰਵਾਰ ਤੋਂ ਸੀ। ਤੇ ਅਮਰੀਕਾ
ਦੇ ‘ਸ਼ਿਕਾਗੋ’ ਸ਼ਹਿਰ ਵਿੱਚ ਅਪਣੇ ਭਰਾ ਕੋਲ ਰਹਿੰਦੀ ਸੀ।
"ਡੈਡੀ! ਉਹ ਮੈਨੂੰ ਓਥੇ ਰਹਿਣ ਲਈ ਮਜਬੂਰ ਕਰ ਰਹੀ ਹੈ।" ਉਸ ਨੇ ਸ਼ਾਦੀ ਹੋਣ ਦੀ
ਸੰਭਾਵਨਾ ਦੱਸ ਕੇ ਰਿਵਾਜਨ ਪਰਵਾਨਗੀ ਮੰਗੀ।
"ਇਟ ਇਜ਼ ਓ.ਕੇ.’ ਬੇਟਾ। ਜਿਸ ਤਰਾਂ ਤੈਨੂੰ ਠੀਕ ਲਗਦੈ।" ਵਿਚਾਰੇ ਹੋਰ ਕੀ
ਜਵਾਬ ਦੇ ਸਕਦੇ ਸਨ। ਕਰਨੀ ਤਾਂ ਉਸਨੇ ਅਪਣੀ ਮਰਜ਼ੀ ਹੀ ਸੀ। ਪਤਾ ਨਹੀ ਉਹਨਾ ਦੇ
ਦਿਲ ਵਿੱਚ ਕਿੰਨੇ ਅਰਮਾਨ ਸਨ।‘ ਕੱਲਾ ਕੱਲਾ ਪੁੱਤ, ਹੁਣ ਬਰਾਬਰ ਦਾ ਹੋ ਕੇ ਸਾਡਾ
ਹੱਥ ਵੰਡਾਏਗਾ। ਸਾਨੂੰ ਏਸ ਉਮਰੇ, ਕੁਝ ਤਾਂ ਆਸਰਾ ਹੋਊ। ਭੈਣ ਦੀ ਸ਼ਾਦੀ ਦਾ ਖਰਚਾ
ਹੀ ਚੁੱਕੇਗਾ। ਸਾਰਿਆਂ ਦੇ ਆਉਣ ਵਾਸਤੇ ਲਏ ਹੋਏ ਕਰਜ਼ੇ ਲਾਹੁਣ ਵਿੱਚ ਵੀ ਸਹਾਹਿਕ
ਹੋਵੇਗਾ।’
ਪਰ ‘ਵਿੱਕੀ’ ਨੂੰ ਐਸਾ ਕੋਈ ਅਹਿਸਾਸ ਨਹੀ ਸੀ। ਉਸ ਨੂੰ ਤਾਂ ਅਪਣੀ ਵਧ ਰਹੀ
ਉਮਰ, ਤੇ ਬੇਡੌਲ ਹੋਣ ਦੀ ਚਿੰਤਾ ਖਾ ਰਹੀ ਸੀ। ਉਸ ਨੂੰ ਇੱਕ ਔਰਤ ਦੀ ਸਖਤ ਜ਼ਰੂਰਤ
ਮਹਿਸੂਸ ਹੋ ਰਹੀ ਸੀ। ਉਸ ਦੀ ਰੋਟੀ ਪਕੌਣ ਲਈ। ਤੇ ਉਸ ਨਾਲ ਸੌਣ ਲਈ।
‘ਸ਼ਿਕਾਗੋ’ ਤੋਂ ਇੱਕ ਸ਼ਾਮ ਉਸ ਨੇ ਅਮਰੀਕਾ ਰਹਿੰਦੇ ਅਪਣੇ ਤਾਇਆ ਜੀ ਨੂੰ ਕਾਲ
ਕੀਤਾ।
"ਹੈਲੋ ਤਾਇਆ ਜੀ।"
"ਕੌਣ?" ਉਹਨਾ ਅਸਚਰਜ ਨਾਲ ਪੁੱਛਿਆ।
"ਅੰਕਲ ਮੈਂ ‘ਵਿੱਕੀ’ ਬੋਲ ਰਿਹਾਂ, ‘ਸ਼ਿਕਾਗੋ’ ਤੋਂ। ਮੈਂ ਵੀ ਅਮਰੀਕਾ ਪਹੁੰਚ
ਗਿਆ।" ਸ਼ਾਇਦ ਉਹ ਏਥੇ ਆਣ ਦੀ ਕਾਮਯਾਬੀ ਬਾਰੇ ਦੱਸ ਕੇ ਪ੍ਰਭਾਵਿਤ ਕਰਨਾ ਚਾਹੁੰਦਾ
ਸੀ।
"ਵੈਲ-ਕਮ’ ਬੇਟਾ। ਤੇਰੇ ਮੰਮੀ ਡੈਡੀ ਕਿੱਥੇ ਨੇ?" ਵਰ੍ਹਿਆਂ ਪਿੱਛੋਂ ਭਤੀਜੇ
ਦੀ ਆਵਾਜ਼ ਸੁਣ ਕੇ ਉਹ ਬੜੇ ਖੁਸ਼ ਹੋਏ ਜਾਪਦੇ ਸਨ।
"ਓਹ ਤਾਂ ਅੰਕਲ ਵੈਨਕੂਵਰ ਰਹਿੰਦੇ ਨੇ। ਡੈਡੀ ‘ਬਿਲਡਿੰਗ ਸੁਪਰਡੈਂਟ’ ਲੱਗੇ
ਹੋਏ ਨੇ, ਤੇ ਮੰਮੀ ਓਥੇ ਹੀ ਮੈਨੇਜਰ।" ਉਹ ਵੱਡੇ ਵੱਡੇ ‘ਟਾਈਟਲ’ ਦੱਸ ਕੇ ਆਪਣੇ
ਓਸ ਤਾਏ ਨੂੰ ‘ਇਮਪ੍ਰੈਸ’ ਕਰ ਰਿਹਾ ਸੀ ਜਿੰਨ੍ਹਾਂ ਦੇ ਅਮਰੀਕਾ ਵਿੱਚ ਆਪਣੇ ਕਈ
‘ਅਪਾਰਟਮੈਂਟ-ਕੰਪਲੈਕਸ’ ਸਨ। ਉਹ ਹੱਸ ਪਏ, ਪਰ ਉਸਦਾ ਉਤਸ਼ਾਹ ਵਧਾਉਣ ਲਈ ਬੋਲੇ,
"ਸਾਨੂੰ ਤੁਹਾਡੇ ਸਾਰਿਆਂ ਦੀ ਕਾਮਯਾਬੀ ਤੇ ਬੜਾ ਮਾਣ ਹੈ। ਬੇਟਾ, ਤੇਰੇ ਮਾਂ
ਬਾਪ ਬੁੱਢੇ ਨੇ। ਏਸ ਉਮਰ ਵਿੱਚ ਉਹਨਾਂ ਜਿਸ ਤਰਾਂ ਖੱਜਲ ਹੋ ਕੇ ਤੁਹਾਨੂੰ ਏਥੇ
ਬੁਲਾਇਆ ਤੇ ਜ਼ਿੰਦਗੀ ਦਾ ਇੱਕ ਨਵਾਂ ਰਾਹ ਖੋਲ੍ਹਿਆ ਹੈ, ਇਹ ਤਾਂ ਤੁਹਾਨੂੰ ਪਤਾ ਹੀ
ਹੈ। ਹੁਣ ਤੁਸੀਂ ਵੀ ਓਹਨਾ ਦੀ ਰੱਜ ਕੇ ਸੇਵਾ ਕਰੋ। ਜਿੰਨੀ ਛੇਤੀ ਹੋ ਸਕੇ ਉਹਨਾ
ਕੋਲ ਜਾਕੇ ਰਹੋ ਜਾਂ ਉਹਨਾ ਨੂੰ ਆਪਣੇ ਕੋਲ ਬੁਲਾ ਲਵੋ। ਉਹ ਭਾਵੇਂ ਕਹਿ ਨਾ ਸਕਦੇ
ਹੋਣ ਪਰ ਉਮੀਦ ਤਾਂ ਕਰਦੇ ਹੀ ਹੋਣਗੇ।"
"ਓਕੇ ਤਾਇਆ ਜੀ।" ਸ਼ਾਇਦ ‘ਵਿੱਕੀ’ ਨੂੰ ਕਿਸੇ ਵੱਲੋਂ ਨਸੀਹਤ ਦੀ ਲੋੜ ਨਹੀ ਸੀ।
…………………………………………
ਜਿਸ ਤਰਾਂ ਪਰਵਾਰ ਵੱਲੋਂ ਇੱਕ ਧੀ ਹੁੰਦਿਆਂ, ਚੰਨੀ ਨੂੰ ‘ਵਿੱਕੀ’ ਦੀ ਖਾਤਰ
ਇੱਕ ਸੌਦੇ ਬਾਜ਼ੀ ਲਈ ਵਰਤਿਆ ਗਿਆ। ਤੇ ਸਮਾਜ ਵੱਲੋਂ ਉਸਦੇ ਵਿਆਹ ਪ੍ਰਤੀ ਹੁੰਗਾਰਾ
ਨਾ ਮਿਲਣ ਤੇ ਮਾਪਿਆਂ ਨੇ ਵੀ ਅਣਗੌਲਿਆ ਰਹਿਣ ਦਿੱਤਾ, ਉਸ ਲੜਕੀ ਦੇ ਦਿਲ ਤੇ
ਡੂੰਘੀ ਸੱਟ ਵੱਜੀ। ਪਰ ਇੱਕ ਨਾਜ਼ੁਕ ਰਿਸ਼ਤੇ ਕਾਰਨ ਉਸ ਨੇ ਕਿਸੇ ਤੇ ਜ਼ਾਹਰ ਨਾ ਹੋਣ
ਦਿੱਤਾ। ਡੇਢ ਕੁ ਸਾਲ ਕੰਮ ਕਰਕੇ ਉਹ ਆਪਣੇ ਪੈਰਾਂ ਤੇ ਖੜ੍ਹੀ ਹੋ ਗਈ। ਹੁਣ ਉਸਦੇ
ਅੰਦਰਲੀ ਔਰਤ ਜਾਗ ਪਈ ਲੱਗਦੀ ਸੀ। ਉਹ ਆਤਮ ਨਿਰਭਰ ਹੋਣਾ ਚਾਹੁੰਦੀ ਸੀ। ਇਸ ਲਈ ਉਸ
ਨੇ ਅਪਣਾ ਵੱਖਰਾ ਅਪਾਰਟਮੈਂਟ ਲੈ ਲਿਆ। ਉਹਨੂੰ ਅਹਿਸਾਸ ਹੋ ਗਿਆ ਕਿ ਏਸ ਨਿਰਦਈ
ਸੰਸਾਰ ਵਿੱਚ ਉਸਨੂੰ ਜੀਣ ਦੀ ਜਾਚ ਅਪਣੇ ਆਪ ਹੀ ਸਿੱਖਣੀ ਚਾਹੀਦੀ ਹੈ।
ਕੁਝ ਹਾਣ ਦੀਆਂ ਕੁੜੀਆਂ ਦੇ ਸਾਥ ਦਾ ਪ੍ਰਭਾਵ, ਕੁਝ ਉਸਨੇ ‘ਬਿਊਟੀ ਕਲਚਰ’ ਦੇ
ਕੋਰਸ ਲੈ ਲਏ। ਕਿਸੇ ਤਰਾਂ ਉਸਨੇ ਅਪਣੇ ਆਪ ਨੂੰ ਵਧੇਰੇ ਆਕਰਸ਼ਿਤ ਬਨਾਣ ਦਾ ਹੁਨਰ
ਸਿੱਖ ਲਿਆ। ਹਰ ਦੂਸਰੇ ਤੀਸਰੇ ਹਫ਼ਤੇ ਵਿਹਲ ਕੱਢ ਕੇ, ਕਿਸੇ ਨਾ ਕਿਸੇ ਪ੍ਰਵਾਰਿਕ
ਜਾਂ ‘ਸੋਸ਼ਲ ਪਾਰਟੀ’ ਤੇ ਚਲੀ ਜਾਂਦੀ। ਗੱਲ ਬਾਤ ਦੇ ਸਲੀਕੇ ਅਤੇ ਢੁੱਕਵੇਂ ਆਧੁਨਿਕ
ਲਿਬਾਸ ਪਾਣ ਦੀ ਕਲਾ ਨੇ ਉਸ ਦੀ ਸ਼ਖਸੀਅਤ ਕੁਝ ਇਸ ਤਰਾਂ ਉਜਾਗਰ ਕਰ ਦਿੱਤੀ, ਕਿ
ਯੁਵਾ-ਵਰਗ ਵਿੱਚ ਉਸ ਨੇ ਅਪਣੇ ਲਈ ਇਕ ਆਕਰਸ਼ਿਤ ਸਥਾਨ ਬਣਾ ਲਿਆ ਲਗਦਾ ਸੀ।
ਇੱਕ ‘ਵੀਕ-ਐਂਡ’ ਉਹ ਮੰਮੀ ਡੈਡੀ ਨੂੰ ਮਿਲਣ ਆਈ। ਆਂਦਿਆਂ ਹੀ ਕਿਸੇ ਲੜਕੇ ਦਾ
ਫ਼ੋਨ ਆ ਗਿਆ। ਮੰਮੀ ਨੇ ਫ਼ੋਨ ਚੁੱਕਿਆ।
"ਤੇਰਾ ਕਾਲ ਹੈ, ਚੰਨੀ।" ਉਸ ਨੇ ਅਸਚਰਜ ਨਾਲ ਸੋਚਦਿਆਂ ਫ਼ੋਨ ਉਸ ਨੂੰ ਫੜਾ
ਦਿੱਤਾ। ਚੰਨੀਂ ਅੱਧਾ ਘੰਟਾ ਹੱਸ ਹੱਸ ਕੇ ਗੱਲਾਂ ਕਰਦੀ ਰਹੀ।
"ਕਿਸ ਦਾ ਫੋਨ ਸੀ?" ਕਾਲ ਖਤਮ ਹੋਣ ਤੇ ਮੰਮੀ ਨੇ ਉਤਸਕਤਾ ਨਾਲ ਪੁੱਛਿਆ।
"ਮੇਰੇ ਬੁਆਇ ਫ਼ਰੈਂਡ ਦਾ।" ਉਸਦੀ ਮਾਂ ਨੂੰ ਅਚਾਨਕ ਜਿਵੇਂ ਝਟਕਾ ਜਿਹਾ ਲੱਗਾ।
ਪਰ ਚੰਨੀ ਨੇ ਆਪਣੀ ਗੱਲ ਜਾਰੀ ਰੱਖੀ। "ਉਹ ਤੁਹਾਨੂੰ ਮਿਲਨਾ ਵੀ ਚਾਹੁੰਦੈ।….‘ ਹੀ
ਇਜ਼ ਟਾਲ, ਡਾਰਕ ਐਂਡ ਵੈਰੀ ਹੈਂਡਸਮ।’…. ਮੰਮੀ, ਤੁਸੀਂ ਉਸਨੂੰ ਮਿਲੇ ਤਾਂ ਖੁਸ਼ ਹੋ
ਜਾਣੈ।" ਉਸ ਕੋਲੋਂ ਆਪਣੀ ਖੁਸ਼ੀ ਸਾਂਭੀ ਨਹੀ ਸੀ ਜਾ ਰਹੀ।
"ਕਿੰਨੇ ਚਿਰ ਤੋਂ ਜਾਣਦੀ ਹੈਂ ਤੂੰ ਉਸਨੂੰ?" ਡੈਡੀ ਦੀ ਗੱਲ ਵਿੱਚ ਤੌਖਲਾ ਸੀ।
" ਕੋਈ ਛੇ ਮਹੀਨੇ ਤੋਂ।…. ਮੈਂ ਤੁਹਾਨੂੰ ਪਹਿਲਾਂ ਵੀ ਦੱਸਣਾ ਚਾਹੁੰਦੀ ਸੀ
ਡੈਡੀ।…. ‘ਵੀ ਆਰ ਐਂਗੇਜਡ’।… ਵੇਖੋ ਤਾਂ ਸਹੀ, ਉਸ ਨੇ ਮੈਨੂੰ ਕਿੰਨੀ ਮਹਿੰਗੀ
‘ਡਾਇਮੰਡ-ਰਿੰਗ’ ਲੈ ਕੇ ਦਿੱਤੀ ਹੈ, ਪੂਰੇ ਦੋ ‘ਕੈਰਿਟ’ ਦੀ ਹੈ।" ਮੰਮੀ ਦਾ
ਹੈਰਾਨੀ ਨਾਲ ਮੂੰਹ ਅੱਡਿਆ ਰਹਿ ਗਿਆ। ਜਿਵੇ ਵਿਸ਼ਵਾਸ ਨਹੀ ਸੀ ਆ ਰਿਹਾ ਕਿ ਉਹ ਕੀ
ਸੁਣ ਰਹੀ ਹੈ।
"ਕੀ ਤੂੰ ਸਭ ਕੁਝ ਆਪਣੇ ਆਪ ਹੀ?…ਤੈਨੂੰ ਪਤੈ ਤੂੰ ਕੀ ਕਹਿ ਰਹੀ ਹੈਂ ਚੰਨੀ?"
"ਹਾਂ ਮੰਮੀ, ਮੈਨੂੰ ਸਭ ਪਤੈ। ਤੁਸਾਂ ਮੇਰੇ ਰਿਸ਼ਤੇ ਲਈ ਬੜੀਆਂ ਕੋਸ਼ਿਸ਼ਾਂ
ਕੀਤੀਆਂ। ਪਰ ਕਿਸੇ ਸਰਦਾਰ ਨੇ, ਕਿਸੇ ਪੰਜਾਬੀ ਨੇ ਮੇਰਾ ਰਿਸ਼ਤਾ ਲੈਣ ਲਈ ਹਾਮੀ
ਤੱਕ ਨਹੀ ਸੀ ਭਰੀ। ਏਥੋਂ ਤੱਕ ਕਿ ਮੈਂਨੂੰ ਵੇਖਣ ਆਏ ਉਹ ਮਾਮੂਲੀ ਟੈਕਸੀਆਂ ਚਲਾਣ
ਵਾਲੇ ਵੀ ਇੰਜ ਵੇਖਦੇ ਹੁੰਦੇ ਸਨ, ਜਿਵੇਂ ਮੈਂ ਇਨਸਾਨ ਨਹੀ, ਕੋਈ ਫ਼ਾਲਤੂ ਜਹੀ
ਵਸਤੂ ਹਾਂ।
ਸ਼ੁਕਰ ਹੈ ਭੁਪਿੰਦਰ ਭੈਣ ਜੀ ਦਾ, ਜਿੰਨ੍ਹਾਂ ਦੇ ਸਹਿਯੋਗ ਨਾਲ ਅੱਜ ਮੈਂ ਅਪਣੀ
ਪਹਿਚਾਨ ਬਣਾ ਸਕੀ ਹਾਂ। ਮੈਂ ਦ੍ਰਿੜ੍ਹ ਇਰਾਦਾ ਕਰ ਲਿਆ ਸੀ ਕਿ ਕਿਸੇ ਦੇ ਵੀ ਤਰਸ
ਤੇ ਨਹੀ ਜੀਵਾਂਗੀ। ਤੁਸਾਂ ਪੁੱਤਰ-ਮੋਹ ਕਾਰਨ, ‘ਵਿੱਕੀ’ ਦੀ ਚੋਣ ਤੇ ਫੁੱਲ
ਚੜ੍ਹਾਏ। ਹੁਣ ਜੇ ਮੈਨੂੰ ਅਪਣੀ ਪਸੰਦ ਦਾ ਕੋਈ ਸਾਥੀ ਮਿਲਿਆ, ਤਾਂ ਮੇਰੇ ਨਾਲ
ਤੁਸੀਂ ਵਿਤਕਰਾ ਕਿਵੇਂ ਕਰ ਸਕਦੇ ਹੋ?"
"ਅੱਛਾ! ਤਾਂ ਇਸਦਾ ਮਤਲਬ ਇਹ ਲੜਕਾ ਸਰਦਾਰ ਵੀ ਨਹੀ ਤੇ ਪੰਜਾਬੀ ਵੀ ਨਹੀ ?"
ਮੰਮੀ ਨੇ ਉਸ ਦੇ ਪਿਓ ਵੱਲ ਇੱਕ ਬੇ-ਆਰਾਮ ਜਹੀ ਨਜ਼ਰ ਸੁੱਟ੍ਹੀ।
"ਮੰਮੀ ਬੁਰਾ ਨਾ ਮਨਾਣਾ, ਆਪਣੇ ਘਰ ਵਿੱਚ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਤੋਂ
ਇਲਾਵਾ ਹੋਰ ਤਾਂ ਕੋਈ ਸਿੱਖੀ ਦਾ ਮਾਹੌਲ ਹੀ ਨਹੀ ਹੈ।" ਉਹ ਡੈਡੀ ਦੀ ਟਿੱਰਮ ਕੀਤੀ
ਰੰਗੀ ਹੋਈ ਦਾਹੜੀ ਵੱਲ ਵੇਂਹਦਿਆਂ, ਕੁਝ ਮੁਸਕਰਾ ਕੇ ਬੋਲੀ। "ਨਾਲੇ ਅਫ਼ਸਰੀ
ਰਿਵਾਇਤ ਅਨੁਸਾਰ ਹਮੇਸ਼ਾ ਕਾਨਵੈਂਟ ‘ਚ ਪੜ੍ਹਦਿਆਂ, ਪੰਜਾਬੀ ਸਿੱਖਣ ਸਿਖਾਣ ਦਾ ਵੀ
ਆਪਣੇ ਘਰ ਵਿੱਚ ਕੋਈ ਰਿਵਾਜ ਨਹੀ ਸੀ। ਘਰ ਵਿੱਚ ਕੀ ਤੇ ਦੂਜੇ ਪਰਵਾਰਾਂ ਵਿੱਚ ਕੀ,
ਜੇ ਕਰ ਆਪਸੀ ਗੱਲ ਬਾਤ ਵਿੱਚ ਅੱਧੀ ਅੰਗਰੇਜ਼ੀ ਨਾ ਵਰਤੀ ਜਾਂਦੀ ਤਾਂ ‘ਪ੍ਰੈਸਟੀਜ’
ਦਾ ਸਵਾਲ ਬਣ ਜਾਂਦਾ ਸੀ।"
"ਤੂੰ ਕਹਿਣਾ ਕੀ ਚਾਹੁੰਦੀ ਹੈਂ? " ਲਗਦਾ ਸੀ ਜਿਵੇਂ ਮੰਮੀ ਨੂੰ ਉਸਦੀ
ਸਾਫ਼-ਗੋਈ ਜ਼ਰਾ ਵੀ ਚੰਗੀ ਨਹੀ ਸੀ ਲੱਗ ਰਹੀ।
ਕੁਝ ਚਿਰ ਲਈ ਇੱਕ ਔਖੀ ਜਹੀ ਚੁੱਪ ਵਰਤ ਗਈ।
ਚੰਨੀ ਕੁਝ ਚਿਰ ਸੋਚ ਕੇ ਫ਼ੇਰ ਬੋਲੀ,
"ਮੰਮੀ…, ਮੈਂ ‘ਕਹਿਣ-ਸੁਣਨ’ ਦੀ ਸਟੇਜ ਤੋਂ ਬਹੁਤ ਅੱਗੇ ਲੰਘ ਚੁੱਕੀ ਹਾਂ। ਐਸ
ਵੇਲੇ ਤੁਸੀਂ ਮੈਨੂੰ ‘ਫ਼ੈਸਲਾ-ਕਰਨ’ ਦੀ ਸਥਿਤੀ ਵਿੱਚ ਵੇਖ ਰਹੇ ਓ। ਕੀ ਹੋਇਆ, ਜੇ
ਇਹ ਪੰਜਾਬੀ ਨਹੀ ਬੋਲ ਸਕਦਾ? ਪਰ ਤੁਹਾਡੀ ਕਾਲੀ ਕਲੂਟੀ ਧੀ ਨੂੰ ਇਸ ਦੇ ਪਿਆਰ ਦੀ
ਭਾਸ਼ਾ ਨੇ ਤ੍ਰਿਪਤ ਕਰ ਦਿੱਤੈ। ਇਹ ਇੱਕ ਅੱਖਾਂ ਦਾ ਡਾਕਟਰ ਹੈ। ਮੈਨੂੰ ਜਿੱਥੇ
ਲਿਜਾਂਦੈ, ਮੇਰੀ ਹੋਂਦ ਵਿਚ ਗਰਵ ਮਹਿਸੂਸ ਕਰਦੈ।…. ਐਨਾ ਚਿਰ ਹੋ ਗਿਐ, ਸਾਡੇ
ਰਿਸ਼ਤੇ ਵਿੱਚ ਜ਼ਰਾ ਵੀ ਕਮਜ਼ੋਰੀ ਨਹੀ ਆਈ। ਕਹਿੰਦੈ, ‘ਅਜੇ ਤਾਂ ਆਪਣੀ ਸਾਰੀ ਉਮਰ ਪਈ
ਹੈ।’
ਜਿਥੋਂ ਤੱਕ ‘ਸੋਸ਼ਲ ਸਟੈਟਸ’ ਦਾ ਸਵਾਲ ਹੈ। ਜਿਵੇਂ ਪੰਜਾਬ ਵਿੱਚੋਂ ਤੁਸੀਂ
ਨਾਭੇ ਵਾਲੇ ਸਰਦਾਰਾਂ ਦੀ ਧੀ ਅਖਵਾਣ ਵਿੱਚ ਫ਼ਖਰ ਮਹਿਸੂਸ ਕਰਦੇ ਹੋ, ਤਾਂ ਮੇਰਾ
ਦੋਸਤ ਵੀ ਨਾਇਜੇਰੀਆ ਦੇ ਇੱਕ ਨਾਮਵਰ ਅਫ਼ਰੀਕਨ ਕਬੀਲੇ ਦਾ ਨੌਂ-ਨਿਹਾਲ ਹੈ। ਅਸੀਂ
ਮਾਰਚ ਵਿੱਚ ਸ਼ਾਦੀ ….।"
"ਹੈਂ! ਤੂੰ ਹਬਸ਼ੀਆਂ ਦੇ ਘਰ ਜਾ ਕੇ ਸਾਡਾ ਨੱਕ ਵੱਢਣਾ ਚਾਹੁੰਦੀ ਹੈਂ?" ਉਸਦੇ
ਡੈਡੀ ਤਲਖੀ ਵਿੱਚ ਬੋਲ ਕੇ ਉੱਠ ਖਲੋਤੇ।।
"ਯਾਨੀ ਤੂੰ ਆਪਣੇ ਸਮਾਜ ਨੂੰ ਛੱਡ ਕੇ ਕੋਈ ਨਵੀਂ ਲੀਹ ਤੋਰਨ ਲੱਗੀ ਹੈਂ? ਮੰਮੀ
ਨੇ ਉਸਨੂੰ ਕੋਈ ਗ਼ਲਤ ਕਦਮ ਚੁੱਕਣ ਤੋਂ ਪਹਿਲਾਂ ਸਮਝਾਣਾ ਚਾਹਿਆ।
"ਕਿਹੜਾ ਸਮਾਜ ਮੰਮੀ? ਜਿਸ ਸਮਾਜ ਨੇ ਮੈਨੂੰ ਅਪਨਾਣ ਯੋਗ ਹੀ ਨਾ ਸਮਝਿਆ? ਕੀ
ਹਬਸ਼ੀ ਲੋਕ ਇਨਸਾਨ ਨਹੀ ਹੁੰਦੇ, ਡੈਡੀ?" ਉਸਦੀ ਆਵਾਜ਼ ਵਿੱਚ ਦ੍ਰਿੜ੍ਹਤਾ ਸੀ।
"ਨਹੀਂ ਚੰਨੀ….। ਧੀਏ ਇਹ ਅਨਰਥ ਨਾ….।" ਸਿੱਲ੍ਹੀਆਂ ਅੱਖਾਂ ਨਾਲ, ਇਕ
ਲੇਲ੍ਹੜੀ ਜਹੀ ਕੱਢ ਕੇ ਉਹਦੀ ਮਾਂ ਉਸ ਦੇ ਗਲ ਨਾਲ ਜਾ ਲੱਗੀ। |