ਆਮ ਤੌਰ 'ਤੇ ਪਰਵਾਰਾਂ ਵਿਚ ਭਾਵੇਂ ਜਿੰਨੇਂ ਮਰਜ਼ੀ
ਗੁੱਸੇ ਗਿਲੇ ਹੋ ਜਾਣ, ਪਰ ਘਰ ਆਏ ਮਹਿਮਾਨ ਨੂੰ ਦੁਰਕਾਰਨਾ ਸ਼ਿਸ਼ਟਾ-ਚਾਰ ਨਹੀਂ
ਮੰਨਿਆ ਜਾਂਦਾ। 'ਅੱਧੀ ਰਾਤ ਨੂੰ ਏਡੀ ਦੂਰੋਂ ਆਏ ਦੁਰਲੱਭ ਦੀ ਮਾਤਾ ਤੇ ਉਸਦਾ ਵੀਰ
ਕਿੱਥੇ ਜਾਣਗੇ?' ਅਨੂਪ ਨੇ ਸੋਚਿਆ, ਅਤੇ ਰਾਮੂੰ ਨੂੰ ਦੋਹਾਂ ਦੇ ਵਿਸ਼ਰਾਮ ਕਰਨ ਦੇ
ਪ੍ਰਬੰਧ ਵਿਚ ਲਗਾ ਦਿੱਤਾ। ਕਹਿਣ ਦੇ ਬਾਵਜੂਦ ਅਵਤਾਰ ਵਰਾਂਡੇ ਵਿਚ ਪਏ ਸੋਫ਼ੇ 'ਤੇ
ਹੀ ਸੌਣ ਲਈ ਰਾਜ਼ੀ ਹੋ ਗਿਆ। ਦੁਰਲੱਭ ਦੀ ਮਾਂ, ਆਪਣੀ ਬੇਟੀ ਦੇ ਪਲੰਘ 'ਤੇ ਹੀ ਉਸ
ਨਾਲ ਲੇਟ ਗਈ।
|
ਕਰਨੈਲ ਸਿੰਘ ਗਿਆਨੀ
|
'ਨਾਈਟ-ਲਾਈਟ' ਦੀ ਮੱਧਮ ਰੋਸ਼ਨੀ ਵਿਚ, ਹਾਰ ਸ਼ਿੰਗਾਰ ਕਰਕੇ ਸਜੀ ਸੰਵਰੀ ਬੇਟੀ
'ਤੇ ਅੰਤਾਂ ਦਾ ਰੂਪ ਚੜ੍ਹਿਆ ਵੇਖ ਵੇਖ ਉਹ ਗਦ ਗਦ ਹੋ ਰਹੀ ਸੀ। ਕਦੇ ਉਸਨੂੰ
ਚੁੰਮੇ, ਕਦੇ ਬਾਹਾਂ ਵਿਚ ਘੁੱਟ ਕੇ ਹਿੱਕ ਨਾਲ ਲਾਵੇ। ਉਸਦੀ ਹਮਦਰਦੀ ਨੂੰ ਜਿੱਤਣ
ਲਈ ਉਹ ਸਾਰੀ ਰਾਤ ਹੀ ਰੋਣ, ਡੁਸਕਣ ਦੇ ਖੇਖਨ ਕਰਦੀ ਰਹੀ। ਪਰ ਦੁਰਲੱਭ 'ਤੇ ਉਸਦਾ
ਜ਼ਰਾ ਵੀ ਅਸਰ ਨਹੀਂ ਹੋਇਆ ਜਾਪਦਾ ਸੀ।
ਅਨੂਪ ਤੇ ਬਿੱਲੋ ਦੇ ਅਟੁੱਟ ਪਿਆਰ ਦੀ ਝਲਕ ਵੇਖ ਕੇ, ਅਤੇ ਖੁਦਕਸ਼ੀ ਕਰਨ ਜਿਹੇ
ਗੰਭੀਰ ਫ਼ੈਸਲੇ ਬਾਰੇ ਸੁਣ ਕੇ ਇਕਬਾਲ ਨੂੰ ਲੱਗਾ ਕਿ ਸਿੱਧੀ ਉਂਗਲ ਨਾਲ ਘਿਓ ਨਹੀਂ
ਨਿਕਲਣਾ। ਉਸ ਨੇ ਆਪਣੇ 'ਤਿਰੀਆ-ਚਰਿੱਤਰ' ਦੇ ਗੁਣਾਂ ਦੀ ਗੁਥਲੀ ਫ਼ਰੋਲਣੀ ਸ਼ੁਰੂ ਕਰ
ਦਿੱਤੀ। ਪਤਾ ਨਹੀਂ ਉਹ ਸਵੇਰ ਤੱਕ ਬਿਨਾਂ ਅੱਖ ਲਾਇਆਂ, ਕਿਹੜੀ ਉਧੇੜਬੁਣ ਵਿਚ
ਲੱਗੀ ਰਹੀ ਹੋਵੇਗੀ।
"ਬੱਸ ਮੈਂ ਤਾਂ ਤੁਹਾਡੇ ਦੋਹਾਂ ਦਾ ਪਿਆਰ ਵੇਖ ਕੇ ਹਾਰ ਗਈ।" ਇਕਬਾਲ ਨੇ
ਸਵੇਰੇ ਬ੍ਰੇਕਫ਼ਾਸਟ ਦੀ ਮੇਜ਼ 'ਤੇ ਚਾਹ ਦਾ ਆਖ਼ਰੀ ਘੁੱਟ ਭਰਦਿਆਂ, ਆਸੇ ਪਾਸੇ ਬੈਠੇ
ਅਨੂਪ ਤੇ ਬਿੱਲੋ ਦੇ ਮੋਢਿਆਂ 'ਤੇ ਹੱਥ ਰੱਖਦੀ ਨੇ ਕਿਹਾ। "ਸੁਹਾਗ ਦੇ ਜੋੜੇ ਵਿਚ
ਮੇਰੀ ਧੀ ਏਨੀ ਸੋਹਣੀ ਲੱਗ ਰਹੀ ਹੈ, ਮੇਰੀ ਤਾਂ ਨਜ਼ਰ ਹੀ ਨਹੀਂ ਟਿਕਦੀ।" ਉਸਨੇ
ਬਿੱਲੋ ਦੀਆਂ ਗੱਲ੍ਹਾਂ ਨੂੰ ਉਂਗਲਾਂ ਦੇ ਪੋਟਿਆਂ ਨਾਲ ਪਲੋਸਦਿਆਂ ਮੁਸਕਰਾ ਕੇ
ਕਿਹਾ। "ਹੁਣ ਮੈਂ ਕੌਣ ਹੁੰਦੀ ਹਾਂ ਤੁਹਾਨੂੰ ਜੁਦਾ ਕਰਨ ਵਾਲੀ। ਜੁਗ ਜੁਗ ਜੀਓ।
ਅਨੂਪ ਬੇਟਾ! ਮੈਂ ਤਾਂ ਤੇਰੇ ਉੱਚੇ ਵਿਚਾਰਾਂ ਸਾਹਮਣੇ ਸਿਰ ਝੁਕਾਉਂਦੀ ਹਾਂ। ਹੁਣ
ਤੁਹਾਨੂੰ ਇਕ ਛੱਤ ਥੱਲੇ, ਅੱਡੋ ਅੱਡ ਸੌਂਦਿਆਂ ਨਹੀਂ ਵੇਖ ਸਕਦੀ। ਵਾਹਿਗੁਰੂ ਸਾਖੀ
ਹੈ, ਅੱਜ ਤੋਂ ਮੈਂ ਤੈਨੂੰ ਆਪਣੇ ਪੁੱਤਰ ਵਜੋਂ ਸਵੀਕਾਰ ਕਰਦੀ ਹਾਂ।"
ਅਨੂਪ ਨੂੰ ਬਿੱਲੋ ਦੀ ਮਾਂ ਦੇ ਰੁਖ ਵਿਚ ਅਚਾਨਕ ਆਏ ਬਦਲਾਉ ਬਾਰੇ ਵੇਖ ਕੇ
ਅਸਚਰਜ ਹੋ ਰਿਹਾ ਸੀ। ਪਰ ਨਾਲੋ ਨਾਲ ਇਹ ਵੀ ਸੋਚ ਰਿਹਾ ਸੀ ਕਿ ਸ਼ਾਇਦ ਇਹ ਸਭ ਉਸਦੇ
ਦ੍ਰਿੜ੍ਹ ਇਰਾਦੇ ਦਾ ਹੀ ਅਸਰ ਹੋਇਆ ਹੋਵੇ। ਇਕਬਾਲ ਨੇ ਫਿਰ ਤੋਂ ਆਪਣੀ ਗੱਲ ਸ਼ੁਰੂ
ਕੀਤੀ।
"ਸੋਚਦੀ ਹਾਂ ਜੇ ਕਚਹਿਰੀ ਵਿਚ ਸ਼ਾਦੀ ਕਰਨੀ ਚਾਹੋ ਤਾਂ ਦੁਰਲੱਭ ਦੀ ਨਾਬਾਲਗ਼
ਉਮਰ ਕਾਰਨ, ਕੋਰਟ ਨੇ ਤਾਂ ਅਜੇ ਸਾਲ ਭਰ ਮਨਜ਼ੂਰੀ ਨਹੀਂ ਦੇਣੀ।" ਉਸਨੇ ਦੋਹਾਂ ਦੇ
ਚਿਹਰੇ ਦੇ ਹਾਵ ਭਾਵ ਤਾੜਦੀ ਨੇ ਅਨੂਪ ਨੂੰ ਸੰਬੋਧਨ ਕਰਦਿਆਂ ਗੱਲ ਅੱਗੇ ਤੋਰੀ।
"ਉਂਜ ਜੇ ਏਥੋਂ ਦੇ ਗੁਰਦਵਾਰੇ ਵਿਚ ਲਾਂਵਾਂ-ਫੇਰੇ ਦਾ ਇੰਤਜ਼ਾਮ ਹੋ ਜਾਵੇ, ਤਾਂ ਕੀ
ਖਿਆਲ ਹੈ? ਕੀ ਤੁਹਾਡੇ ਅਮੀਰ ਮਾਂ ਬਾਪ ਨੂੰ ਇਸ ਤਰਾਂ ਦੀ ਛੋਟੀ ਜਿਹੀ ਰਸਮ ਪਰਵਾਨ
ਹੋਵੇਗੀ?" ਉਸਨੇ ਸ਼ਤਰੰਜ ਦਾ ਪਾਸਾ ਬੜੀ ਹੁਸ਼ਿਆਰੀ ਨਾਲ ਸੁੱਟਿਆ।
"ਮਾਂ ਜੀ, ਮੈਂ ਆਪਣੇ ਮੰਮੀ ਡੈਡੀ ਨੂੰ ਪਹਿਲਾਂ ਹੀ ਸਭ ਕੁਝ ਦੱਸ ਚੁੱਕਾ ਹਾਂ।
ਉਹ ਸਾਡੇ ਫ਼ੈਸਲੇ 'ਤੇ ਹੀ ਫੁੱਲ ਚੜ੍ਹਾਉਣਗੇ।"
"ਤਾਂ ਫੇਰ ਉਹਨਾਂ ਨੂੰ ਫ਼ੋਨ ਕਰਕੇ ਕਿਓਂ ਨਹੀਂ ਬੁਲਾ ਲੈਂਦਾ? ਮੈਨੂੰ ਤੱਤਕਾਲ ਹੀ
ਤੁਹਾਡੇ ਅਨੰਦ ਕਾਰਜ 'ਤੇ ਕੋਈ ਇਤਰਾਜ਼ ਨਹੀਂ ਹੈ।"
"ਥੈਂਕ-ਯੂ' ਮਾਂ ਜੀ।" ਅਨੂਪ ਨੇ ਬੜੇ ਸਤਿਕਾਰ ਨਾਲ ਉੱਠ ਕੇ ਦੁਰਲੱਭ ਦੀ ਮਾਂ
ਦੇ ਪੈਰੀਂ ਹੱਥ ਲਾਏ। ਇਕਬਾਲ ਨੂੰ ਉਸਦਾ ਤੀਰ ਨਿਸ਼ਾਨੇ 'ਤੇ ਲੱਗਾ ਹੋਣ ਦੀ ਪੂਰੀ
ਤਸੱਲੀ ਹੋਈ ਜਾਪਦੀ ਸੀ। ਪਰ ਦੁਰਲੱਭ ਆਪਣੀ ਮਾਂ ਦੀ ਫ਼ਿਤਰਤ ਤੋਂ ਪੂਰੀ ਤਰ੍ਹਾਂ
ਵਾਕਿਫ਼ ਸੀ। ਉਸਦੇ ਚਿਹਰੇ ਤੋਂ ਅਵਿਸ਼ਵਾਸ ਸਾਫ਼ ਝਲਕ ਰਿਹਾ ਸੀ। ਇਕਬਾਲ ਨੇ ਆਪਣੀ
ਵਾਰਤਾਲਾਪ ਜਾਰੀ ਰੱਖਦਿਆਂ ਫੇਰ ਕਿਹਾ, "ਮੇਰੇ ਵੱਡੇ ਵੀਰ ਸਰਦਾਰ ਸੂਰਤ ਸਿੰਘ ਵੀ
ਏਸੇ ਸ਼ਹਿਰ ਵਿਚ ਓਵਰਸੀਅਰ ਲੱਗੇ ਹੋਏ ਨੇ। ਏਥੇ ਸਿਰੀ ਨਗਰ ਰੋਡ 'ਤੇ ਰਹਿੰਦੇ ਹਨ।
ਉਹ ਤੈਨੂੰ ਮਿਲ ਕੇ ਬਹੁਤ ਖੁਸ਼ ਹੋਣਗੇ। ਲੈ ਅੱਜ ਤੈਨੂੰ ਉਹਨਾਂ ਦੇ ਪਰਵਾਰ ਨਾਲ
ਮਿਲਾ ਦਿਆਂ। ਬੜੀ ਖੁਸ਼ੀ ਦੀ ਗੱਲ ਹੈ, ਬਿੱਲੋ ਨੂੰ ਆਪਣੇ ਸੌਹਰਿਆਂ ਦੇ ਸ਼ਹਿਰ ਵਿਚ
ਆਉਣ ਜਾਣ ਲਈ ਇਕ ਹੋਰ ਘਰ ਮਿਲ ਜਾਵੇਗਾ। ਆਨੰਦ ਕਾਰਜ ਦਾ ਸਾਰਾ ਪ੍ਰਬੰਧ ਉਹਨਾਂ ਦੀ
ਕੋਠੀ ਵਿਚ ਹੀ ਕੀਤਾ ਜਾ ਸਕਦੈ। ਅਜੇ ਕਿਹੜਾ ਬਾਹਲੇ ਲੋਕਾਂ ਨੂੰ ਪਤਾ ਲੱਗਾ ਹੈ?
ਤੁਸੀਂ ਜੇ ਤਿਆਰ ਹੋ ਜਾਓ ਤਾਂ ਆਪਾਂ ਵੀਰ ਜੀ ਨੂੰ ਨਾਲ ਲੈ ਕੇ ਗੁਰਦਵਾਰੇ ਦੇ ਭਾਈ
ਜੀ ਨੂੰ ਮਿਲ ਲੈਂਦੇ ਹਾਂ। ਲੁਧਿਆਣੇ ਤੋਂ ਬਿੱਲੋ ਦੀ ਮਾਸੀ ਅਤੇ ਚਾਚਾ ਜੀ ਨੂੰ ਵੀ
ਤਾਰ ਦੇ ਕੇ ਤੁਰੰਤ ਬੁਲਾਇਆ ਜਾ ਸਕਦੈ। ਅੱਜ ਹੀ ਗਿਆਰ੍ਹਾਂ ਵਜੇ ਦੀ ਗੱਡੀ 'ਤੇ
ਜਾਕੇ ਅਵਤਾਰ, ਬਿੱਲੋ ਦੇ ਡੈਡੀ ਤੇ ਗੁਰਲਾਭ ਨੂੰ ਅਛਨੇਰੇ ਤੋਂ ਲੈਣ ਚਲਾ ਜਾਵੇ।
ਸਾਰੀ ਗੱਲ ਚੁੱਪ ਚੁਪੀਤੇ ਨਜਿੱਠੀ ਜਾਵੇ ਤਾਂ ਸਾਡਾ ਵੀ ਸਮਾਜ ਵਿਚ ਨੱਕ ਰਹਿ
ਜਾਵੇਗਾ।"
ਜਿਵੇਂ ਅਚਾਨਕ ਹੋ ਰਹੀ ਇਹ ਸਾਰੀ ਗੱਲ, ਬਿੱਲੋ ਦੇ ਸੰਘ ਹੇਠਾਂ ਨਹੀਂ ਸੀ ਉੱਤਰ
ਰਹੀ। ਚਾਹ ਵਿੱਚੇ ਛੱਡ ਕੇ ਉਸਨੇ ਆਪਣਾ ਤੌਖਲਾ ਜ਼ਾਹਰ ਕਰਨ ਲਈ, ਇਸ਼ਾਰੇ ਨਾਲ ਅਨੂਪ
ਨੂੰ ਆਪਣੇ ਕਮਰੇ ਵਿਚ ਬੁਲਾਇਆ। ਕਿੰਨਾਂ ਚਿਰ ਹੀ ਆਪਣੇ ਪਿਆਰ ਦੇ ਵਿੱਛੜ ਜਾਣ ਦੇ
ਡਰ ਤੋਂ ਉਸਦੇ ਤਰਲੇ ਕਰਦੀ ਰਹੀ।
"ਇਹ ਕੀ ਹੋ ਰਿਹੈ, ਅਨੂਪ? ਮੈਨੂੰ ਤਾਂ ਦਾਲ ਵਿਚ ਕੁਝ ਕਾਲਾ ਨਜ਼ਰ ਆਉਂਦੈ।
ਲਗਦੈ ਤੁਸੀਂ ਇਹਨਾਂ ਦੀਆ ਚਾਲਾਂ ਵਿਚ ਫਸ ਰਹੇ ਓ। ਮੈਂ ਖਬਰਦਾਰ ਕਰ ਰਹੀ ਹਾਂ।
ਮੰਮੀ ਦੀਆਂ ਮਿੱਠੀਆਂ ਪਿਆਰੀਆਂ ਗੱਲਾਂ ਵਿਚ ਨਾ ਆ ਜਾਇਓ। ਬਹੁਤ ਪਛਤਾਓਂਗੇ।"
"ਬਿੱਲੋ, ਹੌਸਲਾ ਰੱਖ। ਦਰਅਸਲ ਮੈ ਏਸੇ ਘੜੀ ਦਾ ਤਾਂ ਇੰਤਜ਼ਾਰ ਕਰ ਰਿਹਾ ਸਾਂ।
ਮਾਂ ਜੀ ਠੀਕ ਹੀ ਕਹਿ ਰਹੇ ਨੇ। ਇਸ ਹਾਲਤ ਵਿਚ ਜਦੋਂ 'ਕੋਰਟ-ਮੈਰੇਜ' ਨਹੀਂ ਹੋ
ਸਕਣੀ, ਤਾਂ ਉਹਨਾਂ ਵੱਲੋਂ ਅਸ਼ੀਰਵਾਦ ਮਿਲਣ ਦਾ ਏਹੀ ਇਕੋ ਇਕ ਰਸਤਾ ਹੈ। ਤੇਰੇ
ਸਾਹਮਣੇ ਉਹਨਾਂ ਵਾਹਿਗੁਰੂ ਦੀ ਸੌਂਹ ਵੀ ਤਾਂ ਖਾਧੀ ਹੈ। ਨਾਲੇ ਤੂੰ ਕਿਹੜਾ ਅਜਮੇਰ
ਤੋਂ ਬਾਹਰ ਜਾ ਰਹੀ ਹੈਂ? ਬੱਸ ਦੋ ਚਾਰ ਦਿਨਾਂ ਦੀ ਤਾਂ ਗੱਲ ਹੀ ਹੈ…।"
ਸਟੇਸ਼ਨ ਦੇ ਅੱਡੇ ਤੋਂ ਰਾਮੂੰ ਟੈਕਸੀ ਲੈ ਆਇਆ। ਸਿਰੀ ਨਗਰ ਰੋਡ ਤੋਂ ਬਿੱਲਾ ਦੇ
ਮਾਮਾ ਜੀ ਨੂੰ ਨਾਲ ਲੈ ਕੇ ਉਹ 'ਭਜਨ ਗੰਜ' ਮਹੱਲੇ ਵਿਚ ਸਥਿਤ ਗੁਰਦਵਾਰਾ ਸਾਹਿਬ
ਪਹੁੰਚ ਗਏ।
"ਸਾਰਿਆਂ ਨੇ ਅੰਦਰ ਜਾ ਕੇ ਕੀ ਕਰਨੈ? ਵੀਰ ਜੀ, ਤੁਸੀਂ ਅਨੂਪ ਨੂੰ ਨਾਲ
ਲਿਜਾਕੇ ਭਾਈ ਜੀ ਨਾਲ ਅਨੰਦ ਕਾਰਜ ਦੀ ਰਸਮ ਅਤੇ ਕੀਰਤਨੀ ਜਥੇ ਦੇ ਇੰਤਜ਼ਾਮ ਲਈ ਗੱਲ
ਬਾਤ ਕਰ ਆਓ। ਖਰਚੇ ਬਾਰੇ ਕੋਈ ਫ਼ਿਕਰ ਨਾ ਕਰਨਾ। ਅਵਤਾਰ ਬੇਟਾ, ਮੈਨੂੰ ਤ੍ਰੇਹ
ਲੱਗੀ ਹੈ। ਜਾਹ, ਔਹ ਨੁੱਕਰ 'ਤੇ ਖਲ੍ਹੋਤੀ ਰੇਹੜੀ ਤੋਂ ਸੋਡ੍ਹੇ ਦੀਆਂ ਦੋ ਬੋਤਲਾਂ
ਫੜ ਲਿਆ।" ਗਲੀ ਵਿਚ ਪਾਰਕ ਕੀਤੀ ਕਾਰ ਵਿਚ ਬੈਠੀ ਇਕਬਾਲ ਨੇ ਉਸ ਨੂੰ ਵੀਹ ਰੁਪਏ
ਦਾ ਨੋਟ ਦਿੰਦਿਆਂ ਆਖਿਆ, ਤੇ ਪਿਛਲੀ ਸੀਟ 'ਤੇ ਉਸਦੇ ਨਾਲ ਢੁੱਕ ਕੇ ਬੈਠੀ ਬਿੱਲੋ
ਦੇ ਵਾਲਾਂ ਵਿਚ ਉਂਗਲਾਂ ਫੇਰਨ ਲੱਗ ਪਈ।
ਅੱਧੇ ਘੰਟੇ ਪਿੱਛੋਂ ਜਦੋਂ ਅਨੂਪ ਤੇ ਬਿੱਲਾ ਦੇ ਮਾਮਾ ਜੀ ਗ੍ਰੰਥੀ ਸਿੰਘ
ਹੋਰਾਂ ਨਾਲ ਗੁਰਦਵਾਰੇ ਤੋਂ ਬਾਹਰ ਆਏ ਤਾਂ ਟੈਕਸੀ ਓਥੇ ਨਾ ਖਲ੍ਹੋਤੀ ਵੇਖ ਕੇ
ਹੈਰਾਨ ਰਹਿ ਗਏ। ਅਨੂਪ ਦਾ ਮੱਥਾ ਠਣਕਿਆ।
"ਹੋ ਸਕਦੈ, ਡਰਾਈਵਰ ਨੇ ਗੱਡੀ ਨਾਲ ਦੀ ਗਲੀ ਵਿਚ ਜਾ ਖੜ੍ਹੀ ਕੀਤੀ ਹੋਵੇ।"
ਏਨਾ ਕਹਿ ਕੇ ਭਾਈ ਸਾਹਿਬ ਵਾਪਸ ਅੰਦਰ ਚਲੇ ਗਏ।
ਅਨੂਪ ਨੂੰ ਸਮਝ ਨਹੀਂ ਸੀ ਆ ਰਹੀ ਕਿ ਉਹ ਕੀ ਕਰੇ। ਅਚਾਨਕ ਉਸ ਨੇ ਘੜੀ ਵਿਚ
ਪੌਣੇ ਗਿਆਰ੍ਹਾਂ ਵਜੇ ਦਾ ਟਾਈਮ ਵੇਖਿਆ ਤਾਂ ਜਿਵੇਂ ਉਸਦੀ ਹੂਕ ਨਿਕਲ ਗਈ। ਉਹ ਸਮਝ
ਗਿਆ ਕਿ ਉਸ ਨਾਲ ਧੋਖਾ ਹੋਇਆ ਹੈ। ਰੇਲਵੇ ਸਟੇਸ਼ਨ ਦੋ ਮੀਲ ਦੀ ਦੂਰੀ 'ਤੇ ਸੀ।
ਕਿਧਰੇ ਕੋਈ ਟੈਕਸੀ ਜਾਂ ਥਰੀ-ਵ੍ਹੀਲ਼ਰ ਨਾ ਲੰਘਦਾ ਵੇਖ ਕੇ ਉਸਨੇ ਬਿੱਲੋ ਦੇ ਮਾਮੇ
ਨਾਲ ਹੱਥ ਮਿਲਾਇਆ, ਤੇ ਸਟੇਸ਼ਨ ਵੱਲ ਨੱਠ ਪਿਆ। ਸਾਹੋ ਸਾਹ ਪਲੇਟਫ਼ਾਰਮ 'ਤੇ ਪੁੱਜਾ
ਤਾਂ ਪਤਾ ਲੱਗਾ ਕਿ ਅਛਨੇਰੇ ਜਾਣ ਵਾਲੀ ਗਿਆਰ੍ਹਾਂ ਵਜੇ ਦੀ ਗੱਡੀ ਹੁਣੇ ਹੁਣੇ ਜਾ
ਚੁੱਕੀ ਸੀ। ਇਕ ਹਾਰੇ ਹੋਏ ਜੁਆਰੀ ਵਾਂਗ ਅਨੂਪ ਹੱਥ ਮਲਦਾ ਰਹਿ ਗਿਆ। ਪਿਛਲੇ ਹਫ਼ਤੇ
ਦੀਆਂ ਘਟਨਾਵਾਂ ਉਹਦੀਆਂ ਗ਼ਮਗ਼ੀਨ ਅੱਖਾਂ ਸਾਹਮਣੇ ਆ ਆ ਕੇ ਉਸਦਾ ਹਿਰਦਾ ਵਲੂੰਧਰ
ਜਾਂਦੀਆਂ। ਲਗਦਾ ਸੀ ਉਸ ਦੇ ਅੱਥਰੂ ਜਿਵੇਂ ਸੁੱਕ ਹੀ ਗਏ ਹੋਣ।
'ਇਹ ਕੀ ਹੋ ਗਿਆ ਰੱਬਾ? ਮੇਰੀ ਬਿੱਲੋ 'ਤੇ ਕੀ ਬੀਤ ਰਹੀ ਹੋਵੇਗੀ।" ਉਹਨੂੰ ਉਸ ਦੇ
ਕਹੇ ਸ਼ਬਦ ਮੁੜ ਮੁੜ ਯਾਦ ਆ ਰਹੇ ਸਨ। "ਬਹੁਤ ਪਛਤਾਓਂਗੇ, ਅਨੂਪ।"
ਘੋਰ 'ਡਿਪਰੈਸ਼ਨ' ਦੀ ਹਾਲਤ ਵਿਚ ਹਰ ਵੇਲੇ ਉਹ ਆਪਣੇ ਆਪ ਨਾਲ ਗੱਲਾਂ ਕਰਨ ਅਤੇ
ਅਜੀਬ ਅਜੀਬ ਹਰਕਤਾਂ ਕਰਨ ਲੱਗ ਪਿਆ। ਉਸਦੀ ਡਾਂਵਾਂਡੋਲ ਸਥਿਤੀ ਨੂੰ ਵੇਖ ਕੇ
ਰਾਮੂੰ ਨੂੰ ਕੋਈ ਅਨਹੋਣੀ ਵਾਪਰ ਜਾਣ ਦਾ ਡਰ ਭਾਸ ਰਿਹਾ ਸੀ। ਉਹਨੇ ਉਸਤੋਂ ਚੋਰੀ,
ਉਸਦੇ ਪਿਤਾ ਜੀ ਨੂੰ ਉਦੇਪੁਰ ਫ਼ੋਨ ਕਰਵਾਕੇ ਉਸਦੀ ਹਾਲਤ ਬਾਰੇ ਖ਼ਬਰ ਕਰ ਦਿੱਤੀ।
ਅਨੂਪ ਦੇ ਮੰਮੀ ਡੈਡੀ, ਜਵਾਨ ਬੇਟੇ ਦੀ ਅਚਾਨਕ ਵਿਗੜ ਰਹੀ ਮਾਨਸਿਕ ਹਾਲਤ ਤੋਂ
ਬੇਹੱਦ ਚਿੰਤਤ ਸਨ। ਕਿਸੇ ਸਨੇਹੀ ਦੀ ਸਲਾਹ 'ਤੇ ਉਹਨਾਂ ਨੇ ਇਕ ਮਨੋ-ਵਿਗਿਆਨ ਦੇ
ਮਾਹਰ ਨਾਲ ਮਸ਼ਵਰਾ ਕੀਤਾ। ਜਿਸਨੇ ਸੁਝਾਉ ਦਿੱਤਾ ਕਿ ਉਸ ਨੂੰ ਇਕੱਲਿਆਂ ਨਾ ਛੱਡਿਆ
ਜਾਵੇ। ਉਸ ਲਈ ਕਰੀਬੀ ਰਿਸ਼ਤੇਦਾਰਾਂ, ਮਿੱਤਰਾਂ ਦਾ ਮੇਲ ਜੋਲ ਕਾਫ਼ੀ ਲਾਹੇਵੰਦ ਹੋ
ਸਕਦਾ ਹੈ। ਹੋ ਸਕੇ ਤਾਂ ਕੋਈ ਅਧਿਆਤਮਕ ਵਾਤਾਵਰਣ ਪੈਦਾ ਕੀਤਾ ਜਾਵੇ, ਜਿਸ ਵਿਚ
'ਈਸ਼ਵਰ ਦਾ ਭਾਣਾ' ਮੰਨਣ ਜਿਹੀ ਵਿਚਾਰਧਾਰਾ ਉਜਾਗਰ ਹੁੰਦੀ ਦਿਸੇ।
ਸਮਾਂ ਪਾਕੇ, ਅਨੂਪ ਦੀ ਮਾਨਸਿਕ ਹਾਲਤ ਸੁਧਰਨੀ ਸ਼ੁਰੂ ਹੋ ਗਈ। ਉਸਨੇ ਆਪਣੇ
ਕੰਮਕਾਰ ਵਿਚ ਮਨ ਲਗਾਉਣਾ ਸ਼ੁਰੂ ਕਰ ਦਿੱਤਾ। ਟੂਰ 'ਤੇ ਜਾਣ ਵੇਲੇ ਵੀ ਰਾਮੂੰ ਉਸਦੇ
ਨਾਲ ਹੀ ਜਾਂਦਾ। ਦੋ ਕੁ ਸਾਲਾਂ ਵਿਚ, ਡਿਸਟ੍ਰਿਕਟ ਅਕਾਊਂਟਸ ਆਫ਼ੀਸਰ ਵਜੋਂ ਤਰੱਕੀ
ਹੋਣ 'ਤੇ ਉਸਦਾ ਤਬਾਦਲਾ 'ਆਬੂ-ਰੋਡ' ਹੋ ਗਿਆ।
ਅਨੂਪ ਦੇ ਬੰਗਲੇ ਤੋਂ ਉਸ ਨੂੰ ਦਫ਼ਤਰ ਜਾਣ ਲਈ ਰੇਲਵੇ ਸਟੇਸ਼ਨ ਵਿੱਚੋਂ ਦੀ ਲੰਘ
ਕੇ ਜਾਣਾ ਪੈਂਦਾ ਸੀ। ਇਕ ਦਿਨ ਰੇਲਵੇ ਪਲੇਟਫ਼ਾਰਮ ਦੇ 'ਓਵਰ-ਬਿੱ੍ਰਜ' ਤੋਂ
ਉਤਰਦਿਆਂ ਉਸ ਨੂੰ ਬਿੱਲੋ ਦੀ ਨੁਹਾਰ ਦੀ ਇਕ ਇਸਤਰੀ ਦੂਜੇ ਪਾਸਿਉਂ ਤੁਰੀ ਆਉਂਦੀ
ਦਿਸੀ। ਕੋਲ ਪਹੁੰਚੀ ਤਾਂ ਉਹ ਸੱਚਮੁਚ ਦੁਰਲੱਭ ਹੀ ਸੀ। ਪਰ ਉਸਦੇ ਪੇਟ ਦੇ ਉਭਾਰ
ਤੋਂ ਉਹ ਗਰਭਵਤੀ ਜਾਪ ਰਹੀ ਸੀ। ਬਿਹਬਲਤਾ ਵਿਚ ਅਨੂਪ ਨੇ, ਪੋਲੇ ਜਿਹੇ ਹੱਥਾਂ ਨਾਲ
ਉਸਨੂੰ ਮੋਢੇ ਤੋਂ ਫੜ ਕੇ ਖਲ੍ਹਾਰ ਲਿਆ। ਤਿੰਨ ਵਰ੍ਹਿਆਂ ਤੋਂ ਵਿੱਛੜੇ ਆਪਣੇ
ਪ੍ਰੀਤਮ ਨੂੰ ਵੇਖ ਕੇ ਉਹ ਹੈਰਾਨ ਰਹਿ ਗਈ। ਸੇਜਲ ਅੱਖਾਂ ਨਾਲ ਤੱਕਦੀ ਨੇ ਜਿਵੇਂ
ਆਦਰ ਪ੍ਰਦਰਸ਼ਿਤ ਕਰਨ ਹਿਤ, ਉਸਦੇ ਪੈਰਾਂ ਵੱਲ ਝੁਕਣ ਦੀ ਕੋਸ਼ਿਸ਼ ਕੀਤੀ।
"ਨਹੀਂ ਬਿੱਲੋ, ਤੇਰੀ ਥਾਂ ਤਾਂ ਮੇਰੇ ਦਿਲ ਵਿਚ ਹੈ…।" ਅਨੂਪ ਨੇ ਉਸਦੇ ਹੱਥਾਂ
ਨੂੰ ਰਾਹ ਵਿਚ ਰੋਕਦਿਆਂ ਕਿਹਾ। "ਕਿੱਥੇ ਗੁਆਚੀ ਰਹੀ ਤੂੰ ਹੁਣ ਤੱਕ…?" ਉਹ ਉਸਨੂੰ
ਬਾਹਾਂ ਵਿਚ ਘੁੱਟ ਲੈਣਾ ਚਾਹੁੰਦਾ ਸੀ।
ਇਸ ਤੋਂ ਪਹਿਲਾਂ ਕਿ ਉਹ ਕੁਝ ਬੋਲਦੀ. 'ਵੇਟਿੰਗ-ਰੂਮ' ਵੱਲੋਂ ਉਸਦੀ ਮਾਂ
ਉਹਨਾਂ ਵੱਲ ਆਉਂਦੀ ਦਿਸੀ। ਉਸ ਦੇ ਮੱਥੇ 'ਤੇ ਪਈਆਂ ਤਿਊੜੀਆਂ ਵੇਖ ਕੇ ਅਨੂਪ ਜ਼ਰਾ
ਸਤਰਕ ਹੋ ਗਿਆ। ਇਕਬਾਲ ਨੇ ਮਜ਼ਬੂਤੀ ਨਾਲ ਦੁਰਲਭ ਨੂੰ ਬਾਂਹੋਂ ਫੜਿਆ ਤੇ ਪਲੇਟਫ਼ਾਰਮ
ਤੋਂ ਬਾਹਰ ਨਿੱਕਲ ਗਈ।
ਅੱਖ ਦੇ ਫੋਰ ਵਿਚ ਤਿੰਨ ਸਾਲ ਪਹਿਲਾਂ ਦੀ ਕਹਾਣੀ ਉਸਦੀਆਂ ਨਜ਼ਰਾਂ ਅੱਗੋਂ, ਇਕ
'ਫ਼ਲੈਸ਼' ਵਾਂਗ ਲੰਘ ਗਈ। "ਅਨੂਪ, ਮੈਂ ਹਾੜ੍ਹੇ ਕੱਢਦੀ ਹਾਂ, ਜੇ ਇਹਨਾ ਦੇ
ਭੁਚਲਾਵੇ ਵਿਚ ਆਕੇ ਤੁਸੀਂ ਮੇਰੇ ਜਾਣ 'ਤੇ ਰਾਜ਼ੀ ਹੋ ਗਏ ਤਾਂ ਇਹਨਾਂ ਨੇ ਮੈਨੂੰ
ਵਾਪਸ ਨਹੀਂ ਜੇ ਆਉਣ ਦੇਣਾ। ਬਹੁਤ ਪਛਤਾਓਂਗੇ।" ਉਸਨੂੰ ਉਹ ਲੇਲ੍ਹੜੀਆਂ ਬਾਰ ਬਾਰ
ਯਾਦ ਆ ਰਹੀਆਂ ਸਨ। ਕਿੰਨਾ ਚਿਰ ਉਹ ਸੁੰਨ ਹੋਇਆ ਪਲੇਟਫ਼ਾਰਮ 'ਤੇ ਖਲੋਤਾ ਰਿਹਾ।
ਅਜੇ ਤੱਕ ਅਨੂਪ ਇਹੀ ਸੋਚਦਾ ਸੀ ਕਿ ਸ਼ਾਇਦ ਕੋਈ ਕਰਾਮਾਤ ਹੋ ਜਾਵੇ ਤੇ ਉਸਦਾ
ਪਿਆਰ ਮੁੜ ਕੇ ਉਹਦੀ ਝੋਲੀ ਪੈ ਜਾਵੇ। ਹੁਣ ਤਾਈ ਤਾਂ ਦੁਰਲਭ ਦੀ ਉਮਰ ਵੀ ਬਾਲਿਗ਼
ਹੋ ਗਈ ਸੀ। ਪਰ ਅੱਜ ਦੀ ਇਸ ਝਾਕੀ ਪਿੱਛੋਂ ਉਸ ਦੀਆਂ ਸਾਰੀਆਂ ਉਮੀਦਾਂ 'ਤੇ ਪਾਣੀ
ਫਿਰ ਗਿਆ। ਉਸਨੂੰ ਲੱਗਾ ਕਿ ਉਸਨੂੰ ਆਪਣੇ ਮਾਤਾ ਪਿਤਾ ਵੱਲੋਂ ਦਿੱਤਾ ਵਿਆਹ ਦਾ
ਸੁਝਾਉ ਹੁਣ ਪਰਵਾਨ ਕਰ ਲੈਣਾ ਚਾਹੀਦਾ ਹੈ।
ਆਖਿਰ ਅਨੂਪ ਦਾ ਵਿਆਹ ਦਿੱਲੀ ਦੀ ਇਕ ਸੁਸ਼ੀਲ ਡਾਕਟਰ ਲੜਕੀ ਜਸਪ੍ਰੀਤ ਨਾਲ ਹੋ
ਗਿਆ। ਵਿਆਹੁਤਾ ਜੀਵਨ ਦੇ ਆਰੰਭ ਵਿਚ, ਉਹ ਕਾਫ਼ੀ ਰੀਜ਼ਰਵ ਰਹਿਣ ਲੱਗਾ, ਅਤੇ ਆਪਣੀ
ਪਤਨੀ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਆਪਣੇ ਦਿਲ ਦੀ ਗੱਲ ਕਿਸੇ ਨਾਲ ਸਾਂਝੀ
ਨਹੀਂ ਸੀ ਕਰਦਾ। ਹੌਲੀ ਹੌਲੀ ਉਸ ਲੜਕੀ ਦੀ ਸੁੰਦਰਤਾ, ਨਿੱਘੇ ਸੁਭਾਉ ਅਤੇ ਅਛੂਤੇ
ਪਿਆਰ ਨੇ ਅਨੂਪ ਦੇ ਬੁਲ੍ਹਾਂ 'ਤੇ ਫੇਰ ਖੇੜਾ ਲੈ ਆਂਦਾ। ਸਹਿਜੇ ਸਹਿਜੇ ਅਤੀਤ
ਦੀਆਂ ਯਾਦਾਂ ਧੁੰਦਲੀਆਂ ਹੁੰਦੀਆਂ ਚਲੀਆਂ ਗਈਆਂ।
ਵਿਆਹ ਤੋਂ ਦੋ ਸਾਲਾਂ ਬਾਅਦ ਉਹਨਾਂ ਦੇ, ਇਕ ਮਲੂਕ ਜਿਹੀ ਬੇਟੀ ਪੈਦਾ ਹੋਈ।
ਅੰਤਾਂ ਦੀ ਖੁਬਸੂਰਤ ਇਸ ਬੇਬੀ ਨੂੰ, ਹਸਪਤਾਲ ਦੇ ਦੂਸਰੇ ਵਾਰਡਾਂ ਦੇ ਡਾਕਟਰ ਅਤੇ
ਨਰਸਾਂ ਵੀ ਉਚੇਚਾ ਆ ਆ ਕੇ ਵੇਖਣ। ਫੁੱਲ ਦੀਆਂ ਪੰਖੜੀਆਂ ਵਾਂਗ ਕੋਮਲ ਗੁਲਾਬੀ
ਗੱਲ੍ਹਾਂ, ਚੀਚ ਵਹੁਟੀ ਵਰਗੇ ਲਾਲ ਲਾਲ ਬੁੱਲ੍ਹ। 'ਸਟਾਫ਼-ਨਰਸਾਂ', ਲਾਡ ਨਾਲ ਉਸ
ਨੂੰ ਪੁਸ਼ਪ ਦੇ ਨਾਮ ਨਾਲ ਬੁਲਾਉਂਦੀਆਂ, ਜਿਹੜਾ ਉਸਦੇ ਵੱਡਿਆਂ ਹੋਣ 'ਤੇ ਪੁਸ਼ਪਿੰਦਰ
ਹੋ ਗਿਆ।
ਪੁਸ਼ਪਿੰਦਰ ਛੋਟੀ ਉਮਰ ਤੋਂ ਹੀ ਬੜੀ ਚੁਸਤ ਹੁੰਦੀ ਸੀ। ਪੜ੍ਹਾਈ ਦੇ ਨਾਲ ਨਾਲ,
ਖੇਡਾਂ ਵਿਚ ਵੀ ਕਿੰਨ੍ਹੇ ਸਾਰੇ ਇਨਾਮ ਜਿੱਤ ਕੇ ਲਿਆਉਂਦੀ। ਫੇਰ ਜਦੋਂ ਉਸ ਨੇ
ਦਸਵੀਂ ਦੀ ਪ੍ਰੀਖਿਆ ਪਾਸ ਕੀਤੀ, ਤਾਂ ਉਹ ਸਰਵੋਤਮ ਐਥਲੀਟ ਵਜੋਂ ਵੀ ਸਨਮਾਨਿਤ
ਹੋਈ।
ਮਾਂ ਬਾਪ ਦੀ ਰੀਝ ਸੀ ਕਿ ਉਹਨਾਂ ਦੀ ਬੇਟੀ ਵੀ ਆਪਣੀ ਮਾਂ ਵਾਂਗ ਡਾਕਟਰੀ ਸਿੱਖਿਆ
ਗ੍ਰਹਿਣ ਕਰ ਸਕੇ। ਪਰ 'ਪ੍ਰੀ-ਮੈਡੀਕਲ' ਵਿਚ ਚੰਗੇ ਨੰਬਰ ਨਾ ਆਉਣ ਕਰਕੇ ਉਸ ਨੇ
'ਬੀ.ਐਸ.ਨਰਸਿੰਗ' ਵਿਚ ਹੀ ਦਾਖ਼ਲ਼ਾ ਲੈ ਲਿਆ।
ਅਨੂਪ ਜਦੋਂ ਸੀਨੀਅਰ ਅਕਾਊਂਟਸ ਅਫ਼ਸਰ ਹੋ ਕੇ ਜੈਪੁਰ ਤਬਦੀਲ ਹੋ ਗਿਆ ਤਾਂ ਉਸਦੀ
ਪਤਨੀ ਨੇ ਵੀ ਰੇਲਵੇ ਹਸਪਤਾਲ ਵਿਚ ਟਰਾਂਸਫ਼ਰ ਕਰਵਾ ਲਈ। ਗ੍ਰੈਜੂਏਸ਼ਨ ਉਪ੍ਰੰਤ
ਪੁਸ਼ਪਿੰਦਰ ਨੂੰ ਵੀ ਜੈਪੁਰ ਦੇ 'ਸਵਾਏ ਮਾਨ ਸਿੰਘ ਹਸਪਤਾਲ' ਵਿਚ 'ਆਪਰੇਸ਼ਨ-ਥੀਏਟਰ'
ਨਰਸ ਵਜੋਂ ਕੰਮ ਕਰਨ ਦਾ ਅਵਸਰ ਮਿਲ ਗਿਆ। ਨਰਸਾਂ ਤਾਂ ਓਥੇ ਹੋਰ ਵੀ ਬਥੇਰੀਆਂ ਸਨ,
ਪਰ ਉਸ ਦੀ ਲਗਨ ਅਤੇ ਕਾਰਜ ਕੁਸ਼ਲਤਾ ਦੀ ਏਨੀ ਪ੍ਰਸਿੱਧੀ ਹੋਈ ਕਿ ਅਕਸਰ ਹਰ ਕੋਈ
ਸਰਜਨ, ਛੋਟੇ ਤੋਂ ਛੋਟੇ ਆਪ੍ਰੇਸ਼ਨ ਲਈ ਵੀ ਉਸੇ ਨੂੰ ਆਪਣੀ ਸਹਾਇਕ ਵਜੋਂ ਮੰਗ
ਲੈਂਦਾ। ਉਸਦੇ ਮਾਂ ਬਾਪ ਨਾਲ ਨਜ਼ਦੀਕੀ ਸੰਬੰਧ ਹੋਣ ਕਾਰਨ, ਸਿਵਲ ਸਰਜਨ ਡਾਕਟਰ
ਖੁਰਾਨਾ ਤਾਂ ਉਸ ਨੂੰ ਆਪਣੀ ਬੇਟੀ ਸਮਾਨ ਸਮਝਦੇ ਸਨ।
ਇਕ ਸ਼ਾਮ ਪੁਸ਼ਪਿੰਦਰ ਦਾ 'ਡੇ-ਔਫ਼' ਸੀ। ਸ਼ਾਇਦ ਉਸ ਨੂੰ ਕੁਝ ਲੋਕ, ਰਿਸ਼ਤੇ ਲਈ
ਵੇਖਣ ਆਉਣ ਵਾਲੇ ਸਨ। ਹਸਪਤਾਲ ਤੋਂ 'ਐਮਰਜੈਂਸੀ-ਕਾਲ' ਆਈ ਕਿ ਇਕ ਸਾਹ ਦਾ ਮਰੀਜ਼
ਦਾਖਲ ਹੋਇਆ ਹੈ, ਅਤੇ ਸਟਾਫ਼ ਦੀ ਘਾਟ ਕਰਕੇ ਉਸ ਦਾ ਤੁਰੰਤ ਆਉਣਾ ਜ਼ਰੂਰੀ ਹੈ। ਉਸ
ਦੇ ਮਾਪਿਆਂ ਨੇ ਆਉਣ ਵਾਲੇ ਮਹਿਮਾਨਾਂ ਤੋਂ 'ਕਾਲ-ਆਫ਼-ਡਿਊਟੀ' ਦੀ ਮਜਬੂਰੀ ਦੱਸਦਿਆ
ਖ਼ਿਮਾ ਮੰਗੀ, ਤੇ ਪੁਸ਼ਪ ਹਸਪਤਾਲ ਚਲੀ ਗਈ।
ਮਰੀਜ਼, ਜੀਵਨ ਤੇ ਮੌਤ ਦੇ ਵਿਚਕਾਰ ਘੋਲ ਕਰ ਰਿਹਾ ਜਾਪਦਾ ਸੀ। ਕਿਧਰੇ ਖਾਣਾ
ਖਾਣ ਵੇਲੇ, ਕੋਈ ਸਖਤ 'ਖਾਧ-ਪਦਾਰਥ' ਉਸਦੀ ਭੋਜਨ ਨਲੀ ਵਿੱਚੋਂ ਤਿਲਕ ਕੇ ਮਿਹਦੇ
ਅੰਦਰ ਚਲਾ ਗਿਆ ਸੀ, ਜਿਸ ਦੇ ਫਲਸਰੂਪ ਗਲੇ ਦੀ ਨਾਲੀ ਏਨੀ ਬੁਰੀ ਤਰਾਂ ਸੁੱਜ ਗਈ
ਸੀ ਕਿ ਸਾਹ ਲੈਣਾ ਮੁਸ਼ਕਿਲ ਹੋ ਰਿਹਾ ਸੀ। ਹਾਊਸ ਸਰਜਨ ਜਸਪਿੰਦਰ ਸਿੰਘ ਨੇ ਅਜੇ
ਕੁਝ ਦਿਨ ਪਹਿਲਾਂ ਹੀ 'ਡਿਊਟੀ ਜਾਇਨ' ਕੀਤੀ ਸੀ। ਦੀਵਾਲੀ ਦੀਆਂ ਛੁੱਟੀਆਂ ਕਾਰਨ
'ਈ.ਐਨ.ਟੀ.ਸਪੈਸ਼ਲਿਸਟ' ਡਾਕਟਰ ਖ਼ਾਨ ਦੀ ਅਣਹੋਂਦ ਡਾਢੀ ਰੜਕ ਰਹੀ ਸੀ। ਜਸਪਿੰਦਰ ਤੇ
ਪੁਸ਼ਪਿੰਦਰ ਨੇ ਇਕ ਟੈਕਨੀਸ਼ਨ ਦੀ ਸਹਾਇਤਾ ਨਾਲ, ਮਰੀਜ਼ ਲਈ 'ਸਕਰੀਨਿੰਗ ਮਸ਼ੀਨ' ਨੂੰ
ਆਪ੍ਰੇਸ਼ਨ ਥੀਏਟਰ ਵਿਚ ਹੀ ਲਿਆ ਕੇ, ਸਾਰਾ 'ਪ੍ਰੋਸੀਜਰ' ਡੇਢ ਘੰਟੇ ਅੰਦਰ ਨੇਪਰੇ
ਚਾੜ੍ਹ ਦਿੱਤਾ।
ਜਿਸ ਧੀਰਜ ਨਾਲ ਪੁਸ਼ਪ ਨੇ ਡਾਕਟਰ ਜਸਪਿੰਦਰ ਨੂੰ 'ਅਸਿਸਟ' ਕੀਤਾ,
ਉਹ ਅੱਸ਼ ਅੱਸ਼ ਕਰ ਉੱਠਿਆ। ਜਿਵੇਂ ਉਹ ਆਪ ਵੀ ਇਕ ਡਾਕਟਰ ਹੋਵੇ। ਮਰੀਜ਼ ਕਿਸੇ ਰਾਜ
ਘਰਾਣੇ ਦਾ ਚਸ਼ਮੋਂ-ਚਿਰਾਗ਼ ਸੀ। ਉਸ ਪਰਵਾਰ ਨੇ ਜਦੋਂ ਡਾਕਟਰ ਖੁਰਾਨਾ ਦਾ ਧੰਨਵਾਦ
ਕੀਤਾ ਤਾਂ ਉਹ ਕਹਿਣ ਲੱਗੇ, "ਉਂਜ ਤਾਂ ਇਹ ਸਾਡਾ ਫ਼ਰਜ਼ ਬਣਦੈ, ਪਰ ਮੈਂ ਆਪਣੀ ਬੇਟੀ
ਪੁਸ਼ਪ ਦਾ ਬਹੁਤ ਰਿਣੀ ਹਾਂ ਜਿਸ ਨੇ ਡਿਊਟੀ ਤੇ ਨਾ ਹੋ ਕੇ ਵੀ, ਆਪਣੇ ਫ਼ਰਜ਼ ਨੂੰ
ਧਰਮ ਵਾਂਗ ਨਿਭਾਇਆ।"
ਡਾਕਟਰ ਜਸਪਿੰਦਰ ਨੂੰ ਤਾਂ ਜਿਵੇਂ ਉਸ ਨੇ ਕੀਲ ਸੁੱਟਿਆ ਹੋਵੇ। ਉਹ ਪਿੱਛੋਂ
ਕਿਸੇ ਜੱਟ ਪਰਵਾਰ ਦਾ ਸੀ। ਉਸਦੇ ਪਿਤਾ ਬਲਬੀਰ ਸਿੰਘ ਕਦੇ ਰੇਲਵੇ ਮਹਿਕਮੇ ਵਿਚ,
ਮਾਲ ਗੱਡੀਆਂ ਦੇ ਡਰਾਈਵਰ' ਹੁੰਦੇ ਸਨ। ਜਿਨ੍ਹਾਂ ਦਾ ਦੇਹਾਂਤ, ਜਸਪਿੰਦਰ ਦੇ ਜਨਮ
ਤੋਂ ਦੋ ਸਾਲਾਂ ਪਿੱਛੋਂ ਹੀ ਹੋ ਗਿਆ ਸੀ। ਬਲਬੀਰ ਸਿੰਘ ਦੀ ਮ੍ਰਿਤੂ ਕਿਉਂਕਿ ਇਕ
ਰੇਲਵੇ ਦੁਰਘਟਨਾ ਕਾਰਨ ਹੋਈ ਸੀ, ਉਸਦੀ ਪਤਨੀ ਨੂੰ ਪਤੀ ਦੇ ਜੀਵਨ ਬੀਮੇ ਤੋਂ
ਇਲਾਵਾ ਚੋਖਾ ਇਵਜ਼ਾਨਾ ਮਿਲਿਆ ਸੀ। ਜਿਸ ਕਾਰਨ ਕਮ-ਸੇ-ਕਮ ਉਸਨੂੰ ਕੋਈ ਵਿਸ਼ੇਸ਼
ਆਰਥਿਕ ਸੰਕਟ ਦਾ ਸਾਹਮਣਾ ਨਹੀਂ ਸੀ ਕਰਨਾ ਪਿਆ। ਇਕਲੌਤਾ ਪੁੱਤਰ ਹੋਣ ਕਰਕੇ,
ਜਸਪਿੰਦਰ ਨੂੰ ਆਪਣੀ ਮਾਂ ਤੇ ਨਾਨਾ ਨਾਨੀ ਦਾ ਪੂਰਾ ਲਾਡ ਪਿਆਰ ਮਿਲਿਆ। ਇਕ
ਹੋਣਹਾਰ ਵਿਦਿਆਰਥੀ ਹੋਣ ਨਾਤੇ ਉਹ ਵਿੱਦਿਆ ਵਿਚ ਕਾਫ਼ੀ ਨਿਪੁੰਣ ਨਿਕਲਿਆ।
'ਪ੍ਰੀ-ਮੈਡੀਕਲ' ਪ੍ਰੀਖਿਆ ਵਿਚ ਚੰਗੀ ਪੋਜ਼ੀਸ਼ਨ ਆਉਣ ਕਰਕੇ ਉਸ ਨੂੰ ਮੈਡੀਕਲ ਕਾਲਿਜ
ਦਾ ਦਾਖ਼ਲਾ ਮਿਲਣ ਵਿਚ ਕੋਈ ਮੁਸ਼ਕਿਲ ਪੇਸ਼ ਨਾ ਆਈ।
ਜਸਪਿੰਦਰ ਨਾ ਕੇਵਲ ਇਕ ਦਰਸ਼ਨੀ ਜਵਾਨ ਸੀ, ਉਸਦੀ ਬੋਲ ਬਾਣੀ ਵਿਚ ਵੀ ਅੰਤਾਂ ਦੀ
ਮਿਠਾਸ ਸੀ। ਹਸੂੰ ਹਸੂੰ ਕਰਦਾ ਚਿਹਰਾ, ਹਰੀਆਂ ਹਰੀਆਂ ਭਾਵ-ਪੂਰਤ ਅੱਖਾਂ। ਉਸਦੇ
ਗੋਰੇ ਗੋਰੇ ਚਿਹਰੇ 'ਤੇ ਕੱਕੇ ਰੰਗ ਦੀ ਦਾਹੜੀ ਕਾਰਨ ਉਹ ਕਿਸੇ ਯੂਰਪੀਅਨ ਪਰਵਾਰ
ਤੋਂ ਲੱਗਦਾ ਸੀ। ਸਾਰੇ ਹਸਪਤਾਲ ਵਿਚ ਕੱਲਾ ਕੱਲਾ ਸਿੱਖ ਡਾਕਟਰ ਹੋਣ ਕਰਕੇ, ਉਸਦੀ
ਵਿਲੱਖਣ ਪੰਜਾਬੀ ਸ਼ਖਸੀਅਤ ਸਭ ਦੇ ਮਨ ਭਾਉਂਦੀ ਜਾਪਦੀ। ਇਕ ਦੋ ਹੋਰ ਪੰਜਾਬੀ ਡਾਕਟਰ
ਵੀ ਹਸਪਤਾਲ ਦੇ ਸਟਾਫ਼ 'ਤੇ ਸਨ। ਲੇਕਨ ਕੈਫ਼ੇਟੇਰੀਆ ਵਿਚ ਆਮ ਡਾਕਟਰ ਯੁਵਤੀਆਂ, ਅਤੇ
ਵਿਸ਼ੇਸ਼ ਕਰਕੇ ਪੰਜਾਬੀ ਨਰਸਾਂ ਦੇ ਝੁੰਡ ਵਿਚਕਾਰ ਅਕਸਰ ਡਾਕਟਰ ਜਸਪਿੰਦਰ ਬਾਰੇ ਹੀ
ਗੱਲਾਂ ਸੁਣਾਈ ਦਿੰਦੀਆਂ।
ਪੁਸ਼ਪਿੰਦਰ ਦੇ ਆਪਰੇਸ਼ਨ ਥੀਏਟਰ ਨਾਲ ਸੰਬੰਧਿਤ ਹੋਣ ਕਰਕੇ, ਉਹ ਜਸਪਿੰਦਰ ਦੇ ਸਭ
ਤੋਂ ਵਧੇਰੇ ਸੰਪਰਕ ਵਿਚ ਰਹਿੰਦੀ। ਉਹ ਡਿਊਟੀ ਦੇ ਸਮੇਂ ਵੀ ਪੁਸ਼ਪ ਨੂੰ, ਹਮੇਸ਼ਾ
ਤੂੰ ਦੀ ਥਾਂ ਤੁਸੀਂ ਕਹਿ ਕੇ ਬੁਲਾਉਂਦਾ ਸੀ।
ਲੰਚ ਖਾਣ ਉਹ ਦੋਵੇਂ ਅਕਸਰ, ਰਾਮ ਨਿਵਾਸ ਬਾਗ ਪੈਲੇਸ ਦੇ ਹੋਟਲ ਵਿਚ ਚਲੇ
ਜਾਂਦੇ। ਕਦੇ ਕਦਾਈਂ ਛੁੱਟੀ ਵਾਲੇ ਦਿਨ ਮਟਰ ਗਸ਼ਤੀ ਕਰਨ ਲਈ ਦੋਵੇਂ, ਜਸਪਿੰਦਰ ਦੇ
ਸਕੂਟਰ ਤੇ ਆਮੇਰ ਪੈਲਿਸ ਵੱਲ ਨਿਕਲ ਜਾਂਦੇ। ਹੌਲੀ ਹੌਲੀ ਇਹ ਸੂਖ਼ਮ ਮਿੱਤ੍ਰਤਾ
ਭਰਿਆ ਮੇਲ ਮਿਲਾਪ, ਰੋਮਾਂਸ ਵਿਚ ਬਦਲਣਾ ਸ਼ੁਰੂ ਹੋ ਗਿਆ। ਜਿਸ ਤੇ ਸਾਰਾ ਸਟਾਫ਼ ਰਸ਼ਕ
ਕਰਦਾ ਸੀ।
ਸ੍ਰੇਸ਼ਟ ਪਰਵਾਰਾਂ ਦੀਆਂ ਬੇਟੀਆਂ ਨੂੰ ਜਦੋਂ ਮਾਂ ਬਾਪ ਦਾ ਪੂਰਨ ਭਰੋਸਾ
ਪ੍ਰਾਪਤ ਹੋ ਜਾਂਦੈ, ਤਾਂ ਉਹ ਵੀ ਅਕਸਰ ਅਸੂਲਾਂ ਦੀ ਰੇਖਾ ਦਾ ਉਲੰਘਣ ਕਰਨ ਤੋਂ
ਪਹਿਲਾਂ ਸੌ ਵਾਰੀਂ ਸੋਚਦੀਆਂ ਨੇ। ਦੋਹਾਂ ਵਿਚਕਾਰ ਉੱਸਰਦੇ ਪਵਿੱਤਰ ਰਿਸ਼ਤੇ ਬਾਰੇ,
ਕਿਧਰੇ ਉਸਦੇ ਮਾਪਿਆਂ ਨੂੰ ਕੋਈ ਗ਼ਲਤ ਸੂਚਨਾ ਦੇ ਕੇ ਉਲਝਨ ਨਾ ਖੜ੍ਹੀ ਕਰ ਦੇਵੇ,
ਪੁਸ਼ਪ ਨੇ ਆਪਣੇ ਮਾਪਿਆਂ ਨੂੰ ਆਪਣੀ 'ਚੌਇਸ' ਬਾਰੇ ਆਪ ਜਾਣੂੰ ਕਰਵਾਉਣਾ ਠੀਕ
ਸਮਝਿਆ।
"ਤੁਸੀਂ ਚਾਹੋ ਤਾਂ ਉਸ ਨੂੰ ਕਦੇ ਆਕੇ ਕਲਿਨਿਕ ਵਿਚ ਮਿਲ ਸਕਦੇ ਹੋ।" ਪੁਸ਼ਪ ਨੇ
ਇਕ ਸ਼ਾਮ ਆਪਣੀ ਮੰਮੀ ਨੂੰ ਸਲਾਹ ਦਿੱਤੀ।
"ਤੂੰ ਕਿਸੇ ਦਿਨ ਉਸ ਨੂੰ ਘਰੇ ਚਾਹ 'ਤੇ ਕਿਉਂ ਨਹੀਂ ਬੁਲਾ ਲੈਂਦੀ, ਤੇਰੇ ਡੈਡੀ
ਵੀ ਵੇਖ ਲੈਣਗੇ। ਨਾਲੇ ਉਸਦੀ ਕੋਈ ਫ਼ੋਟੋ ਲਿਆ ਕੇ ਕਦੀ ਵਿਖਾ।"
ਪੁਸ਼ਪਿੰਦਰ ਨੂੰ ਤਾਂ ਬਹਾਨਾ ਚਾਹੀਦਾ ਸੀ। ਉਸਨੇ ਜਦੋਂ ਆਪਣੀਆਂ ਕਿਤਾਬਾਂ ਦੀ
ਸ਼ੈਲਫ਼ ਪਿੱਛੇ ਲਕੋ ਕੇ ਰੱਖੀ ਜਸਪਿੰਦਰ ਦੀ ਫ਼ਰੇਮ ਕੀਤੀ ਤਸਵੀਰ ਕੱਢ ਕੇ ਵਿਖਾਈ ਤਾਂ
ਮਾਂ ਨੂੰ ਸਮਝਣ ਵਿਚ ਦੇਰ ਨਾ ਲੱਗੀ, ਕਿ ਮੁਆਮਲਾ ਕੇਵਲ ਗੱਲਬਾਤ ਤੱਕ ਹੀ ਸੀਮਤ
ਨਹੀਂ ਹੋ ਸਕਦਾ। ਉਸਦੀਆਂ ਨਸ਼ਿਆਈਆਂ ਅੱਖਾਂ ਵਿਚ ਝਾਕਦੀ ਮਾਂ ਨੇ, ਹੱਸਦਿਆਂ
ਹੱਸਦਿਆਂ ਬੇਟੀ ਨੂੰ ਜੱਫੀ ਵਿਚ ਘੁੱਟ ਲਿਆ। ਜਸਪਿੰਦਰ ਦੀ ਫ਼ੋਟੋ ਵੇਂਹਦਿਆਂ ਤਾਂ
ਜਿਵੇਂ ਉਹ ਕਾਬੂ ਵਿਚ ਹੀ ਨਾ ਰਹੀ ਹੋਵੇ।
"ਮੈਂ ਕਿਹਾ ਜੀ!" ਉਸਨੇ ਤੀਬਰਤਾ ਨਾਲ ਅਪਣੇ ਪਤੀ ਨੂੰ ਆਵਾਜ਼ ਮਾਰੀ। "ਓਸ ਦਿਨ
ਆਪਾਂ ਉਹਨਾਂ ਮਹਿਮਾਨਾਂ ਨੂੰ ਨਹੀਂ ਸੀ ਨਾ ਮਿਲ ਸਕੇ। ਲਓ, ਤੁਹਾਨੂੰ ਅੱਜ ਕੁਝ
ਹੋਰ ਵਿਖਾਵਾਂ।"
ਅਨੂਪ ਵੀ ਓਸ ਰੰਗਦਾਰ ਫ਼ੋਟੋ ਨੂੰ ਵੇਖ ਕੇ ਮੁਸਕਰਾ ਪਿਆ। ਉਸਨੂੰ ਉਸਦੀਆਂ
ਅੱਖਾਂ ਦੀ ਰੰਗਤ ਤੇ ਬੁਲ੍ਹਾਂ ਦੀ ਮੁਸਕਾਣ ਕੁਝ ਜਾਣੀ ਪਹਿਚਾਣੀ ਲੱਗੀ।
ਜਸਪ੍ਰੀਤ ਨੇ ਦੱਸਿਆ, "ਇਹ ਲੜਕਾ ਪੁਸ਼ਪਿੰਦਰ ਦੇ ਹਸਪਤਾਲ ਵਿਚ 'ਹਾਊਸ-ਸਰਜਨ'
ਹੈ…। ਕੈਸਾ ਲੱਗਾ?"
"ਇਹ ਫ਼ੋਟੋ ਕਿਥੋਂ ਆਈ ਹੈ?" ਉਸਨੇ ਅਸਚਰਜ ਨਾਲ ਪੁੱਛਿਆ।
"ਬਸ ਇਸ਼ਾਰੇ ਵਜੋਂ ਸਮਝ ਲਓ, ਕਿ ਇਹ ਤੁਹਾਡੀ ਬੇਟੀ ਦੀ ਪਸੰਦ ਹੈ।" ਪੁਸ਼ਪ
ਸੰਗਦੀ ਸੰਗਦੀ ਕੋਲ ਖਲੋਤੀ ਬੁਲ੍ਹਾਂ 'ਚ ਹੱਸ ਰਹੀ ਸੀ ਅਤੇ ਪਿਤਾ ਦੀ ਸਹਿਮਤੀ ਦੀ
ਇੰਤਜ਼ਾਰ ਕਰ ਰਹੀ ਸੀ।
"ਲਗਦਾ ਤਾਂ ਠੀਕ ਹੀ ਹੈ। ਏਥੇ ਹੀ ਹੈ ਤਾਂ ਕਿਸੇ ਦਿਨ ਘਰ ਬੁਲਾ ਲਵੋ।" ਉਸਨੇ
ਸਰਸਰੀ ਜਿਹੀ ਗੱਲ ਕੀਤੀ ਤੇ ਆਫ਼ਿਸ ਚਲਿਆ ਗਿਆ।
ਅਗਲੇ ਐਤਵਾਰ ਜਦੋਂ ਪੁਸ਼ਪ, ਜਸਪਿੰਦਰ ਦੇ ਸਕੂਟਰ ਪਿੱਛੇ ਬੈਠ ਕੇ ਘਰ ਆਈ, ਮੰਮੀ
ਦੀਆਂ ਤਾਂ ਵਾਛਾਂ ਖਿੜ ਗਈਆਂ। ਉਹ ਦੋਵੇਂ ਤਾਂ ਪਹਿਲਾਂ ਤੋਂ ਹੀ 'ਮੇਡ ਫ਼ਾਰ ਈਚ
ਅਦਰ' ਲੱਗਦੇ ਸਨ। ਕਿੰਨਾ ਚਿਰ ਤੱਕ ਜਸਪ੍ਰੀਤ ਉਸ ਨਾਲ ਢੁੱਕ ਕੇ ਸੋਫ਼ੇ 'ਤੇ ਬੈਠੀ,
ਪ੍ਰਸ਼ੰਸਕ ਨਜ਼ਰਾਂ ਨਾਲ ਉਸ ਵੱਲ ਤੱਕਦੀ ਰਹੀ। ਜਿਵੇਂ ਆਪਣੀ ਬੇਟੀ ਦੀ ਪਸੰਦ 'ਤੇ
ਮਾਣ ਕਰ ਰਹੀ ਹੋਵੇ। ਜਸਪਿੰਦਰ ਆਪਣੀ 'ਜਾਬ' ਬਾਰੇ ਦੱਸਦਾ ਰਿਹਾ। ਉਸਦੀ ਹਰ ਗੱਲ
ਵਿਚ ਪੁਸ਼ਪ ਦਾ ਨਾਮ ਜੁੜਿਆ ਸੁਣ ਕੇ ਜਸਪ੍ਰੀਤ ਨੂੰ ਆਪਣੀ ਧੀ 'ਤੇ ਨਾਜ਼ ਹੋ ਰਿਹਾ
ਸੀ। ਕਾਫ਼ੀ ਸਮਾਂ ਪਰਵਾਰ ਦੀਆਂ ਗੱਲਾਂ ਚੱਲਦੀਆਂ ਰਹੀਆਂ।
ਏਨੇ ਨੂੰ ਪੁਸ਼ਪ ਦੇ ਡੈਡੀ ਵੀ ਬਾਹਰੋਂ ਆ ਗਏ। ਉਹ ਨਵੇਂ ਮਹਿਮਾਨ ਨੂੰ ਵੇਖ ਕੇ
ਬੜੇ ਪ੍ਰਸੰਨ ਲੱਗਦੇ ਸਨ। ਉਸਦਾ ਬੈਠਣ ਤੱਕਣ ਦਾ ਸਲੀਕਾ, ਬੋਲਾਂ ਵਿਚ ਮਿਠਾਸ, ਅਦਬ
ਦਾ ਇਜ਼ਹਾਰ, ਗੱਲ ਗੱਲ 'ਤੇ ਉਹਨਾਂ ਦੀ ਬੇਟੀ ਦੇ ਗੁਣਾਂ ਦੀ ਤਾਰੀਫ਼ ਸੁਣ ਕੇ ਉਹਨਾਂ
ਦੀਆਂ ਨਜ਼ਰਾਂ ਪੁਸ਼ਪ ਦੀ ਚੋਣ ਤੋਂ ਸੰਤੁਸ਼ਟ ਜਾਪਦੀਆਂ ਸਨ।
"ਜਸਪਿੰਦਰ ਦੇ 'ਪੇਰੈਂਟਸ' ਵੀ ਰੇਲਵੇ ਮਹਿਕਮੇ ਨਾਲ ਸੰਬੰਧਿਤ ਰਹੇ ਨੇ। ਡੈਡੀ
ਤਾਂ ਇਸ ਦੇ ਛੋਟੇ ਹੁੰਦਿਆਂ ਹੀ ਪੂਰੇ ਹੋ ਗਏ ਸਨ। ਇਸ ਦੇ 'ਗਰੈਂਡ-ਫ਼ਾਦਰ' ਕੁਝ
ਸਾਲ ਪਹਿਲਾਂ ਹੀ ਰੀਟਾਇਰ ਹੋਏ ਨੇ।"
"ਕੀ ਨਾਂ ਹੈ ਉਹਨਾਂ ਦਾ?"
"ਸ. ਕਰਮ ਸਿੰਘ, ਅਛਨੇਰਾ 'ਲੋਕੋ-ਸ਼ੇਡ' ਦੇ ਫ਼ੋਰਮੈਨ ਹੁੰਦੇ ਸਨ।" ਜਸਪਿੰਦਰ ਨੇ
ਦੱਸਿਆ। ਅਨੂਪ ਨੂੰ ਜਿਵੇਂ ਇਕ ਝਟਕਾ ਜਿਹਾ ਲੱਗਾ ਹੋਵੇ।
"ਕੀ ਤੁਸੀਂ ਅਵਤਾਰ ਸਿੰਘ ਹੋਰਾਂ ਦੇ ਲੜਕੇ ਹੋ?" ਉਸਨੇ ਗੰਭੀਰਤਾ ਨਾਲ
ਪੁੱਛਿਆ।
"ਨਹੀਂ ਜੀ, ਉਹ ਤਾਂ ਮੇਰੇ ਮਾਮਾ ਜੀ ਨੇ। ਮੈਂ ਉਹਨਾਂ ਦੀ ਛੋਟੀ ਸਿਸਟਰ ਦੁਰਲੱਭ
ਕੌਰ ਦਾ ਬੇਟਾ ਹਾਂ।"
ਅਨੂਪ ਦੇ ਚਿਹਰੇ 'ਤੇ, ਅਚਾਨਕ ਫੈਲੇ ਕਸ਼ਮਕਸ ਦੇ ਚਿੰਨ੍ਹ ਸਾਫ਼ ਦਿਖਾਈ ਦੇ ਰਹੇ
ਸਨ। ਜ਼ਿੰਦਗੀ ਵੀ ਇਨਸਾਨ ਨਾਲ ਕੀ ਕੀ ਖਿਲਵਾੜ ਕਰਦੀ ਹੈ? ਉਸਦੀਆਂ ਅੱਖਾਂ ਅੱਗੇ,
ਪਿਛਲੇ ਅਠਾਈ ਸਾਲਾਂ ਦਾ ਇਤਹਾਸ ਵਿਛ ਗਿਆ ਜਾਪ ਰਿਹਾ ਸੀ। ਜਿਸ ਔਰਤ ਨੂੰ ਉਹ ਕਦੇ
ਅੰਤਾਂ ਦਾ ਪਿਆਰ ਕਰਦਾ ਸੀ। ਜਿਸਨੂੰ ਸਮਾਜਿਕ ਤੰਗਦਿਲੀ ਕਾਰਨ ਉਹ ਆਪਣੀ ਹਮਸਫ਼ਰ
ਨਹੀਂ ਬਣਾ ਸਕਿਆ ਸੀ। ਅੱਜ ਉਸੇ ਦਾ ਬੇਟਾ ਉਹਦੀ ਆਪਣੀ ਬੇਟੀ ਦਾ ਹੱਥ ਮੰਗਣ ਲਈ ਆ
ਹਾਜ਼ਰ ਹੋਇਆ ਹੈ।
"ਤੁਸੀਂ ਤਾਂ ਜੱਟ ਸਿੱਖ ਪਰਵਾਰ 'ਚੋਂ ਹੋ ਨਾ?"
"ਹਾਂ ਜੀ, ਪਰ ਮੈਂ ਤਾਂ ਪੰਜਾਬ ਤੋਂ ਬਾਹਰ ਹੀ ਜੰਮਿਆ ਪਲਿਆ ਹਾਂ, ਮੈਨੂੰ ਤਾਂ
ਇਹਨਾਂ ਗੱਲਾਂ ਬਾਰੇ ਕੁਝ ਪਤਾ ਹੀ ਨਹੀਂ ਹੈ।" ਜਸਪਿੰਦਰ ਦੇ ਬੋਲਾਂ ਵਿਚ ਜਿਵੇਂ
ਕੋਈ ਤਰਲਾ ਛੁਪਿਆ ਹੋਇਆ ਹੋਵੇ। ਅਨੂਪ ਨੂੰ ਆਪਣੀ ਜਵਾਨੀ ਦਾ ਸਮਾਂ ਯਾਦ ਆ ਰਿਹਾ
ਸੀ।
"ਅਨੂਪ ਜੀ, ਸਿੱਖਾਂ ਵਿਚ ਤਾਂ ਕੋਈ ਜ਼ਾਤ ਪਾਤ ਹੁੰਦੀ ਹੀ ਨਹੀਂ ਹੈ। ਜੇ ਇਹ ਜੱਟ
ਪਰਵਾਰ ਤੋਂ ਹੈ ਤਾਂ ਕੀ ਫ਼ਰਕ ਪੈਂਦੈ…?" ਜਸਪ੍ਰੀਤ ਨੇ ਆਪਣੀ ਬੇਟੀ ਦੇ ਭਵਿੱਖ
ਬਾਰੇ ਸੋਚਦੀ ਨੇ ਕਿਹਾ।
"ਤੁਹਾਨੂੰ ਨਹੀਂ ਪਤਾ ਜਸਪ੍ਰੀਤ, ਜਸਪਿੰਦਰ ਦੇ ਨਾਨਾ ਜੀ ਨੂੰ ਤਾਂ ਫ਼ਰਕ
ਪੈਂਦੈ।"
"ਤੁਸੀਂ ਉਹਨਾਂ ਨੂੰ ਜਾਣਦੇ ਓ?" ਜਸਪਿੰਦਰ ਨੇ ਉਤਸੁਕਤਾ ਨਾਲ ਪੁੱਛਿਆ। ਅਨੂਪ ਕੁਝ
ਨਾ ਬੋਲਿਆ।
ਪੁਸ਼ਪਿੰਦਰ ਸੋਚ ਰਹੀ ਸੀ, 'ਜ਼ਿੰਦਗੀ ਵੀ ਕਿੰਨੀ ਅਨਿਸਚਤਾ ਭਰੀ ਹੈ। ਜੇ ਕਿਧਰੇ
ਡੈਡੀ ਨੇ ਨਾਂਹ ਕਰ ਦਿੱਤੀ ਤਾਂ…?'
ਬੁੱਧਵਾਰ ਸ਼ਾਮ ਨੂੰ ਜਸਪਿੰਦਰ ਦੀ ਨਾਨੀ ਜੀ ਦਾ ਫ਼ੋਨ ਆਇਆ। ਪੁਸ਼ਪਿੰਦਰ ਨੇ ਰੀਸੀਵਰ
ਚੁੱਕਿਆ ਤੇ ਆਪਣੀ ਮੰਮੀ ਨੂੰ ਫੜਾ ਦਿੱਤਾ।
"ਸਤਿ ਸ੍ਰੀ ਅਕਾਲ …! ਮੈਂ ਡਾਕਟਰ ਜਸਪਿੰਦਰ ਸਿੰਘ ਦੀ 'ਗਰੈਂਡ-ਮਦਰ' ਇਕਬਾਲ
ਕੌਰ ਬੋਲ ਰਹੀ ਹਾਂ…। ਮੈਂ ਤੁਹਾਡੇ ਦਰਸ਼ਨ ਕਰਨਾ ਚਾਹੁੰਦੀ ਹਾਂ।"
"ਸਤਿ ਸ੍ਰੀ ਅਕਾਲ ਜੀ…। ਸ਼ਾਇਦ ਮੈਨੂੰ ਪਤਾ ਹੈ ਤੁਸੀਂ ਕਿਸ ਸਿਲਸਿਲੇ ਵਿਚ
ਮਿਲਣਾ ਚਾਹੁੰਦੇ ਹੋ…। ਅਜੇ, ਕੱਲ੍ਹ ਹੀ ਜਸਪਿੰਦਰ ਬਾਰੇ ਘਰ ਵਿਚ ਗੱਲਾਂ ਹੋ
ਰਹੀਆਂ ਸਨ…। ਦਰਅਸਲ ਮੇਰੇ ਪਤੀ ਤੁਹਾਡੇ ਪਰਵਾਰ ਦੀ ਵਿਚਾਰ ਧਾਰਾ ਨੂੰ ਚੰਗੀ
ਤਰ੍ਹਾਂ ਸਮਝਦੇ ਨੇ। ਬੁਰਾ ਨਾ ਮਨਾਉਣਾ ਜੀ, ਅਸੀਂ ਨਹੀਂ ਚਾਹੁੰਦੇ ਕਿ ਇਹ ਰਿਸ਼ਤਾ
ਹੋਣ ਤੋਂ ਬਾਅਦ ਸਾਡੀ ਬੇਟੀ ਨੂੰ ਤੰਗ-ਦਿਲੀ ਦੇ ਮਾਹੌਲ ਵਿਚੋਂ ਗੁਜ਼ਰਨਾ ਪਵੇ…।"
ਏਨੇ ਵਿਚ ਅਨੂਪ ਨੇ ਵੀ ਉਹਨਾਂ ਦੀ ਗੱਲਬਾਤ ਵਿਚ ਸ਼ਰੀਕ ਹੋਣ ਲਈ
'ਡਾਈਨਿੰਗ-ਰੂਮ' 'ਚੋਂ ਦੂਸਰਾ ਫ਼ੋਨ ਚੁੱਕ ਲਿਆ। ਇਕਬਾਲ ਕਹਿ ਰਹੀ ਸੀ। "ਵੇਖੋ ਜੀ,
ਮੈਂ ਅਜੇ ਤੁਹਾਨੂੰ ਮਿਲੀ ਨਹੀਂ, ਪਰ ਤੁਸੀਂ ਮੇਰੀ ਬੇਟੀ ਸਮਾਨ ਹੋ…। ਮੈਂ ਕਿਵੇਂ
ਦੱਸਾਂ ਕਿ ਸਾਡਾ ਜਸਪਿੰਦਰ, ਪੁਸ਼ਪ ਨੂੰ ਕਿੰਨਾ ਪਿਆਰ ਕਰਦਾ ਹੈ, ਤੇ ਉਹ ਵੀ…?"
"ਸ਼ੁਕਰ ਹੈ ਤੁਹਾਨੂੰ ਕਿਸੇ ਦੇ ਪਿਆਰ ਦੀ ਕਦਰ ਤਾਂ ਪਈ….।" ਅਨੂਪ ਵਿੱਚੋਂ
ਬੋਲਿਆ।
ਕੁਝ ਚਿਰ ਚੁੱਪ ਵਰਤੀ ਰਹੀ। ਅਨੂਪ ਦੀ ਆਵਾਜ਼ ਪਛਾਣਦੀ ਇਕਬਾਲ ਨੇ ਅਠਾਈ ਸਾਲ
ਪੁਰਾਣੀਆਂ ਗ਼ਲਤੀਆਂ ਦੀ ਮੁਆਫ਼ੀ ਮੰਗਣ ਲਈ, ਲੇਲ੍ਹੜੀ ਜਿਹੀ ਕੱਢ ਕੇ ਫੇਰ ਗੱਲ ਸ਼ੁਰੂ
ਕੀਤੀ।
"ਅਨੂਪ ਬੇਟਾ, ਮੈਂ ਕਿਵੇਂ ਵਿਸ਼ਵਾਸ ਦੁਆਵਾਂ ਕਿ ਦੁਰਲੱਭ ਦੀ ਜ਼ਿੰਦਗੀ ਨਰਕ
ਬਨਾਉਣ ਲਈ ਮੈਂ ਹੀ ਪੂਰੀ ਤਰਾਂ ਗੁਨਾਹਗਾਰ ਹਾਂ…। ਅਸੀਂ ਤੁਹਾਡੇ ਪਿਆਰ ਦਾ ਗਲਾ
ਘੁੱਟ ਕੇ ਆਪਣੀ ਧੀ ਲਈ ਜੇਹੜਾ ਵਰ ਚੁਣਿਆ ਸੀ, ਤੇਰੀ ਬਿੱਲੋ ਨੇ ਉਸਨੂੰ ਇਕ ਦਿਨ
ਵੀ ਸਵੀਕਾਰ ਨਹੀਂ ਸੀ ਕੀਤਾ…। ਨਮੋਸ਼ੀ ਦਾ ਮਾਰਿਆ ਉਹ ਵਿਚਾਰਾ, ਹਮੇਸ਼ਾ ਸ਼ਰਾਬ ਦਾ
ਸਹਾਰਾ ਲੈਂਦਾ ਇਸ ਦੁਨੀਆਂ ਤੋਂ ਕੂਚ ਕਰ ਗਿਆ। ਤੇਰੇ ਵਿਜੋਗ ਵਿਚ ਤੇਰੀ ਦੁਰਲਭ
ਤਿਲ ਤਿਲ ਮਰੀ ਹੈ। ਏਨੇ ਸਾਲ ਉਸ ਨੇ ਯੋਗ-ਤਪ ਹੀ ਕੱਟਿਆ ਹੈ…। ਹੋ ਸਕਦੈ ਉਸਦੀ
ਤਪੱਸਿਆ ਦੇ ਕਾਰਨ ਹੀ, ਵਰ੍ਹਿਆਂ ਤੋਂ ਟੁੱਟੇ ਰਿਸ਼ਤੇ ਅੱਜ ਫੇਰ ਜੁੜਨਾ ਲੋਚਦੇ
ਨੇ...।"
"ਯਾਦ ਹੈ, ਕਦੇ ਤੁਹਾਡੇ ਮੂਹਰੇ ਵੀ ਕਿਸੇ ਨੇ ਤਰਲੇ ਕੱਢੇ ਸਨ, ਕਿਸੇ ਦੇ ਪਿਆਰ
ਦੇ ਵਾਸਤੇ ਪਾਏ ਸਨ? ਤੇ ਤੁਸਾਂ ਵਾਹਿਗੁਰੂ ਦੀਆਂ ਝੂਠੀਆਂ ਕਸਮਾਂ ਖਾਕੇ…।"
"ਪੁੱਤਰਾ, ਤੈਨੂੰ ਤੇਰੀ ਬਿੱਲੋ ਦਾ ਵਾਸਤਾ ਈ! ਅੱਜ ਇਕ ਦੁਖਿਆਰੀ ਮਾਂ, ਆਪ
ਤੇਰੇ ਮੂਹਰੇ ਝੋਲੀ ਅੱਡ ਕੇ ਖੜ੍ਹੀ ਹੈ, ਇਹ ਟੁੱਟੀ ਗੰਢ ਲੈ….।" ਫ਼ੋਨ 'ਤੇ ਉਸਦੀ
ਘਗਿਆਈ ਆਵਾਜ਼, ਸੱਚ ਮੁੱਚ ਅੱਥਰੂਆਂ ਭਿੱਜੀ ਜਾਪ ਰਹੀ ਸੀ। "ਪਤਾ ਨਹੀਂ ਸਾਡੀ ਕੌਮ
ਦੀਆਂ ਕਿੰਨੀਆਂ ਜਵਾਨੀਆਂ, ਜ਼ਾਤ ਪਾਤ ਦੇ ਵਖਰੇਂਵੇਂ ਦੀ ਭੇਟਾ ਚੜ੍ਹ ਗਈਆਂ
ਹੋਣਗੀਆਂ…। ਮੇਰੇ ਔਗਣਾਂ ਦਾ ਬਦਲਾ ਇਹਨਾਂ ਬੱਚਿਆ ਤੋਂ ਨਾ ਲੈ, ਸੋਹਣਿਆਂ…!
ਖਵਰੇ, ਸਾਡੇ ਮਾੜੇ ਕਰਮਾਂ ਸਦਕਾ ਹੀ ਬਿੱਲੋ ਦੇ ਬਾਪੂ ਜੀ ਵਰ੍ਹਿਆਂ ਤੋਂ
'ਵ੍ਹੀਲ਼-ਚੇਅਰ' ਫੜੀ ਬੈਠੇ ਐ….।"
ਅਨੂਪ ਸਾਰੀ ਸਥਿਤੀ ਨੂੰ ਗੰਭੀਰ ਅੱਖਾਂ ਨਾਲ ਸੋਚਦਾ ਕੁਝ ਚਿਰ ਲਈ ਚੁੱਪ ਹੋ ਗਿਆ,
ਤੇ ਉਸਨੇ ਦੁਚਿੱਤੀ ਵਿਚ ਫ਼ੋਨ ਰੱਖ ਦਿੱਤਾ। ਜਸਪ੍ਰੀਤ ਕਦੇ ਉਸਦੇ ਮ੍ਹੂੰਹ ਵੱਲ
ਵੇਖੇ, ਕਦੇ ਬੂਹੇ ਓਹਲੇ ਅੱਖਾਂ ਭਰੀ ਖਲ੍ਹੋਤੀ ਪੁਸ਼ਪਿੰਦਰ ਵੱਲ।
ਸਾਰੀ ਸ਼ਾਮ ਘਰ ਵਿਚ ਕਿਸੇ ਨੇ ਕੋਈ ਗੱਲ ਨਾ ਕੀਤੀ। ਅਤੇ ਇਕ ਤਣਾਉ ਦਾ ਵਾਤਾਵਰਣ
ਛਾਇਆ ਰਿਹਾ। ਅੱਧੀ ਰਾਤੀਂ ਕਿਸੇ ਦਾ ਫ਼ੋਨ ਆਇਆ। ਉਣੀਂਦਰੇ ਵਿਚ, ਅਨੂਪ ਅਤੇ ਉਸਦੀ
ਬੇਟੀ ਨੇ ਆਪਣੇ ਆਪਣੇ ਸਿਰਹਾਣੇ ਕੋਲ ਪਏ ਰੀਸੀਵਰ ਚੁੱਕ ਲਏ। ਜਸਪਿੰਦਰ ਫ਼ੋਨ 'ਤੇ
ਸੀ।
"ਹੈਲੋ!" ਪੁਸ਼ਪਿੰਦਰ ਨੂੰ ਜਿਵੇਂ ਉਸਦੀ ਕਾਲ ਦੀ ਹੀ ਇੰਤਜ਼ਾਰ ਸੀ।
"ਇਹ ਸਭ ਕੀ ਹੋ ਗਿਆ, ਪੁਸ਼ਪ? ਤੂੰ ਤਾਂ ਕਹਿੰਦੀ ਸੀ ਤੇਰੇ ਮੰਮੀ ਡੈਡੀ 'ਤੇ
ਤੈਨੂੰ ਪੂਰਾ ਭਰੋਸਾ ਹੈ। ਉਹਨਾਂ ਨੇ ਤਾਂ ਫ਼ੋਨ ਹੀ ਰੱਖ ਦਿੱਤਾ।"
"ਜੱਸੀ! ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਦੀ ਹਾਂ। ਉਹ ਕਦੀ ਵੀ ਮੈਨੂੰ
ਦੁਖੀ ਨਹੀਂ ਵੇਖ ਸਕਦੇ। ਆਪਣੀ ਧੀ ਦੀਆਂ ਅੱਖਾਂ ਵਿਚ ਉਹ ਇਕ ਹਿੰਝ ਵੀ ਬਰਦਾਸ਼ਤ
ਨਹੀਂ ਕਰ ਸਕਦੇ…। ਪਤਾ ਨਹੀਂ ਉਹਨਾਂ ਦੀਆਂ ਨਾਨੀ ਜੀ ਨਾਲ ਹੋਰ ਕੀ ਗੱਲਾਂ ਹੋ
ਰਹੀਆਂ ਸਨ। ਮੇਰੇ ਪਿਓ ਦਾ ਦਿਲ ਤਾਂ ਸੋਨੇ ਵਰਗਾ ਹੈ…। ਸ਼ਾਇਦ ਸਾਨੂੰ ਕੁਝ ਚਿਰ
ਹੋਰ ਉਡੀਕਣਾ ਪਵੇ…।"
"ਸਮਝ ਨਹੀਂ ਆਉਂਦੀ, ਮੇਰੀ ਤਾਂ ਫ਼ਿਕਰ ਨਾਲ ਜਾਨ ਨਿਕਲੀ ਜਾ ਰਹੀ ਹੈ…। ਮੈਨੂੰ
ਤਾਂ ਅੱਜ ਨੀਂਦ ਹੀ ਨਹੀਂ ਆ ਰਹੀ।"
"ਡੋਂਟ ਵਰੀ ਡਾਕਟਰ! ਟੇਕ ਟੂ ਸਲੀਪਿੰਗ ਪਿੱਲਜ਼ ਵਿਦ ਵਾਟਰ, ਐਂਡ ਸੀ ਮੀ ਇਨ ਦੀ
ਮੌਰਨਿੰਗ।" ਉਹ ਉਸਦਾ 'ਮੂਡ' ਠੀਕ ਕਰਨ ਲਈ ਹੱਸ ਕੇ ਬੋਲੀ।
"ਐੱਨੀਂ ਸੀਰੀਅਸ ਗੱਲ 'ਤੇ ਵੀ ਤੈਨੂੰ ਮਜ਼ਾਕ ਸੁਝਦੇ ਨੇ?"
"ਜੇ ਏਨੀ ਬਿਹਬਲਤਾ ਹੋ ਰਹੀ ਐ ਤਾਂ ਸਕੂਟਰ 'ਤੇ ਆ ਕੇ ਮੈਨੂੰ ਲੈ ਜਾਹ…।" ਉਸਨੇ
ਮਖੌਲ ਨਾਲ ਆਖਿਆ।
"ਤੂੰ ਮੈਨੂੰ ਏਨਾ ਬੇ-ਗ਼ੈਰਤ ਸਮਝਿਆ ਹੈ…?"
"ਫੇਰ ਮੈਂ ਤੈਨੂੰ ਹੋਰ ਕੀ ਕਹਾਂ…? ਤੈਥੋਂ ਤਾਂ ਜ਼ਰਾ ਵੀ ਸਬਰ ਨਹੀਂ ਹੁੰਦਾ। ਜੇ
ਹੁਣ ਤੋਂ ਤੇਰਾ ਇਹ ਹਾਲ ਹੈ ਤਾਂ ਵਿਆਹ ਪਿੱਛੋਂ…?"
"ਤੂੰ ਹੀ ਦੱਸ, ਤੇਰੇ ਬਿਨਾਂ ਮੇਰੀ ਕੀ ਹੋਂਦ ਹੈ?"
"ਤੈਨੂੰ ਤੇਰੀ ਪੁਸ਼ਪ ਦੇ ਪਿਆਰ 'ਤੇ ਭਰੋਸਾ ਨਹੀਂ ਹੈ…? ਮੇਰਾ ਦਿਲ ਕਹਿੰਦੈ, ਸਭ
ਠੀਕ ਹੋ ਜਾਣੈ। ਮੈਨੂੰ ਪੂਰੀ ਉਮੀਦ ਹੈ, ਡੈਡੀ ਦਾ 'ਮੂਡ' ਵੇਖ ਕੇ ਮੰਮੀ ਹੋਰੀਂ
ਸਵੇਰੇ ਉਹਨਾਂ ਨਾਲ ਜ਼ਰੂਰ ਗੱਲ ਕਰਨਗੇ।"
"ਤੈਨੂੰ ਕਿਵੇਂ ਪਤੈ?"
"ਇਸ ਲਈ ਕਿ ਉਹ ਮੇਰੀ ਮਾਂ ਹੈ। ਤੇਰੇ ਵਾਂਗ ਮੈਂ ਵੀ ਉਹਨਾਂ ਦੀ ਇਕਲੌਤੀ ਔਲ਼ਾਦ
ਹਾਂ। ਉਹਨਾਂ ਦੋਹਾਂ ਨੂੰ ਚੰਗਾ ਭਲਾ ਪਤਾ ਹੈ ਕਿ ਅਸੀਂ ਇਕ ਦੂਜੇ ਬਗ਼ੈਰ ਨਹੀਂ…।
ਜਾਹ ਸੌਂ ਜਾਹ, ਬੀਬਾ ਰਾਣਾ ਬਣਕੇ…।" ਤੇ ਉਸਨੇ ਹੱਸਦੀ ਹੱਸਦੀ ਨੇ ਫ਼ੋਨ ਰੱਖ
ਦਿੱਤਾ।
"ਫੇਰ ਕੀ ਸੋਚਿਆ?" ਸਵੇਰੇ ਬ੍ਰੇਕਫ਼ਾਸਟ ਦੀ ਮੇਜ਼ 'ਤੇ ਜਸਪ੍ਰੀਤ ਨੇ ਅਨੂਪ ਨੂੰ
ਚਾਹ ਦਾ ਕੱਪ ਫੜਾਉਂਦਿਆਂ ਪੁੱਛਿਆ।
"ਸੋਚਣਾ ਕੀ ਹੈ? ਜਿੱਥੇ ਸਾਡੀ ਲਾਡਲੀ ਬੇਟੀ ਖੁਸ਼, ਓਥੇ ਅਸੀਂ ਵੀ ਖੁਸ਼।"
"ਪਰ ਰਾਤੀਂ ਤਾਂ ਤੁਸੀਂ ਫ਼ੋਨ ਹੀ ਰੱਖ ਦਿੱਤਾ ਸੀ।"
"ਉਹ ਤਾਂ ਮੈਂ ਜ਼ਰਾ ਪਰਖਣਾ ਚਾਹੁੰਦਾ ਸੀ ਕਿ ਤੇਰਾ ਹੋਣ ਵਾਲਾ ਜਵਾਈ, ਸਾਡੀ
ਕੁੜੀ ਨੂੰ ਕਿੰਨਾਂ ਕੁ ਚਾਹੁੰਦੈ। ਓਸ ਵਿਚਾਰੇ ਦੀ ਤਾਂ ਜਾਨ ਖੁਸ਼ਕ ਹੋਈ ਪਈ ਹੈ।
ਅੱਧੀ ਰਾਤੀਂ ਓਸੇ ਦਾ ਤਾਂ ਫ਼ੋਨ ਆਇਆ ਸੀ। ਜੇ ਤੇਰੀ ਡਾਕਟਰ ਬੇਟੀ ਉਸ ਨੂੰ
'ਸਲੀਪਿੰਗ-ਪਿੱਲਜ਼' ਬਾਰੇ ਨਾ ਯਾਦ ਕਰਾਉਂਦੀ…।" ਉਸ ਨੇ ਪੁਸ਼ਪਿੰਦਰ ਵੱਲ ਝਾਕਦਿਆਂ
ਜ਼ੋਰ ਦੀ ਹੱਸ ਕੇ ਆਖਿਆ।
"ਓ ਡੈਡੀ! ਤਾਂ ਤੁਸਾਂ…।" ਪੁਸ਼ਪ ਉੱਠ ਕੇ ਡੈਡੀ ਨਾਲ ਚਿੰਬੜ ਗਈ।
"ਫੇਰ ਤੁਸੀਂ ਹੁਣ ਕੀ ਕਰਨਾ ਚਾਹੁੰਦੇ ਹੋ?" ਜਸਪ੍ਰੀਤ ਨੇ ਆਮਲੇਟ ਦੀ ਪਲੇਟ
ਆਪਣੇ ਪਤੀ ਦੇ ਸਾਹਮਣਿਓਂ ਹਟਾਂਦਿਆ ਫੇਰ ਗੱਲ ਛੇੜੀ।
"ਸਾਡੀ ਧੀ ਤਾਂ ਅਨਮੋਲ ਨਗ਼ੀਨਾ ਹੈ, ਜਿੰਨ੍ਹਾਂ ਨੂੰ ਹੀਰੇ ਦੀ ਪਰਖ਼ ਹੋਵੇਗੀ, ਆਪੇ
ਦਸ ਵਾਰੀਂ 'ਕਾਲ' ਕਰਨਗੇ...।"
ਚਾਹ ਪੀਂਦਿਆਂ ਪੀਂਦਿਆਂ ਹੀ ਟੈਲੀਫ਼ਨ ਦੀ ਘੰਟੀ ਵੱਜੀ। ਜਸਪਿੰਦਰ ਦਾ ਫ਼ੋਨ ਸੀ।
"ਮੰਮੀ ਜੀ, ਨਾਨੀ ਹੋਰੀਂ ਗੱਲ ਕਰਨਾ ਚਾਹੁੰਦੇ ਨੇ।" ਉਸਦੇ ਮੂੰਹੋਂ 'ਮੰਮੀ ਜੀ'
ਦਾ ਸ਼ਬਦ ਸੁਣ ਕੇ ਜਸਪ੍ਰੀਤ ਦੀ ਖੁਸ਼ੀ ਵੇਖਣ ਵਾਲੀ ਸੀ। "ਇਕ ਮਿੰਟ ਬੇਟਾ।" ਤੇ ਉਸ
ਨੇ ਫ਼ੋਨ ਅਨੂਪ ਨੂੰ ਫੜਾ ਦਿੱਤਾ।
"ਫੇਰ, ਤੂੰ ਕੀ ਸੋਚਿਆ ਬੇਟਾ ਅਨੂਪ….? ਕੀ ਅਸੀਂ ਅਗਲੇ ਹਫ਼ਤੇ ਪੁਸ਼ਪਿੰਦਰ ਲਈ
ਸ਼ਗਨ ਲੈ ਕੇ ਆ ਸਕਦੇ ਹਾਂ…? ਵੇਖੀਂ ਮੈਨੂੰ ਖ਼ਾਲੀ ਹੱਥ ਨਾ ਮੋੜ ਦੇਵੀਂ….?"
"ਮਾਂ ਜੀ…। ਭਾਵੇਂ ਤੁਹਾਨੂੰ ਕਦੀ ਥੋਡੀ ਬੇਟੀ ਦੇ ਅੱਥਰੂ ਨਹੀਂ ਸਨ ਪਸੀਜ
ਸਕੇ, ਪਰ ਮੈਂ ਏਨਾਂ ਨਿਰਦਈ ਨਹੀਂ ਹੋਣਾ ਚਾਹੁੰਦਾ…। ਜੇ ਇਹ ਬੱਚੇ ਸੱਚ ਮੁੱਚ ਏਨਾ
ਪਿਆਰ ਕਰਦੇ ਨੇ, ਕਿ ਜੀਵਨ-ਸਾਥ ਲਈ ਤਰਲੋਮੱਛੀ ਹੋ ਰਹੇ ਨੇ, ਤਾਂ ਉਮਰਾਂ ਵਾਲੇ
ਹੋਣ...। ਭਲਾ ਅਸੀਂ ਆਪਣੀ ਫੁੱਲ ਵਰਗੀ ਧੀ ਨਾਲ ਕਿਵੇਂ ਵੈਰ ਕਮਾ ਸਕਦੇ ਹਾਂ?"
ਪੁਸ਼ਪਿੰਦਰ ਨੂੰ ਮੁਸਕਰਾਉਂਦੀ ਹੋਈ ਨੂੰ ਵੇਖ ਕੇ, ਉਸਦੀ ਮਾਂ ਨੇ ਧੀ ਦਾ ਮੱਥਾ
ਚੁੰਮ ਲਿਆ। ਅਨੂਪ ਦੀ ਦੂਰਦਰਸ਼ਤਾ ਲਈ, ਉਹਦਾ ਹਿਰਦਾ ਪਤੀ-ਸਤਿਕਾਰ ਨਾਲ ਭਰਿਆ ਪਿਆ
ਸੀ। ਪਰ ਉਹਦੀਆਂ ਪ੍ਰਸ਼ਨ ਵਾਚਕ ਨਜ਼ਰਾਂ ਅਨੂਪ ਦੇ ਚਿਹਰੇ ਤੋਂ, ਉਸਦੇ ਅਤੀਤ ਬਾਰੇ
ਕਿੰਨਾ ਕੁਝ ਪੜ੍ਹਣਾ ਚਾਹੁੰਦੀਆਂ ਸਨ। |