ਵਿਸਾਖੀ ਦਾ ਤਿਉਹਾਰ ਨੇੜੇ ਆ ਰਿਹਾ ਸੀ । ਸੁਸ਼ਮਾ ਤਕਰੀਬਨ ਪਿਛਲੇ ਇਕ ਮਹੀਨੇ ਤੋਂ
ਤਿਆਰੀਆਂ ਕਰ ਰਹੀ ਸੀ । ਹਰ ਰੋਜ਼ ਨਵਾਂ ਸੂਟ ਪਾ ਕੇ ਵੇਖਦੀ ਤੇ ਮਨ ਹੀ ਮਨ ਵਿਚ
ਵਿਚਾਰ ਕਰਦੀ ਕਿ ਜੇ ਮੌਸਮ ਸਾਫ ਹੋਇਆ ਤਾਂ ਕਿਹੜਾ ਸੂਟ ਪਾਉਣਾ ਹੈ ਤੇ ਜੇ
ਬੱਦਲ-ਵਾਈ ਜਾਂ ਮੀਂਹ ਪੈਂਦਾ ਹੋਇਆ ਤਾਂ ਕਿਹੜਾ ਪਾਉਣਾ ਹੈ ।
ਉਹ ਮੈਨੂੰ ਤਕਰੀਬਨ ਹਰ ਰੋਜ਼ ਟੈਲੀਫੋਨ ਕਰ ਲੈਂਦੀ ਸੀ । ਅਸੀਂ ਹਰ ਛੁੱਟੀ ਵਾਲੇ
ਦਿਨ ਇਕੱਠੀਆਂ ਹੀ ਰਹਿੰਦੀਆ ਸਾਂ । ਸਾਡਾ ਪਿਆਰ ਸਕੀਆਂ ਭੈਣਾ ਨਾਲੋਂ ਵੀ ਵੱਧ ਸੀ
। ਪੰਜਾਬ ਵਿਚ ਇਕੱਠੀਆਂ ਰਹੀਆਂ, ਇਕੱਠੀਆਂ ਨੇ ਹੀ ਸਕੂਲ ਤੇ ਕਾਲਜ ਦੀ ਪੜ੍ਹਾਈ
ਖਤਮ ਕੀਤੀ ਸੀ । ਜਦੋਂ ਮੇਰਾ ਵਿਆਹ ਹੋਇਆ ਸੀ ਤਾਂ ਸੁਸ਼ਮਾ ਨੂੰ ਮੇਰੇ ਨਾਲੋਂ ਵੀ
ਜਿਆਦਾ ਚਾਅ ਸੀ। ਭਾਵੇਂ ਮੈਂ ਗਿੱਧੇ ਦੀ ਟੀਮ ਦੀ ਕੈਪਟਨ ਸਾਂ ਪਰ ਸੁਸ਼ਮਾਂ ਬੋਲੀਆਂ
ਪਾਉਣ ਦੀ ਮਾਹਰ ਸੀ । ਉਸਨੂੰ ਆਪਣੀ ਅਵਾਜ਼ ਤੇ ਮਾਣ ਸੀ । ਇਸੇ ਕਰਕੇ ਤਾਂ ਉਸ ਨੇ
ਕੀਰਤਨ ਕਰਨਾ ਵੀ ਸਿੱਖ ਲਿਆ ਸੀ । ਹਰ ਰੋਜ਼ ਭਾਵੇਂ ਉਹ ਗੁਰਦੁਆਰੇ ਨਹੀਂ ਸੀ ਜਾਂਦੀ
ਪਰ ਐਤਵਾਰ ਉਸ ਨੇ ਕਦੀ ਨਹੀਂ ਸੀ ਖੁੰਝਾਇਆ ।
ਗੁਰਦਆਰਾ ਸਾਹਿਬ ਦਾ ਪ੍ਰਬੰਧ ਬੜੇ ਹੀ ਸੁਚੱਜੇ ਸੇਵਾਦਾਰਾਂ ਦੇ ਹੱਥ ਵਿਚ ਹੈ ।
ਪਿਛਲੇ ਚਾਰਾਂ ਸਾਲਾਂ ਤੋਂ ਤਕਰੀਬਨ ਉਹੀ ਸੇਵਾਦਾਰ ਸੇਵਾ ਕਰ ਰਹੇ ਹਨ । ਦਰਅਸਲ ਇਹ
ਤਾਂ ਮੂਰਖਾਂ ਦਾ ਆਪਣੀ ਸੋਚ ਨਾਲ ਇਕ ਸਮਝੌਤਾ ਹੈ ਜੋ ਹਰ ਵਕਤ ਕਰਦੇ ਰਹਿੰਦੇ ਹਨ
ਤੇ ਫਿਰ ਆਪੇ ਹੀ ਢਾਹ ਲੈਂਦੇ ਹਨ । ਸੇਵਾ ਲੈਣ ਤੋਂ ਬਾਅਦ ਇਹੀ ਸੁਣਿਆਂ ਜਾਂਦਾ ਹੈ
ਕਿ ਜੇਕਰ ਇਸ ਵਾਰੀ ਮੈਂ ਇਹ ਚਾਲ ਨਾ ਚਲਦਾ ਤਾਂ ਆਪਾਂ ਜਿੱਤ ਨਹੀਂ ਸੀ ਸਕਦੇ ।
ਜੇਕਰ ਮੈਂ ਤੁਹਾਡੇ ਨਾਲ ਫਲਾਨੇ ਦੇ ਘਰ ਨਾ ਜਾਂਦਾ ਤਾਂ ਉਹਨਾਂ ਦੀਆਂ 10-15
ਵੋਟਾਂ ਆਪਾਂ ਨੂੰ ਨਹੀਂ ਸਨ ਪੈਣੀਆਂ । ਹਾਰਨ ਵਾਲੇ ਵਿਚਾਰੇ ਦਾ ਤਾਂ ਬਹੁਤਾ ਹੀ
ਮਾੜਾ ਹਾਲ ਹੁੰਦਾ ਹੈ । ਕੰਮ ਵੀ ਛੱਡਿਆ, ਸ਼ਰਾਬਾਂ ਵੀ ਪਿਆਈਆਂ, ਟੈਲੀਫੋਨਾਂ ਦੇ
ਬਿੱਲ, ਦੁਸ਼ਮਣੀਆਂ ਵਾਧੂ ਦੀਆਂ ਪਈਆਂ, ਪਰ ਜਿਤੇ ਫਿਰ ਵੀ ਨਾ, ਹੁਣ ਤਾਂ ਦੋ ਸਾਲਾਂ
ਤੇ ਫਿਰ ਗੱਲ ਜਾ ਪਈ । ਉਦੋਂ ਤੱਕ ਪਤਾ ਨਹੀਂ ਕੀ ਕੁਤਾਹੀ ਹੋ ਜਾਣੀ ਹੈ । ਲਗਦਾ
ਹੈ ਚੌਧਰ ਛੇਤੀ ਕੀਤੇ ਨਹੀਂ ਮਿਲਣ ਲੱਗੀ ।
ਸੇਵਾ ਤਾਂ ਗੁਰੂ ਨੇ ਆਪਣੀ ਆਪ ਕਰਾਉਣੀ ਹੈ । ਉਹ ਸੇਵਾ ਉਸੇ ਨੂੰ ਹੀ ਦਿੰਦਾ
ਹੈ ਜੋ ਸੇਵਾ ਦੇ ਲਾਇਕ ਹੋਵੇ । ਐਵੇਂ ਤਾਂ ਗੁਰੂ ਅਮਰ ਦਾਸ ਜੀ ਨੇ ਨਹੀਂ ਉਚਾਰਿਆ,
"ਤਖਤਿ ਰਾਜਾ ਸੋ ਬਹੈ ਜਿ ਤਖਤੈ ਲਾਇਕ ਹੋਈ ॥" ਰਾਜ ਉਹੀ ਕਰ ਸਕਦਾ ਹੈ ਜੋ ਰਾਜੇ
ਦੀ ਕਾਬਲੀਅਤ ਰੱਖਦਾ ਹੋਵੇ । ਉਸ ਦੇ ਰਾਜ ਵਿਚ ਪਰਜਾ ਸੁਖੀ ਹੋਵੇ । ਜੇ ਰਾਜਾ
ਭ੍ਰਿਸ਼ਟਾਚਾਰ, ਲਾਈ-ਲੱਗ ਜਾਂ ਹੰਕਾਰੀ ਹੋਵੇ ਤਾਂ ਫਿਰ ਚੱਕੀ ਚੱਟਣ ਵਾਲਾ ਕੰਮ ਹੀ
ਹੋਵੇਗਾ । ਸੇਵਾ ਤਾਂ ਉਹੀ ਨਿਬਾਹ ਸਕਦਾ ਹੈ ਜੋ ਸੱਚ ਤੇ ਪਹਿਰਾ ਦੇ ਸਕੇ । ਸੱਚ
ਉਹੀ ਬੋਲ ਸਕਦਾ ਹੈ ਜੋ ਧਰਮੀ ਹੋਵੇ । ਮਾਰਟਿਨ ਲੂਥਰ ਨੇ ਇਕ ਵਾਰੀ ਇਕ ਜਲਸੇ ਵਿਚ
ਕਿਹਾ ਸੀ ਕਿ "ਜਿਸ ਦਿਨ ਅਸੀਂ ਸੱਚ ਵੇਖ ਕੇ ਬੋਲਣਾ ਬੰਦ ਕਰ ਦਿੰਦੇ ਹਾਂ ਤਾਂ ਉਸ
ਦਿਨ ਤੋਂ ਅਸੀਂ ਮਰਨਾ ਸ਼ੁਰੂ ਕਰ ਦਿੰਦੇ ਹਾਂ" । ਇਹ ਕਥਨੀਆਂ ਵੱਡੇ-ਵਡੇਰਿਆਂ ਨੇ
ਆਪਣੇ ਤਜ਼ਰਬਿਆਂ ਨਾਲ ਹੰਡਾ ਕੇ ਆਖੀਆਂ ਹਨ ।
ਪਿਛਲੇ ਹਫਤੇ ਜਦੋਂ ਸਕੱਤਰ ਜੀ ਨੇ ਸਟੇਜ ਤੋਂ ਸੰਗਤਾਂ ਨੂੰ ਇਹ ਸੰਬੋਧਨ ਕੀਤਾ
ਕਿ ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰੀ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਗਤਾਂ
ਦੇ ਸਹਿਯੋਗ ਨਾਲ ਸ਼ਹਿਰ ਵਿਚ ਦੀ ਵਿਸਾਖੀ ਵਾਲੇ ਦਿਨ ਖਾਲਸਈ ਮਾਰਚ ਕੱਢਣ ਦਾ ਫੈਸਲਾ
ਕੀਤਾ ਹੈ ਅਤੇ ਸਾਰੀ ਸੰਗਤ ਨੂੰ ਸਨਿਮਰ ਬੇਨਤੀ ਹੈ ਕਿ ਸਮੇਤ ਪ੍ਰੀਵਾਰ ਇਸ ਖਾਲਸਈ
ਮਾਰਚ ਵਿਚ ਹਿੱਸਾ ਪਾ ਕੇ ਰੌਂਣਕਾਂ ਵਧਾਓ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ।
ਸੁਣ ਕੇ ਸੁਸ਼ਮਾ ਨੂੰ ਤਾਂ ਜਿਵੇਂ ਚਾਅ ਜਿਹਾ ਹੀ ਚੜ੍ਹ ਗਿਆ ਸੀ । ਉਹ ਹੁਣ ਆਪਣੇ
ਘਰ ਦਾ ਸਾਰਾ ਕੰਮ ਜਲਦੀ ਨਿਪਟਾ ਕੇ ਤਕਰੀਬਨ ਹਰ ਰੋਜ਼ ਹੀ ਸ਼ਾਮ ਨੂੰ ਗੁਰਦੁਆਰਾ
ਸਾਹਿਬ ਆਉਣ ਲੱਗ ਪਈ ਸੀ । ਲੰਗਰ ਦੀ ਸੇਵਾ ਕਰਦੀ, ਸਫਾਈ ਦਾ ਕੰਮ ਕਰਕੇ ਰਹਿਰਾਸ
ਸਾਹਿਬ ਦਾ ਪਾਠ ਅਤੇ ਕੀਰਤਨ ਸੁਣਦੀ । ਉਹ ਐਨੀ ਖੁਸ਼ ਸੀ ਜਿਵੇਂ ਉਸ ਦਾ ਵਿਆਹ
ਬੰਨ੍ਹ ਦਿੱਤਾ ਹੋਵੇ । ਸੁਸ਼ਮਾ ਭਾਵੇਂ ਨਾਂ ਤੋਂ ਹਿੰਦੂ ਘਰਾਣੇ ਨਾਲ ਸੰਬੰਧ ਰਖਦੀ
ਹੈ ਪਰ ਉਸ ਦੀ ਕਰਨੀ ਤੇ ਸੇਵਾ ਸਿੱਖਾਂ ਨਾਲੋਂ ਵੀ ਵੱਧ ਹੈ । ਕਹਿੰਦੀ ਹੈ ਕਿ ਮੈਂ
ਆਪਣਾ ਵਿਆਹ ਕਰਾਉਣ ਤੋਂ ਪਹਿਲਾਂ-ਪਹਿਲਾਂ ਅੰਮ੍ਰਿਤ ਛਕ ਕੇ ਆਪਣਾ ਨਾਂ ਸਤਵੰਤ ਕੌਰ
ਰੱਖ ਲੈਣਾ ਹੈ । ਸਾਕ ਪਤਾ ਨਹੀਂ ਕਿਹੋ ਜਿਹੇ ਮਿਲਣੇ ਹਨ । ਪਹਿਲਾਂ-ਪਹਿਲਾਂ ਜੋ
ਕਰ ਲਈਏ ਫਾਇਦੇ ਦਾ ਹੀ ਹੈ। ਤਾਂਹੀਓਂ ਤਾਂ ਮੈਂ ਆਪਣੇ ਬਾਪੂ ਦਾ ਬਚਨ ਵੀ ਪੂਰਾ ਕਰ
ਸਕਾਂਗੀ ।
ਮੈਂ ਬੜੀ ਹੀ ਕਾਹਲੀ ਨਾਲ ਕੁਰਸੀ ਉਸ ਵੱਲ ਘੁਮਾਈ ਤੇ ਉਤਸੁਕਤਾ ਨਾਲ ਪੁੱਛਿਆ
ਕਿ ਇਹ ਤੂੰ ਕੀ ਕਿਹਾ ਹੈ । ਭਾਪਾ ਜੀ ਨੇ ਤੈਥੋਂ ਕਿਹੜਾ ਬਚਨ ਪੂਰਾ ਕਰਵਾਉਣਾ ਹੈ
। ਪਹਿਲਾਂ ਤਾਂ ਤੂੰ ਕਦੀ ਇਸ ਤਰ੍ਹਾ ਦੀ ਗੱਲ ਨਹੀਂ ਕੀਤੀ । ਦਰਅਸਲ ਬਲਜੀਤ ਆਪਾਂ
ਪਿਛਲ਼ੀ ਸਾਰੀ ਉਮਰ ਵਿਚ ਐਨੀਆਂ ਗੱਲਾਂ ਕੀਤੀਆਂ ਹਨ ਕਿ ਕਈ ਕਿਤਾਬਾਂ ਲਿਖੀਆਂ ਜਾ
ਸਕਦੀਆਂ ਹਨ । ਆਪਣੇ ਤੇ ਬਚਪਨਾ ਸੀ, ਆਪਣੀਆਂ ਕਈ ਉਮੀਦਾਂ ਸਨ । ਇਸ ਆਦਮੀ-ਪ੍ਰਧਾਨ
ਸਮਾਜ ਵਿਚ ਇਸਤਰੀ ਕੀ ਸੋਚ ਸਕਦੀ ਹੈ । ਵਿਆਹ ਤੋਂ ਬਾਅਦ ਨਵਾਂ ਘਰ, ਨਵੀਂ ਸੋਚ ਆ
ਲਪੇਟਦੀ ਹੈ । ਬੱਚੇ ਪੈਦਾ ਹੋ ਜਾਂਦੇ ਹਨ । ਔਰਤ ਵਿਚਾਰੀ ਪਹਿਲਾਂ ਮਾਪਿਆਂ ਤੋਂ
ਝਿੜਕਾਂ ਖਾਂਦੀ ਹੈ ਫਿਰ ਆ ਕੇ ਸੱਸ-ਸਹੁਰੇ ਦੇ ਤਾਹਨੇ ਤੇ ਮਿਹਣੇ । ਆਪਣੇ ਘਰ ਦਾ
ਖਰਚਾ ਤਾਂ ਕਰਨਾ ਹੀ ਹੁੰਦਾ ਹੈ, ਰਿਸ਼ਤੇਦਾਰੀ ਵਿਚ ਕੋਈ ਨਾ ਕੋਈ ਵਿਆਹ-ਸ਼ਾਦੀ ਵੀ
ਆਈ ਰਹਿੰਦੀ ਹੈ । ਬੱਸਾਂ ਦਾ ਭਾੜਾ-ਕਿਰਾਇਆ ਤੇ ਲੈਣ-ਦੇਣ ਹੀ ਸਾਹ ਨਹੀਂ ਲੈਣ
ਦਿੰਦਾ ।
ਤੈਨੂੰ ਪਤਾ ਹੀ ਹੈ ਕਿ ਅਸੀਂ ਪੰਜ ਭੈਣਾ ਹਾਂ ਅਤੇ ਘਰ ਵਿਚ ਮੈਂ ਸਭ ਤੋਂ ਵੱਡੀ
ਹਾਂ । ਭਾਪਾ ਜੀ ਬਜੁਰਗ ਅਵਸਥਾ ਵਿਚ ਹਨ । ਹੱਟੀ ਦਾ ਕੰਮ ਵੀ ਮੱਠਾ ਪੈ ਗਿਆ ਹੈ ।
ਮੇਰੀ ਇਹ ਖਾਹਸ਼ ਹੈ ਕਿ ਮੈਂ ਸਾਰੀਆਂ ਭੈਣਾ ਦਾ ਵਿਆਹ ਕਰ ਕੇ ਫਿਰ ਆਪਣਾ ਵਿਆਹ
ਕਰਵਾਉਣਾ ਹੈ । ਮੈਂ ਕਿਹੜਾ ਅਜੇ ਬੁੱਢੀ ਹੋ ਚੱਲੀ ਹਾਂ । ਪੰਜਾਬ ਵਿਚ ਹੁੰਦੀ ਤਾਂ
ਭਾਵੇਂ ਲੋਕੀਂ ਕਹਿ ਦਿੰਦੇ ਕਿ ਵੱਡੀ ਦਾ ਜਿਹੜਾ ਪਹਿਲਾਂ ਵਿਆਹ ਨਹੀ ਕੀਤਾ ਜਰੂਰ
ਕੋਈ ਕਾਰਨ ਹੋਊ । ਸੌ-ਸੌ ਗੱਲਾਂ ਬਣਾਉਂਦਾ ਹੈ ਇਹ ਸਮਾਜ । ਕਈ ਵਾਰੀ ਤਾਂ ਸਮਾਜ
ਦੇ ਠੇਕੇਦਾਰ ਬਿਨ੍ਹਾਂ ਸੋਚੇ-ਸਮਝੇ ਇਹੋ ਜਿਹੀਆਂ ਊਣਤਾਂ ਲਾ ਦਿੰਦੇ ਹਨ ਕਿ ਧਰਤੀ
ਨਿੱਘਰਨ ਨੂੰ ਵੀ ਥਾਂ ਨਹੀਂ ਦਿੰਦੀ । ਮੁੰਡਾ ਭਾਵੇਂ ਪੂਰਾ ਛਟਿਆ ਹੋਵੇ, ਨਿਤ ਦਾ
ਸ਼ਰਾਬੀ, ਕਿਤੇ ਕਿਤੇ ਸਮੈਕ ਨੂੰ ਵੀ ਹੱਥ ਮਾਰਦਾ ਹੋਵੇ, ਕਹਿਣਗੇ ਸਾਡੇ ਕਾਕੇ ਵਰਗਾ
ਤਾਂ ਕੋਈ ਪਾਠੀ ਹੀ ਨਹੀਂ । ਤੜ੍ਹਕੇ ੳੁੱਠ ਕੇ ਜਿਨ੍ਹਾ ਚਿਰ ਪਾਠ ਨਾ ਕਰੇ ਉਨ੍ਹਾਂ
ਚਿਰ ਮੂੰਹ ’ਚ ਨਹੀਂ ਪਾਉਂਦਾ ਕੁਝ ।
ਨਾਰਵੇ ਆਉਣ ਤੋਂ ਪਹਿਲਾਂ ਭਾਪਾ ਜੀ ਨੇ ਮੈਨੂੰ ਕੋਲ ਬਿਠਾ ਕੇ ਕਿਹਾ ਸੀ ਕਿ
ਧੀਏ, "ਤੂੰ ਬਾਹਰ ਚੱਲੀ ਹੈਂ, ਐਥੇ ਅਸੀਂ ਔਖੇ-ਸੌਖੇ ਸਾਰ ਲਵਾਂਗੇ, ਤੂੰ ਸਭ ਤੋਂ
ਵੱਡੀ ਹੈ, ਸਿੱਖ ਗੁਰੂਆਂ ਦਾ ਸਾਡੇ ਤੇ ਇਕ ਅਹਿਸਾਨ ਹੈ । ਮੈਂ ਆਪ ਤਾਂ ਉਹ ਚੁਕਾ
ਨਹੀਂ ਸਕਿਆ ਪਰ ਮੈਂ ਤੇਰੇ ਕੋਲੋਂ ਇਹ ਬਚਨ ਮੰਗਦਾ ਹਾਂ, ਤੂੰ ਉਸਨੂੰ ਜ਼ਰੂਰ ਪੂਰਾ
ਕਰੀਂ । ਪਹਿਲਾਂ ਮੈਨੂੰ ਵੀ ਇਸ ਬਾਰੇ ਗਿਆਨ ਨਹੀਂ ਸੀ । ਪਰ ਇਕ ਦਿਨ ਜਦੋਂ ਮੈਂ
ਗੁਰਦੁਆਰਾ ਸਾਹਿਬ ਗਿਆ ਤਾਂ ਉਥੇ ਭਾਈ ਜੀ ਕਥਾ ਕਰ ਰਹੇ ਸਨ । ਨੌਵੇਂ ਗੁਰੂ ਦਾ
ਸ਼ਹੀਦੀ ਗੁਰਪੁਰਬ ਸੀ । ਭਾਈ ਜੀ ਨੇ ਦੱਸਿਆ ਕਿ ਨੌਵੇਂ ਗੁਰੂ ਜੀ ਨੂੰ ਸਾਡੇ ਧਰਮ
ਨੂੰ ਬਚਾਉਣ ਦੀ ਖਾਤਰ ਸ਼ਹੀਦੀ ਦੇਣੀ ਪਈ ਸੀ । ਜਿਵੇਂ ਜਿਵੇਂ ਮੈਂ ਕਥਾ ਸੁਣ ਰਿਹਾ
ਸੀ, ਨਾਲੋ ਨਾਲ ਮੇਰੀਆਂ ਅੱਖਾਂ ਵਿਚੋਂ ਪਾਣੀ ਤ੍ਰਿਪਕ-ਤ੍ਰਿਪਕ ਵਗ ਰਿਹਾ ਸੀ ।
ਅਸੀਂ ਕਿੰਨ੍ਹੇ ਅਕ੍ਰਿਤਘਣ ਹਾਂ, ਮੂਲ ਤਾਂ ਕੀ ਵਿਆਜ ਵੀ ਨਹੀਂ ਮੋੜ ਸਕੇ । ਪਤਾ
ਹੈ ਕਿ ਅਕ੍ਰਿਤਘਣ ਕੌਣ ਹੁੰਦਾ ਹੈ, "ਜੋ ਅਹਿਸਾਨ ਭੁੱਲ ਜਾਵੇ, ਜੋ ਲੈਕੇ ਮੁੱਕਰ
ਜਾਵੇ, ਲੂਣ ਖਾ ਕੇ ਹਰਾਮ ਕਰ ਦੇਵੇ । ਬੜੇ ਮਿਲਣਗੇ ਇਹੋ ਜਿਹੇ ਸਾਡੇ ਇਸ ਸਮਾਜ
ਵਿਚ । ਗੁਰੂਆਂ ਨੇ ਤਾਂ ਬਾਣੀ ਵਿਚ ਅਕ੍ਰਿਤਘਣ ਨੂੰ ਸਭ ਤੋਂ ਮਾੜਾ ਕਿਹਾ ਹੈ ।"
ਇਕ ਗੱਲ ਹੋਰ ਦੱਸਾਂ ਜਿਹੜੀ ਅਜ਼ਾਦੀ ਦਾ ਅਸੀਂ ਅੱਜ ਨਿਘ ਮਾਣ ਰਹੇ ਹਾਂ ਨਾਂ, ਇਹ
ਇਹਨਾਂ ਸਿੱਖਾਂ ਨੇ ਹੀ ਲੈ ਕੇ ਦਿੱਤੀ ਹੈ ਸਾਨੂੰ । ਚਰਖੇ ਕੱਤਣ ਨਾਲ ਜਾਂ ਵਰਤ
ਰੱਖਣ ਨਾਲ ਅਜ਼ਾਦੀਆਂ ਨਹੀਂ ਮਿਲਦੀਆਂ । ਇਹਨੂੰ ਵਿਆਹੁਣ ਲਈ ਤਾਂ ਸਿਰ ਤਲੀ ਤੇ
ਰੱਖਣਾ ਪੈਂਦਾ ਹੈ ਤੇ ਇਹ ਇਹਨਾਂ ਸਿੱਖਾਂ ਦੇ ਹਿੱਸੇ ਹੀ ਆਇਆ ਹੈ ਇਹ ।
ਮੈਂ ਉਸੇ ਦਿਨ ਤੋਂ ਹੀ ਮਨ ਬਣਾ ਲਿਆ ਸੀ ਕਿ ਜੇਕਰ ਮੇਰੇ ਲੜਕਾ ਹੋਇਆ ਤਾ ਉਸ
ਨੂੰ ਸਿੱਖ ਬਣਾਵਾਂਗਾ । ਸਭ ਤੋਂ ਪਹਿਲਾਂ ਤੂੰ ਹੋਈ । ਮੁੰਡੇ ਦੇ ਲਾਲਚ ਵਿਚ ਚਾਰ
ਹੋਰ ਹੋ ਗਈਆਂ । ਮੈਂ ਤੁਹਾਡੇ ਤੇ ਮੁੰਡਿਆਂ ਵਿਚ ਕੋਈ ਫਰਕ ਨਹੀਂ ਸਮਝਦਾ । ਸਿੱਖ
ਧਰਮ ਦੇ ਬਾਨੀ ਨੇ ਤਾਂ ਔਰਤ ਨੂੰ ਸਭ ਤੋਂ ਵਡਾ ਦਰਜਾ ਦਿੱਤਾ ਹੈ । ਆਹ ਅਮੀਰ ਮੁਲਕ
ਜੋ ਮਰਜੀ ਢੀਂਘਾਂ ਮਾਰੀ ਜਾਣ ਪਰ ਔਰਤ ਨੂੰ ਬਰਾਬਰਤਾ ਦਾ ਹੱਕ ਸਿਰਫ ਤੇ ਸਿਰਫ
ਗੁਰੂ ਨਾਨਕ ਨੇ ਹੀ ਦਿਵਾਇਆ ਹੈ । ਮੇਰੀ ਇਕੋ ਹੀ ਉਮੀਦ ਸੀ ਕਿ ਮੇਰੇ ਘਰ ਲੜਕਾ
ਹੁੰਦਾ ਤੇ ਮੈਂ ਉਸ ਨੂੰ ਸਿੱਖ ਬਣਾ ਕੇ ਆਪਣਾ ਥੋੜਾ ਜਿਹਾ ਭਾਰ ਹੌਲਾ ਕਰ ਲੈਂਦਾ ।
ਪਰ ਸੱਚੇ ਪਾਤਸ਼ਾਹਾਂ ਦੀਆਂ ਉਹ ਸੱਚਾ ਹੀ ਜਾਣੇ । ਹੋ ਸਕਦਾ ਹੈ ਕਿ ਇਹ ਵਿਆਜ ਬਾਬੇ
ਨੇ ਦੂਜੀ ਪੀੜ੍ਹੀ ਤੋ ਲੈਣਾ ਹੋਵੇ । ਮੇਰੀ ਉਮਰ ਹੁਣ ਸਿਆਣੀ ਹੋ ਗਈ ਹੈ । ਪਤਾ
ਨਹੀਂ ਕਦੋਂ ਸੱਦਾ ਆ ਜਾਵੇ । ਸੁਣਿਆਂ ਹੈ ਕਿ ਸੱਚੇ ਦਿਲੋਂ ਇਕ ਮਨ ਹੋ ਕੇ ਜੇ
ਅਰਦਾਸ ਕਰੀਏ ਤਾਂ ਉਹ ਜ਼ਰੂਰ ਬਹੁੜਦਾ ਹੈ ਤੇ ਆਪਣੇ ਸੇਵਕਾਂ ਨੂੰ ਗਲਵਕੜੀ ਵਿਚ ਲੈ
ਕੇ ਬੜਾ ਹੀ ਂਿਨੱਘ ਦਿੰਦਾ ਹੈ ਉਹ । ਜਦੋਂ ਤੁੱਠ ਪਵੇ ਨਾ ਉਹ, ਫਿਰ ਜਿਵੇਂ ਬੱਚੇ
ਨੂੰ ਉਸ ਦੀ ਮਾਂ ਕਿਸੇ ਵੀ ਚੀਜ਼ ਤੋਂ ਨਾਂਹ ਨਹੀਂ ਕਰਦੀ, ਬੱਸ ਉਸੇ ਤਰ੍ਹਾਂ ਹੀ ਉਸ
ਤੋਂ ਫਿਰ ਜੋ ਮਰਜੀ ਮੰਗੀ ਜਾਈਏ, ਨਾਂਹ ਨਹੀਂ ਕਰਦਾ, ਛਹਿਬਰਾਂ ਲਾ ਦਿੰਦਾ ਹੈ ਉਹ
। ਮੈਂ ਵੀ ਉਸ ਅੱਗੇ ਅਰਦਾਸ ਕੀਤੀ ਹੈ ਕਿ ਹੇ ਰਹਿਬਰਾਂ ਦੇ ਸਾਂਈ ਜਦੋਂ ਮੇਰਾ ਦਿਨ
ਆ ਗਿਆ ਤਾਂ ਮੈਨੂੰ ਇਕ ਵਾਰੀ ਆਪਣੇ ਕੋਲ ਜ਼ਰੂਰ ਬੁਲਾ ਲਵੀਂ । ਮੈਂ ਅਕ੍ਰਿਤਘਣ
ਨਹੀਂ ਹਾਂ । ਤੇਰੀ ਰਹਿਮਤ ਚਾਹੀਦੀ ਹੈ ਵਿਆਜ ਮੇਰੀ ਦੂਜੀ ਪੀੜ੍ਹੀ ਮੋੜ ਦੇਵੇਗੀ,
ਤੁਸੀਂ ਮੇਰੇ ਤੇ ਰਹਿਮਤ ਕਰੋ ਤੇ ਮੂਲ ਮੁਆਫ ਕਰ ਦਿਓ । ਮੈਨੂੰ ਵਿਸ਼ਵਾਸ ਹੈ ਕਿ ਉਹ
ਮੇਰੀ ਨਹੀਂ ਮੋੜੇਗਾ । ਸੋ ਮੇਰੀਏ ਧੀਏ ਮੈਨੂੰ ਉਸ ਤੇ ਵਿਸ਼ਵਾਸ਼ ਹੈ ਕਿ ਤੇਰੇ ਘਰ
ਪਹਿਲਾ ਲੜਕਾ ਹੀ ਹੋਵੇਗਾ । ਤੂੰ ਉਸ ਨੂੰ ਸਿੱਖ ਜਰੂਰ ਬਣਾ ਦੇਵੀਂ ਤੇ ਸਿੱਖ ਵੀ
ਐਸਾ ਕਿ ਉਸ ਦੀਆਂ ਬਹਾਦਰੀਆਂ ਦੇ ਨਾਲ-ਨਾਲ ਸ਼ਾਇਦ ਕੋਈ ਸਾਡੀ ਵੀ ਕਵੀਸ਼ਰੀ ਗਾ ਲਿਆ
ਕਰੇ ।
ਗੁਰਦੁਆਰਾ ਸਾਹਿਬ ਅੰਦਰੋਂ ਤੇ ਬਾਹਰੋਂ ਲਿਸ਼ਕਾ ਦਿਤਾ ਗਿਆ । ਅੰਦਰ ਬਾਹਰ
ਝੰਡੀਆਂ ਲਾ ਦਿੱਤੀਆਂ ਗਈਆਂ । ਕੀਰਤਨੀਏ ਸਿੰਘ ਪੰਜਾਬੋਂ ਆਉਣ ਲੱਗੇ ਜਿਹੜੇ ਬੈਨਰ
ਲੈ ਕੇ ਆਏ ਸਨ, ਉਹਨਾਂ ਨੇ ਤਾਂ ਰੰਗ ਹੀ ਬੰਨ੍ਹ ਦਿੱਤਾ । ਨਿਸ਼ਾਨ ਸਾਹਿਬ ਦਾ ਚੋਲਾ
ਵੀ ਬਦਲ ਦਿੱਤਾ ਗਿਆ । ਹਫਤਾ ਪਹਿਲੋਂ ਗੱਤਕੇ ਦੀ ਵਲੈਤੋਂ ਆਈ ਟੀਮ ਨੇ ਆਪਣੇ ਜੌਹਰ
ਵਿਖਾਉਣੇ ਸ਼ੁਰੂ ਕਰ ਦਿੱਤੇ ਅਤੇ ਜਵਾਨ ਮੁੰਡੇ ਕੁੜੀਆਂ ਨੇ ਵੀ ਗੱਤਕੇ ਦੀ ਸਿਖਲਾਈ
ਲੈਣੀ ਸ਼ੁਰੂ ਕਰ ਦਿੱਤੀ ।
ਵਿਸਾਖੀ ਦਾ ਦਿਨ ਆ ਗਿਆ । ਸੁਸ਼ਮਾਂ ਤਾਂ ਕੇਸਰੀ ਸੂਟ, ਕੇਸਰੀ ਦੁਪੱਟਾ ਪਾਕੇ,
ਸੱਜ-ਧੱਜ ਕੇ ਸੱਤ ਵਜੇ ਹੀ ਗੁਰਦੁਆਰਾ ਸਾਹਿਬ ਪਹੁੰਚ ਗਈ ਸੀ । ਸੰਗਤਾਂ ਆਉਣੀਆਂ
ਸ਼ੁਰੂ ਹੋ ਗਈਆਂ । ਖਾਲਸਈ ਮਾਰਚ ਸ਼ਹਿਰ ਵਿਚ ਕੱਢਣਾ ਸੀ ਇਸ ਲਈ ਬੱਸਾਂ ਦਾ ਇੰਤਜ਼ਾਮ
ਕੀਤਾ ਹੋਇਆ ਸੀ । ਸੰਗਤਾਂ ਦਾ ਤਾਂ ਹੜ੍ਹ ਹੀ ਆ ਗਿਆ । ਅੰਦਰ ਬਾਹਰ ਸਾਰੇ ਪਾਸੇ
ਕੇਸਰੀ ਰੰਗ ਦੀ ਇਓਂ ਭਰਮਾਰ ਸੀ ਜਿਵੇਂ ਪੰਜਾਬ ਵਿਚ ਸਰੋਂ ਦੇ ਖੇਤ ਵਿਚ ਫਿਰਦੇ
ਹੋਈਏ । ਜਿਵੇਂ ਜਿਵੇਂ ਸੰਗਤਾਂ ਆਈ ਜਾਣ, ਲੰਗਰ-ਪਾਣੀ ਛਕ ਕੇ ਬੱਸਾਂ ਵਿਚ ਬੈਠੀ
ਜਾਣ । ਪ੍ਰੋਗਰਾਮ ਨੂੰ ਕਾਮਯਾਬ ਕਰਨ ਵਾਸਤੇ ਨੌਜਵਾਨਾਂ ਦੀ ਇਕ ਵੱਖਰੀ ਕਮੇਟੀ
ਬਣਾਈ ਹੋਈ ਸੀ । ਉਹਨਾਂ ਨੇ ਵੀ ਆਪਣੀਆਂ ਬਾਹਾਂ ਤੇ ਰੰਗ-ਬਰੰਗੇ ਬਿੱਲੇ ਜਿਹੇ
ਬੰਨ੍ਹੇ ਹੋਏ ਸਨ । ਸੇਵਾ ਵਿਚ ਭੱਜੇ ਫਿਰਦੇ ਐਂ ਲਗਦੇ ਸੀ ਜਿਵੇਂ ਫੌਜਾਂ ਨੇ
ਦੁਸ਼ਮਣ ਤੇ ਚੜ੍ਹਾਈ ਕਰਨੀ ਹੋਵੇ । ਜਿਵੇਂ ਜਿਵੇਂ ਬੱਸਾਂ ਭਰੀ ਜਾਣ ਕਮੇਟੀ ਵਾਲੇ
ਸੇਵਾਦਾਰ ਉਹਨਾਂ ਨੂੰ ਸ਼ਹਿਰ ਵੱਲ ਨੂੰ ਤੋਰੀ ਜਾਣ । ਗੁਰਦੁਆਰਾ ਸਾਹਿਬ ਦੇ ਸਕੱਤਰ
ਨੇ ਸਪੀਕਰ ਵਿਚ ਬੋਲਣਾ ਸ਼ੁਰੂ ਕਰ ਦਿੱਤਾ ਕਿ ਹੁਣ ਸਿਰਫ ਇਕ ਹੀ ਬੱਸ ਰਹਿ ਗਈ ਹੈ,
ਜਿਨ੍ਹਾਂ ਵੀ ਮਾਈਆਂ-ਭਾਈਆਂ ਨੇ ਖਾਲਸਈ ਮਾਰਚ ਵਿਚ ਹਿੱਸਾ ਲੈਣਾ ਹੈ ਉਹ ਜਲਦੀ ਤੋਂ
ਜਲਦੀ ਬੱਸ ਵਿਚ ਬੈਠ ਜਾਣ ।
ਮੈਂ ਤੇ ਸੁਸ਼ਮਾ ਵੀ ਲੰਗਰ ਵਾਲੇ ਭਾਂਡੇ ਸਾਂਭ ਕੇ ਕਾਹਲੀ-ਕਾਹਲੀ ਨਾਲ ਪਾਉੜੀਆਂ
ਉੱਤਰ ਕੇ ਬਾਹਰ ਆ ਗਈਆਂ । ਗੁਰਦੁਆਰਾ ਸਾਹਿਬ ਦੇ ਬਾਹਰ 30-40 ਮਰਦ, ਔਰਤਾਂ ਤੇ
ਬੱਚੇ ਕਾਲੀਆਂ ਝੰਡੀਆਂ ਲੈਕੇ ਖੜੇ ਸਨ । ਮੇਰੇ ਤਾਂ ਪੈਰਾਂ ਥੱਲਿਓਂ ਜਮੀਨ ਹੀ
ਨਿਕਲ ਗਈ । ਸਾਡੇ ਤਾਂ ਫੁਰਮਾਣ ਹੈ ਕਿ ਸਾਡੇ ਧਾਰਮਿਕ ਸਥਾਨਾਂ ਦੇ ਚਾਰ ਦਰਵਾਜੇ
ਹਨ, ਜਿਹੜੇ ਮਰਜੀ ਧਰਮ ਦਾ ਬੰਦਾ ਇਥੇ ਆ ਕੇ ਮੱਥਾ ਟੇਕ ਸਕਦਾ ਹੈ, ਗੁਰੂ ਦੀਆਂ
ਅਸੀਸਾਂ ਲੈ ਸਕਦਾ ਹੈ, ਲੰਗਰ-ਪਾਣੀ ਤਾਂ ਕੀ ਇਥੇ ਕੁਝ ਦੇਰ ਲਈ ਅਰਾਮ ਵੀ ਕਰ ਸਕਦਾ
ਹੈ । ਸਿੱਖਾਂ ਦਾ ਐਡਾ ਵੱਡਾ ਦਿਨ, ਇਹ ਬਦ-ਨਸੀਬ ਕਿਹੜੇ ਹਨ ਜਿਨ੍ਹਾਂ ਨੂੰ ਗੁਰੂ
ਵੱਲੋਂ ਅੰਦਰ ਜਾਣ ਦੀ ਵੀ ਇਜ਼ਾਜ਼ਤ ਨਹੀਂ ਹੈ ।
ਮੇਰੇ ਮਗਰ ਆਉਂਦੀ ਸੁਸ਼ਮਾ ਨੇ ਹੌਲੀ ਜਿਹੀ ਮੇਰੇ ਕੰਨ ਵਿਚ ਕਿਹਾ, "ਨੀਂ
ਬਲਜੀਤ! ਇਹ ਤਾਂ ਉਹੀ ਹਨ, ਜਿਹੜੇ ਹੁਣੇ ਹੁਣੇ ਇਲੈਕਸ਼ਨਾਂ ਵਿਚ ਹਾਰੇ ਹਨ । ਨਾਲੇ
ਮਹੀਨਾ ਕੁ ਪਹਿਲਾਂ ਗੁਰਦੁਆਰੇ ਵਿਚ ਬਦਮਾਸ਼ਾਂ ਦੀ ਢਾਣੀ ਬਣਾ ਕੇ ਆਏ ਸਨ ਤੇ
ਨਿਹੱਕੇ ਸਿੰਘਾਂ ਦੀਆਂ ਪੱਗਾਂ ਲਾਹ ਕੇ ਬੜੇ ਖੁਸ਼ ਹੁੰਦੇ ਸਨ ਤੇ ਢੀਂਘਾਂ ਮਾਰਦੇ
ਸਨ ਕਿ ਹੁਣ ਸਾਡਾ ਹੀ ਰਾਜ ਚੱਲੂਗਾ । ਅਸੀਂ ਗੁਰਦੁਆਰੇ ਨੂੰ ਅੱਜ ਜਿੰਦਰਾ ਲੁਆ ਕੇ
ਹੀ ਜਾਣਾ ਹੈ । ਸਾਡਾ ਬਾਬਾ ਖੁਸ਼ ਚਾਹੀਦਾ ਹੈ ਅਸੀਂ ਇਨ੍ਹਾਂ ਦੇ ਬਾਬੇ ਤੋਂ ਕੀ
ਲੈਣਾ ਹੈ । ਹੁਣ ਵੇਖੀਂ ਅਸੀਂ ਆਪਣੇ ਬਾਬੇ ਤੋਂ ਜਿਹਨੂੰ ਚਾਹੀਏ ਸਿਰੋਪੇ ਦੁਆਇਆ
ਕਰਾਂਗੇ । ਸੱਪ ਵੀ ਮਰ ਗਿਆ ਤੇ ਸੋਟੀ ਵੀ ਬਚਾ ਲਈ । ਇਹ ਹੈ ਸਾਡੇ ਦਿਮਾਗ ਦੀ ਖੇਡ
।"
ਮੇਰਾ ਬਾਪੂ ਕਹਿੰਦਾ ਸੀ ਕਿ "ਜੇ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਨਹੀਂ ਨਾ
ਕਹਿ ਸਕਦੇ ਤਾਂ ਮੱਥੇ ਟੇਕਣੇ, ਰਸਦਾਂ ਚੜਾਉਣੀਆਂ, ਅੱਖਾਂ ਮੀਚ-ਮੀਚ ਕੇ ਸਮਾਧੀਆਂ
ਲਾ ਕੇ ਬੈਠਣਾ, ਇਹਨਾਂ ਦਾ ਕੋਈ ਫਾਇਦਾ ਨਹੀਂ ਹੈ, ਇਹ ਸਭ ਮਨਮੱਤ ਹੈ । ਜਿੰਨ੍ਹੇ
ਮਰਜੀ ਪਾਠ ਕਰਵਾ ਲਓ, ਬਾਬਿਆਂ ਨੂੰ ਸਦ ਕੇ ਲੰਗਰ ਖੁਆ ਲਓ, ਕਿਸੇ ਨੇ ਕੁਝ ਨਹੀਂ
ਜੇ ਦੇਣਾ । ਜਿੰਨ੍ਹਾ ਚਿਰ ਰਹਿਤ ਵਿਚ ਨਹੀਂ ਨਾ ਆਉਂਦੇ ਉਨ੍ਹਾਂ ਚਿਰ ਤੁਹਾਡਾ
ਅੱਗਾ-ਪਿੱਛਾ ਨਹੀਂ ਜੇ ਸਵਰਨਾ । ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਆਪਣੇ ਸਿੱਖਾਂ
ਨੂੰ ਇਹ ਵੀ ਕਹਿ ਦਿੱਤਾ ਸੀ ਕਿ ਮੈਨੂੰ ਤਾਂ ਖਾਲਸੇ ਦੀ ਰਹਿਤ ਨਾਲ ਪਿਆਰ ਹੈ,
ਖਾਲਸੇ ਦੇ ਨਿਆਰੇ-ਪਨ ਨਾਲ ਪ੍ਰੀਤ ਹੈ, ਜੇ ਕਰ ਨਿਆਰਾ-ਪਨ ਨਹੀਂ ਰੱਖ ਸਕਦੇ ਤਾਂ
ਖਾਲਸਾ ਜੀ ਤੁਹਾਡਾ ਰਸਤਾ ਵੱਖਰਾ ਤੇ ਮੇਰਾ ਵੱਖਰਾ । ਮੇਰੀ ਤਹਾਡੇ ਨਾਲ ਕੋਈ
ਪ੍ਰੀਤ ਨਹੀਂ ਹੈ, ਕੋਈ ਸਾਂਝ ਨਹੀਂ ਹੈ :
"ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦੀਓ ਮੈ ਸਾਰਾ ॥
ਜਬ ਇਹ ਗਹੈ ਬਿਪ੍ਰਨ ਕੀ ਰੀਤ, ਮੈ ਨ ਕਰੋ ਇਨਕੀ ਪ੍ਰਤੀਤ ॥"
ਸੁਸ਼ਮਾਂ ਮੇਰੇ ਅੱਗੋਂ ਦੀ ਹੋ ਕੇ ਉਹਨਾਂ ਦੇ ਕੋਲ ਜਾ ਖੜੀ ਹੋਈ ਤੇ ਕਹਿਣ
ਲੱਗੀ, "ਵੇ ਭਾਈ! ਤੁਸੀਂ ਕੌਣ ਹੋ । ਤੁਹਾਡੇ ਵਿਚੋਂ ਤਾਂ ਬਹੁਤੇ ਕਦੀ ਗੁਰਦੁਆਰਾ
ਸਾਹਿਬ ਵੀ ਨਹੀਂ ਆਉਂਦੇ ਵੇਖੇ । ਕਈ ਸਿਰਫ ਵੋਟਾਂ ਪਾਉਣ ਵੇਲੇ ਹੀ ਵੇਖੇ ਸਨ ਤੇ
ਉਸ ਦਿਨ ਵੀ ਉਹ ਆਪਣੇ ਪੈਰਾਂ ਤੇ ਨਹੀਂ ਸਨ । ਤੁਹਾਡੇ ਵਿਚੋਂ ਇਕ ਦੋ ਨੂੰ ਛੱਡ ਕੇ
ਬਾਕੀ ਦੇ ਤਾਂ ਸਿੱਖ ਵੀ ਨਹੀਂ ਲਗਦੇ । ਜੇ ਤੁਸੀਂ ਸਾਡਾ ਖਾਲਸਈ ਮਾਰਚ ਵੇਖਣ ਆਏ
ਹੋ ਤਾਂ ਭਾਈ ਜਲਦੀ ਤੋਂ ਜਲਦੀ ਬੱਸ ਵਿਚ ਚੜ੍ਹ ਜਾਓ, ਅਸੀਂ ਤਾਂ ਪਹਿਲਾਂ ਹੀ ਲੇਟ
ਹਾਂ ।"
ਇਹ ਸੁਣ ਕੇ ਇਕ ਰੰਗ-ਬਰੰਗੀ ਕੱਟੀ ਦਾਹੜੀ ਵਾਲਾ ਅੱਧ-ਖੜ੍ਹ ਜਿਹਾ ਹੱਥ ਵਿਚ
ਫੱਟਾ ਫੜੀ ਸੁਸ਼ਮਾ ਦੇ ਕੋਲ ਪਹੁੰਚ ਗਿਆ ਤੇ ਕਹਿਣ ਲੱਗਾ, "ਅਸੀਂ ਤੁਹਾਡਾ ਖਾਲਸਈ
ਮਾਰਚ ਵੇਖਣ ਨਹੀਂ ਆਏ, ਅਸੀਂ ਤਾਂ ਇਨਸਾਫ ਮੰਗਣ ਆਏ ਹਾਂ ।"
ਸੁਸ਼ਮਾ ਕਿਹੜੀ ਘੱਟ ਸੀ । ਕਹਿੰਦੀ, "ਜੇ ਇਨਸਾਫ ਚਾਹੁੰਦੇ ਹੋ ਤਾਂ ਭਾਈ ਪੁਲਸ
ਕੋਲ ਜਾਓ, ਵਕੀਲਾਂ ਦਾ ਮੱਥਾ ਮੱੜ੍ਹੋ, ਕਿਸੇ ਕੋਟ-ਕਚਿਹਰੀ ਦਾ ਦਰਵਾਜਾ ਖੜਕਾਓ,
ਇਥੇ ਬਾਹਰ ਠੰਡ ਵਿਚ ਠੁਰ-ਠੁਰ ਕਰੀ ਜਾਂਦੇ ਹੋ, ਕਿਸੇ ਜੁਆਕ ਨੂੰ ਐਵੇਂ ਨਮੂਨੀਆਂ
ਹੀ ਨਾ ਹੋ ਜਾਵੇ, ਨਾਲੇ ਤੁਹਾਡੇ ਨਾਲ ਦੀਆ ਬੀਬੀਆਂ ਤਾਂ ਪਹਿਲਾਂ ਹੀ ਮੋਢ੍ਹਿਆਂ
ਤੋਂ ਆਹਰੀ ਹਨ, ਐਥੇ ਬਾਹਰ ਕਿਹੜੀ ਅਦਾਲਤ ਲੱਗੀ ਹੋਈ ਹੈ ਜਿਸ ਨੇ ਤੁਹਾਨੂੰ ਇਨਸਾਫ
ਦੇਣਾ ਹੈ । ਮੈਂ ਤੁਹਾਡੀ ਸਮੱਸਿਆ ਸਮਝ ਗਈ ਹਾਂ । ਤੁਸੀਂ ਦੇਹ-ਧਾਰੀ ਪਖੰਡੀ
ਬਾਬਿਆਂ ਕੋਲ ਜਾ-ਜਾ ਕੇ ਆਪਣੇ ਮਨ ਦਾ ਸੰਤੁਲਨ ਗੁਆ ਚੁਕੇ ਹੋ । ਅੰਦਰ ਜਾਓ, ਲੰਗਰ
ਬਹੁਤ ਪਿਆ ਹੈ, ਖਾ ਕੇ ਜਦੋਂ ਸਰੀਰ ਥੋਹੜਾ ਜਿਹਾ ਵੱਲ ਹੋ ਗਿਆ ਤਾਂ ਗੁਰੂ ਦੇ
ਸਨਮੁਖ ਹੋ ਕੇ ਅਰਦਾਸ ਕਰੋ, ਤੁਹਾਡੇ ਮਨ ਨੂੰ ਸ਼ਾਤੀ ਮਿਲੇਗੀ ।"
ਐਨੇ ਨੂੰ ਉਹਨਾਂ ਦੇ ਝੁੰਡ ਵਿੱਚੋਂ ਕੁਕੜੀ ਦੇ ਚੂਚੇ ਵਾਂਗੂ ਸਿਰ ਜਿਹਾ ਕੱਢ
ਕੇ ਇਕ ਹੋਰ ਆ ਗਿਆ । ਇਸ ਨੇ ਨਿਕੀ ਜਿਹੀ ਚਿਟੀ ਦਸਤਾਰ ਸਜਾਈ ਹੋਈ ਸੀ, ਬਾਹਰ ਦੀ
ਸ੍ਰੀ ਸਾਹਿਬ ਵੀ ਪਾਈ ਹੋਈ ਸੀ, ਲਗਦਾ ਹੈ ਨਵਾਂ ਨਵਾਂ ਚੇਲਾ ਬਣਿਆ ਹੈ, ਕਿਸੇ
ਨਿਰੰਕਾਰੀ ਦਾ ਪੈਰੋਕਾਰ ਜਿਹਾ ਲਗਦਾ ਸੀ ਤੇ ਕਹਿਣ ਲੱਗਾ, "ਬੀਬੀ ਜਾਹ ਜਾਹ, ਤੇਰੇ
ਨਾਲ ਸਾਡਾ ਕੋਈ ਰੌਲਾ ਨਹੀਂ, ਸਾਡਾ ਕੰਮ ਤਾਂ ਨਾਂ ਖੇਡਣਾ ਹੈ ਤੇ ਨਾਂ ਖੇਡਣ ਦੇਣਾ
ਹੈ । ਅਸੀਂ ਤਾਂ ਚਲਦੇ ਕੰਮ ਨੂੰ ਘੜੰਮ ਕਰਨ ਦੀ ਖਾਤਰ ਹੀ ਇਹ ਬਾਣਾ ਪਾਇਆ ਹੈ ।
ਸਾਡੇ ਬਾਬੇ ਦੀ ਦੁਕਾਨਦਾਰੀ ਬੰਦ ਹੋ ਗਈ ਹੈ, ਉਸਦਾ ਕੀਰਤਨ ਕੋਈ ਨਹੀਂ ਸੁਣਨ
ਆਉਂਦਾ, ਉਸਦੀ ਕਥਾ ਵਿਚ ਵੀ ਕਿਸੇ ਨੂੰ ਦਿਲਚਸਪੀ ਨਹੀਂ ਹੈ । ਜਿਨ੍ਹਾਂ ਚਿਰ
ਤੁਹਾਡਾ ਗੁਰੂ-ਘਰ ਬੰਦ ਨਹੀਂ ਹੋ ਜਾਂਦਾ ਮੈਂ ਸਹੁੰ ਖਾਧੀ ਹੈ ਕਿ ਮੈਂ ਉਨਾਂ ਚਿਰ
ਆਪਣੇ ਬਾਬੇ ਨੂੰ ਮੂੰਹ ਨਹੀਂ ਵਿਖਾਉਣਾ ।"
ਇਨ੍ਹੇ ਨੂੰ ਮੁਖ-ਸੇਵਾਦਾਰ ਆ ਜਾਂਦੇ ਹਨ ਤੇ ਉਹ ਸੁਸ਼ਮਾ ਦੇ ਮੋਢੇ ਤੇ ਹੱਥ ਰੱਖ
ਕੇ ਕਹਿੰਦੇ ਹਨ, "ਚਲੋ ਭਾਈ, ਬੱਸ ਵਿਚ ਬੈਠੋ, ਆਪਾਂ ਲੇਟ ਹੋ ਰਹੇ ਹਾਂ, ਗੁਰੂਆ
ਵੇਲੇ ਵੀ ਇਹਨਾਂ ਦੇ ਦਾਦਿਆਂ-ਪੜਦਾਦਿਆਂ ਨੇ ਕੋਈ ਕਸਰ ਨਹੀਂ ਸੀ ਛੱਡੀ ਤੇ ਹੁਣ
ਕਲਜੁਗ ਵਿਚ ਵੀ ਇਹ ਸਾਡਾ ਪਿੱਛਾ ਛੇਤੀ ਕੀਤੇ ਨਹੀਂ ਛੱਡਣ ਲੱਗੇ । ਜਦੋਂ ਕਿਸੇ
ਆਦਮੀ ਤੇ ਵਾਸ਼ਨਾ ਅਤੇ ਹੰਕਾਰ ਦਾ ਭੂਤ ਸਵਾਰ ਹੋ ਜਾਏ ਤਾਂ ਫਿਰ ਉਹ ਕਿਸੇ ਦੀ ਦਲੀਲ
ਜਾਂ ਸ੍ਰਿਸ਼ਟਾਚਾਰ ਦੀ ਗੱਲ ਸੁਣਨ ਲਈ ਤਿਆਰ ਨਹੀਂ ਹੁੰਦਾ, ਇਹਨਾਂ ਨਾਲ ਸਿਰ-ਖਪਾਈ
ਦਾ ਕੋਈ ਫਾਇਦਾ ਨਹੀਂ ਹੈ, ਇਹ ਤਾਂ ਅਕ੍ਰਿਤਘਣ ਹਨ ।" |