ਰੁਖਸਾਨਾ
ਡੂੰਘੀਆਂ ਸੋਚਾਂ ਵਿੱਚ ਲੱਗਦੀ ਸੀ ਅਤੇ ਟਿਕ ਕੇ ਆਪਣੀ ਕੁਰਸੀ ਤੇ ਹੀ ਬੈਠੀ ਰਹੀ। ਜੱਜ
ਪਹਿਲਾਂ ਹੀ ਜਾ ਚੁੱਕਾ ਸੀ ਅਤੇ ਕੋਰਟ-ਰੂਮ ਜਲਦੀ ਹੀ ਖ਼ਾਲੀ ਹੋ ਰਿਹਾ ਸੀ। ਉਸ ਦੇ ਵਕੀਲ
ਨੇ ਉਸ ਦਾ ਹੱਥ ਫੜ ਕੇ ਹਲਕਾ ਜਿਹਾ ਹਲੂਣਾ ਦਿੱਤਾ, ਅਤੇ ਕਹਿਣ ਲੱਗਾ, “ਤੁਹਾਨੂੰ ਵਧਾਈ
ਹੋਵੇ…”।
“ਵਧਾਈ?”, ਉਹ ਜਿਵੇਂ ਲੰਮੀ ਨੀਂਦ ‘ਚੋਂ ਜਾਗੀ
ਹੋਵੇ, ਫਿਰ ਆਪਣਾ ਸਿਰ ਹਿਲਾਉਂਦਿਆਂ ਬੋਲੀ, “ਓ…ਜੀ..ਜੀ..ਥੈਂਕ ਯੂ ਵੈਰੀ ਮੱਚ”।
“ਮੈਨੂੰ ਤਾਂ ਹੁਣ ਜਾਣਾ ਪਏਗਾ, ਮੇਰੇ ਆਫ਼ਿਸ ਵਿੱਚ
ਇੱਕ ਬਹੁਤ ਜ਼ਰੂਰੀ ਮੀਟਿੰਗ ਹੈ ਅਤੇ ਮੈਂ ਪਹਿਲਾਂ ਹੀ ਲੇਟ ਹੋ ਗਿਆ ਹਾਂ”, ਕਹਿ ਉਸ ਨੇ
ਆਪਣਾ ਬੈਗ਼ ਉਠਾਇਆ ਅਤੇ ਕਮਰਿਓਂ ਬਾਹਰ ਹੋ ਗਿਆ।
ਉਹ ਬੜੀ ਹੌਲੀ ਹੌਲੀ ਉੱਠੀ, ਅਤੇ ਬੜੇ ਹੀ ਸੁਸਤ
ਕਦਮਾਂ ਨਾਲ ਦਰਵਾਜ਼ੇ ਵੱਲ ਤੁਰ ਪਈ।
ਕਾਜ਼ੀ ਰਸੂਲ ਮੁਹੰਮਦ ਜੋ ਮਸਜਿਦ ਦਾ ਹੈੱਡ ਮੁੱਲਾਂ
ਸੀ, ਉਸ ਵੱਲ ਹੈਰਾਨਕੁੰਨ ਵੇਖ ਰਿਹਾ ਸੀ। ਉਸ ਨੂੰ ਸਮਝ ਨਹੀਂ ਆ ਰਹੀ ਸੀ ਕਿ ਰੁਖ਼ਸਾਨਾ
ਇੰਨੀ ਮਾਯੂਸ ਕਿਉਂ ਨਜ਼ਰ ਆ ਰਹੀ ਹੈ। ਉਹ ਉਸ ਦੇ ਪਿੱਛੇ ਪਿੱਛੇ ਹੀ ਬਿਲਡਿੰਗ ਵਿੱਚੋਂ
ਬਾਹਰ ਆ ਗਿਆ, ਕਹਿਣ ਲੱਗਾ, “ਬੇਟੀ, ਹੁਣ ਤਾਂ ਤੈਨੂੰ ਕੋਈ ਫ਼ਿਕਰ ਕਰਨ ਦੀ ਲੋੜ ਨਹੀਂ,
ਤੂੰ ਕੇਸ ਜਿੱਤ ਗਈ ਹੈਂ ”।
“ਮੈਂ ਜਿੱਤ ਗਈ ਆਂ? ਓ..ਹਾਂ..ਹਾਂ.. ਮੈਂ ਜਿੱਤ
ਗਈ ਹਾਂ…ਆਈ ਐਮ ਸੌਰੀ, ਮੈਂ ਆਪੇ ਵਿੱਚ ਨਹੀਂ ਸਾਂ। ਮੇਰਾ ਮਨ ਕਿੱਧਰੇ ਹੋਰ ਵਿਚਰ ਰਿਹਾ
ਸੀ”, ਉਸ ਨੇ ਜਵਾਬ ਦਿੱਤਾ।
“ਤੇਰੇ ਬੇਟੇ ਦੀ ਪੂਰੀ ਕਸਟਡੀ ਹੁਣ ਤੈਨੂੰ ਮਿਲ ਗਈ
ਹੈ। ਜਿਵੇਂ ਜੱਜ ਨੇ ਹੁਕਮ ਦਿੱਤਾ ਹੈ, ਸਮੀਰ ਦੀ ਪੜ੍ਹਾਈ ਲਈ ਹੁਣ ਤੂੰ ਇਕੱਲੀ ਹੀ
ਜ਼ਿੰਮੇਵਾਰ ਐਂ। ਇਸੇ ਕਾਰਨ ਤਾਂ ਜੱਜ ਨੇ ਤੇਰੇ ਹੱਕ ਵਿੱਚ ਫ਼ੈਸਲਾ ਦਿੱਤਾ ਹੈ”।
“ਕਾਜ਼ੀ ਸਾਹਿਬ, ਇਹ ਸਭ ਤੁਹਾਡੀ ਹੀ ਅਣਥੱਕ ਮਿਹਨਤ
ਕਾਰਨ ਹੋ ਸਕਿਆ ਹੈ। ਮੈਂ ਤਹਿ ਦਿਲੋਂ ਤੁਹਾਡੀ ਇਸ ਮਿਹਰਬਾਨੀ ਲਈ ਸ਼ੁਕਰਗ਼ੁਜ਼ਾਰ ਹਾਂ”,
ਬਹੁਤ ਹੀ ਜੋਸ਼ੀਲੇ ਅੰਦਾਜ਼ ਵਿੱਚ ਉਸ ਦੇ ਮੂੰਹੋਂ ਬੋਲ ਨਿਕਲ ਰਹੇ ਸਨ।
“ਅੱਲਾ ਕਾਰ-ਸਾਜ਼ ਐ…..ਹੁਣ ਸਾਨੂੰ ਚੱਲਣਾ ਚਾਹੀਦੈ।
ਪਹਿਲਾਂ ਹੀ ਕਾਫ਼ੀ ਦੇਰ ਹੋ ਗਈ ਹੈ…..ਅਸੀਂ ਤੈਨੂੰ ਘਰ ਛੱਡ ਦੇਈਏ?”, ਕਾਜ਼ੀ ਨੇ
ਪੁੱਛਿਆ।
“ਨਹੀਂ ਕਾਜ਼ੀ ਸਾਹਿਬ, ਮੈਂ ਘਰ ਨਹੀਂ ਜਾ ਰਹੀ। ਮੈਂ
ਸਮੀਰ ਲਈ ਕੁਝ ਕਪੜੇ ਖਰੀਦਣੇ ਹਨ। ਮੈਂ ਬਰੌਡਵੇਅ ਸ਼ੌਪਿੰਗ ਸੈਂਟਰ ਜਾ ਰਹੀ ਹਾਂ”,
ਰੁਖਸਾਨਾ ਨੇ ਜਵਾਬ ਦਿੱਤਾ।
“ਚੰਗਾ ਜਿਸ ਤਰ੍ਹਾਂ ਤੇਰੀ ਮਰਜ਼ੀ…ਚੰਗਾ ਫਿਰ ਖ਼ੁਦਾ ਹਾਫ਼ਿਜ਼”, ਅਤੇ ਕਾਜ਼ੀ ਮੇਨ ਗੇਟ ਦੇ
ਸਾਹਮਣੇ ਸੜਕ ਤੇ ਖੜੀ ਸ਼ਿਵਰਲੈੱਟ (ਵੀ.ਡਬਲਿਊ.ਕੈਰਵੈਨੈੱਟ) ਵੱਲ ਤੁਰ ਪਏ। ਜਿਉਂ ਹੀ ਉਹ
ਪਸੈਂਜਰ ਸੀਟ ਤੇ ਬੈਠੇ, ਉਨ੍ਹਾਂ ਵੇਖਿਆ ਕਿ ਬੈਜਨਾਥ ਪੰਡਿਤ ਜੀ ਨੂੰ ਨਮਸਕਾਰ ਕਰ
ਉਨ੍ਹਾਂ ਤੋਂ ਵਿਦਾ ਲੈ ਰੁਖ਼ਸਾਨਾ ਵੱਲ ਨੂੰ ਆ ਰਿਹਾ ਸੀ।
“ਝਗੜੇ ਦੀ ਕੋਈ ਲੋੜ ਨਹੀਂ…ਜੇ ਤੂੰ ਚਾਹੇਂ, ਮੈਂ ਕਾਰ ਦੀਆਂ ਚਾਬੀਆਂ ਤੈਨੂੰ ਹੁਣੇ ਹੀ
ਦੇ ਦਿਆਂ, ਪਰ ਤੈਨੂੰ ਥੋੜ੍ਹੀ ਦੇਰ ਇੰਤਜ਼ਾਰ ਕਰਨੀ ਪਏਗੀ। ਮੈਂ ਡਿੱਕੀ ‘ਚੋਂ ਆਪਣਾ
ਸਮਾਨ ਕੱਢ ਲਵਾਂ”, ਅਤੇ ਬੈਜਨਾਥ ਰੁਖ਼ਸਾਨਾ ਨੂੰ ਚਾਬੀਆਂ ਫੜਾਉਣ ਲੱਗਾ।
ਫ਼ੈਸਲੇ ਮੁਤਾਬਿਕ ਕਾਰ ਰੁਖ਼ਸਾਨਾ ਨੂੰ ਮਿਲੀ ਸੀ ਤਾਂ ਜੋ ਉਹ ਆਪਣੇ ਬੇਟੇ ਨੂੰ ਸਕੂਲ ਅਤੇ
ਖੇਡਣ ਲਈ ਲਿਜਾ ਸਕੇ। ਬੈਜਨਾਥ ਨੂੰ ਬਦਲੇ ਵਿੱਚ ਫਰਨੀਚਰ ਅਤੇ ਸਭ ਇਲੈਕਟਰੌਨਿਕਸ ਵਾਲਾ
ਸਮਾਨ ਮਿਲਿਆ ਸੀ। ਰੁਖ਼ਸਾਨਾ ਹਾਲੇ ਵੀ ਕਿਤੇ ਖੋਈ ਹੋਈ ਲੱਗਦੀ ਸੀ, ਕਹਿਣ ਲੱਗੀ,
“ਬੈਜੂ”।
‘ਬੈਜੂ?’
ਬੈਜਨਾਥ ਨੂੰ ਇਹ ਬੋਲ ਸੁਣ ਕੇ ਬਹੁਤ ਹੈਰਾਨੀ ਹੋਈ, ਇਸ ਤਰ੍ਹਾਂ ਤਾਂ ਰੁਖ਼ਸਾਨਾ ਉਸ ਨੂੰ
ਪਿਆਰ ਨਾਲ ਹੀ ਬੁਲਾਉਂਦੀ ਸੀ। ਪਿਛਲੇ ਦੋ ਸਾਲ ਤੋਂ, ਜਦ ਤੋਂ ਉਨ੍ਹਾਂ ਦੀ ਪਹਿਲੀ ਵਾਰ
ਤਕਰਾਰ ਹੋਈ ਸੀ, ਉਹ ‘ਲਾਲਾ ਬੈਜ ਨਾਥ ਜੀ’ ਕਹਿ ਕੇ ਬੁਲਾਉਂਦੀ ਸੀ; ਉਹ ਵੀ ‘ਲਾਲਾ’
ਸ਼ਬਦ ਤੇ ਜ਼ਰਾ ਜ਼ਿਆਦਾ ਹੀ ਜ਼ੋਰ ਦਿੰਦੀ ਜਿਵੇਂ ਉਸ ਦੇ ਹਿੰਦੂ ਹੋਣ ਤੇ ਉਸ ਨੂੰ ਚਿੜਾਉਂਦੀ
ਹੋਵੇ।
“ਬੈਜੂ…ਮੈਂ ਬਹੁਤ ਥੱਕ ਗਈ ਹਾਂ। ਕਾਰ ਤੂੰ ਚਲਾ,
ਮੈਂ ਤੇਰੇ ਨਾਲ ਬੈਠਾਂਗੀ”।
ਬੈਜਨਾਥ ਨੇ ਆਪਣੇ ਮੋਢੇ ਝਟਕੇ, ਕਦਮ ਕਾਰ ਵੱਲ ਵਧਾਏ ਅਤੇ ਰੁਖ਼ਸਾਨਾ ਲਈ ਦੂਸਰੇ ਪਾਸੇ
ਦਾ ਦਰਵਾਜ਼ਾ ਖੋਲ੍ਹਿਆ। ਉਸ ਵੇਖਿਆ ਵੀ ਨਹੀਂ ਕਿ ਕਾਜ਼ੀ ਦੀ ਨਜ਼ਰ ਉਨ੍ਹਾਂ ਤੇ ਹੀ ਸੀ,
ਅਤੇ ਝੱਟ ਕਾਰ ਵਿੱਚ ਜਾ ਬੈਠੀ। ਬੈਜਨਾਥ ਨੇ ਕਾਰ ਸਟਾਰਟ ਕੀਤੀ। ਕਾਰ ਚਲਾਉਣ ਲੱਗਿਆਂ
ਉਸ ਨੇ ਸ਼ੀਸ਼ੇ ਵਿੱਚੋਂ ਵੇਖਿਆ, ਕਾਜ਼ੀ ਜਿਵੇਂ ਗੁੱਸੇ ਵਿੱਚਕੁਝ ਬੁੜਬੁੜ ਕਰ ਰਿਹਾ ਸੀ।
ਦੁਪਹਿਰ ਦੇ ਚਾਰ ਵੱਜੇ ਹੋਣਗੇ। ਰੋਜ਼ ਵਾਂਗ ਲੰਡਨ ਦੀਆਂ ਸੜਕਾਂ ਤੇ ਕਾਰਾਂ ਹੀ ਕਾਰਾਂ
ਦਿਸ ਰਹੀਆਂ ਸਨ। ‘ਈਲਿੰਗ ਕਾਊਂਟੀ ਕੋਰਟ’ ਤੋਂ ਉਨ੍ਹਾਂ ਦੇ ਘਰ ‘ਓਲਡ ਸਾਊਥਆਲ’ ਤੱਕ ਦੇ
ਚਾਰ ਮੀਲ ਸ਼ਾਇਦ ਚਾਰ ਹਜ਼ਾਰ ਮੀਲ ਵਾਂਗ ਲੱਗੇ, ਅਤੇ ਉਹ ਆਪਣੇ ਅਤੀਤ ਵਿੱਚ ਖੋ ਗਏ।
ਬੈਜਨਾਥ ਨੇ ਘਰ ਦੇ ਸਾਹਮਣੇ ਬਰੇਕ ਲਗਾ ਕਾਰ ਰੋਕ ਦਿੱਤੀ ਅਤੇ ਬੋਲਿਆ, “ਰੁਖਸਾਨਾ,
ਆਪਾਂ ਘਰ ਪਹੁੰਚ ਗਏ ਹਾਂ”।
“ਘਰ?… ਘਰ ਪਹੁੰਚ ਵੀ ਗਏ?”
“ਰੁਖਸਾਨਾ, ਕੀ ਗੱਲ ਹੈ? ਅੱਜ ਸਵੇਰ ਤੱਕ ਤੂੰ
ਮੇਰੇ ਨਾਲ ਖ਼ੂਬ ਲੜਦੀ ਰਹੀ ਏਂ…ਅਤੇ ਹੁਣ…..ਮੈਨੂੰ ਤਾਂ ਕੁਝ ਸਮਝ ਨਹੀਂ ਆ ਰਹੀ…”
“ਹੁਣ ਮੈਨੂੰ ਮਹਿਸੂਸ ਹੋ ਰਿਹਾ ਹੈ ਕਿ ਸਭ ਇਸ
ਤਰ੍ਹਾਂ ਹੀ ਖ਼ਤਮ ਹੋਣਾ ਸੀ”।
“ਫਿਰ?”
“ਫਿਰ?” ਉਸ ਨੇ ਆਪਣੇ ਸਰੀਰ ਨੂੰ ਸਿੱਧਿਆਂ ਕੀਤਾ,
ਆਪਣਾ ਸਿਰ ਬੜੀ ਸ਼ਾਨ ਨਾਲ ਉੱਪਰ ਕੀਤਾ, ਕਹਿਣ ਲੱਗੀ, “ਫਿਰ ਕੀ?…ਮੇਰੇ ਧੀਰਜ ਨੂੰ ਗ਼ਲਤ
ਨਾ ਸਮਝ। ਅੱਲਾਹ ਮੁਆਫ਼ ਕਰੇ, ਮੇਰਾ ਆਪਣੇ ਸਟੈਂਡ ਤੋਂ ਪਰ੍ਹੇ ਹਟਣ ਦਾ ਕੋਈ ਮੂਡ ਨਹੀਂ
ਹੈ”।
ਬੈਜਨਾਥ ਝੱਟ ਕਾਰ ‘ਚੋਂ ਕਾਰ ਬਾਹਰ ਨਿਕਲਿਆ ਅਤੇ
ਕਾਰ ਦਾ ਦਰਵਾਜ਼ਾ ਬੜੇ ਜ਼ੋਰ ਨਾਲ ਬੰਦ ਕੀਤਾ। ਜਦ ਉਸ ਨੇ ਘਰ ਦਾ ਤਾਲਾ ਖੋਲ੍ਹਿਆ, ਫ਼ੋਨ
ਦੀ ਘੰਟੀ ਵੱਜਣ ਲੱਗੀ।
ਉਸ ਫ਼ੋਨ ਚੁੱਕਿਆ, “ਹੈਲੋ”।
ਇਹ ਸਰ ਮੋਰਿਸ ਦੇ ਸੈਕਟਰੀ ਦਾ ਫ਼ੋਨ ਸੀ, “ਕਿੱਥੇ
ਸੀ ਤੁਸੀਂ? ਅਸੀਂ ਸਵੇਰ ਦੇ ਫ਼ੋਨ ਤੇ ਫ਼ੋਨ ਕਰੀ ਜਾਂਦੇ ਹਾਂ। ਤੁਹਾਡੇ ਦਫ਼ਤਰਾਂ ਵਿੱਚੋਂ
ਪਤਾ ਲੱਗਾ ਕਿ ਦੋਵਾਂ ਨੇ ਅੱਜ ਦੀ ਛੁੱਟੀ ਲਈ ਹੈ”।
ਬੈਜਨਾਥ ਨੇ ਸਵਾਲ ਕੀਤਾ, “ਕੀ ਜ਼ਰੂਰੀ ਕੰਮ ਆ ਗਿਆ
ਸੀ?”
“ਸਰ ਮੋਰਿਸ ਨੂੰ ਬਹੁਤ ਵੱਡਾ ਦੌਰਾ ਪਿਆ ਹੈ। ਉਹ
ਇਸ ਵੇਲੇ ਇੰਨਟੈਂਸਿਵ ਕੇਅਰ ਵਿੱਚ ਨੇ। ਤੁਹਾਡੇ ਦੋਵਾਂ ਬਾਰੇ ਕਈ ਵਾਰ ਪੁੱਛ ਚੁੱਕੇ
ਨੇ, ਅਤੇ ਸਮੀਰ….ਤੁਸੀਂ ਫਟਾਫਟ ਐਬਰਡੀਨ ਲਈ ਫਲਾਈਟ ਫੜ ਕੇ ਆ ਜਾਵੋ….ਏਅਰਪੋਰਟ ਤੇ
ਤੁਹਾਨੂੰ ਲੈਣ ਲਈ ਕਾਰ ਖੜੀ ਰਹੇਗੀ”।
ਰੁਖਸਾਨਾ ਨੂੰ ਇਹ ਦੱਸਦਿਆਂ ਬੈਜਨਾਥ ਨੇ ਕਿਹਾ, “ਤੂੰ ਅੱਜ ਮੇਰੇ ਘਰ ਛੱਡਣ ਬਾਰੇ ਭੁੱਲ
ਜਾ। ਮੈਂ ਵਾਪਸ ਆ ਕੇ ਖਾਲੀ ਕਰ ਦਿਆਂਗਾ। ਮੋਰਿਸ ਨੂੰ ਇਸ ਵਾਰ ਬਹੁਤ ਸੀਰੀਅਸ ਅਟੈਕ
ਹੋਇਆ ਹੈ। ਰੱਬ ਅੱਗੇ ਅਰਦਾਸ ਕਰੀਏ ਕਿ ਉਹ ਠੀਕ ਹੋ ਜਾਵੇ”।
“ਠੀਕ ਹੈ, ਮੈਂ ਪਲੇਅ-ਸਕੂਲ ਤੋਂ ਸਮੀਰ ਨੂੰ ਲੈ ਕੇ ਆਉਂਦੀ ਹਾਂ, ਤੂੰ ਏਅਰ-ਲਾਈਨ
ਵਾਲਿਆਂ ਨਾਲ ਗੱਲ-ਬਾਤ ਕਰ”, ਅਤੇ ਰੁਖਸਾਨਾ ਘਰੋਂ ਬਾਹਰ ਹੋ ਗਈ।
ਸਰ ਮੋਰਿਸ ਦੀਆਂ ਅੱਖਾਂ ਵੀ ਨਹੀਂ ਖੁਲ੍ਹ ਰਹੀਆਂ ਸਨ, ਅਤੇ ਉਨ੍ਹਾਂ ਤੋਂ ਬੋਲਿਆ ਵੀ
ਨਹੀਂ ਜਾ ਰਿਹਾ ਸੀ। ਹਲਕਾ ਜਿਹਾ ਮੁਸਕਰਾ ਕੇ ਉਨ੍ਹਾਂ ਸਮੀਰ ਵੱਲ ਵੇਖਿਆ, ਅਤੇ ਬੜੀ ਹੀ
ਮੁਸ਼ਕਿਲ ਨਾਲ ਰੁਖਸਾਨਾ ਅਤੇ ਬੈਜਨਾਥ ਵੱਲ ਨਜ਼ਰ ਮਾਰੀ। ਉਨ੍ਹਾਂ ਕੁਝ ਪਲਾਂ ਲਈ ਆਪਣੀਆਂ
ਅੱਖਾਂ ਬੰਦ ਕਰ ਲਈਆਂ ਅਤੇ ਅੱਖਾਂ ਜਿਸ ਪਾਸੇ ਮਕਿੰਨਤੋਸ਼ ਐਂਡ ਮਕਿੰਨਤੋਸ਼ ਕੰਪਨੀ ਵੱਲੋਂ
ਉਨ੍ਹਾਂ ਦਾ ਵਕੀਲ ਖੜਾ ਸੀ, ਉੱਧਰ ਘੁਮਾਈਆਂ। ਬੜੇ ਹੀ ਧਿਆਨ ਨਾਲ ਕੁਝ ਪਲ ਵੇਖਿਆ ਅਤੇ
ਫਿਰ ਸਦਾ ਲਈ ਉਨ੍ਹਾਂ ਦੀਆਂ ਅੱਖਾਂ ਬੰਦ ਹੋ ਗਈਆਂ।
ਮਕਲਿਸਟਨ ਫ਼ੈਮਿਲੀ ਦੀ ਸਾਰੀ ਜਾਇਦਾਦ ਦਾ ਵਾਰਿਸ ਸਮੀਰ ਨੂੰ ਬਣਾ ਦਿੱਤਾ ਸੀ ਅਤੇ ਜਦ
ਤੱਕ ਉਹ ਅਠਾਰਾਂ ਸਾਲਾਂ ਦਾ ਨਾ ਹੋ ਜਾਵੇ, ਰੁਖਸਾਨਾ ਅਤੇ ਬੈਜਨਾਥ ਦੋਹਾਂ ਨੂੰ ਅਤੇ
ਮਕਿੰਨਤੋਸ਼ ਐਂਡ ਮਕਿੰਨਤੋਸ਼ ਕੰਪਨੀ ਦੇ ਇੱਕ ਸੀਨੀਅਰ ਅਫ਼ਸਰ ਨੂੰ ਸਰਪ੍ਰਸਤ ਥਾਪ ਦਿੱਤਾ
ਗਿਆ ਸੀ। ਅਠਾਰਾਂ ਸਾਲ ਦਾ ਹੋਣ ਤੱਕ ਸਮੀਰ ਨੂੰ ਉਸੇ ਕਿਲ੍ਹੇ ਵਿੱਚ ਹੀ ਆਪਣੇ ਮਾਂ-ਪਿਓ
ਨਾਲ ਰਹਿਣਾ ਹੋਵੇਗਾ, ਉਸ ਤੋਂ ਬਾਅਦ ਸਾਰੀ ਜਾਇਦਾਦ ਦੀ ਜ਼ਿੰਮੇਵਾਰੀ ਉਹੀ ਸੰਭਾਲੇਗਾ।
ਪਰ ਜਦ ਤੱਕ ਉਹ ਪੰਝੀ ਸਾਲ ਦਾ ਨਾ ਹੋ ਜਾਵੇ, ਉਹ ਲਿਖਤੀ ਰੂਪ ਵਿੱਚ ਰੁਖਸਾਨਾ,
ਬੈਜਨਾਥ, ਅਤੇ ਵਕੀਲ ਤੋਂ ਇਜਾਜ਼ਤ ਲਏ ਬਗ਼ੈਰ ਨਾ ਜਾਇਦਾਦ ਦੇ ਕਿਸੇ ਵੀ ਹਿੱਸੇ ਨੂੰ ਵੇਚ
ਸਕੇਗਾ, ਨਾ ਖ਼ਰੀਦ ਸਕੇਗਾ ਅਤੇ ਨਾ ਹੀ ਉਸ ਵਿੱਚ ਹੋਰ ਕੋਈ ਤਬਦੀਲੀ ਕਰ ਸਕੇਗਾ।
ਸਰ ਮੋਰਿਸ ਦੇ ਸੈਕਟਰੀ ਨੇ ਸਾਫ਼ ਕਹਿ ਦਿੱਤਾ ਸੀ ਕਿ
ਉਹ ਕਿਲ੍ਹੇ ਦੀ ਅਤੇ ਸਾਰੀ ਜਾਇਦਾਦ ਦੀ ਦੇਖ-ਭਾਲ ਇਕੱਲਾ ਨਹੀਂ ਕਰ ਸਕਦਾ। ਉਸ ਨੇ
ਰੁਖਸਾਨਾ ਅਤੇ ਬੈਜਨਾਥ ਨੂੰ ਸਲਾਹ ਦਿੱਤੀ ਕਿ ਉਹ ਆਪਣੀਆਂ ਨੌਕਰੀਆਂ ਛੱਡ ਕੇ ਅਕਲਿਸਟਨ
ਰਹਿਣ ਲੱਗ ਜਾਣ, ਕਿਉਂਕਿ ਵਸੀਅਤ ਮੁਤਾਬਿਕ ਉਨ੍ਹਾਂ ਨੂੰ ਕਿਲ੍ਹੇ ਵਿੱਚ ਸਮੀਰ ਨਾਲ ਹੀ
ਰਹਿਣਾ ਪੈਣਾ ਹੈ।
ਉਹ ਪਹਿਲਾਂ ਹੀ ਕਈ ਮਸਲਿਆਂ ਵਿੱਚ ਉਲਝੇ ਹੋਏ ਸਨ,
ਅਤੇ ਨਹੀਂ ਚਾਹੁੰਦੇ ਸਨ ਕਿ ਹੋਰ ਕੋਈ ਨਵਾਂ ਝਗੜਾ ਸ਼ੁਰੂ ਕਰਨ। ਦੋਵਾਂ ਨੇ ਆਪਸ ਵਿੱਚ
ਜ਼ਿਆਦਾ ਗੱਲ-ਬਾਤ ਕਰੇ ਬਿਨਾਂ ਹੀ, ਚੁੱਪ-ਚਾਪ ਘਰ ਵਿੱਚ ਆਪਣੇ ਆਪਣੇ ਕੁਆਟਰ ਠੀਕ ਠਾਕ
ਕਰ ਲਏ, ਅਤੇ ਸਾਊਥਆਲ ਵਿੱਚ ਆਪਣਾ ਸਾਰਾ ਕੁਝ ਸੰਭਾਲਣ ਲਈ ਜਹਾਜ਼ ਤੇ ਰਵਾਨਾ ਹੋ ਗਏ।
ਉਨ੍ਹਾਂ ਫ਼ੈਸਲਾ ਕੀਤਾ ਕਿ ਸਾਊਥਆਲ ਵਾਲੀ ਜਾਇਦਾਦ ਨੂੰ ਕਿਸੇ ਰੀਅਲ ਐਸਟੇਟ ਦੇ ਏਜੰਟ
ਨੂੰ ਕਿਰਾਏ ਤੇ ਦੇਣ ਲਈ ਕਹਿ ਆਉਣਗੇ।
ਸਾਊਥਆਲ ਵਿੱਚ, ਦੋਵਾਂ ਨੇ ਆਪਣਾ ਆਪਣਾ ਸਮਾਨ
ਤਕਰੀਬਨ ਬੰਨ੍ਹ ਹੀ ਲਿਆ ਸੀ ਬੈਜਨਾਥ ਨੇ ਆਪਣੀਆਂ ਸਾਰੀਆਂ ਕਿਤਾਬਾਂ ਇੱਕ ਗੱਤੇ ਦੇ
ਡੱਬੇ ਵਿੱਚ ਰੱਖ ਦਿੱਤੀਆਂ। ਕੁਝ ਮਿੰਟਾਂ ਲਈ ਉਹ ਬੜੀ ਡੂੰਘੀ ਸੋਚ ਵਿੱਚ ਬੈਠਾ ਰਿਹਾ।
ਫਿਰ ਉਸ ਨੇ ਡੱਬੇ ਨੂੰ ਉਲਟਾ ਕੇ ਸਾਰੀਆਂ ਕਿਤਾਬਾਂ ਹੇਠਾਂ ਫਰਸ਼ ਤੇ ਸੁੱਟ ਦਿੱਤੀਆਂ,
ਅਤੇ ਦੋ ਢੇਰੀਆਂ ਵਿੱਚ ਵੰਡਣ ਲੱਗਾ। ਰੁਖਸਾਨਾ ਆਪਣਾ ਕੰਮ ਛੱਡ ਕੇ ਉਸ ਵੱਲ ਬੜੇ ਹੀ
ਧਿਆਨ ਨਾਲ ਵੇਖਣ ਲੱਗੀ, ਬੈਜਨਾਥ ਨੇ ਇੱਕ ਕਾਲੇ ਰੰਗ ਦਾ ਬੈਗ ਕੱਢਿਆ ਅਤੇ ਇੱਕ ਢੇਰੀ
ਦੀਆਂ ਸਾਰੀਆਂ ਕਿਤਾਬਾਂ ਉਸ ਬੈਗ ਵਿੱਚ ਪਾ ਦਿੱਤੀਆਂ। ਬੈਗ ਨੂੰ ਆਪਣੇ ਮੋਢੇ ਤੇ ਚੁੱਕ
ਉਹ ਦਰਵਾਜ਼ੇ ਵੱਲ ਤੁਰ ਪਿਆ।
ਰੁਖਸਾਨਾ ਨੇ ਆਵਾਜ਼ ਦਿੱਤੀ, “ਤੂੰ ਕਿਤੇ ਜਾ ਰਿਹਾ
ਏਂ?”
“ਹਾਂ, ਮੈਂ ਲਾਇਬ੍ਰੇਰੀ ਨੂੰ ਇਹ ਕਿਤਾਬਾਂ ਦੇਣ ਲਈ
ਜਾ ਰਿਹਾ ਵਾਂ”।
“ਪਰ ਇਹ ਕਿਤਾਬਾਂ ਲਾਇਬ੍ਰੇਰੀ ਦੀਆਂ ਨਹੀਂ,
ਤੇਰੀਆਂ ਆਪਣੀਆਂ ਹਨ”।
ਇਹ ਸਭ ਧਾਰਮਿਕ ਕਿਤਾਬਾਂ ਨੇ। ਮੈਨੂੰ ਇਨ੍ਹਾਂ ਦੀ
ਕੋਈ ਲੋੜ ਨਹੀਂ ਪੈਣ ਲੱਗੀ। ਇਸ ਲਈ ਮੈਂ ਇਹ ਲਾਇਬ੍ਰੇਰੀ ਲਈ ਦੇਣ ਲਈ ਜਾ ਰਿਹਾ ਹਾਂ।
ਸਾਰੀ ਸਭਿਅਤਾ ਦੇ ਲੋਕ ਪੜ੍ਹ ਸਕਣਗੇ”, ਅਤੇ ਬਾਹਰ ਚਲਾ ਗਿਆ।
ਰੁਖਸਾਨਾ ਵੀ ਕੁਝ ਦੇਰ ਸੋਚਾਂ ਵਿੱਚ ਪੈ ਗਈ। ਉਸ
ਦੇ ਮਨ ਵਿੱਚ ਵੀ ਕੁਝ ਫ਼ੁਰਿਆ। ਉਹ ਵੀ ਬਾਹਰ ਨੂੰ ਦੌੜ ਗਈ। ਬੈਜਨਾਥ ਹਾਲੇ ਕਿਤਾਬਾਂ
ਵਾਲਾ ਬੈਗ ਕਾਰ ਦੀ ਡਿੱਕੀ ਵਿੱਚ ਰੱਖ ਰਿਹਾ ਸੀ।
“ਜ਼ਰਾ ਠਹਿਰੀਂ, ਇੱਕ ਮਿੰਟ ਰੁਕਣਾ”, ਉਹ ਬੜੀ ਜ਼ੋਰ
ਦੀ ਬੋਲੀ, “ਬੈਗ ਜ਼ਰਾ ਵਾਪਸ ਲਿਆਉਣਾ, ਮੇਰੇ ਕੋਲ ਵੀ ਕੁਝ ਕਿਤਾਬਾਂ ਹੈਗੀਆਂ ਨੇ ਦੇਣ
ਲਈ”।
ਉਹ ਬੜੀ ਤੇਜ਼ੀ ਨਾਲ ਆਪਣੇ ਕਮਰੇ ਵਿੱਚ ਗਈ ਅਤੇ
ਕਿਤਾਬਾਂ ਦੇ ਦੋ ਢੇਰ ਬਣਾਉਣ ਲੱਗੀ। |