5_cccccc1.gif (41 bytes)


ਪਿਉਂਦ
- ਮੇਜਰ ਮਾਂਗਟ


ਅੱਜ ਉਸਦਾ ਪੰਜਵਾਂ ਲੈਸਨ ਹੈ।ਉਹ ਕਾਰ ਵਿੱਚ ਆਂਉਦਾ ਥੋੜਾ ਤ੍ਰਬਕਦਾ,ਤੇ ਫੇਰ ਘਬਰਾਹਟ ਨਾਲ ਭਰਿਆ ਡਰਾਈਵਿੰਗ ਸੀਟ ਤੇ ਆ ਬੈਠਦਾ ਹੈ।ਮੈਂ ਮੁਸ਼ਕਰਾਉਣ ਦੀ ਕੋਸਿਸ਼ ਕਰਦਾ ਹਾਂ,ਪਰ ਮੇਰੇ ਅੰਦਰਲਾ ਡਰ ਮੈਨੂੰ ਫੇਰ ਸੰਜ਼ੀਦਾ ਕਰ ਦਿੰਦਾ ਹੈ।ਮੈਂ ਉਸ ਨੂੰ ਸਮਝਾਉਂਦਾ ਆਖਦਾ ਹਾਂ,

ਮਿਸਟਰ ਸੰਗਤਾਰ ਅੱਜ ਲਾਪਰਵਾਹੀ ਨਹੀਂ ਵਰਤਣੀ।ਕਾਰ ਧਿਆਨ ਨਾਲ ਚਲਾਉਣੀ ਹੈ।ਨਹੀਂ ਤਾਂ ਕੱਲ ਵਾਂਗ ਸਾਡਾ ਦੋਨਾਂ ਦਾ ਜੀਵਨ ਖਤਰੇ ਵਿੱਚ ਪੈ ਜਾਵੇਗਾ"।

ਕੱਲ ਜਦੋਂ ਇੱਕ ਤੇਜ ਆਂਉਦੇ ਭਰੇ ਹੋਏ ਟਰੱਕ ਅੱਗੇ ਕਰਕੇ ਉਸਨੇ ਜੋਰਦਾਰ ਬਰੇਕ ਮਾਰੀ ਸੀ ਤਾਂ ਮੇਰਾ ਤ੍ਰਾਹ ਨਿੱਕਲ ਗਿਆ ਸੀ।ਇਹ ਤਾਂ ਚੰਗਾ ਹੋਇਆ ਸੀ ਕਿ ਨਾਲ ਦੀ ਲੇਨ ਖਾਲੀ ਹੋਣ ਕਰਕੇ ਟਰੱਕ ਵਾਲੇ ਨੇ ਫੁਰਤੀ ਨਾਲ ਟਰੱਕ ਉਧਰ ਕਰ ਲਿਆ ਸੀ,ਨਹੀਂ ਤਾਂ ਬੱਸ...।

ਕੱਲ ਵਾਲੀ ਘਟਨਾ ਯਾਦ ਕਰਕੇ ਮੈਨੂੰ ਇੱਕ ਵਾਰ ਫੇਰ ਕੰਬਣੀ ਛਿੜੀ ਤੇ ਮੈਂ ਹਦਾਇਤਾਂ ਸ਼ੁਰੂ ਕਰ ਦਿੱਤੀਆਂ।ਸੰਗਤਾਰ ਹਮੇਸ਼ਾਂ ਦੀ ਤਰ੍ਹਾਂ ਕੱਕੀ ਦਾੜੀ ਨੂੰ ਖੁਰਕਦਾ 'ਅੱਛਾ ਕੋਈ ਨਾਂ ਜੀ,ਚੰਗਾ ਜੀ,ਚੰਗਾ ਜੀ ਕਰਦਾ ਰਿਹਾ।ਕਾਰ ਸਟਾਰਟ ਕਰਕੇ ਸਟੇਰਿੰਗ ਪਕੜਨ ਤੋਂ ਪਹਿਲਾਂ ਉਸਨੇ ਰੋਜ਼ ਵਾਂਗੂੰ ਆਪਣਾ ਮੂੰਹ ਸ਼ੀਸੇ ਵਿੱਚ ਤੱਕਿਆ,ਪੱਗ ਦੇ ਲੜ ਠੀਕ ਕੀਤੇ।ਦਾੜੀ ਦੀਆਂ ਜੜ੍ਹਾਂ ਵਿੱਚ ਕਲਫ ਚੰਗੀ ਤਰ੍ਹਾਂ ਨਾਂ ਲੱਗੀ ਹੋਣ ਕਰਕੇ ਧੌਲ਼ੇ ਝਾਤੀਆਂ ਮਾਰ ਰਹੇ ਸਨ।ਮਾਰਦੇ ਵੀ ਕਿਵੇਂ ਉਮਰ ਵੀ ਤਾਂ ਛਪੰਜਾ ਨੂੰ ਟੱਪ ਚੁੱਕੀ ਸੀ ਤੇ ਉੱਪਰੋਂ ਇਹ ਫਿਕਰ।ਜਦੋਂ 'ਵਾਹਿਗੁਰੂ ਸੱਚੇ ਪਾਤਸ਼ਾ' ਕਹਿ ਕੇ ਉਹ ਕਾਰ ਤੋਰਨ ਲੱਗਿਆ ਤਾਂ ਮੇਰਾ ਸੱਜਾ ਪੈਰ ਆਪ ਮੁਹਾਰੇ ਸੁਰੱਖਿਆ ਲਈ ਲੱਗੀ ਵਾਧੂ ਬਰੇਕ ਤੇ ਚਲਾ ਗਿਆ।

ਕਾਰ ਅਜੇ ਥੋੜੀ ਦੂਰ ਹੀ ਗਈ ਸੀ ਕਿ ਸੰਗਤਾਰ ਨੇ ਦੋਨੋਂ ਹੱਥ ਸਟੇਰਿੰਗ ਤੋਂ ਢਿੱਲੇ ਕਰਕੇ ਮੁੱਠੀਆਂ ਘੁੱਟਣੀਆਂ ਸ਼ੁਰੂ ਕਰ ਦਿੱਤੀਆਂ।ਮੈਂ ਉਸ ਅਜਿਹਾ ਨਾਂ ਕਰਨ ਲਈ ਕਿਹਾ ਤੇ ਸਟੇਰਿੰਗ ਚੰਗੀ ਤਰ੍ਹਾਂ ਪਕੜਨ ਦਾ ਆਦੇਸ਼ ਦਿੱਤਾ।ਉਹ ਜਿਵੇਂ ਨੀਂਦ ਤੋਂ ਜਾਗਿਆ ਹੋਵੇ ‘ਸੌਰੀ’ ਕਹਿ ਕੇ ਫੇਰ ਸਟੇਰਿੰਗ ਫੜਿਆ।ਕਾਰ ਦਾ ਸਤੁੰਲਨ ਥੋੜਾ ਜਿਹਾ ਵਿਗੜਿਆ ਪਿੱਛੋਂ ਕਿਸੇ ਨੇ ਹਾਰਨ ਮਾਰਿਆ।ਬਰਾਬਰ ਆਕੇ ਸ਼ੀਸ਼ਾ ਖੋਹਲ ਕੇ ਉਹ ਚੀਕਿਆ, "ਵੱਹਟ ਕਾਈਂਡ ਆਫ ਡਰਾਈਵਿੰਗ ਸਕੂਲ..."।ਕਈ ਤਾਂ ਰੂਫ-ਸਾਈਨ ਤੋਂ ਸੈੱਲ ਫੋਨ ਨੰਬਰ ਪੜ੍ਹ ਕੇ ਗਾਲ਼ਾਂ ਵੀ ਕੱਢ ਦਿੰਦੇ।ਮੈਂ ਸੰਗਤਾਰ ਨੂੰ ਫੇਰ ਜੋਰਦਾਰ ਚਿਤਾਵਨੀ ਦਿੱਤੀ।

ਜਦੋਂ ਕਾਰ ਟੌਰਬ੍ਰਹਮ ਰੋਡ ਤੇ ਸੱਠ ਕਿਲੋਮੀਟਰ ਪ੍ਰਤੀ ਘੰਟਾ ਜ਼ੋਨ ਵਿੱਚ ਜਾ ਰਹੀ ਸੀ ਤਾਂ ਉਹ ਕਾਰ ਕਦੀ ਸੱਤਰ ਤੇ ਕਦੀ ਚਾਲ਼ੀਆਂ ਤੇ ਚਲਾਉਣ ਲੱਗਦਾ।ਲੋਕ ਉਸ ਨੂੰ ਹਾਰਨ ਮਾਰ ਕੇ ਲੰਘਦੇ ਮੈਂ ਝਿੜਕਦਾ,ਪਰ ਉਹ ਅਜਿਹਾ ਹੀ ਕਰਦਾ ਰਿਹਾ।ਉਸਦਾ ਵੱਧ ਰਿਹਾ ਮਾਨਸਿਕ ਤਨਾਅ ਦੇਖਦੇ ਹੋਏ ਮੈਂ ਉਸ ਨੂੰ ਕਾਰ ਕਿਸੇ ਪਾਰਕਿੰਗ ਲੌਟ ਵਿੱਚ ਲਾਉਣ ਲਈ ਕਿਹਾ।ਉਸ ਨੇ ਮੰਨਿਆ ਕਿ ਅੱਜ ਉਸਦਾ ਬਲੱਡ ਪ੍ਰੈੱਸ਼ਰ ਤੇ ਸ਼ੂਗਰ ਦੋਨੋਂ ਬਹੁਤ ਵਧੇ ਹੋਏ ਹਨ।ਮੈਂ ਉਸ ਨੂੰ ਕਿਹਾ ਕਿ ਉਹ ਇਸ ਹਾਲਤ ਵਿੱਚ ਲੈਸਨ ਨਹੀਂ ਲੈ ਸਕਦਾ।ਤਾਂ ਉਹ ਬੋਲਿਆ,

"ਕੀ ਕਰਦੇ ਉਂ ਬਾਊ ਜੀ ਧਾਡੇ ਵੀਹ ਡਾਲਰ ਮਾਰੇ ਜਾਣਗੇ"।

ਮੈਂ ਕਿਹਾ ਡਾਲਰਾਂ ਨਾਲੋਂ ਜੀਵਨ ਜਰੂਰੀ ਹੈ ਕੀ ਫਰਕ ਪੈਣਾ ਹੈ"।ਤਾਂ ਉਸ ਨੇ ਅੱਖਾਂ ਭਰ ਲਈਆਂ,

"ਬਾਊ ਜੀ ਕਿਹੜਾ ਕਿਸੇ ਦੇ ਵਸ ਹੁੰਦਾ ਹੈ,ਬੱਸ ਕਰਮਾਂ ਦਾ ਲਿਖਿਆ ਭੋਗਦੇ ਹਾਂ"।

ਉਹ ਮੈਨੂੰ ਹਮੇਸ਼ਾਂ ਬਾਊ ਜੀ ਕਹਿੰਦਾ।ਤੇ ਅੱਜ ਆਪਣੇ ਮਨ ਦੀ ਦਸ਼ਾਂ ਮੇਰੇ ਤੋਂ ਲੁਕਾ ਨਾਂ ਸਕਿਆ।ਮੈਂ ਕਾਇਦੇ ਅਨੁਸਾਰ ਹਮੇਸ਼ਾਂ ਉਸਦਾ ਵੀਹ ਵਰੇ ਵੱਡਾ ਹੋਣ ਤੇ ਵੀ ਨਾਂ ਲੈਂਦਾ।ਉਹ ਆਪਣੇ ਮਨ ਦੀ ਹਾਲਤ ਮੇਰੇ ਨਾਲ ਸਾਂਝੀ ਕਰਨੀ ਚਾਹੁੰਦਾ ਸੀ ਤੇ ਉਸਦੇ ਅੰਦਰਲੀ ਪੀੜ ਸਮਝਦਾ ਹੋਇਆ ਮੈਂ ਉਸ ਨੂੰ ਕੌਫੀ-ਟਾਈਮ ਲੈ ਤੁਰਿਆ।

ਕੌਫੀ ਦੀ ਘੁੱਟ ਭਰਦਾ ਉਹ ਬੋਲਿਆ,

"ਬਾਊ ਜੀ ਏਦਾਂ ਦੀ ਗੰਦੀ ‘ਲਾਦ ਤੋਂ ਤਾਂ ਬੰਦਾ ਊਂਈ ਚੰਗੈ"।

ਬਾਊ ਜੀ ਉਸਦਾ ਤਕੀਆ ਕਲਾਮ ਬਣ ਗਿਆ ਸੀ।ਉਹ ਥੋੜਾ ਰੁਕ ਕੇ ਫੇਰ ਬੋਲਿਆ,

"ਮੈ ਤਾਂ ਬਥੇਰਾ ਸੋਚਦਾ ਹਾਂ ਬਈ ਗੱਡੀ ਸਹੀ ਚਲਾਵਾਂ।ਪਰ ਘਬਰਾਹਟ ਹੋਣ ਲੱਗ ਪੈਂਦੀ ਏ...।ਮਨ ਵਿੱਚ ਪੁੱਠੀਆਂ ਸਿੱਧੀਆਂ ਗੱਲਾਂ ਜਿਹੀਆਂ ਆਉਣ ਲੱਗ ਪੈਂਦੀਆਂ ਨੇ।ਹੁਣ ਤਾਂ ਗੱਲ ਹੀ ਏਡੀ ਹੋ ਗਈ..."।

ਮੈਂ ਉਸ ਨਾਲ ਹਮਦਰਦੀ ਜਤਾਉਂਦੇ ਹੋਏ ਉਸ ਨੂੰ ਮੁਸ਼ਕਲ ਸਾਂਝੀ ਕਰਨ ਲਈ ਕਿਹਾ ਤਾਂ ਉਹ ਮੈਨੂੰ ਆਪਣਾ ਸਮਝਦੇ ਹੋਏ ਗਲੋਟੇ ਵਾਂਗ ਉਧੜਨਾ ਸ਼ੁਰੂ ਹੋ ਗਿਆ।

"ਜਿਸ ਵਰੇ ਮੇਰਾ ਵਿਆਹ ਹੋਇਆ ਉਸੇ ਵਰੇ ਮੈਨੂੰ ਨਾਲ ਦੇ ਹੀ ਪਿੰਡ ਸਕੂਲ ਮਾਸਟਰ ਦੀ ਨੌਕਰੀ ਮਿਲ ਗਈ।ਉਨ੍ਹਾਂ ਦਿਨਾਂ ਵਿੱਚ ਪ੍ਰਾਇਮਰੀ ਸਕੂਲ ਟੀਚਰ ਦੀ ਤਨਖਾਹ ਥੋੜੀ ਸੀ ਤੇ ਮੈਂ ਘਰ ਦੀ ਦਸ਼ਾ ਨੂੰ ਸੁਧਾਰਨ ਦੇ ਸੁਪਨੇ ਲੈਂਦਾ ਹੋਰ ਪੈਸਾ ਕਮਾਉਣ ਦੀ ਲਾਲਸਾ ਲੈ ਕੇ ਵਿਆਹ ਤੋਂ ਪੰਜਾਂ ਸਾਲਾਂ ਬਾਅਦ ਹੀ ਦੁਬਈ ਆ ਗਿਆ।ਮੇਰੀ ਪਤਨੀ ਇਕੱਲੀ ਹੀ ਮੇਰੇ ਬੱਚਿਆਂ ਨੂੰ ਪਾਲਦੀ ਰਹੀ।ਬਾਊ ਜੀ ਮੈਂ ਪੂਰੇ ਬਾਰਾਂ ਸਾਲ ਡਟ ਕੇ ਕੰਮ ਕੀਤਾ।...ਤੇ ਉਸਦਾ ਇਹ ਸਿੱਟਾ ਨਿੱਕਲਿਆ ਏ"।

ਉਸਦੀਆਂ ਅੱਖਾਂ ਵਿੱਚ ਹੰਝੂ ਤੈਰਨ ਲੱਗੇ।

"ਬੱਚੇ ਪਲੇ,ਵੱਡੇ ਹੋਏ,ਮੈਂ ਉਨ੍ਹਾਂ ਲਈ ਖਰਚਾ ਤੇ ਕੱਪੜੇ ਲੀੜੇ ਭੇਜਦਾ ਰਿਹਾ।ਪੜ੍ਹਾਈ ਵੀ ਕਰਵਾਈ ਨਾਂ ਹੀ ਆਪਣੀ ਪਤਨੀ ਹਰਪਾਲ ਨੂੰ ਤੇ ਨਾਂ ਹੀ ਬੱਚਿਆਂ ਨੂੰ ਕਿਸੇ ਗੱਲੋਂ ਤੰਗ ਰਹਿਣ ਦਿੱਤਾ"।

"ਸੰਗਤਾਰ ਜੀ ਤੁਹਾਡੇ ਕਿੰਨੇ ਬੱਚੇ ਹਨ?"ਮੈਂ ਪੁੱਛਿਆ।

"ਜੀ ਤਿੰਨ ਕੁੜੀਆਂ ਤੇ ਇੱਕ ਮੁੰਡਾ।...ਤੇ ਇਹ ਸਭ ਤੋਂ ਛੋਟੀ ਏ"।

ਉਸਨ ਮੂੰਹ ਕੁੱਝ ਏਸ ਤਰ੍ਹਾਂ ਬਣਾਇਆ ਜਿਵੇਂ ਕੌਫੀ ਦੀ ਥਾਂ ਮੂੰਹ ਵਿੱਚ ਜ਼ਹਿਰ ਦਾ ਘੁੱਟ ਆ ਗਿਆ ਹੋਵੇ।ਉਹ ਫੇਰ ਬੋਲਿਆ,

"ਉਧਰ ਘਰਦਿਆਂ ਨੇ ਵੀੌ ਮੇਰੇ ਨਾਲ ਚੰਗੀ ਨਹੀਂ ਕੀਤੀ।ਜਦੋਂ ਮੈਂ ਬਾਰਾਂ ਸਾਲ ਪਿੱਛੋਂ ਦੁਬਈ ਤੋਂ ਆ ਕੇ ਛੋਟੇ ਭਰਾ ਤੋਂ ਜ਼ਮੀਨ ਦਾ ਹਿੱਸਾ ਮੰਗਿਆ ਤਾਂ ਮੇਰਾ ਪਿਉ ਹੀ ਕਹਿਣ ਲੱਗਿਆ ‘ਕਿ ਤੂੰ ਤਾਂ ਦੁਬਈ ਜਾ ਕੇ ਬਥੇਰੀਆਂ ਬੈਂਕਾਂ ਭਰ ਲਈਆਂ ਨੇ ਜੇ ਹਿਸਾਬ ਹੀ ਕਰਨਾ ਏਂ ਤਾਂ ਉਸਦਾ ਵੀ ਹਿੱਸਾ ਦੇਅ ਤੇ ਜੇ ਹੁਣ ਬਾਰਾਂ ਸਾਲ ਤੋਂ ਘਰ ਦਾ ਤੋਰਾ ਇਹ ਹੀ ਤੋਰਦਾ ਰਿਹਾ ਏ ਤਾਂ ਅੱਗੋਂ ਵਾਸਤੇ ਵੀ ਜ਼ਮੀਨ ਏਸੇ ਦੀ ਹੈ’।ਮੈਂ ਪਿਉ ਦੇ ਬਥੇਰੇ ਤਰਲੇ ਪਾਏ ਤਾਂ ਅੱਗੋਂ ਕਹਿਣ ਲੱਗਿਆ ‘ਤੈਨੂੰ ਪੜ੍ਹਾਇਆ ਲਿਖਾਇਆ,ਮਾਸਟਰ ਲੁਆਇਆ ਤੇ ਬਾਹਰ ਭੇਜਿਆ,ਉਦੋਂ ਕੰਮ ਕਰਨ ਵੇਲੇ ਤਾਂ ਤੈਨੂੰ ਜ਼ਮੀਨ ਦਿਸੀ ਨਹੀਂ।ਤੂੰ ਤਾਂ ਬਾਹਰ ਬੈਠਾ ਸੀ ਤੇਰੇ ਟੱਬਰ ਦੀ ਦੇਖ ਰੇਖ ਕੌਣ ਕਰਦਾ ਸੀ?ਅਸੀਂ ਰਿਸ਼ਤੇ ਨਾਤੇ ਨਿਭਾਏ,ਨਾਨਕ ਸ਼ੱਕਾਂ ਪੂਰੀਆਂ,ਮਰਗਾਂ ਵਿਆਹਾਂ ਤੇ ਜਾਂਦੇ ਰਹੇ।ਤੂੰ ਭੇਜਿਆ ਸੀ ਕਦੀ ਖਰਚਾ...?ਆਪਣੇ ਟੱਬਰ ਨੂੰ ਹੀ ਲੋਚਦਾ ਰਿਹਾ ਏਂ।ਹਿਸਾਬ ਕਰਨਾ ਹੈ ਤਾਂ ਪਾਈ ਪਾਈ ਦਾ ਕਰ...। ਫੇਰ ਤੇਰਾ ਜੋ ਬਣਦਾ ਹੈ ਲੈ ਲਈਂ।ਤੂੰ ਐਨਾ ਸ਼ੁਕਰ ਕਰ ਕੇ ਤੈਨੂੰ ਛੱਤਿਆ ਛਤਾਇਆ ਘਰ ਮਿਲ ਗਿਆ’।ਮੈਂ ਬਥੇਰਾ ਕਲਪਿਆ,ਕੋਰਟ ਕਚਹਿਰੀਆਂ ਗਿਆ ਪਰ ਲੰਬੜਦਾਰ,ਪਟਵਾਰੀ,ਕਾਨੂਗੋ,ਤਹਿਸੀਲਦਾਰ ਸਾਰੇ ਉਨ੍ਹਾਂ ਦੇ ਹੀ ਬੰਦੇ ਸਨ।ਮੈਂ ਜੋ ਪੈਸੇ ਵੀ ਭੇਜਦਾ ਰਿਹਾ ਉਹ ਉਸ ਤੋਂ ਵੀ ਮੁੱਕਰ ਗਏ ਕਿ ,'ਅਖੇ ਤੇਰੇ ਹੀ ਟੱਬਰ ਤੇ ਲਾ ਦਿੰਦੇ ਸੀ'।ਬਾਊ ਜੀ ਸਾਰੀ ਕਮਾਈ ਖੂਹ ਖਾਤੇ ਪਾ ਕੇ ਤੇ ਆਪਣਾ ਜੱਦੀ ਹਿੱਸਾ ਗੁਆ ਕੇ।ਫਿਕਰ ਦੇ ਮਾਰਿਆਂ ਨੇ ਆਹ ਸ਼ੂਗਰ ਤੇ ਬਲੱਡ ਪ੍
ਰੈਸ਼ਰ ਵਰਗੀਆਂ ਬਿਮਾਰੀਆਂ ਸਹੇੜ ਲਈਆਂ"।

ਉਸ ਨੂੰ ਖੁੱਲਦਾ ਵੇਖ ਕੇ ਮੈਂ ਜਾਨਣਾ ਚਾਹਿਆ ‘ਕਿ ਆਖਰ ਹੋਇਆ ਕੀ ਏ?’

"ਹੋਣਾ ਕੀ ਏ ਜੀ,ਵੱਡੀ ਕੁੜੀ ਤਾਂ ਨਿਰੀ ਗਊ ਏ,ਸਾਡਾ ਕਰਦੀ ਵੀ ਬਹੁਤ ਏ।ਉਸ ਨੇ ਹੀ ਸੱਦੇ ਸੀ ਏਥੇ।ਪ੍ਰਾਹੁਣਾ ਵੀ ਪਹਿਲਾਂ ਪਹਿਲਾਂ ਬਹੁਤ ਕਰਦਾ ਸੀ ਪਰ...."।

ਉਹ ਰਤਾ ਕੁ ਝੇਂਪਿਆ।ਮੈਂ ਕਿਹਾ "ਪਰ ਕੀ?"

"ਮੇਰੀ ਛੋਟੀ ਲੜਕੀ ਦਾ ਨਾਂ ਹੈ ਅਮ੍ਰਿਤ ਜੋ ਅੱਜ ਕੱਲ ਆਪਣੇ ਆਪ ਨੂੰ ਐਮੀ ਅਖਵਾਉਂਦੀ ਏ।ਕੱਲਾ ਨਾਂ ਹੀ ਨਹੀਂ ਬਦਲਿਆ ਆਪ ਵੀ ਬਹੁਤ ਬਦਲ ਗਈ ਹੈ"।

ਕੱਕੀ ਦਾੜੀ ਵਿੱਚ ਹੱਥ ਫੇਰਦਾ ਉਸ ਸ਼ਕਤੀ ਸਮੇਟਣ ਲੱਗਾ।"ਤੁਸੀ ਅੱਗੇ ਕਿਸੇ ਕੋਲ ਗੱਲ ਨਾਂ ਕਰਿਉ ਆਪਣਾ ਸਮਝ ਕੇ ਦੱਸ ਰਿਹਾ ਹਾਂ।ਕਿ ਅੱਗੇ ਤਾਂ ਜੋ ਸੀ-ਸੀ ਪਰ ਰਾਤ ਜੋ ਹੋਈ ਉਹ ਬਹੁਤ ਮਾੜੀ ਹੋਈ ਆ।ਕਿਤੇ ਮੂੰਹ ਦਿਖਾਉਣ ਜੋਗੇ ਵੀ ਨਹੀਂ ਰਹੇ।ਮੇਰੇ ਅਤੇ ਆਪਣੇ ਛੋਟੇ ਭਰਾ ਤੇ ਪੁਲੀਸ ਬੁਲਾਈ ਉਸ ਗੰਦੀ ‘ਲਾਦ ਨੇ।ਮੈਂ ਤਾਂ ਜੀਂਦਾ ਹੀ ਮਰ ਗਿਆ"।ਉਸ ਦੀਆਂ ਅੱਖਾਂ ਵਿੱਚੋਂ ਅਥਰੂ ਫੇਰ ਛਲਕ ਪਏ।

"ਕਿਉਂ ਕੀ ਗੱਲ ਹੋਈ?" ਮੈਂ ਪੁੱਛਿਆ।

"ਬੱਸ ਜੀ ਹੋਣਾ ਕੀ ਏ।ਆਪਣਾ ਈ ਕਸੂਰ ਏ,ਐਨੀ ਸਿਰ ਜੋ ਚੜ੍ਹਾ ਲੀ।ਜਦੋਂ ਮੈਂ ਦੁਬਈ ਵਿੱਚ ਸੀ ਚੰਗੇ ਪੈਸੇ ਭੇਜਦਾ ਸੀ ਕਿ ਬੱਚਿਆਂ ਦਾ ਕੋਈ ਸ਼ੌਂਕ ਪੂਰਾ ਹੋਣੋ ਰਹਿ ਨਾ ਜਾਵੇ।ਇਨ੍ਹਾਂ ਜੋ ਚਾਹਿਆ ਲੈ ਕੇ ਦਿੱਤਾ।ਮੈਂ ਤਾਂ ਮੁੰਡੇ ਕੁੜੀਆਂ ਵਿੱਚ ਕੋਈ ਫਰਕ ਹੀ ਨਹੀਂ ਸੀ ਸਮਝਿਆਂ।ਮੇਰੀ ਏਸੇ ਖੁੱਲ ਦਾ ਸਗੋਂ ਏਨ੍ਹਾਂ ਨਜ਼ਾਇਜ਼ ਫੈਦਾ ਉਠਾਇਆ"।ਉਹ ਕੌਫੀ ਦੇ ਕੱਪ ਤੇ ਲੱਗੀ ਚਿੱਪਰੀ ਜਿਹੀ ਨੂੰ ਇਉਂ ਤੋੜ ਰਿਹਾ ਸੀ ਜਿਵੇਂ ਮਨ ਅੰਦਰੋਂ ਹੋਰ ਬੜਾ ਕੁੱਝ ਟੁੱਟ ਰਿਹਾ ਹੋਵੇ।

"ਇਹ ਆਪਣੀ ਮਾਂ ਨੂੰ ਕਹਿੰਦੀ ਪੈਂਟਾ ਪਾ ਕੇ ਕਾਲਜ ਜਾਣਾ ਹੈ।ਇਹਦੀ ਉਹ ਵੀ ਗੱਲ ਪ੍ਰਵਾਨ ਕਰ ਲਈ।ਇਹ ਕਹਿੰਦੀ ਵਾਲ਼ ਕਟਾਉਣੇ ਨੇ ਅਸੀਂ ਕਿਹਾ ਕੋਈ ਗੱਲ ਨਹੀਂ।ਪਰ ਬਾਊ ਜੀ ਹਰ ਚੀਜ਼ ਦੀ ਇੱਕ ਹੱਦ ਹੁੰਦੀ ਹੈ।ਹੁਣ ਤਾਂ ਉਹ ਹੱਦ ਵੀ ਪਾਰ ਹੋ ਗਈ"।

ਸੰਗਤਾਰ ਕੁੱਝ ਦੇਰ ਰੁਕਿਆ ਤੇ ਉਸ ਨੇ ਫੇਰ ਬੋਲਣਾ ਸ਼ੁਰੂ ਕਰ ਦਿੱਤਾ।"ਬਾਊ ਜੀ ਇਹ ਹਰ ਸਮੇਂ ਆਪਣੇ ਆਪ ਨੂੰ ਦੂਜਿਆਂ ਤੋਂ ਬੇਹਤਰ ਤੇ ਅੱਗੇ ਸਮਝਦੀ ਰਹੀ ਏ।ਦੂਜੀਆਂ ਕੁੜੀਆਂ ਨੇ ਜਦੋਂ ਕਨੇਡਾ ਅਕੇ ਪੈਂਟਾ ਪਾਉਣੀਆਂ ਸ਼ੁਰੂ ਕੀਤੀਆਂ ਤੇ ਵਾਲ ਵੀ ਕਟਾ ਲਏ ਤਾਂ ਇਸ ਨੇ ਸੋਚਿਆ ਕਿ ਮੈਂ ਤਾਂ ਪਿੱਛੇ ਰਹਿ ਗਈ ਤੇ ਇਹ ਉਸੇ ਦਿਨ ਆਪਣੀ ਕਿਸੇ ਸਹੇਲੀ ਨਾਲ਼ ਜਾ ਕੇ ਭੂਰੇ ਵਾਲ਼ ਰੰਗਾ ਲਿਆਈ।ਫੇਰ ਉਸ ਦੀਆਂ ਕੰਮ ਤੇ ਸਹੇਲੀਆਂ ਵੀ ਬਣ ਗਈਆਂ।ਉਨ੍ਹਾਂ ਦੇ ਹਰ ਰੋਜ਼ ਘਰ ਫੋਨ ਆਉਂਣ ਲੱਗੇ।ਕੁੱਝ ਦੇਰ ਤਾਂ ਆਥਣ ਸਵੇਰ ਆਂਉਦੇ ਰਹੇ ਪਰ ਜਦੋਂ ਅੱਧੀ ਅੱਧੀ ਰਾਤ ਨੂੰ ਕਦੇ ਤੜਕੇ ਵੇਲੇ ਆਂਉਦੇ,ਜਦੋਂ ਸਾਰੇ ਸੁੱਤੇ ਪਏ ਹੁੰਦੇ ਤਾਂ ਗੁੱਸਾ ਆਉਣ ਲੱਗਿਆ।ਕਿ ਐਸ ਵੇਲੇ ਐਨਾ ਕਿਹੜਾ ਜਰੂਰੀ ਕੰਮ ਹੈ।ਬੱਸ ਬਾਊ ਜੀ ਜਦੋਂ ਰੋਕਦੇ ਤਾਂ ਗ਼ਲ ਨੂੰ ਪੈਂਦੀ"।

ਮੈਂ ਦੇਖਿਆ ਸੰਗਤਾਰ ਦਾ ਚਿਹਰਾ ਤਣਦਾ ਜਾ ਰਿਹਾ ਸੀ।ਉਹ ਬੇਵਸੀ ਦੇ ਡੂੰਘੇ ਸਾਗਰ ਵਿੱਚ ਉਤਰਦਾ ਪ੍ਰਤੀਤ ਹੋ ਰਿਹਾ ਸੀ।ਕੌਫੀ ਦੀ ਘੁੱਟ ਨੂੰ ਕੁੜੱਤਣ ਸਮਝ ਕੇ ਅੰਦਰ ਲੰਘਾਉਂਦਾ ਉਹ ਬੋਲਿਆ।

"ਜੀ ਤੁਹਾਡੇ ਤੋਂ ਹੁਣ ਕਾਹਦਾ ਲੁਕਾ ਏ ਧਾਨੂੰ ਉਸਤਾਦ ਜੋ ਮੰਨ ਲਿਆ,ਹੈ ਤਾਂ ਮੇਰੀ ਧੀ ਪਰ ਮੇਰੇ ਸਮਝ ਤੋਂ ਬਾਹਰ ਏ।ਕਦੀ ਕਦੀ ਤਾਂ ਸ਼ੱਕ ਜਿਹਾ ਹੁੰਦਾ ਏ..."।ਫੇਰ ਉਹ ਗੱਲ ਨੂੰ ਵਿੱਚੇ ਹੀ ਪੀ ਗਿਆ।

"ਘਰ ਵਿੱਚ ਉਸਦੇ ਬੇਵਕਤ ਆਉਣ ਵਾਲੇ ਫੋਨਾਂ ਨੇ ਕਲੇਸ਼ ਖੜਾ ਕਰ ਦਿੱਤਾ।ਪ੍ਰਾਹੁਣਾ ਏਸ ਗੱਲੋਂ ਬਹੁਤ ਖਿੱਝਣ ਲੱਗ ਪਿਆ।ਇੱਕ ਦੋ ਵਾਰ ਉਸਨੇ ਫੋਨ ਸੁਣਨ ਦੀ ਵੀ ਕੋਸਿਸ਼ ਕੀਤੀ ਤੇ ਇਸ ਨੂੰ ਰੋਕਿਆ ਵੀ ਪਰ ਅੱਗੋਂ ਇਹ ਟੁੱਟ ਕੇ ਪਈ।ਤੇ ਫੇਰ ਇਹ ਕਲੇਸ਼ ਏਨਾਂ ਵਧ ਗਿਆ ਕਿ ਪ੍ਰਾਹੁਣਾ ਕਹੇ ਮੇਰਾ ਘਰ ਹੈ,ਜੋ ਮੈਂ ਚਾਹਾਂਗਾ ਉਹ ਹੀ ਹੋਵੇਗਾ ਤੇ ਇਹ ਕਹੇ ਕਿ ਮੇਰੀ ਜ਼ਿੰਦਗੀ ਹੈ ਜਿਵੇਂ ਮੈਂ ਚਾਹਾਂ ਉਸੇ ਤਰ੍ਹਾਂ ਜੀਵਾਂਗੀ।ਜਦੋਂ ਮੇਰੇ ਰੋਕਣ ਤੇ ਇਹੀ ਗੱਲ ਉਸ ਨੇ ਮੈਨੂੰ ਵੀ ਆਖੀ ਤਾਂ ਮੇਰਾ ਗੁੱਸਾ ਕਾਬੂ ਤੋਂ ਬਾਹਰ ਹੋ ਗਿਆ ਤੇ ਅਜੇ ਉਸ ਤੇ ਹੱਥ ਚੁੱਕਿਆ ਹੀ ਸੀ ਤਾਂ ਵੱਡੀ ਕੁੜੀ ਮੇਰਾ ਹੱਥ ਫੜ ਕੇ ਕਹਿਣ ਲੱਗੀ।'ਅਜਿਹੀ ਗਲਤੀ ਨਾ ਕਰਿਉ ਇਹ ਕਨੇਡਾ ਹੈ।ਏਥੇ ਹਰ ਕਿਸੇ ਨੂੰ ਆਪਣੇ ਢੰਗ ਨਾਲ ਜੀਣ ਦੀ ਆਜ਼ਾਦੀ ਹੈ'।ਤੇ ਮੈਂ ਫੇਰ ਇਸ ਆਜ਼ਾਦੀ ਨੂੰ ਹਜ਼ਾਰਾਂ ਗਾਲ਼ਾਂ ਕੱਢੀਆਂ।ਪਰ ਮੇਰੇ ਗਾਲ਼ਾ ਕੱਢਣ ਨਾਲ ਕੀ ਫਰਕ ਪੈਂਦਾ ਹੈ?"ਮੈਂ ਉਸਦੀਆਂ ਗੱਲਾਂ ਸੁਣਦਾ ਰਿਹਾ ਤੇ ਹੁੰਗਾਰਾ ਭਰਦਾ ਰਿਹਾ।

"ਫੇਰ ਬਾਊ ਜੀ ਇਹ ਨੇ ਆਪਣਾ ਸੈਲੂਲਰ ਫੋਨ ਲੈ ਲਿਆ।ਤੇ ਪ੍ਰਾਹੁਣੇ ਨੇ ਵੀ ਕਹਿਣਾ ਬੰਦ ਕਰ ਦਿੱਤਾ ਫੋਨ ਦਾ ਖਰਚਾ ਵੀ ਆਪ ਹੀ ਕਰਦੀ ਸੀ।ਸਾਰਾ ਦਿਨ ਫੋਨ ਪਰਸ ਵਿੱਚ ਰੱਖਦੀ ਤੇ ਉਹ ਫੋਨ ਉਸੇ ਤਰ੍ਹਾਂ ਆਂਉਦੇ ਰਹੇ।ਇੱਕ ਦਿਨ ਇਸਨੇ ਕੱਪੜੇ ਵੀ ਬੇਢਵੇ ਜਿਹੇ ਪਾਉਣੇ ਸ਼ੁਰੂ ਕਰ ਦਿੱਤੇ।ਇੱਕ ਦਿਨ ਆਪਣੇ ਪ੍ਰਾਹੁਣੇ ਮਲਕੀਤ ਨੇ ਦੇਖਿਆ ਇਸ ਨੂੰ ਡਰਾਈਵੇਅ ਵਿੱਚ ਖੜੀ ਨੂੰ ਕੁੱਝ ਮਨਚਲੇ ਜਿਹੇ ਮੁੰਡੇ ਹਾਰਨ ਮਾਰ ਕੇ ਲੰਘੇ।ਬੱਸ ਉਸ ਨੇ ਤਾਂ ਉਸੇ ਦਿਨ ਕਹਿ ਦਿੱਤਾ ਕਿ ਮੈਂ ਨਹੀਂ ਇਸ ਨੂੰ ਆਪਣੇ ਘਰ ਰੱਖ ਸਕਦਾ।ਤੁਸੀ ਆਪਣੀ ਕਿਤੇ ਬੇਸਮੈਂਟ ਦੇਖ ਲਉ।ਬਾਊ ਜੀ ਇਹ ਇੱਕ ਪਿਉ ਲਈ ਮਰਨ ਵਾਲ਼ੀ ਗੱਲ ਹੁੰਦੀ ਹੈ।ਪਰ ਇਹ ਉਥੇ ਵੀ ਨਾ ਰੁਕੀ"।ਗੱਲ ਕਰਦਿਆਂ ਸੰਗਤਾਰ ਦੀਆਂ ਅੱਖਾਂ ਵਿੱਚੋਂ ਅਥਰੂ ਛਲਕ ਪਏ।

ਸਾਹਸ ਇਕੱਠਾ ਕਰ ਕੇ ਉਹ ਫੇਰ ਬੋਲਿਆ,

"ਬੱਸ ਜਿੱਥੇ ਵੀ ਜਾਂਦੀ ਫੋਨ ਪੈਂਟ ਨਾਲ ਟੰਗਿਆ ਹੁੰਦਾ।ਫੇਰ ਟੀਂ ਟੀਂ ਕਰਨ ਵਾਲੀ ਇੱਕ ਹੋਰ ਡੱਬੀ ਜਿਹੀ ਲੈ ਲਈ।ਬੇੜਾ ਗਰਕ ਹੋ ਗਿਆ।ਸਾਰੇ ਟੱਬਰ ਨੇ ਇਸ ਨੂੰ ਬੁਲਾਉਣਾ ਛੱਡ ਦਿੱਤਾ ਪਰ ਇਸ ਨੇ ਆਪਣੀਆਂ ਕੁੱਝ ਸਹੇਲੀਆਂ ਨਾ ਛੱਡੀਆਂ।ਇਸਦੀ ਵਜਾਂ ਕਰਕੇ ਵੱਡੀ ਲੜਕੀ ਤੇ ਪ੍ਰਹਾਉਣੇ ਦੀ ਲੜਾਈ ਰਹਿਣ ਲੱਗੀ।ਬੱਸ ਅਸੀਂ ਨਮੋਸ਼ੀ ਦੇ ਮਾਰੇ ਦੱਬ ਘੁੱਟਕੇ ਦਿਨ ਕੱਟਦੇ ਰਹੇ"।

"ਆਖਰ ਬ੍ਰਦਾਸ਼ਤ ਕਰਨ ਦੀ ਵੀ ਕੋਈ ਹੱਦ ਹੁੰਦੀ ਹੈ।ਜੋ ਅੱਜ ਸਾਨੂੰ ਬੇਵਕੂਫ ਤੇ ਅਨਪੜ੍ਹ ਦੱਸਦੀ ਹੈ ਇਹ ਇੰਡੀਆ ਵਿੱਚ ਅੰਗਰੇਜੀ ‘ਚੋਂ ਮਸਾਂ ਹੀ ਪਾਸ ਹੁੰਦੀ ਸੀ।ਅਮ੍ਰਿਤ ਤੋਂ ਬਦਲ ਕੇ ਆਪਣਾ ਨਾਂ ਐਮੀ ਰੱਖ ਲਿਆ।ਹੁਣ ਬਾਹਰੋਂ ਫੋਨ ਆਉਂਦੇ ਹਨ ਕਿ 'ਅਸੀਂ ਐਮੀ ਨਾਲ ਗੱਲ ਕਰਨੀ ਹੈ'।ਕਈ ਵਾਰੀ ਤਾਂ ਇਹ ਨਾਂ ਸੁਣ ਕੇ ਇਸਦੇ ਭੂਰੇ ਵਾਲ਼ ਤੇ ਬੇਢਵਾ ਪਹਿਰਾਵਾ ਦੇਖ ਕੇ ਲੱਗਦਾ ਹੈ ਬਈ ਇਹ ਸਾਡੀ ਧੀ ਹੀ ਨਹੀਂ।ਪਰ ਫੇਰ ਮੋਹ ਦੀਆਂ ਤੰਦਾਂ ਮਾਰ ਜਾਂਦੀਆਂ ਨੇ।ਕਿੱਥੇ ਛੱਡ ਕੇ ਭੱਜ ਜਾਵਾਂ"।ਉਹ ਰੋਣਹਾਕਾ ਹੋਇਆ ਪਿਆ ਸੀ।

"ਬੱਸ ਜੀ ਮੁੱਕਦੀ ਗੱਲ ਤਾਂ ਇਹ ਹੈ ਕਿ ਇਹਦੀ ਸਹੇਲੀ ਹੀ ਸਾਰੇ ਪੁਆੜੇ ਦੀ ਜੜ ਹੈ।ਇਹ ਵੀ ਪਤਾ ਲੱਗਾ ਹੈ ਕਿ ਉਹ ਵਿਆਹੀ ਹੋਈ ਸੀ ਤੇ ਉਸ ਨੇ ਆਪਣੇ ਘਰਵਾਲਾ ਛੱਡ ਦਿੱਤਾ ਸੀ।ਹੁਣ ਇਕੱਲੀ ਬੇਸਮੈਂਟ ਲੈ ਕੇ ਰਹਿੰਦੀ ਹੈ।ਕੁੱਝ ਹੋਰ ਮੁੰਡੇ ਵੀ ਉਸ ਕੋਲ ਆਂਉਦੇ ਰਹਿੰਦੇ ਨੇ ਜਿਨ੍ਹਾਂ ਨੂੰ ਉਹ ਆਪਣੇ ਫਰੈਂਡ ਦੱਸਦੀ ਹੈ।ਐਮੀ ਵੀ ਉਸਦਾ ਖਹਿੜਾ ਨਹੀਂ ਛੱਡਦੀ।ਇਹ ਸਾਰਾ ਗਰੱਪ ਦੇਰ ਰਾਤ ਤੱਕ ਕਾਰਾਂ ਵਿੱਚ ਘੁੰਮਦਾ ਰਹਿੰਦਾ ਹੈ।ਪਰਸੋਂ ਮੈਂ ਬੈੱਡਰੂਮ ਦੀ ਖਿੜਕੀ ਵਿੱਚੋਂ ਖੜਕੇ ਆਪ ਦੇਖਿਆ ਸੀ ਕਿ ਦੋ ਮੁੰਡੇ ਅਗਲੀ ਕਾਰ ਵਿੱਚ ਸਨ ਤੇ ਤਿੰਨ ਮੁੰਡੇ ਤੇ ਦੋ ਕੁੜੀਆਂ ਪਿਛਲੀ ਕਾਰ ਵਿੱਚ।ਜਦ ਦੇਖੋਂ ਸੈੱਲ ਫੋਨ ਤੇ ਲੱਗੇ ਹੋਏ।ਘਰੋਂ ਕੰਮ ਤੇ ਨੂੰ ਕਹਿ ਕੇ ਜਾਊ ਪਰ ਦੋ ਚਾਰ ਵਾਰੀ ਤਾਂ ਪਤਾ ਲੱਗਿਆ ਹੈ ਕਿ ਕੰਮ ਤੇ ਪਹੁੰਚੀ ਹੀ ਨਹੀਂ"।ਉਸ ਨੇ ਸਿਰ ਸੁੱਟ ਲਿਆ।

ਇੱਕ ਦਿਨ ਇਸਦੀ ਮਾਂ ਨੇ ਇਹ ਸੁਣ ਕੇ ਹਿੱਕ ਵਿੱਚ ਦੁਹੱਥੜ ਮਾਰੀ ਕਿ 'ਨਿੱਜ ਜੰਮਣੀ ਸੀ ਏਹੋ ਜਿਹੀ ਲਾਦ'...।ਬਾਊ ਜੀ ਕਈ ਵਾਰੀ ਤਾਂ ਉਹ ਮਨ ਨੂੰ ਢਾਰਸ ਦੇਣ ਲਈ ਪਾਠ ਹੀ ਕਰੀ ਜਾਊ...।ਹੋਰ ਬੇਵਸ ਹੋਇਆ ਬੰਦਾ ਕਰੇ ਵੀ ਕੀ?" ਉਹ ਵਾਰ ਵਾਰ ਆਪਣੇ ਸਿਰ ਤੇ ਟਕਾਈ ਪੱਗ ਨੂੰ ਸੂਤ ਕਰਦਾ ਤੇ ਦਾੜੀ ਨੂੰ ਖੁਰਕਦਾ।ਜਿਵੇਂ ਉਸਦੀ ਪੱਗ ਉੱਛਲਦੀ ਜਾ ਰਹੀ ਹੋਵੇ ਤੇ ਦਾੜੀ ਨੂੰ ਕੋਈ ਹੱਥ ਪਾਉਣ ਲੱਗਿਆ ਹੋਵੇ।ਮੈਂ ਉਸ ਨੂੰ ਕਹਿਣਾ ਤਾਂ ਚਾਹੁੰਦਾ ਸੀ ਕਿ 'ਇਹ ਇੱਕ ਸੱੋਭਆਚਾਰਕ ਬਦਲਾਅ ਹੈ।ਕੋਈ ਵੀ ਬੱਚਾ ਏਸ ਵੱਲ ਆਕਰਸ਼ਤ ਹੋ ਸਕਦਾ ਹੈ।ਪਰ ਅਸੀਂ ਪੁਰਾਣੇ ਸੱਭਿਆਚਾਰ ਨਾਲ ਜੁੜੇ ਸਮਾਜ ਦੇ ਡਰੋਂ ਉਸ ਨੂੰ ਗਲ਼ਤ ਤਰੀਕੇ ਨਾਲ ਰੋਕਣ ਦੀ ਕੋਸਿਸ਼ ਕਰਦੇ ਹਾਂ।ਕਈ ਕੁੱਟ ਮਾਰ ਕਰਦੇ ਹਨ ਤੇ ਕਈ ਤਾਨਾਸ਼ਾਹ ਬਣਕੇ ਵਿਆਹ ਠੋਸਦੇ ਹਨ।ਪਰ ਇਨ੍ਹਾਂ ਮੁਲਕਾਂ ਦਾ ਕਾਨੂੰਨ ਇਸ ਗੱਲ ਦੀ ਆਗਿਆ ਨਹੀਂ ਦਿੰਦਾ।ਕਾਨੂੰਨ ਜੋ ਮਾਪਿਆਂ ਤੋਂ ਵੱਧ ਤਾਕਤਵਰ ਹੁੰਦਾ ਹੈ ਉਨ੍ਹਾਂ ਦੀ ਰਾਖੀ ਕਰਦਾ ਹੈ।ਨਾਲੇ ਏਥੇ ਹਰ ਬੰਦਾ ਨਿੱਜ-ਪ੍ਰਸਤ ਹੈ ਸਮਾਜ ਦੀ ਤਾਂ ਹੋਂਦ ਹੀ ਕੋਈ ਨਹੀਂ।ਜਦੋਂ ਅਸੀਂ ਇਸ ਮੁਲਕ ਨੂੰ ਰਹਿਣ ਵਾਸਤੇ ਚੁਣਿਆ ਸੀ ਉਦੋਂ ਹੀ ਸਾਨੂੰ ਇਹ ਗੱਲਾਂ ਸਮਝ ਲੈਣੀਆਂ ਚਾਹੀਦੀਆਂ ਸਨ'।ਪਰ ਇਹ ਗੱਲਾਂ ਕਹਿਣ ਲਈ ਮੈਨੂੰ ਸਮਾਂ ਠੀਕ ਨਾਂ ਜਾਪਿਆ।ਤੇ ਸੰਗਤਾਰ ਲਗਾਤਾਰ ਕਨੇਡਾ ਨੂੰ ਗਾਲ਼ਾਂ ਕੱਢੀ ਜਾ ਰਿਹਾ ਸੀ।

ਏਸੇ ਕਨੇਡਾ ਪਹੁੰਚਣ ਲਈ ਕਦੀ ਉਹ ਤਰਲੋ ਮੱਛੀ ਹੁੰਦਾ ਰਿਹਾ ਸੀ।ਏਸੇ ਕਰਕੇ ਮੌਕਾ ਮਿਲਦਿਆਂ ਹੀ ਉਸ ਨੇ ਆਪਣੀ ਐੱਮ ਏ ਪਾਸ ਵੱਡੀ ਕੁੜੀ ਕਨੇਡਾ ਤੋਂ ਗਏ ਦਸਵੀਂ ਪਾਸ ਮੁੰਡੇ ਨਾਲ ਵਿਆਹ ਦਿੱਤੀ ਸੀ ਤੇ ਬੇਹੱਦ ਪੈਸਾ ਵੀ ਖਰਚਿਆ ਸੀ।ਚੰਗੀ ਕਿਸਮਤ ਨੂੰ ਪ੍ਰਾਹੁਣਾ ਚੰਗਾ ਨਿੱਕਲਿਆ ਉਨ੍ਹਾਂ ਕੇਸ ਸਪੌਂਸਰ ਕੀਤਾ ਵਕੀਲਾਂ ਤੇ ਪੈਸੇ ਖਰਚੇ ਤੇ ਕਨੇਡਾ ਲਿਆ ਵਾੜੇ।ਕੁੜੀ ਦਾ ਅਹਿਸਾਨ ਬਹੁਤ ਵੱਡਾ ਸੀ।ਪਰ ਹੁਣ ਉਹ ਦੋ ਪੁੜਾਂ ਵਿਚਕਾਰ ਪਿਸ ਰਹੀ ਸੀ।ਤੰਗ ਹੋ ਕੇ ਹੀ ਪ੍ਰਾਹੁਣੇ ਨੇ ਕਿਹਾ ਸੀ ਕਿ 'ਮੇਰੇ ਘਰ ਤੋਂ ਚਲੇ ਜਾਉ ਮੈਂ ਹੋਰ ਬ੍ਰਦਾਸ਼ਤ ਨਹੀਂ ਕਰ ਸਕਦਾ'।ਪਰ ਇਹ ਹਾਲਾਤ ਪੈਦਾ ਕੀਹਨੇ ਕੀਤੇ ਸੀ? ਖੁਦ ਉਸਦੀ ਆਪਣੀ ਬੇਟੀ ਨੇ।ਉਹ ਚੁੱਪ ਚਾਪ ਬੈਠਾ ਸੋਚਦਾ ਰਿਹਾ ਤੇ ਅੱਖੀਆਂ ਵਿੱਚ ਹੰਝੂ ਤੈਰਦੇ ਰਹੇ।ਮੈਂ ਵਾਰ ਵਾਰ ਉਸਦਾ ਮੋਢਾ ਥਪਥਪਾ ਕੇ ਉਸ ਨੂੰ ਦਿਲਾਸੇ ਦਿੰਦਾ ਰਿਹਾ।

ਫੇਰ ਆਪਣਾ ਸਾਰਾ ਤਾਣ ਸਮੇਟ ਕੇ ਉਹ ਬੋਲਆਿ "ਬੱਸ ਜੀ ਹੁਣ ਤਾਂ ਜਿਊਂਦੇ ਹੀ ਮਰ ਗਏ।ਜੀਣ ਦਾ ਕੀ ਹੱਜ ਹੈ?ਜੇ ਕੋਈ ਇੱਜਤ ਹੀ ਨਾਂ ਹੋਵੇ।ਪਰਸੋਂ ਅਮ੍ਰਿਤ ਘਰ ਆਈ... ਉਹ ਹੀ ਬੇਢਵੇ ਜਿਹੇ ਕੱਪੜੇ ਪੈਂਟ ਦੀ ਜੇਬ ਦੇ ਬਾਹਰ ਲਟਕਦਾ ਸੈੱਲ ਫੋਨ ਤੇ ਰੰਗੇ ਹੋਏ ਸੁਨਿਹਰੀ ਵਾਲ਼...।ਘਰੋਂ ਕੁੱਝ ਚੁੱਕ ਕੇ ਜਦੋਂ ਵਾਪਿਸ ਜਾਣ ਲੱਗੀ ਤਾਂ ਉਸਦੀ ਮਾਂ ਨੇ ਪੁੱਛਿਆ 'ਕਿੱਥੇ ਚੱਲੀ ਏਂ'?'ਤਾਂ ਕਹਿੰਦੀ ਤੈਨੂੰ ਕੀ ਜਿੱਥੇ ਮਰਜੀ ਜਾਵਾਂ।ਬਾਊ ਜੀ ਬਾਹਰ ਉਹ ਹੀ ਕੁੜੀ ਕਾਰ ਵਿੱਚ ਬੈਠੀ ਸੀ।ਨਾਲ ਦੋ ਬੇਢਵੇ ਜਿਹੇ ਪਹਿਰਾਵੇ ਵਾਲੇ ਮੁੰਡੇ ਇਹ ਵੀ ਉਨਾਂ ਨਾਲ ਹੀ ਬੈਠ ਕੇ ਚਲੀ ਗਈ।ਫੇਰ ਰਾਤ ਦੇ ਬਾਰਾਂ ਬਜੇ ਤੱਕ ਨਾਂ ਆਈ।ਇਹਦੀ ਮਾਂ ਉਡੀਕ ੳਡੀਕ ਕੇ ਰੋਣ ਲੱਗ ਪਈ।ਪ੍ਰਾਹੁਣੇ ਨਾਲ ਗੱਲ ਕੀਤੀ ਤਾਂ ਉਹ ਸਾਰੇ ਟੱਬਰ ਨੂੰ ਕੰਜਰ ਦੱਸਣ ਲੱਗਿਆ।ਰਾਤ ਦੇ ਦੋ ਬਜੇ ਮੁੜਕੇ ਆਈ।ਚੰਗੀ ਤਰਾਂ ਬੋਲਿਆ ਵੀ ਨਹੀਂ ਸੀ ਜਾ ਰਿਹਾ ਪਤਾ ਨਹੀਂ ਕੀ ਖਾਧਾ ਪੀਤਾ ਹੋਇਆ ਸੀ।ੳਦੋਂ ਤਾਂ ਪੈ ਗਈ,ਜਦੋਂ ਸਵੇਰੇ ਉੱਠੀ ਤਾਂ ਸਾਰਾ ਟੱਬਰ ਦੁਆਲ਼ੇ ਹੋਗਿਆ।ਜਦੋਂ ਪੁੱਛਣ ਲੱਗੇ ਤਾਂ ਕਹਿੰਦੀ ਮੇਰਾ ਪ੍ਰਸਨਲ ਮਾਮਲਾ ਹੈ।ਮੈਨੂੰ ਗੁੱਸਾ ਆਇਆ ਤੇ ਮੈਂ ਚਪੇੜ ਕੱਢ ਮਾਰੀ।

ਛੋਟਾ ਮੁੰਡਾ ਵੀ ਕੁੱਟਣ ਡਹਿ ਪਿਆ।ਏਹਨੇ ਝੱਟ ਹੀ ਆਪਣੇ ਸੈਲੂਲਰ ਤੋਂ 911 ਘੁਮਾਇਆ ਤੇ ਉਸੇ ਪਲ ਪੁਲੀਸ ਆ ਗਈ।ਮੈਨੂੰ ਤੇ ਮੇਰੇ ਮੁੰਡੇ ਨੂੰ ਫੜ ਕੇ ਲੈ ਗਈ।ਪ੍ਰਾਹੁਣਾ ਜ਼ਮਾਨਤ ਤੇ ਛਡਾ ਤਾਂ ਲਿਆਇਆ ਪਰ ਕਹਿੰਦਾ ਹੁਣ ਤੁਸੀਂ ਮੇਰੇ ਘਰ ਨਹੀਂ ਰਹਿ ਸਕਦੇ ਮੈਂ ਰੋਜ ਦਾ ਇਹ ਕੰਜਰਖਾਨਾ ਬ੍ਰਦਾਸ਼ਤ ਨਹੀਂ ਕਰ ਸਕਦਾ।ਜੇ ਸਾਡੇ ਤੇ ਕ੍ਰਿਮੀਨਲ ਚਾਰਜ ਲੱਗ ਗਿਆ ਤਾਂ ਅਸੀਂ ਕੀ ਕਰਾਂਗੇ?ਉਹ ਸਿਰ ਫੇਰਨ ਲੱਗਾ।ਮੈਨੂੰ ਜਿੰਨੀ ਛੇਤੀ ਹੋ ਸਕਦਾ ਹੈ ਲਾਈਸੰਸ ਦੁਆ ਦੋ।ਅੱਜ ਮੈਂ ਲੈਸਨ ਲਈ ਆ ਤਾਂ ਗਿਆ,ਜਵਾਬ ਨਹੀਂ ਦੇ ਸਕਿਆ ਪਰ ਮੈਂ ਬਹੁਤ ਅੱਪਸੈੱਟ ਹਾਂ"।

ਕੁੱਝ ਦੇਰ ਰੁਕ ਕੇ ਉਹ ਫੇਰ ਬੋਲਿਆ, "ਬਾਊ ਜੀ ਪਰਸੋਂ ਦੇ ਕਿਸੇ ਦੇ ਘਰ ਬੈਠੇ ਹਾਂ,ਪੁਲੀਸ ਦੀ ਵਾਰਨਿੰਗ ਹੈ ਕਿ ਤੁਸੀਂ ਉਸ ਘਰ ਜਾ ਨਹੀਂ ਸਕਦੇ ਤੇ ਨਾਂ ਹੀ ਕੁੜੀ ਨੂੰ ਕਿਤੇ ਜਾਣੋਂ ਰੋਕ ਸਕਦੇ ਹੋਂ।ਠੀਕ ਹੈ ਉਹ ਬਾਲਗ ਹੈ ਪਰ ਤੁਸੀਂ ਆਪਣੀਆਂ ਅੱਖਾਂ ਸਾਹਮਣੇ ਆਪਣੇ ਧੀ ਪੁੱਤ ਨੂੰ ਗ਼ਲਤ ਕੰਮ ਕਰਦਾ ਕਿਸ ਤਰ੍ਹਾਂ ਬ੍ਰਦਾਸ਼ਤ ਕਰ ਸਕਦੇ ਹੋਂ?ਕਈ ਵਾਰੀ ਤਾਂ ਮੈਨੂੰ ਲੱਗਦਾ ਏ ਬਈ ਉਸਦੇ ਮਨ ਤੇ ਕੋਈ ਮਾੜਾ ਅਸਰ ਪਿਆ ਹੋਇਆ ਏ।ਇੱਕ ਵਾਰ ਮੈਂ ਪੁਚਕਾਰ ਕੇ ਪੁੱਛਿਆ ਕਿ 'ਬੇਟੇ ਇਸ ਤਰ੍ਹਾਂ ਕਿਉਂ ਕਰਦੀ ਏਂ?ਤਾਂ ਕਹਿੰਦੀ, 'ਤੁਸੀਂ ਤਾਂ ਘਰ 'ਚ ਮੈਨੂੰ ਪੁੱਛਿਆ ਹੀ ਕਦੀ ਨਹੀਂ ਸੀ।ਮੈਂ ਤਾਂ ਆਪਣੇ ਆਪ ਨੂੰ ਹਮੇਸ਼ਾ ਵਾਧੂ ਹੀ ਸਮਝਦੀ ਰਹੀ ਹਾਂ।ਥੋਡੇ ਲਈ ਤਾਂ ਮੁੰਡਾ ਹੀ ਸਭ ਕੁਝ ਆ।ਫੇਰ ਹੁਣ ਮੇਰਾ ਫਿਕਰ ਕਿਵੇਂ ਹੋ ਗਿਆ?'

ਫੇਰ ਇੱਕ ਦਿਨ ਕਹਿੰਦੀ ਮੇਰੀ ਸਹੇਲੀ ਤੇ ਉਸਦਾ ਬੁਆਏ ਫਰੈਂਡ ਮੇਰਾ ਕਿੰਨਾ ਕਰਦੇ ਆ'।ਪਰ ਠੀਕ ਹੈ ਬਾਊ ਜੀ ਕਰਦੇ ਹੋਣਗੇ ਉਹ ਕਿਸੇ ਲਾਲਚ ਨੂੰ ਪਰ ਖੂਨ ਤਾਂ ਸਾਡਾ ਈ ਆ।ਕਈ ਵਾਰ ਅਜਿਹੇ ਲੋਕ ਆਪਣੇ ਮਤਲਬ ਕੱਢ ਕੇ ਪਾਸੇ ਹਟ ਜਾਂਦੇ ਨੇ।ਤੇ ਕੁੜੀਆਂ ਵਿਚਾਰੀਆਂ ਦਾ ਹਾਲ ਡੋਰੋਂ ਟੁੱਟੀ ਪਤੰਗ ਵਰਗਾ ਹੋ ਜਾਂਦਾ ਹੈ।ਉਹ ਕਿਤੇ ਵੀ ਕੰਡਿਆਲੀਆਂ ਕਿੱਕਰਾਂ ਬੇਰੀਆਂ ਵਿੱਚ ਜਾ ਫਸਦੀਆਂ ਹਨ।ਇਸ ਦਾ ਤਾਂ ਅਸੀਂ ਅਜੇ ਵਿਆਹ ਕਰਨਾ ਹੈ,ਕੌਣ ਕਰਵਾਏਗਾ ਇਸ ਨਾਲ ਵਿਆਹ?

ਸੰਗਤਾਰ ਉਦਾਸ ਹੋ ਗਿਆ।

ਉਹ ਠੀਕ ਹੀ ਤਾਂ ਕਹਿ ਰਿਹਾ ਸੀ, ਕਈ ਵਾਰੀ ਭਾਰਤ ਤੋਂ ਨਵੇਂ ਆਏ ਮੁੰਡੇ ਕੁੜੀਆਂ ਨੂੰ ਮਿਲੀ ਇਹ ਨਵੀਂ ਆਜਾਦੀ ਉਨ੍ਹਾਂ ਦੇ ਪੈਰ ਚੁੱਕ ਦਿੰਦੀ ਹੈ।ਪੈਰ ਹੀ ਅਜਿਹੇ ਚੁੱਕਦੀ ਹੈ ਕਿ ਹਮੇਸ਼ਾਂ ਲਈ ਉੱਖੜ ਜਾਂਦੇ ਹਨ।ਮੁੰਡੇ ਨਸ਼ਿਆਂ ਵਿੱਚ ਗਰਕ ਹੋ ਜਾਂਦੇ ਹਨ ਤੇ ਕੁੜੀਆਂ ਕਾਲ ਗਰਲਾਂ ਬਣਨ ਲਈ ਮਜ਼ਬੂਰ ਹੋ ਜਾਂਦੀਆਂ ਹਨ।ਇਸ ਮੁਲਕ ਦਾ ਕਾਨੂੰਨ ਤਾਂ ਵਿਭਚਾਰ ਨੂੰ ਵੀ ਬਿਜਨਸ ਦੱਸਦਾ ਹੈ।ਥਾਂ ਥਾਂ ਖੁੱਲੇ ਸਟਰਿੱਪ ਕਲੱਬ,ਮਸਾਜ਼ ਪਾਰਲਰ,ਨਿਊਡ ਸਾਈਟਾਂ,ਬਲਿਊ ਫਿਲਮਾਂ,ਨੰਗੇਜ਼ ਭਰਪੂਰ ਰਸਾਲੇ ਇਨ੍ਹਾਂ ਕੁੜੀਆਂ ਦੇ ਸਿਰ ਤੇ ਹੀ ਚੱਲਦੇ ਹਨ।ਖੁੱਲੇਆਮ ਜਿਸਮ ਵੇਚਣ ਵਾਲੀਆਂ ਕੁੜੀਆਂ ਦੇ ਵਿਗਿਆਪਨਾਂ ਵਿੱਚ ਹੁਣ ਭਾਰਤੀ ਮੂਲ ਦੀਆਂ ਕੁੜੀਆਂ ਦੇ ਵੀ ਨਾਂ ਆਏ ਦਿਨ ਸ਼ਾਮਲ ਹੋ ਰਹੇ ਸਨ।

ਸ਼ਾਇਦ ਏਸੇ ਗੱਲੋਂ ਸੰਗਤਾਰ ਡਰਦਾ ਸੀ ਕਿ ਕੋਈ ਗੁਮਰਾਹ ਕਰਕੇ ਉਸਦੀ ਕੁੜੀ ਨੂੰ ਵੀ ਗ਼ਲਤ ਰਸਤੇ ਨਾਂ ਪਾ ਦੇਵੇ।ਅਜਿਹਾ ਕੁੱਝ ਉਸ ਨੇ ਪਹਿਲੀ ਵਾਰ ਕਨੇਡਾ ਆ ਕੇ ਸੁਣਿਆ ਸੀ।ਸੁਣ ਕੇ ਉਸ ਨੂੰ ਜਾਪਦਾ ਸੀ ਜਿਵੇਂ ਕਿਸੇ ਨੇ ਉਸ ਦੇ ਸਿਰ ਵਿੱਚ ਬਾਰੂਦ ਭਰ ਦਿੱਤਾ ਗਿਆ ਹੋਵੇ ਜੋ ਕਿਸੇ ਸਮੇਂ ਵੀ ਫਟ ਜਾਵੇਗਾ।ਉਹ ਰੋਣ ਹਾਕਾ ਹੋ ਕੇ ਬੋਲਿਆ

"ਬਾਊ ਜੀ ਇਹ ਕੇਹੋ ਜਿਹੀ ਤਬਦੀਲੀ ਜੋ ਸਿਰਫ ਗ਼ਲਤ ਕੰਮਾਂ ਵਿੱਚ ਹੀ ਆਂਉਂਦੀ ਹੈ।ਘੱਟ ਪਹਿਰਾਵਾ ਪਾਕੇ ਨੰਗੇਜ਼ ਦਿਖਾ ਕੇ ਤਾਂ ਕੋਈ ਮੌਡਰਨ ਨਹੀਂ ਹੋ ਜਾਂਦਾ।ਇਸ ਕਮਲੀ ਕੁੜੀ ਨੂੰ ਕੋਈ ਕਿਵੇਂ ਸਮਝਾਵੇ"।ਇਸ ਤਰ੍ਹਾਂ ਤਾਂ ਮੈਨੂੰ ਲੱਗਦਾ ਹੈ ਮੈਂ ਸਾਲ ਵੀ ਹੋਰ ਨਹੀਂ ਜੀਣਾ...।ਮੇਰਾ ਬਲੱਡ ਪ੍ਰੈਸ਼ਰ ਤੇ ਸ਼ੂਗਰ ਆਏ ਦਿਨ ਵਧਦੇ ਜਾ ਰਹੇ ਹਨ।ਮੇਰਾ ਡਾਕਟਰ ਕਹਿੰਦਾ ਹੈ ਕਿ ਤੂੰ ਕੋਈ ਫਿਕਰ ਕਰਦਾ ਏਂ।ਕੀ ਦੱਸਾਂ ਮੈਂ ਡਾਕਟਰ ਨੂੰ ਏਸੇ ਵਜ਼ਾ ਕਰਕੇ ਤਾਂ ਅੱਜ ਮੇਰੇ ਤੋਂ ਕਾਰ ਵੀ ਠੀਕ ਨਹੀਂ ਚੱਲਦੀ।

ਮੈਨੂੰ ਬੈਠੇ ਬੈਠੇ ਨੂੰ ਪੰਜਾਬ ਦੇ ਦਿਨਾਂ ਦੀ ਯਾਦ ਆਈ।ਜਦੋਂ ਬੂਟੇ ਦੀ ਨਸਲ ਬਦਲਣ ਲਈ ਉਸ ਤੇ ਕਲਮੀਂ ਪਿਓਂਦ ਚੜਾ ਦਿੱਤੀ ਜਾਂਦੀ ਸੀ।ਉਹ ਕੁੱਝ ਦੇਰ ਤਾਂ ਮੁਰਝਾਉਂਦਾ ਫੇਰ ਨਵੀਂਆਂ ਲਗਰਾਂ ਫੁੱਟ ਪੈਂਦੀਆਂ।ਫੇਰ ਫਲ਼ ਫੁੱਲ ਸਾਰਾ ਕੁੱਝ ਹੀ ਬਦਲ ਜਾਂਦਾ।ਸੰਗਤਾਰ ਖੁਦ ਅਪਣੇ ਟੱਬਰ ਨੂੰ ਨਵੇਂ ਸੱਭਿਆਚਾਰ ਦੀ ਪਿਓਂਦ ਚੜ੍ਹਾ ਕੇ ਹੁਣ ਇਹ ਤਬਦੀਲੀਆਂ ਲਈ ਤਿਆਰ ਨਹੀਂ ਸੀ।ਉਸ ਦਾ ਕਨੇਡਾ ਤਾਂ ਸਿਰਫ ਆਧੁਨਿਕ ਸਹੂਲਤਾਂ ਤੇ ਚੰਗੀ ਆਰਥਿਕਤਾ ਤੱਕ ਹੀ ਮਹਿਦੂਦ ਸੀ।ਬਹੁਤੇ ਭਾਰਤੀਆਂ ਦਾ ਏਹੋ ਹਾਲ ਸੀ ਜੋ ਨਵੇਂ ਸੱਭਿਆਚਾਰ ਦੇ ਫਲ਼ ਫੁੱਲ ਅਪਣੀ ਝੋਲੀ ਪਾਉਣ ਲਈ ਤਿਆਰ ਨਹੀਂ ਸਨ।

ਮੈਂ ਉਸ ਨੂੰ ਕਿਹਾ," ਸੰਗਤਾਰ ਜੀ ਹੁਣ ਤਾਂ ਆਪਾਂ ਨੂੰ ਸੁੱਖ ਸਹੂਲਤਾਂ ਦੇ ਨਾਲ ਨਾਲ ਇੱਹ ਗੱਲਾਂ ਵੀ ਬ੍ਰਦਾਸ਼ਤ ਕਰਨੀਆਂ ਹੀ ਪੈਣੀਆਂ ਨੇ।ਚੰਗੇ ਦੇ ਨਾਲ ਨਾਲ ਮਾੜਾ ਪੱਖ ਵੀ ਹੋਣਾ ਹੈ।ਆਪੇ ਸਾਰਾ ਕੁੱਝ ਠੀਕ ਹੋ ਜਾਵੇਗਾ।ਜਦੋਂ ਤੁਸੀਂ ਕਰ ਹੀ ਕੁੱਝ ਨਹੀਂ ਸਕਦੇ ਫੇਰ ਐਨਾ ਸੋਚ ਕੇ ਕੀ ਕਰੋਂਗੇ?ਤੁਸੀਂ ਆਪਣਾ ਧਿਆਨ ਆਪਣੇ ਕੰਮਾਂ ਤੇ ਕੇਂਦਰਤ ਕਰਨਾ ਸਿੱਖੋਂ।ਦੂਜਿਆਂ ਦੇ ਜੀਵਨ ਵਿੱਚ ਅਗਰ ਉਹ ਬਾਲਗ ਹਨ ਏਥੋਂ ਦਾ ਕਾਨੂੰਨ ਦਖਲ ਅੰਦਾਜ਼ੀ ਬ੍ਰਦਾਸ਼ਤ ਨਹੀਂ ਕਰਦਾ।ਇਸ ਵਕਤ ਡਰਾਈਵਿੰਗ ਲਾਈਸੰਸ ਲੈਣਾ ਤੁਹਾਡੇ ਲਈ ਬਹੁਤ ਜਰੂਰੀ ਹੈ।ਇਸ ਮੁਲਕ ਵਿੱਚ ਇਹ ਹੀ ਤੁਹਾਡੀਆਂ ਲੱਤਾਂ ਹਨ।ਨਾਂ ਕਿ ਧੀ ਪੁੱਤ।ਇਨ੍ਹਾਂ ਦਾ ਮੋਹ ਤਿਆਗ ਕੇ ਅਪਣੀ ਸਿਹਤ ਦਾ ਧਿਆਨ ਰੱਖਣਾ ਸਿੱਖੋ।ਮੈਂ ਉਸ ਦਾ ਮੋਢਾ ਥਪਥਪਾਇਆ।ਜਿਵੇਂ ਮੈਂ ਪੁਰਾਣੇ ਰੁੱਖ ਨੂੰ ਕੱਟ ਕੇ ਕੋਈ ਨਵੀਂ ਕਲਮ ਚੜਾਉਣ ਦੀ ਕੋਸ਼ਿਸ ਕਰ ਰਿਹਾ ਹੋਵਾਂ।ਉਹ ਚੁੱਪ ਚਾਪ ਮੈਨੂੰ ਸੁਣਦਾ ਰਿਹਾ।

ਕੌਫੀ ਹਾਊਸ ਦੇ ਸਾਹਮਣੇ ਵਗਦੀ ਸੜਕ ਤੇ ਅਣਗਿਣਤ ਕਾਰਾਂ ਤੇਜ ਸਪੀਡ ਤੇ ਦੌੜ ਰਹੀਆਂ ਸਨ। ਜਿਨਾਂ ਨੂੰ ਚਲਾਉਣ ਵਾਲੇ ਕਿਸੇ ਵੀ ਮੁਲਕ ਤੋਂ ਆਏ ਹੋ ਸਕਦੇ ਨੇ।ਅਸੀਂ ਵੀ ਬਾਹਰ ਨਿੱਕਲ ਕੇ ਆਪਣੀ ਕਾਰ ਵਲ ਨੂੰ ਤੁਰ ਪਏ ਇੱਕ ਨਵੀਂ ਦਿਸ਼ਾ ਵਲ ਜਾਣ ਲਈ...।

5_cccccc1.gif (41 bytes)

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com