ਉਹ
ਆਧੁਨਿਕ ਬੁਧੀਜੀਵੀ ਹੈ। ਕਹਿੰਦਾ ਹੈ-ਥੱਬਾ ਭਰਿਆ ਆਂਦਰਾ ਦਾ, ਜਿਹੜਾ ਮੇਰੀ ਬਾਤ ਨੀ
ਬੁਝੂ, ਪੁੱਤ ਬਾਂਦਰਾ ਦਾ।
ਉਹ ਪੁਰਾਤਨ ਸੰਸਕਾਰਾਂ ਵਿਚ ਬਝਿਆ
ਆਧੁਨਿਕ ਹੈ। ਦੋ ਪੇਂਡੂ ਔਰਤਾਂ ਦੀ ਆਪਸੀ ਲੜਾਈ ਵਿਚੋਂ ਕੋਈ ਸਿਧਾਂਤ ਘੋਖਣਾ ਉਸ ਦੀ
ਆਦਤ ਹੈ।
ਇਕ ਔਰਤ- ਨੀਂ ਮਰ ਜੇ ਤੇਰਾ ਖਸਮ।
ਦੂਜੀ ਔਰਤ- ਤੇਰਾ ਰਲ ਜੇ ਕੌਮ
ਨਸ਼ਟਾਂ ਵਿਚ।
ਪਹਿਲੀ ਐਰਤ- ਮੈਂ ਤਾਂ ਰੋ ਲੂੰ
ਚਾਰ ਦਿਨ, ਤੂੰ ਤਾਂ ਸਾਰੀ ਉਮਰ ਪਿਟਦੀ ਰਹੇਗੀ ਆਣੇ ਜਣਦਿਆਂ ਨੂੰ।
ਉਹ ਸਮਝਦਾ ਹੈ ਕਿ ਇਸ ਲੜਾਈ ਦਾ
ਪਿਛੋਕੜ ਸਦੀਆਂ ਤੋਂ ਚਲੀ ਆ ਰਹੀ ਔਰਤ ਦੀ ਗੁਲਾਮੀ ਹੈ। ਆਰਥਿਕ ਪੱਧਰ ਉਤੇ ਦੋ ਵਿਰੋਧੀ
ਆਰਥਿਕ ਢਾਂਚਿਆਂ ਦੀ ਟੱਕਰ ਦਾ ਸੰਕੇਤ ਵੀ ਇਸ ਗੱਲਬਾਤ ਵਿਚ ਹੈ। ਇਨਕਲਾਬੀ ਦੇ ਟੱਬਰ ਦੀ
ਦੁਖ ਤਕਲੀਫਾਂ ਦਾ ਇਸ਼ਾਰਾਵੀ ਹੈ। ਪਰ ਉਹ ਸਾਰੇ ਲੋਕ, ਜਿਨ੍ਹਾਂ ਵਿਚ ਉਹ ਰਹਿੰਦਾ ਹੈ,
ਬੋਲਦਾ ਹੈ, ਵਰਤਦਾ ਹੈ, ਸਭ ਇਹ ਨਹੀਂ ਸਮਝਦੇ। ਉਹ ਨਹੀਂ ਜਾਣਦੇ ਕਿ ਕਮਿਊਨਿਸਟ ਸ਼ਬਦ
ਨੂੰ ਸੰਧੀ ਛੇਦ ਕਰਕੇ ਕੌਮ ਨਸ਼ਟ ਦਸਣ ਵਾਲੇ ਡੇਰਿਆਂ ਦੇ ਸਾਧ, ਭਾਈਜੀ ਜਾਂਮਹੰਤ
ਹਾਲਾਂਕਿ ਆਪਣਾ ਅਸਰ ਰਖਦੇ ਹਨ। ਮਰੋ ਕਸਮ ਦੇ ਭੂਤ ਲਈ ਤਵੀਤ ਲੈਣ ਹਾਲੀਂ ਵੀ ਉਹ ਕੋਹਾਂ
ਦੂਰ ਤੁਰ ਕੇ ਜਾਂਦੀਆਂ ਹਨ।
ਉਹ ਯਥਾਰਥਵਾਦੀ ਹੈ। ਪਿੰਡ ਦੀ
ਗਲੀਆਂ ਵਿਚ ਵਿਚਰਦਾ ਉਹ ਦੇਖਦਾ ਹੈ, ਸੁਣਦਾ ਹੈ, ਮਹਿਸੂਸ ਕਰਦਾ ਹੈ।
ਆਓ ਆਪਾਂ ਸਾਰੇ ਇਕ ਖੇਡ ਖੇਡੀਏ।
ਕਿਹੜੀ?”
ਗੁੱਡੀ ਤੇ ਲਾੜੇ ਦਾ ਵਿਆਹ ਕਰਨ
ਦੀ’।
ਬਹੂ ਕੌਣ ਬਣੇਗੀ, ਲਾੜਾ ਕੌਣ
ਬਣੇਗਾ?” ਘੁਗੀ ਤੇ ਘੁਦਾ
ਆਪਸ ਵਿਚ ਸਲਾਹਾਂ ਕਰਦੇ ਹਨ। ਮੈਂ ਬਹੁ ਬਣਾਂਗੀ, ਲਾੜਾ ਤੂੰ।
ਪਿੰਡ ਦੇ ਬਾਣੀਆਂ ਦੀ ਚੌਂਕੜੀਆਂ
ਘਰ ਬਣ ਗਏ। ਇਕ ਚੌਂਕੜੀ ਸਹੁਰਾ ਘਰ ਤੇ ਇਕ ਚੌਕੜੀ ਪੇਕਾ ਘਰ। ਦੋਹਾਂ ਚੌਕੜੀਆਂ ਉਪਰ
ਬਣਾਏ ਗਏ ਅਖੋਤੀ ਘਰਾਂ ਦਾ ਆਪਸੀ ਬਦਲਵਾਂ ਰਿਸ਼ਤਾ ਇਕੋ ਹੈ। ਸਹੁਰਾ ਤੇ ਪੇਕਾ ਘਰ।
ਜੰਝ ਆਈ। ਲਾੜਾ ਆਇਆ। ਇਕ ਚੌਂਕੜੀ
ਤੋਂ ਦੂਜੀ ਚੌਕੜੀ।
ਕੁੜੀਆਂ ਨੇ ਗੀਤ ਗਾਏ। ਪਤਾਸਿਆਂ
ਦੀ ਰੋਟੀ ਖਵਾਈ। ਦੂਜੀ ਚੌਕੜੀ ਤੋਂ ਪਹਿਲੀ ਚੌਕੜੀ।
ਬਹੂ ਆਈ। ਨੈਣ ਆਈ।
ਚਮਕਦੀ ਧੁੱਪ ਵਿਚ ਝੂਠੀ ਮੂਠੀ ਦੀ
ਰਾਤ ਪੈ ਗਈ। ਲਾੜਾ ਲਾੜੀ ਇਕ ਖੂੰਜੇ ਵਖ ਕਰ ਦਿਤੇ। ਨੈਣ ਨੂੰ ਰਿਸ਼ਵਤ ਇਕ ਪਤਸਾ ਦੇ
ਦਿਤਾ। ਕਿਸੇ ਗਲ ਉਤੇ ਘੁਗੀ ਤੋਂ ਘੁੱਦਾ ਆਪਸ ਵਿਚ ਲੜ ਪਏ। ਸ਼ਾਇਦ ਪਤਾਸਿਆਂ ਪਿਛੇ।
ਗੁੱਗੀ ਕਹਿ ਰਹੀ ਸੀ,”
ਵੀਰ ਬਣ ਕੇ ਮੈਨੂੰ ਦੇ ਦੇ’।
ਉਹ ਜੋ ਹੁਣ ਵੀਰ ਨਹੀਂ ਸੀ, ਕੁਝ
ਹੋਰ ਸੀ, ਕਹਿੰਦਾ- ਮੈਂ ਨੀ ਦਿੰਦਾ।
ਘੁੱਗੀ- ਚੰਗਾ ਨਾ ਦੇ, ਕਲ੍ਹ ਨੂੰ
ਮੈਂ ਵੀ ਤੇਰੀ ਬਹੂ ਨਹੀਂ ਬਣਦੀ।
ਘੁਦਾ- ਨਾ ਬਣੀਂ, ਘੋਟੀ ਨੂੰ ਬਣਾ
ਲੂੰ।
ਘੋਟੀ ਸ਼ਾਇਦ ਪਹਿਲਾਂ ਹੀ ਇਸ ਤਾਕ
ਵਿਚ ਸੀ, ਕਿਉਂਕਿ ਖੇਡ ਸੁਰੂ ਕਰਨ ਵੇਲੇ ਘੋਟੀ ਨੂੰ ਬਹੂ ਨਹੀਂ ਬਣਾਇਆ ਗਿਆ ਅਤੇ ਇਸੇ
ਲਈ ਉਹ ਰੁੱਸੀ ਪਰ੍ਹਾਂ ਖੜੀ ਸੀ। ਸ਼ਰੀਕਾਂ ਦੀ ਤਰ੍ਹਾਂ ਵਿਆਹ ਵਿਚ ਵਿਘਨ ਪੈਂਦਾ ਦੇਖਣਾ
ਚਾਹੁੰਦੀ ਸੀ।
ਘੋਟੀ ਤੇ ਘੁੱਦਾਂ ਗਲਵਕੜੀ ਪਾਈ
ਆਪਣੇ ਆਪਣੇ ਘਰੀਂ ਜਾ ਰਹੇ ਸਨ। ਗੁੱਗੀ ਡੁੱਸ ਡੁੱਸਾ ਜਿਹਾ ਮੂੰਹ ਕਰੀ ਆਪਣੇ ਘਰ। ਉਸੇ
ਪਿਛੇ ਪਿਛੇ ਗਿੰਦੀ ਕਹਿੰਦਾ ਜਾ ਰਿਹਾ ਸੀ, ਕਲ੍ਹ ਨੂੰ ਆਪਾਂ ਖੇਡਾਂਗੇ।
ਘੋਟੀ ਤੇ ਘੁੱਦੋ ਨੂੰ ਖਡਾਉਂਦੇ ਈ
ਨੀ”।
ਰੋਂਦੀ ਨੇ’।
ਗਲੀ ਸੁੰਨੀ ਹੈ।
ਉਹ ਖੜਗਧਾਰੀ ਆਲੋਚਕਾਂ ਦਾ ਕੀ
ਕਰੇ? ਪੰਜਾਬੀ ਦੀ ਕੋਈ ਵੀ ਕਹਾਣੀ ਉਨ੍ਹਾਂ ਨੂੰ ਚੰਗੀ ਨਹੀਂ ਲਗਦੀ। ਉਹ ਆਪਣੇ ਆਪ ਨੂੰ
ਤਰਕਸ਼ੀਲ ਆਲੋਚਕ ਕਹਾਉਂਦਾ ਹੈ। ਕਹਿੰਦਾ- ਕਹਾਣੀ ਇਕਦਮ ਘਟੀਆ ਹੈ। ਕੋਈ ਵੀ ਜਮਾਤੀ
ਵਿਸ਼ਲੇਸ਼ਣ ਇਸ ਵਿਚ ਨਹੀਂ। ਇਥੋਂ ਤਕ ਕੇ ਕਹਾਣੀ ਵਿਚਲੇ ਪਾਤਰਾਂ ਦੇ ਨਾਂ ਵੀ ਬੜੇ ਘਟੀਆ
ਰਖੇ ਨੇ। ਸਾਰੇ ਨਾਂ ਘ ਨਾਲ ਸੁਰੂ ਕਰਨੇ ਕਿਧਰ ਦਾ ਪ੍ਰਗਤੀਵਾਦੀ ਫਲਸਫਾ ਹੈ। ਕਹਾਣੀ
ਅਜੋਕੀ ਸਥਿਤੀ- ਅਨੁਕੂਲ ਨਹੀਂ। ਏਕੇ ਵਿਚ ਬਰਕਤ ਹੈ। ਵਾਂਗ ਕੋਈ ਸਿੱਟਾ ਵੀ ਨਹੀਂ
ਕਢਦੀ। ਤੇ ਫੇਰ ਕਹਿੰਦਾ, ਕਈ ਸਾਲ ਬੀਤ ਗਏ ਗੁੱਡੀਆਂ ਪਟੋਲਿਆਂ ਦੀਆਂ ਗਲਾਂਨੂੰ। ਗੁੱਗੀ
ਤੇ ਘੋਟੀ ਤਾਂ ਵਿਆਹੀਆਂ ਵੀ ਗਈਆਂ ਹੋਣਗੀਆਂ। ਦੋ ਦੋ ਚਾਰ ਚਾਰ ਜੁਆਕ ਵੀ ਹੋ ਗਏ ਹੋਣੇ
ਨੇ। ਹੁਣ ਗੱਲ ਮੀਰਾ ਤੇ ਨੀਟੂ ਦੀ ਬਣਦੀ ਹੈ। ਘੁੱਗੀ ਤੇ ਘੋਟੀ ਕਿ ਸਮਝਣ ਤਲਾਕ ਸ਼ਬਦ ਦਾ
ਅਰਥ।
ਕਹਾਣੀਕਾਰ ਨੂੰ ਬਹੁਤ ਦੁਖ ਹੈ ਕਿ
ਆਲੋਚਕ ਨੂੰ ਇਹ ਨਹੀਂ ਪਤਾ ਕਿ ਉਹ ਵਿਅੰਗਕਾਰ ਹੈ। ਨਾਲੇ ਕੰਮੀਆਂ ਕਮੀਨਾਂ ਦੇ ਨਾਂ ਤਾਂ
ਹੁੰਦੇ ਹੀ ਘਿਲੂ, ਬਿਲੂ ਨੇ। ਬਲ ਬਹਾਦਰ ਪ੍ਰਤਾਪ ਸਿੰਘ, ਪਰਮਹਿੰਦਰਪਾਲਜੀਤ ਸਿੰਘ ਆਦਿ
ਨਾ ਤਾਂ ਕੁਝ ਘਰਾਣਿਆਂ ਲਈ ਹੀ ਰਾਖਵੇਂ ਹੁੰਦੇ ਹਨ। ਤੇ ਨਾਲੇ ਕਹਾਣੀਕਾਰ ਨੂੰ ਕੀ
ਜ਼ਰੂਰਤ ਹੈ ਕਿ ਉਹ ਕਾਮੂ, ਸਾਰਤਰ ਜਾਂ ਬੈਕੇਟ ਦੀ ਨਕਲ ਮਾਰੇ। ਜਦਕਿ ਉਸਨੂੰ ਪਤਾ ਹੈ
ਕਿ ਗੁਰਦਿਆਲ ਤੇ ਮਿੰਦਰ ਜ਼ਮੀਨ ਘਟ ਹੋਣ ਕਰਕੇ ਹੀ ਸ਼ਹਿਰ ਮਜ਼ਦੂਰੀ ਭਾਲਣ ਆ ਗਏ ਹਨ।
ਸਾਕ ਹਾਲਾਂ ਉਨ੍ਹਾਂ ਨੂੰ ਕੋਈ ਬਹੁੜਿਆ ਨਹੀਂ। ਉਨ੍ਹਾਂ ਤੋਂ ਵਡੇ ਜੋ ਕੁਆਰੇ ਬੈਠੇ ਹਨ।
ਉਹ ਪਹਿਲਾਂ ਤਾਂ ਕਈ ਦਿਨ ਉਂਜ ਹੀ ਬਕਾਈ ਕਰਦੇ ਫਿਰਦੇ ਰਹੇ। ਕੁਝ ਸ਼ਹਿਰ ਦੇਖਣ ਦਾ ਚਾਅ
ਸੀ। ਘਰੋਂ ਲਿਆਂਦੇ ਵੀਹ ਵੀਹ ਜਦੋਂ ਤੀਕ ਕਤਮ ਨਹੀਂ ਹੋ ਗਏ, ਉਹ ਏਧਰ ਓਧਰ ਸਹਿਰ ਵਿਚ
ਫਰਦੇ ਰਹੇ। ਕੰਮ ਘਟ ਪੁਛਦੇ, ਦੇਖਦੇ ਬਹੁਤਾ।
ਫਿਰਦੇ ਫਿਰਾਂਦਿਆਂ ਨੂੰ ਰੂੰ ਦੇ
ਕਾਰਖਾਨੇ ਵਿਚ ਮਜ਼ਦੂਰੀ ਮਿਲ ਗਈ। ਪਹਿਲੇ ਦਿਨ ਹੀ ਮੁਨੀਮ ਨਾਲ ਦਿਹਾੜੀ ਲੈਣ ਲਗੇ ਗਾਲੋ
ਗਾਲੀ ਹੋ ਪਏ। ਫਿਰ ਵੀ ਜਿਵੇਂ ਕਿਵੇਂ ਉਹ ਉਥੇ ਦੂਜੇ ਤੀਜੇ ਪਹੁੰਚ ਜਾਂਦੇ। ਤੇ ਫਿਰ
ਉਨ੍ਹਾਂ ਦਾ ਕੰਮ ਉਥੇ ਪੱਕੇ ਵਾਂਗੂੰ ਹੀ ਹੋ ਗਿਆ। ਮੁਨੀਮ ਨਾਲ ਉਨ੍ਹਾਂ ਦੀ ਗੰਢ ਤੁਪ
ਹੋ ਗਈ ਸੀ। ਜਦੋਂ ਵੀ ਉਹ ਕੰਮ ਤੋਂ ਵਿਹਲੇ ਹੁੰਦੇ, ਸ਼ਹਿਰ ਘੁੰਮ ਲੈਂਦੇ। ਜੁਆਨ ਤਾਂ ਉਹ
ਸੀ ਹੀ। ਸੋਹਣੀਆਂ ਕੁੜੀਆਂ ਦੇਖਣ ਦਾ ਸੁਆਦ ਪੈ ਗਿਆ। ਉਹ ਹਮੇਸ਼ਾ ਉਨ੍ਹਾਂ ਕੁੜੀਆਂ ਦੇ
ਵਾਲਾਂ ਦੀ ਭੈੜੇ ਤੋਂ ਭੈੜੇ ਸ਼ਬਦਾਂ ਵਿਚ ਪ੍ਰਸੰਸਾ ਕਰਦੇ।
ਇਕ ਵਾਰ ਉਨ੍ਹਾਂ ਸਿਨੇਮਾ ਵੇਖਿਆ।
ਹੇਮਾ ਮਾਲਿਨੀ, ਬੇਸਕ ਨਾਂ ਉਨ੍ਹਾਂ ਨੂੰ ਨਹੀਂ ਸੀ ਯਾਦ ਰਿਹਾ, ਪਰ ਫਿਰ ਵੀ ਮੋਟੀਆਂ
ਮੋਟੀਆਂ ਅਖਾਂ ਵਾਲੀ ਉਨ੍ਹਾਂ ਦੇ ਸੁਪਨਿਆਂ ਵਿਚ ਆਉਣ ਲਗ ਪਈ ਹੈ। ਹੁਣ ਤਕਰੀਬਨ ਤਕਰੀਬਨ
ਸਿਨੇਮਾ ਉਹ ਦੇਖਣ ਹੀ ਲਗ ਪਏ ਹਨ। ਦਿਨੇ ਉਹ ਹੱਡ ਭੰਨ ਮਜ਼ਦੂਰੀ ਕਰਦੇ, ਰਾਤ ਨੂੰ ਉਹ
ਸਿਨੇਮਾ ਦੇਖਦੇ ਦੇਖਦੇ ਸੁਆਦ ਸੁਆਦ ਹੁੰਦੇ ਰਹਿੰਦੇ। ਸਹਿਰ ਦੀ ਹਰ ਦੁਕਾਨ ਉਤੇ ਵਧੀਆ
ਵਧੀਆ ਫੋਟੋਆਂ ਵਾਲੇ ਬੋਰਡ ਦੇਖਣ ਦੇ ਉਹ ਆਦੀ ਹੋ ਗਏ ਹਨ। ਉਹ ਚਾਹ ਹਮੇਸ਼ਾ ਉਸ ਦੁਕਾਨ
ਤੋਂ ਹੀ ਪੀਂਦੇ ਹਨ ਜਿਸ ਦੁਕਾਨ ਵਿਚ ਕੰਧਾਂ ਉਤੇ ਫਿਲਮੀ ਪੋਸਟਰਾਂ ਦੀ ਭਰਮਾਰ ਹੁੰਦੀ
ਹੈ।
ਪਾਣੀ ਪੰਪ ਦਾ, ਸਿਗਰਟ ਲੰਪ ਦਾ-
ਤੀਵੀਂ ਤੇ ਆਦਮੀਆਂ ਦੀਆਂ ਫੋਟੋਆਂ ਦੇਖ ਕੇ ਉਹ ਸਿਗਰਟ ਪੀਣ ਲਗ ਪਏ। ਪਾਣੀ ਦਾ ਨਲਕਾ ਇਕ
ਤੀਵੀਂ ਗੇੜ ਰਹੀ ਹੈ ਤੇ ਇਕ ਆਦਮੀ ਸਿਗਰਟ ਪੀ ਰਿਹਾ ਹੈ। ਉਹ ਨਲਕਾ ਗੇੜ ਰਹੀ ਐਰਤ ਨੂੰ
ਆਪਣੀ ਲਾਡੋ ਸਮਝਦੇ ਤੇ ਸਿਗਰਟ ਵਾਲਾ ਆਦਮੀ ਤਾਂ ਉਹ ਆਪ ਨੂੰ ਸਮਝਦੇ ਹੀ ਸਨ। ਹੁਣ ਜਦ
ਉਹ ਸਿਗਰਟ ਪੀਂਦੇ ਹਨ, ਸਿਗਰਟ ਦਾਕਸ਼ ਖਿਚਣ ਲਗੇ ਉਨ੍ਹਾਂ ਦੇ ਮਥੇ ਉਤੇ ਪੈਂਦੀਆਂ
ਤਿਊੜੀਆਂ ਗੁਸੈਲੀਆਂ ਹੁੰਦੀਆਂ ਹਨ।
ਉਹ ਸਚ ਮੁਚ ਹੀ ਅਗਾਂਹਵਧੂ ਹੈ।
ਕਹਿੰਦਾ- ਮੇਰੀ ਘਰਵਾਲੀ ਮੈਥੋਂ ਬਹੁਤ ਦੁਖੀ ਹੈ, ਸ਼ਾਇਦ ਸਾਰੀ ਉਮਰ ਦਾ ਰੰਗ ਲਗ ਗਿਐ।
ਉਸਨੂੰ ਉਹ ਐਰਤ ਬੜੀ ਚੰਗੀ ਲਗਦੀ
ਹੈ ਜੋ ਆਪਣੇ ਪਤੀ ਨਾਲ ਬਜ਼ਾਰ ਵਿਚ ਉਚੀ ਉਚੀ ਝਗੜਦੀ ਜਾਂਦੀ ਹੋਵੇ। ਉਸਦੀ ਘਰਵਾਲੀ
ਵਾਂਗ ਕੁੜ੍ਹਦੀ ਨਹੀਂ। ਘੁਮਿਆਰ ਤੇ ਘੁਮਿਆਰ ਵਾਲੀ ਗਲ ਅਕਸਰ ਉਹ ਦੋਸਤਾਂ ਮਿਤਰਾਂ ਵਿਚ
ਸੁਣਾਉਂਦਾ ਹੁੰਦਾ ਹੈ। ਘੁਮਿਆਰੀ ਤੋਂ ਛੰਨਾ ਖੋ ਗਿਆ। ਰੋਟੀ ਟੁਕ ਖਾ ਚੁਕਣ ਤੋਂ ਬਾਅਦ
ਭਾਂਡਾ ਟੀਂਡਾ ਸਾਂਭ ਕੇ ਜਦ ਰਾਤ ਨੂੰ ਉਹ ਪਏ, ਤਾਂ ਕਹਿੰਦੀ- ਮਖਾਂ ਆਪਣਾ ਛੰਨਾ ਖੋ
ਗਿਆ।
ਘੁਮਿਆਰ- ਕੋਈ ਨਾ, ਛੰਨੇ ਹੋਰ
ਬਥੇਰੇ।
ਦੂਜੇ ਦਿਨ ਘੁਮਿਆਰ ਤੇ ਘੁਮਿਆਰੀ
ਦੋਵੇਂ ਸ਼ਹਿਰ ਗਏ।
ਮਖਾਂ ਗੁਰਗਾਬੀ ਈ ਲੈ ਦਿੰਦਾ’।
ਪੈਸੇ ਨੀ।
ਫੇਰ ਰਾਤ ਕਿਉਂ ਕਹਿੰਦਾ ਸੀ, ਲੈ
ਦੂੰਗਾ?”
ਰਾਤ ਤੈਂ ਸੌਣ ਦੇਣਾ ਸੀ ਕਿਤੇ”
ਆਪ ਤਾਂ ਨਵੀਂ ਗੁਰਗਾਬੀ ਪਈ
ਫਿਰਦੈਂ’
ਬਾਹਲੀ ਜਬਾਨ ਨਾ ਚਲ’।
ਕਿਉਂ ਕਹਾਂ ਨਾ’।
ਸਾਲੀਏ ਦੀਂਹਦੈ ਕੁਝ ਕਿ ਨਹੀਂ?
ਗੰਢਾਈ ਹੋਈ ਜੁੱਤੀ ਨੂੰ ਨਵੀਂ ਗੁਰਗਾਬੀ ਦਸਦੀ ਐਂ’।
ਗੁਮਿਆਰ ਦਸ ਕਦਮ ਅਗੇ ਅਗੇ ਜਾਂਦਾ ਹੈ, ਘੁਮਿਆਰੀ ਦਸ ਕਦਮ ਪਿਛੇ ਕੁਝ ਬੁੜਬੁੜ ਕਰਦੀ
ਜਾਂਦੀ ਹੈ।
ਉਹ ਲੌਂਗੋਵਾਲ ਦਾ ਸਾਧ ਹੈ। ਕੁਝ
ਲੋਕ ਉਸਨੂੰ ਗਧਾ ਵੀ ਕਹਿੰਦੇ ਹਨ। ਕਲਰਕੀ ਕਰਦਾ ਸੀ। ਫੇਰ ਮਾਸਟਰ ਲਗ ਗਿਆ। ਫੇਰ ਫੂਡ
ਸਪਲਾਈ ਇੰਸਪੈਕਟਰ। ਕਈਆਂ ਨੂੰ ਉਸ ਉਤੇ ਗਿਲਾ ਹੈ ਕਿ ਉਸਨੇ ਆਮਦਨ ਵਾਲੀ ਸੀਟ ਉਤੇ
ਹੁੰਦੇ ਹੋਏ ਵੀ ਕੋਈ ਅਸਾਮੀ ਨਹੀਂ ਬਟੋਰੀ। ਹੁਣ ਲਗ ਗਿਆ ਕੱਚਾ ਲੈਕਚਰਾਰ। ਮੰਗਦਾ
ਫਿਰਦੈ ਉਧਾਰ।
ਉਹ ਹਸਦਾ ਹੈ ਉਹਨਾਂ ਦੋਸਤਾਂ ਉਤੇ
ਜਿਹੜੇ ਇਹ ਸਮਝਦੇ ਹਨ ਕਿ ਅਸੀਂ ਉਸਨੂੰ ਧੋਖਾ ਤਾਂ ਦਿਤਾ ਹੈ ਪਰ ਉਸੂੰ ਪਤਾ ਨਹੀਂ ਲਗਣ
ਦਿਤਾ। ਉਹ ਆਪਣੀ ਥਾਂ ਸੰਤੁਸ਼ਟ ਹਨ। ਪਰ ਉਹ ਮੂਰਖ ਹਨ।ਉਹ ਨਹੀਂ ਸਮਝਦੇ ਕਿ ਖਾਮੋਸ਼
ਬਗਾਵਤ ਦਾ ਕੋਈ ਅਰਥ ਹੁੰਦਾ ਹੈ। ਉਹ ਨਹੀਂ ਜਾਣਦੇ ਕਿ ਉਸਦੇ ਹਾਸੇ ਵਿਚੋਂ ਅੱਗ ਦਾ ਸੇਕ
ਨਿਕਲਦਾ ਹੈ। ਜਾਂ ਫੁਲਾਂ ਦੀ ਖੁਸ਼ਬੋ ਜਾਂ ਜਲੇ ਹੋਏ ਕਪੜੇ ਦੀ ਕਪੜਵਾਸ। ਪਸੰਦ ਆਪਣੀ
ਆਪਣੀ ਹੈ। ਉਨ੍ਹਾਂ ਵਿਚੋਂ ਕੁਝ ਕਪੜਵਾਸ ਨੂੰ ਪਸੰਦ ਕਰਦੇ ਹਨ, ਕੁਝ ਫੁਲਾਂ ਦੀ ਖੁਸ਼ਬੋ
ਨੂੰ ਤਾਂ ਕੁਝ ਅਗ ਦੇ ਸੇਕ ਨੂੰ।
ਉਹ ਉਨ੍ਹਾਂ ਵਿਚੋਂ ਹੈ ਜੋ ਅਗ ਦਾ
ਸੇਕ ਪਸੰਦ ਕਰਦੇ ਹਨ। ਉਹ ਸਮਝਦਾ ਹੈ ਕਿ ਦੋ ਪੇਂਡੂ ਐਰਤਾਂ ਦੀ ਲੜਾਈ ਵਿਚੋਂ ਜ਼ਰੂਰ ਹੀ
ਕੋਈ ਸਿਧਾਂਤ ਨਿਕਲਦਾ ਹੈ। ਗੁਡੀ ਤੇ ਗੁਡੋ ਦੀ ਖੇਡ ਵਾਲੀ ਲੜਾਈ ਦਾ ਕੋਈ ਅਰਥਹੈ। ਘ
ਨਾਲ ਸੁਰੂ ਹੋਣ ਵਾਲੇ ਨਾਂਵਾਂ ਵਾਲੇ ਗੁਗੂ ਤੋਂ ਘੁਲਾਟੀਏ ਵੀ ਬਣ ਸਕਦੇ ਹਨ। ਸਿਗਰਟ ਦਾ
ਕਸ਼ ਲੈਣ ਲਗਿਆ ਮਥੇ ਦੀ ਤਿਊੜੀਆਂ ਦਾ ਗੁਸੈਲੀਆਂ ਹੋਣਾ ਕੁਝ ਸੰਕੇਤ ਰਖਦਾ ਹੈ। ਘੁਮਿਆਰੀ
ਦਾ ਬੁੜਬੁੜਾਉਂਦੇ ਹੋਏ ਦਸ ਕਦਮ ਪਿਛੇ ਪਿਛੇ ਤੁਰਨਾ ਇਕ ਰੋਸ ਹੈ।
ਭਾਵੇਂ ਸਾਰੀ ਲੌਂਗੋਵਾਲ ਉਸਨੂੰ
ਟਿੱਚ ਸਮਝਦੀ ਹੈ, ਪਰ ਉ ਵੀ ਲੌਂਗੋਵਾਲ ਦਾ ਸਾਧ ਹੈ ਜੋ ਸਾਰੀ ਲੌਂਗੋਵਾਲ ਨੂੰ ਟਿੱਚ
ਸਮਝਦਾ ਹੈ। |