ਸਭ ਤੋਂ ਵੱਡੀ ਗੱਲ ਇਹ
ਹੈ ਕਿ ਕੋਈ ਬੰਦਾ ਐਹੋ ਜਿਹਾ ਨਹੀਂ, ਜਿਸ ਨੇ ਸੋਲ੍ਹਾਂ ਸਾਲ ਦੀ ਉਮਰ ਤੋਂ ਲੈ ਕੇ ਛੱਬੀ
ਸਾਲ ਦੀ ਉਮਰ ਤੱਕ ਕਿਤੇ ਨਾ ਕਿਤੇ ਪੰਗਾ ਨਾ ਲਿਆ ਹੋਵੇ! ਬੰਦਾ ਲਾਜ਼ਮੀ ਕਿਤੇ ਨਾ ਕਿਤੇ
ਲੱਤਾਂ ਤੁੜਵਾਉਣ ਨੂੰ ਤੁਰਿਆ ਫਿਰਦਾ ਰਹਿੰਦੈ! ਕੋਈ ਭੰਨੇ ਜਾਂ ਨਾ ਭੰਨੇ! ਬਚ ਜਾਣ ਤਾਂ
ਕਰਮ ਚੰਗੇ, ਨਹੀਂ ਤਾਂ ਅਗਲਾ ਚੱਪਣੀ ਕੋਲੋਂ ਵੱਢ ਕੇ ਕਿੱਕਰ ਦੀ ਟੀਸੀ 'ਤੇ ਟੰਗ
ਦਿੰਦੈ! ਕਈਆਂ ਬਾਰੇ ਆਮ ਕਹਾਵਤ ਹੁੰਦੀ ਹੈ ਕਿ ਜਿੰਨਾਂ ਚਿਰ ਕੁੱਟ ਨਾ ਖਾਣ, ਉਤਨਾ ਚਿਰ
ਉਹਨਾਂ ਦੇ ਰੋਟੀ ਹਜ਼ਮ ਨਹੀਂ ਆਉਂਦੀ। ਅੱਡੋ-ਅੱਡੀ ਆਦਤਾਂ ਹੁੰਦੀਆਂ ਹਨ। ਖ਼ਾਸ ਕਰਕੇ
ਹਰ ਆਦਮੀ ਆਪੋ-ਆਪਣੀ ਆਦਤ ਤੋਂ ਮਜ਼ਬੂਰ ਹੁੰਦਾ ਹੈ! ਚਾਹੇ ਉਹ ਚੰਗੀ ਹੋਵੇ ਜਾਂ ਮਾੜੀ।
ਕੁੱਤੇ ਦੀ ਆਦਤ ਹੈ ਹਮੇਸ਼ਾ ਲੱਤ ਚੁੱਕ ਕੇ ਪਿਸ਼ਾਬ ਕਰਨ ਦੀ। ਭਲਾ ਕੋਈ ਪੁੱਛਣ ਵਾਲਾ
ਹੋਵੇ ਕਿ ਬਾਈ ਦੀ ਕਿਹੜਾ ਪੈਂਟ ਭਿੱਜਦੀ ਐ?
ਇਸੇ ਤਰ੍ਹਾਂ ਹੀ ਗੰਦੀ ਆਦਤ ਹਰਨਾਮ ਦੀ ਸੀ।
ਹਰਨਾਮ ਜਿੱਦੀ ਬਹੁਤ ਸੀ। ਜੇ ਉਸ ਨੂੰ ਕੋਈ ਸਿੱਧੀ ਮੱਤ ਦਿੰਦਾ ਤਾਂ ਉਹ ਬਿਲਕੁਲ ਉਸ ਦੇ
ਉਲਟ ਕਰਦਾ। ਲੋਕ ਉਸ ਨੂੰ "ਪੁੱਠਪੈਰਾ" ਕਹਿੰਦੇ ਸਨ। ਹਰਨਾਮ ਦੀ ਮਾਂ ਚਿੰਤੀ ਉਸ ਨੂੰ
ਵਿਆਹ ਬਾਰੇ ਕਹਿੰਦੀ ਤਾਂ ਹਰਨਾਮ ਚਾਰੇ ਚੁੱਕ ਕੇ ਆਉਂਦਾ।
-"ਜੇ ਬੇਬੇ ਮੈਂ ਤੈਨੂੰ ਬੁਰਾ ਲੱਗਦੈਂ-ਊਂਈਂ ਗਲ ਘੁੱਟ ਕੇ ਮਾਰ ਦੇਹ ਖਾਂ-ਬਿਗਾਨੀ ਧੀ
ਤੋਂ ਜ਼ਰੂਰੀ ਛਿੱਤਰ ਪੌਲਾ ਕਰਵਾਉਣੈਂ? ਹਰ ਬਖਤ ਬਿਆਹ-ਬਿਆਹ ਕਰੀ ਜਾਊਗੀ!"
-"ਵੇ ਡੁੱਬ ਜਾਣਿਆਂ ਕਿਸੇ ਨੇ ਰੋਟੀ ਨ੍ਹੀ ਦੇਣੀ! ਨਾਲੇ ਮੇਰਾ ਬੁੜ੍ਹਾਪਾ ਸੌਖਾ
ਨੰਘਜੂ।" ਚਿੰਤੀ ਫਿਰ ਆਖਦੀ।
-"ਤੂੰ ਛੋਟੇ ਨੂੰ ਬਿਆਹ ਲੈ-ਲੰਘਾ ਲਈਂ ਬੁੜ੍ਹਾਪਾ-ਆਹ ਜਿਹੜੀ ਲੂੰਡਕੀ ਜਿਹੀ ਲਈ
ਫਿਰਦੀਂ ਐਂ-ਅਗਲੀ ਨਿੱਤ ਪੱਟਿਆ ਕਰੂ-ਖੁਆਊ ਤੈਨੂੰ ਚੂਰੀ!" ਉਹ ਆਦਤ ਅਨੁਸਾਰ ਪੈਰਾਂ
'ਤੇ ਪਾਣੀ ਨਾ ਪੈਣ ਦਿੰਦਾ।
ਚਿੰਤੀ ਵਿਚਾਰੀ ਚੁੱਪ ਕਰ ਰਹਿੰਦੀ।
ਹਰ ਰੋਜ਼ ਦੀ ਤਰ੍ਹਾਂ ਰਾਤ ਨੂੰ ਧਰਮਸ਼ਾਲਾ ਵਿਚ ਬੈਠੇ ਮੁੰਡੇ ਗੱਪਾਂ ਮਾਰ ਰਹੇ ਸਨ।
ਹਰਨਾਮ ਰਾਤ ਦੀ ਮਹਿਫ਼ਲ ਦਾ ਪ੍ਰਧਾਨ ਹੁੰਦਾ ਸੀ। ਉਹ ਮੁੰਡਿਆਂ ਨੂੰ ਪੂਰਨ ਭਗਤ, ਸੁੱਚਾ
ਸੂਰਮਾਂ, ਜਾਨੀ ਚੋਰ, ਰਾਜਾ ਬਿਕਰਮਾਜੀਤ ਅਤੇ ਗਾਜੀਆਣੇ ਵਾਲੇ ਕੁੰਢਾ ਸਿੰਘ ਦੇ ਕਿੱਸੇ
ਸੁਣਾਉਂਦਾ ਹੁੰਦਾ ਸੀ। ਅਚਾਨਕ ਬਾਣੀਆਂ ਦੇ ਹਰੀ ਦਾ ਮੁੰਡਾ ਗੋਪਾਲਾ ਹਰਨਾਮ ਦੀ ਨਜ਼ਰ
ਪਿਆ। ਉਹ ਲੰਡਰ ਢਾਣੀ ਕੋਲੋਂ ਬਿੱਲੀ ਵਾਂਗ ਛਹਿ ਕੇ ਹੀ ਲੰਘ ਜਾਣਾ ਚਾਹੁੰਦਾ ਸੀ।
-"ਗੱਲ ਸੁਣ ਉਏ ਕਰਾੜਾ!" ਹਰਨਾਮ ਨੇ ਅਵਾਜ਼ ਦਿੱਤੀ।
-"ਮੇਰੇਆਰ ਸਿੱਧਾ ਤਾਂ ਬੋਲ!" ਬਾਣੀਆਂ ਬਿੰਡੇ ਵਾਂਗ ਟਿਆਂਕਿਆ।
-"ਕਿਉਂ? ਮੈਂ ਤੇਰੇ ਟਕੂਆ ਮਾਰਤਾ ਸਾਲਿਆ ਨਲੀਚੋਚਲਾ? ਗੱਲ ਸੁਣ!" ਉਸ ਨੇ ਹੁਕਮੀਆ
ਕਿਹਾ, "ਸਾਲਾ ਸੀਂਢਲ!"
-"ਗੱਲ ਤਾਂ ਮੈਂ ਤੇਰੀ ਜੱਟਾ ਸੁਣ ਲਊਂ-ਜੇ ਚੱਜ ਦੀ ਕਰੇਂਗਾ ਤਾਂ!" ਗੋਪਾਲੇ ਨੇ ਕਿਹਾ।
-"ਕਰਾੜਾ ਕਿਉਂ ਮੋਕ ਮਾਰਦੈਂ? ਚੱਜ ਦੀ ਗੱਲ ਈ ਕਰੂੰ-ਉਰ੍ਹੇ ਆ ਮੇਰਾ ਪੁੱਤ!" ਉਹ ਹਾਣ
ਦੇ ਮੁੰਡੇ ਨੂੰ "ਪੁੱਤ" ਆਖ ਰਿਹਾ ਸੀ। ਪਰ ਬਾਣੀਆਂ ਦੋਚਿੱਤੀ ਵਿਚ ਖੜ੍ਹਾ ਬਾਚੀਆਂ ਭੰਨ
ਰਿਹਾ ਸੀ।
-"ਸਾਲਿਆ-ਤੈਨੂੰ ਇਹ ਖਾਂਦਾ ਤਾਂ ਨ੍ਹੀ?" ਪਾਸਿਓਂ ਤਮਾਸ਼ਬੀਨ ਮੁੰਡਿਆਂ ਨੇ ਕਿਹਾ।
ਬਾਣੀਆਂ ਹਰਨਾਮ ਕੋਲ ਆ ਗਿਆ।
-"ਹਾਂ ਬੋਲ ਜੱਟਾ ਕੀ ਕਹਿੰਨੈਂ?" ਉਸ ਨੇ ਦਿਖਾਵੇ ਲਈ ਦਿਲ ਜਿਹਾ ਕੱਢਿਆ।
-"ਸੁਣਿਐਂ ਮੰਗਣਾ ਹੋ ਗਿਆ?"
-"ਹਾਂ।"
-"ਕਿੱਥੇ ਮੰਗਿਐਂ?" ਉਸ ਨੇ ਠਾਣੇਦਾਰ ਵਾਂਗ ਪੁੱਛਿਆ।
-"ਬਾਜੇਖਾਨੇ!"
-"ਵਿਆਹ ਕਦੋਂ ਐਂ?"
-"ਅਗਲੇ ਹਫ਼ਤੇ ਮੰਗਲਵਾਰ ਨੂੰ ਐਂ।"
-"ਕੁਛ ਕਰੇ ਕੱਤਰੇਂਗਾ ਵੀ ਜਾਂ ਬੋਛਕੀ ਦੀ ਨੀਕਰ ਪਾ ਕੇ ਪੱਦ ਮਾਰਨ ਜੋਗਾ ਈ ਐਂ?"
ਇਕ ਹਾਸੜ ਮੱਚ ਗਈ।
-"ਸਹੁੰ ਦੇਵੀ ਦੀ-ਮੈਨੂੰ ਪਹਿਲਾਂ ਈ ਪਤਾ ਸੀ ਬਈ ਤੂੰ ਕੋਈ ਲੁੱਚੀ ਗੱਲ ਈ
ਕਰੇਂਗਾ-ਮੇਰੇਆਰ ਥੋਨੂੰ ਜੱਟਾਂ ਨੂੰ ਹੋਰ ਕੁਛ ਆਂਦਾ ਈ ਨ੍ਹੀ-ਕਿੰਨੇ ਕਮਲੇ ਐ?" ਲਾਲਾ
ਤੁਰ ਗਿਆ।
-"ਜੁਆਨੋਂ ਮੈਂ ਸ਼ਰਤ ਕਰਦੈਂ ਜੇ ਇਹੇ ਪਿਉ ਪੁੱਤ ਬਹੂ ਸਾਂਭ ਲੈਣ।" ਉਸ ਨੇ ਆਖਿਆ।
-"ਇਹ ਤਾਂ ਕਿਸੇ ਜੱਟ ਨੂੰ ਈ ਹੂਲਾ ਫੱਕਣਾ ਪਊ!"
-"ਜੱਟ ਕਰਾੜੀ ਊਂ ਮਾਰਦੂ।" ਕਿਸੇ ਨੇ ਕਿਹਾ।
ਫਿਰ ਹਾਸੜ ਮੱਚ ਗਈ।
-"ਜੁਆਨੋਂ ਆਪਾਂ ਇਹਦੇ ਵਿਆਹ 'ਚ ਖਰੂਦ ਜਰੂਰ ਕਰਨੈਂ।"
-"ਜਿਵੇਂ ਤੂੰ ਕਹੇਂ!" ਮੁੰਡਿਆਂ ਨੇ ਹਾਂਮੀ ਭਰੀ।
ਖ਼ੈਰ! ਗੋਪਾਲੇ ਦੇ ਵਿਆਹ ਦਾ ਦਿਨ ਵੀ ਆ ਗਿਆ। ਹਰਨਾਮ ਦੇ ਮੁੰਨੇ ਚੇਲੇ ਮੁੱਠੀਆਂ ਵਿਚ
ਥੁੱਕੀ ਫਿਰਦੇ ਸਨ। ਸਾਰੇ ਘਰ ਵਿਚ ਗਹਿਮਾਂ-ਗਹਿਮੀ ਸੀ। ਜੰਨ ਜਾਣ ਵਾਲੀਆਂ ਕਾਰਾਂ 'ਤੇ
ਫ਼ੁੱਲ ਲਾਏ ਜਾ ਰਹੇ ਸਨ।
-"ਨਾ ਸਪੀਕਰ ਨਾ ਸਪੂਕਰ-ਸਾਲੇ ਬਿਆਹ ਦੇ ਕੁੱਤੇ ਕਰਾੜ!" ਗਾਹਲ ਕੱਢ ਕੇ ਹਰਨਾਮ ਨੇ ਦਿਲ
ਠਾਰ ਲਿਆ।
-"ਕਰਾੜੀਆਂ ਕਰੀ ਤਾਂ ਜਾਂਦੀਐਂ ਤਾਤੇ ਬਾਤੇ-ਸਪੀਕਰ ਦੀ ਕੀ ਲੋੜ ਐ?" ਹਰਨਾਮ ਦੇ
ਸ਼ਾਗਿਰਦ ਨੇ ਕਿਹਾ।
-"ਜੁਆਨੋਂ ਤੁਸੀਂ ਕੈਮ ਓਂ?" ਹਰਨਾਮ ਨੇ ਇੰਜ ਪੁੱਛਿਆ, ਜਿਵੇਂ ਕੋਈ ਕਾਫ਼ੀ ਵੱਡਾ
ਐਕਸ਼ਨ ਕਰਨਾ ਹੋਵੇ।
-"ਬਿਲਕੁਲ!" ਸਾਂਝੀ ਅਵਾਜ਼ ਆਈ।
ਘਸਿਆ ਜਿਹਾ ਬਾਣੀਆਂ ਸਿਹਰਿਆਂ ਨਾਲ ਲੱਦਿਆ ਪਿਆ ਸੀ। ਬਰਾਬਰ ਸਰਵਾਲ੍ਹਾ ਖੜ੍ਹਾ ਸੀ।
ਬਨਾਣੀਆਂ ਭਾਂਤ-ਭਾਂਤ ਦੇ ਗੀਤ-ਦੋਹੇ ਗਾ ਰਹੀਆਂ ਸਨ। ਫੁੱਲਾਂ ਨਾਲ ਸਿ਼ੰਗਾਰੀ ਘੋੜੀ ਆ
ਗਈ। ਗੋਪਾਲਾ ਪਲਾਕੀ ਮਾਰ ਕੇ ਘੋੜੀ 'ਤੇ ਬਹਿ ਗਿਆ ਅਤੇ ਨਾਲ ਹੀ ਸਰਵਾਲ੍ਹਾ ਚੜ੍ਹ ਗਿਆ।
ਗੋਪਾਲੇ ਦੀ ਭੈਣ ਨੇ ਦੋਹਿਆਂ ਦੀ ਛੂਟ ਵੱਟ ਲਈ, "ਬਈਆ ਮੋਰਾ ਗੋੜੀ ਚੜ੍ਹਾ---!"
ਭੀੜ ਵਿਚੋਂ ਤਿਲ੍ਹਕ ਕੇ ਹਰਨਾਮ ਨੇ ਘੋੜੀ ਦੇ ਗੁੱਝੀ "ਆਰ" ਮਾਰੀ। ਆਰ ਐਸੀ ਬੇਕਿਰਕੀ
ਨਾਲ ਮਾਰੀ ਸੀ ਕਿ ਘੋੜੀ ਪਹਿਲਾਂ ਪਿਛਲੇ ਪੈਰਾਂ 'ਤੇ ਖੜ੍ਹ ਕੇ ਹਿਣਕੀ ਅਤੇ ਫਿਰ ਲਗਾਮ
ਛੁਡਾ ਕੇ ਸਿਰ ਤੋੜ ਦੌੜ ਪਈ। ਸਰਵਾਲ੍ਹਾ ਮੱਕੀ ਦੇ ਗੁੱਲ ਵਾਂਗ ਉਤੋਂ ਡਿੱਗਿਆ। ਗੋਪਾਲਾ
ਉਪਰ ਬੈਠਾ ਡਾਡਾਂ ਮਾਰ ਰਿਹਾ ਸੀ। ਉਸ ਨੇ ਘੋੜੀ ਦੀ ਧੌਣ ਦੇ ਵਾਲ ਘੁੱਟ ਕੇ ਫੜ ਰੱਖੇ
ਸਨ। ਲਾਲੀਆਂ ਦੇ ਗੀਤਾਂ ਦੀ ਅਵਾਜ਼ ਚੀਕਾਂ ਵਿਚ ਬਦਲ ਗਈ। ਸਰਵਾਲ੍ਹਾ ਥਾਏਂ ਬੈਠਾ ਰੋ
ਰਿਹਾ ਸੀ, "ਅਰ੍ਹੇ ਮੇਰਾ ਕੁਛ ਟੂਟ ਗਿਆ---!" ਉਹ ਬਿਲਕ ਰਿਹਾ ਸੀ। ਪਰ ਕੀ "ਟੂਟ"
ਗਿਆ? ਉਹ ਦੱਸ ਨਹੀਂ ਰਿਹਾ ਸੀ!
ਅਖੀਰ ਬਾਣੀਏਂ ਬੈਟਰੀਆਂ ਲੈ ਕੇ ਗੋਪਾਲੇ ਨੂੰ ਇਕ ਕਿਲੋਮੀਟਰ ਤੋਂ ਡਿੱਗੇ ਪਏ ਨੂੰ ਚੁੱਕ
ਕੇ ਲਿਆਏ। ਉਸ ਦਾ ਖੱਬਾ ਗੁੱਟ ਟੁੱਟ ਗਿਆ ਸੀ। ਪੱਗੂ ਖਿਲਰ ਗਿਆ ਸੀ। ਸਿਹਰੇ ਪਤਾ ਨਹੀਂ
ਕਿੱਥੇ ਡਿੱਗ ਪਏ ਸਨ? ਘੋੜੀ ਦੀ ਉੱਘ-ਸੁੱਘ ਨਹੀਂ ਸੀ। ਘੋੜੀ ਦਾ ਮਾਲਕ ਮਰਾਸੀ ਦੁਹਾਈ
ਦੇ ਰਿਹਾ ਸੀ, "ਪਰਭਾ ਮੇਰੀ ਘੋੜੀ ਦਿਓ ਜਾਂ ਘੋੜੀ ਦਾ ਮੁੱਲ ਦਿਓ-ਨਹੀਂ ਤਾਂ ਥੋਡੇ
ਦਰਵਾਜੇ 'ਚ ਮਰੂੰ!"
-"ਕੋਈ ਨਾ ਪਰਭਾ ਤੇਰੀ ਘੋੜੀ ਦਾ ਮੁੱਲ ਦੁਆ ਦਿਆਂਗੇ-ਮਜਾਲ ਐ ਸੇਠ ਮੁੱਕਰਜੇ।" ਕਿਸੇ
ਨੇ ਬਲਦੀ 'ਤੇ ਪਾਣੀ ਛਿੜਕਿਆ।
-"ਲੈ ਵਿੱਚੇ ਤੇਰੀ 'ਮਜਾਲ ਐ' ਤੁਰੀ ਫਿਰੂ-ਮੈਨੂੰ ਤਾਂ ਹੁਣੇ ਪੈਸੇ ਜਾਂ ਘੋੜੀ ਚਾਹੀਦੀ
ਐ!"
-"ਰਾਮ ਭਲੀ ਕਰੂ ਪਰਭਾ! ਤੈਨੂੰ ਮੇਰੇ 'ਤੇ ਵੀ ਇਤਬਾਰ ਨਹੀਂ? ਹੌਸਲਾ ਰੱਖ!" ਬੱਦਰੀ
ਬਾਣੀਏਂ ਨੇ ਭੁਲੱਥਾ ਮਾਰਿਆ। ਮਰਾਸੀ ਚੁੱਪ ਕਰ ਗਿਆ। ਮਰਾਸੀ ਨੇ ਉਸ ਦਾ ਕਰਜ਼ਾ ਦੇਣਾ
ਸੀ।
ਗੋਪਾਲੇ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਸਹੁਰਿਆਂ ਨੂੰ ਮਨਹੂਸ ਖ਼ਬਰ ਦੇ ਕੇ ਬੰਦਾ
ਭੇਜ ਦਿੱਤਾ। ਫੁੱਲਾਂ ਨਾਲ ਲੱਦੀਆਂ ਕਾਰਾਂ ਵਾਪਿਸ ਕਰ ਦਿੱਤੀਆਂ। ਮਜਬੂਰਨ ਵਿਆਹ ਪਿੱਛੇ
ਪਾਉਣਾ ਪਿਆ।
ਅਗਲੇ ਦਿਨ ਸੇਠ ਦੇ ਕੰਨ ਵਿਚ ਕਿਸੇ ਨੇ ਹਰਨਾਮ ਦੇ ਕਾਰਨਾਵੇਂ ਬਾਰੇ ਫ਼ੂਕ ਮਾਰੀ।
ਭੂਸਰਿਆ ਸੇਠ ਦੋ ਸੌ ਰੁਪਏ ਦੇ ਕੇ ਠਾਣਾ ਚਾਹੜ ਲਿਆਇਆ। ਪੁਲੀਸ ਹਰਨਾਮ ਨੂੰ ਫੜ ਕੇ ਲੈ
ਗਈ। ਧੌੜੀ ਲੱਥਣ ਤੋਂ ਪਹਿਲਾਂ ਹੀ ਹਰਨਾਮ ਨੇ ਠਾਣੇਦਾਰ ਨੂੰ "ਬੁਸ਼ਕਾਰ" ਲਿਆ। "ਚੋਗਾ"
ਠਾਣੇ ਖਿਲਾਰ ਕੇ ਹਰਨਾਮ ਬੜੇ ਅਰਾਮ ਨਾਲ ਪਿੰਡ ਆ ਗਿਆ। "ਇਮਾਨਦਾਰ" ਠਾਣੇਦਾਰ ਨੇ ਉਸ
ਨੂੰ ਫੁੱਲ ਦੀ ਨਹੀਂ ਲਾਈ ਸੀ, ਸਗੋਂ ਹੱਲਾਸ਼ੇਰੀ ਦਿੱਤੀ ਸੀ, "ਤੂੰ ਅਰਾਮ ਨਾਲ ਘਰ ਨੂੰ
ਜਾਹ-ਕਰਾੜਾਂ ਨੂੰ ਭੌਂਕਦੇ ਫਿਰਨ ਦੇ! ਜੇ ਚੂੰ ਚਰਾਂ ਕਰਨ ਚਾਰ ਮਾਰੀਂ ਫ਼ਰਾਂ 'ਤੇ-ਜੇ
ਬਾਹਲਾ ਜਾਣਗੇ-ਲੱਤ ਬਾਂਹ ਵੱਢ ਕੇ ਪਰ੍ਹਾਂ ਕਰੀਂ-ਬਾਕੀ ਮੇਰੀ ਜਿ਼ੰਮੇਵਾਰੀ!"
ਜਦੋਂ ਸੇਠਾਂ ਨੂੰ ਹਰਨਾਮ ਦੇ ਘਰ ਆ ਜਾਣ ਬਾਰੇ ਪਤਾ ਲੱਗਿਆ ਤਾਂ ਉਹ ਹੋਰ ਭੜਕ ਉਠੇ।
ਟੋਲੀ ਬਣਾ ਕੇ ਠਾਣੇ ਪੁੱਜ ਗਏ। ਪਰ ਮੁਣਸ਼ੀ ਦੀ ਇੱਕੋ ਗੱਲ ਨੇ ਹੀ ਉਹਨਾਂ ਨੂੰ ਖੂੰਜੇ
ਲਾ ਦਿੱਤਾ, "ਸੇਠੋ! ਅਗਲੇ ਨੇ ਘੋੜੀ ਨੂੰ ਆਰ ਈ ਲਾਈ ਐ-ਕੋਈ ਕਰਾੜੀ ਤਾਂ ਨ੍ਹੀ ਫੜ ਲਈ?
ਤੁਸੀਂ ਤਾਂ ਇਉਂ ਪੰਚੈਤ ਬਣਾ ਕੇ ਆ ਗਏ-ਜਿਵੇਂ ਅਗਲੇ ਨੇ ਕਰਾੜੀ ਨਾਲ ਬਲਾਤਕਾਰ ਕਰਤਾ
ਹੁੰਦੈ?"
-"ਕਹਾਂ ਸੇ ਮਿਲੇਗਾ ਇਨਸਾਫ਼?" ਗੋਪਾਲੇ ਦਾ ਹਰਿਆਣਵੀ ਮਾਮਾ ਜਿਵੇਂ ਕੰਧ 'ਤੇ ਲੱਗੀ
ਮਹਾਤਮਾ ਗਾਂਧੀ ਦੀ ਫ਼ੋਟੋ ਤੋਂ ਪੁੱਛ ਰਿਹਾ ਸੀ।
ਸੇਠ ਮੂੰਹ ਲਟਕਾ ਕੇ ਆ ਗਏ।
ਜਦੋਂ ਹਰਨਾਮ ਨੇ ਵਿਆਹ ਨੂੰ ਅਖੀਰ ਲੱਤ ਹੀ ਨਾ ਲਾਈ ਤਾਂ ਚਿੰਤੀ ਨੇ ਹਰਨਾਮ ਤੋਂ ਛੋਟੇ
ਜੱਗਰ ਦਾ ਵਿਆਹ ਧਰ ਲਿਆ। ਪਹਿਲੇ ਦਿਨ ਮੰਗਣਾਂ ਅਤੇ ਅਗਲੇ ਦਿਨ ਵਿਆਹ ਸੀ।
ਖ਼ੈਰ! ਪ੍ਰਮਾਤਮਾ ਦੀ ਕਿਰਪਾ ਨਾਲ ਸਭ ਕੁਝ ਠੀਕ ਹੋ ਗਿਆ। ਦੋਹੇਂ ਧਿਰਾਂ ਸੰਤੁਸ਼ਟ ਸਨ।
ਕਾਰਜ ਰਾਸ ਆ ਗਿਆ ਸੀ। ਕਿਸੇ ਵੱਲੋਂ ਕੋਈ ਸ਼ਕਾਇਤ ਨਹੀਂ ਸੀ। ਪਰ ਹਰਨਾਮ ਨੇ ਦੋ-ਚਾਰ
ਦਿਨ ਜ਼ਰੂਰ ਝੋਰਾ ਕੀਤਾ ਸੀ। ਆਪਣੀ ਕੀਤੀ ਗਲਤੀ ਦਾ ਅਹਿਸਾਸ ਹੋਇਆ ਸੀ। ਕਿਉਂਕਿ ਵਾਰੀ
ਪਹਿਲਾਂ ਉਸ ਦੀ ਸੀ, ਜਿਹੜੀ ਉਸ ਤੋਂ ਸਾਂਭੀ ਨਾ ਗਈ। ਹੁਣ ਲੀਹ ਕੁੱਟਣ ਦਾ ਫ਼ਾਇਦਾ ਵੀ
ਕੀ ਸੀ? ਸੱਪ ਤਾਂ ਲੰਘ ਚੁੱਕਾ ਸੀ। ਅਖੀਰ ਉਸ ਨੇ ਹਿੱਕ 'ਤੇ ਪੱਥਰ ਰੱਖ ਲਿਆ। ਪਰ ਫਿਰ
ਵੀ ਭਾਬੀ ਦੇ ਪਿੰਡੇ ਦੀ ਖ਼ੁਸ਼ਬੂ ਉਸ ਨੂੰ ਪਾਗਲ ਕਰ ਦਿੰਦੀ! ਜਦ ਭਾਬੀ ਰਸੋਈ ਵਿਚ
ਸਬਜ਼ੀ ਨੂੰ ਤੜਕਾ ਲਾ ਰਹੀ ਹੁੰਦੀ ਤਾਂ ਹਰਨਾਮ ਵਰਾਂਡੇ ਵਿਚ ਖੜ੍ਹ ਕੇ ਮਸਾਲੇ ਦੀ
ਸੁਗੰਧੀ ਨੂੰ ਚੌੜੀਆਂ ਨਾਸਾਂ ਰਾਹੀਂ ਪੀਣਾ ਸ਼ੁਰੂ ਕਰ ਦਿੰਦਾ! ਭਰਜਾਈ ਦਾ ਘੁੰਡ ਅਤੇ
"ਭਾਈ ਜੀ" ਸ਼ਬਦ ਉਸ ਨੂੰ ਕਲੰਕ ਵਾਂਗ ਲੱਗਦੇ।
ਹਰਨਾਮ ਆਨੇ-ਬਹਾਨੇ, ਕਿਵੇਂ ਨਾ ਕਿਵੇਂ ਛੋਟੀ ਭਾਬੀ ਨੂੰ ਬੁਲਾਉਣ ਦਾ ਯਤਨ ਕਰਦਾ,
"ਪੀਹਣ ਕਰਤਾ ਜਸਮੇਲ ਕੁਰੇ?" ਤਾਂ ਜਸੇਮਲ ਕੌਰ ਸਿਰਫ਼ ਇਕ ਲਫ਼ਜ਼ ਵਿਚ ਹੀ ਸਾਰ ਦਿੰਦੀ,
"ਹਾਂ ਕਰਤਾ ਭਾਈ ਜੀ!" ਤਾਂ ਉਹ ਖ਼ੂਨ ਦੀ ਘੁੱਟ ਭਰ ਕੇ ਰਹਿ ਜਾਂਦਾ।
ਅਖੀਰ ਚਿੰਤੀ ਬਿਮਾਰ ਪੈ ਗਈ। ਹਰਨਾਮ ਅਤੇ ਜੱਗਰ ਨੇ ਕਾਫ਼ੀ ਦੁਆਈ ਬੂਟੀ ਕਰਵਾਈ, ਪਰ
ਕੋਈ ਫਰਕ ਨਾ ਪਿਆ। ਸ਼ਹਿਰ ਹਸਪਤਾਲ ਦਾਖਲ ਕਰਵਾਈ। ਪਰ ਵਿਚਾਰੀ ਦੀ ਘਟੀ ਸੀ। ਬਚ ਨਾ
ਸਕੀ। ਮਿੱਟੀ ਪਿੰਡ ਲਿਆਂਦੀ ਗਈ।
ਸਭ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਆਖਰੀ ਰਸਮ ਸਿਰਫ਼ ਸਸਕਾਰ ਦੀ ਰਹਿ ਗਈ। ਲਾਸ਼
ਸ਼ਮਸ਼ਾਨ ਭੂਮੀ ਵਿਖੇ ਲਿਆਂਦੀ ਗਈ।
-"ਹਰਨਾਮ ਸਿਆਂ-ਦਾਗ ਦੇਹ ਭਾਈ-ਤੂੰ ਵੱਡੈਂ!" ਕਿਸੇ ਸਿਆਣੀ ਬੁੜ੍ਹੀ ਨੇ ਕਿਹਾ ਤਾਂ
ਪੁੱਠਪੈਰਾ ਹਰਨਾਮ ਜਿੰਨ ਵਾਂਗ ਟੱਪਿਆ, "ਕਿਉਂ? ਮੈਂ ਦਾਗ ਕਿਉਂ ਦੇਵਾਂ? ਪਾਣੀ ਵਾਰਦੀ
ਇਹਨਾਂ ਦੇ ਸਿਰਾਂ ਤੋਂ ਮਰਗੀ!" ਸਿਆਣੇ ਬੰਦੇ-ਬੁੜ੍ਹੀਆਂ ਵਿਚਾਰ ਕਰਨ ਲੱਗ ਪਏ। ਅਜਿਹੇ
ਦੁਖਦਾਈ ਮੌਕੇ 'ਤੇ ਕੱਛ 'ਚੋਂ ਮੂੰਗਲਾ ਸ਼ੋਭਾ ਨਹੀਂ ਦਿੰਦਾ ਸੀ।
-"ਬਾਈ ਇਹ ਮੌਕਾ ਐਹੋ ਜੀਆਂ ਗੱਲਾਂ ਕਰਨ ਦਾ ਨ੍ਹੀਂ!" ਜੱਗਰ ਨੇ ਸਿਆਣੀ ਗੱਲ ਆਖੀ। ਪਰ
ਹਰਨਾਮ ਮੁਨੱਕਰ ਸੀ।
-"ਚੱਲ ਜੱਗਰ ਸਿਆਂ ਤੂੰ ਦਾਗ ਦੇਹ ਪੁੱਤ-ਉਹਦੀ ਵਿਚਾਰੀ ਦੀ ਚਿਖ਼ਾ ਨਾ ਖਰਾਬ ਕਰੋ!"
ਹਰਨਾਮ ਦੀ ਮਾਸੀ ਕਹਿ ਕੇ ਰੋ ਪਈ।
ਜੱਗਰ ਨੇ ਅਕਹਿ ਦੁੱਖ ਨਾਲ ਚਿਤਾ ਨੂੰ ਲਾਂਬੂ ਲਾ ਦਿੱਤਾ।
ਮਾਂ ਤਾਂ ਚਲੀ ਗਈ। ਪਰ ਹਰਨਾਮ ਦੀ ਜਿ਼ੰਦਗੀ 'ਚ ਹਨ੍ਹੇਰ ਪੈ ਗਿਆ। ਜਸਮੇਲ ਕੌਰ ਸੱਸ ਦੇ
ਡਰ, ਸ਼ਰਮ ਕਰਕੇ ਹੀ ਹਰਨਾਮ ਨੂੰ ਰੋਟੀ ਦਿੰਦੀ ਸੀ। ਹੁਣ ਜਦੋਂ ਸੱਸ ਤੁਰ ਗਈ ਸੀ ਤਾਂ
ਜਸਮੇਲ ਕੌਰ ਨੂੰ ਕਿਸ ਦਾ ਡਰ ਸੀ? ਉਹ ਤਾਂ ਸਿਰੋਂ ਸਰਦਾਰਨੀ ਸੀ! ਹਾਨੀਸਾਰ ਨੂੰ ਜਸਮੇਲ
ਕੌਰ ਨੇ ਹਰਨਾਮ ਨੂੰ ਰੋਟੀ ਵੱਲੋਂ ਹੱਥ ਖੜ੍ਹੇ ਕਰ ਦਿੱਤੇ। ਛੜਾ ਜੇਠ ਬੋਹੜ ਦਾ ਬੂਟਾ
ਉਸ ਨੇ ਜ਼ਰੂਰੀ ਹਿੱਕ 'ਤੇ ਪਿੱਪਲ ਲਾਉਣਾ ਸੀ? ਜੱਗਰ ਨੇ ਬਥੇਰੀ ਸਮਝਾਉਣ ਦੀ ਕੋਸਿ਼ਸ਼
ਕੀਤੀ। ਪਰ ਪਰਨਾਲਾ ਲੋਟ ਨਾ ਆਇਆ। ਘਰ ਵਿਚ ਕਲੇਸ਼ ਰਹਿਣ ਲੱਗ ਪਿਆ। ਹਰਨਾਮ ਦਾ ਤਾਂ
ਬਿਲਕੁਲ ਹੀ ਠੂਠੇ ਨਾਲ ਕੁਨਾਲ ਖੜਕਣ ਲੱਗ ਪਿਆ ਸੀ। ਰਾਤ ਨੂੰ ਕਦੇ ਕਦੇ ਇਕੱਲਾ ਪਿਆ
ਉਹ, "ਹਾਏ ਨੀ ਅੰਮੜੀਏ!" ਕਹਿ-ਕਹਿ ਕੇ ਮਾਂ ਨੂੰ ਯਾਦ ਕਰਦਾ ਰਹਿੰਦਾ। ਝੂਰਦਾ ਰਹਿੰਦਾ।
ਮਾਂ ਦਾ ਵਿਛੋੜਾ ਉਸ ਨੂੰ ਡੰਗਦਾ। ਕਿਸੇ ਚੀਜ਼ ਦੀ ਹੋਂਦ ਜਾਂ ਅਣਹੋਂਦ ਦਾ ਉਸ ਦੇ ਖੁੱਸ
ਜਾਣ ਤੋਂ ਬਾਅਦ ਹੀ ਅਹਿਸਾਸ ਹੁੰਦਾ ਹੈ।
ਆਥਣ-ਸਵੇਰ ਡੰਡਾ ਖੜਕਦਾ ਰਹਿੰਦਾ। ਅਖੀਰ ਹਰਨਾਮ ਨੇ ਅੱਕ ਕੇ ਅੱਡ ਹੋਣ ਦੀ ਲਕੀਰ ਖਿੱਚ
ਦਿੱਤੀ।
ਪੰਚਾਇਤ ਬੁਲਾਈ ਗਈ। ਸਭ ਸਮਾਨ ਦੀਆਂ ਵੰਡੀਆਂ ਪੈ ਗਈਆਂ। ਪਰ ਇਕ ਮੱਝ 'ਤੇ ਆ ਕੇ ਗੱਲ
ਅੜ ਗਈ। ਮੱਝਾਂ ਪੰਜ ਸਨ। ਦੋ-ਦੋ ਤਾਂ ਵੰਡ ਲਈਆਂ, ਪਰ ਪੰਜਵੀਂ ਮੱਝ ਕਿਵੇਂ ਵੰਡਦੇ?
ਹਰਨਾਮ ਕਹੀ ਲੈ ਕੇ ਇਕ ਗੱਲ 'ਤੇ ਹੀ ਅੜ ਗਿਆ, "ਮੈਂ ਤਾਂ ਮੱਝ ਅੱਧੀ ਵੱਢਣੀ ਐਂ!"
ਪੰਚਾਇਤ ਕਹੇ, "ਮੱਝ ਤੂੰ ਈ ਰੱਖਲਾ!" ਪਰ ਹਰਨਾਮ ਇਸ ਦੇ ਉਲਟ, "ਮੈਂ ਇਹਨਾਂ ਬੇਈਮਾਨਾਂ
ਦਾ ਖਾ ਕੇ ਜਾਊਂ ਕਿੱਥੇ? ਅੱਧੀ ਇਹਨਾਂ ਦੀ ਤੇ ਅੱਧੀ ਮੇਰੀ-ਮੈਂ ਤਾਂ ਮੱਝ ਅੱਧੀ ਵੱਢਣੀ
ਐਂ!"
ਖ਼ੈਰ! ਸ਼ਾਮ ਤੱਕ ਫ਼ੈਸਲਾ ਨਾ ਹੋ ਸਕਿਆ। ਪੰਚਾਇਤ ਸਵੇਰੇ ਸਾਝਰੇ ਆਉਣ ਦਾ ਵਾਅਦਾ ਕਰ
ਕੇ ਚਲੀ ਗਈ।
ਹਰਨਾਮ ਬਾਹਰਲੇ ਘਰੇ ਜਾ ਕੇ ਪੈ ਗਿਆ।
ਜੱਗਰ ਨੇ ਜਸਮੇਲ ਕੌਰ ਨੂੰ ਸਮਝਾਇਆ।
-"ਲੋਕ ਤਾਂ ਬਿਗਾਨਿਆਂ ਦੀ ਗੁਲਾਮੀ ਕਰ ਕੇ ਲਾਹਾ ਲੈ ਜਾਂਦੇ ਐ ਮੇਲੋ! ਤੈਥੋਂ ਪਟਾਰੀ
ਆਲਾ ਸੱਪ ਵੀ ਨ੍ਹੀ ਕੀਲਿਆ ਜਾਂਦਾ? ਮਾਰ ਬੁੜ੍ਹੀਆਂ ਆਲਾ ਤਿੰਨ ਸੌ ਪੈਂਹਟਵਾਂ ਚਲਿੱਤਰ
ਤੇ ਕਰ ਕਲਗੀ ਆਲੇ ਸੱਪ ਨੂੰ ਵੱਸ! ਕੰਜਰ ਦੀਏ ਰਾਣੀ ਬਣ ਕੇ ਰਾਜ ਕਰੇਂਗੀ-ਕੀ ਕੁਛ
ਘਸਦੈ?"
ਜੱਗਰ ਦੀਆਂ ਗੱਲਾਂ ਜਸਮੇਲ ਕੌਰ ਦੇ ਦਿਲ ਲੱਗੀਆਂ।
-"ਨੀ ਕੁੜੀ ਯ੍ਹਾਵੇ ਦੀਏ ਗਿੱਟਲੇ! ਪੈਲੀ ਆਲੇ ਛੜੇ ਨੂੰ ਤਾਂ ਲੋਕ ਸੋਨ-ਚਿੜੀ ਮਾਂਗੂੰ
ਪੈਂਦੇ ਐ-ਸਿਆਣੇ ਆਖਦੇ ਐ ਮੇਲੋ! ਬਈ ਜੁੱਲ ਕੰਧੋਲੇ ਮੌਜਾਂ ਮਾਨਣ ਤੇ ਆਕੜ ਪਾਲੇ ਮਰਦੀ
ਐ-ਸਹੁਰੇ ਦੀਏ ਲੋਲ੍ਹੀਏ! ਜੇ ਕੱਲ੍ਹ ਨੂੰ ਚਾਰ ਜੁਆਕ ਹੋਗੇ-ਸਾਂਭੀ ਤਾਂ ਫਿਰੂ-ਜਮੀਨ
ਬਾਧੂ ਦੀ ਹੱਥ ਆਊ-ਅਕਲਾਂ ਬਿਨਾਂ ਖੂਹ ਖਾਲੀ ਰਹਿ ਜਾਂਦੇ ਐ-ਨਾਲੇ ਜਦੋਂ ਤੈਨੂੰ ਮੈਂ
ਕਹਿੰਨੈਂ?"
ਜਸਮੇਲ ਕੌਰ ਦਾ ਚਿਹਰਾ ਟਹਿਕ ਉਠਿਆ।
-"ਅੱਗ ਲੱਗੜੀ ਮੇਰੀ ਮੱਤ ਈ ਮਾਰੀ ਗਈ!" ਉਸ ਨੂੰ ਅਫ਼ਸੋਸ ਵੀ ਹੋਇਆ ਕਿ ਉਹ ਤਾਂ ਆਪਣੇ
ਪੈਰੀਂ ਆਪ ਕੁਹਾੜਾ ਮਾਰ ਰਹੀ ਸੀ! ਮੁਫ਼ਤੀ ਦਾ ਸੀਰੀ, ਸੋਨੇ ਦੀ ਖਾਣ ਉਹਨੂੰ ਕਿੱਥੋਂ
ਮਿਲਣੀ ਸੀ? ਜੱਗਰ ਦੇਖ ਰਿਹਾ ਸੀ ਕਿ ਉਸ ਦੇ ਛੱਡੇ ਹੋਏ ਤੀਰ ਬਿਲਕੁਲ ਠੀਕ ਨਿਸ਼ਾਨੇ
'ਤੇ ਹੀ ਵੱਜੇ ਸਨ।
-"ਮੇਲੋ! ਸਿਆਣੇ ਆਖਦੇ ਐ-ਬਖਤੋਂ ਖੁੰਝੀ ਡੂੰਮਣੀ ਗਾਹੇ ਆਲ ਪਤਾਲ-ਅੱਖਾਂ 'ਚ ਘਸੁੰਨ
ਦੇ-ਦੇ ਕੇ ਰੋਇਆ ਕਰੇਂਗੀ!"
ਗੱਲ ਜਸਮੇਲ ਕੌਰ ਨੂੰ ਜਚ ਗਈ।
ਉਹ ਉਠੀ। ਰੋਟੀਆਂ ਪਕਾਈਆਂ। ਖੀਰ ਬਣਾਈ। ਤਿੰਨ ਮੇਲ ਦਾ ਪ੍ਰਸ਼ਾਦ ਬਣਾਇਆ। ਸਾਰਾ ਕੁਝ
ਬੰਨ੍ਹ ਕੇ ਉਸ ਨੇ ਬਾਹਰਲੇ ਘਰ ਨੂੰ ਚਾਲੇ ਪਾ ਦਿੱਤੇ।
ਪਏ ਹਰਨਾਮ ਨੂੰ ਪੈੜ-ਚਾਲ ਜਿਹੀ ਸੁਣਾਈ ਦਿੱਤੀ। ਉਹ ਸੰਭਲ ਕੇ ਜਿਹੇ ਬੈਠ ਗਿਆ।
-"ਕਿਹੜੈ ਬਈ---?" ਉਸ ਨੇ ਖੰਘੂਰਾ ਮਾਰਿਆ। ਗੰਡਾਸਾ ਹੱਥ ਹੇਠ ਕੀਤਾ। ਅੰਦਰ ਜਾ ਕੇ
ਜਸਮੇਲ ਕੌਰ ਨੇ ਦੀਵਾ ਜਗਾਇਆ।
-"ਤੂੰ ਏਥੇ ਕੀ ਕਰਨ ਆਈਂ ਐਂ ਬਹੇਲੇ?" ਉਹ ਭਮੱਤਰ ਗਿਆ।
-"ਤੂੰ ਭੈੜ੍ਹਿਆ ਥੁੱਕ ਗੁੱਸੇ ਨੂੰ! ਲੈ ਟੁੱਕ ਖਾਅ-ਹੈਂ! ਐਨਾ ਗੁੱਸਾ ਵੀ ਕੀ ਆਖ? ਦੋ
ਭਾਂਡੇ ਤਾਂ ਖੜਕਦੇ ਈ ਰਹਿੰਦੇ ਐ-ਆਬਦਿਆਂ 'ਤੇ ਕਾਹਦਾ ਗੁੱਸਾ? ਲੋਕ 'ਕੱਠੇ ਵਸਦਿਆਂ
ਨੂੰ ਦੇਖ ਕੇ ਜਰਦੇ ਨ੍ਹੀ-ਮੈਂ ਤਾਂ ਤੀਮੀ ਮਾਨੀ ਐਂ-ਤੂੰ ਕਾਹਨੂੰ ਐਵੇਂ ਤਮਾਸ਼ਾ
ਬਣਾਇਐ-ਚੰਗਾ ਭਲਾ ਗੰਧਾਲੇ ਅਰਗਾ ਡਮਾਕੀ ਬੰਦੈਂ?" ਉਹ ਪ੍ਰਸ਼ਾਦ ਫੜਾਉਂਦੀ ਆਖ ਰਹੀ ਸੀ।
-"-----!" ਹਰਨਾਮ ਹੈਰਾਨੀ ਨਾਲ ਟਿਕਟਿਕੀ ਲਾ ਕੇ ਕੌਲੇ ਵੱਲ ਝਾਕ ਰਿਹਾ ਸੀ।
-"ਸਾਲੇ ਦੀ ਨੇ ਵਿਚ ਸੈਂਖੀਆ ਈ ਨਾ ਪਾ ਦਿੱਤਾ ਹੋਵੇ?" ਉਸ ਦਾ ਦਿਲ ਬੋਲਿਆ।
-"ਭੈੜ੍ਹਿਆ ਤੇਰਾ ਘਰ-ਤੇਰਾ ਬਾਰ-ਤੇਰਾ ਭਰਾ-ਤੇਰੀ ਮੈਂ ਭਰਜਾਈ-ਕੁਛ ਮਰਜੀ ਐ-ਪੰਜ ਕਰ
ਪੰਜਾਹ ਕਰ-ਤੇਰਾ ਕਿਸੇ ਨੇ ਹੱਥ ਫੜਨੈਂ?" ਉਸ ਨੇ ਇਕ ਤਰ੍ਹਾਂ ਨਾਲ "ਸਾਰੇ" ਦਰਵਾਜੇ
ਖੋਲ੍ਹ ਦਿੱਤੇ। ਹਰਨਾਮ ਦੀ ਸ਼ੱਕੀ ਬਿਰਤੀ ਟੁੱਟੀ। ਔਰਤ ਵੀ ਕੀ ਚੀਜ਼ ਹੈ? ਪਿਆਰ ਨਾਲ
ਹੱਥ ਲਾ ਦੇਵੇ, ਸੁੱਕੇ ਦਰੱਖਤ ਹਰੇ ਹੋ ਜਾਣ! ਗਲਵਕੜੀ ਪਾ ਲਵੇ, ਜੁੱਗੜਿਆਂ ਜੁਗਾਂਤਰਾਂ
ਦੇ ਦੁੱਖ ਟੁੱਟ ਜਾਣ! ਬੁੱਲ੍ਹਾਂ 'ਤੇ ਬੁੱਲ੍ਹ ਧਰੇ, ਮੁਰਦਾ ਉਠ ਕੇ ਬੈਠ ਜਾਵੇ! ਹਰਨਾਮ
ਘਿਉ ਵਾਂਗ ਪੰਘਰ ਗਿਆ। ਉਸ ਨੇ ਰਜਾਈ ਦਾ ਲੜ ਚੁੱਕਿਆ ਤਾਂ ਜਸਮੇਲ ਕੌਰ "ਗੜੱਪ" ਦੇਣੇ
ਰਜਾਈ ਵਿਚ ਵੜ ਗਈ।
-"ਮਿੱਠਾ ਤਾਂ ਨ੍ਹੀ ਘੱਟ?" ਉਹ ਹਰਨਾਮ ਦੇ ਮੂੰਹ ਵਿਚ ਚਮਚੇ ਪਾਉਂਦੀ ਪੁੱਛ ਰਹੀ ਸੀ।
-"ਨਹੀਂ ਸੂਤ ਐ!" ਉਹ ਬਲਦ ਵਾਂਗ ਬੁਰਕ ਜਿਹੇ ਮਾਰਦਾ ਕਹਿ ਰਿਹਾ ਸੀ। ਉਸ ਦੀ
"ਟੁੱਚ-ਟੁੱਚ" ਨੂੰ ਪਸ਼ੂ ਕੰਨ ਚੁੱਕ-ਚੁੱਕ ਸੁਣ ਰਹੇ ਸਨ।
ਪਾਠੀ ਬੋਲਦੇ ਨਾਲ ਹੀ ਜਸਮੇਲ ਕੌਰ ਉਠ ਖੜ੍ਹੀ ਹੋਈ। ਭਾਂਡੇ ਉਸ ਨੇ ਪੋਣੇ ਵਿਚ ਬੰਨ੍ਹ
ਲਏ।
-"ਜੇ ਅਜੇ ਵੀ ਕੋਈ ਗੁੱਸੈ ਤਾਂ ਦੱਸ? ਚਾਹੇ ਮੱਝ ਦੀ ਥਾਂ ਮੈਨੂੰ ਵੱਢ ਲੈ।" ਉਹ ਹਰਨਾਮ
ਨੂੰ ਕਿਸੇ ਨਖਰੇ, ਕਿਸੇ ਅਜੀਬ ਅੰਦਾਜ਼ ਵਿਚ ਆਖ ਰਹੀ ਸੀ।
-"ਨਾ ਕਿਉਂ ਵੱਢੂੰ? ਮੈਂ ਕਮਲੈਂ? ਨਾਲੇ ਮੱਝ ਕਿਤੇ ਮੁਖਤੀ ਆਈ ਐ?" ਹਰਨਾਮ ਤੁਰੰਤ
ਬੋਲਿਆ ਸੀ।
-"ਚੰਗਾ! ਹੁਣ ਤੂੰ ਬਿੰਦ ਅੱਖ ਲਾ ਲੈ! ਮੈਂ ਚਾਹ ਲੈ ਕੇ ਆਉਂਨੀ ਐਂ-ਹੰਭ ਗਿਆ
ਹੋਵੇਂਗਾ।" ਉਹ ਚਲੀ ਗਈ।
ਅੱਧੇ ਕੁ ਘੰਟੇ ਬਾਅਦ ਚਾਹ ਆ ਗਈ। ਚਾਹ ਪੀ ਕੇ ਉਹ ਫਿਰ ਸੌਂ ਗਿਆ।
ਸੂਰਜ ਚੜ੍ਹਨ ਸਾਰ ਪੰਚਾਇਤ ਹਰਨਾਮ ਕੇ ਬਾਹਰਲੇ ਘਰੇ ਇਕੱਠੀ ਹੋ ਗਈ। ਜੱਗਰ ਨੇ ਧੁੱਪੇ
ਚਾਹ ਦੀ ਬਾਲਟੀ ਪੰਚਾਇਤ ਅੱਗੇ ਲਿਆ ਰੱਖੀ।
-"ਹਰਨਾਮ ਸਿਆਂ! ਥੋਡਾ ਰੌਲਾ ਹੁਣ ਕਿਵੇਂ ਨਬੇੜੀਏ?" ਚਾਹ ਦੇ ਸੜ੍ਹਾਕੇ ਮਾਰਦਾ
ਨੰਬਰਦਾਰ ਪੁੱਛ ਰਿਹਾ ਸੀ।
-"ਰੌਲਾ? ਕਿਹੜਾ ਰੌਲਾ?" ਹਰਨਾਮ ਜਿਵੇਂ ਕਾਫ਼ੀ ਹੈਰਾਨ ਸੀ।
-"ਮੱਝ ਆਲਾ!" ਸਰਪੰਚ ਬੋਲਿਆ।
-"ਸਾਡਾ ਕੋਈ ਮੱਝ ਮੁੱਝ ਦਾ ਰੌਲਾ ਨ੍ਹੀ ਸਰਪੈਂਚਾ!" ਉਸ ਨੇ ਸਿੱਧੀ ਹੀ ਨਬੇੜ ਦਿੱਤੀ।
-"ਤੁਸੀਂ ਫਿਰ ਅੱਡ ਨਹੀ ਹੋਣਾ?" ਸਰਪੰਚ ਦੰਗ ਸੀ।
-"ਸਰਪੈਂਚਾ! ਅਸੀਂ ਬੋਟਾਂ ਤੈਨੂੰ ਇਸ ਲਈ ਪਾਈਐਂ ਬਈ ਤੂੰ ਲੋਕਾਂ ਨੂੰ ਮੱਲੋਮੱਲੀ ਅੱਡ
ਕਰਵਾਉਂਦਾ ਫਿਰੇਂ?" ਹਰਨਾਮ ਪੁੱਛ ਰਿਹਾ ਸੀ।
-"-----!" ਸਰਪੰਚ ਸਤੰਭ, ਮਜੌਰਾਂ ਦੀ ਮਾਂ ਵਾਂਗ ਕਦੇ ਹਰਨਾਮ ਅਤੇ ਕਦੇ ਜੱਗਰ ਵੱਲ
ਤੱਕ ਰਿਹਾ ਸੀ।
-"ਕੱਲ੍ਹ ਤਾਂ ਤੂੰ ਮੱਝ ਅੱਧੀ ਵੱਢਣ ਨੂੰ ਫਿਰਦਾ ਸੀ?"
-"ਮੇਰੇ ਡਮਾਕ 'ਤੇ ਮੇਰਾ ਹੱਕ ਐ-ਕੁਛ ਕਰਾਂ!"
ਪੰਚਾਇਤ ਸੁੰਨ ਹੋ ਗਈ।
-"ਸਰਪੈਂਚਾ! ਪੰਚੈਤ 'ਨਸਾਫ ਕਰਨ ਆਸਤੇ ਬਣਾਈਦੀ ਐ-ਅੱਡੋ ਅੱਡੀ ਕਰਵਾਉਣ ਆਸਤੇ
ਨ੍ਹੀ-ਹੁਣ ਤੁਸੀਂ ਚਾਹ ਪੀ ਲਈ-ਤੇ ਹੁਣ ਜਾਓ ਮੇਰੇ ਵੀਰ!" ਉਹ ਦਾਤੀ ਚੁੱਕ ਪੱਠੇ ਵੱਢਣ
ਤੁਰ ਪਿਆ।
-"ਉਏ ਵਾਹ ਉਏ ਪੁੱਠੇ ਪੈਰਾਂ ਆਲਿਆ! ਐਮੇ ਨ੍ਹੀ ਲੋਕ ਤੈਨੂੰ ਪੁੱਠਪੈਰਾ ਆਖਦੇ! ਅਖੇ
ਪੱਟਿਆ ਪਹਾੜ ਨਿਕਲਿਆ ਚੂਹਾ।" ਪੰਚਾਇਤ ਨਾਲ ਤੁਰਿਆ ਜਾਂਦਾ ਸਰਪੰਚ ਕਹਿ ਰਿਹਾ ਸੀ।
-"ਸਰਪੈਂਚਾ! ਤੀਮੀ ਤੇ ਧਤੂਰੇ 'ਚ ਬੜਾ ਨਸ਼ਾ ਹੁੰਦੈ-ਬੰਦੇ ਨੂੰ ਕਮਲਾ ਕਰ ਦਿੰਦੈ!"
ਮੈਂਬਰ ਨੇ ਸਰਪੰਚ ਦੇ ਕੰਨ 'ਚ ਕਿਹਾ।
-"ਗੱਲ ਤੇਰੀ ਸੋਲ੍ਹਾਂ ਆਨੇ ਸੱਚ ਐ ਮਿੰਬਰਾ!" ਸਰਪੰਚ ਵੀ ਗੁੱਝਾ ਹੱਸਿਆ।
ਜੱਗਰ ਅਤੇ ਜਸਮੇਲ ਕੌਰ ਇਕ ਖੂੰਜੇ ਖੜ੍ਹੇ ਮੁਸ਼ਕੜੀਏਂ ਹੱਸ ਰਹੇ ਸਨ। ਸੂਰਜ ਦੀਆਂ
ਕਿਰਨਾਂ ਉਹਨਾਂ ਦੇ ਚਿਹਰਿਆਂ 'ਤੇ ਨੱਚ ਰਹੀਆਂ ਸਨ। |