5_cccccc1.gif (41 bytes)


ਪ੍ਰੇਮ ਦਾ ਅੰਤਰ
ਸ਼ਿਵਚਰਨ ਜੱਗੀ ਕੁੱਸਾ


ਗਿੱਲ ਸ਼ੁਰੂ ਤੋਂ ਹੀ ਜਜ਼ਬਾਤੀ ਲੜਕਾ ਸੀ
ਉਹ ਸਾਰੇ ਭੈਣ-ਭਰਾ ਆਪਣੀ ਦਾਦੀ ਨੂੰ 'ਬੇਬੇ' ਕਹਿ ਕੇ ਬੁਲਾਉਂਦੇ ਸਨ ਬੇਬੇ ਜੀ ਹਮੇਸ਼ਾ ਪਾਠ ਕਰਦੇ ਰਹਿੰਦੇ ਉਹਨਾਂ ਦੇ ਮੱਥੇ ਤੋਂ ਹਮੇਸ਼ਾ ਹੀ ਗੁਰਬਾਣੀਂ ਦਾ ਨੂਰ ਵਰ੍ਹਦਾ ਰਹਿੰਦਾ ਸੀਜਦ ਗਿੱਲ ਅੱਠਵੀਂ ਕਲਾਸ ਵਿਚ ਪੜ੍ਹਦਾ ਸੀ ਤਾਂ ਬੇਬੇ ਜੀ ਸਵਰਗ ਸਿਧਾਰ ਗਏ ਸਨਉਹਨਾਂ ਨੇ ਹਰ ਵਕਤ ਗਾਇਨ ਕਰਦੇ ਰਹਿਣਾ:

 ਜਿਸੁ ਕੇ ਸਿਰੁ ਊਪਰਿ ਤੂੰ ਸੁਆਮੀ॥
ਸੋ ਦੁੱਖ ਕੈਸਾ ਪਾਵੈ॥
ਬੋਲ ਨ ਜਾਣਾ ਮਾਇਆ ਮਦੁ ਮਾਤਾ॥
ਮਰਣਾ ਚੀਤਿ ਨ ਆਵੈ॥

 ਜਾਂ ਫਿਰ ਜਪੁਜੀ ਸਾਹਿਬ ਦਾ ਪਾਠ ਕਰਦੇ ਰਹਿਣਾ ਜਾਂ ਸੁਖਮਨੀ ਸਾਹਿਬ ਦਾ! ਬੇਬੇ ਨੇ ਗਿੱਲ ਦੇ ਕੰਨਾਂ ਤੱਕ ਗੁਰਬਾਣੀ ਪਹੁੰਚਾਉਣੀ ਅਤੇ ਉਸ ਦੇ ਚਿਹਰੇ ਨੂੰ ਨਿਹਾਰਨਾ, ਜਿਵੇਂ ਉਹ ਸਾਰਾ ਕੁਝ ਸਮਝਦਾ ਹੋਵੇ

 -"ਇਸ ਮੁੰਡੇ ਦੀ ਤਾਂ ਦੇਵਤਾ ਬੁੱਧੀ ਐ।" ਕਦੇ-ਕਦੇ ਬੇਬੇ ਜੀ ਨੇ ਆਖਣਾ

ਬੇਬੇ ਜੀ ਹਮੇਸ਼ਾ ਹੀ ਗਊਆਂ ਨੂੰ ਆਟੇ ਦਾ ਪੇੜਾ ਦਿਆ ਕਰਦੇ ਸਨਜਿਤਨੀਆਂ ਵੀ ਗਊਆਂ ਵੱਗ ਵਿਚ ਜਾਣ ਲਈ ਉਹਨਾਂ ਦੀ ਗਲੀ ਵਿਚੋਂ ਗੁਜ਼ਰਦੀਆਂ, ਬੇਬੇ ਜੀ ਨੇ ਉਤਨੀਆਂ ਨੂੰ ਹੀ ਪੇੜਾ ਦੇਈ ਜਾਣਾਗਊਆਂ ਦੀ ਵੀ ਇਕ ਤਰ੍ਹਾਂ ਨਾਲ ਆਦਤ ਜਿਹੀ ਹੀ ਬਣ ਗਈ ਸੀ ਕਿ ਉਹ ਵੱਗ ਵਿਚ ਜਾਣ ਵੇਲੇ ਉਹਨਾਂ ਦੇ ਦਰਵਾਜੇ ਅੱਗੇ ਰੁਕ ਕੇ ਜਾਂਦੀਆਂਉਤਨਾ ਚਿਰ ਨਹੀਂ ਹਿਲਦੀਆਂ ਸਨ, ਜਿੰਨਾਂ ਚਿਰ ਉਹਨਾਂ ਨੂੰ ਪੇੜਾ ਨਾ ਮਿਲ ਜਾਂਦਾਬੇਬੇ ਵੀ ਇਕ ਆਟੇ ਦੀ ਬੋਰੀ ਉਹਨਾਂ ਵਾਸਤੇ ਹੀ ਸਪੈਸ਼ਲ ਪਿਹਾ ਕੇ ਰੱਖਦੀ ਸੀਕਦੇ ਆਟਾ ਮੁੱਕਣ ਦੀ ਨੌਬਤ ਹੀ ਨਹੀਂ ਆਈ ਸੀ

ਕਈ ਗਊਆਂ 'ਮਾਰਨ-ਖੰਡੀਆਂ' ਵੀ ਸਨਪਰ ਬੇਬੇ ਦੇ ਉਹ ਹੱਥ ਚੱਟਦੀਆਂ ਰਹਿੰਦੀਆਂਕਦੇ ਵੀ ਕਿਸੇ ਗਊ ਨੇ ਉਹਨਾਂ ਨੂੰ ਸਿੰਗ ਮਾਰਨ ਦੀ ਕੋਸਿ਼ਸ਼ ਨਹੀਂ ਕੀਤੀ ਸੀਸਗੋਂ ਦੇਖ ਕੇ ਕੰਨ ਹਿਲਾਉਂਦੀਆਂ ਅਤੇ ਕਦੇ-ਕਦੇ ਰੰਭਦੀਆਂ  ਵੀ

 ਕਦੇ-ਕਦੇ ਬੁੜ੍ਹੀਆਂ ਬੇਬੇ ਨੂੰ ਆਖਦੀਆਂ:

-"ਕੁੜ੍ਹੇ ਨਿਹਾਲ ਕੁਰੇ-ਮਾਰਨ ਖੰਡੀਆਂ ਗਾਈਆਂ ਦਾ ਕਦੇ ਵਿਸਾਹ ਨ੍ਹੀ ਕਰੀਦਾ ਹੁੰਦਾ! ਕੀ ਪਤੈ ਕਿਸੇ ਜੁਆਕ ਦੇ ਢੁੱਡ ਈ ਮਾਰ ਜਾਣ?"

ਪਰ ਬੇਬੇ ਜੀ ਕਹਿੰਦੇ, "ਗਊ ਦੀਆਂ ਜਾਈਆਂ ਦੀ ਵਿਚਾਰੀਆਂ ਦੀ ਮੇਰੇ ਪੋਤੇ ਪੋਤੀਆਂ ਨਾਲ ਕੀ ਦੁਸ਼ਮਣੀਂ ਐਂ?" ਪਰ ਬੁੜ੍ਹੀਆਂ ਆਦਤ ਤੋਂ ਮਜ਼ਬੂਰ ਪਾਸੇ ਜਾ ਕੇ ਗੱਲਾਂ ਕਰਦੀਆਂ:

-"ਨਿਹਾਲ ਕੁਰ ਨੂੰ ਉਦੇਂ ਪਤਾ ਲੱਗੂ - ਜਿੱਦੇਂ ਕਿਸੇ ਜੁਆਕ ਦਾ ਢਿੱਡ ਪਾੜਤਾ।"

ਜਿਸ ਦਿਨ ਬੇਬੇ ਜੀ ਕਿਤੇ ਬਾਹਰ ਜਾਂਦੇ ਤਾਂ ਗਿੱਲ ਦੀ ਮਾਂ ਨੂੰ ਆਖ ਜਾਂਦੇ:

-"ਗੁਰਨਾਮ ਕੁਰੇ-ਗਾਈਆਂ ਨੂੰ ਪੇੜਾ ਜਰੂਰ ਦੇਈਂ-ਦੇਖੀਂ ਭੁੱਲੀਂ ਨਾ-ਗੋਕਾ ਹਾਉਕਾ ਲੈਂਦੈ!" ਕਿਉਂਕਿ ਗਿੱਲ ਦੀ ਮਾਂ, ਬੇਬੇ ਦੀਆਂ ਸਾਰੀਆਂ ਨੂੰਹਾਂ ਤੋਂ ਵੱਡੀ ਸੀਪਰ ਗਊਆਂ ਉਸ ਤੋਂ ਪੇੜਾ ਨਹੀਂ ਲੈਂਦੀਆਂ ਸਨਬੱਸ! ਪੇੜੇ ਵਾਲਾ ਹੱਥ ਸੁੰਘ ਕੇ ਹੀ, ਬਗੈਰ ਪੇੜਾ ਲਏ ਵੱਗ ਵੱਲ ਨੂੰ ਰਵਾਨਾ ਹੋ ਜਾਂਦੀਆਂਗਿੱਲ ਨੇ ਵੀ ਕਈ ਵਾਰ ਕੋਸ਼ਿਸ਼ ਕੀਤੀ, ਪਰ  ਅਸਫ਼ਲ! 

ਗਿੱਲ ਦੇ ਬਾਪੂ ਹੋਰੀਂ ਚਾਰ ਭਰਾ ਸਨ ਇਕ ਮਿਲਟਰੀ ਵਿਚ ਸੀ, ਦੋ ਡਾਕਟਰ ਸਨ ਅਤੇ ਗਿੱਲ ਦਾ ਬਾਪੂ ਵਾਹੀ ਕਰਦਾ ਸੀਦੋਹਾਂ ਚਾਚਿਆਂ ਦੇ ਵੱਖੋ-ਵੱਖ ਨਰਸਿੰਗ-ਹੋਮ ਬਣਾਏ ਹੋਏ ਸਨ ਅਤੇ ਤੀਜਾ ਮਿਲਟਰੀ ਵਿਚ ਐਸ਼ ਕਰਦਾ ਸੀਇਕ ਗਿੱਲ ਦਾ ਬਾਪੂ ਹੀ ਸੀ, ਜੋ ਹਮੇਸ਼ਾ ਮਿੱਟੀ ਨਾਲ ਮਿੱਟੀ ਹੋਇਆ ਰਹਿੰਦਾ ਸੀ 

ਕੁਝ ਸਾਲ ਬਾਅਦ ਗਿੱਲ ਦਾ ਚਾਚਾ ਮਿਲਟਰੀ ਵਿਚੋਂ ਪੈਨਸ਼ਨ ਆ ਗਿਆਦੂਜੇ ਡਾਕਟਰੀ ਵਿਚ ਮਸ਼ਰੂਫ਼ ਸਨਜ਼ਮੀਨ-ਘਰ ਅਜੇ ਸਾਰਾ ਕੁਝ ਸਾਂਝਾ ਹੀ ਸੀਬਾਪੂ ਦੇ ਦੋ ਸੀਰੀ ਰੱਖੇ ਹੋਏ ਸਨ ਅਤੇ ਸਾਂਝੀ ਅਠਾਈ ਏਕੜ ਜ਼ਮੀਨ ਦੀ ਵਾਹੀ ਬੜੀ ਵਧੀਆ ਤੁਰੀ ਜਾਂਦੀ ਸੀ ਕਦੇ-ਕਦੇ ਗਿੱਲ ਨੇ ਆਪਣੇ ਬਾਪੂ ਨੂੰ ਸਵਰਾਜ ਟਰੈਕਟਰ ਨਾਲ ਵੀਹ-ਵੀਹ ਘੰਟੇ ਵਹਾਈ ਕਰਦੇ ਦੇਖਿਆ ਅਤੇ ਸੁਹਾਗਾ ਮਾਰਦੇ ਦੇਖਿਆ ਸੀਮਿੱਟੀ ਨਾਲ ਮਿੱਟੀ, ਅੱਕਲਕਾਨ ਹੋਇਆ! ਉਸ ਦਾ ਮਿਲਟਰੀ ਵਾਲਾ ਚਾਚਾ ਬਾਪੂ ਦੀ ਖੇਤ ਰੋਟੀ ਲਿਜਾਣ ਦੀ ਵੀ ਤਕਲੀਫ਼ ਮੰਨਦਾ ਸੀਚਾਚਾ ਪੈਂਟ ਕੋਟ ਪਾ ਕੇ, ਸਿਰ 'ਤੇ ਪਟਿਆਲਾ ਸ਼ਾਹੀ ਪੱਗ ਜਚਾ ਕੇ, ਜਾਨੀ ਬਣਿਆਂ ਰਹਿੰਦਾ           

ਪੈਸਾ ਚਾਚੇ ਕੋਲ ਚੰਗਾ-ਚੋਖਾ ਸੀ ਜਿਸ ਕਰਕੇ ਉਸ ਦੀ ਬੁੱਧੀ ਕੁਝ ਜਿ਼ਆਦਾ ਹੀ 'ਉੱਤਮ' ਹੋ ਗਈ ਸੀਕਿਉਂਕਿ ਮਿਲਟਰੀ ਦਾ ਪੈਸਾ ਕਦੇ ਘਰੇ ਤਾਂ ਫੜਾਇਆ ਹੀ ਨਹੀਂ ਸੀ ਅਤੇ ਨਾ ਹੀ ਕਿਸੇ ਨੇ ਕਦੇ ਮੰਗਿਆ ਸੀ

ਚਾਚਾ ਕਈ ਵਾਰ ਗਿੱਲ ਦੇ ਬਾਪੂ ਨਾਲ ਮੱਛੀ ਜਾਂ ਸੂਰ ਪਾਲਣ ਲਈ ਗੱਲ ਤੋਰਦਾਕਦੇ ਪੋਲਟਰੀ ਫਾਰਮ ਖੋਲ੍ਹਣ ਲਈ ਕਹਿੰਦਾਗਿੱਲ ਦਾ ਬਾਪੂ ਅਤੀਅੰਤ ਅੱਕ ਜਾਂਦਾ

-"ਜਿਹੜਾ ਕੰਮ ਪਿਉ ਦਾਦੇ ਨੇ ਨਹੀਂ ਕੀਤਾ-ਉਹ ਆਪਾਂ ਜਰੂਰ ਕਰਨੈਂ? ਨਾ ਖਾਨਦਾਨ ਨੂੰ ਲਾਜ ਲਾਓ-ਲੋਕ ਟਿੱਚਰਾਂ ਕਰਨਗੇ!"

ਬੇਬੇ ਸੁਣ ਕੇ ਕਲਪਦੀ

 - "ਇਹਦੀ ਫ਼ੌਜ 'ਚ ਰਹਿ ਕੇ ਰਾਕਸ਼ਸ ਬੁੱਧੀ ਹੋਗੀ-ਭ੍ਰਿਸ਼ਟ ਗਿਆ ਇਹੇ!" ਅਤੇ 'ਵਾਹਿਗੁਰੂ-ਵਾਹਿਗੁਰੂ' ਕਰਦੀ ਮੰਜੇ 'ਤੇ ਜਾ ਬੈਠਦੀਗਿੱਲ ਦੇ ਦਾਦਾ ਜੀ ਨੇ ਵੀ ਕਦੇ ਮੀਟ, ਸ਼ਰਾਬ ਜਾਂ ਅੰਡੇ ਨੂੰ ਹੱਥ ਨਹੀਂ ਲਾਇਆ ਸੀਮੀਟ ਦਾ 'ਮੁਸ਼ਕ' ਤਾਂ ਉਹਨਾਂ ਨੂੰ ਦੋ ਕਿਲੋਮੀਟਰ ਤੋਂ ਆ ਜਾਂਦਾ ਸੀ

 ਇਕ ਵਾਰੀ ਦੀ ਗੱਲ ਹੈ ਕਿ ਗਿੱਲ ਅਤੇ ਉਹਨਾਂ ਦੇ ਸੀਰੀ ਦੇ ਮੁੰਡੇ ਕਾਕੂ ਨੇ ਖ਼ਰਗੋਸ਼ ਮਾਰ ਲਿਆਮਾਰ ਤਾਂ ਲਿਆ, ਪਰ ਬਣਾਉਣਾ ਇਕ ਵੱਡੀ ਮੁਸ਼ਕਲ ਸੀਕਿਉਂਕਿ ਦਾਦਾ ਜੀ ਕਿਸੇ ਟਾਈਮ ਵੀ ਖੇਤ ਆ ਸਕਦੇ ਸਨਫਿਰ ਖ਼ੈਰ ਨਹੀਂ ਸੀਕਿਉਂਕਿ ਦਾਦਾ ਜੀ ਦੇ ਖੂੰਡੇ ਦਾ ਖੂੰਡ ਗਿੱਲ ਦੇ ਕਈ ਵਾਰ ਪਾਸੇ ਸੇਕ ਚੁੱਕਾ ਸੀ

- "ਕਾਕੂ! ਨਰਮੇਂ ਦੇ ਚਾਰ ਕੁ ਬੂਟੇ ਪੱਟ ਕੇ ਚੁੱਲ੍ਹਾ ਬਣਾ-ਮੈਂ ਭਾਂਡੇ ਤੇ ਰਾਸ਼ਣ ਲਿਆਉਨੈਂ!" ਗਿੱਲ ਨੇ ਕਾਕੂ ਨੂੰ ਕਿਹਾਖ਼ੈਰ! ਉਹਨਾਂ ਨੇ ਨਰਮੇਂ ਦੇ ਖੇਤ ਵਿਚ ਚੁੱਲ੍ਹਾ ਪੱਟ ਕੇ, ਪਤੀਲੇ ਵਿਚ ਪਾ ਖ਼ਰਗੋਸ਼ ਬਣਨਾ ਧਰ ਦਿੱਤਾਪੰਦਰਾਂ ਕੁ ਮਿੰਟਾਂ ਬਾਅਦ ਕੁਦਰਤੀ ਕਿੱਧਰੋਂ ਦਾਦਾ ਜੀ ਆ ਧਮਕੇ! ਉਹ ਦਾਦਾ ਜੀ ਨੂੰ ਦੇਖ ਕੇ, ਭੱਜ ਕੇ ਪਹੀ 'ਤੇ ਆ ਗਏ ਸਾਹ ਉਹਨਾਂ ਦੇ ਸੰਘ ਅੰਦਰ ਹੀ ਅੜੇ ਪਏ ਸਨਮੱਥੇ 'ਤੇ ਮੁੜ੍ਹਕਾ ਅਤੇ ਦਿਲ ਇੰਜਣ ਵਾਂਗ ਧੱਕ-ਧੱਕ ਕਰ ਰਹੇ ਸਨ

-"ਨਰਮੇਂ 'ਚ ਕੀ ਕਰਦੇ ਸੀ?" ਸੁਆਲ ਕੁਹਾੜੀ ਵਾਂਗ ਮੱਥੇ 'ਚ ਆ ਵੱਜਿਆ ਘਬਰਾਉਣਾ ਬੇਵਕੂਫ਼ੀ ਸੀ

-"ਕਾਕੂ ਦਾ ਰੰਬਾ ਗੁਆਚ ਗਿਆ-ਉਹ ਭਾਲਦੇ ਸੀ।"

-"ਕਾਕੂ! ਆਬਦੇ ਪਿਉ ਨੂੰ ਕਹੀਂ ਕੱਲ੍ਹ ਨੂੰ ਸੁਦੇਹਾਂ ਆਜੇ-ਨਰਮਾ ਸੀਲਣ ਆਲਾ ਪਿਐ।" ਉਹਨਾਂ ਕਾਕੂ ਨੂੰ ਕਿਹਾ

-"ਚੰਗਾ ਬਾਬਾ!"

-"ਆਹ ਮਾਸ ਦਾ ਮੁਸ਼ਕ ਕਿੱਥੋਂ ਆਉਂਦੈ?"

-"ਦਿਆਲ ਕੇ ਬਣਾਉਂਦੇ ਹੋਣੇਂ ਐਂ।" ਗਿੱਲ ਨੇ ਤਟਾ-ਫਟ ਗੱਲ ਬੋਚੀ

-"ਸਾੜ ਵਰ੍ਹਾਇਆ ਪਿਐ-ਚਲੋ ਆਓ ਚੱਲੀਏ!" ਉਹਨਾਂ ਤੁਰਦਿਆਂ ਕਿਹਾ

-"ਅਸੀਂ ਪੱਠੇ ਲੈ ਕੇ ਈ ਆਵਾਂਗੇ ਬਾਬਾ।" ਕਾਕੂ ਬੋਲਿਆ

-"ਜਲਦੀ ਆ ਜਾਇਓ ਫੇਰ-ਖੇਡ ਨਾ ਲੱਗ ਜਿਓ!" ਦਾਦਾ ਜੀ ਤੁਰ ਗਏਬਲਾ ਟਲ ਗਈ

ਦੋਹਾਂ ਦੇ 'ਫੜ੍ਹੱਕ-ਫੜ੍ਹੱਕ' ਕਰਦੇ ਦਿਲ ਮਸਾਂ ਹੀ ਥਾਂ ਸਿਰ ਆਏ ਸਨ

 ਗਿੱਲ ਕੇ ਵਸਦੇ ਰਸਦੇ ਘਰ 'ਤੇ ਵੀ ਆਖਰ ਭਾਵੀ ਟੁੱਟ ਪਈਡਾਕਟਰ ਚਾਚੇ ਆਉਂਦੇ ਅਤੇ ਫ਼ੌਜੀ ਚਾਚੇ ਨੂੰ ਫੂਕ ਚਾੜ੍ਹ ਜਾਂਦੇਉਹ ਹਮੇਸ਼ਾ ਹੀ ਬਾਪੂ ਜੀ ਦੇ ਵਿਰੁੱਧ ਹੀ ਬੋਲਦੇ ਸਨ 

-"ਬਾਈ ਤੋਂ ਕਦੇ ਜ਼ਮੀਨ ਦਾ ਹਿਸਾਬ ਵੀ ਲੈ ਲਿਆ ਕਰ-'ਕੱਲਾ ਈ ਉੜਦੂ ਲਾਈ ਜਾਂਦੈ।" ਵੱਡੇ ਭਰਾ ਦੀ ਹੱਡ-ਭੰਨਵੀਂ ਕਮਾਈ ਦੀ ਕਿਸੇ ਨੂੰ ਕਦਰ ਨਹੀਂ ਸੀਹਾਲਾਂ ਕਿ ਹਰ ਛਿਮਾਹੀਂ ਉਹਨਾਂ ਦਾ ਹਿੱਸਾ ਉਹਨਾਂ ਨੂੰ ਮਿਲ ਜਾਂਦਾ ਸੀਦੋ ਭੈਣਾਂ ਦੇ ਵਿਆਹ ਵੀ ਇਕੱਲੇ ਨੇ ਹੀ ਪੱਲਿਓਂ ਲਾ ਕੇ ਕੀਤੇ ਸਨਸਾਰੇ ਚਾਚਿਆਂ ਨੂੰ ਬਾਪੂ ਜੀ ਨੇ ਪੜ੍ਹਾ ਕੇ ਹੀ ਕਿੱਤੇ 'ਤੇ ਲਾਇਆ ਸੀ ਕਦੇ ਕੋਈ ਬੇਈਮਾਨੀ ਨਹੀਂ ਕੀਤੀ ਸੀ

-"ਬਾਈ! ਹੁਣ ਡੱਕੇ ਡੱਕੇ ਦਾ ਹਿਸਾਬ ਹੋਇਆ ਕਰੂਗਾ।" ਫ਼ੌਜੀ ਚਾਚੇ ਨੇ ਇਕ ਦਿਨ ਬਾਪੂ ਜੀ ਨੂੰ ਮੂੰਹ ਪਾੜ ਕੇ ਕਹਿ ਹੀ ਦਿੱਤਾ

-"ਅੱਗੇ ਹਿਸਾਬ ਕਿਹੜਾ ਬੇ-ਹਿਸਾਬਾ ਐ?" ਬਾਪੂ ਨੂੰ ਕੋਈ ਗੱਲ ਨਾ ਔੜੀਉਸ ਨੇ ਕਦੇ ਜ਼ਿੰਦਗੀ ਵਿਚ ਵੀ ਸੋਚਿਆ ਨਹੀਂ ਸੀ ਕਿ ਹੱਥੀਂ ਪਾਲੇ, ਪੜ੍ਹਾਏ ਅਤੇ ਕਿੱਤਿਆਂ 'ਤੇ ਲਾਏ ਵੀ ਉਸ ਦੇ ਮੂਹਰੇ ਬੋਲਣ ਲੱਗ ਜਾਣਗੇ?

-"ਨਾ-ਫੇਰ ਵੀ!"

-"ਤੂੰ ਕੌਣ ਹੁੰਨੈਂ ਉਏ ਸ੍ਹਾਬ ਕਿਤਾਬ ਪੁੱਛਣ ਆਲਾ? ਪਾ ਕੇ ਚਿੱਟਾ ਜਿਆ ਸੁੱਥੂ ਸਕੀਰੀਆਂ 'ਚ ਤੁਰਿਆ ਫਿਰੂ-ਕਦੇ ਕੰਮ ਕੀਤੈ?" ਦਾਦਾ ਜੀ ਬਾਘੜ ਬਿੱਲੇ ਵਾਂਗ ਪਏ

-"ਮੈਂ ਚੌਥੇ ਹਿੱਸੇ ਦਾ ਮਾਲਕ ਐਂ!" ਉਹ ਬੋਲਿਆ

-"ਕਾਹਦਾ ਮਾਲਕ ਐਂ ਉਏ ਤੂੰ? ਮੈਂ ਮਰ ਗਿਆ ਅਜੇ? ਕਦੇ ਫ਼ੌਜ 'ਚੋਂ ਕੋਈ ਦੁੱਕੀ ਭੇਜੀ ਸੀ?" ਦਾਦਾ ਜੀ ਗੁੱਸੇ ਨਾਲ ਕੰਬ ਰਹੇ ਸਨ

-"ਸਮਾਈ ਨਾਲ ਗੱਲ ਕਰ ਲਵੋ-ਝੱਜੂ ਜਰੂਰੀ ਪਾਉਣੈਂ? ਬਖ਼ਸ਼ ਵੇ ਵਾਹਿਗੁਰੂ!" ਬੇਬੇ ਜੀ ਵਿਚਾਲੇ ਆ ਗਏ

-"ਸਮਾਈ ਨਾਲ ਗੱਲ ਇਹੇ ਕਰਨ ਦਿੰਦੈ? ਜਿੱਦੇਂ ਦਾ ਪਿਲਸਣ ਆਇਐ-ਅੱਗ ਦਾ ਕੂਚਾ ਲਈ ਫਿਰਦੈ-ਮੈਂ ਕਿੱਦੇਂ ਦਾ ਮੂੰਹ ਵੱਲੀਂ ਦੇਹਨੈਂ-ਬਈ ਕਾਹਨੂੰ! ਕਮਾਈ ਕਰ-ਕਰ ਸਹੁਰਿਆਂ ਦਾ ਢਿੱਡ ਭਰੀ ਗਿਆ-ਸ੍ਹਾਬ ਮੰਗਦੈ ਹੁਣ ਸਾਥੋਂ-ਜਿਮੇਂ ਕਮਾਈ ਕਰ-ਕਰ ਬਣਾਈ ਹੁੰਦੀ ਐ-ਕੁੜੀਆਂ ਦੇ ਵਿਆਹ ਕੀਤੇ-ਦਿੱਤੀ ਇਕ ਦੁਆਨੀ ਕਿਸੇ ਨੇ ਥੋਡੇ 'ਚੋਂ--?" ਦਾਦਾ ਜੀ ਨੇ ਪੁਰਾਣੇਂ ਟੋਟੇ ਉਧੇੜਨੇ ਸ਼ੁਰੂ ਕਰ ਦਿੱਤੇ

-"ਮੈਨੂੰ ਅੱਡ ਕਰ ਦਿਓ!" ਉਸ ਨੇ ਫ਼ੈਸਲਾ ਦਿੱਤਾ

-"ਤੈਨੂੰ ਮੈਂ ਕਰਾਵਾਂ ਅੱਡ? ਨਿੱਕਲ ਮੇਰੇ ਘਰੋਂ! ਨਿਕਲ ਮੇਰੇ ਘਰੋਂ ਹਰਾਮਦਿਆ--!" ਦਾਦਾ ਜੀ ਪਤਾ ਨਹੀਂ ਕੀ ਬੋਲੀ ਜਾ ਰਹੇ ਸਨ? ਉਹ 'ਆਪੇ' ਤੋਂ ਬਾਹਰ ਸਨ

-"ਭੁੱਖਾ ਮਰੇਂਗਾ ਭੁੱਖਾ! ਕੁੱਤੇ ਦਾ ਹੱਡ ਨਾ ਹੋਵੇ ਤਾਂ! ਕਰਦਾ ਕੀ ਐ ਲੱਛਣ-ਉਸ ਪਤੰਦਰ ਦੀ ਕਦਰ ਤਾਂ ਕਿਸੇ ਨੇ ਕੀ ਕਰਨੀ ਸੀ? ਜੀਹਨੇ ਕਾਲੇ ਬਲਦ ਮਾਂਗੂੰ ਕਮਾਇਆ-ਥੋਨੂੰ ਜਿਣਸਾਂ ਨੂੰ ਪੜ੍ਹਾਇਆ-ਕਿੱਤਿਆਂ 'ਤੇ ਲਾਇਆ-ਹੁਣ ਉਹਦਾ ਇਹ ਗੁਣ ਪਾਉਂਦੇ ਐ? ਥੋਡੀਆਂ ਘਤਿੱਤਾਂ ਮੈਂ ਕਈਆਂ ਦਿਨਾਂ ਤੋਂ ਦੇਖਦਾ ਆਉਨੈਂ-ਮਾਰ ਦੂੰ ਮਾਰ---!" ਦਾਦਾ ਜੀ ਨੇ ਰੈਂਗੜਾ ਖਿੱਚ ਲਿਆਸਾਢੇ ਛੇ ਫੁੱਟੇ ਦਾਦਾ ਜੀ ਦੀ ਦੇਹ ਕਿਸੇ 'ਦਿਉ' ਵਾਂਗ ਬਿਫ਼ਰੀ ਖੜ੍ਹੀ ਸੀਬੇਬੇ ਅਤੇ ਬਾਪੂ ਜੀ ਨੇ ਦਾਦਾ ਜੀ ਨੂੰ ਫੜ ਲਿਆ

ਚਾਚਾ 'ਬੁੜ-ਬੁੜ' ਕਰਦਾ ਘਰੋਂ ਨਿਕਲ ਗਿਆ ਉਸ ਦੇ ਬੋਲ ਅੰਦਰੇ ਹੀ ਸਲ੍ਹਾਬੇ ਗਏ ਸਨ

ਘਰ ਵਿਚ ਖ਼ਾਮੋਸ਼ੀ ਛਾ ਗਈ

ਸ਼ਾਮ ਨੂੰ ਤਿੰਨੇ ਚਾਚੇ ਜੀਪ 'ਤੇ ਚੜ੍ਹ ਘਰੇ ਆ ਗਏ ਅਤੇ 'ਅੱਡ-ਹੋਣ' ਦੀ ਲਕੀਰ ਖਿੱਚ ਦਿੱਤੀ ਸਭ ਦੇ ਜਿਵੇਂ ਹਰਾਸ ਮਾਰੇ ਗਏ ਦਾਦਾ ਜੀ ਤਾਂ ਲੋਕਾਂ ਦੇ ਝਗੜਿਆਂ ਦੇ ਫ਼ੈਸਲੇ ਕਰਵਾਇਆ ਕਰਦੇ ਸਨ, ਤੇ ਅੱਜ ਬਿਪਤਾ ਉਹਨਾਂ ਦੇ ਘਰ 'ਤੇ ਹੀ ਧਾਹ ਪਈ ਸੀਘਰ ਵਿਚ ਸੋਗ ਵਰ੍ਹਿਆ ਪਿਆ ਸੀਕੋਈ ਕਿਸੇ ਨਾਲ ਗੱਲ ਨਹੀਂ ਕਰ ਰਿਹਾ ਸੀ

ਹੱਥੋਂ ਬਾਜ਼ੀ ਜਾਂਦੀ ਦੇਖ ਕੇ ਗਿੱਲ ਦੇ ਬਾਪੂ ਜੀ ਆਪਣੇ ਮਾਮਾ ਜੀ ਨੂੰ ਲੈਣ ਭਗਤੇ ਭਾਈ ਕੇ ਨੂੰ ਬੱਸ ਚੜ੍ਹ ਗਏ

-"ਜਿਹੜੀ ਗੱਲ ਐ ਘਰੇ ਬੈਠ ਕੇ ਈ ਨਬੇੜ ਲਓ-ਕਿਉਂ ਖਰੂਦ ਪਾਇਐ?" ਬਾਪੂ ਦੇ ਮਾਮਾ ਜੀ ਸਰਦਾਰ ਸੰਪੂਰਨ ਸਿੰਘ ਨੇ ਆਉਂਦਿਆਂ ਹੀ ਕਿਹਾਉਹਨਾਂ ਦੀ ਲੰਬੀ ਬੱਗੀ ਦਾਹੜੀ ਖਿਲਰ-ਖਿਲਰ ਪੈਂਦੀ ਸੀ

-"ਪੂਰਨ ਸਿਆਂ! ਹੁਣ ਘਾਣੀਂ ਨਬੇੜ ਈ ਦੇਹ-ਇਹ ਨਿੱਤ ਕੁੱਤ-ਪੌਅ ਕਰਿਆ ਕਰਨਗੇ-ਮੈਥੋਂ ਨ੍ਹੀ ਹਰ ਰੋਜ ਦਾ ਟਟਬੈਰ ਝੱਲਿਆ ਜਾਣਾ!" ਦਾਦਾ ਜੀ ਨੇ ਇੱਕੋ ਗੱਲ ਹੀ ਸਿਰੇ ਲਾ ਦਿੱਤੀ

-"ਵਾਹਿਗੁਰੂ! ਨ੍ਹਾ ਐਡੀ ਛੇਤੀ ਥੋਨੂੰ ਕੀ ਹੋ ਗਿਆ ਸਾਰਿਆਂ ਨੂੰ?" ਮਾਮਾ ਜੀ ਪੁੱਛ ਰਹੇ ਸਨ ਉਹ ਦੁਖੀ ਨਾਲੋਂ ਹੈਰਾਨ ਜਿ਼ਆਦਾ ਸਨ

-"ਇਹ ਰੱਪੜ ਔਸ ਬਿੱਲੀ ਮੂੰਹੇਂ ਜੇ ਦੇ ਪਾਏ ਵੇ ਐ-ਪਿਲਸਣ ਕਾਹਦੀ ਮਿਲਗੀ-ਨਿਹਾਲੇ ਆਲੀਆ ਜਮੇਰ ਬਣ ਗਿਆ!" ਦਾਦਾ ਜੀ ਦਾ ਇਸ਼ਾਰਾ ਫ਼ੌਜੀ ਚਾਚੇ ਵੱਲ ਸੀ

ਖ਼ੈਰ! ਵੰਡ-ਵੰਡਾ ਹੋ ਗਿਆ

ਪੰਜਵਾਂ ਹਿੱਸਾ ਦਾਦਾ ਜੀ ਨੇ ਆਪਣਾ ਰਾਖਵਾਂ ਰੱਖ ਲਿਆ

-"ਅਸੀਂ ਤਾਂ ਬੇਬੇ ਜੀ ਦੇ ਸੰਦੂਖ 'ਚੋਂ ਵੀ ਹਿੱਸਾ ਵੰਡਾਵਾਂਗੇ!" ਗਿੱਲ ਦੀ ਚਾਚੀ ਨੇ ਗੁਟਾਹਰ ਵਰਗੀ ਅਵਾਜ਼ ਕੱਢੀ ਤਾਂ ਬੇਬੇ ਭੜ੍ਹਕ ਪਈਸਾਰੀ ਉਮਰ ਬੇਬੇ ਜੀ ਅੱਗੇ ਕੋਈ ਬੋਲਿਆ ਨਹੀਂ ਸੀ

-"ਤੂੰ ਕੀ ਲੱਗਦੀ ਐਂ ਨੀ ਸੰਦੂਖ ਦੀ? ਸੰਦੂਖ ਮੇਰੇ ਪੇਕਿਆਂ ਨੇ ਦਿੱਤੈ! ਵੰਡਾਊ ਇਹੇ ਹਿੱਸਾ ਮੇਰੇ ਸੰਦੂਖ 'ਚੋਂ--!" ਬੇਬੇ ਸ਼ੇਰਨੀ ਵਾਂਗ ਦਹਾੜੀ

-"ਸੰਦੂਖ ਸੰਦਾਖ 'ਚੋਂ ਕੋਈ ਹਿੱਸਾ ਨਹੀਂ ਮਿਲਣਾ-ਖ਼ੁਸ਼ੀ ਝਾਕ ਕਰਿਓ--!"ਮਾਮਾ ਜੀ ਨੂੰ ਵੀ ਹਰਖ਼ ਚੜ੍ਹ ਗਿਆ

-"ਤੂੰ ਲਾ ਕੇ ਦੇਖ ਹੱਥ ਮੇਰੇ ਸੰਦੂਖ ਨੂੰ-ਜੇ ਵਿਚ ਦੀ ਨਾ ਨਿਕਲਜਾਂ ਤੇਰੇ-ਕੱਲ੍ਹ ਦੀ ਭੂਤਨੀ ਸਿਵਿਆਂ 'ਚ ਅੱਧ?" ਬੇਬੇ ਪੂਰੀ ਕਰੋਧ ਵਿਚ ਸੀ, "ਅਸੀਂ ਥੋਡੇ ਸੰਦੂਖ ਕਦੇ ਛੇੜੇ ਐ?"

ਖ਼ੈਰ! ਬੇਬੇ ਨੂੰ ਚੁੱਪ ਕਰਵਾ ਦਿੱਤਾ ਗਿਆ

ਕਈ ਦਿਨ ਬੇਬੇ ਜੀ ਦਾ ਪਾਠ ਵਿਚ ਮਨ ਨਾ ਲੱਗਿਆਉਹ ਕਦੇ-ਕਦੇ ਬੁੜ-ਬੁੜ ਕਰਨ ਲੱਗ ਜਾਂਦੀ

-"ਭਾਲਦੀ ਐ ਹਿੱਸਾ ਮੇਰੇ ਸੰਦੂਖ 'ਚੋਂ-ਰਿਹਾਅ ਤੀਮੀਂ।"

-"ਚਲੋ ਛੱਡੋ ਬੇਬੇ ਜੀ! ਜਿਹੋ ਜੀ ਮੱਤ ਹੁੰਦੀ ਐ-ਬੰਦਾ ਉਹੋ ਜੀ ਗੱਲ ਕਰਦੈ।" ਗਿੱਲ ਦੀ ਮਾਂ ਕਹਿੰਦੀ

ਇਕ ਦਿਨ ਬੇਬੇ ਨੂੰ ਅਚਾਨਕ ਖੰਘ ਜਿਹੀ ਛਿੜੀਉਹ 'ਵਾਹਿਗੁਰੂ-ਵਾਹਿਗੁਰੂ' ਕਰਦੀ ਮੰਜੇ 'ਤੇ ਪੈ ਗਈ ਗਿੱਲ ਦੀ ਮਾਂ ਭੱਜ ਕੇ ਪਾਣੀ ਲੈ ਕੇ ਆਈਪਰ ਬੇਬੇ 'ਪੂਰੀ' ਹੋ ਚੁੱਕੀ ਸੀ

ਰਿਸ਼ਤੇਦਾਰ ਬੁਲਾਏ ਗਏ
ਸਸਕਾਰ ਕਰ ਦਿੱਤਾ ਗਿਆ
ਬੇਬੇ ਦੀ ਆਤਮਾ ਦੀ ਸ਼ਾਂਤੀ ਲਈ ਸ੍ਰੀ ਆਖੰਡ ਪਾਠ ਪ੍ਰਕਾਸ਼ ਕਰਵਾਇਆ ਗਿਆਭੋਗ ਪੈ ਗਿਆ

ਉਸ ਦਿਨ ਤੋਂ ਬਾਅਦ ਵੱਗ ਵਿਚ ਜਾਂਦੀਆਂ ਗਊਆਂ ਵੀ ਕਦੇ ਗਿੱਲ ਕੇ ਦਰਵਾਜੇ ਅੱਗੇ ਪੇੜਾ ਲੈਣ ਲਈ ਨਹੀਂ ਖੜ੍ਹੀਆਂ ਸਨ ਜਿਵੇਂ ਉਹਨਾਂ ਨੂੰ ਪਤਾ ਚੱਲ ਗਿਆ ਸੀ ਕਿ ਬੇਬੇ ਮਰ ਚੁੱਕੀ ਸੀ

ਮਾਨੁੱਖ ਅਤੇ ਜਾਨਵਰ ਦੇ ਪ੍ਰੇਮ ਵਿਚ ਕਿੰਨਾਂ ਅੰਤਰ ਹੈ? ਕਦੀ-ਕਦੀ ਜਾਂਦੀਆਂ ਗਊਆਂ ਵੱਲ ਦੇਖ ਕੇ ਸੋਚਦੇ ਗਿੱਲ ਦਾ ਮਨ ਭਰ ਆਉਂਦਾਉਹ ਕਿੰਨੀ-ਕਿੰਨੀ ਦੇਰ ਦਰਵਾਜੇ ਅੱਗੇ ਖੜ੍ਹਾ ਬੇਬੇ ਜੀ ਨੂੰ ਰੋਂਦਾ ਰਹਿੰਦਾ

 

5_cccccc1.gif (41 bytes)

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com