ਕਿਰਨ
ਨਾਲ ਪਿਛਲੇ ਕਈ ਸਾਲਾਂ ਤੋਂ ਮਿਲਕੇ ਗੱਲਬਾਤ ਨਹੀਂ ਸੀ ਹੋਈ। ਮੁਲਾਕਾਤਾਂ ਵੀ
ਉਡਦੀਆਂ ਉਡਦੀਆਂ ਹੀ ਹੁੰਦੀਆਂ, ਕਿਸੇ ਮਰਨੇ ਪਰਨੇ ਤੇ। ਦਿੱਲੀ ਉਹ ਇਕ ਅੱਧ ਦਿਨ
ਲਈ ਹੀ ਅੰਬਾਲੇ ਤੋਂ ਆਉਂਦੀ। ਛੁੱਟੀਆਂ ਵਿਚ ਉਹ ਆਪਣੇ ਛੋਟੇ ਭਰਾ ਕੋਲ ਕਲਕਤਾ ਚਲੀ
ਜਾਂਦੀ। ਅੰਬਾਲੇ ਉਹ ਇਕ ਮਿਸ਼ਨਰੀ ਸਕੂਲ ਵਿਚ ਪੜ੍ਹਾਂਦੀ ਸੀ ਤੇ ਆਪਣੇ ਵਡੇ ਭਰਾ
ਸੁਖਜੀਤ ਕੋਲ ਰਹਿੰਦੀ ਸੀ। ਅੱਜ ਵੀ ਰੁਝੇਵੇਂ ਭਰੀ ਜ਼ਿੰਦਗੀ ਵਿਚ ਸਕੀਆਂ ਭੈਣਾਂ
ਨਾਲ ਰਿਸ਼ਤੇਦਾਰੀ ਨਿਭਾਂਦੀ ਔਖੀ ਹੁੰਦੀ ਜਾ ਰਹੀ ਹੈ ਫਿਰ ਕਿਰਨ ਤਾਂ ਮੇਰੀ ਦੂਰ ਦੀ
ਮਸੇਰ ਭੈਣ ਸੀ। ਬਹੁਤ ਸਾਲ ਪਹਿਲਾਂ ਅਸੀਂ ਅੰਬਾਲੇ ਸ਼ਹਿਰ ਦੇ ਇਕ ਮੁਹੱਲੇ ਵਿਚ
ਰਹਿੰਦਾ ਸਾਂ। ਇਕੱਠੀਆਂ ਖੇਡਦੀਆਂ ਇਕੱਠੀਆਂ ਸਕੂਲ ਜਾਂਦੀਆਂ। ਮਸੇਰ ਭੈਣਾਂ ਨਾਲੋਂ
ਅਸੀਂ ਸਹੇਲੀਆਂ ਜ਼ਿਆਦਾ ਸਾਂ।
ਪਰ
ਵਕਤ ਕਿੰਨਾ ਕੁਝ ਬਦਲ ਦਿੰਦਾ ਹੈ। ਸਾਡੇ ਪਰਵਾਰ ਨੇ ਅੰਬਾਲਾ ਛੱਡ ਦਿੱਤਾ ਸੀ।
ਦੋਹਾਂ ਪਰਵਾਰਾਂ ਵਿਚ ਕਿੰਨੀਆਂ ਤਬਦੀਲੀਆਂ ਆ ਗਈਆਂ ਸਨ। ਨੌਕਰੀਆਂ ਨੇ ਵਿਆਹ ਨੇ
ਕਿਸੇ ਨੂੰ ਇਕ ਸ਼ਹਿਰ ਜਾ ਪਟਕਿਆ ਸੀ ਦੂਜੇ ਨੂੰ ਕਿਸੇ ਹੋਰ ਸ਼ਹਿਰ। ਫਾਸਲੇ, ਪਰਵਾਰਕ
ਤੇ ਆਰਥਿਕ ਝਮੇਲੇ, ਰੁਝੇਵੇ ਤੇ ਬਦਲੇ ਹਾਲਾਤ ਨਾਲ ਛੋਟੇ ਸ਼ਹਿਰ ਦੀਆਂ ਪਈਆਂ
ਸਾਝਾਂ, ਖੂਨ ਦੇ ਰਿਸ਼ਤੇ ਸਭ ਦਿਲੋਂ ਦਿਮਾਗੋਂ ਧੁੰਧਲੇ ਹੋ ਗਏ ਸਨ। ਨਵੇਂ ਸਬੰਧਾਂ
ਨੇ ਉਨ੍ਹਾਂ ਦੀ ਥਾਂ ਲੈ ਲਈ ਸੀ। ਮੈਂ ਵਿਆਹ ਤੋਂ ਬਾਅਦ ਦਿੱਲੀ ਆ ਗਈ ਸਾਂ। ਕਿਰਨ
ਵਿਆਹ ਤੋਂ ਬਾਅਦ ਕਿਸੇ ਹੋਰ ਸ਼ਹਿਰ ਜਾ ਕੇ ਫਿਰ ਅੰਬਾਲੇ ਆ ਗਈ ਸੀ।
ਪਿਛਲੇ ਮਹੀਨੇ ਇਥੇ ਇਕ ਸ਼ਾਦੀ ਤੇ ਕਿਰਨ ਨਾਲ ਮੁਲਾਕਾਤ ਹੋ ਗਈ। ਅਗਲੇ ਦਿਨ
ਐੈਤਵਾਰ ਸੀ ਉਹਨੂੰ ਮੈਂ ਆਪਣੇ ਘਰ ਲੈ ਆਈ।
ਅੰਬਾਲੇ ਦੀਆਂ ਕਿੰਨੀਆਂ ਹੀ ਗੱਲਾਂ ਉਹਨੂੰ ਯਾਦ ਸਨ- ਸਕੂਲ ਦੀਆਂ ਖੇਡਾਂ
ਦੀਆਂ। ਉਹ ਸਾਡੇ ਸਾਂਝ ਬਿਤਾਏ ਬਚਪਨ ਦੀਆਂ ਕਿੰਨੀਆਂ ਹੀ ਗੱਲਾਂ ਮੇਰੇ ਬੱਚਿਆਂ
ਨੂੰ ਦਸ ਦਸ ਹਸਦੀ ਰਹੀ-
'ਤੁਹਾਡੀ ਮਾਂ ਹਿਸਾਬ ਵਿਚ ਬੜੀ ਕਮਜ਼ੋਰ ਸੀ'।
ਤੇ ਹੁਣ ਕਿਹੜੀ ਹੁਸ਼ਿਆਰ ਹੈ'। ਮੇਰੇ ਪਤੀ ਨੇ ਮੇਰੇ ਬਾਰੇ ਆਪਣੀ ਰਾਇ ਦਸਣ ਵਿਚ
ਦੇਰ ਨਹੀਂ ਲਾਈ।
ਮੰਮੀ ਨੂੰ ਘਰ ਦਾ ਖਰਚ ਚਲਾਉਣਾ ਨਹੀਂ ਆਉਂਦਾ'। ਕੋਲੋਂ ਝਟ ਹੀ ਮੇਰਾ ਬੇਟਾ ਬੋਲ
ਪਿਆ।
ਤੁਹਾਡੀ ਮਾਂ ਨਿਬੰਧ ਵਧੀਆ ਲਿਖ ਲੈਂਦੀ ਸੀ'। ਕਿਰਨ ਬੋਲੀ। ਮੇਰੇ ਬੇਟੇ ਨੇ ਮੇਰੇ ਵਲ ਇੰਜ ਤਕਿਆ ਜਿਵੇਂ ਉਹਨੂੰ ਆਪਣੀ ਆਂਟੀ ਦੀ ਗੱਲ ਤੇ
ਇਤਬਾਰ ਨਾ ਆਇਆ ਹੋਵੇ।
ਕਿਕਲੀ ਪਾਂਦਿਆ ਤੁਹਾਡੀ ਮਾਂ ਨੂੰ ਚੱਕਰ ਆ ਜਾਂਦੇ ਸਨ'। ਕਿਰਨ ਮੇਰੇ ਬੇਟੇ ਨੂੰ ਬਾਹਾਂ ਤੋਂ ਫੜ੍ਹ ਕੇ ਕਿਕਲੀ ਪਾਣਾ ਸਿਖਾਣ ਲਗ ਪਈ। ਬੱਚੇ
ਆਂਟੀ ਨਾਲ ਬੜੀ ਰਾਤ ਤਕ ਪਤਾ ਨਹੀਂ ਕਿੰਨੀਆਂ ਗੱਲਾਂ ਕਰਦੇ ਰਹੇ। ਮੈਨੂੰ ਤਾਂ
ਸਾਰੇ ਦਿਨ ਦੀ ਬਹੁਤ ਥਕਾਵਟ ਸੀ, ਮੈਂ ਸੌਂ ਗਈ। ਮੈਂ ਸੋਚਿਆਂ ਸੀ ਕਿ ਅਗਲੇ ਦਿਨ
ਉਹਦੇ ਨਾਲ ਆਰਾਮ ਨਾਲ ਬੈਠਕੇ ਗੱਲਾਂ ਕਰਾਂਗੀ। ਦੁੱਖ ਸੁਖ ਸਾਂਝਾ ਕਰਾਂਗੀ ਪਰ
ਮੌਕਾ ਹੀ ਨਹੀਂ ਮਿਲਿਆ। ਉਹਦੇ ਵਿਆਹ ਦੇ ਟੁੱਟਣ ਦੇ ਕਾਰਨ ਨੂੰ ਜਾਨਣ ਦੀ ਉਤਸੁਕਤਾ
ਮੇਰੇ ਅੰਦਰ ਹੀ ਦੱਬੀ ਰਹਿ ਗਈ। ਕਿਰਨ ਨੇ ਐਤਕੀਂ ਮੇਰੇ ਕੋਲੋਂ ਵਾਅਦਾ ਲੈ ਲਿਆ ਕਿ ਉਹਦੇ ਕੋਲ ਅੰਬਾਲੇ ਮੈਂ ਜ਼ਰੂਰ
ਆਵਾਂ। ਐਤਕੀਂ ਵੀਕ ਐਂਡ ਲੰਬਾ ਸੀ ਐਤ ਤੇ ਸੋਮ ਮੰਗਲ ਦੀਆਂ ਛੁਟੀਆਂ ਵੀ ਮਿਲ
ਗਈਆਂ ਸਨ। ਸੋ ਮੈਂ ਅੰਬਾਲੇ ਜਾਣ ਲਈ ਤਿਆਰ ਹੋ ਗਈ।
ਸੁਖਜੀਤ ਭਰਾ ਜੀ ਦੀ ਦੁਕਾਨ ਤੇ
ਫੋਨ ਕਰ ਦਿੱਤਾ। ਸਟੇਸ਼ਨ ਤੇ ਅੱਗੋਂ ਕਿਰਨ ਤੇ ਸੁਖਜੀਤ ਭਰਾ ਜੀ ਲੈਣ ਆਏ ਹੋਏ ਸਨ।
ਸੁਖਜੀਤ ਭਰਾ ਜੀ ਨੂੰ ਮੈਂ ਬਹੁਤ ਸਾਲਾਂ ਬਾਅਦ ਵੇਖ ਰਹੀ ਸਾਂ।ਦਾਹੜੀ ਚਾਹੇ ਸਾਰੀ
ਚਿੱਟੀ ਸੀ ਪਰ ਚਿਹਰੇ ਤੇ ਹਾਲੇ ਵੀ ਉਹੀ ਦਬਦਬਾ, ਉਹੀ ਚਮਕ ਸੀ। ਉਨ੍ਹਾਂ ਮੇਨੂੰ ਘੁੱਟ ਤੇ ਪਿਆਰ ਕੀਤਾ- ਸਾਡੀ ਭੈਣ ਨੂੰ ਸਾਡੀ ਯਾਦ ਤਾਂ ਆਈ।
ਭਰਜਾਈ ਨੇ ਖਾਣਾ ਵਧੀਆ ਬਣਾਇਆ ਹੋਇਆ ਸੀ।
ਭਰਾ ਜੀ ਦਾ ਘਰ ਕਿੰਨਾ ਵੱਡਾ ਸੀ, ਕਿੰਨੇ ਸਾਰੇ ਕਮਰੇ, ਖੁਲ੍ਹਾ ਵਿਹੜਾ, ਬਰਾਂਡਾ,
ਡਿਉੜੀ। ਮੈਂ ਤਾਂ ਉਨ੍ਹਾਂ ਦਾ ਘਰ ਵੇਖਕੇ ਹੀ ਹੈਰਾਨ ਰਹਿ ਗਈ। ਕਿਰਨ ਨੇ ਮੈਨੂੰ
ਆਪਣਾ ਕਮਰਾ ਆਪਣੀ ਰਸੋਈ ਤੇ ਬਾਥਰੂਮ ਆਦਿ ਵਿਖਾਏ ਜੋ ਨਵੇਂ ਹੀ ਬਣੇ ਲਗਦੇ ਸਨ।
ਕਿਰਨ ਦੇ ਕਮਰੇ ਦਾ ਵਿਚਲਾ ਦਰਵਾਜ਼ਾ ਅੰਦਰਲੇ ਵਿਹੜੇ ਵਿਚ ਖੁਲ੍ਹਦਾ ਸੀ ਤੇ ਇਕ
ਦਰਵਾਜ਼ਾ ਬਾਹਰਲੇ ਬਰਾਂਡੇ ਵਿਚ। ਭਰਾ ਜੀ ਦਾ ਲੜਕਾ ਡਾਕਟਰ ਸੀ। ਉਹ ਭੁਵਨੇਸ਼ਵਰ ਨੌਕਰੀ ਕਰਦਾ ਸੀ ਤੇ ਦੋਵੇਂ ਬੇਟੀਆਂ
ਚੰਡੀਗੜ੍ਹ ਵਿਆਹੀਆਂ ਹੋਇਆਂ ਸਨ।
ਦੇਰ ਰਾਤ ਤਕ ਵਿਹੜੇ ਵਿਚ ਬੈਠੇ ਅਸੀਂ ਪੁਰਾਣੀਆਂ ਗੱਲਾਂ ਯਾਦ ਕਰਦੇ ਰਹੇ।ਉਹ ਮੇਰੇ
ਪਰਵਾਰ ਬਾਰੇ ਪੁਛਦੇ ਰਹੇ ਤੇ ਮੈਂ ਉਨ੍ਹਾਂ ਦੇ ਬਚਿਆਂ ਬਾਰੇ, ਕਲੱਕਤੇ ਵਾਲੇ ਭਰਾ
ਜੀ ਬਾਰੇ ਪੁਛਦੀ ਰਹੀ। ਸਾਰੇ ਦਿਨ ਦੀ ਥਕਾਵਟ ਕਰਕੇ ਜਦੋਂ ਮੈਂ ਉੱਘਲਾਣ ਲੱਗ ਪਈ
ਤਾਂ ਭਰਾ ਜੀ ਤੇ ਭਰਜਾਈ ਉਠਕੇ ਸੌਣ ਲਈ ਚਲ ਪਏ। ਮੇਰਾ ਦਿਲ ਸੀ ਕਿ ਮੈਂ ਵਿਹੜੇ
ਵਿਚ ਖੁਲੀ ਹਵਾ ਦਾ ਆਨੰਦ ਮਾਣਾਂ। ਤਾਰਿਆਂ ਦੀ ਲੋ ਵਿਚ ਸੋਵਾਂ। ਦਿੱਲੀ ਵਿਚ ਤਾਂ
ਫਲੈਟ ਦੇ ਅੰਦਰ ਹੀ ਦਮ ਘੁਟਦਾ ਰਹਿੰਦਾ ਹੈ। ਇਥੇ ਬਾਹਰ ਅੱਜ ਕਲ ਕੋਈ ਨਹੀਂ ਸੌਦਾਂ'। ਭਰਾ ਜੀ ਬੋਲੇ।
'ਕਿਉਂ?'
ਇਹੀ ਅੱਜ ਕਲ ਦੇ ਹਾਲਾਤ ਕਰਕੇ'। ਇਹ ਤਾਂ ਬੜੇ ਦੁੱਖ ਦੀ ਗੱਲ ਹੈ। ਇੰਨੇ ਵਧੀਆ ਖੁਲ੍ਹੇ, ਵਿਹੜੇ ਵਿਚ ਅਸੀਂ ਕੁਦਰਤ
ਦੀ ਦਾਤ ਨੂੰ ਮਾਣ ਨਹੀਂ ਸਕਦੇ। ਅਸੀਂ ਕਿੰਨਾ ਸਿਮਟ ਗਏ ਹਾਂ, ਦੁਬਕੇ ਪਏ ਹਾਂਪ
ਸਹਿਮੇ ਹੋਏ ਤੇ ਮਜ਼ਬੂਰ ਹਾਂ। ਰਾਤੀਂ ਬਾਹਰ ਸੜਕ ਤੇ ਨਹੀਂ ਜਾ ਸਕਦੇ। ਰਾਤ ਵੇਲੇ
ਜ਼ਰਾ ਜਿੰਨਾ ਖੜਾਕ ਜਾਂ ਸ਼ੋਰ ਦਿਲ ਦੀ ਧੜ੍ਹਕਣ ਤੇਜ਼ ਕਰ ਦਿੰਦਾ ਹੈ। ਡਰ ਹਮੇਸ਼ਾਂ
ਸਾਡੀ ਪਿੱਠ ਪਿੱਛੇ, ਖੱਬੇ ਸੱਜੇ ਦੁਬਕਿਆ ਪਿਆ ਹੈ, ਪਤਾ ਨਹੀਂ ਕਿਹੜੇ ਪਾਸਿਓਂ
ਸਾਹਮਣੇ ਆ ਖੜ੍ਹੋਵੋ ਤੇ ਆ ਲਲਕਾਰੇ….ਹੋ ਸਕਦੈ ਸਾਹਮਣੇ ਨਾ ਆਵੇ ਉਂਜ ਹੀ ਢਹਿਢੇਰੀ
ਕਰ ਦੇਵੇ।
ਭਰਾ ਜੀ ਦੀ ਗੱਲ ਮੰਨਕੇ ਮੈਂ ਅੰਦਰ ਹੀ ਸੌ ਗਈ। ਦੂਜੇ ਦਿਨ ਨਾਸ਼ਤੇ ਤੋਂ ਬਾਅਦ ਕਿਰਨ ਨੇ ਕਿਸੇ ਕੰਮ ਥੋੜ੍ਹੀ ਦੇਰ ਲਈ ਜ਼ਰੂਰੀ ਜਾਣਾ
ਸੀ ਤੇ ਭਰਾ ਜੀ ਨੇ ਦੁਕਾਨ ਤੇ। ਉਹ ਦੋਵੇਂ ਚਲੇ ਗਏ ਤਾਂ ਮੈਂ ਭਰਜਾਈ ਜੀ ਕੋਲ ਬੈਠ
ਗਈ। ਉਹ ਬੱਚਿਆਂ ਦੇ ਵਿਆਹਾਂ ਦੀਆਂ ਐਲਬਮਾਂ ਕੱਢ ਲਿਆਏ। ਉਨ੍ਹਾਂ ਕੋਲ ਬੱਚਿਆਂ
ਬਾਰੇ ਗੱਲਾਂ ਦਾ ਨਾਂ ਮੁਕਣ ਵਾਲਾ ਖਜ਼ਾਨਾ ਸੀ। ਉਹ ਆਪਣੇ ਪੋਤਰੇ ਪੋਤਰੀ ਤੇ
ਦੋਹਤਰਿਆਂ ਦੀਆਂ ਗਲ ਕਰਕੇ ਨਹੀਂ ਸਨ ਥਕਦੇ। ਤੁਸੀਂ ਕਦੀ ਗਏ ਹੋ ਭੁਵਨੇਸ਼ਵਰ ਬੇਟੇ ਕੋਲ?' ਮੈਂ ਪੁੱਛਿਆ।
ਹਾਂ ਇਕ ਵਾਰ ਹੋ ਆਈ ਹਾਂ?'
'ਸ਼ਹਿਰ ਤਾਂ ਬਹੁਤ ਵਧੀਆ ਏ ਪਰ ਮੈਂ ਸਹਿਰ ਨੂੰ ਚਟਣਾ ਏਂ। ਉਨ੍ਹਾਂ ਦੀ ਆਵਾਜ਼ ਵਿਚ
ਤਲਖੀ ਸੀ।
ਨੂੰਹ ਕਿਹੋ ਜਿਹੀ ਹੈ?' ਭਲੀ ਚਲਾਈ ਆ ਨੂੰਹ ਦੀ। ਸੁਰੂ ਵਿਚ ਤਾਂ ਬੜੀ ਚੰਗੀ ਸੀ ਪਰ ਜਦੋਂ ਦੀ ਉਹਨੂੰ
ਭੁਵਨੇਸ਼ਵਰ ਦੀ ਹਵਾ ਲਗੀ ਹੈ ਬਸ ਕੁਝ ਨਾ ਪੁਛ। ਏਥੇ ਆ ਕੇ ਇਕ ਦੋ ਦਿਨ ਰਹਿਕੇ
ਪੇਕੇ ਨਠਣ ਦੀ ਕਰੇਗੀ। ਮੇਰੀ ਤਾਂ ਕਿਸਮਤ ਵਿਚ ਹੀ ਹੁਣ ਇਕੱਲ ਲਿਖੀ ਹੈ- ਸਾਰਾ
ਦਿਨ ਕਰੋ ਵੀ ਕੀ। ਸਿਹਤ ਵੀ ਤਾਂ ਸਾਥ ਨਹੀਂ ਦਿੰਦੀ। ਅੱਖਾਂ ਵੀ ਤਾਂ ਕਮਜ਼ੋਰ ਨੇ।
ਪੜ੍ਹੋ ਵੀ ਕਿੰਨਾ। ਫਿਰ ਮਨ ਵੀ ਤਾਂ ਨਹੀਂ ਟਿਕਦਾ, ਪੜ੍ਹਣ ਵਿਚ….। ਕਿਰਨ ਤਾਂ ਸਕੂਲ ਤੋਂ ਦੁਪਹਿਰੀ ਆ ਜਾਂਦੀ ਹੋਵੇਗੀ?' 'ਕਿਰਨ!
ਹੂੰ! ਕਿਰਨ ਨੂੰ ਮੇਰੇ ਨਾਲ ਕੀ। ਮੈਂ ਮਰਾਂ ਜ ਜੀਵਾਂ। ਉਹ ਤਾਂ ਆਪਣੇ
ਕਮਰੇ ਤੋਂ ਬਾਹਰ ਨਹੀਂ ਨਿਕਲਦੀ। ਕੀ ਨਹੀਂ ਕੀਤਾ ਇਹਦੇ ਲਈ। ਫਿਰ ਵੀ ਖੱਟੀ
ਬਦਨਾਮੀ। ਬੁਰੀ ਤਾਂ ਮੈਂ ਹੀ ਹਾਂ। ਉਹ ਕਲਕਤੇ ਵਾਲੀ ਭਰਜਾਈ ਹੀ ਚੰਗੀ ਹੈ-
ਇਹਦੀਆਂ ਨਜ਼ਰਾਂ ਵਿਚ'। ਭਰਜਾਈ ਨੂੰ ਕਿਰਨ ਨਾਲ ਬਹੁਤ ਸ਼ਿਕਾਇਤਾਂ ਸਨ। ਭਰਜਾਈ ਦੇ ਅੰਦਰ ਜਿਵੇਂ ਲਾਵਾ ਭਰਿਆ
ਪਿਆ ਸੀ ਬਾਹਰ ਨਿਕਲਣ ਲਈ ਮੌਕੇ ਦੀ ਉਡੀਕ ਵਿਚ ਰਹਿੰਦਾ ਸੀ। ਮੇਰੀ ਖਰਾਬ ਸਿਹਤ ਦਾ ਕਾਰਨ ਤਾਂ ਇਹੀ ਹੈ'। ਭਰਜਾਈ ਜੀ ਕੀ ਗੱਲ? ਕੀ ਬਿਮਾਰੀ ਹੈ? ਆਪਣੇ ਲਹਿਜੇ ਵਿਚ ਜਿੰਨੀ ਨਰਮੀ ਤੇ
ਹਮਦਰਦੀ ਭਰ ਸਕਦੀ ਸਾਂ, ਭਰੀ'।
ਕਿਹੜੀ ਬੀਮਾਰੀ ਨਹੀਂ ਮੈਨੂੰ ਔਂਤਰੀਆਂ ਸਾਰੀਆਂ ਹੀ ਬਿਮਾਰੀਆਂ ਨੇ ਆ ਘੇਰਿਆ ਹੈ'।
ਇਲਾਜ ਕਿਥੋਂ ਕਰਵਾਂਦੇ ਹੋ'। ਇਲਾਜ ਦੀ ਵੀ ਕੁਝ ਨਾ ਪੁਛ। ਅੰਬਾਲੇ ਦਾ ਕੋਈ ਡਾਕਟਰ ਨਹੀਂ ਛਡਿਆ ਫਿਰ ਚੰਡੀਗੜ੍ਹ
ਜਾ ਕੇ ਵੀ ਸਾਰਾ ਚੈਕਅੱਪ ਕਰਵਾਇਆ ਹੈ ਪਰ ਮਰਜ਼ ਤਾਂ ਕਿਸੇ ਡਾਕਟਰ ਨੂੰ ਸਮਝ ਨਹੀਂ
ਪੈਂਦੀ। ਤੇਰੇ ਭਰਾ ਨੂੰ ਵੀ ਮੇਰੀ ਰੱਤੀ ਭਰ ਪਰਵਾਹ ਨਹੀਂ। ਉਨ੍ਹਾਂ ਨੂੰ ਕੀ! ਕੋਈ
ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ। ਧੀਆਂ ਤਾਂ ਆਪਣੇ ਘਰ ਜਾਣਾ ਹੀ ਹੋਇਆ
ਤੇ ਪੁੱਤਰ ਜਾ ਬੈਠਾ ਇੰਨੀ ਦੂਰ। ਉਹ ਵੀ ਆਪਣੀ ਬੀਵੀ ਦਾ ਗੁਲਾਮ ਬਣ ਗਿਐ'। ਭਰਜਾਈ ਨੇ ਵੱਡਾ ਸਾਰਾ ਹੌਕਾ ਭਰਿਆ। ਮੈਂ ਬੇਚੈਨ ਹੋ ਗਈ ਸਾਂ। ਵਾਤਾਵਰਣ ਬੜਾ
ਭਾਰੀ ਹੋ ਗਿਆ ਸੀ, ਸਾਹ ਲੈਣਾ ਔਖਾ ਹੋ ਰਿਹਾ ਸੀ। ਭਰਜਾਈ ਸ਼ਾਇਦ ਇਕਲ ਕਰਕੇ ਬਹੁਤ
ਦੁਖੀ ਹੈ ਜਾਂ ਸ਼ਾਦਿ ਜ਼ਿੰਦਗੀ ਪ੍ਰਤੀ ਰੁੱਖ ਹੀ ਨਾਂਹ ਪੱਖੀ ਹੋ ਗਿਆ ਹੈ। ਇਹਨੂੰ
ਹਰ ਬੰਦਾ ਆਪਣੇ ਵਿਰੁੱਧ ਲਗਦਾ ਹੈ। ਮੈਂ ਕਿਹਾ, ਤੁਸੀਂ ਤੇ ਕਿਰਨ ਮਿਲਕੇ ਚੰਗਾ ਵਕਤ ਬਿਤਾ ਸਕਦੀਆਂ ਹੋ, ਘਰ ਗ੍ਰਿਹਸਥੀ
ਵਿਚ ਛੋਟੀਆਂ ਮੋਟੀਆਂ ਗੱਲਾਂ ਤਾਂ ਹੁੰਦੀਆਂ ਹੀ ਰਹਿੰਦੀਆਂ ਹਨ ਪਰ ਦਿਲ ਵਿਚ ਗੰਢਾ
ਨਹੀਂ ਬੰਨ ਲਈ ਦੀਆ। ਦੋਵੇਂ ਸ਼ਾਮੀਂ ਇਕਠੀਆਂ ਬੈਠੀ, ਗਲਬਾਤ ਕਰੋ, ਇਕੱਠੇ ਚਾਹ
ਪਿਓ। ਮਾਰਕੀਟ ਜਾਓ…..। ਪਰ ਉਹ ਤਾਂ ਆਪਣੇ ਕਮਰੇ ਦਾ ਅੰਦਰਲਾ ਦਰਵਾਜ਼ਾ ਅਕਸਰ ਬੰਦ ਹੀ ਰਖਦੀ ਹੈ…..।
ਤੇ
ਭਰਜਾਈ ਜੀ ਫੁੱਟ ਫੁੱਟਕੇ ਰੋਣ ਲਗ ਪਏ। ਤਦੇ ਭਰਾ ਜੀ ਆ ਗਏ ਮੈਂ ਸੁੱਖ ਦਾ ਸਾਹ ਲਿਆ। ਲਗਦਾ ਸੀ ਕਿ ਉਹ ਸਾਡੇ ਚਿਹਰਿਆਂ
ਤੋਂ ਸਭ ਭਾਂਪ ਗਏ ਸਨ ਕਿ ਸਾਡੀਆਂ ਗੱਲਾਂ ਦਾ ਵਿਸ਼ਾ ਕੀ ਸੀ। ਭਰਜਾਈ ਰਸੋਈ ਵਿਚ ਲੰਚ ਤਿਆਰ ਕਰਨ ਚਲੀ ਗਈ ਤਾਂ ਮੈਂ ਭਰਾ ਜੀ ਨਾਲ ਗੱਲਾਂ ਕਰਨ ਲਗ
ਪਈ।
ਤੁਸੀਂ ਭਰਾ ਜੀ, ਤੁਸੀਂ ਕਦੀ ਦਿੱਲੀ ਨਹੀਂ ਆਉਂਦੇ?' ਬਹੁਤ ਘਟ ਬਹੁਤ ਮਜ਼ਬੂਰੀ ਵਿਚ। ਦੁਕਾਨ ਤੋਂ ਨਿਕਲਣਾ ਕਿੰਨਾ ਔਖਾ ਹੈ'।
ਸਾਨੂੰ ਨਹੀਂ ਕਦੇ ਮਿਲੇ?' ਮੇਰੀ ਆਵਾਜ਼ ਵਿਚ ਗਿਲਾ ਸੀ। ਕੀ ਮਿਲੀਏ। ਉਨ੍ਹਾਂ ਦੀ ਆਵਾਜ਼ ਵਿਚ ਉਦਾਸੀ ਸੀ। ਭਰਾ ਜੀ ਤਾਂ ਬਹੁਤ ਬੋਲਦੇ
ਹੁੰਦੇ ਸਨ। ਖੁਬ ਹਸਾਂਦੇ ਹੁੰਦੇ ਸਨ ਮੈਨੂੰ ਤੇ ਕਿਰਨ ਨੂੰ ਕਿੰਨਾਂ ਡਾਂਟਦੇ ਸਨ,
ਆਪਣੇ ਵੱਡੇ ਹੋਣ ਦਾ ਪੂਰਾ ਅਹਿਸਾਸ ਦਿਵਾਂਦੇ ਸਨ। ਸਾਨੂੰ ਪਤਾ ਹੁੰਦਾ ਸੀ ਕਿ
ਉਨ੍ਹਾਂ ਦਾ ਗੁੱਸਾ ਨਕਲੀ ਹੁੰਦਾ ਸੀ। ਅਸੀਂ ਝੱਟ ਹੀ ਉਨ੍ਹਾਂ ਨੂੰ ਮਨਾ ਲੈਂਦੀਆਂ
ਸਾਂ ਤੇ ਫਿਰ ਉਹ ਸਾਨੂੰ ਖੁਸ਼ ਕਰਨ ਲਈ ਪਿਕਚਰ ਵਿਖਾਣ ਲੈ ਜਾਂਦੇ ਹੁੰਦੇ ਸੀ। ਮੇਰੀ ਮਾਂ ਤੇ ਮਾਸੀ ਕਹਿੰਦੇ ਹੀ ਰਹਿੰਦੇ, ਤੂੰ ਇਨ੍ਹਾਂ ਕੁੜੀਆਂ ਨੂੰ ਸਿਰੇ
ਚੜ੍ਹਾਂ ਰਿਹੈ, ਵਿਗਾੜ ਰਹੇ ਹੋ' ਅਸੀਂ ਹਸਦੀਆਂ ਰਹਿੰਦੀਆਂ ਉਹ ਦਿਨ ਹੀ ਹਸਣ ਦੇ
ਸਨ। ਜਵਾਨੀ ਵਿਚ ਤਾਂ ਹਰ ਗੱਲ ਤੇ ਹਾਸਾ ਡੁਲ੍ਹ ਡੁਲ੍ਹ ਪੈਂਦੇ। ਉਹ ਚੋਟੇ ਛੋਟੇ
ਹਾਸੇ ਪਤਾ ਨਹੀਂ ਕਿਥੇ ਅਲੋਪ ਹੋ ਗਏ ਸਨ। ਭਰਾ ਜੀ ਹਸਣ ਲਗ ਪਏ। ਮੈਂ ਉਨ੍ਹਾਂ ਦੇ ਚਿਹਰੇ ਨੂੰ ਪੜ੍ਹਨ ਦੇ ਯਤਨ ਕਰਨ ਲਗ ਪਈ
ਪਰ ਕੁਝ ਸਮਝੀ ਨਹੀਂ ਕਿ ਉਹ ਨਕਲੀ ਹਾਸਾ ਸੀ ਜਾਂ…..ਤਦੇ ਕਿਰਨ ਆ ਗਈ'। ਰਾਤ ਨੂੰ ਜਦੋਂ ਸਭ ਸੌਣ ਚਲੇ ਗਏ ਤਾਂ ਮੈਂ ਤੇ ਕਿਰਨ ਇਕੱਲੇ ਹੀ ਰਹਿ ਗਏ, ਉਹਦੇ
ਕਮਰੇ ਵਿਚ। ਹੁਣ ਹੀ ਮੌਕਾ ਮਿਲਿਆ ਸੀ ਉਹਦੇ ਨਾਲ ਖੁਲ੍ਹ ਕੇ ਗੱਲਾਂ ਕਰਨ ਦਾ। ਮੇਰੇ ਅੰਦਰ ਜੋ
ਉਤਸੁਕਤਾ ਦੱਬੀ ਪਈ ਸੀ ਜਾਨਣ ਦੀ ਉਹਨੇ ਫਿਰ ਸਿਰ ਚੁੱਕ ਲਿ ਕਿ ਉਹਦਾ ਵਿਆਹ ਸਫਲ
ਕਿਉਂ ਨਹੀਂ ਹੋਇਆ ਪਰ ਇੰਜ ਸਿੱਧਾ ਹੀ ਇਹ ਪ੍ਰਸ਼ਾਨ ਪੁਛਣਾ ਕਿੰਨਾ ਬੇਹੂਦਾ ਸੀ। ਤੂੰ ਸਾਰਾ ਦਿਨ ਕੀ ਕਰਦੀ ਰਹਿੰਦੀ ਹੈ?' ਦੁਪਹਿਰ ਨੂੰ ਸਕੂਲ ਤੋਂ ਆਉਂਦੀ ਹਾਂ। ਕੁਝ ਦੇਰ ਸੌਂ ਜਾਂਦੀ ਹਾਂ। ਸ਼ਾਮ ਨੂੰ ਉਠਕੇ
ਚਾਰ ਬਣਾਂਦੀ ਹਾਂ ਤੇ ਫਿਰ ਟੀ ਵੀ ਲਗਾ ਲਿਆ, ਕਦੀ ਕੁਝ ਪੜ੍ਹ ਲਿਆ, ਰਾਤੀਂ ਫਿਰ
ਆਪਣੇ ਲਈ ਰੋਟੀ ਬਣਾ ਲਈ'। ਤੁਸੀਂ ਤਿੰਨ ਤੁਸੀਂ ਬੰਦੇ ਹੋ ਘਰ ਵਿਚ ਫਿਰ ਤੂੰ ਅੱਡ ਰੋਟੀ ਕਿਉਂ ਬਣਾਂਦੀ ਹੈ?'
ਬੰਦੇ ਚਾਹੇ ਕਿੰਨੇ ਹੋਈਏ ਜੇ ਦਿਲਾਂ ਦਾ ਮੇਲ ਨਹੀਂ ਤਾਂ….। ਉਸ ਇਕ ਠੰਡੀ ਆਹ
ਭਰੀ। ਚਾਹੇ ਮੈਂ ਬਿਮਾਰ ਪਈ ਹੋਵਾਂ, ਕੋਈ ਚਾਹ ਪੁਛਣ ਵਾਲਾ ਨਹੀਂ। ਜੇ ਭਰਾ ਜੀ ਇਧਰ ਆਉਣ
ਤਾਂ ਭਰਜਾਈ ਨੂੰ ਬੁਰਾ ਲਗ ਜਾਂਦਾ ਹੈ। ਮੈਂ ਤਾਂ ਭਰਾ ਜੀ ਨੂੰ ਬਹੁਤ ਵਾਰ ਕਹਿੰਦੀ
ਹਾਂ ਤੁਸੀਂ ਇਧਰ ਨਾ ਆਇਆ ਕਰੋ'। ਤੁਸੀਂ ਨਨਾਣ ਭਰਜਾਈ ਇਕੱਠੀਆਂ ਨਹੀਂ ਬੈਠਦੀਆਂ?' ਤੂੰ ਤਾਂ ਕਮਾਲ ਕਰਦੀ ਹੈ। ਉਹ ਮੇਰੀ ਸੂਰਤ ਵੇਖ ਕੇ ਰਾਜ਼ੀ ਨਹੀਂ। ਬਸ ਜਦੋਂ ਭਤੀਜਾ
ਭਤੀਜੀਆਂ ਆਉਂਦੀਆਂ ਹਨ ਤਾਂ ਸਾਰਾ ਟੱਬਰ ਜੁੜ ਬੈਠਦਾ ਹੈ। ਕਿੰਨੀ ਰੌਣਕ ਹੁੰਦੀ ਹੈ
ਇਹ ਵਿਹੜਾ ਖੁਸ਼ੀਆਂ ਨਾਲ ਭਰ ਜਾਂਦਾ ਹੈ। ਉਨ੍ਹਾਂ ਦੇ ਬੱਚਿਆਂ ਦੀਆਂ ਕਿਲਕਾਰੀਆ,
ਸ਼ਰਾਰਤਾਂ, ਤੋਤਲੀਆਂ, ਗੱਲਾਂ……ਬਸ ਮਜ਼ਾ ਹੀ ਆ ਜਾਂਦਾ ਏ। ਮੇਰਾ ਭਤੀਜਾ, ਭਤੀਜੀਆਂ
ਉਨ੍ਹਾਂ ਦੇ ਬੱਚੇ ਮੈਨੂੰ ਬਹੁਤ ਪਿਆਰ ਕਰਦੇ ਨੇ ਮੈਨੂੰ ਬਹੁਤ ਮੰਨਦੇ ਨੇ। ਬਸ ਇਹ
ਭਰਜਾਈ….ਇਹਨੂੰ ਪਤਾ ਨਹੀਂ ਮੇਰੇ ਨਾਲ ਕੀ ਵੈਰ ਏ। ਹੁਣ ਮੈਂ ਕਿਥੇ ਜਾਵਾਂ? ਮੇਰੀ
ਨੌਕਰੀ ਏਥੇ ਹੈ। ਇੰਨਾ ਵੱਡਾ ਮਕਾਨ ਹੁੰਦੇ ਹੋਏ ਮੈਂ ਕਿਤੇ ਹੋਰ ਕਿਰਾਏ ਤੇ ਜਗ੍ਹਾ
ਲਵਾਂ? ਫਿਰ ਬਿਲਕੁਲ ਇਕੱਲੇ ਰਹਿਣਾ ਉਹ ਵੀ ਔੌਰਤ ਲਈ ਕਿਹੜਾ ਸੇਫ ਹੈ। ਗਰਮੀਆਂ
ਦੀਆਂ ਛੁੱਟੀਆਂ ਵਿਚ ਮੈਂ ਛੋਟੇ ਭਰਾ ਜੀ ਕੋਲ ਕਲਕਤੇ ਚਲੀ ਜਾਂਦੀ ਹਾਂ। ਦੁਸਹਿਰੇ
ਦੀਆਂ ਛੁੱਟੀਆਂ ਵਿਚ ਤਾਇਆ ਜੀ ਕੋਲ…..'। ਤੇਰਾ ਇਥੇ ਕੋਈ ਸੋਸ਼ਲ ਸਰਕਲ ਨਹੀਂ?'
ਬਸ ਸਕੂਲ ਤਕ ਹੀ ਸੀਮਤ ਹੈ'।
ਤੂੰ ਆਪਣੇ ਕੁਲੀਗਜ਼ ਦੇ ਘਰ ਨਹੀਂ ਜਾਂਦੀ ਉਹ ਨਹੀਂ ਆਉਂਦੀਆਂ?' ਉਨਾਂ ਸਭ ਦੇ ਘਰ ਵਾਲੇ ਨੇ, ਬੱਚੇ ਨੇ। ਉਹ ਰੁਝੀਆਂ ਨੇ, ਆਪਣੇ ਘਰਾਂ ਵਿਚ ਆਪਣੀ
ਜ਼ਿੰਦਗੀ ਵਿਚ। ਮੇਰੀ ਇਕੱਲੀ ਜਾਨ। ਜੋ ਮੈਂ ਉਨ੍ਹਾਂ ਦੇ ਘਰਾਂ ਵਿਚ ਜ਼ਿਆਦਾ ਜਾਵਾਂ
ਤਾਂ ਉਨ੍ਹਾਂ ਨੂੰ ਖਤਰਾ ਲਗਦਾ ਹੈ…..। ਤੇ ਉਹ ਨਿੰਮਾ ਨਿੰਮਾ ਸ਼ਰਮਾਕਲ ਹਾਸਾ ਹੱਸੀ। ਇੰਜ ਹਸਦੇ ਹੋਏ ਮੈਨੂੰ ਯਾਦ ਨਹੀਂ
ਮੈਂ ਉਹਨੂੰ ਕਦੀ ਤਕਿਆ ਹੋਵੇ। ਉਹਦੇ ਦੁੱਧ ਚਿੱਟੇ ਦੰਦ, ਉਹਨੇ ਨੈਨ ਨਕਸ਼, ਉਹਦਾ
ਰਸਿਆ ਹੋਇਆ ਸ਼ਰੀਰ…..। ਉਹਦੇ ਵਿਚ ਹਾਲੇ ਵੀ ਕਿੰਨੀ ਖਿੱਚ ਸੀ। ਹਸਦੀ ਹੋਈ ਉਹ
ਕਿੰਨੀ ਦਿਲਕਸ਼ ਲਗਦੀ ਸੀ। ਖਤਰਾ ਤਾਂ ਸੱਚਮੁਚ ਹੀ ਹੈ। ਤੂੰ ਹਾਲੇ ਵੀ ਬੜੀ ਹਸੀਨ ਲਗਦੀ ਹੈ। ਤੂੰ ਆਪਣੀ
ਜਵਾਨੀ ਇੰਜ ਹੀ ਕਿਉਂ ਗਾਲ ਦਿੱਤੀ ਕਿਰਨ। ਤੂੰ ਚਾਹੁੰਦੀ ਤਾਂ ਦੁਬਾਰਾ ਸ਼ਾਦੀ ਕਰ
ਸਕਦੀ ਸੈ"। ਭਸ ਕਦੀ ਮਨ ਹੀ ਨਹੀਂ ਕੀਤਾ। ਭਰਾ ਜੀ ਕਹਿੰਦੇ ਹੀ ਰਹੇ। ਉਦੋਂ ਤਾਂ ਮਾਂ ਪਿਉ ਵੀ
ਜ਼ਿੰਦਾ ਸਨ।ਜਦੋਂ ਤਕ ਉਹ ਜ਼ਿੰਦਾ ਰਹੇ ਮੈਨੂੰ ਇਕਲੇ ਦਾ ਅਹਿਸਾਸ ਨਹੀਂ ਹੋਇਆ। ਹੁਣ
ਕਈ ਵਾਰ….ਜਦ ਸਭ ਬੱਚੇ ਆਉਂਦੇ ਨੇ ਤੇ ਆ ਕੇ ਚਲੇ ਜਾਂਦੇ ਨੇ ਤਾਂ ਉਨ੍ਹਾਂ ਦੀਆਂ
ਰੌਣਕਾਂ ਤੋਂ ਬਾਅਦ ਸੁੰਨਾਪਨ, ਚੁੱਪ ਸੰਨਾਟਾ ਕਾ ਜਾਂਦਾ ਏ'। ਭੱਸ ਕਦੀ ਮਨ ਹੀ ਨਹੀਂ ਕੀਤਾ। ਭਰਾ ਜੀ ਕਹਿੰਦੇ ਹੀ ਰਹੇ।ਉਦੋਂ ਤਾਂ ਮਾਂ ਪਿਉ ਵੀ
ਜ਼ਿੰਦਾ ਸਨ। ਜਦੋਂ ਤਕ ਉਹ ਜ਼ਿੰਦਾ ਰਹੇ ਮੈਨੂੰ ਇਕੱਲੇ ਦਾ ਅਹਿਸਾਸ ਨਹੀਂ ਹੋਇਆ।
ਹੁਣ ਕਈ ਵਾਰ……ਜਦ ਸਭ ਬੱਚੇ ਆਉਂਦੇ ਨੇ ਤੇ ਆ ਕੇ ਚਲੇ ਜਾਂਦੇ ਨੇ ਤਾਂ ਉਨ੍ਹਾਂ
ਦੀਆਂ ਰੌਣਕਾਂ ਤੋਂ ਬਾਅਦ ਸੁੰਨਾਪਨ, ਚੁੱਪ ਸੰਨਾਟਾ ਖਾ ਜਾਂਦਾ ਏ'। ਮੇਰੇ ਜਿਹਨ ਵਿਚ ਫਿਰ ਉਹੀ ਗੱਲ ਆ ਗਈ ਕਿ ਤੂੰ ਸੁਹਰੇ ਘਰ ਕਿਉਂ ਨਹੀਂ ਰਹਿ ਸਕੀ
ਪਰ ਮੈਂ ਉਹਨੂੰ ਪਰ੍ਹਾਂ ਧਕੇਲ ਦਿੱਤਾ, ਇਹ ਪਹਿਲਾਂ ਹੀ ਬਹੁਤ ਦੁਖੀ ਹੈ ਇਹਦੇ
ਜ਼ਖਮਾਂ ਨੂੰ ਕੁਰੇਦਣਾ ਸਹੀ ਨਹੀਂ।
ਤੇਰੇ ਭਰਜਾਈ ਜੀ ਵੀ ਤਾਂ ਬਹੁਤ ਇਕੱਲ ਮਹਿਸੂਸ ਕਰਦੇ ਨੇ'।
ਅਸੀਂ ਤਿੰਨੇ ਹੀ ਇਸ ਘਰ ਵਿਚ ਆਪਣਾ ਆਪਣਾ ਇਕੱਲ ਭੋਗ ਰਹੇ ਹਾਂ'।
ਮੇਰਾ ਮਨ ਭਾਰੀ ਸੀ। ਸਾਹ ਲੈਣਾ ਔਖਾ ਹੋ ਰਿਹਾ ਸੀ। ਇਹ ਆਪਣੇ ਕਮਰੇ ਦਾ ਅੰਦਰਲਾ ਦਰਵਾਜ਼ਾ ਖੋਲ੍ਹ ਕਿਉਂ ਨਹੀਂ ਦਿੰਦੀ। ਖੁਲ੍ਹਾਂ ਰਹੇਗਾ
ਤਾਂ ਕਦੀ ਭਰਜਾਈ ਇਧਰ ਆ ਜਾਵੇਗੀ ਕਦੀ ਤੂੰ ਉਧਰ ਚਲੀ ਜਾਵੇਗੀ ਸ਼ਾਮੀ ਮਿਲਕੇ ਬੈਠੋ,
ਚਾਹ ਪੀਵੋ….ਇਕ ਕਦਮ ਤੂੰ ਵਧਾ, ਇਕ ਉਹ ਵਧਾਣ…..ਹੌਲੀ ਹੌਲੀ ਮਨ ਦੇ ਭੀੜੇ ਦਰਵਾਜ਼ੇ
ਵੀ ਖੁਲ੍ਹਣ ਲਗ ਜਾਣਗੇ ਤੇ ਤੁਹਾਡੀ ਦੋਹਾਂ ਦੀ ਜ਼ਿੰਦਗੀ ਸੁਖਾਵੀਂ ਹੋ ਜਾਵੇਗੀ।
ਕਿਰਨ ਕੁਝ ਦੇਰ ਉਸ ਬੰਦ ਦਰਵਾਜ਼ੇ ਨੂੰ ਚੁਪ ਚਾਪ ਘੁਰਦੀ ਰਹੀ ਤੇ ਫਿਰ ਮੇਰਾ ਹੱਥ
ਫੜ੍ਹ ਉਸ ਚੁੰਮ ਲਿਆ। ਮੇਰੇ ਅੰਦਰ ਪਤਾ ਨਹੀਂ ਕਿਉਂ ਆਸ਼ਾ ਦੀ ਕਿਰਨ ਜਾਗ ਪਈ। ਹੁਣ ਮੇਰੀ ਉਤਸੁਕਤਾ ਨੇ ਫਿਰ ਆਪਣਾ ਸਿਰ ਚੁਕ ਲਿਆ।
ਕਿਰਨ ਸੁਹਰੇ ਘਰ ਤੇਰੀ ਕੀ ਸਮੱਸਿਆ ਸੀ ?'
ਤੈਨੂੰ ਪਤਾ ਨਹੀਂ?'
ਮੈਂ ਨਾਂਹ ਵਿਚ ਸਿਰ ਹਿਲਾ ਦਿੱਤਾ। ਬਸ ਉਥੇ ਅੰਦਰਲੇ ਦਰਵਾਜ਼ੇ ਬਹੁਤ ਹੀ ਮਜ਼ਬੂਤ ਸਨ ਜਿਨ੍ਹਾਂ ਨਾਲ ਮੈਂ ਬਹੁਤ ਦੇਰ ਸਿਰ
ਮਾਰਦੀ ਰਹੀ ਤੇ ਆਪ ਹੀ ਲਹੂ ਲੁਹਾਣ ਹੋ ਗਈ। ਉਹ ਦਰਵਾਜ਼ੇ ਟਸ ਤੋਂ ਮਸ ਨਾ ਹੋਏ ਤੇ
ਅਖੀਰ ਮੈਂ ਸਭ ਛਡਕੇ ਆ ਗਈ। ਕਿਰਨ ਨੇ ਪਾਸਾ ਪਰਤ ਲਿਆ। ਮੇਰਾ ਮਨ ਫਿਰ ਤੋਂ ਭਾਰੀ ਹੋ ਗਿਆ ਸੀ। ਮਨੁੱਖੀ ਮਨ ਦੇ
ਇਨ੍ਹਾਂ ਅੰਦਰਲੇ ਬੰਦ ਦਰਵਾਜ਼ਿਆਂ ਬਾਰੇ ਹੀ ਸੋਚਦੀ ਪਤਾ ਨਹੀਂ ਮੈਂ ਕਦੋ ਸੌਂ ਗਈ। |