ਸਰ
ਸਰ ਕਰਕੇ ਲੰਘ ਰਹੀ ਰਾਤ ਦੇ ਹਨੇਰੇ ਵਿਚ ਖੁਭਿਆ ਪਿਆ ਮੈਂ ਅਸਮਾਨ ਵੱਲ ਘੂਰੀ ਜਾ ਰਿਹਾ
ਹਾਂ, ਜਿਥੇ ਅੱਖਾਂ ਝਮਕਦੇ ਤਾਰਿਆਂ ਤੋਂ ਬਿਨਾਂ ਇਕ ਕੋਨੇ ਵਿਚ ਟੇਢਾ ਹੋ ਹੇਠਾਂ ਨੂੰ
ਲਹਿ ਰਿਹਾ ਚੰਨ ਵੀ ਹੈ। ਵਾਰ ਵਾਰ ਸੁੱਕ ਰਹੇ ਬੁੱਲਾਂ ਉਤੇ ਜੀਭ ਫੇਰਦਿਆਂ ਅਸਮਾਨ ਵਲੋਂ
ਨਿਗਾਹ ਹਟਾ ਮੈਂ ਪਾਸਾ ਲੈ ਨਾਲ ਦੋ ਮੰਜੇ ਸੁੱਤੇ ਪਈ ਆਪਣੀ ਬੱਚੀ ਤੇ ਪਤਨੀ ਵੱਲ
ਵੇਖਿਆ। ਉਹ ਦੋਵੇਂ ਇਸ ਸਭ ਕਾਸ ਤੋਂ ਬੇਫਿਕਰ ਹੋਈਆਂ ਪਈਆਂ ਹਨ। ਮੇਰਾ ਮਨ ਕੀਤਾ ਕਿ
ਪਤਨੀ ਨੂੰ ਹਲੂਣ ਕੇ ਜਗਾ ਲਵਾਂ। ਪਰ ਪਤਾ ਨਹੀਂ ਕੀ ਸੋਚ ਮੇਰਾ ਅਗੇ ਨੂੰ ਵਧਿਆ ਹੋਇਆ
ਹਥ ਆਪਣੇ ਆਪ ਹੀ ਪਿਛਾਹ ਨੂੰ ਹਟ ਗਿਆ।
ਕਿੰਨਾ ਓਪਰਾ ਲਗ ਰਿਹਾ ਹੈ ਮੈਨੂੰ
ਆਪਣਾ ਹੀ ਘਰ।
ਅੱਕਿਆ ਜਿਹਾ ਮੈਂ ਮੰਜੇ ਉਤੋਂ ਉਠ
ਗੁਆਂਢੀਆਂ ਦੇ ਚੁਬਾਰੇ ਲਾਗਲੀ ਕੰਧ ਕੋਲ ਖੜ੍ਹਾ ਹੋ ਦੂਰ ਤਕ ਵਿਹੜੇ ਦੇ ਘਰਾਂ ਉਪਰ
ਝਾਤੀ ਮਾਰਦਾ ਹਾਂ। ਚਾਰੇ ਪਾਸੇ ਚੁਪ ਪਸਰੀ ਪਈ ਹੈ। ਖੜ੍ਹਾ ਖੜ੍ਹਾ ਮੈਂ ਸੁੱਖੋ ਕੇ
ਚੁਬਾਰੇ ਬਾਰੇ ਸੋਚਣ ਲਗ ਪੈਂਦਾ ਹਾਂ ਜੋ ਕੁਝ ਹੀ ਕਦਮਾਂ ਦੀ ਵਿੱਥ ਉਤੇ ਖੜ੍ਹਾ ਵੀ
ਕਿੰਨਾ ਦੂਰ ਲਗ ਰਿਹਾ ਹੈ। ਕਿੰਨਾ ਬੇਰੌਣਕਾ ਹੋਇਆ ਪਿਆ ਹੈ ਉਹੋ ਹੀ ਚੁਬਾਰਾ ਜਿਥੇ
ਕਿਤੇ ਮੇਰੀ ਅੱਧੀ ਜਾਨ ਹੋਇਆ ਕਰਦੀ ਸੀ। ਹੁਣ ਤਾਂ ਪਿਛਲੇ ਕਾਫੀ ਸਮੇਂ ਤੋਂ ਮੇਂ
ਚੁਬਾਰੇ ਦਾ ਬੂਹਾ ਬਾਰੀ ਘਟ ਵਧ ਹੀ ਖੁਲ੍ਹਾ ਦੇਖਿਆ ਹੈ। ਮਸਾਂ ਕਿਸੇ ਆਏ ਗਏ ਤੋਂ ਇਕ
ਅੱਧ ਵਾਰ ਇਸ ਦਾ ਬੂਹਾ ਖੋਲ੍ਹਿਆ ਹੋਵੇਗਾ। ਪਰ ਉਦੋਂ ਤਾਂ ਪੋਹ ਮਾਘ ਦੇ ਠਰੂੰ ਠਰੂੰ
ਕਰਦੇ ਮਹੀਨੀਂ ਵੀ ਇਸ ਦੇ ਭੈੜੇ ਹੋਏ ਬੂਹੇ ਬਾਰੀਆਂ ਵਿਚੋਂ ਦੀ ਦੋ ਬਲੌਰੀ ਅਖਾਂ ਮੈਨੂੰ
ਬੁਲਾਉਂਦੀਆਂ ਰਹਿੰਦੀਆਂ ਸਨ।
ਜਦੋਂ ਮੈਂ ਪਹਿਲੀ ਵਾਰ ਕੁਝ
ਦਿਨਾਂ ਲਈ ਘਰੋਂ ਬਾਹਰ ਗਿਆ ਸਾਂ ਤਾਂ ਮੈਨੂੰ ਬੜਾ ਹੀ ਐਖਾ ਔਖਾ ਲਗਿਆ ਤੇ ਉਨ੍ਹਾਂ
ਬਲੌਰੀ ਅਖਾਂ ਨੇ ਰੋ ਰੋ ਕੇ ਆਪਣਾ ਬੁਰਾ ਹਾਲ ਕਰ ਲਿਆ ਸੀ। ਉਸ ਵੇਲੇ ਮੈਂ ਸੋਚਿਆ ਸੀ
ਕਿ ਅਗੋਂ ਤੋਂ ਕਦੇ ਵੀ ਉਸ ਕੋਲੋਂ ਦੂਰ ਨਹੀਂ ਜਾਵਾਂਗਾ।
ਕੰਧ ਲਾਗੇ ਖੜ੍ਹਾ ਮੈਂ ਬੀਤ ਗਏ
ਉਨ੍ਹਾਂ ਦਸ ਵਰ੍ਹਿਆਂ ਬਾਰੇ ਸੋਚਦਾ ਹਾਂ, ਜਿਨ੍ਹਾਂ ਦੌਰਾਨ ਘਰੇਂ ਸੈਂਕੜੇ ਮੀਲਾਂ ਦੀ
ਵਿੱਥ ਉਤੋਂ ਬੈਠਾ ਮੈਂ ਇਸ ਸਭ ਕਾਸੇ ਬਾਰੇ ਸੋਚਿਆ ਕਰਦਾ ਸੀ। ਉਨ੍ਹਾਂ ਵਰ੍ਹਿਆਂ ਦੀਆਂ
ਹਨੇਰੀਆਂ ਰਾਤਾਂ ਵਿਚ ਜਦ ਕਦੇ ਵੀ ਮੈਨੂੰ ਸੁਖੇ ਦੀ ਯਾਦ ਆਉਂਦੀ ਤਾਂ ਬਾਕੀ ਦੀ ਰਹਿੰਦੀ
ਰਾਤ ਮੇਰੀ ਅਖ ਨਾ ਲਗਦੀ। ਕਈ ਕਈ ਦਿਨ ਮੈਂ ਬਿਨਾਂ ਕਿਸੇ ਨੂੰ ਬੁਲਾਏ ਗੁਆਚਿਆ ਜਿਹਾ
ਤੁਰਿਆ ਫਿਰਦਾ ਰਹਿੰਦਾ। ਉਦੋਂ ਮੇਰਾ ਮਨ ਕਰਦਾ ਸੀ ਕਿ ਹੁਣੇ ਹੀ ਉਡਾਰੀ ਮਾਰ ਪਿੰਡ ਜਾ
ਪਹੁੰਚਾ ਤੇ ਸਭ ਕੁਝ ਪਹਿਲਾਂ ਵਾਂਗ ਹੀ ਤੁਰ ਪਵੇ।
ਪਰ ਹੁਣ ਜਦੋਂ ਮੈਂ ਬਦਲੀ ਕਰਵਾ
ਕੇ ਆਪਣੇ ਪਿੰਡ ਲਾਗੇ ਆ ਗਿਆ ਹਾਂ ਤਾਂ ਮੈਨੂੰ ਲਗ ਰਿਹਾ ਹੈ ਜਿਵੇਂ ਮੇਰੇ ਇਥੇ ਪਹੁੰਚਣ
ਨਾਲ ਕੁਝ ਗਲਤ ਮਲਤ ਹੋ ਗਿਆ ਹੋਵੇ।
ਵਿਹੜੇ ਦੀ ਖੱਬੀ ਬਾਹੀ ਕੁਤਿਆਂ
ਦੇ ਭੌਂਕਣ ਦੀ ਅਵਾਜ਼ ਸੁਣ ਕੇ ਮੈਂ ਇਧਰ ਉਧਰ ਦੇਖਦਾ ਹਾਂ ਪਰ ਧਿਆਨ ਨਾਲ ਦੇਖਣ ਉਤੇ ਵੀ
ਮੈਨੂੰ ਕਿਧਰੇ ਕੁਝ ਨਹੀਂ ਵਿਖਾਈ ਦੇ ਰਿਹਾ। ਬਨੇਰੇ ਲਾਗੇ ਖੜ੍ਹਾ ਹੋ ਮੈਂ ਅਗੇ ਨੂੰ
ਝੁਕ ਕੇ ਵੇਖਦਾ ਹਾਂ, ਪਰ ਹਨੇਰੇ ਨੇ ਤਾਂ ਸਭ ਕੁਝ ਨੂੰ ਹੀ ਆਪਣੀ ਲਪੇਟ ਵਿਚ ਲਿਆ ਹੋਇਆ
ਹੈ। ਕੁਝ ਪਲ ਭੈਂਕਦੇ ਰਹਿਣ ਤੋਂ ਬਾਅਦ ਕੁਤੇ ਆਪਣੇ ਆਪ ਹੀ ਚੁੱਪ ਕਰ ਜਾਂਦੇ ਹਨ।
ਵਿਹੜੇ ਦੀ ਖੱਬੀ ਬਾਹੀ ਵਲ
ਦੇਖਦਿਆਂ ਮੈਨੂੰ ਨੰਜੂ ਕੇ ਤੂਤ ਦਾ ਚੇਤਾ ਆਇਆ ਜਿਸਨੂੰ ਦੇਖ ਕਲ ਮੇਰੀਆਂ ਅਖਾਂ ਉਸਦੇ
ਸੰਘਣੇ ਟਾਹਣੀਆਂ ਵਿਚ ਉਲਝ ਕੇ ਰਹਿ ਗਈਆਂ ਸਨ। ਤੂਤ ਪਹਿਲਾਂ ਨਾਲੋਂ ਕਾਫੀ ਬੁਢਾ ਹੋ
ਗਿਆ ਹੈ। ਹੁਣ ਤਾਂ ਮੈਂ ਕਿਸੇ ਨੂੰ ਉਥੇ ਬੈਠੇ ਨਹੀਂ ਦੇਖਿਆ ਅਤੇ ਨਾ ਹੀ ਉਹ ਤਖਤਪੋਸ਼
ਉਥੇ ਵਿਖਾਈ ਦੇ ਰਿਹਾ ਹੈ, ਜਿਸ ਉਪਰ ਬੈਠ ਅਸੀਂ ਸਾਰਾ ਸਾਰਾ ਦਿਨ ਦਿਓਰ ਭਾਬੀ ਸਰਾ
ਮੰਗਣ ਤੇ ਪੱਤਾ ਜੋੜ ਖੇਡਿਆ ਕਰਦੇ ਸੀ। ਉਸ ਵੇਲੇ ਘਰੋਂ ਪੈਂਦੀਆਂ ਗਾਲਾਂ ਵੀ ਸਾਡੀ ਖੇਡ
ਵਿਚ ਵਿਘਨ ਨਹੀਂ ਸਨ ਪਾਉਂਦੀਆਂ।
ਹੁਣ ਤਾਂ ਉਨੀਂ ਦਿਨਾਂ ਦੇ ਸਾਥੀ
ਵੀ ਬਦਲ ਗਏ ਹਨ। ਗੋਲਾ ਤੇ ਲਛਮਣ ਤਾਂ ਵਿਆਹ ਕਰਵਾ ਕੇ ਘਰ ਦੀ ਚਾਰ ਦੀਵਾਰੀ ਅੰਦਰ ਹੀ
ਜਿਵੇਂ ਨਿਘਰ ਗਏ ਹੋਣ, ਪਰ ਬੰਤਾ ਫੌਜ ਵਿਚ ਭਰਤੀ ਹੋ ਜਾਣ ਕਾਰਨ ਇਸ ਜੰਜਾਲ ਵਿਚੋਂ
ਨਿਕਲ ਗਿਆ ਹੈ। ਸਾਰੇ ਹੀ ਓਪਰੇ ਓਪਰੇ ਲਗ ਰਹੇ ਹਨ।
ਕਿੰਨਾ ਕੁਝ ਬਦਲ ਗਿਆ ਹੈ, ਇੰਨੇ
ਕੁ ਸਮੇਂ ਵਿਚ ਹੀ।
ਕੁਝ ਪਲ ਬਨੇਰੇ ਲਾਗੇ ਖੜੇ ਰਹਿਣ
ਤੋਂ ਬਾਅਦ ਮੈਂ ਆਸੇ ਪਾਸੇ ਦੇਖਦਾ ਆਪਣੇ ਮੰਜੇ ਉਪਰ ਲੰਮਾ ਪੈ ਜਾਂਦਾ ਹਾਂ, ਪਰ ਨੀਂਹ
ਤਾਂ ਆਉਣ ਦਾ ਨਾਂ ਹੀ ਨਹੀਂ ਲੈ ਰਹੀ। ਪਿਛਲੇ ਦਸਾਂ ਵਰ੍ਹਿਆਂ ਦੌਰਾਨ ਜ਼ਿਹਨ ਉਤੇ ਛਾਈ
ਧੁੰਦ ਹੌਲੀ ਹੌਲੀ ਘਟਣ ਲਗ ਪਈ ਹੈ, ਪਰ ਅਜੇ ਵੀ ਕੁਝ ਅਜਿਹਾ ਹੈ ਜੋ ਸਾਫ ਸਾਫ ਦਿਖਾਈ
ਨਹੀਂ ਦੇ ਰਿਹਾ।
ਆਥਣ ਸਵੇਰੇ ਸੂਏ ਵਲ ਜਾਂਦਿਆਂ
ਮੈਂ ਪੁਲ ਲਾਗੇ ਖੜ੍ਹਾ ਹੋ ਕਿੰਨਾ ਕਿੰਨਾ ਚਿਰ ਹੀ ਵਗਦੇ ਪਾਣੀ ਨੂੰ ਨੀਝ ਨਾਲ ਦੇਖਦਾ
ਰਹਿੰਦਾ ਹਾਂ। ਸਕੂਲੋਂ ਭਜ ਕੇ ਆ ਅਸੀਂ ਇਥੇ ਘੰਟਿਆਂ ਬੱਧੀ ਨਹਾਉਂਦੇ ਹੁੰਦੇ ਸੀ। ਪਰ
ਹੁਣ ਮੈਨੂੰ ਉਥੇ ਕੋਈ ਵੀ ਨਹਾਉਂਦਾ ਕਦੇ ਨਜ਼ਰ ਨਹੀਂ ਆਇਆ। ਉਦਾਸ ਤੇ ਸਖਣਾ ਸੂਏ ਦਾ
ਕੰਢਾ ਵੀ ਆਪਣੀ ਬੁਕਲ ਵਿਚ ਕਿੰਨਾ ਕੁਝ ਸਮਾਈ ਬੈਠਾ ਹੈ, ਮੇਰੇ ਆਪਣੇ ਵਾਂਗ।
ਪਿੰਡੋਂ ਦੂਰ ਬੈਠਿਆਂ ਮੈਨੂੰ ਹਰ
ਪਲ ਘਰ ਦੀ ਹੀ ਯਾਦ ਸਤਾਉਂਦੀ ਰਹਿੰਦੀ ਸੀ। ਪਰਿਵਾਰ ਦੇ ਇਕ ਇਕ ਜੀਅ ਦਾ ਚਿਹਰਾ ਮੇਰੀਆਂ
ਅਖਾਂ ਅਗੇ ਛਾਇਆ ਰਹਿੰਦਾ ਤੇ ਨਾਲ ਹੀ ਜ਼ਿਹਨ ਅੰਦਰ ਛਾਈ ਰਹਿੰਦੀ ਸੁਖੇ ਦੀ ਯਾਦ, ਜਿਸ
ਦਾ ਵਿਆਹ ਮੇਰੇ ਘਰੋਂ ਆਉਣ ਤੋਂ ਬਾਅਦ ਅਗਲੇ ਵਰ੍ਹੇ ਹੀ ਕਰ ਦਿਤਾ ਗਿਆ ਸੀ। ਵਾਰ ਵਾਰ
ਮੇਰੀਆਂ ਅਖਾਂ ਅਗੇ ਮੇਰਾ ਛੋਟਾ ਭਰਾ ਆ ਖੜ੍ਹਦਾ, ਜਿਸਨੂੰ ਨੌਵੀਂ ਵਿਚੋਂ ਪੜ੍ਹਨੋਂ ਹਟਾ
ਲਿਆ ਗਿਆ ਸੀ, ਕਿਉਂਕਿ ਬਾਪੂ ਉਸਦੀਆਂ ਕਿਤਾਬਾਂ ਕਾਪੀਆਂ ਦੇ ਮਾਮੂਲੀ ਜਿਹੇ ਖਰਚੇ ਵੀ
ਨਹੀਂ ਸੀ ਦੇ ਸਕਦਾ। ਮੇਰੇ ਵਲੋਂ ਤਾਂ ਉਹ ਉਕਾ ਹੀ ਆਸ ਲਾਹੀ ਬੈਠੇ ਸਨ। ਛੋਟੇ ਨੂੰ
ਸਕੂਲ ਹਟਾ ਬਾਪੂ ਨੇ ਉਸਨੂੰ ਸ਼ਹਿਰ ਬਰਫ ਬਣਾਉਣ ਵਾਲੇ ਕਾਰਖਾਨੇ ਵਿਚ ਲਵਾ ਦਿਤਾ ਸੀ।
ਜਦੋਂ ਮੈਨੂੰ ਇਸ ਬਾਰੇ ਪਤਾ ਲਗਿਆ ਤਾਂ ਮੇਰਾ ਆਪਾ ਸੁੰਗੜ ਕੇ ਬਹੁਤ ਹੀ ਨਿੱਕਾ ਜਿਹਾ
ਬਣ ਗਿਆ ਸੀ।
ਆਪ ਤਾਂ ਉਥੋ ਬੈਠੇ ਐਸ਼ਾਂ ਕਰਦੇ
ਨੇ। ਪਿਛਲਿਆਂ ਬਾਰੇ ਤਾਂਕਦੇ ਸੋਚਿਆਂ ਈ ਨ੍ਹੀਂ”
ਮੇਰੇ ਚਾਚੇ ਦੀ ਆਖੀਆਂ ਗਲਾਂ ਅਜੇ ਤਕ ਵੀ ਮੇਰੇ ਜ਼ਿਹਨ ਵਿਚ ਤਿਖੀਆਂ ਸੂਲਾਂ ਵਾਂਗ ਚੁਭ
ਰਹੀਆਂ ਹਨ ਤੇ ਮੈਂ ਜੋ ਉਦੋਂ ਟੋਟੇ ਟੋਟੇ ਹੋ ਖੀੰਡ ਗਿਆ ਸੀ, ਅਜੇ ਤਕ ਵੀ ਆਪਣੇ ਆਪ
ਨੂੰ ਸਮੇਟ ਨਹੀਂ ਸਕਿਆ।
ਬਿਸਤਰੇ ਉਪਰ ਪਿਆ ਮੇਰਾ ,ਮਨ ਬੜਾ
ਹੀ ਕਾਹਲਾ ਪੈਣ ਲਗ ਪੈਂਦਾ ਹੈ। ਹਵਾ ਬੰਦ ਹੋ ਜਾਣ ਕਾਰਨ ਮੁੜ੍ਹਕੇ ਦੀਆਂ ਨਿਕੀਆਂ
ਬੂੰਦਾਂ ਪਿੰਡੇ ਉਪਰ ਕੀੜੀਆਂ ਵਾਂਗ ਰੀਂਗਣ ਲਗ ਪਈਆਂ ਹਨ।
ਪਿਆ ਪਿਆ ਮੈਂ ਉ ਕੇ ਬੈਠ ਜਾਂਦਾ
ਹਾਂ ਪਰ ਚੈਨ ਤਾਂ ਫੇਰ ਵੀ ਨਹੀਂ ਆ ਰਹੀ। ਮੰਜੇ ਉਪਰ ਉਠ ਮੈਂ ਕੁਝ ਪਲ ਇਧਰ ਉਧਰ ਗੇੜੇ
ਕਢਦਾ ਹਾਂ ਤੇ ਨਾਲ ਹੀ ਘਰਾਂ ਤੋਂ ਥੋੜ੍ਹੀ ਹੀ ਦੂਰੀ ਉਤੇ ਵਗਦੇ ਸੂਏ ਵਲ ਵੀ ਦੇਖਦਾ
ਹਾਂ।
ਚੰਨ ਸੂਏ ਦੀ ਪਟੜੀ ਦੇ ਨਾਲ ਨਾਲ
ਖੜ੍ਹੇ ਦਰਖਤਾਂ ਉਤੋਂ ਦੀ ਹੋਰ ਹੇਠਾਂ ਨੂੰ ਲਹਿ ਰਿਹਾ ਹੈ। ਚੰਨ ਨੂੰ ਹੇਠਾਂ ਸਰਕਦਾ
ਦੇਖ ਮੇਰਾ ਮਨ ਕੀਤਾ, ਉਸਨੂੰ ਭੱਜ ਕੇ ਜਾ ਫੜਾਂ।
ਮਨ ਵਿਚ ਕੋਈ ਨਵਾਂ ਖਿਆਲ ਆ ਜਾਣ
ਉਤੇ ਮੇਰੇ ਪੈਰ ਆਪਣੇ ਆਪ ਹੀ ਲਕੜ ਦੀ ਪੌੜੀ ਤੋਂ ਹੇਠਾਂ ਨੂੰ ਉਤਰਨ ਲਗ ਪੈਂਦੇ ਹਨ।
ਹੇਠਾਂ ਉਤਰ ਮੈਂ ਵਿਹੜੇ ਵਿਚ ਡਹੇ ਪਏ ਮੰਜਿਆਂ ਉਪਰ ਘੂਕ ਸੁਤੇ ਪਏ ਪਰਿਵਾਰ ਦੇ ਬਾਕੀ
ਜੀਆਂ ਵਲ ਵੇਖਦਾ ਹਾਂ। ਮੇਰੇ ਹੇਠਾਂ ਉਤਰਨ ਦੀ ਕਿਸੇ ਨੂੰ ਵੀ ਸਾਰ ਨਹੀਂ। ਬਿਨਾਂ ਖੜਾਕ
ਕੀਤੇ ਮੈਂ ਹੌਲੀ ਹੌਲੀ ਤੁਰਦਾ ਸੂਏ ਵਲ ਨੂੰ ਜਾਂਦੀ ਡੰਡੀ ਡੰਡੀ ਹੋ ਤੁਰਦਾ ਹਾਂ।
ਸੂਏ ਦੀ ਪਟੜੀ ਉਪਰ ਚੜ੍ਹਦਿਆਂ ਹੀ
ਮੇਰੇ ਦਿਲ ਨੂੰ ਕੁਝ ਹੋਣ ਲਗ ਪਿਆ ਹੈ। ਮੈਨੂੰ ਲਗਿਆ ਜਿਵੇਂ ਥੋੜ੍ਹੇ ਕਦਮਾਂ ਦੀ ਵਿਥ
ਉਤੇ ਖੜੀ ਸੁਖੇ ਹੁਣ ਵੀ ਮੈਨੂੰ ਪਹਿਲਾਂ ਵਾਂਗ ਹੀ ਕੁਝ ਕਹਿਣ ਲਈ ਬੁਲਾ ਰਹੀ ਹੋਵੇ।
ਉਦਣ ਵੀ ਇਹੋ ਜਿਹੀ ਹੀ ਰਾਤ ਸੀ ਜਦੋਂ ਮੈਂ ਤੇ ਸੁਖੋ ਗਲਾਂ ਕਰਦੇ ਇਸੇ ਸੂਏ ਉਤੇ ਆ
ਨਿਕਲੇ ਸਾਂ। ਕਿੰਨਾ ਹੀ ਚਿਰ ਅਸੀਂ ਇਕ ਦੂਜੇ ਨੂੰ ਭਜ ਭਜ ਕੇ ਛੂੰਹਦੇ ਰਹੇ। ਫੇਰ ਪਤਾ
ਨਹੀਂ ਉਸਦੇ ਮਨ ਵਿਚ ਕੀ ਆਇਆ, ਕਹਿੰਦੀ, ਮੈਨੂੰ ਤਾਂ ਤੂੰ ਕਿਧਰੇ ਕਢ ਕੇ ਈ ਲੈ ਚਲ।
ਮੈਥੋਂ ਨੀਂ ਹੁਣ ਇਉਂ ਲੁਕ ਲੁਕ ਮਿਲਿਆ ਜਾਂਦਾ।
ਉਸਨੇ ਅਜਿਹੀ ਜ਼ਿੱਦ ਫੜੀ ਕਿ ਸਭ
ਕੁਝ ਪਲਾਂ ਵਿਚ ਹੀ ਖੀੰਡ ਪੁੰਡ ਗਿਆ। ਕਹਿੰਦੀ। ਹੁਣੇ ਹੀ ਹਾਂ ਜਾਂ ਨਾਂਹ ਵਿਚ ਜੁਆਬ
ਦੇ। ਮੈਨੂੰ ਸੋਚਣ ਦਾ ਮੌਕਾ ਵੀ ਨਹੀਂ ਦਿਤਾ ਕਿ ਸਭ ਕੁਝ ਮੇਰੀਆਂ ਉਂਗਲਾਂ ਵਿਚੋਂ ਦੀ
ਰੇਤ ਵਾਂਗ ਕਿਣਕਾ ਕਿਣਕਾ ਹੋ ਕਿਰ ਗਿਆ।
ਕਿੰਨਾ ਹੀ ਚਿਰ ਮੈਂ ਸੂਏ ਦੀ
ਪਟੜੀ ਉਤੇ ਇਧਰ ਉਧਰ ਘੁੰਮਦਾ ਰਿਹਾ। ਮਨ ਨੂੰ ਲਗੀ ਅਚਵੀ ਅਜੇ ਵੀ ਪਹਿਲਾਂ ਵਾਂਗ ਹੀ
ਹੈ। ਰਾਤ ਹੌਲੀ ਹੌਲੀ ਸਰਕਦੀ ਘਟਦੀ ਜਾ ਰਹੀ ਹੈ, ਪਰ ਮੈਨੂੰ ਲਗ ਰਿਹਾ ਹੈ ਜਿਵੇਂ ਉਹ
ਅਹਿਲ ਪਥਰ ਬਣ ਖੜ੍ਹ ਗਈ ਹੋਵੇ।
ਉਥੇ ਖੜ੍ਹੇ ਖੜ੍ਹੇ ਹੀ ਮੈਂ ਸੂਏ
ਦੇ ਪਰਲੇ ਪਾਰ ਗੁਰਦੁਆਰੇ ਦੀਆਂ ਸੰਘਣੀਆਂ ਟਾਹਲੀਆਂ ਦੇ ਓਹਲੇ ਡੁੱਬ ਗਏ ਚੰਨ ਵਾਲੀ ਥਾਂ
ਨੂੰ ਦੇਖਦਾ ਹਾਂ। ਚੰਨ ਦੇ ਚਲੇ ਜਾਣ ਕਾਰਨ ਹਨੇਰਾ ਕੁਝ ਹੋਰ ਗਾੜ੍ਹਾ ਹੋ ਗਿਆ ਹੈ।
ਗਾੜ੍ਹੇ ਹਨੇਰੇ ਵਿਚ ਘਿਰਿਆ ਮੈਂ ਹੌਲੀ ਹੌਲੀ ਕਦਮ ਪੁਟਦਾ ਘਰ ਵਲ ਨੂੰ ਤੁਰ ਪੈਂਦਾ
ਹਾਂ।
ਆਪਣੇ ਵਿਆਹ ਤੋਂ ਬਾਅਦ ਸੁਖੋ
ਮੈਨੂੰ ਇਕ ਜਾਂ ਦੋ ਵਾਰ ਮਿਲੀ ਸੀ। ਆਪਣਿਆਂ ਵਾਂਗ ਗਲਾਂ ਕਰਦੀ ਹੋਈ ਵੀ ਉਹ ਬੜੀ ਹੀ
ਓਪਰੀ ਓਪਰੀ ਲਗ ਰਹੀ ਸੀ।
ਬੜੀ ਖੁਸ਼ ਏ ਵਿਆਹ ਕਰਾ ਕੇ। ਮੈਂ
ਉਸ ਦੀਆਂ ਅਖਾਂ ਵਿਚ ਡੂੰਘਾ ਝਾਕਦਿਆਂ ਕਿਹਾ ਸੀ। ਭਰ ਆਈਆਂ ਅਖਾਂ ਨਾਲ ਉਸਨੇ ਮੇਰੇ ਵਲ
ਦੇਖਿਆ ਹੀ ਸੀ ਪਰ ਕਿਹਾ ਕੁਝ ਵੀ ਨਾ। ਉਸ ਪਲ ਮੇਰਾ ਮਨ ਕੀਤਾ ਸੀ ਕਿ ਹੁਣੇ ਹੀ ਉਸ ਨੂੰ
ਕਿਧਰੇ ਭਜ ਚਲਣ ਲਈ ਕਹਾਂ। ਪਰ ਉਸਨੇ ਚੰਗਾ ਫੇਰ ਕਦੇ ਸਹੀ ਆਖ ਤੁਰਨ ਲਗਿਆਂ ਇਕ ਵਾਰ
ਫਲ਼ਿਰ ਮੇਰੀ ਸੋਚ ਟੋਟੇ ਟੋਟੇ ਕਰ ਸੁਟੀ।
ਲਕੜ ਦੀ ਪੌੜੀ ਚੜ੍ਹਦਿਆਂ ਮੈਂ
ਅੱਧ ਵਿਚਕਾਰ ਰੁਕ ਕੇ ਵਿਹੜੇ ਵਿਚ ਡਹੇ ਪਏ ਮੰਜਿਆਂ ਉਪਰ ਝਾਤੀ ਮਾਰਦਾ ਹਾਂ। ਨਿੰਮ ਦੇ
ਲਾਗੇ ਨਲਕੇ ਅਗੇ ਚੁਲ੍ਹੇ ਵਿਚ ਗਰਮੀ ਤੋਂ ਡਰਦਾ ਕੁਤਾ ਅਰਾਮ ਨਾਲ ਸਿਰ ਸੁਟੀ ਪਿਆ ਹੈ।
ਨਲਕੇ ਦੇ ਲਾਗੇ ਹੀ ਕਚੀਆਂ ਇਟਾਂ ਦੀ ਰਸੋਈ ਹੈ। ਦਸ ਵਰ੍ਹੇ ਬੀਤ ਜਾਣ ਤੋਂ ਬਾਅਦ ਵੀ ਉਹ
ਉਵੇਂ ਦੀ ਉਵੇਂ ਖੜ੍ਹੀ ਹੈ। ਰਸੋਈ ਦੇ ਨਾਲ ਹੀ ਚਾਰ ਕੁ ਖਣਾਂ ਦਾ ਮਕਾਨ ਹੈ, ਜਿਸ ਦੀ
ਸਰਕੜੇ ਦੀ ਛੱਤ ਵਿਚ ਚੂਹਿਆਂ ਨੇ ਆਪਣੇ ਅੱਡੇ ਬਣਾਏ ਹੋਣ ਕਾਰਨ ਮੀਂਹੇ ਦੀ ਨਿੱਕੀ
ਨਿੱਕੀ ਕਣੀ ਵਾਂਗ ਮਿਟੀ ਲਗਾਤਾਰ ਹੇਠਾਂ ਕਿਰਦੀ ਰਹਿੰਦੀ ਹੈ। ਸਿਉਂਕ ਦੀ ਖਾਧੀ ਚੁਗਾਠ
ਉਤੇ ਝੁਲਦੇ ਤਖਤਿਆਂ ਨੂੰ ਦੇਖ ਕੇ ਤਾਂ ਲਗਦਾ ਹੈ ਕਿ ਉਹ ਹੁਣੇ ਹੀ ਡਿਗ ਪੈਣਗੇ। ਘਰ ਦੀ
ਖਸਤਾ ਹਾਲਤ ਬਾਰੇ ਸੋਚਦਿਆਂ ਮੈਨੂੰ ਲਗਿਆ ਜਿਵੇਂ ਉਹ ਸਾਰੇ ਹੀ ਮੇਰੇ ਉਪਰ ਹੱਸ ਰਹੇ
ਹੋਣ।
ਪੌੜੀ ਦੇ ਅੱਧ ਵਿਚਕਾਰ ਖੜ੍ਹਿਆਂ
ਮੈਨੂੰ ਵਹੜੇ ਵਿਚ ਸੁਤੇ ਪਏ ਬਾਪੂ ਉਪਰ ਬੜੀ ਖਿਝ ਆਉਂਦੀ ਹੈ ਜਿਸ ਨੇ ਆਪਣੀ ਸਾਰੀ ਉਮਰ
ਇਉਂ ਹੀ ਲੰਘਾ ਦਿਤੀ ਤੇ ਖੜ੍ਹਨ ਬੈਠਣ ਲਈ ਚੱਜ ਦੇ ਕੇ ਖੋਲੋ ਵੀ ਨਹੀਂ ਛਤ ਸਕਿਆ। ਪਰ
ਅਗਲੇ ਹੀ ਪਲ ਮਨ ਵਿਚ ਆਏ ਕਿਸੇ ਦੂਸਰੇ ਖਿਆਲ ਨੇ ਬਾਪੂ ਬਾਰੇ ਮਨ ਅੰਦਰਲੀ ਸਾਰੀ ਕੁੜਤਨ
ਮੈਨੂੰ ਆਪਣੇ ਅੰਦਰ ਹੀ ਲੰਘਾਉਣ ਲਈ ਮਜ਼ਬੂਰ ਕਰ ਦਿਤਾ, ਕਿਉਂਕਿ ਦਸ ਵਰ੍ਹੇ ਕਲਰਕੀ
ਕਰਦਿਆਂ ਮੈਂ ਵੀ ਤਾਂ ਅਜੇ ਤਕ ਕੁਝ ਨਹੀਂ ਕਰ ਸਕਿਆ।
ਪੌੜ੍ਹੀ ਚੜ ਹਫਿਆ ਜਿਹਾ ਮੈਂ
ਆਪਣੇ ਮੰਜੇ ਉਤੇ ਜਾ ਕੇ ਲੰਮਾ ਪੈ ਜਾਂਦਾ ਹਾਂ। ਇਕ ਵਾਰ ਫੇਰ ਵਿਹੜੇ ਦੇ ਸਾਰੇ ਘਰ
ਮੇਰੀਆਂ ਅਖਾਂ ਅਗੋਂ ਦੀ ਘੁੰਮ ਜਾਂਦੇ ਹਨ। ਉਨ੍ਹਾਂ ਵਿਚ ਤੇ ਮੇਰੇ ਘਰ ਵਿਚ ਭੋਰਾ
ਜਿੰਨਾ ਵੀ ਫਰਕ ਨਹੀਂ। ਫੇਰ ਮੈਂ ਕਿਹੜੀ ਆਕੜ ਵਿਚ ਧੌਣ ਅਕੜਾਈ ਫਿਰਦਾ ਹਾਂ? ਮੈਂ ਸੋਚਣ
ਲਗ ਪੈਂਦਾ ਹਾਂ।
ਦਸਵੀਂ ਪਾਸ ਕਰਦਿਆਂ ਜ਼ਿੰਦਗੀ
ਵਿਚ ਕੁਝ ਕਰ ਗੁਜ਼ਰਨ ਲਈ ਕਿੰਨੇ ਹੀ ਸੁਫਨੇ ਮੇਰੀਆਂ ਅਖਾਂ ਵਿਚ ਉਭਰੇ ਸਨ, ਪਰ ਦਸ
ਵਰ੍ਹੇ ਬੀਤ ਜਾਣ ਤੋਂ ਬਾਅਦ ਉਨ੍ਹਾਂ ਵਿਚੋਂ ਇਕ ਵੀ ਪੂਰਾ ਨਹੀਂ ਹੋਇਆ। ਹੁਣ ਮੈਨੂੰ ਲਗ
ਰਿਹਾ ਹੈ ਜਿਵੇਂ ਸੁਫਨੇ ਵਰਗਾ ਕੁਝ ਵੀ ਮੇਰੀਆਂ ਅਖਾਂ ਵਿਚ ਕਦੇ ਉਭਰਿਆ ਨਾ ਹੋਵੇ।
ਮੰਜੇ ਉਤੇ ਪਿਆ ਇਧਰ ਉਧਰ ਪਲਸੇਟੋ
ਮਾਰੀ ਜਾ ਰਿਹਾ ਹਾਂ। ਕੋਈ ਵੀ ਨਹੀਂ ਜਾਗ ਰਿਹਾ ਜੋ ਮੇਰੀ ਵਿਥਿਆ ਸੁਣ ਸਕੇ। ਮਨ ਕੀਤਾ
ਕਿ ਉਚੀ ਉਚੀ ਕੂਕ ਕੇ ਆਲੇ ਦੁਆਲੇ ਦੇ ਸਾਰੇ ਘਰਾਂ ਨੂੰ ਇਕਠਾ ਕਰ ਲਵਾਂ ਤੇ ਕਲੇ ਕਲੇ
ਦੇ ਗਲ ਲਗ ਆਪਣਾ ਅੰਦਰ ਫਰੋਲ ਕੇ ਦਿਖਾਵਾਂ। ਪਰ ਦਸ ਵਰ੍ਹੇ ਇਥੇ ਪਰ੍ਹੇ ਰਹਿਣ ਕਾਰਨ ਮਨ
ਅੰਦਰ ਜੋ ਵਿਥ ਪੈਦਾ ਹੋ ਗਈ ਹੈ, ਲਗਦਾ ਹੈ, ਉਹ ਮੇਰੇ ਕੋਲੋਂ ਪਾਰ ਨਹੀਂ ਕਰ ਹੋਣੀ।
ਕਈ ਵਾਰ ਨਿਕੇ ਨੂੰ ਭੇਜ ਗੋਲੀ
ਨੂੰ ਘਰੇ ਬੁਲਾ ਚੁਕਿਆ ਹਾਂ, ਪਰ ਹਰ ਵਾਰ ਹੀ ਜਾਂ ਤਾਂ ਉਹ ਮੈਨੂੰ ਮਿਲਣੋਂ ਕੰਨੀ ਕਤਰਾ
ਜਾਂਦਾ ਹੈ, ਜਾਂ ਫਿਰ ਉਸਨੂੰ ਘਰ ਦੇ ਰੁਝੇਵਿਆਂ ਨੇ ਹੀ ਇੰਨਾ ਜਕੜ ਲਿਆ ਹੈ ਕਿ ਉਹ
ਕਿਸੇ ਪਾਸੇ ਵੀ ਇਕ ਪੈਰ ਤਕ ਨਹੀਂ ਪੁਟ ਸਕਦਾ। ਇਕ ਦੋ ਵਾਰ ਲਛਮਣ ਵੀ ਮਿਲਿਆ। ਪਰ ਉਹ
ਹੁਣ ਪਹਿਲਾਂ ਵਰਗਾ ਨਹੀਂ ਰਿਹਾ। ਇਹ ਵੀ ਹੋ ਸਕਦਾ ਹੈ ਕਿ ਮੈਂ ਵੀ ਬਦਲ ਗਿਆ ਹੋਵਾਂ।
ਪਿਛਲੇ ਹਫਤੇ ਮਿਲਿਆ ਸੀ, ਬੜਾ ਹੀ
ਓਪਰਿਆ ਵਾਂਗ। ਕਹਿੰਦਾ, ਤੁਸੀਂ ਤਾਂ ਹੋਏ ਵੱਡੇ ਲੋਕ, ਥੋਡੇ ਨਾਲ ਸਾਡਾ ਕਾਹਦਾ
ਮੁਕਾਬਲਾ। ਅਸੀਂ ਤਾਂ ਬਸ ਭਾਰ ਢੋਣ ਈ ਆਏ ਆ। ਸਾਡਾ ਕਾਹਦਾ ਜਿਊਣਾ।
ਉਸ ਵੇਲੇ ਮੇਰਾ ਮਨ ਕੀਤਾ ਸੀ ਕਿ
ਉਸਨੂੰ ਸਭ ਕੁਝ ਦਸ ਦੇਵਾਂ, ਪਰ ਮੇਰੇ ਕੁਝ ਵੀ ਕਹਿਣ ਤੋਂ ਪਹਿਲਾਂ ਹੀ ਉਹ ਕਾਹਲੇ
ਕਾਹਲੇ ਕਦਮ ਪੁਟਦਾ ਅਗੇ ਨੂੰ ਨਿਕਲ ਗਿਆ ਸੀ।
ਹੁਣ ਸੋਚਦਾ ਹਾਂ ਕਿ ਇਧਰਲੀ ਬਦਲੀ
ਨਾ ਹੀ ਕਰਾਉਂਦਾ। ਇਸ ਨਾਲੋਂ ਤਾਂ ਉਥੇ ਹੀ ਠੀਕ ਸੀ।
ਫੇਰ ਮਨ ਵਿਚ ਖਿਆਲ ਆਉਂਦਾ ਹੈ ਕਿ
ਕਿਧਰੇ ਦੂਰ ਭੱਜ ਜਾਵਾਂ ਤੇ ਮੁੜ ਘਰੇ ਆਵਾਂ ਹੀ ਨਾ। ਪਰ ਲਾਗੇ ਹੀ ਪਈ ਪਤਨੀ ਤੇ ਬਚੀ
ਵਲ ਦੇਖਦਾ ਹਾਂ ਤਾਂ ਮਨ ਹੈਰੂਫ਼ੰ ਹੇਰੂੰ ਜਿਹੋ ਹੋਣ ਲਗ ਪੈਂਦਾ ਹੈ। ਇਸ ਦੇ ਨਾਲ ਹੀ
ਵਿਹੜੇ ਵਿਚ ਪਏ ਬੁਢੇ ਮਾਂ ਬਾਪ ਦਾ ਵੀ ਖਿਆਲ ਆਉਂਦਾ ਹੈ। ਇਨ੍ਹਾਂ ਸਾਰਿਆਂ ਨੂੰ ਮੈਂ
ਕਿਸ ਕੋਲ ਛੱਡ ਕੇ ਜਾਵਾਂ?”
ਇਸ ਬਾਰੇ ਸੋਚਦਿਾ ਹੀ ਮੈਂ ਸਾਹ ਸਤ ਹੀਣ ਹੋ ਜਾਂਦਾ ਹਾਂ।
ਪਿਛਲੇ ਘਰਾਂ ਵਿਚ ਕੁਕੜ ਬਾਂਗ ਦੇ
ਰਿਹਾ ਹੈ।
ਪਰ ਮੈਨੂੰ ਲਗ ਨਹੀਂ ਰਿਹਾ ਕਿ
ਦਿਨ ਹੁਣ ਚੜਨ ਹੀ ਵਾਲਾ ਹੈ, ਕਿਉਂਕਿ ਅਜ ਕਲ ਤਾਂ ਕੁਕੜ ਦਿਨ ਛਿਪਦਿਆਂ ਹੀ ਬਾਗਾਂ ਦੇਣ
ਲਗ ਪੈਂਦੇ ਹਨ।
ਜਕੜਿਆ
ਜਿਹਾ ਪਿਆ ਮੈਂ ਚਾਦਰ ਨਾਲ ਮੂੰਹ ਢਕ ਲੈਂਦਾ ਹਾਂ, ਜਿਵੇਂ ਇਸ ਤੋਂ ਬਿਨਾਂ ਹੋਰ ਕੋਈ
ਚਾਰਾ ਹੀ ਨਾ ਰਹਿ ਗਿਆ ਹੋਵੇ। |