ਟੰਡਨ
ਨੂੰ ਮਿਸੇਜ਼ ਸਿੰਘ ਦੇ ਸਾਹਮਣੇ ਮਕਾਨ ਲਿਆਂ ਤਕਰੀਬਨ ਦੋ ਸਾਲ ਹੋ ਚੱਲੇ ਸਨ।
ਸ਼ਾਦੀ–ਸ਼ੁਦਾ
ਅਤੇ ਦੋ ਬੱਚਿਆਂ ਦਾ ਬਾਪ ਟੰਡਨ,
ਮਿਸਜ਼ ਸਿੰਘ ਨਾਲ ਕਈ ਵਾਰ ਗੱਲ
ਕਰਨ ਲਈ ਅਹੁਲਦਾ,
ਪਰ ਮਿਸੇਜ਼ ਸਿੰਘ
‘ਹੈਲੋ'
ਕਹਿ ਕੇ ਹੀ ਅੱਗੇ ਲੰਘ
ਜਾਂਦੀ।
ਟੰਡਨ ਕਈ ਵਾਰ ਘੋਰ ਹੈਰਾਨ ਹੁੰਦਾ
ਕਿ ਮਿਸੇਜ਼ ਸਿੰਘ ਉਸ ਨਾਲ ਗੱਲ ਕਰਨ ਤੋਂ ਕਿਉਂ ਕਤਰਾਉਂਦੀ ਸੀ?
ਜਾਂ ਫਿਰ ਉਸ ਨੂੰ
ਇੰਡੀਅਨ ਲੋਕਾਂ ਨਾਲ ਕੋਈ ਖਾਸ ਚਿੜ ਸੀ?
ਟੰਡਨ ਘਰ ਆ ਕੇ ਕਈ ਵਾਰ ਆਪਣੀ
ਪਤਨੀ ਆਸ਼ਾ ਨਾਲ ਇਸ ਬਾਰੇ ਗੱਲ ਕਰਦਾ ਤਾਂ ਆਸ਼ਾ ਇਕੋ ਗੱਲ
'ਚ
ਹੀ ਟੰਡਨ ਨੂੰ ਖੂੰਜੇ ਲਾ ਦਿੰਦੀ,‘‘ਤੁਸੀਂ
ਮਿਸੇਜ਼ ਸਿੰਘ ਨਾਲ ਗੱਲ ਕਰਕੇ ਕੀ ਲੈਣੇ?
ਐਹੋ ਜਿਹੇ ਕਿਹੜੇ ਦੁੱਖ ਐ ਜਿਹੜੇ
ਮਿਸੇਜ਼ ਸਿੰਘ ਤੋਂ ਬਿਨ੍ਹਾਂ ਕਿਸੇ ਹੋਰ ਨਾਲ ਨਹੀਂ ਫਰੋਲੇ ਜਾ ਸਕਦੇ?
ਸਕੂਲ ਆਲੀਆਂ ਗੱਲਾਂ ਹੁਣ
ਤੁਸੀਂ ਛੱਡ ਦਿਓ–ਬਥੇਰ੍ਹੀ
ਉਮਰ ਹੋ ਗਈ ਹੁਣ!''
ਟੰਡਨ
ਮੋਗੇ ਦੇ ਕਿਸੇ ਪ੍ਰਾਈਵੇਟ ਸਕੂਲ ਵਿਚ ਪ੍ਰਿੰਸੀਪਲ ਰਹਿ ਚੁੱਕਾ ਸੀ।
ਟੀਚਰ ਔਰਤਾਂ ਨਾਲ ਠਰਕ
ਭੋਰਨਾਂ ਉਸ ਦੀ ਬੁਰੀ ਆਦਤ ਸੀ।
ਹੁਣ ਤਕਰੀਬਨ ਬਾਈ ਸਾਲ
ਤੋਂ ਆਸਟਰੀਆ ਵਿਚ ਸ਼ਾਹੀ ਠਾਠ ਨਾਲ ਰਹਿ ਰਿਹਾ ਸੀ।
ਇਕ ਲੜਕਾ ਅਤੇ ਲੜਕੀ
ਟੰਡਨ ਨੇ ਕੋਰਸ ਕਰਨ ਲਈ ਆਪਣੇ ਸਾਲੇ ਕੋਲ ਅਮਰੀਕਾ ਭੇਜ ਦਿਤੇ ਸਨ ਅਤੇ ਮੀਆਂ–ਬੀਵੀ
ਆਪ ਬੜੀ ਬੇਫਿਕਰੀ ਜ਼ਿੰਦਗੀ ਬਸਰ ਕਰ ਰਹੇ ਸਨ।
‘‘ਤੈਨੂੰ ਤਾਂ ਬੱਸ ਇਕੋ
ਗੱਲ ਮਿਲੀ ਹੋਈ ਐ,
ਸਕੂਲ ਆਲੀ,
ਜਦੋਂ ਮੇਰੀ ਤਹਿ ਲਾਉਣੀ
ਹੋਵੇ ਬੱਸ ਦਾਗ ਦਿੰਨੀ ਐਂ।''
ਟੰਡਨ ਨੇ ਆਪਣਾ ਗੰਜ
ਪਲੋਸਦਿਆਂ ਪਤਨੀ ਤੇ ਗਿਲਾ ਕੀਤਾ।
ਟੰਡਨ ਜਾਤ ਦਾ ਤਾਂ
ਬਾਣੀਆਂ ਸੀ ਪੰਜਾਬੀ ਜੱਟਾਂ ਵਾਲੀ ਬੋਲਦਾ ਸੀ।
‘‘ਤੇ ਹੋਰ ਕੀ ਐ?
ਅਗਲੇ ਮਹੀਨੇ ਥੋਨੂੰ
ਪੈਂਹਟਵਾਂ ਸਾਲ ਸ਼ੁਰੂ ਹੋ ਜਾਣੈ–ਮਾੜੀ–ਮੋਟੀ
ਉਮਰ ਦਾ ਹੀ ਖਿਆਲ ਕਰਿਆ ਕਰੋ।''
‘‘ਆਸ਼ਾ ਤੂੰ ਤਾਂ
ਬਦਮਗਜ਼ ਐਂ?
ਮੈਂ ਤਾਂ ਇਹ ਸੋਚਦਾ ਰਹਿੰਨੈਂ ਬਈ
ਇਹ ਬਲੱਡੀ ਮੇਮ,
ਮਿਸੇਜ਼ ਸਿੰਘ ਹੋ ਕੇ ਵੀ ਸਾਲੀ
ਸਾਡੇ ਨਾਲ ਗੱਲ ਕਿਉਂ ਨਹੀਂ ਕਰਦੀ?
ਅਸੀਂ ਕੋਈ ਲੁੱਚੇ ਲੰਡੇ ਐਂ?''
‘‘ਅਗਲੀ ਦੀ ਕੋਈ
ਮਜ਼ਬੂਰੀ ਹੋਊ!''
ਗੁੱਸੇ
'ਚ
ਆ ਕੇ ਟੰਡਨ ਨੇ ਇਕ ਗਾਲ੍ਹ ਮਿਸੇਜ਼ ਸਿੰਘ ਨੂੰ ਕੱਢੀ ਅਤੇ ਇਕ ਆਸ਼ਾ ਨੂੰ,
ਫਿਰ ਫਰਿੱਜ ਖੋਲ੍ਹ ਕੇ
ਟੰਡਨ ਨੇ ਬੀਅਰ ਕੱਢ ਲਈ।
ਟੀ.ਵੀ.
ਛੱਡ ਕੇ ਉਹ ਸੋਫੇ
'ਤੇ
ਬੈਠ ਗਿਆ।
ਆਸ਼ਾ,ਟੰਡਨ
ਲਈ ਮੇਜ਼ 'ਤੇ
ਨਮਕੀਨ ਰੱਖ ਗਈ।
ਟੰਡਨ ਤੋਂ ਗਾਲ੍ਹਾਂ
ਲੈਣੀਆਂ ਆਸ਼ਾ ਦੀ ਇਕ ਤਰ੍ਹਾਂ ਨਾਲ ਆਦਤ ਜਿਹੀ ਬਣ ਗਈ ਸੀ।
ਉਸ ਨੂੰ ਉਸ ਦੀ ਗਾਲ੍ਹ
ਦਾ ਕਦੇ ਗੁੱਸਾ ਹੀ ਨਹੀਂ ਆਉਂਦਾ ਸੀ।
ਆਸ਼ਾ,
ਟੰਡਨ ਨਾਲ ਇਕੋ ਸਕੂਲ
ਵਿਚ ਪੜ੍ਹਾਉਂਦੀ ਰਹੀ ਸੀ।
ਟੰਡਨ ਪ੍ਰਿੰਸੀਪਲ ਸੀ
ਅਤੇ ਆਸ਼ਾ ਇਕ ਸਾਧਾਰਨ ਅਧਿਆਪਿਕਾ ਸੀ।
ਦੋਹਾਂ ਦਾ
‘ਪ੍ਰੇਮ
ਵਿਆਹ'
ਹੋਇਆ ਸੀ।
ਕਦੇ–ਕਦੇ
ਟੰਡਨ ਆਸ਼ਾ ਨੂੰ ਟੀਚਰਾਂ ਸਾਹਮਣੇ ਵੀ ਗਾਲ੍ਹ ਕੱਢ ਦਿੰਦਾ।
ਪਰ ਆਸ਼ਾ ਹੱਸ ਕੇ ਹੀ
ਟਾਲ ਦਿੰਦੀ,‘‘ਇਨ੍ਹਾਂ
ਦਾ ਤਾਂ ਸੁਭਾਅ ਈ ਇਹੋ ਜਿਐ।''
ਮਾਂ ਦੀ ਧੀ ਕਦੇ ਗੁੱਸਾ
ਨਾ ਕਰਦੀ।
ਬੀਅਰ
ਪੀਂਦਾ ਟੰਡਨ ਮਿਸੇਜ਼ ਸਿੰਘ ਬਾਰੇ ਹੀ ਸੋਚੀ ਜਾ ਰਿਹਾ ਸੀ।
ਮਿਸੇਜ਼
ਸਿੰਘ ਇਕ ਆਸਟਰੀਅਨ ਗੋਰੀ ਸੀ।
ਉਸ ਦਾ ਪੂਰਾ ਨਾਂ
ਕਲਾਉਡੀਆ ਸਿੰਘ ਸੀ।
ਬੜੀ ਹੱਸਮੁੱਖ ਗੋਰੀ।
ਗੁਆਂਢੀ ਗੋਰਿਆਂ ਨਾਲ ਉਹ
ਬੜੀਆਂ ਹੱਸ–ਹੱਸ
ਗੱਲਾਂ ਕਰਦੀ।
ਪਰ ਟੰਡਨ ਨੂੰ ਦੇਖ ਕੇ ਉਹ
ਖਾਮੋਸ਼ ਹੋ ਅੰਦਰ ਵੜ ਜਾਂਦੀ।
ਟੰਡਨ ਦੀ ਹਿੱਕ
'ਤੇ
ਸੱਪ ਲਿੱਟਣ ਲੱਗ ਜਾਂਦਾ।
ਪਤਾ ਨਹੀਂ ਕਿਉਂ?
ਟੰਡਨ ਸੋਚਦਾ ਰਹਿੰਦਾ।
ਸੋਚਦੇ–ਸੋਚਦੇ
ਉਸ ਦੇ ਕੰਨਾਂ ਵਿਚ ਪ੍ਰੈੱਸ਼ਰ ਕੁੱਕਰ ਵਾਂਗ ਸੀਟੀਆਂ ਵੱਜਣੀਆਂ ਸ਼ੁਰੂ ਹੋ ਜਾਂਦੀਆਂ।
ਫਿਰ ਉਹ ਸੋਚਣਾ ਛੱਡ
ਫਰਿਜ 'ਚੋਂ
ਬੀਅਰ ਕੱਢ ਕੇ ਪੀਣ ਲੱਗ ਜਾਂਦਾ ਜਾਂ ਫਿਰ ਟੀ•ਵੀ•
ਛੱਡ ਕੇ ਬੈਠ ਜਾਂਦਾ।
‘‘ਲੈ ਬਈ ਆਸਿ਼ਆ ਐਤਕੀਂ
ਆਪਾਂ ਮਿਸੇਜ਼ ਸਿੰਘ ਨੂੰ ਕ੍ਰਿਮਸਿਮ 'ਤੇ
ਇਨਵਾਈਟ ਕਰਨੈਂ।''
ਟੰਡਨ ਨੇ ਬੀਅਰ ਦਾ
ਗਿਲਾਸ ਖਾਲੀ ਕਰਦਿਆਂ ਕਿਹਾ।
ਅੱਜ ਉਹ ਪਤਾ ਨਹੀਂ
ਕਿਹੜੀ ਖੁਸ਼ੀ ਵਿਚ ਛੇ ਬੀਅਰਾਂ ‘ਸੜ੍ਹਾਕ'
ਗਿਆ ਸੀ।
ਜਦੋਂ ਉਹ ਸ਼ਰਾਬੀ ਹੁੰਦਾ
ਤਾਂ ਆਪਣੀ ਪਤਨੀ ਆਸ਼ਾ ਨੂੰ ‘ਆਸਿ਼ਆ'
ਕਰ ਕੇ ਹੀ ਬੁਲਾਉਂਦਾ।
‘‘ਕਰ ਦਿਓ ਮੈਨੂੰ ਕੋਈ
ਇਤਰਾਜ ਨਹੀਂ।''
ਆਸ਼ਾ ਬਹੁਤ ਦਿਲਦਾਰ ਔਰਤ
ਸੀ ਪਰ ਉਸਨੂੰ ਇਹ ਵੀ ਪਤਾ ਸੀ ਕਿ ਟੰਡਨ ਸਿਰਫ ਠਰਕ ਭੋਰਨ ਤਕ ਹੀ ਸੀਮਤ ਰਹਿੰਦਾ ਸੀ।
‘‘ਆਸਿ਼ਆ–ਮੈਨੂੰ
ਗਲਤ ਨਾ ਸਮਝ ਮੈਂ ਤਾਂ ਸਿਰਫ ਇਹੀ ਲੱਭਣੈਂ ਬਈ ਉਹਦੇ ਮਨ
'ਚ
ਇੰਡੀਅਨ ਲੋਕਾਂ ਲਈ ਘ੍ਰਿਣਾ ਕਿਉਂ ਐਂ?
ਆਸਿ਼ਆ ਮੈਂ ਤੇਰਾ ਸੀ,
ਤੇਰਾ ਹਾਂ ਅਤੇ ਤੇਰਾ ਹੀ
ਰਹੂੰਗਾ–
ਮੈਨੂੰ ਗਲਤ ਨਾ ਸਮਝ ਆਸਿ਼ਆ।
ਆ ਜਾਹ ਮੇਰੇ ਕੋਲ ਆਜਾ।''
ਉਸ ਸ਼ਰਾਬੀ ਹੋਏ ਨੇ
ਮਗਜ਼ਮਾਰੀ ਸ਼ੁਰੂ ਕਰ ਦਿੱਤੀ।
‘‘ਕੀ ਲੱਛਣ ਜਹੇ ਕਰੀ
ਜਾਂਦੇ ਐ,
ਧੌਲੀ ਦਾੜ੍ਹੀ ਮੂੰਹ
'ਤੇ
ਐ।''
‘‘ਦਾੜ੍ਹੀ ਈ ਧੌਲੀ ਐ
ਆਸਿ਼ਆ,
ਪਰ ਦਿਲ ਅਜੇ ਜਵਾਨ ਐ,
ਤੂੰ ਮੈਨੂੰ ਗਲਤ ਨਾ ਸਮਝ
ਆਸਿ਼ਆ,
ਆ ਜਾਹ ਮੇਰੀ ਬੁੱਕਲ
'ਚ
ਬਹਿ ਜਾ।''
‘‘ਤੁਸੀਂ ਬੁੱਢੇ ਹੋ ਗਏ
ਪਰ ਅਕਲ ਨਾ ਆਈ।''
‘‘ਆਸਿ਼ਆ–ਮੈਂ
ਬੁੱਢਾ ਨਹੀਂ ਏਨਸ਼ੈਂਟ ਐਂ।''
"ਮੈਂ
ਏਨਸ਼ੈਂਟ ਐਂ ਆਸ਼ਿਆ ਬੁੱਢਾ ਨਹੀਂ,
ਚੰਗਾ ਉਰ੍ਹੇ ਆ!"
‘‘•••••।''
ਆਸ਼ਾ ਚੁੱਪ ਸੀ।
ਰਸੋਈ ਵਿਚ ਕੁਝ ਬਣਾ ਰਹੀ
ਸੀ।
‘‘ਮੈਨੂੰ ਗਲਤ ਨਾ ਸਮਝ
ਆਸਿ਼ਆ!''
ਕਰਦਾ–ਕਰਦਾ
ਟੰਡਨ ਸੌਂ ਗਿਆ।
ਡਰਾਇੰਗ ਰੂਮ ਵਿਚ ਸੋਫੇ
'ਤੇ
ਹੀ ਪਿਆ ਉਹ ਘੁਰਾੜੇ ਮਾਰੀ ਜਾ ਰਿਹਾ ਸੀ।
ਆਸ਼ਾ ਨੇ ਆ ਕੇ ਟੀ•ਵੀ•
ਬੰਦ ਕੀਤਾ ਅਤੇ ਉਸ
'ਤੇ
ਕੰਬਲ ਦੇ ਦਿੱਤਾ।
ਟੰਡਨ ਸਾਹ ਲੈਣ ਲੱਗਿਆ
ਵੱਡਾ ਸਾਰਾ ਘੁਰਾੜਾ ਮਾਰਦਾ ਅਤੇ ਸਾਹ ਛੱਡਦਾ ਹੋਇਆ,
ਬੁੱਲ੍ਹਾਂ ਨਾਲ ਘੋੜੇ
ਵਾਂਗ ਫਰਾਟਾ ਜਿਹਾ ਮਾਰਦਾ ਸੀ।
ਉਸ
ਨੂੰ ਸੁੱਤਾ ਦੇਖ ਕੇ ਆਸ਼ਾ ਨਹਾਉਣ ਚਲੀ ਗਈ।
ਜਦ ਉਹ ਨਹਾ ਕੇ ਮੁੜੀ
ਤਾਂ ਟੰਡਨ ਸੁੱਤਾ ਪਿਆ ਹੀ ਹੱਸੀ ਜਾ ਰਿਹਾ ਸੀ,
ਜਿਵੇਂ ਉਸ ਦੇ ਕੋਈ
ਕੁੱਤਕੁਤੀਆਂ ਕੱਢਦਾ ਹੋਵੇ।
ਆਸ਼ਾ ਨੇ ਉਸ ਨੂੰ ਜ਼ੋਰ
ਦੀ ਹਲੂਣਿਆਂ ਤਾਂ ਉਸ ਨੇ ਹੱਸਣਾ ਛੱਡ,
ਦੰਦ ਕਿਰਚਣੇ ਸ਼ੁਰੂ ਕਰ ਦਿਤੇ।
ਘੁਰਾੜੇ ਫਿਰ ਸ਼ੁਰੂ ਹੋ
ਗਏ।
ਆਸ਼ਾ ਕੱਪੜੇ ਬਦਲਣ ਚਲੀ ਗਈ।
ਅਗਲੇ ਦਿਨ ਕਾਫੀ ਬਰਫ ਪੈ ਰਹੀ ਸੀ।
ਟੰਡਨ ਸ਼ਾਪਿੰਗ ਕਰਨ ਤੁਰ
ਪਿਆ।
ਕਾਰ ਪਾਰਕਿੰਗ ਵਿਚ ਆਇਆ ਤਾਂ ਉਸ
ਦੀ ਕਾਰ ਬਰਫ਼ ਨਾਲ ਲੱਦੀ ਪਈ ਸੀ।
ਉਸ ਨੇ ਬੁਰਸ਼ ਲੈ ਕੇ
ਕਾਰ ਤੋਂ ਬਰਫ਼ ਲਾਹੁਣੀ ਸ਼ੁਰੂ ਕਰ ਦਿਤੀ।
ਬਰਫ਼
ਲਾਹ ਕੇ ਜਦ ਉਸ ਨੇ ਆਪਣੀ ਕਾਰ ਸਟਾਰਟ ਕੀਤੀ ਤਾਂ ਸਾਹਮਣਿਓਂ ਉਸ ਨੂੰ
‘ਘਿਰ–ਘਿਰ'
ਦੀ ਆਵਾਜ਼ ਸੁਣਾਈ ਦਿਤੀ।
ਉਸ ਨੇ ਬੜੀ ਗਹੁ ਨਾਲ
ਦੇਖਿਆ ਕਿ ਮਿਸੇਜ਼ ਸਿੰਘ ਦੀ ਕਾਰ ਠੰਢ ਕਾਰਨ ਸਟਾਰਟ ਨਹੀਂ ਹੋ ਰਹੀ ਸੀ।
ਉਹ ਆਪਣੀ ਕਾਰ ਬੰਦ ਕਰਕੇ
ਮਿਸੇਜ਼ ਸਿੰਘ ਦੀ ਕਾਰ ਕੋਲ ਗਿਆ।
ਬਿੱਲੀ ਦੇ ਭਾਗੀਂ ਮਸਾਂ
ਹੀ ਛਿੱਕਾ ਟੁੱਟਿਆ ਸੀ।
ਅੱਜ ਮਸਾਂ ਹੀ ਟੰਡਨ ਨੂੰ
ਉਸ ਨਾਲ ਗੱਲ ਕਰਨ ਦਾ ਮੌਕਾ ਮਿਲਿਆ ਸੀ।
‘‘ਕੀ ਮੈਂ ਤੁਹਾਡੀ
ਮੱਦਦ ਕਰ ਸਕਦੈਂ,
ਮਿਸੇਜ਼ ਸਿੰਘ?''
ਉਸ ਨੇ ਆਪਣੀਆਂ ਸੇਵਾਵਾਂ
ਪੇਸ਼ ਕੀਤੀਆਂ।
‘‘ਬਹੁਤ ਮਿਹਰਬਾਨੀ
ਹੋਵੇਗੀ–ਮਿਸਟਰ
ਟੰਡਨ।''
ਉਸ ਦੇ ਨਾਂ ਲੈਣ
'ਤੇ
ਉਹ ਚੌਂਕਿਆ।
‘‘ਤੁਸੀਂ ਮੇਰਾ ਨਾ
ਜਾਣਦੇ ਹੋ?''
‘‘ਕਿਉਂ ਨਹੀਂ?''
ਉਹ ਮੁਸਕਰਾਈ।
‘‘ਐਤਕੀਂ ਠੰਡ ਬਹੁਤ ਪੈ
ਰਹੀ ਹੈ।''
ਟੰਡਨ ਨੂੰ ਕੋਈ ਟਿਕਾਣੇ
ਦੀ ਗੱਲ ਨਾ ਸੁੱਝੀ।
‘‘ਤਾਂ ਹੀ ਤਾਂ ਕਾਰਾਂ
ਨਹੀਂ ਸਟਾਰਟ ਹੋ ਰਹੀਆਂ,
ਬੈਟਰੀਆਂ ਡਾਊਨ ਨੇ।''
ਮਿਸਜ਼ ਸਿੰਘ ਨੇ ਕਿਹਾ।
‘‘ਬੈਟਰੀ ਤਾਂ ਤੂੰ
ਸਹੁਰੀਏ ਅੱਜ ਮੇਰੀ ਡਾਊਨ ਕਰਤੀ।''
ਟੰਡਨ ਨੇ ਮਨ
'ਚ
ਹੀ ਆਖਿਆ।
‘‘ਕੀ ਤੁਹਾਡੇ ਪਾਸ
ਤਾਰਾਂ ਹਨ?''
‘‘ਹਾਂ ਕਿਉਂ ਨਹੀਂ,
ਤੁਸੀਂ ਇੰਜਣ ਦਾ ਟਾਅਪਾ
ਖੋਲ੍ਹੋ,
ਮੈਂ ਆਪਣੀ ਕਾਰ ਲੈ ਕੇ ਆਇਆ।''
ਬੈਟਰੀ ਨਾਲ ਬੈਟਰੀ ਦੀਆਂ ਤਾਰਾਂ
ਜੋੜ ਕੇ ਟੰਡਨ ਨੇ ਉਸ ਦੀ ਕਾਰ ਸਟਾਰਟ ਕਰਵਾ ਦਿੱਤੀ।
ਮਿਸਜ਼ ਸਿੰਘ ਨੇ
ਮੁਸਕਰਾਹਟ ਦੇ ਕੇ ‘ਧੰਨਵਾਦ'
ਆਖਿਆ।
ਟੰਡਨ ਦੀਆਂ ਬਾਛਾਂ
ਖਿੱਲਰ ਗਈਆਂ।
ਚੱਪਣਾਂ ਵਰਗੇ ਬੁੱਲ੍ਹ ਫੈਲਰ ਗਏ।
‘‘ਮੁਆਫ ਕਰਨਾ ਮਿਸਜ਼
ਸਿੰਘ–ਮੈਂ
ਤੁਹਾਡੇ ਨਾਲ ਇਕ ਗੱਲ ਕਰਨੀ ਹੈ।''
‘‘ਪਰ ਸੰਖੇਪ! ਕਿਉਂਕਿ
ਮੇਰੇ ਪਾਸ ਬਹੁਤਾ ਟਾਈਮ ਨਹੀਂ ਹੈ।''
‘‘ਮੈਂ ਤਾਂ ਤੁਹਾਨੂੰ
ਸਿਰਫ ਇਹੀ ਪੁੱਛਣਾ ਚਾਹੁੰਨੈੈ ਕਿ ਤੁਸੀਂ ਮਿਸਜ਼ ਸਿੰਘ ਹੋ ਕੇ ਵੀ ਸਾਡੇ ਨਾਲ ਗੱਲ
ਨਹੀਂ ਕਰਦੇ,
ਕੀ ਕਾਰਨ ਹੈ?''
ਸਤਿਕਾਰ ਨਾਲ ਉਹ ਲਿਫਿ਼ਆ
ਖੜ੍ਹਾ ਸੀ।
‘‘ਲੰਬੀ ਕਹਾਣੀ ਹੈ
ਮਿਸਟਰ ਟੰਡਨ–ਕਦੇ
ਵਿਹਲੇ ਟਾਈਮ ਦੱਸਾਂਗੀ।''
ਉਸ ਪਿੱਛਾ ਛੁਡਾਉਂਦਿਆਂ
ਕਿਹਾ।
‘‘ਠੀਕ ਹੈ ਪਰ ਇਕ ਗੱਲ
ਯਾਦ ਰੱਖਣਾ ਮਿਸਜ਼ ਸਿੰਘ ਕਿ ਸਾਰੀ ਦੁਨੀਆ ਇਕੋ ਜਿਹੀ ਨਹੀਂ ਹੁੰਦੀ,
ਇਸ ਸੰਸਾਰ ਵਿਚ ਬੁਰੇ
ਆਦਮੀ ਵੀ ਬਹੁਤ ਹਨ,
ਪਰ ਚੰਗੇ ਇਨਸਾਨਾਂ ਦਾ ਵੀ ਕਾਲ
ਨਹੀਂ ਪਿਆ।''
‘‘ਮੈਂ ਅੱਧੀ ਸਦੀ ਦਾ
ਸਫਰ ਤੈਅ ਕਰ ਲਿਆ ਹੈ ਤੇ ਜਿੰਦਗੀ ਦੀਆਂ ਕੁੜੱਤਣਾਂ ਤੋਂ ਸਬਕ ਲੈ ਕੇ ਕੁੰਦਨ ਬਣ ਚੁੱਕੀ
ਹਾਂ।''
‘‘ਹਾਸੇ ਅਤੇ ਹਾਦਸਿਆਂ
ਦਾ ਨਾਂ ਜ਼ਿੰੰਦਗੀ ਹੈ ਮਿਸਜ਼ ਸਿੰਘ,
ਕਈ ਵਾਰ ਕੋਈ ਐਸਾ ਹਾਦਸਾ ਵਾਪਰਦਾ
ਹੈ ਕਿ ਸਾਰੀ ਜ਼ਿੰਦਗੀ ਨਾਸੂਰ ਵਾਂਗ ਦੁੱਖ ਦਿੰਦੈ,
ਉਸ ਤੋਂ ਆਦਮੀ ਚਾਹੁੰਦਾ
ਹੋਇਆ ਵੀ ਛੁਟਕਾਰਾ ਨਹੀਂ ਪਾ ਸਕਦਾ,
ਪਰ ਜਿੰਨਾ ਚਿਰ ਇਨਸਾਨ ਆਪਣਾ
ਦੁੱਖ ਕਿਸੇ ਕੋਲ ਰੋਂਦਾ ਨਹੀਂ,
ਉਸ ਦੀ ਮਾਨਸਿਕ ਦਸ਼ਾ ਸਾਅਵੀਂ
ਨਹੀਂ ਹੁੰਦੀ।''
‘‘ਬਿਲਕੁਲ ਦਰੁਸਤ ਹੈ।''
‘‘ਮਿਸਜ਼ ਸਿੰਘ,
ਤੁਸੀਂ ਅੱਜ ਸ਼ਾਮ ਸਾਡੇ
ਘਰ ਆਓ,
ਬੈਠ ਕੇ ਗੱਲਾਂ ਬਾਤਾਂ ਕਰਾਂਗੇ।''
‘‘ਠੀਕ ਹੈ,
ਮੈਂ ਸ਼ਾਮ ਨੂੰ ਪੂਰੇ
ਚਾਰ ਵਜੇ ਤੁਹਾਡੇ ਘਰ ਆਵਾਂਗੀ।''
ਤੇ ਉਸ ਦੀ ਕਾਰ ਤੁਰ ਗਈ।
‘‘ਅਸੀਂ ਤਾਂ ਕਿੱਕਰ ਤੋਂ
ਕਾਟੋਂ ਲਾਹ ਲਈਏ,
ਤੂੰ ਸਹੁਰੀਏ ਕਿਹੜੇ ਬਾਗ ਦੀ
ਮੂਲੀ ਐਂ?''
ਟੰਡਨ ਆਪਣੀ ਜਿੱਤ
'ਤੇ
ਥਾਪਿਆਂ ਮਾਰ ਰਿਹਾ ਸੀ।
ਜਿਹੜੇ ਬੇਰ ਨੂੰ ਉਹ
ਰੋੜੇ ਮਾਰ ਮਾਰ ਹੰਭ ਗਿਆ ਸੀ,
ਉਹ ਤਾਂ ਅਚਾਨਕ ਹੀ ਉਸ ਦੀ ਝੋਲੀ
ਵਿਚ ਆ ਡਿੱਗਿਆ ਸੀ।
ਸ਼ਾਮ
ਦੇ ਪੂਰੇ ਚਾਰ ਵਜੇ ਦਰਵਾਜ਼ੇ ਦੀ ਘੰਟੀ ਵੱਜੀ,
ਖੁਸ਼ੀ ਟੰਡਨ ਦੀਆਂ ਕੱਛਾਂ ਵਿਚੋਂ
ਦੀ ਡੁੱਲ੍ਹਣ ਲੱਗ ਪਈ।
ਗੰਜ ਦੇ ਚਾਰ ਕੁ ਵਾਲ
ਕੰਡੇਰਨੇ ਵਾਂਗ ਖੜ੍ਹੇ ਹੋ ਗਏ।
ਉਸ ਨੇ ਦਰਵਾਜ਼ਾ ਖੋਲ੍ਹਿਆ।
ਹੱਥ ਵਿਚ ਫੁੱਲਾਂ ਦਾ ਗੁਲਦਸਤਾ
ਫੜੀ,
ਮੁਸਕਰਾਹਟ ਬਿਖੇਰਦੀ ਮਿਸਜ਼ ਸਿੰਘ
ਅੰਦਰ ਲੰਘ ਆਈ।
ਟੰਡਨ ਅਤੇ ਆਸ਼ਾ ਨੇ ਉਸ ਦਾ
ਭਰਪੂਰ ਸਵਾਗਤ ਕੀਤਾ।
ਗੱਲਾਂ ਬਾਤਾਂ ਕੀਤੀਆਂ,
ਚਾਹ ਪੀਤੀ ਗਈ ਪਰ ਟੰਡਨ
ਬੀਅਰ ਪੀ ਰਿਹਾ ਸੀ।
ਉਸ ਦੇ ਵਾਰ–ਵਾਰ
ਪੁੱਛਣ 'ਤੇ
ਵੀ ਮਿਸਜ਼ ਸਿੰਘ ਨੇ ਆਪਣਾ ਰਹੱਸ ਨਾ ਦੱਸਿਆ।
ਜਦ ਟੰਡਨ ਨੇ ਜ਼ਿਦ ਫੜ
ਲਈ ਤਾਂ ਮਿਸਜ਼ ਸਿੰਘ ਨੇ ਕਿਹਾ,‘‘ਪਰਸੋਂ
ਕ੍ਰਿਸਮਿਸ ਹੈ,
ਤੁਸੀਂ ਮੇਰੇ ਘਰ ਆਓ,
ਫਿਰ ਸਭ ਕੁਝ ਦੱਸਾਂਗੀ।''
ਤੇ ਉਹ ਸ਼ੁਕਰੀਆ ਅਦਾ ਕਰ
ਕੇ ਚਲੀ ਗਈ।
ਟੰਡਨ ਨੂੰ ਰਹਿੰਦੇ ਦੋ ਦਿਨ ਪਹਾੜ
ਬਣ ਗਏ।
ਬੀਅਰ ਪੀ–ਪੀ
ਕੇ ਉਸ ਨੇ ਵਕਤ ਧੱਕਿਆ।
ਅਖੀਰ ਕ੍ਰਿਸਮਿਸ ਦਾ ਦਿਨ
ਆ ਗਿਆ।
ਆਸ਼ਾ ਅਤੇ ਟੰਡਨ ਸ਼ਾਮ ਨੂੰ
ਮਿਸਜ਼ ਸਿੰਘ ਦੇ ਘਰ ਪਹੁੰਚ ਗਏ।
‘‘ਮੈਰੀ
ਕ੍ਰਿਸਮਿਸ" ਕਹਿਣ ਤੋਂ ਬਾਅਦ ਰਸਮੀ ਗੱਲਾਂ ਤੁਰ ਪਈਆਂ।
‘ਕ੍ਰਿਸਮਿਸ-ਟ੍ਰੀ'
ਨੂੰ ਮਿਸਜ਼ ਸਿੰਘ ਨੇ
ਬੜੇ ਹੀ ਸਲੀਕੇ ਨਾਲ ਸਜ਼ਾਇਆ ਸੀ।
ਖਾਣ–ਪੀਣ
ਦਾ ਉਸ ਨੇ ਸਾਰਾ ਪ੍ਰਬੰਧ ਕੀਤਾ ਹੋਇਆ ਸੀ।
ਆਸ਼ਾ ਲਈ ਜੂਸ,
ਟੰਡਨ ਲਈ ਬੀਅਰ ਅਤੇ
ਆਪਣੇ ਲਈ ਰੈੱਡ-ਵਾਈਨ।
ਪੈਂਦੀ
ਸੱਟੇ ਹੀ ਟੰਡਨ ਨੇ ਤਿੰਨ ਬੀਅਰਾਂ ਖਾਲੀ ਕਰ ਦਿੱਤੀਆਂ ਅਤੇ ਚੌਥੀ ਨੂੰ ਵਾਢਾ ਧਰ ਲਿਆ
ਸੀ।
ਸਿੰਘ ਹੌਲੀ–ਹੌਲੀ
ਵਾਈਨ ਪੀ ਰਹੀ ਸੀ ਅਤੇ ਆਸ਼ਾ ਜੂਸ।
‘‘ਮਿਸਜ਼ ਸਿੰਘ ਅੱਜ ਮੈਂ
ਤੁਹਾਡੀ ਕਹਾਣੀ ਸੁਣ ਕੇ ਹੀ ਰਹਾਂਗਾ।''
ਟੰਡਨ ਨੇ ਆਪਣੇ ਗੰਜ ਨੂੰ
ਸਾਰਾ ਜ਼ੋਰ ਲਾ ਕੇ ਖੁਰਕਿਆ ਨਹੀਂ,
ਸਗੋਂ ਝਰ੍ਹੀਟਿਆ ਸੀ।
‘‘ਲਓ ਹੁਣੇ ਸੁਣੋ।''
ਉਸ ਨੂੰ ਵਾਈਨ ਦੀ ਬੋਤਲ
ਖਤਮ ਕਰਕੇ ਦੂਜੀ ਖੋਹਲ ਲਈ।
ਨਸ਼ਾ ਉਸ ਦੀਆਂ ਅੱਖਾਂ
ਵਿਚ ਵੀ ਡੋਲਣ ਲੱਗ ਪਿਆ ਸੀ।
‘‘ਇਕ ਪੰਜਾਬ ਦਾ ਮੁੰਡਾ
ਸੀ ਸਿੰਘ,
ਪੂਰਾ ਨਾਂ ਉਸ ਦਾ ਜਸਬੀਰ ਸਿੰਘ
ਸੀ,
ਕੰਮ
'ਤੇ
ਜਾਣ ਲੱਗੀ,
ਜਿਥੋਂ ਮੈਂ ਬੱਸ ਫੜਦੀ ਸੀ,
ਉਥੇ ਉਹ ਅਖ਼ਬਾਰਾਂ
ਵੇਚਿਆ ਕਰਦਾ ਸੀ,
ਪਹਿਲਾਂ ਪਹਿਲ ਮੈਂ ਉਸ ਤੋਂ ਹਰ
ਰੋਜ਼ ਅਖ਼ਬਾਰ ਖਰੀਦਿਆ ਕਰਦੀ ਸੀ,
ਕਦੇ–ਕਦੇ
ਜਦੋਂ ਮੇਰੇ ਕੋਲ ਟੁੱਟੇ ਪੈਸੇ ਨਾ ਹੁੰਦੇ ਤਾਂ ਉਹ ਮੈਨੂੰ ਮੁਫ਼ਤ ਅਖ਼ਬਾਰ ਵੀ ਦੇ
ਦਿੰਦਾ ਜਾਂ ਫਿਰ ਅਗਲੇ ਦਿਨ ਮੈਂ ਦੋ ਅਖਬਾਰਾਂ ਦੇ ਇਕੱਠੇ ਪੈਸੇ ਦੇ ਦਿੰਦੀ,
ਇਸ ਤਰ੍ਹਾਂ ਤਕਰੀਬਨ
ਪੌਣੇ ਦੋ ਸਾਲ ਚੱਕਰ ਚਲਦਾ ਰਿਹਾ ਤੇ ਅਸੀਂ ਇਕ–ਦੂਜੇ
ਦੇ ਬਹੁਤ ਨੇੜੇ ਆਉਂਦੇ ਗਏ।
ਸੱਚ ਜਾਣਿਓਂ ਮੈਨੂੰ ਉਸ
ਦੀ ਛੋਟੀ–ਛੋਟੀ
ਕਤਰੀ ਦਾਹੜੀ ਜਿਹੜੀ ਉਸ ਦੇ ਭਰਵੇਂ ਮੂੰਹ 'ਤੇ
ਬਹੁਤ ਸਜ਼ਦੀ ਸੀ,
ਬਹੁਤ ਸੋਹਣੀ ਲਗਦੀ ਸੀ ਤੇ ਉਸ
ਦੀਆਂ ਕਾਲੀਆਂ ਮੋਟੀਆਂ ਅੱਖਾਂ ਦੀ ਮੈਂ ਕਾਇਲ ਸਾਂ–
ਉਸ ਤੋਂ ਬਾਅਦ ਮੈਂ ਉਸ
ਨੂੰ ਕ੍ਰਿਸਮਿਸ 'ਤੇ
ਸੱਦਾ ਦਿੱਤਾ,
ਉਸ ਨੇ ਹੱਸ ਕੇ ਕਬੂਲਿਆ।
ਫਿਰ ਕ੍ਰਿਸਮਿਸ ਵਾਲੇ
ਦਿਨ ਸਾਡੇ 'ਸਬੰਧ'
ਕਾਇਮ ਹੋ ਗਏ।
ਉਸ ਨੇ ਮੈਨੂੰ ਨਵੇਂ ਸਾਲ
'ਤੇ
ਸੱਦਾ ਦਿੱਤਾ ਅਤੇ ਮੈਂ ਉਸ ਦੇ ਕਮਰੇ ਵਿਚ ਗਈ–
ਹੇ ਰੱਬਾ! ਉਸ ਦਾ ਛੋਟਾ ਜਿਹਾ
ਕਮਰਾ,
ਜਿਸ ਵਿਚ ਚਾਰ ਪੰਜਾਬੀ ਮੁੰਡੇ
ਰਹਿੰਦੇ ਸੀ।
ਹੇਠਾਂ ਉੱਪਰ ਬੈੱਡ ਲੱਗੇ ਹੋਏ–
ਠੰਢਾ ਪਾਣੀ–ਹੀਟ
ਦਾ ਕੋਈ ਪ੍ਰਬੰਧ ਨਹੀਂ ਸੀ।
ਮੈਨੂੰ ਉਸ
'ਤੇ
ਬੜਾ ਤਰਸ ਆਇਆ,
ਉਸੇ ਦਿਨ ਮੈਂ ਉਸ ਦਾ ਸਾਮਾਨ
ਆਪਣੀ ਕਾਰ ਵਿਚ ਰੱਖਿਆ ਅਤੇ ਘਰ ਲੈ ਆਈ,
ਉਸ ਦਿਨ ਤੋਂ ਸਾਡੀ ਇਕੱਠਿਆਂ ਦੀ
ਜ਼ਿੰਦਗੀ ਸ਼ੁਰੂ ਹੋ ਗਈ।
ਇਸੇ ਦੌਰਾਨ ਉਸ ਨੇ
ਮੈਨੂੰ ਦੱਸਿਆ ਕਿ ਉਹ ਇਥੇ ‘ਕੱਚਾ'
ਹੈ ਅਤੇ ਜੇ ਮੈਂ ਉਸ ਨਾਲ
ਸ਼ਾਦੀ ਕਰ ਲਵਾਂ ਤਾਂ ਉਹ ‘ਪੱਕਾ'
ਹੋ ਸਕਦੈ•••••।''
ਵਾਈਨ ਦਾ ਇਕ ਭਰਿਆ
ਗਿਲਾਸ ਪੀ ਕੇ ਉਸ ਨੇ ਫਿਰ ਕਹਿਣਾ ਸ਼ੁਰੂ ਕੀਤਾ।
‘‘ਕਾਫੀ ਭੱਜ–ਨੱਠ
ਕਰਕੇ ਮੈਂ ਉਸ ਨਾਲ ਸ਼ਾਦੀ ਰਚਾ ਲਈ ਅਤੇ ਉਸ ਨੂੰ ਵਰਕ ਪਰਮਿਟ ਮਿਲ ਗਿਆ।
ਮੇਰੀ ਇਕ ਸਹੇਲੀ ਨੇ ਉਸ
ਨੂੰ ਇਕ ਫੈਕਟਰੀ ਵਿਚ ਸੌਖਾ ਜਿਹਾ ਕੰਮ ਲੈ ਦਿੱਤਾ,
ਜਿੱਥੇ ਉਸ ਨੇ ਤਿੰਨ ਸਾਲ
ਟਿਕ ਕੇ ਕੰਮ ਕੀਤਾ ਤੇ ਪੈਸੇ ਆਪਣੇ ਪਿੰਡ ਭੇਜਦਾ ਰਿਹਾ।
ਮੈਨੂੰ ਉਹ ਦੱਸਦਾ ਹੁੰਦਾ
ਸੀ ਕਿ ਪਿੱਛੇ ਉਸ ਦੇ ਮਾਪੇ ਬੜੇ ਗਰੀਬ ਹਨ ਤੇ ਦੋ ਭੈਣਾਂ ਅਤੇ ਇਕ ਭਰਾ ਦਾ ਬੋਝ ਉਸ
ਨੂੰ ਹੀ ਉਠਾਉਣਾ ਪੈ ਰਿਹਾ ਹੈ।
ਮੈਨੂੰ ਉਸ ਦੇ ਪੈਸਿਆਂ
ਦੀ ਜ਼ਰੂਰਤ ਨਹੀਂ ਸੀ।
ਮੈਂ ਆਪਣੀ ਘਰੇਲੂ
ਜ਼ਿੰਦਗੀ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਸਾਂ।
ਮੈਂ ਤਾਂ ਉਸ ਤੋਂ ਮਕਾਨ
ਦਾ ਕਿਰਾਇਆ ਜਾਂ ਹੋਰ ਖਰਚਾ ਕਦੇ ਨਹੀਂ ਸੀ ਲਿਆ।
ਜਿੰਨੀ ਆਮਦਨ ਉਸ ਨੂੰ
ਹੁੰਦੀ ਸੀ,
ਸਾਰੀ ਉਹ ਇੰਡੀਆ ਭੇਜ ਦਿੰਦਾ ਸੀ।
ਫਿਰ ਤਿੰਨ ਸਾਲ ਬਾਅਦ ਉਸ
ਨੂੰ ਆਸਟਰੀਅਨ ਨਾਗਰਿਕਤਾ ਮਿਲ ਗਈ–
ਬੱਸ! ਇੱਥੋਂ ਉਸ ਦਾ ਦਿਮਾਗ
ਖ਼ਰਾਬ ਹੋ ਗਿਆ–
ਫੈ਼ਕਟਰੀ ਦੇ ਵਿਚ ਕਿਸੇ ਨਾ ਕਿਸੇ
ਨਾਲ ਲੜ ਪਿਆ ਕਰੇ।
ਅਖੀਰ ਅਗਲਿਆਂ ਨੇ ਕੰਮ
ਤੋਂ ਕੱਢ ਦਿੱਤਾ।
ਗੌਰਮਿੰਟ ਵਲੋਂ ਮਾਸਿਕ
ਭੱਤਾ ਮਿਲਣ ਲੱਗ ਪਿਆ।
ਉਸ ਨੇ ਕੰਮ ਵੱਲ ਧਿਆਨ
ਦੇਣਾ ਹੀ ਛੱਡ ਦਿੱਤਾ ਅਤੇ ਸ਼ਰਾਬ ਪੀਣ ਲੱਗ ਪਿਆ।
ਜਦੋਂ ਮੈਂ ਕੰਮ ਬਾਰੇ
ਕਿਹਾ ਕਰਨਾ ਤਾਂ ਉਸ ਨੇ ਮੈਨੂੰ ਉੱਤਰ ਦੇਣਾ ਕਿ ਹੁਣ ਮੇਰੇ ਕੋਲ ਆਸਟਰੀਅਨ ਪਾਸਪੋਰਟ ਹੈ,
ਹੁਣ ਮੈਂ ਕੰਮ ਕਿਉਂ
ਕਰਾਂ?
ਜਦੋਂ ਮੈਂ ਕਿਹਾ ਕਿ ਇਹ ਯੂਰਪ ਹੈ,
ਇਥੇ ਕੰਮ ਬਿਨਾਂ ਨਹੀਂ
ਸਰਦਾ ਤਾਂ ਮੈਨੂੰ ਬਣਾ ਸੁਆਰ ਕੇ ਧਮਕੀ ਦਿੱਤੀ ਕਿ ਮੈਂ ਇੰਡੀਆ ਪੈਸਾ ਬਹੁਤ ਜਮ੍ਹਾ ਕਰ
ਲਿਆ ਹੈ ਅਤੇ ਮੇਰੀ ਪੰਜਾਬ ਵਿਚ ਚੰਗੀ ਚੋਖੀ ਜ਼ਮੀਨ ਵੀ ਹੈ ਤੇ ਮੈਂ ਤੈਨੂੰ ਛੱਡ ਕੇ
ਇੰਡੀਆ ਚਲਾ ਜਾਵਾਂਗਾ।
ਮੇਰੀ ਜ਼ੁਬਾਨ ਤਾਲੂਏ
ਲੱਗ ਗਈ।"
"ਫਿਰ ਉਸ ਨੇ ਮੈਥੋਂ
ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਅਤੇ ਨਾਲ ਦੀ ਨਾਲ ਘਰ ਵਿਚੋਂ ਚੀਜ਼ਾਂ ਗਾਇਬ ਹੋਣ
ਲੱਗੀਆਂ।
ਮੈਂ ਬੜੀ ਦੁਖੀ ਹੋਈ,
ਪਰ ਚੁੱਪ ਰਹੀ–ਫਿਰ
ਮੈਨੂੰ ਪਤਾ ਲੱਗਾ ਕਿ ਉਸ ਨੇ ਜੂਆ ਖੇਡਣਾ ਸ਼ੁਰੂ ਕਰ ਦਿੱਤੈ।
ਮੈਂ ਫਿਰ ਵੀ ਚੁੱਪ ਰਹੀ।
ਮੇਰੇ ਸਬਰ ਦਾ ਬੰਨ੍ਹ
ਤਾਂ ਉਸ ਦਿਨ ਟੁੱਟਿਆ ਜਦੋਂ ਉਹ ਰਾਤ ਨੂੰ ਇਕ ਕੁੜੀ ਨੂੰ ਘਰ ਲੈ ਆਇਆ।
ਸਾਰੀ ਰਾਤ ਉਸ ਨੂੰ
ਉਪਰਲੇ ਕਮਰੇ ਵਿਚ ਰੱਖਿਆ ਅਤੇ ਮੈਂ ਹੇਠਾਂ ਸੋਫੇ 'ਤੇ
ਪਈ ਕੁੜ੍ਹਦੀ ਰਹੀ,
ਮੱਚਦੀ ਰਹੀ।
ਅਗਲੇ ਦਿਨ ਜਦ ਉਹ ਕੁੜੀ
ਨਹਾ–ਧੋ
ਕੇ ਘਰੋਂ ਗਈ ਤਾਂ ਮੈਂ ਉਸ ਪ੍ਰੇਤ ਦੇ ਦੁਆਲੇ ਹੋ ਗਈ।
ਮੇਰੀ ਰੂਹ ਫੱਟੜ ਹੋਈ ਪਈ
ਸੀ–
ਤੂੰ–ਤੂੰ,
ਮੈਂ–ਮੈਂ
ਤੋਂ ਬਾਅਦ ਗੱਲ ਹੱਥੋਪਾਈ 'ਤੇ
ਆ ਗਈ ਅਤੇ ਉਸ ਨੇ ਮੈਨੂੰ ਇਕ ਟੁੱਟੀ ਕੁਰਸੀ ਦੀ ਲੱਤ ਨਾਲ ਕੁੱਟਿਆ–
ਮੇਰਾ ਸਰੀਰ ਨੀਲੀਆਂ
ਲਾਸ਼ਾਂ ਨਾਲ ਭਰ ਗਿਆ।
ਸਰੀਰਕ ਤੌਰ
'ਤੇ
ਤਾਂ ਜਿਹੜਾ ਦਰਦ ਹੋਣਾ ਸੀ ਹੋਇਆ,
ਪਰ ਮਾਨਸਿਕ ਪੀੜਾ ਮੈਂ ਸਹਿਣ ਨਾ
ਕਰ ਸਕੀ ਅਤੇ ਕਈ ਮਹੀਨੇ ਮੈਂਟਲ ਹਸਪਤਾਲ ਦਾਖਲ ਰਹੀ।
ਪੁਲਸ ਮੈਨੂੰ ਕਈ ਵਾਰ
ਹਸਪਤਾਲ ਵਿਚ ਮਿਲਣ ਆਈ ਕਿ ਮੈਂ ਉਸ 'ਤੇ
ਕੇਸ ਕਿਉਂ ਨਹੀਂ ਕਰਦੀ?
ਪਰ ਮੈਂ ਪੁਲਸ ਦੇ ਜ਼ੋਰ ਦੇਣ
'ਤੇ
ਵੀ ਕੇਸ ਨਾ ਕੀਤਾ।
ਸੋਚਿਆ ਕਿ,
ਕੀ ਪਤੈ ਸੁਧਰ ਜਾਵੇ?
ਜਦੋਂ ਮੈਂ ਠੀਕ ਹੋ ਕੇ
ਘਰ ਪਹੁੰਚੀ ਤਾਂ ਮੇਰੇ ਤੌਰ ਉੱਡ ਗਏ।
ਸਿੰਘ ਨੇ ਟੀ•ਵੀ•,
ਫਰਿੱਜਾਂ ਤੋਂ ਲੈ ਕੇ
ਸਾਰਾ ਸਾਮਾਨ ਵੇਚ ਦਿੱਤਾ ਸੀ।
ਮੈਂ ਕੁਰਲਾ ਉੱਠੀ।
ਕਿਉਂਕਿ ਮੇਰੀਆਂ ਲਹੂ
ਦੀਆਂ ਘੁੱਟਾਂ ਦੀ ਕਮਾਈ ਸਿੰਘ ਨੇ ਫੂਕ ਮਾਰ ਕੇ ਉਡਾ ਦਿੱਤੀ ਸੀ।
ਪੁਲਸ ਨੂੰ ਫੋਨ ਕੀਤਾ–
ਗ੍ਰਿਫਤਾਰ ਕਰਕੇ ਪੁਲਸ
ਨੇ ਉਸ 'ਤੇ
ਧੋਖਾ-ਧੜੀ ਦਾ ਕੇਸ ਚਲਾਇਆ ਤਾਂ ਉਸ ਨੂੰ ਮਾਮੂਲੀ ਜਿਹੀ ਸਜ਼ਾ ਹੋਈ ਅਤੇ ਬਾਹਰ ਆ ਕੇ
ਮੈਨੂੰ ਜਾਨੋਂ ਮਾਰ ਦੇਣ ਦੀਆਂ ਧਮਕੀਆਂ ਮਾਰਨ ਲੱਗਿਆ।
ਫੋਨ ਰਿਕਾਰਡ ਕਰਕੇ ਮੈਂ
ਪੁਲਸ ਨੂੰ ਦੇ ਦਿੱਤੇ ਅਤੇ ਪੁਲਸ ਨੇ ਇਸ ਇਲਾਕੇ ਵਿਚ ਆਉਣੋਂ
'ਬੈਨ'
ਕਰ ਦਿੱਤਾ।
ਫਿਰ ਉਸ ਦਾ ਮੈਨੂੰ ਇਕੋ–ਇਕ
ਅਤੇ ਆਖਰੀ ਫੋਨ ਆਇਆ ਕਿ ਮੈਂ ਤੈਨੂੰ ਤਲਾਕ ਨਹੀਂ ਦਿਆਂਗਾ,
ਬਿਨਾਂ ਤਲਾਕ ਦਿੱਤੇ ਹੀ
ਕਿਧਰੇ ਚਲਿਆ ਜਾਵਾਂਗਾ ਅਤੇ ਤੂੰ ਸਾਰੀ ਜ਼ਿੰਦਗੀ ਕਾਨੂੰਨੀ ਤੌਰ
'ਤੇ
ਸ਼ਾਦੀ ਨਹੀਂ ਕਰ ਸਕੇਂਗੀ ਅਤੇ ਮੇਰਾ ਨਾਂ ਹਮੇਸ਼ਾ ਤੈਨੂੰ ਸੱਪ ਬਣ ਕੇ ਡੰਗਦਾ ਰਹੇਗਾ–
ਉਸ ਤੋਂ ਬਾਅਦ ਉਸ ਦਾ
ਕੋਈ ਪਤਾ ਨਹੀਂ ਲੱਗਿਆ–
ਹੁਣ ਵਾਕਿਆ ਹੀ ਉਸ ਦਾ ਨਾਂ
‘ਸਿੰਘ'
ਮੇਰੇ ਨਾਂ ਮਗਰ ਪ੍ਰੇਤ
ਵਾਂਗ ਚਿੰਬੜਿਆ ਹੋਇਆ ਹੈ...।''
‘‘ਤੁਹਾਡੀ ਜ਼ਿੰਦਗੀ
ਬੜੀ ਸਦਮੇ ਭਰੀ ਹੈ?''
ਆਸ਼ਾ ਨੇ ਹਾਉਕਾ ਲੈਂਦਿਆਂ ਆਖਿਆ।
‘‘ਤੇ ਫਿਰ ਤੁਸੀਂ ਸਾਨੂੰ
ਕਿਉਂ ਨਹੀਂ ਬੁਲਾਉਂਦੇ?''
ਟੰਡਨ ਨੇ ਜਾਇਜ਼ਾ ਲੈਣਾ ਚਾਹਿਆ।
‘‘ਕਿਸੇ ਨਾਲ ਮੇਰੀ ਕੋਈ
ਦੁਸ਼ਮਣੀ ਨਹੀਂ–
ਪਰ ਕਿਸੇ ਇੰਡੀਅਨ ਨੂੰ ਦੇਖ ਕੇ
ਮੇਰੇ ਰਾਜ਼ੀ ਹੋਏ ਜ਼ਖ਼ਮ ਫਿਰ ਰਿਸਣ ਲੱਗ ਪੈਂਦੇ ਐ–ਤੇ
ਮੈਂ ਮਾਨਸਿਕ ਤੌਰ 'ਤੇ
ਪ੍ਰੇਸ਼ਾਨ ਹੋ ਉੱਠਦੀ ਹਾਂ।"
"ਪਰ
ਅੱਜ ਤੁਹਾਨੂੰ ਮਿਲ ਕੇ ਕੁਝ ਸਕੂਨ ਮਿਲਿਐ ਕਿ ਸਾਰੇ ਇੰਡੀਅਨ ਇੱਕੋ ਜਿਹੇ ਨਹੀਂ-ਤੁਹਾਡਾ
ਸੁ਼ਕਰੀਆ।''
ਉਸ ਨੇ ਵਾਈਨ ਦਾ ਇਕ ਹੋਰ
ਗਿਲਾਸ ਭਰ ਕੇ ਅੰਦਰ ਸੁੱਟਿਆ।
‘‘ਹੁਣ ਸਿੰਘ ਦਾ
ਤੁਹਾਨੂੰ ਕੋਈ ਪਤਾ ਨਹੀਂ ਬਈ ਕਿਥੈ ਐ?''
ਆਸ਼ਾ ਨੇ ਸਵਾਲ ਕੀਤਾ।
‘‘ਪੱਕਾ ਪਤਾ
ਨਹੀਂ.....ਸੁਣਿਐਂ ਬਈ ਅਮਰੀਕਾ ਵਿਚ ਹੈ.....ਇਕ ਨਾਲੀ ਦਾ ਕੀੜਾ ਮੈਂ ਸਿਰ
'ਤੇ
ਬਿਠਾਇਆ ਤੇ ਉਸੇ ਨੇ ਹੀ ਮੇਰੀ ਆਹ ਦੁਰਦਸ਼ਾ ਕੀਤੀ ....।''
ਮਿਸਿਜ਼ ਸਿੰਘ ਉੱਚੀ–ਉੱਚੀ
ਰੋ ਪਈ ਅਤੇ ਆਸ਼ਾ ਉਸ ਨੂੰ ਵਿਰਾਉਂਦੀ ਰਹੀ।
ਟੰਡਨ ਸਿਰ ਸੁੱਟੀ ਬੈਠਾ
ਸੀ।
ਉਸ ਦੇ ਗੰਜ ਦੇ ਚਾਰ ਕੁ ਵਾਲ
ਤੱਕਲਿਆਂ ਵਾਂਗ ਖੜ੍ਹੇ ਸਨ।
|