ਦਸੰਬਰ ਮਹੀਨੇ ਦਾ ਅੱਧ। ਸਾਰਾ ਉਤਰੀ ਭਾਰਤ ਕੜਾਕੇ ਦੀ ਅਤਿ
ਠੰਡੀ ਸੀਤ ਲਹਿਰ ਨਾਲ ਜਕੜਿਆ ਹੋਇਆ ਸੀ। ਪਿਛਲੇ ਪੰਦਰਾਂ ਦਿਨਾਂ ਤੋਂ ਸੂਰਜ
ਦੇਵਤਾ, ਧਰਤੀ ਵਲ ਪਿੱਠ ਕਰੀ, ਅੜੀਅਲ ਟਟੂ ਵਾਂਗ ਵਿਟਰਿਆ ਹੋਇਆ ਸੀ। ਭਾਰੇ ਕੋਟਾਂ
ਤੇ ਮੋਟੇ ਕਪੜਿਆਂ ਵਿਚ ਢਕੇ ਹੋਏ ਲੋਕ, ਅੱਗ ਕੋਲ ਬੈਠੇ ਵੀ ਠਰੂੰ ਠਰੂੰ ਕਰੀ ਜਾ
ਰਹੇ ਸਨ।
ਅਜਿਹੀ
ਭਿਆਨਕ ਠੰਢ ਵਿਚ, ਸਾਡਾ ਇਕ ਡਰਾਈਵਰ ਟਰਕ ਯੁਨੀਅਨ ਦੇ ਬਾਹਰ, ਸ਼ਰਾਬ ਦੇ ਨਸ਼ੇ ਵਿਚ
ਟੁਲ ਹੋਇਆ, ਨੰਗੀ ਧਰਤੀ ਤੇ ਇਕ ਹਲਕੇ ਜਿਹੇ ਕੰਬਲ ਵਿਚ ਮੂੰਹ ਲਕੋਈ ਚੌਕੜੀ ਮਾਰੀ
ਬੈਠਾ ਹੈ, ਜਿਵੇਂ ਸਮਾਧੀ ਵਿਚ ਹੋਵੇ।
ਕੋਲੋਂ ਦੀ ਲੰਘਦੇ ਲੋਕ, ਹੈਰਾਨ ਹੋ ਕੇ ਉਸ ਵਲ ਵੇਖਦੇ ਹਨ। ਉਸਨੂੰ ਇਸ ਤਰ੍ਹਾਂ
ਠੰਢ ਵਿਚ ਬੈਠਾ ਵੇਖ ਕੇ, ਕਈਆਂ ਨੂੰ ਸਰੀਰ ਵਿਚੋਂ ਦੀ ਸੀਤ ਝਰਨਾਹਟ ਗੁਜ਼ਰਦੀ
ਮਹਿਸੂਸ ਹੁੰਦੀ ਹੈ। ਜਿਹੜੇ ਭੇਤੀ ਹਨ, ਉਹ ਜ਼ਰਾ ਕੁ ਮੁਸਕਰਾਉਂਦੇ ਹਨ, ਇਕ ਪਲ ਉਸ
ਵਲ ਵੇਖਦੇ ਵੀ ਹਨ, ਫਿਰ ਲੰਘ ਜਾਂਦੇ ਹਨ।
ਸਾਡਾ ਇਹ ਡਰਾਈਵਰ, ਕਦੇ ਕਦੇ ਝੋਲੇ ਖਾਂਦਾ ਹੈ, ਜਿਵੇਂ ਉਚੇ ਲਦੇ ਮਾਲ ਵਾਲਾ
ਟਰੱਕ ਝੋਲ ਮਾਰਦਾ ਹੋਵੇ। ਪਰ ਉਹ, ਕਦੇ ਸਜੀ ਬਾਂਹ ਨਾਲ ਤੇ ਕਦੇ ਖਬੀ ਨਾਲ ਆਪਣੇ
ਆਪ ਨੂੰ ਸੰਭਾਲਣ ਦਾ ਯਤਨ ਕਰਦਾ ਰਹਿੰਦਾ ਹੈ।
ਤ੍ਰਕਾਲਾਂ ਦਾ ਸਮਾਂ ਹੈ। ਧੁੰਦ ਹੁਣੇ ਤੋਂ ਹੀ ਪੈਣ ਲਗੀ ਹੈ। ਆਸੇ ਪਾਸੇ
ਲਾਈਟਾਂ ਜਗ ਪਈਆਂ ਹਨ। ਲੋਕ ਆਪਣੇ ਆਪਣੇ ਟਿਕਾਣਿਆਂ ਤੇ ਪਹੁੰਚਣ ਦੀ ਕਾਹਲ ਵਿਚ
ਹਨ।
-ਇਹਨੂੰ, ਯਾਰ ਕਿਸੇ ਪਾਸੇ ਚੁਕ ਕੇ ਪਾ ਦੀਏ। ਏਹਨੇ ਕੰਜਰ ਨੇ ਠੰਢ ਵਿਚ ਆਕੜ
ਜਾਣੈ’। ਕਾਫੀ ਚਿਰ ਸ਼ਰਾਬੀ ਡਰਾਈਵਰ ਵਲ ਵੇਖ ਰਹੇ ਇਕ ਜਾਣਕਾਰੀ ਡਰਾਈਵਰ ਨੇ ਦੂਸਰੇ
ਨੂੰ ਹਮਦਰਦੀ ਨਾਲ ਕਿਹਾ।
-ਕੁਸ਼ ਨੀ ਹੁੰਦਾ ਏਹਨੂੰ। ਜੇ ਹੈਗੀ ਆ ਤਾਂ ਪਊਆ ਹੋਰ ਸੁਟ ਏਹਦੇ ਅੰਦਰ’।
-ਸੁਰਤੀ ਤਾਂ ਪਹਿਲਾਂ ਹੀ ਦਸਵੇਂ ਦੁਆਰ ਚੜ੍ਹੀ ਐ’।
-ਹੇਠਾਂ ਉਤਰਦੀ ਵੇਖੀਂ-ਹੈਗੀ ਐ?’
-ਦਾਰੂ ਤਾਂ ਹੈਗੀ ਆ, ਪਰ ਇਹਦੇ ਅੰਦਰ ਲੰਘੂ ਕਿਵੇਂ?’
-ਕਮਾਲ ਐ ਯਾਰ! ਕੱਟੇ ਨੂੰ ਲਸੀ ਨੀ ਪਿਆਈਦੀ?’
-ਹਾਂਅ’।
-ਬਸ ਉਵੇਂ ਈ। ਮੈਂ ਇਹਦਾ ਮੂੰਹ ਤਾਂਹ ਚੁਕਦੈ, ਤੂੰ ਵਿਚ ਪਊਆ ਫਸਾ ਦੇ। ਗਰਲ
ਗਰਲ ਜਾਊ ਅੰਦਰ! ਇਹ ਏਵੇਂ ਗਿਝਿਆ ਹੋਇਐ। ਫਿਰ ਘਰ ਪਹੁੰਚਣ ਜੋਗਾ ਹੋ ਜੂ। ਮਹੀਨੇ
ਵਿਚ ਪੰਜ ਸਤ ਦਿਨ ਤਾਂ ਇਹ ਐਂ ਈ ਕਰਦੈ’।
ਜਦੋਂ ਤਿੰਨ ਚਾਰ ਜਣੇ ਉਹਨੂੰ ਉਠਾਉਣ ਲਈ ਨੇੜੇ ਆਏ। ਇਕ ਨੇ ਕੰਬਲ ਲਾਹੁਣਾ
ਚਾਹਿਆ, ਤਾਂ ਉਹ ਚੌਕੜੀ ਲਗੀ ਲਗਾਈ, ਸਮਾਧੀ ਦੀ ਅਵਸਥਾ ਵਿਚ ਹੀ ਟੇਢਾ ਹੋ ਕੇ ਡਿਗ
ਪਿਆ। ਇਹ ਤਾਂ ਆਕੜ ਗਿਆ ਬਈ?’ ਸਾਰਿਆਂ ਨੂੰ ਫਿਕਰ ਹੋਇਆ।
ਫਿਰ ਉਹਨੂੰ ਘੜੀਸ ਕੇ ਟਰੱਕਾਂ ਦੀ ਓਟ ਵਿਚ ਲੈ ਗਏ। ਲਕੜਾਂ ਦਾ ਪ੍ਰਬੰਧ ਹੋਣ
ਲਗਾ। ਇਕ ਜਣਾ ਟੈਂਕੀ ਵਿਚੋਂ ਡੀਜ਼ਲ ਕਢ ਲਿਆਇਆ। ਕੋਈ ਪੁਰਾਣੀ ਟਿਊਬ ਲੈਣ ਭਜਿਆ।
ਇਕ ਬਾਹਰੋਂ ਟਾਇਰਾਂ ਦੀ ਦੁਕਾਨ ਤੋਂ ਕਾਰ ਦਾ ਕੰਡਮ ਟਾਇਰ ਚੁਕ ਲਿਆਇਆ ਪਲਾਂ ਵਿਚ
ਹੀ ਉਹਦੇ ਲਾਗੇ ਲੋਹੜੀ ਬਾਲ ਦਿਤੀ। ਸ਼ਰਾਬ ਦੇ ਦੋ ਚਾਰ ਘੁਟ ਵੀ ਧੱਕੇ ਨਾਲ ਉਹਦੇ
ਅੰਦਰ ਸੁੱਟੇ।
ਅੱਗ ਦੇ ਸੇਕ ਤੇ ਉਸਦੇ ਅੰਦਰ ਗਈ ਅੱਗ ਦੇ ਕ੍ਰਿਸ਼ਮੇ ਸਦਕਾ ਉਸਨੇ ਚੌਕੜੀ ਖੋਲ੍ਹ
ਕੇ ਲਤਾਂ ਨਸਾਲ ਕੇ ਆਕੜ ਭੰਨੀ ਤੇ ਅੱਧ ਖੁਲੀਆਂ ਨਸ਼ਈ ਅਖਾਂ ਨਾਲ ਬਲਦੀ ਅਗ ਅਤੇ
ਆਸੇ ਪਾਸੇ ਖੜ੍ਹੇ ਆਪਣੇ ਬਾਈਚਾਰੇ ਵਲ ਤਕਣ ਦਾ ਯਤਨ ਕੀਤਾ, ਪਰ ਅਖਾਂ ਫੇਰ ਮਿਚ
ਗਈਆਂ।
-ਹੋਰ ਨਾ ਕਿਤੇ ਖੇਡ ਜੇ ਯਾਰ?’ ਇਕ ਨੇ ਫਿਕਰ ਕੀਤਾ।
-ਇਹਦਾ ਨਿਤ ਦਾ ਕੰਮ ਐਂ। ਤੂੰ ਕੋਈ ਨਵਾਂ ਆਇਐਂ? ਅਸੀਂ ਤਾਂ ਦਸਾਂ ਸਾਲਾਂ ਦੇ
ਵਿੰਹਨੇ ਐਂ। ਆਪਣੇ ਆਪ ਤਾਂ ਘਰੇ ਗਿਆ ਈ ਨੀ ਕਦੇ। ਜਿਦੇਂ ਨਹੀਂ ਗਿਆ, ਉਦੇਂ ਕੁਤੇ
ਬਿਲੀਆਂ ਇਹਦੀ ਰਾਖੀ ਕਰਦੇ ਐ। ਉਹ ਤਾਂ ਇਹਨੂੰ ਵੇਖ ਕੇ ਈ ਪੂਛਾਂ ਮਾਰਨ ਲਗ ਜਾਂਦੇ
ਐ’। ਕੁਝ ਹਸ ਪਏ।
ਲਗਾਤਾਰ ਅਗ ਦੇ ਸੇਕ ਨਾਲ, ਸ਼ਰਾਬੀ ਸੁਰਤ ਫੜ ਆਇਆ ਤੇ ਡੌਰ ਭੋਰ ਹੋਇਆ ਆਸੇ
ਪਾਸੇ ਝਾਕਣ ਲਗਿਆ। ਫਿਰ ਲ਼ੜਖੜਾਉਂਦੇ ਜਿਹੇ ਉਸਦੇ ਬੋਲ ਸਾਰਿਆਂ ਨੂੰ ਸੁਣੇ
‘…ਮੇ…ਲੋ…ਨੀ ਮੇ…ਲੋ’।
ਕਈਆਂ ਦਾ ਫੇਰ ਹਾਸਾ ਨਿਕਲ ਗਿਆ।
-ਸਾਲਿਆ ਮੇਲੋ ਨਾਲ ਪੈਣ ਜੋਗਾ ਹੈਗੈਂ?’ ਸਭਨਾਂ ਨੂੰ ਪਤਾ ਸੀ ਮੇਲੋ ਉਸਦੀ ਘਰ
ਵਾਲੀ ਦਾ ਨਾਂ ਹੈ।
-ਚਲੋ ਉਠਾਓ ਏਹਨੂੰ। ਸਹੀ ਐ ਹੁਣ। ਆਪਾਂ ਵੀ ਜਾਣੈ’। ਸਾਂਝੀ ਰਾਇ ਬਣੀ ਤਾਂ
ਦੋਂਹ ਜਣਿਆਂ ਨੇ ਉਸਦੀਆਂ ਬਲਾਂ ਵਿਚ ਹਥ ਦੇ ਕੇ ਖੜ੍ਹਾ ਕੀਤਾ ਫਿਰ ਹਥ ਛਡ ਕੇ
ਜਾਂਚਿਆ। ਜਦੋਂ ਉਹ ਇਕ ਪਾਸੇ ਉਲਰਨ ਲਗਾ ਤਾਂ ਕਾਹਲੀ ਨਾਲ ਫੜ ਲਿਆ।
-ਅਜੇ ਸਾਲਾ ਮੇਲੋ ਨੂੰ ਯਾਦ ਕਰਦੈ’। ਕੋਈ ਹਸਿਆ।
ਇਸ ਤੋਂ ਬਾਅਦ ਥੋੜ੍ਹੀ ਜਿਹੀ ਉਲਝਵੀਂ ਕਥਾ ਹੈ। ਕਿਵੇਂ ਉਹਨੂੰ ਘਰ ਪਹੁੰਚਾਇਆ
ਗਿਆ। ਪਰ ਇਕ ਵਡੀ ਜਦੋ ਜਹਿਦ ਜਦੋਂ ਸਰ ਹੋ ਗਈ ਤਾਂ ਛਡਣ ਆਇਆਂ ਨੂੰ ਮੇਲੋ ਸੌਣ ਦੇ
ਛਵਾਕੇ ਵਾਂਗ ਗਾਲਾਂ ਦਾ ਮੀਂਹ ਲੈ ਕੇ ਟੱਕਰੀ।
-ਮੇਰੇ ਕਿਉਂ ਦੇ ਸਾਲੇ, ਨਾਲੇ ਇਹਤੋਂ ਪੀਂਦੇ ਐ, ਨਾਲੇ ਮੇਰੇ ਗਲ ਮਰਿਆ ਸੱਪ
ਪਾ ਜਾਂਦੇ ਐਂ’।
-ਕਰਲੋ ਨੇਕੀ। ਹੋਰ ਛੱਡਣ ਆਉ ਏਹਨੂੰ’। ਕੋਈ ਹਤੱਕ ਮੰਨਦਾ, ਮੇਲੋ ਨੂੰ ਸੁਣਾਉਂਦਾ।
-
-ਥੋਨੂੰ ਸੱਦਣ ਗਈ ਸੀ ਮੈਂ? ੀਪਆ ਰਹਿਣ ਦਿੰਦੇ ਓਤੇ ਈ। ਨਾਲੇ ਏਹਨੂੰ ਵੀ ਪਤਾ ਲਗ
ਜਾਂਦਾ।
-ਉਥੇ ਠੰਢ ਵਿਚ ਤੜਕੇ ਨੂੰ ਕੋਹੜ ਕਿਰਲੇ ਆਗੂ ਆਕੜਿਆ ਪਿਆ ਹੁੰਦਾ ਇਹ। ਫੇਰ
ਤਾਂ ਤੂੰ ਵੀ ਨੰਗੇ ਸਿਰ, ਨੰਗੇ ਪੈਰੀਂ ਭਜੀ ਆਉਣਾ ਸੀ। ਕੋਈ ਨਾ ਭਾਈ, ਹੁਣ ਕੀ ਹੋ
ਗਿਆ। ਕਲ੍ਹ ਨੂੰ ਸਹੀ। ਹੁਣ ਕਿਹੜਾ ਇਹਨੇ ਸਰਸੇ ਆਲਿਆਂ ਦਾ ਨਾਮ ਲੈ ਲਿਆ। ਛਡਣ
ਆਲੇ ਆਪਣੇ ਅੰਦਰਲੀ ਭੜਾਸ ਕਢ ਕੇ ਮੁੜੇ।
ਇਕ ਦਿਨ ਸਾਡਾ ਇਹ ਡਰਾਈਵਰ ਚੰਗੇ ਮੂਡ ਵਿਚ ਸੀ। ਕੰਬਲ ਵਿਚ ਮੂੰਹ ਲੁਕੋ ਕੇ,
ਭੁੰਜੇ ਬੈਠ ਕੇ ਸਮਾਧੀ ਲਾਉਣ ਦੀ ਅਵਸਥਾ ਅਜੇ ਨਹੀਂ ਸੀ ਆਈ।
-ਜੇ ਐਂ ਈ ਰਿਹਾ ਕਰੇਂ, ਕਿੰਨਾ ਚੰਗਾ ਲਗਦੈ’। ਇਕ ਜਣੇ ਨੇ ਉਸਨੂੰ ਵਡਿਆਇਆ।
-ਮੈਂ ਤਾਂ ਬਥੇਰੀ ਕੋਸ਼ਟ ਕਰਦੈਂ। ਪਰ ਸਾਲੇ ਮੰਨਣ ਵੀ? ਤਾਂ ਊਈਂ ਛਡ
ਦਿਆਂ ਪੱਕੀ। ਜਵਾਂ ਨਾਂ ਮੂੰਹ ਤੇ ਧਰਾਂ। ਪਰ ਮੇਰੀ ਚਲਣ ਕਿਥੇ ਦਿੰਦੇ ਐ। ਸਾਲੇ
ਘੰਟਾ ਨੀ ਕਟਦੇ’।
-ਕੌਣ?’ ਪੁਛਣ ਵਾਲਾ ਹੈਰਾਨ ਹੋਇਆ।
-ਕੀਟਾਣੂ, ਯਾਰ ਇਹ ਕਿਥੇ ਜਿਉਣ ਦਿੰਦੇ ਐ ਮੈਨੂੰ?’
-ਕੀਟਾਣੂ? ਫੁਛਣ ਵਾਲਾ ਪਹਿਲਾਂ ਤੋਂ ਵੀ ਵਧ ਹੈਰਾਨ ਹੋਇਆ।
-ਤੇ ਹੋਰ! ਈਕ ਦਿਨ ਸੌਂਹ ਖਾ ਲੀ। ਮਹਾਰਾਜ ਮੂਹਰੇ ਵੀ ਮਥਾ ਟੇਕਤਾ ਬਈ ਅਜ
ਸਾਰਾ ਦਿਨ ਨੀ ਪੀਣੀ। ਵੇਖੀਏ ਭਲਾ ਕੀ ਹੋ ਜੂ। ਜੈਪੁਰ ਦਾ ਗੇੜਾ ਲਾ ਕੇ ਆਇਆ ਸੀ।
ਨਾ ਧੋ ਕੇ ਬਹਿ ਗਿਆ। …ਸਾਲੇ ਰੋਟੀ ਨਾ ਖਾਣ ਏਹ ਤਾਂ। ਮੇਲੋ ਨੇ ਬਥੇਰਾ
ਕਿਹਾ-ਰੋਟੀ ਖਾ ਲਾ…’ਇਹ ਕਹੀ ਜਾਣ ਨਹੀਂ। …-‘ਕੌਣ ਕਹੀ ਜਾਣ?’
-ਓਹੀ ਕੀਟਾਣੂ ਯਾਰ! ਮੈਂ ਵੀ ਜ਼ਿਦ ਫੜ ਗਿਆ। ਆਖਿਆ ਪੁਤ ਜੋ ਮਰਜ਼ੀ ਹੋ ਜੇ, ਅਜ
ਨੀ ਥੋਨੂੰ ਪਿਆਉਂਦਾ। ਉਹ ਤਾਂ ਭਾਈ ਧਰਨੇ ਤੇ ਬੈਠਗੇ। ਨਾਅਰੇ ਮਾਰਨ ਲਗ ਪੇ…ਸਾਡੇ
ਹਕ, ਐਥੇ ਰਖ। ਸਾਡੇ ਹਕ ਐਥੇ ਰਖ’। ਮੈਂ ਆਖਿਆ ਭਕਾਈ ਮਾਰੀ ਜਾਉ, ਪਰਵਾਹ ਨੀ ਕੀਤੀ
ਮੈਂ ਵੀ। ਸੋਚਿਆ ਆਪੇ ਭੌਂਕ ਕੇ ਹਟ ਜਾਣਗੇ। ਪਰ ਥੋੜ੍ਹੀ ਦੇਰ ਬਾਅਦ ਅੰਦਰੋਂ ਆਵਾਜ਼
ਆਈ। -ਫਨੀਅਰ ਸਪ ਮੁਰਦਾਬ ਦ, ਫਨੀਅਰ ਸਪ ਮੁਰਦਾਬਾਦ’।
-ਫਨੀਅਰ ਸਪ ਕਿਹੜਾ?’
-ਮੈਨੂੰ ਆਖ ਦਿੰਦੇ ਐ’।
-ਅੱਛਾ ਅੱਛਾ…ਲੱਛਣ ਵੀ ਫਨੀਅਰਾਂ ਵਾਲੇ ਈ ਐ’। ਪੁਛਣ ਵਾਲਾ ਹਸਿਆ।
-ਫੇਰ ਬਾਈ ਮੈਥੋਂ ਉਨ੍ਹਾਂ ਦੀ ਹਾਲਤ ਵੇਖੀ ਨੀ ਗਈ। ਤਰਸ ਆ ਗਿਆ ਮੈਨੂੰ।
ਸੋਚਿਆ ਏਹਨਾਂ ਨੇ ਤਾਂ ਰਾਤ ਨੀ ਕਟਣ ਦੇਣੀ ਮੈਨੂੰ। ਕੰਨਾਂ ਵਿਚ ਕਦੇ ਮੁਰਦਾਬਾਦ
ਕਦੇ ਹਾਇ ਹਾਇ….ਹਥੋੜਿਆਂ ਵਾਂਗ ਵਜੇ। ਹਾਰ ਕੇ ਮੈਂ ਇਕ ਪੈੱਗ ਦੇਤਾ ਉਹਨਾਂ ਨੂੰ।
ਜਦੋਂ ਉਹ ਚੁਪ ਕਰਗੇ, ਇਕ ਪੈੱਗ ਹੋਰ ਦੇਤਾ। ਫੇਰ ਕਰਨ ਲਗਪੇ। ਫਨੀਅਰ ਸਪ
ਜ਼ਿੰਦਾਬਾਦ। ਫਨੀਅਰ ਸੱਪ ਜ਼ਿੰਦਾਬਾਦ। ਮੈਂ ਵੀ ਹੌਸਲੇ ਵਿਚ ਹੋ ਗਿਆ। ਜ਼ਿੰਦਾਬਾਦ
ਸੁਣ ਕੇ ਚਾਅ ਚੜ੍ਹ ਗਿਆ। ਤਿੰਨ ਚਾਰ ਪੈਗ ਹੋਰ ਦੇਤੇ। ਫੇਰ ਤਾਂ ਬਾਗੋ ਬਾਗ ਹੋਗੇ।
ਬਸ ਬਈ ਐਂ ਈ ਹੁੰਦੀ ਐ ਮੇਰੇ ਨਾਲ। ਸਾਰੇ ਘਿਰਾਉ ਕਰ ਲੈਂਦੇ ਐ ਮੇਰਾ।
-ਤੇ ਜਦੋਂ ਕੰਬਲ ਵਿਚ ਮੂੰਹ ਲਕੋਈ। ਸਮਾਧੀ ਲਾਈ ਬੈਠਾਂ ਸੀ ਕਲ੍ਹ, ਉਦੋਂ ਕੀ
ਆਖਦੇ ਸੀ ਤੇਰੇ ਕੀਟਾਣੂੰ?’ ਪੁਛਣ ਵਾਲੇ ਨੇ ਵਿਅੰਗ ਕੀਤਾ।
-ਉਦੋਂ?’ ਉਹ ਥੋੜ੍ਹਾ ਹਸਿਆ- ਉਦੋਂ ਤਾਂ ਕੀਟਾਣੂੰ ਚੜ੍ਹਦੀ ਕਲਾ ਤੋਂ ਹੋ ਕੇ
ਮੁੜਦੇ ਐ ਤੇ ਫਿਰ ਧੋਣਾਂ ਸੁਟ ਦਿੰਦੇ ਐ-ਤੇ ਹੌਲੀ ਹੌਲੀ ਕਹੀ ਜਾਂਦੇ ਐ’ ..ਫਨੀਅਰ
ਸਪ-ਅਮਰ ਰਹੇ। ਫਨੀਅਰ ਸਪ-ਅਮਰ ਰਹੇ’।
ਦੋਸਤੋ! ਇਹ ਹਸਣ ਵਾਲੀ ਗਲ ਨਹੀਂ ਹੈ।ਅਸੀਂ ਟਰੱਕਾਂ ਵਾਲੇ ਬਸਾਂ ਵਾਲੇ, ਇਸ
ਅਮਰ ਰਹੇ ਦੀ ਸਥਿਤੀ ਵਿਚ ਪਹੁੰਚ ਕੇ, ਪਤਾ ਨਹੀਂ ਕਿਨ੍ਹਾਂ ਕਿਨ੍ਹਾਂ ਲੋਕਾਂ ਦੀਆਂ
ਖੁਸ਼ੀਆਂ, ਹਾਸੇ, ਰੌਣਕਾਂ ਖੋਹਣ ਦਾ ਸਬੱਬ ਬਣਦੇ ਹਾਂ। ਇਹ ਸੋਚ ਕੇ ਮਨ ਉਦਾਸ ਹੋ
ਜਾਂਦਾ ਹੈ। |