ਅਮਨ
ਆਪਣੀ ਸਹੇਲੀ ਰੰਜੂ ਨਾਲ ਇਤਹਾਸ ਦੀ ਕਲਾਸ ਲਗਾਉਣ ਤੋਂ ਪਹਿਲਾਂ ਗਰਾਂਊਂਡ ਵਿਚ
ਬੈਠੀਆਂ ਸਨ। ਘਾਹ ਥੋੜ੍ਹੀ ਗਿਲੀ ਹੋਣ ਕਾਰਨ ਰੰਜੂ ਆਪਣੀ ‘ਰਫ਼’ ਕਾਪੀ ਥੱਲੇ ਰੱਖ
ਕੇ ਬੈਠ ਗਈ। ਥੋੜ੍ਹੀ ਦੇਰ ਬਾਅਦ ਕਲਾਸ ਲਗਾਉਣ ਲਈ ਤੁਰ ਪਈਆਂ ਅਤੇ ਅਚਾਨਕ ਪਿਛੋਂ
ਕਿਸੇ ਨੇ ਅਵਾਜ਼ ਦੇ ਕੇ ਕਿਹਾ, " ‘ਐਕਸਕਿਊਜ਼ ਮੀ’ ਇਹ ਕਾਪੀ ਤੁਹਾਡੀ ਹੈ।
" ਔਹ ਹਾਂ" ਇਹ ਕਹਿ ਕੇ ਰੰਜੂ ਨੇ ਕਾਪੀ ਫੜ ਲਈ ਅਤੇ ਅਮਨ ਨੇ ਉਸ ਦਾ ਸ਼ੁਕਰੀਆ
ਅਦਾ ਕੀਤਾ। ਪਰ ਉਹ ਬਿਨਾ ਕੁਝ ਬੋਲੇ ਉਹਨਾਂ ਕੋਲੋ ਇਕਦਮ ਵਾਪਸ ਚਲਾ ਗਿਆ।
"ਅਮਨ, ਤੂੰ ਬਹੁਤ ਹੈਰਾਨੀ ਨਾਲ ਕਿਉ ਦੇਖ ਰਹੀ ਹੈ ਉਸ ਵੱਲ?"
"ਰੰਜੂ, ਕਾਪੀ ਉਹ ਤੇਰੀ ਮੋੜ ਕੇ ਗਿਆ ਅਤੇ ਮੈ ਉਸਦਾ ਸ਼ੁਕਰੀਆ ਅਦਾ ਕੀਤਾ, ਪਰ
ਉਹ ਕੁੱਝ ਬੋਲਿਆ ਹੀ ਨਹੀ।"
"ਚੱਲ, ਛੱਡ ਤੂੰ ਉਸ ਤੋਂ ਕੀ ਲੈਣਾ"
ਜਦੋਂ ਕਾਲਜ ਦਾ ਸਲਾਨਾ ਮੈਗਜ਼ੀਨ ਛੱਪਿਆ ਉਸ ਵਿਚ ਇਕ ਲੇਖ ਮਨਵੀਰ ਵਲੋਂ ਲਿਖਿਆ
ਗਿਆ ਸੀ ਜਿਸ ਦੀ ਸਾਰੇ ਕਾਲਜ ਵਿਚ ਬਹੁਤ ਚਰਚਾ ਹੋਈ। ਮਨਵੀਰ ਨੇ ਵਿਸ਼ੇ ਉੱਪਰ ਇਸ
ਤਰ੍ਹਾਂ ਚਾਨਣਾ ਪਾਇਆ ਸੀ ਕਿ ਪੜ੍ਹਨ ਵਾਲੇ ਦੇ ਖਿਆਲ ਹੀ ਬਦਲ ਜਾਂਦੇ। ਅਮਨ ਨੇ
ਰੰਜੂ ਤੋਂ ਪੁਛਿਆ, " ਤੂੰ ਮਨਵੀਰ ਦਾ ਲਿਖਿਆ ਲੇਖ ਪੜ੍ਹਿਆ?"
"ਮਨਵੀਰ ਕੌਣ"
" ਉਹ ਹੀ ਜਿਹੜਾ ਤੇਰੀ ਕਾਪੀ ਮੋੜ ਕੇ ਗਿਆ ਸੀ"
"ਅੱਛਾ, ਉਸ ਦਾ ਨਾਮ ਮਨਵੀਰ ਹੈ, ਤੈਨੂੰ ਪਤਾ ਤਾਂ ਹੈ ਮੈਨੂੰ ਸਾਹਿਤ ਵਿਚ
ਬਹੁਤੀ ਦਿਲਚਸਪੀ ਨਹੀ ਹੈ।"
"ਉਹ ‘ਪੌਲਟੀਕਲ ਸਾਇੰਸ’ ਦੀ ਐਮ. ਏ . ਕਰ ਰਿਹਾ ਹੈ।"
"ਤੈਨੂੰ ਉਸ ਦੇ ਲੇਖ ਵਿਚ ਦਿਲਚਸਪੀ ਹੈ ਜਾਂ ਉਸ ਵਿਚ"
" ਇਹ ਤਾਂ ਖੈਰ ਮੈਨੂੰ ਵੀ ਅਜੇ ਨਹੀ ਪਤਾ"
ਲੇਖ ਮਹਾਤਮਾ ਗਾਂਧੀ ਅਤੇ ਨਹਿਰੂ ਨਾਲ ਸਬੰਧਤ ਸੀ। ਉਹਨਾਂ ਦੀ ਨੀਤੀ ਪੰਜਾਬ
ਬਾਰੇ ਕੀ ਸੀ ਅਤੇ ਭਗਤ ਸਿੰਘ, ਸੁਖਦੇਵ ਅਤੇ ਰਾਜ ਗੁਰੂ ਨੂੰ ਫਾਂਸੀ ਲਾਉਣ ਵੇਲੇ
ਗਾਂਧੀ ਨੇ ਕੀ ਰੋਲ ਅਦਾ ਕੀਤਾ, ਇਸ ਬਾਰੇ ਇਤਿਹਾਸ ਵਿਚੋਂ ਹਵਾਲੇ ਦੇ ਕੇ ਭਰਪੂਰ
ਚਾਨਣਾ ਪਾਇਆ ਗਿਆ ਸੀ। ਅਮਨ, ਅੱਜ ਤੱਕ ਮਹਾਤਮਾ ਗਾਂਧੀ ਨੂੰ ਬਾਪੂ ਅਤੇ ਨਹਿਰੂ
ਨੂੰ ਚਾਚਾ ਹੀ ਮੰਨਦੀ ਆਈ ਸੀ ਕਿਉਂਕਿ ਤੀਜੀ ਚੌਥੀ ਜਮਾਤ ਤੋਂ ਮਹਾਤਮਾ ਗਾਂਧੀ ਅਤੇ
ਨਹਿਰੂ ਦੀ ਜੀਵਨੀਆਂ ਪੜ੍ਹਾਉਣੀਆਂ ਸ਼ੁਰੂ ਕਰ ਦਿੱਤੀਆ ਜਾਂਦੀਆਂ ਸਨ। ਬੱਚਿਆਂ ਦੇ
ਮਨਾਂ ਵਿਚ ਇਹਨਾਂ ਦੀ ਅਮਿੱਟ ਛਾਪ ਛੱਪ ਜਾਂਦੀ ਸੀ। ਇਸ ਕਰਕੇ ਅਮਨ ਨੂੰ ਮਨਵੀਰ ਦੇ
ਲਿਖੇ ਲੇਖ ਬਾਰੇ ਸ਼ੱਕ ਹੋਣ ਲੱਗਾ। ਉਹ ਅਸਲੀਅਤ ਜਾਨਣ ਦੀ ਕੋਸ਼ਿਸ ਨਾਲ ਮਨਵੀਰ ਨੂੰ
ਮਿਲਣਾ ਚਾਹੁੰਦੀ ਸੀ, ਪਰ ਅਮਨ ਨੂੰ ਕੋਈ ਮੌਕਾ ਹੀ ਨਹੀ ਸੀ ਮਿਲ ਰਿਹਾ ਜਦੋਂ ਉਹ
ਮਨਵੀਰ ਨਾਲ ਗੱਲ ਕਰੇ। ਵੈਸੇ ਵੀ ਇਸ ਤਰ੍ਹਾਂ ਦੇ ਮਸਲੇ ਉੱਪਰ ਗੱਲ ਕਰਨਾ ਬਹੁਤ
ਹੌਸਲੇ ਵਾਲਾ ਕੰਮ ਹੁੰਦਾ ਹੈ, ਉਹ ਵੀ ਮਨਵੀਰ ਵਰਗੇ ਲੜਕੇ ਨਾਲ ਜੋ ਹਰ ਖੇਤਰ ਵਿਚ
ਹੀ ਮੱਲਾਂ ਮਾਰ ਰਿਹਾ ਹੋਵੇ ਅਤੇ ਜਿਸ ਦੀ ਸ਼ਖਸ਼ੀਅਤ ਵੀ ਦੂਸਰੇ ਲੜਕਿਆਂ ਨਾਲੋ
ਜ਼ਿਆਦਾ ਪ੍ਰਭਾਵਤ ਕਰਦੀ ਹੋਵੇ, ਖਾਸ ਕਰਕੇ ਉਸ ਦੀ ਪੇਚਾਂ ਵਾਲੀ ਪੱਗ ਦਾ ਤਾਂ ਕੋਈ
ਵੀ ਮੁਕਾਬਲਾ ਨਹੀ ਸੀ ਕਰ ਸਕਦਾ।
ਅਚਾਨਕ ਇਕ ਦਿਨ ਅਮਨ ਲਾਇਬਰੇਰੀ ਵਿਚ ਗਈ ਤਾਂ ਉਸ ਨੇ ਦੇਖਿਆ ਕਿ ਮਨਵੀਰ
‘ਪੌਲਟੀਕਲ ਸਾਇੰਸ ਦੇ ਪਰੋਫ਼ੈਸਰ ਅਰੋੜਾ ਸਾਹਿਬ ਨਾਲ ਕੋਈ ਗੱਲ-ਬਾਤ ਕਰ ਰਿਹਾ ਸੀ।
ਅਮਨ ਉਹਨਾਂ ਤੋਂ ਇਕ ਪਾਸੇ ਹੋ ਕੇ ਬੈਠ ਗਈ ਅਤੇ ਉਡੀਕ ਕਰਨ ਲੱਗੀ, ਛੇਤੀ ਹੀ
ਪਰੋਫ਼ੈਸਰ ਸਾਹਿਬ ਚਲੇ ਗਏ। ਅਮਨ ਉਦੋਂ ਹੀ ਮਨਵੀਰ ਦੇ ਟੇਬਲ ਕੋਲ ਚਲੀ ਗਈ ਜਿੱਥੇ
ਉਹ ਇੱਕਲਾ ਹੀ ਬੈਠਾ ਕੋਈ ‘ਨੋਟ’ ਲਿਖ ਰਿਹਾ ਸੀ।
"ਮੁਆਫ਼ ਕਰਨਾ।" ਕਹਿ ਕੇ ਉਹ ਆਪ ਹੀ ਮਨਵੀਰ ਕੋਲ ਪਈ ਕੁਰਸੀ ਉੱਪਰ ਬੈਠ ਗਈ।
ਮਨਵੀਰ ਨੇ ਉਸ ਨੂੰ ਪਹਿਚਾਣਨ ਦਾ ਯਤਨ ਕਰਦੇ ਹੋਏ ਉਸ ਵੱਲ ਦੇਖਿਆ।
"ਮੇਰਾ ਨਾਮ ਅਮਨ ਹੈ, ਸ਼ਾਇਦ ਤਹਾਨੂੰ ਯਾਦ ਹੋਵੇਗਾ। ਉਸ ਦਿਨ ਗਰਾਊਂਡ ਵਿਚ
ਤੁਸੀ ਸਾਡੀ ਕਾਪੀ ਮੋੜ ਕੇ ਗਏ ਸੀ।"
" ਹਾਂ ਜੀ।"
"ਤੁਹਾਡੀ ਕਲਮ ਵਿਚ ਕਾਫ਼ੀ ਦਮ ਹੈ।"
"ਲੱਗਦਾ ਹੈ, ਤੁਸੀ ਮੇਰਾ ਨਵਾ ਲੇਖ ਮੈਗਜ਼ੀਨ ਵਿਚ ਪੜ੍ਹਿਆ ਹੈ।"
"ਹਾਂ ਜੀ, ਗਾਂਧੀ ਜੀ ਬਾਰੇ ਜੋ ਤੁਸੀ ਲਿਖਿਆ, ਮੈ ਉਸ ਨਾਲ ਸਹਿਮਤ ਨਹੀ ਹਾਂ।
ਖਾਸ ਕਰਕੇ ਇਸ ਵਿਚਾਰ ਨਾਲ ਜੋ ਤੁਸੀ ਲਿਖਿਆ ਹੈ ਕਿ ਜੇ ਗਾਂਧੀ ਜੀ ਚਾਹੁੰਦੇ ਤਾਂ
ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਫਾਂਸੀ ਨਹੀ ਸੀ ਲੱਗ ਸਕਦੀ।"
" ਜੀ ਹਾਂ, ਕਿਉਂਕਿ ਜਿਸ ਵੇਲੇ ਭਗਤ ਸਿੰਘ ਨੂੰ ਫਾਂਸੀ ਲਾਈ ਗਈ, ਉਸ ਵੇਲੇ
ਦੇਸ਼ ਅਜ਼ਾਦ ਹੋਣ ਦੇ ਕਿਨਾਰੇ ‘ਤੇ ਸੀ।"
"ਜੇ ਭਗਤ ਸਿੰਘ ਜੀ ਫਾਂਸੀ ਤੋਂ ਬਚ ਜਾਂਦੇ ਤਾਂ ਫਿਰ ਗਾਂਧੀ ਜੀ ਦਾ ਕੀ
ਨੁਕਸਾਨ ਹੋ ਜਾਣਾ ਸੀ?" ਅਮਨ ਨੇ ਥੋੜ੍ਹਾ ਗੁੱਸੇ ਨਾਲ ਪੁਛਿਆ।
" ਜਿਹੜੀ ਮਾਨਤਾ ਗਾਂਧੀ ਜੀ ਦੀ ਹੁੰਦੀ ਰਹੀ ਹੈ ਜਾਂ ਹੋ ਰਹੀ ਹੈ, ਉਹ ਫਿਰ
ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦੀ ਹੋਣੀ ਸੀ।" ਮਨਵੀਰ ਨੇ ਮੁਸਕਰਾ ਕੇ ਕਿਹਾ।
"ਇਸਦਾ ਮਤਲਵ ਤੁਸੀ ਗਾਂਧੀ ਜੀ ਨੂੰ ਖੁਦਗਰਜ਼ ਸਮਝਦੇ ਹੋ।"
" ਖੈਰ, ਇਹ ਤਾਂ ਤੁਸੀ ਆਪ ਕਹਿ ਰਹੇ ਹੋ"
ਇਹ ਗੱਲ ਕਹਿਣ ਦੇ ਨਾਲ ਹੀ ਮਨਵੀਰ ਨੇ ਇਤਹਾਸ ਵਿਚੋਂ ਕਈ ਉਦਾਹਰਣਾਂ ਅਮਨ ਨੂੰ
ਦਿੱਤੀਆਂ, ਜਿਨਾਂ ਨਾਲ ਭਗਤ ਸਿੰਘ ਨੂੰ ਬਚਾਇਆ ਜਾ ਸਕਦਾ ਸੀ। ਤਕਰੀਬਨ ਇਕ ਘੰਟਾ
ਉਹਨਾਂ ਵਿਚਕਾਰ ਇਸ ਕਿਸਮ ਦੀ ਗੱਲ-ਬਾਤ ਚਲਦੀ ਰਹੀ। ਹਰ ਵਾਰੀ ਮਨਵੀਰ ਹੀ ਅਮਨ ਨੂੰ
ਆਪਣੇ ਵਿਚਾਰਾਂ ਨਾਲ ਕਾਇਲ ਕਰ ਜਾਂਦਾ। ਪਤਾ ਨਹੀ ਉਸ ਨੇ ਕਿਥੋਂ ਐਨਾ ਗਿਆਨ ਇਕੱਠਾ
ਕੀਤਾ ਹੋਇਆ ਸੀ। ਹਾਰ ਕੇ ਅਮਨ ਨੂੰ ਹੀ ਅਖੀਰ ਵਿਚ ਉਸ ਦੇ ਵਿਚਾਂਰਾ ਨਾਲ ਸਹਿਮਤ
ਹੋਣਾ ਪਿਆ।
ਮਨਵੀਰ ਫੁਟਬਾਲ ਦਾ ਵੀ ਵਧੀਆ ਖਿਡਾਰੀ ਸੀ। ਉਸ ਦੀ ਹਰ ਪਾਸੇ ਚੜ੍ਹਤ ਨੇ ਉਸ
ਨੂੰ ਕਾਲਜ ਦਾ ਨਾਈਕ ਬਣਾ ਦਿੱਤਾ। ਕਈ ਕੁੜੀਆਂ ਉਸ ਨਾਲ ਦੌਸਤੀ ਕਰਨ ਦੀ ਚਾਹਤ
ਰੱਖਦੀਆ। ਪਰ ਮਨਵੀਰ ਤਾਂ ਆਪਣੇ ਰੁਝੇਵਿਆਂ ਵਿਚ ਹੀ ਰੁਝਿਆ ਰਹਿੰਦਾ। ਪਰ ਅਮਨ ਨੂੰ
ਮਿਲ ਕੇ ਉਸ ਨੂੰ ਲੱਗਾ ਕਿ ਉਹ ਬਹੁਤੀਆਂ ਕੁੜੀਆਂ ਨਾਲੋ ਵੱਖਰੀ ਕਿਸਮ ਦੀ ਹੈ। ਅਮਨ
ਵੀ ਕਈ ਵਿਸ਼ਿਆਂ ਬਾਰੇ ਜਾਣਕਾਰੀ ਰੱਖਦੀ ਸੀ। ਸਭਿਆਚਾਰਕ ਪਰੌਗਰਾਮ ਵਿਚ ਤਾਂ ਉਹ
ਵੱਧ ਚੜ੍ਹ ਕੇ ਹਿੱਸਾ ਲੈਂਦੀ ਸੀ ਅਤੇ ਕਵਿਤਾ ਲਿਖਣ ਦਾ ਵੀ ਸ਼ੋਂਕ ਸੀ। ਦਿਲ ਵਿਚ
ਉਹ ਕਦੀ ਉਸ ਦੀ ਕਲਪਣਾ ਵੀ ਕਰਦਾ। ਫਿਰ ਉਹ ਸੋਚਦਾ ਕਿ ਉਸ ਦਿਨ ਦੀ ਬਹਿਸ ਤੋਂ
ਬਾਅਦ ਸ਼ਾਇਦ ਅਮਨ ਉਸ ਨੂੰ ਪਸੰਦ ਨਾ ਕਰਦੀ ਹੋਵੇ। ਦਿਲਚਸਪੀ ਤਾਂ ਅਮਨ ਨੂੰ ਵੀ
ਮਨਵੀਰ ਵਿਚ ਹੋ ਗਈ ਸੀ, ਪਰ ਉਸ ਨੇ ਕਦੀ ਜ਼ਾਹਰ ਨਹੀ ਸੀ ਕੀਤੀ। ਇਕ ਵਾਰੀ ਫੁੱਟਬਾਲ
ਦਾ ਮੈਚ ਚਲ ਰਿਹਾ ਸੀ। ਜਦੋਂ ਮਨਵੀਰ ਨੇ ਗੋਲ ਕੀਤਾ ਤਾਂ ਅਮਨ ਨੇ ਖੁਸ਼ੀ ਵਿਚ ਕੋਲ
ਬੈਠੀ ਰੰਜੂ ਨੂੰ ਜੱਫੀ ਪਾ ਲਈ ਅਤੇ ਰੌਲਾ ਪਾਉਂਦੀ ਹੋਈ ਤਾੜੀਆਂ ਮਾਰਨ ਲੱਗ ਪਈ।
ਰੰਜੂ ਉਸ ਨੂੰ ਦੇਖ ਕੇ ਥੋੜ੍ਹੀ ਹੈਰਾਨ ਜਹੀ ਹੋਈ। ਕਿਉਕਿ ਅਮਨ ਨੇ ਅੱਗੇ ਕਦੀ ਇਸ
ਤਰ੍ਹਾ ਨਹੀ ਸੀ ਕੀਤਾ। ਰੰਜੂ ਨੂੰ ਸ਼ੱਕ ਤਾਂ ਪਹਿਲਾ ਵੀ ਸੀ ਕਿ ਅਮਨ ਮਨਵੀਰ ਨੂੰ
ਪੰਸਦ ਕਰਦੀ ਹੈ, ਪਰ ਉਸ ਨੇ ਕਦੀ ਵੀ ਆਪਣੇ ਸ਼ੱਕ ਦਾ ਜਿਕਰ ਅਮਨ ਕੋਲ ਨਹੀ ਸੀ
ਕੀਤਾ। ਉਸ ਦਿਨ ਉਸ ਨੇ ਮੈਚ ਤੋਂ ਬਾਅਦ ਅਮਨ ਨੂੰ ਕਿਹਾ, "ਅਮਨ, ਮੈਨੂੰ ਲੱਗਦਾ
ਹੈ, ਤੂੰ ਮਨਵੀਰ ਨੂੰ ਪਿਆਰ ਕਰਨ ਲੱਗ ਪਈ ਹੈ।"
"ਇਸ ਤਰ੍ਹਾਂ ਦੀ ਤਾਂ ਕੋਈ ਗੱਲ ਨਹੀ ਹੈ, ਵੈਸੇ ਮੈ ਉਸ ਦੀ ਇੱਜ਼ਤ ਬਹੁਤ ਕਰਦੀ
ਹਾਂ।"
"ਇੱਜਤ ਵੀ ਉਸ ਦੀ ਹੀ ਕਰੀ ਦੀ ਹੈ ਜਿਸ ਵਿਚ ਕੁੱਝ ਚੰਗਾ ਲੱਗੇ।"
"ਖੈਰ, ਛੱਡ ਤੂੰ ਇਸ ਗੱਲ ਨੂੰ।" ਅਮਨ ਨੇ ਗੱਲ ਟਾਲਣ ਦੀ ਪੂਰੀ ਕੋਸ਼ਿਸ਼ ਕੀਤੀ।
ਮਨਵੀਰ ਦੇ ਲੇਖ ਹੁਣ ਪੰਜਾਬੀ ਦੇ ਸਿਰਮੌਰ ਪਰਚਿਆਂ ਵਿਚ ਛਪਣ ਲੱਗੇ। ਐਮ.ਏ.
ਕਰਦੇ ਨੇ ਇਕ ਕਿਤਾਬ ਵੀ ਲਿਖ ਦਿੱਤੀ। ਇਸ ਦੇ ਨਾਲ ਕੁੱਝ ਲੋਕਾਂ ਨੂੰ ਉਸ ਨਾਲ
ਈਰਖਾ ਵੀ ਹੋਣ ਲੱਗੀ ਅਤੇ ਉਸ ਦੀਆਂ ਰਚਨਾਵਾਂ ਦੀ ਬਿਨਾ ਕਿਸੇ ਦਲੀਲ ਦੇ
ਨੁਕਤਾਚੀਨੀ ਕਰਨ ਲੱਗੇ। ਪਰ ਮਨਵੀਰ ਨੂੰ ਇਹੋ ਜਿਹੇ ਲੋਕਾਂ ਦੀ ਪਰਵਾਹ ਨਹੀ ਸੀ।
ਪਰੌਫ਼ੈਸਰ ਅਰੌੜਾ ਦੀ ਅਤੇ ਪਰਚਿਆਂ ਦੇ ਸੰਪਾਦਕਾਂ ਦੀ ਨੁਕਤਾਚੀਨੀ ਨੂੰ ਹਮੇਸ਼ਾ
ਖਿੜੇ ਮੱਥੇ ਪਰਵਾਨ ਕਰਦਾ ਜਿਸ ਵਿਚ ਵਜਨ ਵਾਲੇ ਸੁਝਾਅ ਵੀ ਨਾਲ ਹੀ ਹੁੰਦੇ ਸਨ।
ਅਮਨ ਜਿਉਂ ਜਿਉਂ ਉਸ ਦੇ ਲੇਖ ਪੜ੍ਹਦੀ ਤਿਉਂ ਤਿਉਂ ਉਹ ਮਨਵੀਰ ਬਾਰੇ ਗੰਭੀਰ
ਹੁੰਦੀ ਗਈ। ਉਸ ਨੇ ਇਕ ਦੋ ਵਾਰੀ ਮਨਵੀਰ ਨੂੰ ਮਿਲਣ ਦਾ ਯਤਨ ਵੀ ਕੀਤਾ ਪਰ ਉਹ
ਅਸਫਲ ਹੀ ਰਹੀ। ਇਕ ਵਾਰੀ ਉਹਨਾਂ ਦੇ ਕਾਲਜ ਵਿਚ ਸ਼ੁਗਲ ਵਜੋਂ ਲੋਹੜੀ ਦਾ ਤਿਉਹਾਰ
ਮਨਾਇਆ ਗਿਆ। ਖੇਡ ਦੇ ਮੈਦਾਨ ਵਿਚ ਲਕੜਾਂ ਦੀ ਧੂਣੀ ਲਾਈ ਗਈ। ਤਕਰੀਬਨ ਸਭ
ਵਿਦਿਆਰਥੀ ਧੂਣੀ ਦੇ ਦੁਆਲੇ ਇਕੱਠੇ ਹੋ ਚੁੱਕੇ ਸਨ। ਅਮਨ ਦੀਆ ਅੱਖਾਂ ਮਨਵੀਰ ਨੂੰ
ਲੱਭਦੀਆਂ ਰਹੀਆਂ। ਕੁੜੀਆ ਨੇ ਲੋਹੜੀ ਦੇ ਗੀਤ ਗਾਏ, ਗਿੱਧਾ ਪਾਇਆ। ਮੁੰਡੇ ਵੀ
ਉਹਨਾਂ ਦੇ ਮੁਕਾਬਲੇ ਵਿਚ ਡਟੇ ਰਹੇ। ਪਰ ਉੱਥੇ ਮਨਵੀਰ ਨਾ ਹੋਣ ਕਾਰਨ ਅਮਨ ਨੂੰ ਇਹ
ਸਭ ਕੁੱਝ ਫਿਕਾ ਫਿਕਾ ਹੀ ਲੱਗ ਰਿਹਾ ਸੀ। ਥੋੜ੍ਹੀ ਦੇਰ ਬਾਅਦ ਉਸ ਨੇ ਦੇਖਿਆ ਕਿ
ਮਨਵੀਰ ਪਰੋਫ਼ੈਸਰ ਅਰੌੜਾ ਨਾਲ ਆ ਰਿਹਾ ਹੈ। ਅਮਨ ਨੇ ਆਪਣੇ ਮਨ ਨਾਲ ਫੈਸਲਾ ਕੀਤਾ
ਕਿ ਅੱਜ ਉਹ ਮਨਵੀਰ ਨੂੰ ਜ਼ਰੂਰ ਦੱਸੇਗੀ, ਜੋ ਉਸ ਬਾਰੇ ਮਹਿਸੂਸ ਕਰਦੀ ਹੈ। ਪਰ
ਜਦੋਂ ਮਨਵੀਰ ਉਸ ਦੇ ਨਜ਼ਦੀਕ ਆਇਆ ਤਾਂ ਰਸਮੀ ਜਿਹੀ ਹੈਲੋ ਕਰਨ ਤੋਂ ਬਾਅਦ ਅਗਾਂਹ
ਨਾ ਬੋਲ ਸਕੀ। ਅਮਨ ਦੇ ਹੱਥ ਵਿਚ ਗੁਲਸ਼ਨ ਨੰਦਾ ਦਾ ਲਿਖਿਆ ਹਿੰਦੀ ਨਾਵਲ ਸੀ ਜੋ
ਅਕਸਰ ਅਮਨ ਆਪਣੇ ਵਿਹਲੇ ਸਮੇਂ ਵਿਚ ਪੜ੍ਹਦੀ ਸੀ। ਮਨਵੀਰ ਨੇ ਉਸ ਨਾਵਲ ਵੱਲ ਇਸ਼ਾਰਾ
ਕਰਕੇ ਪੁਛਿਆ, "ਕੀ ਮੈ ਇਹ ਪੜ੍ਹਨ ਲਈ ਲੈ ਸਕਦਾ ਹਾਂ?" ਭਾਂਵੇ ਅਮਨ ਨੇ ਉਹ ਪੂਰਾ
ਨਾਵਲ ਨਹੀ ਸੀ ਪੜ੍ਹਿਆ ਫਿਰ ਵੀ ਉਸ ਨੇ ਬਹੁਤ ਖੁਸ਼ੀ ਨਾਲ ਕਿਹਾ, "ਹਾਂ ਜੀ,
ਜ਼ਰੂਰ।" ਕਾਲਜ ਵਿਚ ਅਮਨ ਦੀਆਂ ਨਜ਼ਰਾਂ ਹਮੇਸ਼ਾ ਹੀ ਮਨਵੀਰ ਦਾ ਪਿੱਛਾ ਕਰਦੀਆਂ।
ਬਹੁਤ ਵਾਰੀ ਉਸ ਨੂੰ ਲੱਗਦਾ ਉਹ ਫਜੂਲ ਹੀ ਮਨਵੀਰ ਬਾਰੇ ਸੋਚਦੀ ਰਹਿੰਦੀ ਹੈ,
ਕਿਉਕਿ ਮਨਵੀਰ ਨੇ ਤਾਂ ਕਦੇ ਉਸ ਨਾਲ ਸਪੰਰਕ ਕਰਨ ਦਾ ਯਤਨ ਨਹੀ ਸੀ ਕੀਤਾ।
ਮਨਵੀਰ ਦਾ ਦੂਸਰਾ ਲੇਖ ਕਾਲਜ ਦੇ ਮੈਗਜ਼ੀਨ ਦੇ ਨਾਲ ਨਾਲ ਪੰਜਾਬੀ ਦੇ ਤਕਰੀਬਨ
ਸਾਰੇ ਅਖਬਾਰਾਂ ਵਿਚ ਛੱਪਿਆ ਜਿਸ ਦਾ ਸਿਰਲੇਖ ਸੀ "ਦੇਸ਼ ਨੂੰ ਅਜ਼ਾਦ ਕਰਵਾਉਣ ਲਈ
90% ਪੰਜਾਬੀਆਂ ਦੀਆਂ ਕੁਰਬਾਨੀਆਂ ਦਾ ਕੀ ਮੁੱਲ?" ਜਿਸ ਦੇ ਲਈ ਉਸ ਨੂੰ ਕਾਲਜ
ਵਲੋਂ ਇਨਾਮ ਵੀ ਮਿਲਿਆ। ਕਈ ਵਾਰੀ ਤਾਂ ਉਹ ਆਪਣੀ ਲਿਖਤ ਵਿਚ ਏਨਾ ਕੌੜਾ ਸੱਚ ਲਿਖ
ਜਾਂਦਾ ਕਿ ਈਰਖਾ ਕਰਨ ਵਾਲਿਆਂ ਲਈ ਸਹਿਣਾ ਮੁਸ਼ਕਲ ਹੋ ਜਾਂਦਾ ਅਤੇ ਉਸ ਦੀ ਕਲਮ ਦਾ
ਗਲਾ ਘੁਟਣ ਦੀ ਕੋਸ਼ਿਸ਼ ਕਰਦੇ। ਪਰ ਉਸ ਦਾ ਲਿਖਿਆ ਸੱਚ ਅਮਨ ਨੂੰ ਪ੍ਰਭਾਵਤ ਕਰਦਾ
ਅਤੇ ਉਸ ਦੀ ਦਲੇਰੀ ਦੀ ਦਾਦ ਸਹੇਲੀਆਂ ਦੇ ਸਾਹਮਣੇ ਸ਼ਰੇਆਮ ਦਿੰਦੀ। ਪਰ ਆਪਣੇ ਮਨ
ਦੀ ਅਸਲ ਗੱਲ ਕਿਸੇ ਨੂੰ ਨਾ ਦੱਸਦੀ।
ਇਕ ਦਿਨ ਅਮਨ ਦੇ ਪਿਤਾ ਜੀ ਅਖਬਾਰ ਵਿਚੋਂ ਮਨਵੀਰ ਦਾ ਲਿਖਿਆ ਲੇਖ ਪ੍ਹੜ ਕੇ
ਕਹਿਣ ਲੱਗੇ, "ਮਨਵੀਰ ਨਾਂ ਦਾ ਲਿਖਾਰੀ ਤਾਂ ਸਿਰਫ਼ ਪੰਜਾਬੀਅਤ, ਪੰਜਾਬੀ ਜਾਂ
ਪੰਜਾਬ ਦਾ ਹੀ ਫਿਕਰ ਕਰਦਾ ਰਹਿੰਦਾ ਹੈ ਜਿਵੇ ਭਾਰਤ ਦੇਸ਼ ਨਾਲ ਕੋਈ ਨਾਤਾ ਹੀ ਨਾ
ਹੋਵੇ।"
"ਪਿਤਾ ਜੀ, ਜੇ ਕੋਈ ਆਪਣੇ ਘਰ ਲਈ ਨਹੀ ਕੁੱਝ ਕਰ ਸਕਦਾ, ਉਸ ਨੇ ਗੁਵਾਂਢੀ ਦਾ
ਕੀ ਸੁਆਰਨਾ। ਜੇ ਕਿਸੇ ਦੇ ਅੰਦਰ ਆਪਣੇ ਸੂਬੇ ਲਈ ਪਿਆਰ ਹੋਵੇਗਾ ਦੇਸ਼ ਲਈ ਵੀ ਜ਼ਰੂਰ
ਕੁੱਝ ਸੋਚਦਾ ਹੋਵੇਗਾ।" ਅਮਨ ਨੇ ਪਿਤਾ ਜੀ ਦੀ ਕਹੀ ਹੋਈ ਗੱਲ ਦਾ ਜ਼ਵਾਬ ਤਾਂ ਦੇ
ਦਿੱਤਾ, ਪਰ ਇਹ ਨਹੀ ਦੱਸਿਆ ਕਿ ਮਨਵੀਰ ਉਹਨਾਂ ਦੇ ਕਾਲਜ ਵਿਚ ਹੀ ਪੜ੍ਹਦਾ ਹੈ।
ਨਵੀਆਂ ਕਲਾਸਾਂ ਚੜ੍ਹਨ ਕਰਕੇ ਕਾਲਜ ਵਿਚ ਛੁੱਟੀਆਂ ਹੋ ਗਈਆਂ। ਛੁੱਟੀਆਂ ਦੇ
ਦੌਰਾਨ ਹੀ ਅਮਨ ਦੇ ਤਾਈ ਜੀ ਬੰਬਈ ਤੋਂ ਆਏ। ਉਹਨਾਂ ਨੇ ਅਮਨ ਦੇ ਮਾਤਾ ਪਿਤਾ ਨੂੰ
ਇਕ ਮੁੰਡੇ ਦੀ ਦੱਸ ਪਾਈ। ਮੁੰਡਾ ਕਾਫੀ ਅਮੀਰ ਅਤੇ ਪੜ੍ਹਿਆ ਲਿਖਿਆ ਸੀ। ਇਸ ਲਈ ਘਰ
ਦੇ ਅਮਨ ਦੀ ਮੰਗਣੀ ਕਰਨ ਦਾ ਵਿਚਾਰ ਬਣਾਉਣ ਲੱਗੇ। ਜਦੋਂ ਅਮਨ ਨੂੰ ਇਸ ਗੱਲ ਦਾ
ਪਤਾ ਲੱਗਾ ਤਾਂ ਉਸ ਦਾ ਮਨ ਕਰੇ ਕਿ ਉਹ ਚਿਲਾ ਚਿਲਾ ਕੇ ਕਹੇ ਕਿ ਉਹ ਮਨਵੀਰ ਨੂੰ
ਪਿਆਰ ਕਰਦੀ ਹੈ। ਪਰ ਆਪਣੇ ਮਨ ਨੂੰ ਸਮਝਾਉਣ ਲਈ ਉਸ ਨੇ ਕੋਈ ਕਿਤਾਬ ਪੜ੍ਹਨ ਦਾ
ਯਤਨ ਕੀਤਾ। ਸੋਚਾਂ ਵਿਚ ਉਲਝੀ ਕਿਤਾਬ ਦੇ ਪੰਨੇ ਪਰਤਨ ਲੱਗੀ। ਅਚਾਨਕ ਹੀ ਉਸ ਦੀ
ਨਜ਼ਰ ਨਾਵਲ ਦੇ ਇਕ ਵਰਕੇ ਉੱਪਰ ਰੁਕ ਗਈ, ਜਿਸ ਦੇ ਕੋਨੇ ਉੱਪਰ ਪੰਜਾਬੀ ਵਿਚ ਇਕ
ਸ਼ੇਅਰ ਲਿਖਿਆ ਸੀ,
"ਦਿਲ ਦੀ ਕਸ਼ਿਸ਼ ਦਾ ਮੈ ਕਿਸ ਤਰ੍ਹਾਂ ਇਜ਼ਹਾਰ ਕਰਾਂ,
ਜੀ ਹੈ ਮੱਹੁਬਤ ਆਪ ਨਾਲ, ਮੈ ਕਿਸ ਤਰ੍ਹਾਂ ਇਕਬਾਲ ਕਰਾਂ,
ਆਪ ਹਮਸਫ਼ਰ ਹੋ ਮੇਰੇ, ਮੈ ਕਿਸ ਤਰ੍ਹਾਂ ਇਤਹਾਦ ਦਾ ਇੰਤਜ਼ਾਰ ਕਰਾਂ?"
- ਮਨਵੀਰ
ਅਮਨ ਨੂੰ ਚੇਤਾ ਆ ਗਿਆ ਕਿ ਇਹ ਤਾਂ ਉਹ ਹੀ ਨਾਵਲ ਹੈ ਜੋ ਕਦੇ ਮਨਵੀਰ ਨੇ ਉਸ
ਤੋਂ ਪੜ੍ਹਨ ਲਈ ਲਿਆ ਸੀ। ਜਦੋਂ ਮਨਵੀਰ ਨੇ ਉਸ ਨੂੰ ਇਹ ਨਾਵਲ ਮੋੜਿਆ ਸੀ। ਉਦੋਂ
ਅਮਨ ਦੇ ਇਮਤਿਹਾਨ ਹੋਣ ਕਾਰਨ, ਉਸ ਨੇ ਨਾਵਲ ਚੁੱਕ ਕੇ ਇਸ ਇਰਾਦੇ ਨਾਲ ਇਕ ਪਾਸੇ
ਰੱਖ ਦਿੱਤਾ ਕਿ ਬਾਅਦ ਵਿਚ ਪੜ੍ਹੇਗੀ। ਜਦੋਂ ਅਮਨ ਨੇ ਇਹ ਲਾਇਨਾ ਪੜ੍ਹੀਆਂ ਤਾਂ ਉਸ
ਨੇ ਇੰਜ ਮਹਿਸੂਸ ਕੀਤਾ ਜਿਵੇਂ ਉਸ ਦੀ ਡੋਲ ਰਹੀ ਰੂਹ ਨੂੰ ਕਿਨਾਰਾ ਮਿਲ ਗਿਆ
ਹੋਵੇ। ਉਸ ਨੇ ਪੱਕਾ ਫੈਂਸਲਾ ਕਰ ਲਿਆ ਕਿ ਉਹ ਹੀ ਮਨਵੀਰ ਦੀ ਹਮਸਫ਼ਰ ਹੈ ਅਤੇ
ਬੇਸਬਰੀ ਨਾਲ ਇਤਹਾਦ ਦਾ ਇੰਤਜ਼ਾਰ ਕਰਨ ਲੱਗੀ।
ਛੁੱਟੀਆਂ ਤੋਂ ਬਾਅਦ ਕਾਲਜ ਵਿਚ ਕਾਫੀ ਰੌਣਕ ਸੀ। ਇਕ ਦੂਸਰੇ ਨੂੰ ਮਿਲ ਕੇ
ਸਾਰੇ ਖੁਸ਼ ਹੋ ਰਹੇ ਸਨ। ਅਮਨ ਤਾਂ ਕੁੱਝ ਜ਼ਿਆਦਾ ਹੀ ਖੁਸ਼ੀ ਮਹਿਸੂਸ ਕਰ ਰਹੀ ਸੀ
ਜਿਵੇਂ ਉਸ ਨੇ ਆਪਣੀ ਮੰਜ਼ਲ ਸਰ ਕਰ ਲੈਣੀ ਹੋਵੇ। ਥੋੜ੍ਹੀ ਦੇਰ ਬਾਅਦ ਉਸ ਨੂੰ ਰੰਜੂ
ਮਿਲੀ ਜਿਸ ਦੇ ਹੱਥ ਵਿਚ ਕਾਲਜ਼ ਦੇ ਮੈਗਜ਼ੀਨ ਦਾ ਨਵਾ ‘ਐਡੀਸ਼ਨ’ ਸੀ। ਅਮਨ ਨੇ ਹੈਰਾਨ
ਹੋ ਕੇ ਰੰਜੂ ਤੋਂ ਪੁਛਿਆ, "ਤੈਨੂੰ ਮੈਗਜ਼ੀਨ ਪੜ੍ਹਨ ਦਾ ਕਦੋਂ ਦਾ ਸ਼ੋਂਕ ਹੋ ਗਿਆ?"
" ਜਦੋਂ ਦਾ ਮਨਵੀਰ ਆਪਣੇ ਲੇਖ ਮੈਗਜ਼ੀਨ ਵਿਚ ਛਪਵਾਉਣ ਲੱਗਾ। ਆਹ ਦੇਖ, ਮਨਵੀਰ
ਦਾ ਨਵਾ ਲੇਖ।" ਰੰਜੂ ਨੇ ਅਮਨ ਨੂੰ ਮੈਗਜ਼ੀਨ ਦਾ ਪੰਨਾ ਦਿਖਾਂਦਿਆ ਕਿਹਾ, "ਐਤਕੀ
ਉਸ ਨੇ ਫਿਰ ਲੋਕਾਂ ਦੀਆਂ ਅੱਖਾਂ ਖੋਲ੍ਹਣ ਦਾ ਜਤਨ ਕੀਤਾ ਹੈ।" ਅਮਨ ਨੇ ਦੇਖਿਆ ਕਿ
ਲੇਖ ਦਾ ਸਿਰਲੇਖ ਸੀ "ਸਰਕਾਰ ਨੇ ਸ਼ਰਾਬ ਦੇ ਠੇਕੇ ਕਾਲਜਾਂ ਦੇ ਨਯਦੀਕ ਕਿਉਂ
ਖੋਲ੍ਹੇ?"
" ਵੈਸੇ ਉਹ ਲਿਖਦਾ ਹਮੇਸ਼ਾ ਸੱਚ ਹੀ ਹੈ। ਚਾਹੇ ਕਿਸੇ ਨੂੰ ਕੌੜਾ ਲੱਗੇ ਜਾਂ
ਮਿੱਠਾ। ਤੈਨੂੰ ਉਸ ਦਾ ਲਿਖਿਆ ਇਕ ਹੋਰ ਸੱਚ ਦਿਖਾਲਣਾ ਹੈ ਪਰ ਥੋੜ੍ਹੀ ਉਡੀਕ ਕਰਨੀ
ਪਵੇਗੀ।" ਇਹ ਕਹਿ ਕੇ ਅਮਨ ਨੇ ਰੰਜੂ ਦੇ ਹੱਥੋਂ ਮੈਗਜ਼ੀਨ ਫੜ ਲਿਆ। ਰੰਜੂ ਮਨਵੀਰ
ਦੇ ਨਵੇ ਲਿਖੇ ਸੱਚ ਬਾਰੇ ਜਾਨਣਾ ਤਾਂ ਚਾਹੁੰਦੀ ਸੀ ਪਰ ਉਸਦੀ ਕਲਾਸ ਦਾ ਸਮਾਂ ਹੋ
ਗਿਆ ਅਤੇ ਉਹ ਚਲੀ ਗਈ।
ਅਮਨ ਮਨਵੀਰ ਨੂੰ ਲੱਭਦੀ ਹੋਈ ਕਾਲਜ ਦੇ ਬਗੀਚੇ ਵੱਲ ਨੂੰ ਤੁਰ ਪਈ। ਮਨਵੀਰ
ਦਰੱਖ਼ਤ ਦੀ ਠੰਡੀ ਅਤੇ ਗੂੜ੍ਹੀ ਛਾਂ ਹੇਠ ਬੈਠਾ ਜਸਵੰਤ ਸਿੰਘ ਕੰਵਲ ਦਾ ਲਿਖਿਆ
ਨਾਵਲ ਪੜ੍ਹ ਰਿਹਾ ਸੀ। ਮਨਵੀਰ ਨੇ ਦੇਖਿਆ ਕਿ ਅਮਨ ਮੈਗਜ਼ੀਨ ਲਈ ਉਸ ਵੱਲ ਆ ਰਹੀ
ਹੈ, ਤਾਂ ਉਸ ਨੇ ਸੋਚਿਆ ਕਿ ਜ਼ਰੂਰ ਨਵੇ ਲਿਖੇ ਲੇਖ ਬਾਰੇ ਪੁੱਛ-ਪੜਤਾਲ ਕਰਨ ਆਈ
ਹੋਵੇਗੀ। ਜਦੋਂ ਉਸ ਦੇ ਨੇੜੇ ਆਈ ਤਾਂ ਮਨਵੀਰ ਸਤਿਕਾਰ ਵਜੋਂ ਉੱਠ ਕੇ ਖੜ੍ਹਾ ਹੋ
ਗਿਆ ਅਤੇ ਅਦਬ ਨਾਲ ਸਤਿ ਸ੍ਰੀ ਅਕਾਲ ਬੁਲਾਈ ਅਤੇ ਨਾਲ ਹੀ ਕਹਿ ਦਿੱਤਾ, "ਅੱਜ
ਮੇਰੀ ਫਿਰ ਸ਼ਾਮਤ ਆਈ ਲੱਗਦੀ ਹੈ।"
" ਐਸੀ ਗੱਲ ਤਾਂ ਕੋਈ ਨਹੀ ਹੈ, ਵੈਸੇ ਗੱਲ-ਬਾਤ ਦਾ ਵਿਸ਼ਾ ਅੱਜ ਵੀ ਤੁਹਾਡੇ
ਲਿਖੇ ਸ਼ਬਦਾਂ ਬਾਰੇ ਹੀ ਹੈ। ਪਰ ਐਤਕੀ ਮੈ ਵੀ ਇਸ ਵਿਸ਼ੇ ਨਾਲ ਸਹਿਮਤ ਹਾਂ।" ਦੋਨੋਂ
ਘਾਹ ਉੱਪਰ ਹੀ ਠੰਡੀ ਛਾਂ ਹੇਠਾਂ ਬੈਠ ਗਏ।
"ਮੈਨੂੰ ਸਮਝ ਨਹੀ ਲੱਗੀ ਤੁਸੀ ਕਿਸ ਵਿਸ਼ੇ ਦੀ ਗੱਲ ਕਰ ਰਹੇ ਹੋ?" ਮਨਵੀਰ ਨੇ
ਪੁਛਿਆ
ਅਮਨ ਨੇ ਹੌਲੀ ਜਿਹੇ ਆਪਣੀਆਂ ਕਿਤਾਂਬਾ ਵਿਚੋਂ ਉਹ ਨਾਵਲ ਕੱਢਿਆ ਅਤੇ ਮਨਵੀਰ
ਦੀਆਂ ਲਿਖੀਆਂ ਲਾਈਨਾਂ ਉਸ ਦੇ ਸਾਹਮਣੇ ਕਰ ਦਿੱਤੀਆ ਅਤੇ ਨਾਲ ਹੀ ਕਿਹਾ, "ਇਸ
ਵਿਸ਼ੇ ਬਾਰੇ।"
ਮਨਵੀਰ ਨੇ ਅਮਨ ਵੱਲ ਪਿਆਰ ਭਰੀ ਨਜ਼ਰ ਨਾਲ ਮੁਸਕਰਾ ਕੇ ਤੱਕਿਆ ਅਤੇ ਕਿਹਾ, "
ਸ਼ੁਕਰ ਹੈ, ਤੁਸੀ ਮੇਰੇ ਇਸ ਵਿਸ਼ੇ ਨਾਲ ਸਹਿਮਤ ਹੋ, ਬਾਕੀ ਵਿਸ਼ਿਆ ਦੀ ਤਾਂ ਮੈਨੂੰ
ਕੋਈ ਪਰਵਾਹ ਨਹੀ ਸਹਿਮਤ ਹੋਵੋ ਜਾਂ ਨਾ।"
"ਇਲਜ਼ਾਮ ਤਾਂ ਤੁਹਾਡੇ ਉੱਪਰ ਇਹ ਹੀ ਲੱਗਦਾ ਹੈ ਕਿ ਤੁਸੀ ਕਾਫੀ ਕੌੜਾ ਸੱਚ
ਲਿਖਦੇ ਹੋ, ਪਰ ਸੱਚ ਜਾਣਉ, ਮੈਨੂੰ ਆਪ ਦਾ ਲਿਖਿਆ ਇਹ ਪੈਗ਼ਾਮ ਬਹੁਤ ਮਿੱਠਾ ਸੱਚ
ਲੱਗਾ।" ਇਹ ਕਹਿ ਕੇ ਅਮਨ ਨੇ ਸ਼ਰਮਾ ਕੇ ਨੀਵੀ ਪਾ ਲਈ। |