|
ਲਖਵੀਰ ਵਿਰਕ |
ਮੈ
ਰੋਜ ਵਾਂਗ ਹੀ ਗੈਸ ਸਟੇਸ਼ਨ ਤੇ ਕੰਮ ਕਰ ਰਿਹਾਂ ਸੀ । ਅੱਜ ਸ਼ੁਕਰਵਾਰ ਹੋਣ ਕਰਕੇ ਆਮ
ਦਿਨਾਂ ਨਾਲੋ ਕੁਝ ਜਿਆਦਾ ਹੀ ਗਾਹਕ ਆ ਰਹੇ ਸਨ। ਮੇਰੀਆ ਉਂਗਲਾਂ ਕੈਸ਼ ਰਜਿਸਟਰ ਤੇ
ਇੰਝ ਚਲ ਰਹੀਆ ਸਨ ਜਿਵੇਂ ਕਚਿਹਰੀਆ ਵਿਚ ਬਾਬੂਆਂ ਦੀਆਂ ਟਾਈਪਰਾਈਟਰ ਤੇ ਚਲਦੀਆ
ਹੋਣ। ਅਚਾਨਕ ਪੰਜਾਬੀ ਸੂਟ ਪਾਈ ਇਕ ਗੋਰੀ ਕੁੜੀ ਨੇ ਕਾਉਂਟਰ ਤੇ ਦੋ ਗੈਲਣਾ ਦੁੱਧ
ਦੀਆਂ ਰੱਖਦਿਆ ਮੈਨੂੰ "ਸਤਿ ਸ੍ਰੀ ਅਕਾਲ " ਕਿਹਾ।
"ਡੂ ਯੂ ਨੋ ਪੰਜਾਬੀ", ਮੈ
ੳਸਨੂੰ ਇੰਗਲਿਸ਼ ਵਿਚ ਪੁਛਿਆ
"ਥੋੜੀ ਥੋੜੀ" ਉਸ ਕਿਹਾ
"ਵੇਅਰ ਡਿਡ ਯੂ ਲਰਨ ਇਟ"
ਮੈ ਫੇਰ ਇੰਗਲਿਸ਼ ਵਿਚ ਕਿਹਾ
"ਮੈ ਫੇਰ ਕਿਸੇ ਦਿਨ
ਦੱਸਾਂਗੀ। ਹੁਣ ਤਾਂ ਮੈ ਗੁਰੂਘਰ ਦੇ ਲੰਗਰ ਲਈ ਦੁੱਧ ਲੈਕੇ ਜਾ ਰਹੀ ਹਾਂ। ਆਈ ਐਮ
ਆਲਰੈਡੀ ਲੇਟ" ਕਹਿ ਉਹ ਦੁੱਧ ਦੀਆਂ ਗੈਲਣਾ ਚੁਕ ਬਾਹਰ ਖੜੀ ਆਪਣੀ ਪੁਰਾਣੀ ਫੋਰਡ
ਕਾਰ ਵਿਚ ਬਹਿਕੇ ਚਲੀ ਗਈ। ਮੈ ਵੀ ਅਜੇ ਨਵਾਂ ਨਵਾਂ ਇੰਡੀਆ ਤੋ ਆਇਆ ਸੀ, ਸੋਚਿਆ
ਇਹ ਕੋਈ ਆਪਣੀ ਹੀ 'ਦੇਸਣ' ਕੁੜੀ ਵਾਲਾਂ ਨੂੰ ਭੂਰਾ ਜਿਹਾ ਰੰਗ ਕਰਕੇ ਗੋਰੀ ਬਣਨ
ਦੀ ਕੋਸ਼ਿਸ਼ ਕਰ ਰਹੀ ਹੋਣੀ ਹੈ।
ਐਤਵਾਰ ਸੁਪਰ ਬਾਉਲ ਹੋਣ
ਕਰਕੇ ਗਾਹਕ ਕੋਈ ਟਾਂਵਾਂ ਟਾਂਵਾਂ ਹੀ ਆ ਰਿਹਾ ਸੀ। ਮੈ ਵਕਤਕਟੀ ਕਰਨ ਲਈ ਚੀਜਾਂ
ਨੂੰ ਸ਼ੈਲਫਾਂ ਤੋ ਚੁੱਕ ਝਾੜ ਪੂੰਝਕੇ ਵਾਪਸ ਸ਼ੈਲਫਾਂ ਤੇ ਰੱਖ ਰਿਹਾ ਸੀ ਕਿ ਉਹ
ਕੁੜੀ ਫੇਰ ਆ ਗਈ, ਅੱਜ ਉਸਨੇ ਸੁਨਹਿਰੀ ਤਿੱਲੇ ਨਾਲ ਕੱਢਿਆ ਹੋਇਆ ਹਲਕਾ ਗੁਲਾਬੀ
ਸੂਟ ਪਾਇਆ ਹੋਇਆ ਸੀ। ਸਿਰ ਛੋਟੀ ਛੋਟੀ ਬੂਟੀਆ ਵਾਲੀ ਚੁੰਨੀ ਨਾਲ ਢੱਕਿਆ ਹੋਇਆ
ਸੀ। ਹੱਥ ਵਿਚ ਲੋਹੇ ਦਾ ਕੜਾ ਤੇ ਗਲੇ ਵਿਚ ਸੋਨੇ ਦੀ ਚੇਨ ਅਤੇ ਚੇਨ ਵਿਚ ਸੋਨੇ ਦਾ
ਖੰਡਾ, ਇਕਦਮ ਹੀ ਪੰਜਾਬਣ ਲਗ ਰਹੀ ਸੀ। ਅੰਦਰ ਵੜਦਿਆ ਹੀ ਉਸ ਮੈਨੂੰ "ਸਤਿ ਸ੍ਰੀ
ਅਕਾਲ ਭਾਜੀ" ਕਿਹਾ।
"ਸਤਿ ਸ੍ਰੀ ਅਕਾਲ ਜੀ" ਅੱਜ
ਮੈ ਉਸਦੀ ਫਤਿਹ ਦਾ ਜੁਆਬ ਪੰਜਾਬੀ ਵਿਚ ਹੀ ਦਿਤਾ ਤੇ ਨਾਲ ਹੀ ਸੁਆਲ ਕਰ ਦਿਤਾ "
ਤੁਹਾਡਾ ਨਾਂ ਕੀ ਹੈ"।
"ਡੈਬੀ ਗਿਲ" ਗੋਰੀ ਕੁੜੀ
ਨੇ ਆਪਣਾ ਨਾਂ ਦਸਿਆ।
"ਗਿਲ?” ਇਸਦਾ ਮਤਲਬ ਤੁਸੀ
ਇੰਡੀਆ ਤੋ ਹੋ" ਮੈਨੂੰ ਆਪਣਾ ਸ਼ਕ ਸੱਚ ਹੁੰਦਾ ਜਾਪਿਆ।
"ਹਾਂ ਵੀ ਤੇ ਨਹੀ ਵੀ"
"ਤੁਹਾਡਾ ਮਤਲਬ ਨਹੀ
ਸਮਝਿਆ"
"ਮਤਲਬ ਮੇਰਾ ਜਨਮ ਤਾਂ ਇਥੇ
ਹੀ ਵ੍ਹਾਈਟ ਫੈਮਿਲੀ ਵਿਚ ਹੋਇਆ ਹੈ ਪਰ ਮੇਰੇ ਵਿਆਹ ਇੰਡੀਅਨ ਨਾਲ ਹੋਏ" ਆਪਣੇ
ਬਾਰੇ ਉਸ ਦਸਦਿਆ ਕਿਹਾ।
"ਮੇਰੇ ਵਿਆਹ?" ਮੈ ਹੋਰ
ਸੁਆਲ ਕੀਤਾ
"ਹਾਂ ਜੀ ਮੈ ਦੋ ਵਿਆਹ
ਇੰਡੀਅਨ ਨਾਲ ਹੀ ਕਰਵਾਏ। ਇਕ ਵਿਆਹ ਤਾਂ ਅਸਲੀ ਸੀ ਪਰ ਦੂਸਰਾ ਸਿਰਫ਼ ਪੇਪਰਾਂ ਵਿਚ
ਹੀ ਹੋਇਆ ਸੀ।" ਆਖਦੀ ਨੇ ਆਪਣੀ ਕਹਾਣੀ ਸੁਨਾੳਣੀ ਸ਼ੂਰੁ ਕਰ ਦਿਤੀ।
ਮੇਰਾ ਜਨਮ ਰੈਡਨੈਕ
(ਦੂਜੀਆਂ ਕੌਮਾਂ ਨੂੰ ਨਫਰਤ ਕਰਨ ਵਾਲੇ) ਫੈਮਿਲੀ ਵਿਚ ਹੋਇਆ। ਮੈ ਅਜੇ ਹਾਈ ਸਕੂਲ
ਖਤਮ ਕੀਤਾ ਹੀ ਸੀ ਕਿ ਮੈਨੂੰ ਡਾਲਰ ਸਟੋਰ ਤੇ ਕੰਮ ਮਿਲ ਗਿਆ। ਮੇਰੇ ਨਾਲ ਹੀ
ਇੰਡੀਆ ਤੋ ਨਵਾਂ ਨਵਾਂ 6 ਫੁੱਟਾ, ਬਹੁਤ ਹੀ ਸੋਹਣਾ ਮੁੰਡਾ ਡੇਵ ਗਿਲ ਵੀ ਕੰਮ
ਕਰਦਾ ਸੀ। ਉਸਦੀਆ ਅੱਖਾਂ ਹਮੇਸ਼ਾ ਹੀ ਲਾਲ ਰਹਿੰਦੀਆਂ ਸਨ, ਮੇਰੇ ਖਿਆਲ ਮੁਤਾਬਿਕ
ਉਹ ਕੋਈ ਨਸ਼ਾ ਵਗੈਰਾ ਕਰਦਾ ਹੋਵੇਗਾ। ਉਹ ਤਾਂ ਬਾਦ ਵਿਚ ਸੂ (ਇੰਡੀਅਨ ਕੁੜੀ) ਨੇ
ਦੱਸਿਆ ਕਿ ਉਹ ਦੋ ਜੌਬਾਂ ਕਰਦਾ ਹੈ ਉਨੀਂਦਰੇ ਕਰਕੇ ਉਸਦੀਆ ਅੱਖਾਂ ਲਾਲ ਰਹਿੰਦੀਆ
ਹਨ। ਮੈ ਕਦੇ ਵੀ ਉਸਨੂੰ ਕਿਸੇ ਨਾਲ ਗੱਲ ਕਰਦਿਆ ਨਹੀ ਦੇਖਿਆ। ਆਪਣੇ ਕੰਮ ਵਿਚ ਮਸਤ
, ਚੀਜਾ ਲਿਆ ਲਿਆ ਸ਼ੈਲਫਾਂ ਤੇ ਟਿਕਾਈ ਜਾਣੀਆ। ਕਈ ਬਾਰ ਕਿਸੇ ਕਸਟਮਰ ਨੂੰ ਕਿਸੇ
ਹੈਲਪ ਦੀ ਲੋੜ ਪੈਂਦੀ ਤਾਂ ਉਹ ਮੇਰੇ ਰਜਿਸਟਰ ਤੇ ਆਉਂਦਾ ਤਾਂ ਮੈ ਉਸਨੂੰ ਜਰੂਰ
"ਹੈਲੌ ਹਾਇ" ਕਰਦੀ। ਉਹ ਵੀ ਮੇਰੇ ਵਲ ਖਿਚ ਹੋਣ ਲਗ ਪਿਆ ਸੀ। ਆਨੀ ਬਹਾਨੀ ਮੇਰੇ
ਰਜਿਸਟਰ ਤੇ ਗੇੜ੍ਹਾ ਮਾਰ ਜਾਂਦਾ। ਅਸੀ ਚਾਹ ਦੀ ਬਰੇਕ ਵੀ ਇਕੱਠੇ ਕਰਨ ਲਗ ਪਏ।
ਦਿਵਾਲੀ ਦਾ ਦਿਨ ਸੀ ਤੇ ਉਹ ਆਪਣੀ ਸ਼ਿਫਟ ਖਤਮ ਕਰਕੇ ਬਾਹਰ ਪਾਰਕਿੰਗ ਲੌਟ ਵਿਚ
ਮੇਰਾ ਇੰਤਜਾਰ ਕਰ ਰਿਹਾ ਸੀ। ਮੈਨੂੰ ਅੱਜ ਉਹ ਬਹੁਤ ਹੀ ਉਦਾਸ ਲਗ ਰਿਹਾ ਸੀ।
“ਵਾਟਸ ਅਪ” ਮੈ ਉਸਨੂੰ
ਪੁਛਿਆ
“ਨੰਥਿੰਗ, ਆਈ ਐਮ ਫੀਲੀਂਗ
ਸੈਡ ਟੂਡੇ। ਟੂਡੇ ਇਜ ਅਵਰ ਬਿਗ ਡੇ ਐਂਡ ਆਈ ਡੂ ਨੋਟ ਹੈਵ ਐਨੀਬਡੀ ਟੂ ਸੈਲੀਬਰੇਟ
ਇਟ।“ ਰੋਣਹਾਕੀ ਸ਼ਕਲ ਬਣਾਉਂਦਿਆ ਡੇਵ ਨੇ ਕਿਹਾ
“ਆਈ ਕੈਨ ਗਿਵ ਯੂ ਦਾ
ਕੰਪਨੀ।“
“ੳ ਰਿਅਲੀ!” ਡੇਵ ਨੂੰ ਚਾਅ
ਚੜ੍ਹ ਗਿਆ , ਮੈਨੂੰ ਉਹ ਸਟੋਰ ਦੇ ਨਾਲ ਲਗਦੇ ਇੰਡੀਅਨ ਰੈਸਟੋਰੈਂਟ ਟੇਸਟ ਆਫ
ਇੰਡੀਆ ਵਿਚ ਲੈ ਵੜ੍ਹਿਆ।
“ਵ੍ਹਾਟ ਵਿਲ ਯੂ ਡਰਿੰਕ?”
ਡੇਵ ਮੇਰੀ ਸੇਵਾ ਵਿਚ ਕੋਈ ਕਸਰ ਨਹੀ ਸੀ ਰਹਿਣ ਦੇਣੀ ਚਾਹੁੰਦਾ।
“ਆਈ ਐਮ ਨਾਟ ਟਵੈਂਟੀ ਵਨ
ਯੈਟ।” ਮੈ ਆਪਣੀ ਮਜਬੂਰੀ ਦੱਸੀ।
ਉਸਨੇ ਆਪਣੇ ਲਈ ਤਾਜਮਹਿਲ
ਬੀਅਰ ਤੇ ਮੇਰੇ ਲਈ ਪੈਪਸੀ ਅਤੇ ਖਾਣ ਵਿਚ ਤੰਦੂਰੀ ਚਿਕਨ ਅਤੇ ਨਾਨ ਦਾ ਆਰਡਰ ਦੇ
ਦਿਤਾ। “ਵ੍ਹਾਈ ਯੂ ਕੇਮ ਟੂ ਯੁਨਾਈਟਡ ਸਟੇਟਸ?” ਮੈ ਖਾਦਿਆ ਖਾਦਿਆ ਪੁਛਿਆ।
“ਇਟ ਇਜ ਏ ਲਾਂਗ ਸਟੋਰੀ”
ਡੇਵ ਨੇ ਆਪਣੀ ਵਿਥਿਆ ਸੁਨਾੳਣੀ ਸ਼ੁਰੁ ਕਰ ਦਿਤੀ, “ਮੈ ਦਸੂਹੇ ਲਾਗੇ ਪੰਡੋਰੀ ਪਿੰਡ
ਦੇ ਖਾਦੇ ਪੀਂਦੇ ਪਰਵਾਰ ਨਾਲ ਸੰਬੰਧ ਰੱਖਦਾ ਹਾਂ। ਅਜੇ ਮੈ ਹੁਸ਼ਿਆਰਪੁਰ ਦੇ ਕਾਲਜ
ਤੋ ਐਮ ਏ ਸੈਕੰਡ ਯੀਅਰ ਕਰ ਰਿਹਾ ਸੀ ਤਾਂ ਮੇਰੇ ਲਈ ਅਮਰੀਕਾ ਤੋ ਇਕ ਰਿਸ਼ਤਾ ਆਇਆ।
ਦਸੂਹੇ ਸੁਰਭੀ ਹੋਟਲ ਵਿਚ ਸਾਡਾ ਦੇਖ ਦਿਖਾਈਆ ਹੋਇਆ , ਉਸ ਕੁੜੀ ਨੇ ਮੈਨੂੰ ਪਸੰਦ
ਕਰ ਲਿਆ ਤੇ ਮੈ ੳਸਨੂੰ। ਸਾਡੇ ਘਰ ਵਿਚ ਪਹਿਲਾਂ ਵਿਆਹ ਹੋਣ ਕਰਕੇ ਮੇਰੀ ਕੁੜਮਾਈ
ਵਿਚ ਹੀ ਵਿਆਹ ਜਿੰਨਾ ਕੱਠ ਹੋ ਗਿਆ। ਅਖੰਡ ਪਾਠ ਕਰਵਾਇਆ ਗਿਆ, ਸਾਡੇ ਸਾਰੇ
ਰਿਸ਼ਤੇਦਾਰ ਤੇ ਪਿੰਡ ਦੇ ਲੋਕ ਮੇਰੀ ਕੁੜਮਾਈ ਵਿਚ ਸ਼ਰੀਕ ਹੋਏ। ਕੁੜੀ ਵਾਲੇ ਵਿਆਹ
ਅਗਲੇ ਸਾਲ ਕਰਨ ਦਾ ਕਹਿਕੇ ਵਾਪਸ ਅਮਰੀਕਾ ਆ ਗਏ। ਅਗਲੇ ਸਾਲ ਕੁੜੀ ਵਾਲਿਆ ਉਸ
ਕੁੜੀ ਦਾ ਵਿਆਹ ਸ਼ਰੀਕੇ ਵਿਚੋ ਚਾਚੇ ਦੇ ਮੁੰਡੇ ਨਾਲ ਕਰ ਦਿਤਾ। ਮੇਰੇ ਪਿਤਾਜੀ ਨੇ
ਇਸ ਗੱਲ ਨੂੰ ਆਪਣੀ ਹੱਤਕ ਸਮਝਿਆ, ਬੇਇਜਤੀ ਦੇ ਮਾਰੇ ਉਹ ਕਈ ਦਿਨ ਘਰੋ ਬਾਹਰ ਹੀ
ਨਹੀ ਨਿਕਲੇ। ਮੇਰੇ ਮਾਮੇ ਨੇ ਮੇਰੇ ਪਿਤਾਜੀ ਨੂੰ ਸਲਾਹ ਦਿਤੀ ਕਿ ਕਿਉਂ ਨਾ ਡੇਵ
ਨੂੰ ਏਜੇਂਟ ਰਾਹੀ ਅਮਰੀਕਾ ਭੇਜ ਦਈਏ, ਕਿਤੇ ਸਾਰੇ ਲੋਕੀ ਅਮਰੀਕਾ ਵਿਆਹ ਕਰਾਕੇ ਹੀ
ਤਾਂ ਨਹੀ ਜਾਂਦੇ। ਮੇਰੇ ਪਿਤਾਜੀ ਨੂੰ ਮਾਮੇ ਦੀ ਸਲਾਹ ਠੀਕ ਲੱਗੀ। ਮਾਮਾ ਪਿਤਾਜੀ
ਨੂੰ ਲੈਕੇ ਹੁਸ਼ਿਆਰਪੁਰ ਆ ਗਿਆ। ਇਲਾਕੇ ਦੇ ਮਸ਼ਹੂਰ ਏਜੇਂਟ ਤੋਚੀ ਹੁਸ਼ਿਆਰਪੁਰੀ ਨਾਲ
ਸਾਢੇ ਅੱਠ ਲੱਖ ਵਿਚ ਸੌਦਾ ਹੋ ਗਿਆ। ਤੋਚੀ ਨੇ ਕਿਸੇ ਦੇ ਪਾਸਪੋਰਟ ਤੇ ਮੇਰੀ ਫੋਟੋ
ਲਾ 15 ਦਿਨਾਂ ਵਿਚ ਹੀ ਦਿੱਲੀ ਤੋ ਸਾਨਫ੍ਰਾਂਸਿਸਕੋ ਵਾਲੇ ਜਹਾਜ ਵਿਚ ਚੜ੍ਹਾ
ਦਿਤਾ। ਸਾਨਫ੍ਰਾਂਸਿਸਕੋ ਏਅਰ ਪੋਰਟ ਤੇ ਮੇਰੀ ਕਿਸਮਤ ਸਾਥ ਦੇ ਗਈ। ਕਾਉਂਟਰ ਤੇ
ਬੈਠੇ ਗੋਰੇ ਨੇ ਬਸ ਏਨਾ ਹੀ ਪੁਛਿਆ “ਵ੍ਹੇਅਰ ਯੂ ਗੋਇੰਗ।“ ਮੈ “ਯੁਬਾ ਸਿਟੀ”
ਕਿਹਾ ਤਾਂ ਗੋਰੇ ਨੇ ਮੇਰੀ ਵਲ ਦੇਖਕੇ ਬਾਹਰ ਜਾਣ ਦਾ ਇਸ਼ਾਰਾ ਕਰ ਦਿਤਾ। ਏਅਰ ਪੋਰਟ
ਤੋ 200 ਡਾਲਰ ਟੈਕਸੀ ਵਾਲੇ ਨੂੰ ਦੇਕੇ ਮੈ ਬਹਾਦਰਪੁਰੀਏ ਜੀਤ ਕੋਲ ਯੁਬਾ ਸਿਟੀ ਆ
ਗਿਆ ਜੋ ਮੇਰੇ ਨਾਲ ਪੜਦਾ ਸੀ। ਜੀਤ ਨੇ ਵਕੀਲ ਨੂੰ ਪੇਸੇ ਦੇਕੇ ਮੇਰਾ ਪੋਲੀਟੀਕਲ
ਦਾ ਕੇਸ ਕਰਵਾਇਆ, ਜਿਸ ਦਿਨ ਦਾ ਵਰਕ ਪਰਮਿਟ ਆਇਆ ਹੈ ਮੈ ਉਸ ਦਿਨ ਤੋ ਹੀ ਦਿਨੇ
ਡਾਲਰ ਸਟੋਰ ਤੇ ਅਤੇ ਰਾਤ ਨੂੰ 711 ਤੇ ਕੰਮ ਕਰ ਰਿਹਾ ਹਾਂ।“
“ਸੋ ਸੈਡ,” ਮੈ ਕਿਹਾ
“ਇਟਸ ਓਕੇ।” ਡੇਵ ਠੰਡਾ
ਹੌਕਾ ਭਰਦਿਆ ਬੋਲਿਆ।
ਏਨੇ ਨੁੰ ਬੈਰਾ ਬਿਲ ਲੈਕੇ
ਆ ਗਿਆ। ਮੈ ਆਪਣੇ ਹਿਸੇ ਦੇ ਪੈਸੇ ਦੇਣੇ ਚਾਹੇ , ਡੇਵ ਨੇ ਮਨ੍ਹਾ ਕਰ ਦਿਤਾ। ਉਸ
ਦਿਨ ਤੋ ਬਾਦ ਅਸੀ ਹਰ ਦੂਸਰੇ ਤੀਸਰੇ ਦਿਨ ਮੈਕਡੌਨਲਡ, ਬਰਗਰ ਕਿੰਗ ਜਾ ਕਾਰਲਸ
ਜੂਨੀਅਰ ਵਿਚ ਮਿਲਣ ਲੱਗੇ। ਦੇਵ ਨੇ ਮੈਨੁੰ ਆਪਣੇ ਕਲਚਰ, ਦੇਸ, ਲੋਕਾਂ ਅਤੇ ਬੋਲੀ
ਬਾਰੇ ਬਹੁਤ ਕੁਝ ਦਸਿਆ। 5-6 ਮਹੀਨੇ ਅਸੀ ਇਕ ਦੂਜੇ ਨੂੰ ਇਸੇ ਤਰ੍ਹਾ ਹੀ ਮਿਲਦੇ
ਰਹੇ। ਇਸ ਦੌਰਾਨ ਉਸਨੇ ਕਦੇ ਵੀ ਕੋਈ ਮਾੜੀ ਹਰਕਤ ਜਾ ਕੋਈ ਐਸਾ ਇਸ਼ਾਰਾ ਨਹੀ ਕੀਤਾ
ਜਿਸ ਤੋ ਇਹ ਸਾਬਤ ਹੋਵੇ ਕਿ ਉਹ ਲਾਲਚੀ ਜਾ ਮੇਰੇ ਸ਼ਰੀਰ ਦਾ ਭੁੱਖਾ ਹੋਵੇ। ਪਰ ਮੈ
ਉਸ ਵਲ ਖਿੱਚੀ ਜਾ ਰਹੀ ਸਾਂ। ਇਕ ਦਿਨ ਰਾਉਂਡ ਟੇਬਲ ਪੀਜ਼ੇ ਤੇ ਖੂੰਜੇ ਵਾਲੀ ਟੇਬਲ
ਤੇ ਬੈਠੇ ਸਾ। ਅੱਜ ਉਹ ਲੋੜ੍ਹ ਤੋ ਵੱਧ ਉਦਾਸ ਤੇ ਖਾਮੋਸ਼ ਲਗ ਰਿਹਾ ਸੀ।
“ਹੇ ਵ੍ਹਾਟਸ ਰੌਂਗ ਵਿਦ ਯੂ
ਟੂਡੇ?” ਮੈ ਚੁੱਪੀ ਤੋੜਦਿਆ ਕਿਹਾ।
“ਕੁਝ ਨਹੀ ਐਵੇਂ ਘਰ ਦੇ
ਯਾਦ ਆ ਗਏ,”
“ਦੈਨ ਗੋ ਬੈਕ ਟੂ ਯੋਅਰ
ਫੇਮਿਲੀ,” ਮੈ ਸਲਾਹ ਦਿਤੀ।
“ਨਹੀ ਜਾ ਸਕਦਾ ਨਾ, ਮੇਰੇ
ਕੋਲ ਗ੍ਰੀਨ ਕਾਰਡ ਹੈ ਨਹੀ। ਜੇ ਮੈ ਚਲਿਆ ਗਿਆ ਤਾਂ ਵਾਪਸ ਨਹੀ ਆ ਹੋਣਾ।“ ਡੇਵ ਨੇ
ਆਪਣੀ ਮਜ਼ਬੂਰੀ ਦੱਸੀ।
“ਕੈਨ ਆਈ ਡੂ ਸਮਥਿੰਗ ਫਾਰ
ਯੂ?”
“ਪੋਲੀਟੀਕਲ ਕੇਸ ਦਾ ਤਾਂ
ਪਤਾ ਨਹੀ ਕਦੋ ਪਾਸ ਹੋਣਾ ਹੈ ਜੇਕਰ ਮੇਰੇ ਨਾਲ ਕੋਈ ਸਿਟੀਜ਼ਨ ਕੁੜੀ ਵਿਆਹ ਕਰਵਾ ਲਏ
ਤਾਂ ਕਾਰਡ ਮਿਲ ਸਕਦਾ ਹੈ। ਉਸਦੇ ਲਈ ਮੈ ਪੈਸੇ ਵੀ ਖਰਚ ਸਕਦਾ ਹਾਂ।“
“ਆਈ ਕੈਨ ਮੈਰੀ ਯੂ,” ਮੈ
ਦਰਅਸਲ ਉਸ ਨਾਲ ਵਿਆਹ ਕਰਵਾੳਣਾ ਚਾਹੁੰਦੀ ਸਾਂ ਪਰ ਉਸਨੇ ਪਹਿਲਾਂ ਕਦੇ ਐਸੀ ਗੱਲ
ਹੀ ਨਹੀ ਕੀਤੀ ਸੀ।
“ਪੇਪਰ ਜਾਂ ਅਸਲ਼ੀ” ਡੇਵ ਨੇ
ਪੁਛਿਆ
“ਇੰਡੀਅਨ” ਮੈ ਕਿਹਾ। ਡੇਵ
ਨਾਲ ਰਹਿਕੇ ਮੈਨੂੰ ਪਤਾ ਲਗ ਚੁੱਕਾ ਸੀ ਇੰਡੀਅਨਾਂ ਵਿਚ ਤਲਾਕ ਨਹੀ ਹੁੰਦਾ।
ਡੇਵ ਬਹੁਤ ਖੁਸ਼ ਹੋਇਆ।
ਉਸਨੇ ਮੈਨੂੰ ਹਮੇਸ਼ਾ ਖੁਸ਼ ਰਖਣ ਦੇ ਵਾਦੇ ਕੀਤੇ। ਮੇਰੀ ਹਰ ਗਲ ਮੰਨਣ ਨੂੰ ਤਿਆਰ
ਸੀ। ਸਾਰੀ ਉਮਰ ਸਾਥ ਦੇਣ ਦਾ ਵੀ ਵਾਦਾ ਕੀਤਾ। ਬਸ ਉਥੇ ਬੈਠਿਆ ਬੈਠਿਆ ਹੀ ਵਿਆਹ
ਦਾ ਦਿਨ ਵੀ ਮਿਥ ਲਿਆ। ਮੈ ਜਦ ਆਪਣੇ ਮਾਪਿਆ ਇਹ ਦੱਸਿਆ ਕਿ ਮੈ ਇਕ ਇੰਡੀਅਨ ਮੁੰਡੇ
ਨਾਲ ਵਿਆਹ ਕਰਵਾੳਣ ਲੱਗੀ ਹਾਂ ਤਾਂ ਉਹ ਹਿੰਦੂਆਂ ਨੂੰ ਮਾੜਾ ਚੰਗਾ ਬੋਲਣ ਲੱਗੇ।
ਜਦੋ ਮੈ ਇਹ ਦੱਸਿਆ ਕਿ ਡੇਵ ਹਿੰਦੂ ਨਹੀ ਸਿੱਖ ਹੈ ਤਾਂ ਉਹਨਾਂ ਦਾ ਕਹਿਣਾ ਸੀ ਕਿ
ਸਾਰੇ ਹੀ ਇੰਡੀਅਨ ਇਕੋ ਜਿਹੇ ਹੁੰਦੇ ਹਨ। ਉਹਨਾਂ ਨੇ ਮੇਰੇ ਵਿਆਹ ਵਿਚ ਸ਼ਾਮਿਲ ਹੋਣ
ਤੋ ਸਾਫ ਇਨਕਾਰ ਕਰ ਦਿਤਾ।
2 ਫਰਵਰੀ ਨੂੰ ਸਾਡਾ ਵਿਆਹ
ਯੁਬਾ ਸਿਟੀ ਦੇ ਗੂਰੁ ਘਰ ਵਿਚ ਸਿੱਖ ਮਰਿਆਦਾ ਅਨੁਸਾਰ ਹੋਇਆ। ਡੇਵ ਦੇ 5-7 ਦੋਸਤ
ਹੀ ਵਿਆਹ ਵਿਚ ਆਏ ਹੋਏ ਸਨ। ਮੇਰਾ ਪੱਲਾ ਵੀ ਡੇਵ ਦੇ ਦੋਸਤ ਨੇ ਹੀ ਫੜਾਇਆ। ਭਾਈ
ਜੀ ਨੇ ਲਾਂਵਾਂ ਪੜਨ ਤੋ ਬਾਦ ਸਦਾ ਖੁਸ਼ ਰਹਿਣ ਦਾ ਅਸ਼ੀਰਵਾਦ ਦੇਕੇ ਸਾਨੂੰ ਘਰ ਨੁੰ
ਤੋਰ ਦਿਤਾ। ਡੇਵ ਦੇ ਦੋਸਤ ਆਪੋ ਆਪਣੇ ਘਰਾਂ ਨੂੰ ਚਲੇ ਗਏ। ਡੇਵ ਤੇ ਮੈ ਹਨੀਮੂਨ
ਮਨਾੳਣ ਲੇਕ ਟਾਹੋ ਚਲੇ ਗਏ। ਹਫਤਾ ਕੁ ਉਥੇ ਰਹਿਕੇ ਲੇਕ ਟਾਹੋ ਦੀਆਂ ਹੁਸੀਨ ਵਾਦੀਆ
ਦਾ ਆਨੰਦ ਮਾਣਿਆ। ਦਿਨੇ ਬਰਫਾਂ ਤੇ ਖੇਡਣਾ, ਰਾਤਾਂ ਕਸੀਨੋ ਵਿਚ, ਉਹ 7 ਦਿਨ ਤਾਂ
ਕ੍ਰਿਸਮਸ ਦੀਆ ਛੁੱਟੀਆਂ ਵਾਂਗ ਬੀਤ ਗਏ। ਆਉਂਦੇ ਹੋਏ ਅਸੀ ਆਪਣਾ ਵਿਆਹ ਰੀਨੋ ਕੋਰਟ
ਵਿਚ ਰਜਿਸਟਰ ਕਰਵਾ ਯੁਬਾ ਸਿਟੀ ਡੇਵ ਦੀ ਅਪਾਰਟਮੈਂਟ ਵਿਚ ਆ ਗਏ। ਸਵੇਰੇ ਸੁੱਤੇ
ਉਠਦਿਆ ਮੈਰਿਜ ਲਾਈਸੈਂਸ ਲੈ ਸੈਕਰਾਮੈਂਟੋ ਇੰਮੀਗ੍ਰੇਸ਼ਨ ਦੇ ਵਕੀਲ ਕੋਲ ਚਲੇ ਗਏ।
ਵਕੀਲ ਨੇ ਡੇਵ ਦੇ ਗ੍ਰੀਨ ਕਾਰਡ ਦੀ ਪਟੀਸ਼ਨ ਫਾਈਲ ਕਰ ਦਿਤੀ। ਵਾਹਿਗੁਰੂ ਦੀ ਕਿਰਪਾ
ਨਾਲ ਸਾਡੀ ਪਟੀਸ਼ਨ ਮੰਜ਼ੂਰ ਹੋ ਗਈ। ਤਿੰਨਾ ਕੁ ਮਹੀਨਿਆ ਵਿਚ ਡੇਵ ਦਾ ਗ੍ਰੀਨ ਕਾਰਡ
ਜੋ 2 ਸਾਲ ਦਾ ਸੀ ਆ ਗਿਆ। ਸਾਥੋ ਦੋਵਾਂ ਤੋ ਹੀ ਖੁਸ਼ੀ ਨਹੀ ਸੀ ਸਾਂਭੀ ਜਾ ਰਹੀ।
ਡੇਵ ਸਟੋਰਾਂ ਤੇ ਕੰਮ ਕਰ ਅੱਕ ਗਿਆ ਸੀ, ਉਹ ਆਪਣਾ ਪ੍ਰੋਫੈਸ਼ਨ ਬਦਲਣਾ ਚਾਹੁੰਦਾ
ਸੀ। ਮੈਨੂੰ ਵੀ ਕੋਈ ਇਤਰਾਜ਼ ਨਹੀ ਸੀ। ਡੇਵ ਦਾ ਦਿਲ ਟਰੱਕ ਚਲਾਉਣ ਨੁੰ ਕਰਦਾ ਸੀ,
ਉਸਦੇ ਕਹਿਣ ਮੁਤਾਬਿਕ ਟਰੱਕ ਵਿਚ ਪੈਸੇ ਜਿਆਦਾ ਬਣਦੇ ਹਨ । ਡੇਵ ਨੇ ਮੇਰੇ ਨਾਲ
ਸਲਾਹ ਕਰਕੇ ਸੈਕਰਾਮੈਂਟੋ ਤੋ ਕਿਸੇ ਇੰਡੀਅਨ ਟਰੱਕਿੰਗ ਸਕੂਲ ਤੋ 800 ਡਾਲਰ ਖਰਚਕੇ
ਟਰੱਕ ਦਾ ਲਾਈਸੈਂਸ ਲੈ ਲਿਆ। ਡੇਵ 48 ਸਟੇਟ ਟਰੱਕ ਚਲਾੳਣ ਲੱਗ ਪਿਆ। ਹੁਣ ਮੈਨੂੰ
ਉਹ ਕੰਮ ਨਾ ਕਰਨ ਦੀਆ ਸਲਾਹਾਂ ਦੇਣ ਲੱਗ ਪਿਆ ਪਰ ਮੈ ਨਾ ਮੰਨੀ। ਮੇਰੇ ਖਿਆਲ
ਮੁਤਾਬਿਕ ਮੈ ਘਰ ਵਿਹਲੀ ਬਹਿਕੇ ‘ਬੋਰ’ ਹੋ ਜਾਣਾ ਸੀ ਕਿੳਕਿ ਡੇਵ ਆਪ ਤਾਂ 2-2
ਹਫਤੇ ਘਰ ਹੀ ਨਹੀ ਸੀ ਆਉਂਦਾ। ਪਰ ਡੇਵ ਨੇ ਕਦੇ ਵੀ ਮੈਨੂੰ ਸ਼ਿਕਾਇਤ ਦਾ ਮੌਕਾ ਨਹੀ
ਸੀ ਦਿਤਾ, ਮੇਰੀ ਉਹ ਕਿਹੜੀ ਮੰਗ ਸੀ ਜੋ ਉਸਨੇ ਪੂਰੀ ਨਾ ਕੀਤੀ ਹੋਵੇ।
ਸਮਾਂ ਆਪਣੀ ਚਾਲ ਤੁਰਦਾ
ਰਿਹਾ। ਦਿਸੰਬਰ ਵਿਚ ਅਸੀ ਇੰਡੀਆ ਜਾਣ ਦਾ ਪ੍ਰੋਗ੍ਰਾਮ ਬਣਾ ਲਿਆ। ਮੈਨੂੰ ਬੜਾ ਚਾਅ
ਸੀ ਡੇਵ ਦਾ ਇੰਡੀਆ ਵਾਲਾ ਘਰ ਦੇਖਣ ਦਾ। ਪੰਜਾਬੀ ਸਟੋਰਾਂ ਤੋ ਮੈ ਕਈ ਜੋੜੇ ਸੂਟਾਂ
ਦੇ ਖਰੀਦ ਲਏ, ਡੇਵ ਨਾਲ ਪੰਜਾਬੀ ਵਿਚ ਗੱਲ਼ਾ ਕਰ ਪੰਜਾਬੀ ਤੇ ਆਪਣੀ ਪਕੜ ਮਜਬੂਤ ਕਰ
ਲਈ। ਡੇਵ ਨੇ ਮੈਨੂੰ ਆਪਣੇ ਪਿੰਡ ਦੇ ਸਾਰੇ ਰਸਮੋ ਰਿਵਾਜ਼ ਬਾਰੇ ਸਮਝਾ ਦਿਤਾ। ਸਿਰ
ਢੱਕਕੇ ਰੱਖਣਾ, ਵਡਿਆ ਦੇ ਪੈਰੀ ਹੱਥ ਲਾੳਣਾ, ਗੱਲ ਕੀ ਮੈ ਪੂਰੀ ਦੀ ਪੂਰੀ ਪੰਜਾਬਣ
ਬਣ ਗਈ ਸਾਂ। ਮੇਰੇ ਨਾਲ ਗੱਲ ਕਰਕੇ ਕੋਈ ਇਹ ਨਹੀ ਸੀ ਕਹਿ ਸਕਦਾ ਕਿ ਮੈ ਪੰਜਾਬਣ
ਨਹੀ। ਡੇਵ ਨੇ ਤਾਂ ਹੁਣ ਮੈਨੂੰ ਡੈਬੀ ਦੀ ਥਾ ਹੁਣ ਮੈਨੂੰ ‘ਦੇਬੋ’ ਕਹਿਣਾ ਸ਼ੁਰੂ
ਕਰ ਦਿਤਾ ਸੀ। 24 ਦਿਸੰਬਰ ਨੂੰ ਅਸੀਂ ਸੈਕਰਾਮੈਂਟੋ ਤੋ ਲੋਕਲ ਫਲਾਈਟ ਫੜ੍ਹ ਐਲ਼.
ਏ. ਤੇ ਉਥੋ ਥਾਈ ਵਿਚ ਬਹਿ ਦਿੱਲੀ ਪਹੁਂਚ ਗਏ। ਡੇਵ ਦਾ ਛੋਟਾ ਭਰਾ ਟੀਟੂ ਸਾਨੂੰ
ਲੈਣ ਵਾਸਤੇ ਸੂਮੋ ਵਿਚ ਆਇਆ ਹੋਇਆ ਸੀ। ਡੇਵ ਤਾਂ ਉਸਦੇ ਗਲ੍ਹ ਲੱਗ ਰੋਣ ਹੀ ਲੱਗ
ਪਿਆ ਸੀ। ਅਸੀ ਸਾਰਿਆ ਦਾ ਹਾਲਚਾਲ ਪੁੱਛ ਆਪਣਾ ਸਮਾਨ ਸੂਮੋ ਵਿਚ ਲੱਦ ਪੰਜਾਬ ਨੂੰ
ਚਲ ਪਏ। ਉਸ ਦਿਨ ਧੁੰਦ ਵੀ ਬਹੁਤ ਪਈ ਹੋਈ ਸੀ। ਕੋਈ 11 ਕੁ ਘੰਟੇ ਵਿਚ ਅਸੀ ਡੇਵ
ਦੇ ਘਰ ਪਹੁੰਚੇ। ਡੇਵ ਦੀ ਮੰਮੀ ਨੇ ਸਾਨੂੰ ਤੇਲ ਚੋ ਕੇ ਅੰਦਰ ਲੰਘਾਇਆ। ਸਾਰੇ ਹੀ
ਬਹੁਤ ਖੁਸ਼ ਸਨ। ਸਾਰਾ ਪਿੰਡ ਹੀ ਮੈਨੂੰ ਦੇਖਣ ‘ਸਾਡੇ’ ਘਰ ਆ ਗਿਆ। ਕੁੜੀਆ ਤਾਂ
ਮੈਨੂੰ ਇੰਝ ਹੱਥ ਲਾ ਲਾ ਦੇਖ ਰਹੀਆ ਸਨ ਜਿਵੇ ਮੈ ਕੋਈ ਬਾਰਬੀ ਡੌਲ ਹੋਵਾਂ। ਡੇਵ
ਦੇ ਘਰਦਿਆਂ ਨੂੰ ਨਾਲ ਲੈਕੇ ਅਸੀ ਪੰਜਾਬ ਦੇ ਸਾਰੇ ਹੀ ਗੂਰੁਦੁਆਰੇ ਦੇਖਣ ਗਏ।
ਦੁੱਖਨਿਵਾਰਨ ਸਾਹਿਬ ਤੋ ਮੈ ਕੜਾ ਖਰੀਦਿਆ, ਗਲੇ ਵਿਚ ਪਾਇਆ ਹੋਇਆ ਖੰਡਾ ਮੈ
ਅਮ੍ਰਿਤਸਰ ਤੋ ਖਰੀਦਿਆ। ਡੇਵ ਤੇ ਮੈ ਚੰਡੀਗੜ, ਸ਼ਿਮਲਾ, ਦਿੱਲੀ, ਆਗਰਾ ਅਤੇ ਜੈਪੁਰ
ਵੀ ਦੇਖਣ ਗਏ। ਡੇਵ ਦੀ ਇੱਛਾ ਤਾਂ ਕਸ਼ਮੀਰ ਦੇਖਣ ਦੀ ਵੀ ਸੀ ਪਰ ਉਥੇ ਹਾਲਾਤ ਚੰਗੇ
ਨਾ ਹੋਣ ਕਰਕੇ ਅਸੀਂ ਜਾ ਨਾ ਸਕੇ। ਘੁੰਮਦਿਆ ਸਾਨੂੰ ਪਤਾ ਹੀ ਨਾ ਲੱਗਾ ਕਿ ਕਦ ਇਕ
ਮਹੀਨਾ ਬੀਤ ਗਿਆ। 26 ਜਨਵਰੀ ਨੂੰ ਅਸੀਂ ਵਾਪਸ ਦਿੱਲੀ ਆ ਗਏ। ਸਾਨੂੰ ਏਅਰਪੋਰਟ ਤਕ
ਛੱਡਣ ਡੇਵ ਦੇ ਪਿਤਾਜੀ ਅਤੇ ਟੀਟੂ ਹੀ ਆਏ। ਸਾਰੇ ਹੀ ਉਦਾਸ ਸਨ, ਹਰੇਕ ਦੀ ਅੱਖ
ਹੰਝੂਆ ਨਾਲ ਭਰੀ ਹੋਈ ਸੀ। ਡੇਵ ਦੇ ਪਿਤਾਜੀ ਨੇ ਸਾਨੂੰ ਟੀਟੂ ਬਾਰੇ ਵੀ ਸੋਚਣ ਦਾ
ਕਿਹਾ। ਡੇਵ ਨੇ ਉਹਨਾਂ ਨੂੰ ਪੂਰਾ ਜ਼ੋਰ ਲਾਵੇਗਾ ਕਹਿ ਵਿਦਾਇਗੀ ਲਈ।
ਇੰਡੀਆ ਤੋ ਵਾਪਸ ਆਕੇ ਡੇਵ
ਬਹੁਤ ਹੀ ਉਦਾਸ ਰਹਿਣ ਲੱਗਾ। ਉਹ ਚਾਹੁੰਦਾ ਸੀ ਕਿ ਟੀਟੂ ਕਿਸੇ ਨਾ ਕਿਸੇ ਤਰੀਕੇ
ਸਾਡੇ ਕੋਲ ਆ ਜਾਵੇ। ਮੈ ਕਈਆ ਕੁੜੀਆ ਨਾਲ ਟੀਟੂ ਦੇ ਵਿਆਹ ਦੀ ਗੱਲ ਚਲਾਈ ਪਰ ਕੋਈ
ਵੀ ਨਹੀ ਮੰਨੀ। ਮੈ ਤਾਂ ਇਥੋ ਦੀ ਜੰਮਪਲ ਸੀ ਇਸ ਕਰਕੇ ਡੇਵ ਨੂੰ ਮੇਰੇ ਨਾਲ ਵਿਆਹ
ਕਰਵਾੳਣ ਤੋ ਤਿੰਨਾਂ ਸਾਲਾਂ ਬਾਅਦ ਹੀ ਸ਼ਿਟੀਜ਼ਨਸ਼ਿਪ ਮਿਲ ਗਈ। ਇਕ ਦਿਨ ਡੇਵ ਨੇ
ਮੈਨੂੰ ਬੜੇ ਹੀ ਪਿਆਰ ਨਾਲ ਕਿਹਾ “ਇਸ ਤਰ੍ਹਾ ਨਹੀ ਹੋ ਸਕਦਾ ਕਿ ਆਪਾਂ ਦੋਵੇ ਤਲਾਕ
ਲੈਕੇ ਟੀਟੂ ਨਾਲ ਤੇਰੀ ਪੇਪਰ ਮੈਰਿਜ ਕਰ ਦਈਏ। ਇੱਦਾ ਰਿਸਕ ਵੀ ਨਹੀ ਹੋਣਾ, ਟੀਟੂ
ਵੀ ਤਿੰਨਾਂ ਮਹੀਨਿਆ ਵਿਚ ਇਥੇ ਆ ਜਾਵੇਗਾ।“ ਮੈਨੂੰ ਡੇਵ ਉਪਰ ਰੱਬ ਜਿਡਾ ਭਰੋਸਾ
ਸੀ। ਮੈ ਭਲਾ ਕਿਵੇਂ ਨਾ ਕਰ ਸਕਦੀ ਸੀ। ਡੇਵ ਮੇਰੀ ਹਾਂ ਸੁਣ ਦੂਸਰੇ ਦਿਨ ਹੀ
ਮੈਨੂੰ ਨਾਲ ਲੈ ਰੀਨੋ (ਰੀਨੋ ਇਕ ਦਿਨ ਵਿਚ ਹੀ ਵਿਆਹ ਜਾ ਤਲਾਕ ਦਾ ਲਾਈਸੈਂਸ ਮਿਲ
ਜਾਂਦਾ ਹੈ) ਆ ਗਿਆ। ਡੇਵ ਦਾਂ ਬਸ ਚਲਦਾ ਤਾਂ ਦੂਸਰੇ ਦਿਨ ਹੀ ਇੰਡੀਆ ਚਲਾ ਜਾਂਦਾ
ਪਰ ਜਹਾਜ ਦੀਆ ਟਿਕਟਾ ਅਗਲੇ ਸੋਮਵਾਰ ਦੀਆ ਮਿਲੀਆ। ਇੰਡੀਆ ਪਹੁੰਚ ਸਭ ਤੋ ਪਹਿਲਾਂ
ਡੇਵ ਮੈਨੁੰ ਤੇ ਟੀਟੂ ਨੂੰ ਨਾਲ ਲੈਕੇ ਦਸੂਹੇ ਆ ਗਿਆ। ਤਹਿਸੀਲਦਾਰ ਦੇ ਰੀਡਰ ਨੂੰ
1500 ਰੁਪਿਆ ਦੇ ਕੇ ਸਾਡਾ ਮੈਰਿਜ ਸਰਟੀਫਿਕੇਟ ਬਣਵਾਇਆ। ਦੂਸਰੇ ਦਿਨ ਅਸੀ ਦਿੱਲੀ
ਐਂਬੈਸੀ ਆ ਗਏ। ਡੇਵ ਨੇ ਮੈਨੂੰ ਅਤੇ ਟੀਟੂ ਨੂੰ ਸਭ ਕੁਝ ਸਮਝਾਕੇ ਅੰਦਰ ਭੇਜ ਦਿਤਾ
ਪਰ ਆਪ ਬਾਹਰ ਹੀ ਖੜਾ ਰਿਹਾ। ਸਾਡੀ ਬਾਰੀ ਇਕ ਮਦਰਾਸੀ ਕੋਲ ਆਈ। ਉਸਨੇ ਮੇਰਾ ਸੱਜਾ
ਹੱਥ ਖੜਾ ਕਰਵਾ ਸਿਰਫ਼ ਏਨਾ ਹੀ ਪੁਛਿਆ ਕਿ ਤੁਹਾਡੇ ਸਾਰੇ ਪੇਪਰ ਠੀਕ ਹਨ। ਮੈ ਤਾਂ
ਇਕਦਮ ਘਬਰਾ ਗਈ ਕਿ ਸੌਂਹ ਖਾਕੇ ਝੂਠ ਬੋਲਣਾ ਪੈਣਾ ਹੈ ਪਰ ਡੇਵ ਦੀ ਖਾਤਰ ਮੈ ਝੂਠੀ
ਸੌਂਹ ਵੀ ਖਾ ਗਈ। ਮੇਰੇ ਝੂਠ ਬੋਲਣ ਨਾਲ ਟੀਟੂ ਦੀ ਪਟੀਸ਼ਨ ਮੰਜ਼ੂਰ ਹੋ ਗਈ। ਐਂਬੈਸੀ
ਵਾਲਿਆ ਸਾਨੂੰ 90 ਦਿਨਾਂ ਵਿਚ ਵੀਜਾ ਦੇਣ ਦਾ ਇਕਰਾਰ ਕੀਤਾ। ਏਸ ਬਾਰ ਅਸੀ ਦੋ ਕੁ
ਹਫ਼ਤੇ ਰਹਿਕੇ ਹੀ ਵਾਪਸ ਆ ਗਏ।
ਐਂਬੈਸੀ ਵਾਲਿਆ ਭਾਵੇਂ
ਸਾਨੂੰ 90 ਦਿਨਾ ਦਾ ਟਾਈਮ ਦਿਤਾ ਸੀ ਪਰ ਟੀਟੂ ਨੂੰ ਏਥੇ ਆਉਣ ਵਿਚ 4 ਮਹੀਨੇ ਲੱਗ
ਗਏ। ਡੇਵ ਨੇ ਟੀਟੂ ਨੂੰ ਵੀ ਟਰੱਕ ਦਾ ਲਾਈਸੈਂਸ ਲੈ ਦਿਤਾ, ਦੋਨੋ ਭਰਾ ਹੁਣ ਟਰੱਕ
ਚਲਾੳਣ ਲੱਗ ਪਏ। ਟੀਟੂ ਕੋਲ ਅਜੇ ਦੋ ਸਾਲਾਂ ਦਾ ਹੀ ਗ੍ਰੀਨ ਕਾਰਡ ਸੀ। ਦੋ ਸਾਲ ਤਕ
ਪੇਪਰਾਂ ਵਿਚ ਮੈਨੂੰ ਟੀਟੂ ਦੀ ਘਰਵਾਲੀ ਬਣਕੇ ਰਹਿਣਾ ਪੈਣਾ ਸੀ, ਫੇਰ ਇਕ
ਇੰਮੀਗ੍ਰੇਸ਼ਨ ਵਾਲਿਆ ਇੰਟਰਵਿਉ ਲੈਕੇ ਟੀਟੂ ਨੂੰ 10 ਸਾਲਾ ਦਾ ਗ੍ਰੀਨ ਕਾਰਡ ਦੇਣਾ
ਸੀ। ਉਡੀਕਦਿਆ ਕਰਦਿਆ ਓਹ ਦਿਨ ਵੀ ਆਣ ਪੁੱਜਾ। ਮੈ ਤੇ ਟੀਟੂ ਆਪਣੇ ਸਾਰੇ ਪੇਪਰ ਲੈ
ਸੈਕਰਾਮੈਂਟੋ ਇੰਮੀਗ੍ਰੇਸ਼ਨ ਆਫਿਸ ਪਹੁੰਚ ਗਏ। 12 ਕੁ ਵਜੇ ਸਾਨੁੰ ਆਫੀਸਰ ਅੰਦਰ ਲੈ
ਗਿਆ। ਸਾਰੇ ਪੇਪਰ ਚੈਕ ਕਰਨ ਤੋ ਬਾਦ ਉਸਨੇ ਟੀਟੂ ਨੁੰ 10 ਸਾਲਾਂ ਗ੍ਰੀਨ ਕਾਰਡ
ਇਸ਼ੂ ਕਰ ਦਿਤਾ। ਅਸੀ ਸਾਰੇ ਹੀ ਬਹੁਤ ਹੀ ਖੁਸ਼ ਸੀ। ਅੱਜ ਦੀ ਪਾਰਟੀ ਟੀਟੂ ਸਿਰ ਸੀ।
ਟੀਟੂ ਚਾਹੁੰਦਾ ਸੀ ਕਿ ਅਸੀ ਘਰੇ ਹੀ ਚਿਕਨ ਬਣਾਕੇ ਪੰਜਾਬੀ ਸਟਾਈਲ ਵਿਚ ਪਾਰਟੀ
ਕਰੀਏ, ਡੇਵ ਨਹੀ ਮੰਨਿਆ। ਓਹ ਬਾਹਰ ਖਾਣ ਲਈ ਬਜਿਦ ਰਿਹਾ। ਡੇਵ ਦੀ ਜ਼ਿਦ ਤੇ ਟੀਟੂ
ਸਾਨੂੰ ਕਾਸਾਲੂਪੇ ਮੈਕਸੀਕਨ ਰੈਸਟੋਰੈਂਟ ਲੈ ਗਿਆ। ਡੇਵ ਨੇ ਤਾਂ ਓਸ ਦਿਨ ਏਨੀ ਪੀ
ਲਈ ਸੀ ਕਿ ਤੁਰਿਆ ਵੀ ਨਹੀ ਸੀ ਜਾਂਦਾ। “ਆਈ ਐਮ ਵੈਰੀ ਹੈਪੀ, ਆਈ ਐਮ ਪਰਾੳਡ ਆਫ
ਯੂ” ਕਹਿ ਮੈਨੂੰ ਬਾਰ ਬਾਰ ਪਾਗਲਾਂ ਵਾਂਗ ਚੁੰਮੀ ਜਾ ਰਿਹਾ ਸੀ। ਸਵੇਰੇ ਮੇਰੇ
ਜਾਗਣ ਤੋ ਪਹਿਲਾਂ ਹੀ ਦੋਵੇਂ ਭਰਾ ਸ਼ਿਕਾਗੋ ਦਾ ਲੋਡ ਲੈਕੇ ਚਲੇ ਗਏ।
2 ਕੁ ਹਫ਼ਤਿਆ ਬਾਦ ਜਦ ਦੋਨੋ
ਭਰਾ ਵਾਪਸ ਆਏ ਤਾਂ ਬਹੁਤ ਹੀ ਥੱਕੇ ਹੋਏ ਲੱਗ ਰਹੇ ਸਨ। ਨਹਾ ਧੋ ਤਾਜ਼ਾ ਦਮ ਹੋ
ਦੋਵੇਂ ਪੈਗ ਲਾਉਣ ਲੱਗੇ। ਮੈ ਕੇ. ਐਫ. ਸੀ. ਤੋ ਲਿਆਂਦਾ ਚਿਕਨ ਗਰਮ ਕਰਕੇ ਓਹਨਾਂ
ਦੇ ਖਾਣ ਲਈ ਰੱਖ ਦਿਤਾਂ। ਦੋਨੋ ਆਪਣੇ ਬਚਪਨ ਦੀਆ ਸ਼ਰਾਰਤਾ ਯਾਦ ਕਰ ਹੱਸਦੇ ਰਹੇ।
ਓਹਨਾਂ ਦੇ ਬਚਪਨ ਦੀਆ ਗੱਲਾਂ ਸੁਣ ਮੈਨੂੰ ਬਹੁਤ ਹੀ ਮਜ਼ਾ ਆ ਰਿਹਾ ਸੀ। ਇੰਝ ਅਸੀ
ਤਿੰਨੋ ਹੱਸਦੇ ਖੇਡਦੇ ਡਿਨਰ ਕਰ ਸੋਣ ਚਲੇ ਗਏ। ਡੇਵ ਮੇਰੇ ਨਾਲ ਅੱਜ ਬਹੁਤ ਹੀ
ਪਿਆਰੀਆ ਗੱਲਾਂ ਕਰ ਰਿਹਾ ਸੀ। ਡੇਵ ਨੇ ਜਦ ਮੈਨੂੰ ਇਹ ਕਿਹਾ ਕਿ ਕੱਲ ਨੂੰ ਅਸੀ
ਰੀਨੋ ਜਾਣਾ ਹੈ ਤਾਂ ਮੈਨੂੰ ਚਾਅ ਹੀ ਚੜ ਗਿਆ। ਮੈਨੂੰ ਪਤਾ ਸੀ ਕਿ ਡੇਵ ਰੀਨੋ ਕਿਓ
ਜਾਣਾ ਚਾਹੁੰਦਾ ਹੈ। ਮੇਰੇ ਖਿਆਲ ਮੁਤਾਬਿਕ ਟੀਟੂ ਨੂੰ ਤਲਾਕ ਦੇ ਡੇਵ ਮੇਰੇ ਨਾਲ
ਮੁੜ ਵਿਆਹ ਕਰਵਾ ਲਏਗਾ। ਅਸੀ ਤਿੰਨੋ ਇਕ ਬਾਰ ਫੇਰ ਰੀਨੋ ਚਲੇ ਗਏ। ਜਿਸ ਵੇਲੇ ਮੈ
ਤਲਾਕ ਦੇ ਪੇਪਰਾਂ ਤੇ ਸਾਈਨ ਕੀਤੇ ਉਸੇ ਵੇਲੇ ਮੈ ਡੇਵ ਨੂੰ ਕਲਾਵੇ ਵਿਚ ਘੁੱਟ
ਲਿਆ। ਉਥੇ ਖੜੇ ਸਾਰੇ ਹੀ ਲੋਕ ਹੈਰਾਨ ਸਨ ਕਿ ਅਜੇ ਪਹਿਲੇ ਨੂੰ ਤਲਾਕ ਦਿਤਾ ਨਹੀ
ਕਿ ਦੂਸਰਾ ਲੱਭ ਵੀ ਲਿਆ। ਮੇਨੂੰ ਤਾਂ ਕਿਸੇ ਦੀ ਵੀ ਪਰਵਾਹ ਨਹੀ ਸੀ, ਮੇਰਾ ਡੇਵ
ਹੁਣ ਮੇਰਾ ਸੀ। ਜਦ ਮੈ ਡੇਵ ਨੁੰ ਆਪਣੇ ਵਿਆਹ ਬਾਰੇ ਪੁਛਿਆ ਤਾਂ ਉਸ ਕਿਹਾ ਆਪਾਂ
ਅਗਲੇ ਮਹੀਨੇ ਆ ਕੇ ਨਾਲੇ ਵਿਆਹ ਕਰਵਾ ਜਾਵਾਂਗੇ ਨਾਲੇ ਇਕ ਬਾਰ ਹੋਰ ਪੱਜ ਨਾਲ
ਘੁੰਮ ਫਿਰ ਜਾਵਾਂਗੇ। ਡੇਵ ਦੇ ਏਨ੍ਹਾ ਕਹਿਣ ਨਾਲ ਬਹੁਤ ਖੁਸ਼ ਹੋਈ ਸੀ ਮੈ, ਪਤਾ
ਨਹੀ ਮੇਰੀਆਂ ਖੁਸ਼ੀਆ ਨੂੰ ਕਿਸ ਦੀ ਨਜ਼ਰ ਲੱਗ ਗਈ। ਰੀਨੋ ਤੋ ਆਕੇ ਦੋਨੋ ਭਰਾ ਐਸੇ
ਟਰੱਕ ਲੈਕੇ ਗਏ ਕਿ ਅਜੇ ਤਕ ਨਹੀ ਮੁੜੇ। ਅੱਜ 2 ਸਾਲ 4 ਮਹੀਨੇ ਤੇ 10 ਦਿਨ ਹੋ ਗਏ
ਆਪਣੇ ਪੁੰਨੂ ਦੀਆ ਪੈੜਾ ਲਭਦੀ ਨੂੰ, ਪਤਾ ਨਹੀ ਕਿਹੜੇ ਥਲਾਂ ਵਿਚ ਗੁੰਮ ਹੋ ਗਿਆ।
ਮੈ ਰੋਜ ਹੀ ਸ਼ਾਮ ਨੂੰ ਗੁਰੂ ਘਰ ਜਾਕੇ ਪਾਠ ਕਰਦੀ ਹਾਂ ਅਤੇ ਅਰਦਾਸ ਕਰਦੀ ਹਾਂ ਕਿ
ਮੇਰਾ ਡੇਵ ਵਾਪਸ ਆ ਜਾਵੇ। |