5_cccccc1.gif (41 bytes)


ਕਾਕਰੋਚਾਂ ਵਿਚ ਘਿਰਿਆ ਆਦਮੀ
- ਜੋਗਿੰਦਰ ਕੈਰੋਂ


ਜੀਵਨ ਵਿਚ ਉਸ ਨੂੰ ਜਾਂ ਮਿੱਲਾਂ ਦੇ ਘੁੱਗੂ ਸੁਣਾਈ ਦੇਂਦੇ ਸਨ ਜਾਂ ਆਪਣੇ ਮਰ ਚੁਕੇ ਪਿਤਰਾਂ ਦੀਆਂ ਆਵਾਜ਼ਾਂ। ਉਸ ਨੂੰ ਸਮਝ ਨਹੀਂ ਸੀ ਲਗਦੀ ਕਿ ਉਹ ਕਿਸ ਨੂੰ ਪਿਆਰ ਕਰੇ ਤੇ ਕਿਸ ਨੂੰ ਨਫਰਤ। ਇਸ ਗੱਲ ਦਾ ਉਸ ਨੂੰ ਪਤਾ ਹੀ ਨਹੀਂ ਸੀ ਲਗਦਾ ਕਿ ਜਿਸ ਗਲ ਨੂੰ ਉਹ ਪਿਆਰ ਕਰਦਾ ਸੀ, ਉਹ ਕਿਵੇਂ ਹੌਲੀ ਹੌਲੀ ਉਸ ਦੀ ਨਫਰਤ ਵਿਚ ਬਦਲ ਜਾਂਦੀ ਸੀ। ਜ਼ਿੰਦਗੀ ਵਿਚ ਉਸ ਨਾਲ ਇੰਜ ਹੀ ਹੋਇਆ ਸੀ। ਉਸ ਦੀਆਂ ਕਈ ਪਿਆਰ ਕਰਨ ਵਾਲੀਆਂ ਚੀਜ਼ ਨਫਰਤ ਵਿਚ ਬਦਲ ਗਈਆਂ ਸਨ।

ਮਸਲਨ, ਬਚਪਨ ਵਿਚ ਉਹ ਘਿਲੂ ਬਾਣੀਏ ਨੂੰ ਕਿਵੇਂ ਹਸਰਤ ਭਰੀਆਂ ਨਜ਼ਰਾਂ ਨਾਲ ਵੇਖਦਾ ਹੁੰਦਾ ਸੀ। ਘਿਲੂ ਬਾਣੀਆ ਜਦ ਆਪਣੀ ਛੋਟੀ ਜਿਹੀ ਆੜ੍ਹਤ ਦੀ ਦੁਕਾਨ ਉਪਰ ਗਊਦੁੰਮ ਚਿੱਟੇ ਦੁਧ ਸਰਹਾਣੇ ਨੂੰ ਢੋਅ ਲਾ ਕੇ ਬੈਠਾ ਹੁੰਦਾ ਸੀ ਤਾਂ ਉਸ ਨੂੰ ਕਿਸੇ ਫਰਿਸ਼ਤੇ ਜਿਹਾ ਲਗਦਾ ਸੀ। ਘਿਲੂ ਬਾਣੀਆ ਹੁਕੇ ਦੀ ਨੜੀ ਮੂੰਹ ਵਿਚ ਪਾਈ ਗਰਮੀਆਂ ਦੀ ਰੁਤੇ ਉਘਦਾ ਰਹਿੰਦਾ ਤੇ ਉਹ ਛਤ ਉਪਰ ਲਟਕਾਏ ਕਪੜੇ ਦੇ ਪਖੇ ਦੀ ਰਸੀ ਕਿਚਦਾ ਰਹਿੰਦਾ ਸੀ। ਪਖੇ ਦੀ ਹਵਾ ਭਾਵੇਂ ਸਾਰੇ ਕਮਰੇ ਵਿਚ ਰੁਮਕਦੀ ਰਹਿੰਦੀ, ਪਰ ਫਿਰ ਵੀ ਉਹ ਆਪ ਗੁਠ ਵਿਚ ਪਰ੍ਹੇ ਬੈਠਾ ਮੁੜਕੋ ਮੁੜਕੀ ਹੁੰਦਾ ਰਹਿੰਦਾ। ਗਰਮੀ ਨਾਲ ਉਸ ਨੂੰ ਘੁਕੀ ਜੇਹੀ ਚੜ੍ਹ ਜਾਂਦੀ। ਸਿਰ ਨੂੰ ਗਰੂਰੀ ਆ ਜਾਂਦੀ ਤੇ ਹਥ ਵਿਚਲੀ ਪਖੇ ਦੀ ਰਸੀ ਹੌਲੀ ਹੌਲੀ ਢਿਲੀ ਹੁੰਦੀ ਖਿਸਕ ਜਾਂਦੀ। ਪਖਾ ਪਹਿਲਾਂ ਆਪਣੇ ਆਪ ਥੋੜ੍ਹੀ ਦੇਰ ਹਿਲਦਾ ਹਿਲਦਾ ਖਲੋ ਜਾਂਦਾ ਤੇ ਘਿਲੂ ਬਾਣੀਏ ਦੇ ਗੰਜ ਉਪਰ ਮੁੜ੍ਹਕੇ ਦੀਆਂ ਬੂੰਦਾਂ ਉਭਰ ਆਉਂਦੀਆਂ। ਉਹ ਤ੍ਰਭਕ ਕੇ ਅਖਾਂ ਖੋਹਲ ਲੈਂਦਾ ਤੇ ਉਹਨੂੰ ਉਚੀ ਸਾਰੀ ਕੋਈ ਗੰਦੀ ਗਾਲ੍ਹ ਕਢਦਾ, ਵਰਾਛਾਂ ਵਿਚ ਵਗ ਚੁਕੀ ਲਾਲ ਨੂੰ ਪੁਠੇ ਕਫ ਨਾਲ ਪੂੰਝਦਾ ਤੇ ਫਿਰ ਹੁਕੇ ਦੀ ਨੜੀ ਮੂੰਹ ਵਿਚ ਪਾ ਕੇ ਫੋਕੀ ਗੁੜਗੁੜ ਕਰਦਾ।

ਉਹ ਉਭੜਵਾਹੇ ਉਠ ਕੇ ਰਸੀ ਖਿਚਦਾ, ਤੇ ਖਿਚਦਾ ਜਾਂਦਾ। ਘਿਲੂ ਬਾਣੀਆ ਪਿਛਲਾ ਗੁੱਸਾ ਭੁਲ ਭੁਲਾ ਜਾਂਦਾ ਤੇ ਫਿਰ ਉਸਨੂੰ ਆਵਾਜ਼ ਦੇਂਦਾ, ਮੀਧੂ!  ਪੁਤ ਆਹ ਹੁਕੇ ਵਿਚ ਅੱਗ ਧਰੀਂ ਜ਼ਰਾ’। ਮੀਧੂ ਸਹਿਜ ਭਾਵ ਨਾਲ ਉਠਦਾ ਤੇ ਹੁਕੇ ਲਈ ਅੱਗ ਬਣਾਉਣ ਲਗਦਾ। ਹੁਕੇ ਦੀ ਟੋਪੀ ਵਿਚ ਅੱਗ ਪਾ ਕੇ ਉਹ ਫਿਰ ਰਸੀ ਉਪਰ ਆ ਬੈਠਦਾ। ਥਕੇਵਾਂ ਤੇ ਗਰਮੀ ਫਿਰ ਅੰਗ ਅੰਗ ਵਿਚ ਆ ਵੜਦੀ। ਫਿਰ ਘਿਲੂ ਸ਼ਾਹ ਦੀ ਗਾਲ੍ਹ ਤੇ ਫਿਰ ਰੱਸੀ ਵਿਚ ਹਰਕਤ। ਟੋਪੀ ਫਿਰ ਗਰਮ ਤੇ ਠੰਢੀ ਹੁੰਦੀ ਰਹਿੰਦੀ। ਤੇ ਏਨੀ ਦੇਰ ਨੂੰ ਡੂੰਘੀਆਂ ਤ੍ਰਿਕਾਲਾਂ ਹੋ ਜਾਂਦੀਆਂ।

ਫਿਰ ਮੀਧੂ ਦਾ ਬਾਪੂ ਮੋਢੇ ਉਪਰ ਚਾਦਰ ਰਖੀ ਦੁਕਾਨ ਤੇ ਆ ਹਾਜ਼ਰ ਹੁੰਦਾ। ਚਾਦਰ ਵਿਛ ਜਾਂਦੀ। ਉਸ ਦੀ ਕੰਨੀ ਕੰਨੀ ਵਿਚ ਗੰਢਾਂ ਬਝ ਜਾਂਦੀਆਂ, ਕਿਸੇ ਵਿਚ ਲੂਣ, ਕਿਧਰੇ ਹਲਦੀ, ਕਿਧਰੇ ਦਾਲ, ਕਿਧਰੇ ਗੁੜ, ਕਿਧਰੇ ਮਿਰਚਾਂ ਤੇ ਹੋਰ ਬਹੁਤ ਕੁਝ। ਉਸ ਦਾ ਬਾਪੂ ਪੋਟਲੀਆਂ ਵਾਲੀ ਚਾਦਰ ਮੋਢੇ ਮਾਰ ਲੈਂਦਾ ਤੇ ਉਸ ਨੂੰ ਉਂਗਲੀ ਲਾ ਕੇ ਪਿੰਡ ਨੂੰ ਤੁਰ ਪੈਂਦਾ।

ਉਦੋਂ ਉਸ ਨੂੰ ਘਿਲੂ ਸ਼ਾਹ ਨਾਲ ਕਿੰਨਾ ਪਿਆਰ ਸੀ। ਉਸ ਨੂੰ ਕਿੰਨਾ ਚੰਗਾ ਲਗਦਾ ਸੀ ਘਿਲੂ ਸ਼ਾਹ, ਜਿਸ ਦੀ ਦੁਕਾਨ ਤੋਂ ਉਸ ਦਾ ਬਾਪੂ ਜੋ ਮਰਜ਼ੀ ਲੈ ਆਉਂਦਾ ਸੀ। ਉਹ ਖੁਸ਼ ਸੀ, ਬਹੁਤ ਖੁਸ਼! ਉਸਨੂੰ ਜੋ ਕਦੀ ਕ੍ਰਹਿਤ ਜਾਂ ਡਰ ਆਉਂਦਾ ਸੀ ਤਾਂ ਉਹ ਲਿਜਲਿਜੇ ਜਿਹੇ ਕਾਕਰੋਚਾਂ ਤੋਂ ਆਉਂਦਾ ਸੀ। ਜਦੋਂ ਉਹ ਘਿਲੂ ਸ਼ਾਹ ਦੀ ਹੱਟੀ ਦੀ ਗੁੱਠ ਵਿਚ ਪੱਖਾ ਝਲ਼ ਰਿਹਾ ਹੁੰਦਾ ਤਾਂ ਅਚਾਨਕ ਕਾਕਰੋਚ ਹਨੇਰੇ ਤੋਂ ਸਲ੍ਹਾਬੇ ਪਿਛਲੇ ਅੰਦਰੋਂ ਨਿਕਲਦੇ, ਆਪਣੀਆਂ ਮੁਛਾਂ ਨਾਲ ਵਾਤਾਵਰਣ ਦਾ ਜਾਇਜ਼ਾ ਲੈਂਦੇ, ਫਿਰ ਹੌਲੀ ਹੌਲੀ ਸਰਕਦੇ ਕਦੀ ਇਸ ਦੇ ਪਿੰਡੇ ਉਤੇ ਆ ਚੜ੍ਹਦੇ, ਕਦੀ ਧੋਣ ਉਤੇ, ਤੇ ਕਦੀ ਚੱਡਿਆਂ ਵਿਚ ਆ ਵੜਦੇ। ਉਹ ਰਸੀ ਸੁਟ ਕੇ ਬੁੜ੍ਹਕ ਉਠਦਾ। ਕਪੜਿਆਂ ਨੂੰ ਇੰਝ ਝਾੜਦਾ ਜਿਵੇਂ ਅੱਗ ਲਗ ਗਈ ਹੋਵੇ। ਪਿਲਪਿਲਾ ਜਿਹਾ ਕਾਕਰੋਚ ਉਹਦੇ ਹਥਾਂ ਨੂੰ ਲਗ ਜਾਂਦਾ ਤਾਂ ਉਹਦੇ ਅੰਦਰ ਕਚਿਆਣ ਭਰ ਜਾਂਦੀ ਸੀ। ਗਲੀਜ਼ ਜਿਹੇ ਇਸ ਕੀੜੇ ਨਾਲ ਉਸ ਨੂੰ ਹਦੋਂ ਵਧ ਨਫਰਤ ਸੀ। ਉਹ ਕਈ ਵਾਰ ਬੁਹਾਰੀ ਫੜ ਕੇ ਉਨ੍ਹਾਂ ਨੂੰ ਮਾਰਨ ਲਈ ਦੌੜਦਾ ਤਾਂ ਉਹ ਪਿਛਲੇ ਢਿਲਕੇ ਹੋਏ ਗੁੜ ਦੀਆਂ ਬੋਰੀਆਂ ਪਿਛੇ ਜਾਂ ਲੂਣ ਤੇਲ ਦੇ ਡਬਿਆਂ ਪਿਛੇ ਜਾ ਛੁਪਦੇ। ਘਿਲੂ ਸ਼ਾਹ ਚੀਕਦਾ ਰਹਿੰਦਾ, ਉਏਂ ਹਰਾਮੀਆ, ਕਿਉਂ ਇਨ੍ਹਾਂ ਪਿਉਆਂ ਪਿਛੇ ਪਿਆ ਹੋਇਆ ਏਂ? ਇਹ ਤੈਨੂੰ ਕੀ ਆਹਦੇ ਨੇ? ਆਪਣੇ ਕਰਮ ਇਹ ਖਾਈ ਜਾਂਦੇ ਨੇ, ਸਾਡਾ ਕੀ ਲੈਂਦੇ ਨੇ?"

ਫਿਰ ਉਹ ਸੋਚਦਾ ਇਹ ਕਾਕਰੋਚ ਘਿਲੂ ਸ਼ਾਹ ਦੇ ਚਿੱਟੇ ਬਿਸਤਰੇ ਉਤੇ ਕਿਉਂ ਨਹੀਂ ਜਾਂਦੇ। ਨਾ ਹੀ ਕਦੀ ਉਸ ਦੇ ਕਪੜਿਆਂ ਵਿਚ ਵੜਦੇ ਹਨ। ਜਿਵੇਂ ਕਾਕਰੋਚਾਂ ਤੇ ਘਿਲੂ ਸ਼ਾਹ ਨੇ ਸਿਰਫ ਉਸ ਦੇ ਖਿਲਾਫ ਹੀ ਕੋਈ ਸਾਜਿਸ਼ ਕੀਤੀ ਹੋਵੇ।

ਸ਼ਾਮ ਨੂੰ ਬਾਪੂ ਦੀ ਉਂਗਲੀ ਲਗਾ ਉਹ ਉਸ ਨੂੰ ਨਿਕੀਆਂ ਨਿਕੀਆਂ ਗਲਾਂ ਪੁਛਦਾ ਜਾਂਦਾ। ਉਸ ਦੀਆਂ ਵਧੇਰੇ ਪੁਛਾਂ ਕਾਕਰੋਚਾਂ ਬਾਰੇ ਹੀ ਹੁੰਦੀਆਂ। ਉਸ ਦਾ ਬਾਪੂ ਉਸ ਨੂੰ ਕਾਕਰੋਚਾਂ ਦੇ ਸੁਭਾਅ ਬਾਰੇ ਦਸਦਾ ਰਹਿੰਦਾ। ਉਸ ਨੂੰ ਸਭ ਤੋਂ ਹੈਰਾਨੀ ਵਾਲੀ ਗਲ ਉਹ ਲਗੀ ਜਦ ਬਾਪੁ ਨੇ ਦਸਿਆ ਸੀ ਕਿ ਕਾਕਰੋਚਾਂ ਦਾ ਲਹੂ ਚਿਟਾ ਹੁੰਦਾ ਹੈ। ਉਸ ਨੂੰ ਇਸ ਗਲ ਉਪਰ ਯਕੀਨ ਹੀ ਨਹੀਂ ਸੀ ਆਇਆ। ਉਸ ਨੇ ਮਨ ਬਣਾਇਆ ਕਿ ਕਦੀ ਘਿਲੂ ਸ਼ਾਹ ਤੋਂ ਚੋਰੀ ਕਿਸੇ ਕਾਕਰੋਚ ਨੂੰ ਮਾਰ ਕੇ ਦੇਖੇਗਾ ਕਿ ਉਸ ਦਾ ਬਾਪੂ ਝੂਠ ਤਾਂ ਨਹੀਂ ਕਹਿ ਰਿਹਾ। ਇਕ ਹੋਰ ਹੈਰਾਨ ਕਰਨ ਵਾਲੀ ਗਲ ਉਸ ਦੇ ਬਾਪੂ ਨੇ ਕਾਕਰੋਚਾਂ ਬਾਰੇ ਇਹ ਦਸੀ ਸੀ ਕਿ ਜਦ ਕਾਕਰੋਚਾਂ ਨੂੰ ਖਾਣ ਨੂੰ ਕੁਝ ਨਾ ਮਿਲੇ ਤਾਂ ਇਹ ਆਪਣੇ ਹੀ ਸਾਥੀਆਂ ਨੂੰ ਖਾ ਜਾਂਦੇ ਹਨ। ਉਹ ਹੈਰਾਨ ਸੀ ਕਿ ਉਸ ਦੇ ਬਾਪੂ ਨੂੰ ਕਾਕਰੋਚਾਂ ਦੀਆਂ ਆਦਤਾਂ ਤੇ ਸੁਭਾਅ ਦਾ ਕਿਵੇਂ ਪਤਾ ਲਗ ਗਿਆ ਸੀ।

ਕਿੰਨੇ ਵਰ੍ਹੇ ਉਸ ਨੂੰ ਘਿਲੂ ਸ਼ਾਹ ਦਾ ਪਖਾ ਖਿਚਦਿਆਂ ਲੰਘ ਗਏ ਸਨ, ਪਰ ਉਹ ਤਾਂ ਵੀ ਖੁਸ਼ ਸੀ। ਉਸ ਨੇ ਤਾਂ ਬਾਕੀ ਜ਼ਿੰਦਗੀ ਵੀ ਇੰਜ ਹੀ ਲੰਘਾ ਦੇਣੀ ਸੀ, ਜੇ ਇਹ ਸਭ ਕੁਝ ਵਾਪਰ ਨਾ ਜਾਂਦਾ, ਜਿਸ ਦੀ ਕਿ ਉਸ ਨੂੰ ਉਕਾ ਆਸ ਨਹੀਂ ਸੀ।

ਉਸ ਨੂੰ ਯਾਦ ਆਉਂਦੀ ਹੈ ਅਜੇ ਵੀ ਉਹ ਘੁੱਪ ਹਨੇਰੀ ਰਾਤ ਜਦ ਮਾੜੀਆਂ ਮਾੜੀਆਂ ਕਣੀਆਂ ਪੈ ਰਹੀਆਂ ਸਨ। ਹਵਾ ਤੇਜ਼ ਚਲ ਰਹੀ ਸੀ। ਉਹਦਾ ਸਾਰਾ ਪਰਿਵਾਰ ਰਾਜ਼ੀ ਖੁਸ਼ੀ ਦੁਪਹਿਰ ਦੇ ਲੂਣ ਵਾਲੇ ਚੌਲ ਸਵੇਰੇ ਦੀ ਮੰਗਵੀਂ ਲਸੀ ਨਾਲ ਖਾ ਕੇ ਸੌਣ ਦੀ ਤਿਆਰੀ ਕਰ ਰਿਹਾ ਸੀ। ਉਸ ਦੀ ਮਾਂ ਨੇ ਮੀਂਹ ਦੇ ਡਰੋਂ ਕੋਠੇ ਉਪਰਲਾ ਮੁਘ ਵੀ ਬੰਦ ਕਰ ਦਿਤਾ ਸੀ ਤੇ ਬਾਪੂ ਨੇ ਤੋਕੜ ਗਾਂ ਨੂੰ ਵੀ ਅੰਦਰ ਕਰ ਦਿਤਾ ਸੀ। ਉਹ ਆਪਣੇ ਬਾਪੂ ਵਾਲੇ ਮੰਜੇ ਉਪਰ ਪੈ ਕੇ ਮਧਮ ਜਿਹੇ ਦੀਵੇ ਦੀ ਲੋਅ ਵਿਚ ਕੋਠੇ ਦੀ ਛਤ ਨੂੰ ਵੇਖ ਰਿਹਾ ਸੀ, ਜਿਸ ਦੀਆਂ ਦੋਵੇਂ ਸ਼ਤੀਰੀਆਂ ਕਈ ਸਾਲਾਂ ਦੀਆਂ ਤਿੜਕੀਆਂ ਹੋਈਆਂ ਸਨ ਤੇ ਉਸ ਦੇ ਬਾਪੂ ਨੇ ਉਹਨਾਂ ਹੇਠ ਥੰਮ੍ਹੀਆਂ ਦਾ ਆਸਰਾ ਦਿਤਾ ਹੋਇਆ ਸੀ।

ਉਹ ਸੱਤ ਉਨੀਂਦੇ ਵਿਚ ਹੀ ਸੀ ਕਿ ਮਾਂ ਦੀ ਸਹਿਮੀ ਹੋਈ ਚੀਕ ਸੁਣੀ। ਉਹਨੇ ਦੇਖਿਆ, ਮਾਂ ਅਤੇ ਬਾਪੂ ਏਨੇ ਡਰੇ ਤੇ ਸਹਿਮੇ ਹੋਏ ਸਨ ਜਿਵੇਂ ਉਨ੍ਹਾਂ ਕਾਲ ਨੂੰ ਪ੍ਰਤਖ ਦੇਖ ਲਿਆ ਹੋਵੇ। ਉਨ੍ਹਾਂ ਆਸ ਵਿਚ ਹੌਲੀ ਹੌਲੀ ਕੁਝ ਸਲਾਹ ਕੀਤੀ ਤੇ ਮਾਂ ਆਪਣੇ ਪਾਟੇ ਪੁਰਾਣੇ ਕਪੜਿਆਂ ਨਾਲ ਬਾਰੀਆਂ ਬੂਹਿਆਂ ਦੀਆਂ ਝੀਤਾਂ ਬੰਦ ਕਰਨ ਲੱਗੀ।

ਉਹ ਉੱਠਿਆ ਤੇ ਬਾਰੀ ਦੀ ਮੋਰੀ ਨੂੰ ਅੱਖ ਲਾ ਕੇ ਬਾਹਰ ਦੇਖਣ ਲੱਗਾ। ਬਾਹਰ ਕਾਕਰੋਚ ਹੀ ਕਾਕਰੋਚ ਸਨ ਜਿਵੇਂ ਕਾਕਰੋਚਾਂ ਦਾ ਹੜ੍ਹ ਆ ਗਿਆ ਹੋਵੇ। ਉਨ੍ਹਾਂ ਦੇ ਕੋਠੇ ਦੇ ਚਾਰ ਚੁਫੇਰੇ ਇੰਨੇ ਕਾਕਰੋਚ ਕਿ ਕੰਧਾਂ ਦਾ ਕੁਝ ਵੀ ਦਿਖਾਈ ਨਹੀਂ ਸੀ ਦੇ ਰਿਹਾ। ਉਸ ਦਾ ਬਾਪੂ ਸ਼ਤੀਰਾਂ ਹੇਠ ਦਿਤੀ ਥਮਮ੍ਹੀ ਨਾਲ ਲੱਗ ਕੇ ਖਲੋਤਾ ਹੋਇਆ ਸੀ ਤੇ ਉਸ ਨੂੰ ਡਰ ਸੀ ਕਿ ਕਾਕਰੋਚਾਂ ਦੇ ਭਾਰ ਨਾਲ ਕੋਠੇ ਦੀ ਛੱਤ ਕਦੇ ਵੀ ਹੇਠਾਂ ਡਿੱਗ ਸਕਦੀ ਹੈ। ਉਸ ਨੇ ਉਨ੍ਹਾਂ ਦੀ ਸੁਰ ਸੁਰ ਸੁਣੀ ਤਾਂ ਉਸ ਦਾ ਮਨ ਫਿਰ ਕਚਿਆਣ ਨਾਲ ਭਰ ਗਿਆ। ਉਸ ਦੀ ਮਾਂ ਭੈ ਨਾਲ ਕੰਬੀ ਜਾ ਰਹੀ ਸੀ ਤੇ ਉਸ ਦੇ ਬਾਪੂ ਦੇ ਮੋਢੇਨਾਲ ਜੁੜ ਕੇ ਖੜ੍ਹੋਤੀ ਹੋਈ ਸੀ।

ਬਾਪੂ ਨੇ ਫਿਰ ਘਬਰਾਹਟ ਵਿਚ ਬੁੜਬੁੜਾਇਆ, ‘ਇਹ ਸਾਨੂੰ ਅਜ ਲੈ ਬਹਿਣਗੇ, "ਤਾਂ ਉਹ ਡਰ ਨਾਲ ਅੰਦਰ ਤਕ ਹਿਲ ਗਿਆ ਸੀ। ਉਹ ਚੀਕਾਂ ਮਾਰ ਕੇ ਰੋਣ ਹੀ ਲੱਗਾ ਸੀ ਕਿ ਉਸ ਦਾ ਬਾਪੂ ਮਾਂ ਵਲ ਵਧਿਆ ਤੇ ਕਹਿਣ ਲਗਾ, ਮੈਂ ਇਨਾਂ ਦੀ ਤਾਸੀਰ ਜਾਣਨਾ ਵਾਂ। ਮੈਂ ਇਨ੍ਹਾਂ ਨੂੰ ਭੁਲਿਆ ਹੋਇਆ ਨਹੀਂ। ਇਨ੍ਹਾਂ ਨੂੰ ਵਾਪਸ ਭੇਜਣ ਦਾ ਇਕੋ ਇਲਾਜ ਏ ਪਈ ਇਨ੍ਹਾਂ ਦਾ ਖੁਨ ਲਾਲ ਕਰ ਦੇਈਏ। ਨਹੀਂ ਤਾਂ ਇਹ ਸਾਨੂੰ ਤਿੰਨਾਂ ਨੂੰ ਹੀ ਖਾ ਜਾਣਗੇ’। ਇਸ ਗਲ ਨੇ ਉਸ ਨੂੰ ਹੋਰ ਵੀ ਭੈਭੀਤ ਕਰ ਦਿਤਾ ਸੀ। ਫਿਰ ਉਸ ਦੀ ਮਾਂ ਨੇ ਬਾਪੂ ਨੂੰ ਕੋਈ ਲਿਸ਼ਕਵੀਂ ਚੀਜ਼ ਫਵਾਈ ਤੇ ਉਸ ਦੀਆਂ ਅੱਖਾਂ ਸਾਹਮਣੇ ਹੀ ਕਦੀ ਨਾ ਭੁਲ ਸਕਣ ਵਾਲਾ ਦ੍ਰਿਸ਼ ਵਾਪਰ ਗਿਆ। ਬਾਪੂ ਨੇ ਆਪਣਾ ਖੱਬਾ ਹੱਥ ਵਢ ਕੇ ਦੂਜੇ ਹਥ ਵਿਚ ਫੜ ਲਿਆ। ਮਾਂ ਨੇ ਸਿਰੋਂ ਚੁੰਨੀ ਲਾਹ ਕੇ ਬਾਪੂ ਦੇ ਵੱਢੇ ਗੁਟ ਉਪਰ ਬੰਨ੍ਹਣੀ ਸੁਰੂ ਕਰ ਦਿਤੀ। ਜਦ ਉਹ ਇਧਰੋਂ ਵਿਹਲੇ ਹੋਏ ਤਾਂ ਬਾਪੂਨੇ ਥੋੜ੍ਹੀ ਜਿਹੀ ਬਾਰੀ ਖੋਹਲ ਕੇ ਆਪਣਾ ਵੱਢਿਆ ਹੱਥ ਗਲੀ ਵਿਚ ਵਗਾਹ ਮਾਰਿਆ। ਸਾਰੇ ਕਾਕਰੋਚ ਵੱਢੇ ਹੋਏ ਹੱਥ ਉਪਰ ਝਪਟ ਪਏ। ਕੁਝ ਹੀ ਮਿੰਟਾਂ ਵਿਚ ਉਥੇ ਸਿਰਫ ਹਥ ਦੀਆਂ ਚਿੱਠੀਆਂ ਹੱਡੀਆਂ ਬਾਕੀ ਸਨ। ਬਾਪੂ ਸਹੀ ਹੀ ਕਹਿੰਦਾ ਸੀ, ਕਾਕਰੋਚਾਂ ਦਾ ਲਹੂ ਲਾਲ ਹੋ ਗਿਆ ਸੀ ਤੇ ਉਹ ਆਪਣੀਆਂ ਲੰਮੀਆਂ ਮੁੱਛਾਂ ਹਿਲਾਉਂਦੇ ਵਾਪਸ ਜਾ ਰਹੇ ਸਨ।

ਤੇ ਫਿਰ ਹਰ ਹਾੜ੍ਹੀ ਸਾਉਣੀ ਬਾਪੂ ਦੇ ਅੰਗ ਇਕ ਇਕ ਕਰਕੇ ਬਾਰੀ ਵਿਚੋਂ ਬਾਹਰ ਕਿਰਦੇ ਰਹੇ ਤੇ ਕਾਕਰੋਚ ਆਪਣਾ ਖੂਨ ਲਾਲ ਕਰਕੇ ਜਾਂਦੇ ਰਹੇ। ਹੁਣ ਸਿਰਫ ਬਾਪੂ ਦਾ ਹੱਥਾਂ ਬਾਂਹਵਾਂ ਤੋਂ ਬਗੈਰ ਕਰੰਗ ਹੀ ਰਹਿ ਗਿਆ ਸੀ, ਜਿਸ ਉਪਰਲਾ ਮਾਸ ਵੀ ਕਾਕਰੋਚਾਂ ਦੀ ਭੇਟਾ ਹੋ ਚੁਕਾ ਸੀ। ਆਖਰ ਇਕ ਰਾਤ ਬਾਪੂ ਦੇ ਕਰੰਗ ਨੂੰ ਵੀ ਮਾਂ ਨੇ ਦੁਖੀ ਹਿਰਦੇ ਨਾਲ ਬਾਰੀ ਥਾਣੀ ਬਾਹਰ ਸਰਕਾ ਦਿਤੀ ਸੀ। ਬਾਪੂ ਦੇ ਜਾਣ ਤੋਂ ਬਾਅਦ ਫਿਰ ਕਦੀ ਕਾਕਰੋਚ ਨਹੀਂ ਸਨ ਆਏ। ਉਹ ਆਪ ਹੁਣ ਭਰ ਜੁਆਨ ਹੋ ਗਿਆ ਸੀ। ਮਾਂ ਕਦੋਂ ਦੀ ਜਾ ਚੁਕੀ ਸੀ। ਤੇ ਉਹ ਪਿੰਡੋ ਸਭ ਕੁਝ ਛਡ ਕੇ ਸਹਿਰ ਆ ਗਿਆ ਸੀ, ਜਿਥੇ ਮਸ਼ੀਨਾਂ ਨਾਲ ਪਿਸ ਪਿਸ ਕੇ ਉਹ ਆਪ ਵੀ ਬਾਪੂ ਵਾਂਗ ਪਿੰਜਰ ਹੋ ਚੁਕਾ ਸੀ। ਮਿੱਲ ਦੇ ਘੁੱਗੂ ਨੇ ਜਿਵੇਂ ਉਸ ਦੇ ਗਲ ਵਿਚ ਕੋਈ ਰੱਸੀ ਪਾਈ ਹੋਵੇ। ਹਰ ਸੁਬ੍ਹਾ ਉਘਲਾਉਂਦਾ ਹੋਇਆ, ਪੈਰ ਧੂੰਹਦਾ, ਸੁਤ ਉਨੀਂਦਾ ਉਹ ਮਿੱਲ ਵਿਚ ਜਾ ਵੜਦਾ ਤੇ ਫਿਰ ਥੱਕਿਆ ਹਾਰਿਆ ਸਲ੍ਹਾਬੇ ਜਿਹੇ ਘਰ ਵਿਚ ਆ ਵੜਦਾ, ਜਿਥੇ ਉਸ ਦੀ ਪਤਨੀ ਹੈ, ਮਰੀਅਲ ਜਿਹਾ ਬੱਚਾ ਹੈ।

ਆਪਣੇ ਮਰੀਅਲ ਜਿਹੇ ਬਚੇ ਨੂੰ ਉਹ ਛਾਤੀ ਉਪਰ ਲੰਮਾ ਪਾ ਕੇ ਅਜੇ ਜਾਗੋ ਮੀਟੀ ਵਿਚ ਹੀ ਸੀ ਕਿ ਉਸ ਨੂੰ ਫਿਰ ਵਰ੍ਹਿਆਂ ਪੁਰਾਣੀ ਉਹੋ ਸੁਰ ਸੁਰ ਸੁਣਾਈ ਦਿਤੀ। ਪਤਨੀ ਡਰਦੀ ਮਾਰੀ ਸਹਿਮੀ ਹੋਈ ਸੀ। ਬੱਚਾ ਡਡਿਆ ਉਠਿਆ ਸੀ। ਬਾਹਰ ਕਾਕਰੋਚ ਹੀ ਕਾਕਰੋਚ ਸਨ। ਉਹ ਸੋਚੀਂ ਪੈ ਗਿਆ ਤੇ ਸੋਚੀਂ ਪਿਆ ਰਿਹਾ। ਪਤਨੀ ਹੰਝੂ ਵਗਾਉਂਦੀ ਕਹਿ ਰਹੀ ਸੀ, ਹੁਣ ਕੀ ਬਣੇਗਾ! ਇਹ ਸਾਡੇ ਵਿਚੋਂ ਕਿਸ ਨੂੰ ਖਾਣਗੇ! ਹਾਏ ਸਾਡਾ ਬੱਚਾ!’

ਪਰ ਉਹ ਸਹਿਜ ਭਾਵ ਨਾਲ ਉਠਿਆ। ਬਚੇ ਦੇ ਸਿਰ ਉਤੇ ਹੱਥ ਰੱਖਿਆ। ਪਤਨੀ ਦੇ ਹੰਝੂ ਪੂੰਝੇ। ਤੇ ਕਹਿਣ ਲੱਗਾ, " ਇਨ੍ਹਾਂ ਦਾ ਇਲਾਜ ਮੈਂ ਜਾਣਦਾ ਹਾਂ। ਪਰ ਮੈਂ ਬਾਪੂ ਵਾਂਗ ਅੰਗ ਅੰਗ ਹੋ ਕੇ ਬਾਹਰ ਨਹੀਂ ਜਾਵਾਂਗਾ। ਮੈਂ ਤਾਂ ਸਾਲਮ ਸਬੂਤਾਂ ਹੀ ਇਨ੍ਹਾਂ ਦੇ ਪੇਸ਼ ਹੋਵਾਂਗਾ। ਤੁਸੀਂ ਮੇਰਾ ਫਿਕਰ ਨਾ ਕਰਿਓ। ਸੁਖੀ ਵਸਿਓ। ਮੈਂ ਕਾਕਰੋਚਾਂ ਦੀ ਫਿਤਰਤ ਜਾਣਦਾ ਹਾਂ’। ਇੰਨਾ ਕਹਿ ਕੇ ਉਹ ਦਰਵਾਜ਼ਿਓਂ ਬਾਹਰ ਹੋ ਗਿਆ। ਪਤਨੀ ਦੀਆਂ ਸਿਸਕੀਆਂ ਤੇ ਬੱਚੇ ਦੀਆਂ ਚੀਕਾਂ ਅਜੇ ਵੀ ਉਸ ਦੇ ਕੰਨਾਂ ਵਿਚ ਗੂੰਜ ਰਹੀਆਂ ਸਨ।

ਤੇ ਹੁਣ ਕਾਕਰੋਚ ਉਸ ਦੇ ਬਚੇ ਦੇ ਜੁਆਨ ਹੋਣ ਦੀ ਉਡੀਕ ਕਰ ਰਹੇ ਸਨ।

5_cccccc1.gif (41 bytes)

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com