sd_100.jpg (6461 bytes)ਦਿੱਲੀ ਉਪਰ ਸਿੱਖਾਂ ਦਾ ਅਧਿਕਾਰ ਅਤੇ ਗੁਰਦੁਆਰਿਆਂ ਦੀ ਉਸਾਰੀ
- ਡਾ· ਦਲਬੀਰ ਸਿੰਘ ਢਿੱਲੋਂ

ਮੁਗਲ ਬਾਦਸ਼ਾਹ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਮੁਗਲ ਸਾਮਰਾਜ ਦਾ ਪਤਨ ਹੋਣਾ ਸ਼ੁਰੂ ਹੋਣ ਨਾਲ ਭਾਰਤ ਵਿੱਚ ਵੱਖ-ਵੱਖ ਤਾਕਤਾਂ ਨੇ ਸਿਰ ਚੁੱਕਣਾ ਸ਼ੁਰੂ ਕਰ ਦਿੱਤਾ। ਔਰੰਗਜ਼ੇਬ ਦੀ ਮੌਤ ਤੋਂ ਬਾਅਦ ਉਸ ਦਾ ਵੱਡਾ ਪੁੱਤਰ ਬਹਾਦਰ ਸ਼ਾਹ ਜ਼ਫਰ (1707-1712) ਉਤਰਾਅਧਿਕਾਰੀ ਬਣਿਆ। ਰਾਜਗੱਦੀ ਪ੍ਰਾਪਤ ਕਰਨ ਸਮੇਂ ਉਹ ਵਡੇਰੀ ਉਮਰ ਦਾ ਸੀ ਅਤੇ ਰਾਜ ਸਬੰਧੀ ਫੈਸਲੇ ਲੈਣ, ਪ੍ਰਸ਼ਾਸਨ ਚਲਾਉਣ ਵਿੱਚ ਢਿੱਲਾ ਅਤੇ ਆਲਸੀ ਮੰਨਿਆ ਜਾਂਦਾ ਸੀ। ਇਸ ਕਰਕੇ ਹੀ ਲੋਕ ਉਸ ਨੂੰ ਸ਼ਾਹ-ਏ-ਬੇਖਬਰ ਆਖਦੇ ਸਨ। ਯੂਰਪੀਅਨ ਇਤਿਹਾਸਕਾਰ ਇਸ ਬਾਦਸ਼ਾਹ ਨੂੰ ਲਿਖਦੇ ਹਨ ਜਿਸ ਦੇ ਫਲਸਰੂਪ ਮੁਗਲ ਸਾਮਰਾਜ ਦੇ ਪਤਨ ਵਿੱਚ ਹੋਰ ਤੇਜ਼ੀ ਆ ਗਈ ਅਤੇ ਵੱਖ-ਵੱਖ ਤਾਕਤਾਂ ਨੇ ਰਾਜ ਸਥਾਪਤ ਕਰਨ ਦੀਆਂ ਤਿਆਰੀਆਂ ਹੋਰ ਤੇਜ਼ ਕਰ ਦਿੱਤੀਆਂ। ਇਸੇ ਕਾਰਨ ਹੀ ਮੱਧਕਾਲੀਨ ਭਾਰਤ ਦੇ ਨਾਮੀ ਇਤਿਹਾਸਕਾਰ ਜਾਦੂਨਾਥ ਸਰਕਾਰ "18ਵੀਂ ਸਦੀ ਦੇ ਪਹਿਲੇ ਅੱਧ ਦੇ ਅੰਤ ਨੂੰ ਭਾਰਤ ਵਿੱਚ ਵਿਦੇਸ਼ੀ ਅਤੇ ਅੰਦਰੂਨੀ ਤਾਕਤਾਂ ਦੀ ਆਪਸੀ ਲੜਾਈ ਦਾ ਘੋਲ ਦੱਸਦੇ ਹਨ।''

sd1_200.jpg (18221 bytes)ਬਹਾਦਰ ਸ਼ਾਹ ਦੇ ਉਤਰਾਧਿਕਾਰੀਆਂ ਸਮੇਂ ਤਾਂ ਮੁਗਲ ਬਾਦਸ਼ਾਹੀ ਦਿਨ-ਬ-ਦਿਨ ਢਹਿੰਦੀਆਂ ਕਲਾਵਾਂ ਵੱਲ ਨੂੰ ਵਧੀ ਅਤੇ ਭਾਰਤ ਵਿੱਚ ਵੱਖਰੇ-ਵੱਖਰੇ ਪ੍ਰਾਂਤਾਂ ਦੀ ਹੋਂਦ ਕਾਇਮ ਹੋ ਗਈ। 18ਵੀਂ ਸਦੀ ਦੇ ਦੂਜੇ ਅੱਧ ਤੋਂ ਬਾਅਦ ਪੂਰਬੀ ਭਾਰਤ ਵੱਲ ਬ੍ਰਿਟਿਸ਼ ਈਸਟ ਇੰਡੀਆ ਕੰਪਨੀ, ਦੱਖਣੀ ਭਾਰਤ ਵੱਲ ਨੂੰ ਮਰਾਠੇ ਅਤੇ ਉਤਰੀ ਭਾਰਤ ਵੱਲ ਸਿੱਖ ਮਿਸਲਦਾਰਾਂ ਨੇ ਆਪਣੀ ਹੋਂਦ ਨੂੰ ਸਪਸ਼ਟ ਰੂਪ ਵਿੱਚ ਕਾਇਮ ਕਰ ਲਿਆ। ਭਾਵੇਂ ਅਫਗਾਨਾਂ ਨੇ ਮੁਗਲਾਂ ਦੀ ਤਾਕਤ ਨੂੰ ਖੇਰੂ-ਖੇਰੂ ਕਰ ਦਿੱਤਾ ਸੀ ਪ੍ਰੰਤੂ 18ਵੀਂ ਸਦੀ ਦੇ ਅੰਤ ਸਮੇਂ ਅਫਗਾਨਾਂ ਦੀ ਆਪਣੀ ਤਾਕਤ ਵੀ ਡਾਵਾਂਡੋਲ ਹੋ ਗਈ ਸੀ। ਮੁਗਲਾਂ ਅਤੇ ਅਫਗਾਨਾਂ ਦੀ ਤਾਕਤ ਦੇ ਪਤਨ ਨਾਲ ਪੰਜਾਬ ਵਿੱਚ ਸਿੱਖਾਂ ਨੇ ਆਪਣੀ ਕਰ ਵਸੂਲੀ (ਰਾਖੀ) ਨੂੰ ਸਿਰਫ ਪੰਜਾਬ ਵਿੱਚ ਹੀ ਨਹੀਂ ਰੱਖਿਆ ਸਗੋਂ ਉਤਰੀ ਭਾਰਤ ਵੱਲ ਵੀ ਕਾਇਮ ਕਰ ਲਿਆ। ਪ੍ਰੋ· ਹਰੀ ਰਾਮ ਗੁਪਤਾ ਦੇ ਕਥਨ ਅਨੁਸਾਰ "18ਵੀਂ ਸਦੀ ਦੇ ਪਿਛਲੇ ਅੱਧ ਦੇ ਅਖੀਰ ਵੱਲ ਨੂੰ ਪੰਜਾਬ ਦੀ ਰਾਜਨੀਤਕ ਅਵਸਥਾ ਲਗਪਗ ਇਹੋ ਜਿਹੀ ਸੀ ਜਿਹੋ ਜਿਹੀ ਬਾਕੀ ਭਾਰਤ ਦੀ ਸੀ। ਸਾਰਾ ਭਾਰਤ ਛੋਟੇ ਵੱਡੇ ਪ੍ਰਾਂਤਾਂ ਵਿੱਚ ਸਵਤੰਤਰ ਰਾਜਾਂ ਦੀ ਤਰ੍ਹਾਂ ਵੰਡਿਆ ਹੋਇਆ ਸੀ।'' ਮੁਗਲ ਬਾਦਸ਼ਾਹ ਸ਼ਾਹ ਆਲਮ ਦੂਜਾ ਇਕ ਕਮਜ਼ੋਰ ਅਤੇ ਬੇਵੱਸ ਬਾਦਸ਼ਾਹ ਸੀ। ਸਾਰੀ ਤਾਕਤ ਦੀ ਵਰਤੋਂ ਉਸ ਦਾ ਵਜ਼ੀਰ ਨਜੀਬ-ਉਦ-ਦਾਉਲਾ ਕਰਦਾ ਸੀ। ਸਿੱਖਾਂ ਦੀ ਵੱਧ ਰਹੀ ਤਾਕਤ ਤੋਂ ਉਹ ਵੀ ਡਰ ਮਹਿਸੂਸ ਕਰਨ ਲੱਗਿਆ। ਅਜਿਹੀ ਸਥਿਤੀ ਵਿੱਚ ਸਿੱਖ ਮਿਸਲਦਾਰ ਆਪਣੀ ਤਾਕਤ ਨੂੰ ਪੰਜਾਬ ਤੋਂ ਬਾਹਰ ਅਜ਼ਮਾਉਣ ਲੱਗੇ। ਜੇਮਜ਼ ਫੋਸਟਰ ਲਿਖਦੇ ਹਨ ਕਿ 'ਸਿੱਖਾਂ ਦੇ ਜਥੇ ਜੋ ਮਿਸਲਾਂ ਦੇ ਰੂਪ ਵਿੱਚ ਪ੍ਰਫੁਲਤ ਹੋਏ, ਉਹ ਆਪਣੀ ਹੱਦਬੰਦੀ ਤੋਂ ਮੁਕਤ ਸਨ ਅਤੇ ਜਿੱਥੇ ਉਨ੍ਹਾਂ ਦਾ ਦਾਅ ਲਗਦਾ ਸੀ, ਲੁੱਟਮਾਰ ਕਰਦੇ ਰਹਿੰਦੇ ਅਤੇ ਅੰਤ ਵਿੱਚ ਉਸ ਇਲਾਕੇ ਦੇ ਲੋਕਾਂ ਦੇ ਬਚਾਓ ਤੇ ਸ਼ਾਂਤੀ ਲਈ ਕਰ ਵਸੂਲੀ (ਰਾਖੀ) ਪ੍ਰਾਪਤ ਕਰਨ ਲਈ ਲੋਕਾਂ ਨੂੰ ਸਹਿਮਤ ਕਰ ਲੈਂਦੇ। ਉਹ ਛੋਟੇ ਆਜ਼ਾਦ ਰਾਜਾਂ ਦੀ ਤਰ੍ਹਾਂ ਕਰ ਵਸੂਲਦੇ ਅਤੇ ਆਪਣਾ ਪ੍ਰਸ਼ਾਸਨ ਚਲਾਉਂਦੇ ਭਾਵੇਂ ਕਿ ਉਹ ਪ੍ਰਸ਼ਾਸਨ ਸਥਾਈ ਨਹੀਂ ਹੁੰਦਾ ਸੀ।'' ਅਲੈਗਜ਼ੈਂਡਰ ਡਾਅ ਅਨੁਸਾਰ "1768 ਈਸਵੀ ਵਿੱਚ ਛੋਟੇ-ਵੱਡੇ ਮਿਸਲਦਾਰਾਂ ਦੀ ਅਤੇ ਸਮੁੱਚੇ ਤੌਰ 'ਤੇ ਘੋੜ ਸਵਾਰਾਂ ਦੀ ਗਿਣਤੀ ਤਕਰੀਬਨ 60,000 ਦੇ ਲਗਪਗ ਸੀ"। ਬਹੁਗਿਣਤੀ ਇਤਿਹਾਸਕਾਰਾਂ ਦਾ ਕਥਨ ਹੈ ਕਿ 1770 ਈਸਵੀ ਨੂੰ ਸਿੱਖ ਮਿਸਲਦਾਰਾਂ ਨੇ ਜਿਨ੍ਹਾਂ ਵਿੱਚ ਜੱਸਾ ਸਿੰਘ ਆਹਲੂਵਾਲੀਆ, ਖੁਸ਼ਹਾਲ ਸਿੰਘ, ਬਘੇਲ ਸਿੰਘ, ਸ਼ਾਮ ਸਿੰਘ, ਤਾਰਾ ਸਿੰਘ, ਕਰੋੜਾ ਸਿੰਘ, ਰਾਏ ਸਿੰਘ ਆਦਿ ਨੇ 40,000 ਤੋਂ ਵੱਧ ਫੌਜ ਲੈ ਕੇ ਦਿੱਲੀ ਦੀ ਹੱਦ ਵੱਲ ਨੂੰ ਵਧਦੇ ਹੋਏ ਗੰਗਾ-ਯਮੁਨਾ ਦੁਆਬ ਵੱਲ ਧਾੜਵੀ ਹਮਲਾ ਕਰ ਦਿੱਤਾ। ਪ੍ਰੋ· ਹਰੀ ਰਾਮ ਗੁਪਤਾ ਅਨੁਸਾਰ "ਯਮੁਨਾ ਪਾਰ ਕਰਕੇ ਗੰਗਾ ਦੁਆਬ ਵੱਲ ਨੂੰ ਆਪਣੀ ਫਤਹਿ ਕਰਦੇ ਹੋਏ ਸਹਾਰਨਪੁਰ, ਮੇਰਠ, ਬਿਜ਼ਨੌਰ, ਸਾਮਲੀ, ਕਾਂਧਲਾ, ਅੰਮਬਨੀ, ਮਿਆਂਪੁਰ, ਦਿਊਬੰਦ, ਮੁਜ਼ੱਫਰਨਗਰ, ਜਵਾਲਾਪੁਰ, ਕਣਖਲ, ਨੰਧੋਅਰਾ, ਨਜ਼ੀਬਾਬਾਦ, ਮੁਰਾਦਾਬਾਦ, ਚੰਦੇਰੀ, ਅਨੂਪ ਸ਼ਹਿਰ, ਗੜਮੁਕਤੇਸਰ ਆਦਿ ਥਾਵਾਂ ਦੇ ਸਿੱਖ ਲੁੱਟਮਾਰ ਕਰਦੇ ਹੋਏ ਆਪਣੀ ਕਰ ਵਸੂਲੀ (ਰਾਖੀ) ਦੀ ਅਧੀਨਤਾ ਸਵੀਕਰ ਕਰਵਾਉਂਦੇ ਹੋਏ ਵਾਪਸ ਪੰਜਾਬ ਪਰਤ ਆਏ"। ਇਨ੍ਹਾਂ ਜਿੱਤਾਂ ਨੇ ਸਿੱਖ ਮਿਸਲਦਾਰਾਂ ਦੇ ਹੌਸਲੇ ਬੁਲੰਦ ਕਰ ਦਿੱਤੇ ਅਤੇ ਉਹ ਸਾਰੇ ਉਤਰ ਪੱਛਮੀ ਭਾਰਤ ਦੇ ਮਾਲਕ ਬਣਨ ਦੀ ਸੋਚਣ ਲੱਗੇ। ਭਾਵੇਂ ਉਨ੍ਹਾਂ ਦੀ ਇਹ ਸੋਚ ਮੁਕੰਮਲ ਰੂਪ ਵਿੱਚ ਪੂਰੀ ਨਹੀਂ ਹੋਈ ਕਿਉਂਕਿ ਸਿੱਖ ਮਿਸਲਦਾਰਾਂ ਦੀ ਆਪਸੀ ਫੁੱਟ, ਰੰਿਜ਼ਸ਼ ਅਤੇ ਇਕ ਦੂਜੇ ਤੋਂ ਆਪਣੇ-ਆਪ ਨੂੰ ਵੱਡਾ ਸਾਬਤ ਕਰਨ ਦੀ ਪਰੰਪਰਾ ਨੇ ਉਨ੍ਹਾਂ ਨੂੰ ਸਾਂਝੀ ਕੜੀ ਵਿੱਚ ਬੱਝਣ ਨਹੀਂ ਦਿੱਤਾ। ਉਹ ਆਪਣੀਆਂ ਵੱਖਰੀਆਂ-ਵੱਖਰੀਆਂ ਜਿੱਤਾਂ ਨੂੰ ਮੁੱਖ ਰੱਖਦੇ ਸਨ ਅਤੇ ਇਸੇ ਕਾਰਨ ਹੀ ਉਹ ਸਮੁੱਚੇ ਤੌਰ 'ਤੇ ਸਥਾਈ ਰੂਪ ਵਿੱਚ ਉਤਰ ਪੱਛਮੀ ਭਾਰਤ ਦੇ ਸ਼ਾਸਕ ਨਾ ਬਣ ਸਕੇ।

ahluwalia-js1_150.jpg (15446 bytes)

ਜੱਸਾ ਸਿੰਘ ਆਹਲੁਵਾਲੀਆ

1774 ਈਸਵੀ ਦੀ ਗਰਮੀ ਰੁੱਤ ਸਮੇਂ ਸਿੱਖ ਮਿਸਲਦਾਰਾਂ ਨੇ ਮੁੜ ਦਿੱਲੀ ਵੱਲ ਨੂੰ ਧਾੜਵੀ ਹਮਲਾ ਕਰ ਦਿੱਤਾ। ਦਿੱਲੀ ਲਾਗਲੇ ਇਲਾਕੇ-ਸ਼ਾਹਦਰਾ, ਵਜ਼ੀਰਾਬਾਦ, ਪਾਲਮਪੁਰ, ਨਜ਼ੱਫਰਗੜ੍ਹ, ਬਾਦਸ਼ਾਹਪੁਰ ਨੂੰ ਲੁੱਟਦੇ ਹੋਏ ਗੰਗਾ-ਦੁਆਬ ਨੂੰ ਪਾਰ ਕਰਕੇ ਮੁੜ ਉਨ੍ਹਾਂ ਸਾਰੇ ਇਲਾਕਿਆਂ ਵਿੱਚੋਂ ਕਰ ਵਸੂਲੀ ਕੀਤੀ ਅਤੇ ਆਪਣੇ ਸਰਦਾਰਾਂ ਨੂੰ ਕਰ ਵਸੂਲੀ (ਰਾਖੀ) ਅਤੇ ਸ਼ਾਸਨ ਪ੍ਰਬੰਧ ਦੀਆਂ ਹਦਾਇਤਾਂ ਦਿੱਤੀਆਂ। ਮੁਗਲ ਬਾਦਸ਼ਾਹ ਆਪਣੀ ਬੇਬਸੀ, ਅਮੀਰਾਂ ਦੀ ਆਪਸੀ ਲੜਾਈ, ਮਰਾਠਿਆਂ ਦੁਆਰਾ ਦਿੱਲੀ ਉੱਤੇ ਰਾਜ ਕਰਨ ਦੀ ਲਾਲਸਾ, ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੁਆਰਾ ਸਾਰੇ ਭਾਰਤ 'ਤੇ ਰਾਜ ਪ੍ਰਬੰਧ ਸਥਾਪਤ ਕਰਨ ਦਾ ਮੰਤਵ ਅਤੇ ਦਿੱਲੀ ਦੀ ਗੰਭੀਰ ਰਾਜਨੀਤਕ ਅਵਸਥਾ ਨੂੰ ਸਮਝਦਾ ਹੋਇਆ ਸਿੱਖਾਂ ਨਾਲ ਸਮਝੌਤਾ ਕਰਨ ਲਈ ਸੋਚਣ ਲੱਗਿਆ। ਇਸ ਮੰਤਵ ਦੀ ਪੂਰਤੀ ਲਈ ਬਾਦਸ਼ਾਹ ਨੇ ਅਬਦੁਲ ਅਹਿਦ ਖਾਨ ਨੂੰ ਦਿਸ਼ਾ ਨਿਰਦੇਸ਼ ਦਿੱਤੇ ਅਤੇ ਰਾਜ ਭਾਗ ਦਾ ਕੁਝ ਉਤਰੀ ਭਾਗ ਸਿੱਖਾਂ ਨੂੰ ਹਿੱਸੇ ਵਿੱਚ ਸਮਝੌਤੇ ਵਜੋਂ ਦੇਣ ਲਈ ਭੇਜਿਆ। ਉਸ ਨੇ ਮੁਗਲ ਬਾਦਸ਼ਾਹ ਵੱਲੋਂ ਹਰ ਸਰਦਾਰ ਨੂੰ 1000 ਘੋੜ ਸਵਾਰ, 500 ਪੈਦਲ ਸੈਨਿਕ ਰੱਖਣ ਲਈ ਕਿਹਾ ਅਤੇ ਹਰ ਘੋੜ ਸਵਾਰ ਨੂੰ 30 ਰੁਪਏ ਮਹੀਨਾ ਤਨਖਾਹ ਅਤੇ ਪੈਦਲ ਸੈਨਿਕ ਨੂੰ 5 ਰੁਪਏ ਮਹੀਨਾ ਤਨਖਾਹ ਦੇਣ ਦੀ ਪੇਸ਼ਕਸ਼ ਕੀਤੀ। ਪ੍ਰੰਤੂ ਇਹ ਸਮਝੌਤਾ ਸਿਰੇ ਨਾ ਚੜ੍ਹ ਸਕਿਆ ਕਿਉਂਕਿ ਇਸ ਸਮੇਂ ਸਿੱਖ ਮਿਸਲਦਾਰ ਦਿੱਲੀ ਦੇ ਨੇੜੇ ਸ਼ਾਹਜਹਾਨਾਬਾਦ ਵਿੱਚ ਆਪਣੇ ਡੇਰੇ ਲਾਈ ਬੈਠੇ ਸਨ ਅਤੇ ਦਿੱਲੀ ਨੂੰ ਜਿੱਤ ਕੇ ਲੁੱਟਣ ਦੇ ਮਨਸੂਬੇ ਬਣਾ ਰਹੇ ਸਨ। ਜੇਮਜ਼ ਫੋਸਟਰ ਅਤੇ ਜੇਮਜ਼ ਬਰਾਊਨ ਆਪਣੀਆਂ ਲਿਖਤਾਂ ਵਿੱਚ ਲਿਖਦੇ ਹਨ ਕਿ "1774 ਈਸਵੀ ਤੋਂ ਲੈ ਕੇ ਅਗਲੇ 10 ਸਾਲਾਂ ਤੱਕ ਸਿੱਖ ਮਿਸਲਦਾਰ ਇਸੇ ਤਰ੍ਹਾਂ ਦੀ ਦਿੱਲੀ ਲਾਲ ਕਿਲੇ ਦੇ ਲਾਗਲੇ ਹਿੱਸੇ ਅਤੇ ਗੰਗਾ-ਯਮੁਨਾ ਦੁਆਬ ਤੋਂ ਆਪਣੀ ਕਰ ਵਸੂਲੀ ਕਰਦੇ ਰਹੇ"।

ਪਾਣੀਪਤ ਦੇ ਤੀਸਰੇ ਯੁੱਧ (1761) ਵਿੱਚ ਭਾਵੇਂ ਮਰਾਠੇ ਅਫਗਾਨਾਂ ਤੋਂ ਹਾਰ ਚੁੱਕੇ ਸਨ ਪ੍ਰੰਤੂ ਉਨ੍ਹਾਂ ਨੇ ਦੁਬਾਰਾ ਤੋਂ ਆਪਣੀ ਸ਼ਕਤੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਦਿੱਲੀ ਨੂੰ ਜਿੱਤਣ ਦੇ ਮਨਸੂਬੇ ਘੜਣ ਲੱਗੇ। ਦੂਸਰੇ ਪਾਸੇ ਅੰਗਰੇਜ਼ ਵੀ ਦਿੱਲੀ ਵਿੱਚ ਆਪਣਾ ਪੜਾਅ ਪਾਉਣ ਦੀਆਂ ਵਿਊਂਤਾਂ ਬਣਾ ਰਹੇ ਸਨ। ਰੁਹੇਲਾ ਜਾਟ ਅਤੇ ਸਿੱਖ ਮਿਸਲਦਾਰ ਵੀ ਦਿੱਲੀ 'ਤੇ ਕਾਬਜ਼ ਹੋਣ ਲਈ ਤਿਆਰੀਆਂ ਕਰ ਰਹੇ ਸਨ। ਅਜਿਹੀ ਸਥਿਤੀ ਵਿੱਚ ਸਿੱਖ ਮਿਸਲਦਾਰ ਮੌਕੇ ਦੀ ਤਾਕ ਵਿੱਚ ਸਨ ਕਿ ਕਦੋਂ ਦਿੱਲੀ ਉੱਤੇ ਹਮਲਾ ਕਰਕੇ ਲਾਲ ਕਿਲ੍ਹੇ ਅੰਦਰ ਉਹ ਆਪਣੀ ਪ੍ਰਭੂਸੱਤਾ ਕਾਇਮ ਕਰ ਸਕਣ। ਯੂਰਪੀਅਨ ਲਿਖਾਰੀ ਫਰੈਕਲੀਨ ਆਪਣੀ ਲਿਖਤ 'ਸ਼ਾਹ ਆਲਮ' (1798) ਵਿੱਚ ਲਿਖਦੇ ਹਨ ਕਿ "1780 ਤੋਂ ਬਾਅਦ ਮੁਗਲ ਬਾਦਸ਼ਾਹ ਸਿਰਫ ਨਾਂ ਵਜੋਂ ਹੀ ਰਹਿ ਗਿਆ ਸੀ"। ਉਸ ਦੇ ਰਾਜ ਦੀ ਸੀਮਾ ਦਿੱਲੀ ਤੋਂ ਪਾਲਮਪੁਰ ਪਿੰਡ ਤੱਕ ਹੀ ਰਹਿ ਗਈ ਸੀ। ਅਜਿਹੀ ਸਥਿਤੀ ਦਾ ਲਾਭ ਉਠਾਉਂਦੇ ਹੋਏ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਬਘੇਲ ਸਿੰਘ ਅਤੇ ਕੁਝ ਹੋਰ ਸਰਦਾਰਾਂ ਨੇ ਰਲ ਕੇ ਦਿੱਲੀ ਦੇ ਲਾਲ ਕਿਲੇ 'ਤੇ ਹਮਲਾ ਕਰ ਦਿੱਤਾ। ਮੁਗਲ ਬਾਦਸ਼ਾਹ ਸ਼ਾਹ ਆਲਮ ਦੂਜਾ ਆਪਣੀ ਜਾਨ ਬਚਾਉਂਦਾ ਹੋਇਆ ਜ਼ਨਾਨ-ਖਾਨੇ ਵਿੱਚ ਜਾ ਲੁਕਿਆ। ਸਿੱਖ ਦੀਵਾਨ-ਏ-ਆਮ ਵਿੱਚ ਦਾਖਲ ਹੋਏ। ਸਰਦਾਰ ਬਘੇਲ ਸਿੰਘ ਨੇ ਜੱਸਾ ਸਿੰਘ ਆਹਲੂਵਾਲੀਏ ਨੂੰ ਦਿੱਲੀ ਦੇ ਤਖ਼ਤ ਉਪਰ 11 ਮਾਰਚ 1783 ਈ· ਨੂੰ ਬਿਠਾਇਆ ਅਤੇ ਮੋਰ ਪੰਖੜਿਆਂ ਵਾਲਾ ਚੌਰ ਜੋ ਤਖ਼ਤ ਕੋਲ ਪਿਆ ਸੀ, ਨੂੰ ਉਠਾ ਕੇ ਸਿੱਖ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੇ ਸਿਰ ਉਪਰ ਫੇਰ ਕੇ ਉਸ ਨੂੰ ਨਿਵਾਜਿਆਂ। ਬੋਲੇ ਸੋ ਨਿਹਾਲ ਦੇ ਜੈਕਾਰਿਆ ਨਾਲ ਦਿੱਲੀ ਦਾ ਲਾਲ ਕਿਲ੍ਹਾ ਗੂੰਜ ਉਠਿਆ ਅਤੇ ਦਿੱਲੀ ਉਪਰ ਸਿੱਖਾਂ ਦੀ ਹਕੂਮਤ ਦੇ ਦਿਨ ਸ਼ੁਰੂ ਹੋ ਗਏ।

ramgharia-js1_150.jpg (18224 bytes)

ਜੱਸਾ ਸਿੰਘ ਰਾਮਗੜ੍ਹੀਆ

ਪ੍ਰੰਤੂ ਕੁਝ ਸਰਦਾਰਾਂ ਨੂੰ ਖਾਸ ਤੌਰ 'ਤੇ ਜੱਸਾ ਸਿੰਘ ਰਾਮਗੜ੍ਹੀਏ ਨੂੰ ਜੱਸਾ ਸਿੰਘ ਆਹਲੂਵਾਲੀਆ ਦਾ ਰਾਜ ਸਿੰਘਾਸਨ ਉੱਤੇ ਬੈਠਣਾ ਚੰਗਾ ਨਾ ਲੱਗਾ ਜਿਸ ਕਾਰਨ ਸਿੱਖਾਂ ਵਿੱਚ ਆਪਸੀ ਫੁੱਟ ਦੀਆਂ ਤਰੇੜਾਂ ਸਾਹਮਣੇ ਆਉਣ ਲੱਗੀਆਂ। ਇਸ ਨੂੰ ਮਹਿਸੂਸ ਕਰਦੇ ਹੋਏ ਜੱਸਾ ਸਿੰਘ ਆਹਲੂਵਾਲੀਆ ਨੇ ਤਖ਼ਤ ਤੋਂ ਉਤਰ ਕੇ ਸਿੱਖ ਕੌਮ ਦੀ ਏਕਤਾ ਦਾ ਪ੍ਰਤੀਕ ਬਣਦੇ ਹੋਏ ਕਿਹਾ ਕਿ "ਇਹ ਤਖ਼ਤ ਮੇਰਾ ਨਹੀਂ ਸਗੋਂ ਸਾਰੀ ਸਿੱਖ ਕੌਮ ਖਾਲਸਾ ਪੰਥ ਦਾ ਹੈ"। ਇਸ ਕਾਰਨ ਜੱਸਾ ਸਿੰਘ ਰਾਮਗੜ੍ਹੀਆ ਜੋ ਵਿਰੋਧਤਾ ਕਰਦਾ ਸੀ ਸ਼ਾਂਤ ਹੋ ਗਿਆ ਤੇ ਦਿੱਲੀ ਵਿੱਚੋਂ ਕੁਝ ਛੋਟੀਆਂ ਤੋਪਾਂ ਅਤੇ ਸਾਮਾਨ ਲੁੱਟਦਾ ਹੋਇਆ ਲਾਲ ਕਿਲੇ 'ਚੋਂ ਬਾਹਰ ਪੰਜਾਬ ਵੱਲ ਨੂੰ ਪਰਤ ਆਇਆ। ਅਜਿਹੀ ਸਥਿਤੀ ਵਿੱਚ ਸਿੱਖ ਮਿਸਲਦਾਰ ਬਘੇਲ ਸਿੰਘ ਨੇ ਦਿੱਲੀ ਦੇ ਰਾਜ ਭਾਗ ਦੀ ਵਾਗਡੋਰ ਸੰਭਾਲੀ ਅਤੇ ਕਰ ਵਸੂਲੀ ਦੇ ਸਿੱਧੇ ਹੁਕਮ ਸਿੱਖਾਂ ਨੂੰ ਕਰਨ ਲਈ ਦਿੱਤੇ। ਇਸ ਤਰ੍ਹਾਂ ਦੇ ਵਿਚਾਰ ਤਹਿਮਸ ਖਾਨ ਮਸਕੀਨ ਆਪਣੀ ਲਿਖਤ 'ਤਾਜਕੀਰਾਹ-ਏ-ਤਹਿਮਸ ਖਾਨ ਮਸਕੀਨ' (1780) ਵਿੱਚ ਲਿਖਦੇ ਹਨ।

ਮੁਗਲ ਬਾਦਸ਼ਾਹ ਸ਼ਾਹ ਆਲਮ ਦੂਜੇ ਨੇ ਸਿੱਖਾਂ ਨੂੰ ਦਿੱਲੀ 'ਚੋਂ ਬਾਹਰ ਕੱਢਣ ਵਿਚ ਆਪਣੇ ਆਪ ਨੂੰ ਅਸਮਰਥ ਸਮਝਦੇ ਹੋਏ ਆਪਣੀ ਇਕ ਵਫਾਦਾਰ ਔਰਤ ਬੇਗਮ ਸਮਰੋ ਨੂੰ ਦਿੱਲੀ ਦੇ ਲਾਲ ਕਿਲ੍ਹੇ ਅੰਦਰ ਜਾ ਕੇ ਸਿੱਖਾਂ ਨਾਲ ਸਮਝੌਤਾ ਕਰਨ ਲਈ ਸੁਨੇਹਾ ਭੇਜਿਆ। ਬੇਗਮ ਸਮਰੋ ਨੇ ਬਾਦਸ਼ਾਹ ਦੇ ਪੱਖ ਤੋਂ ਸਿੱਖਾਂ ਨੂੰ ਅਪੀਲ ਕਰਦੇ ਹੋਏ ਬੇਨਤੀ ਕੀਤੀ ਜੋ ਕਿ ਸਿੱਖ ਸਰਦਾਰ ਬਘੇਲ ਸਿੰਘ ਨੇ ਕੁਝ ਸ਼ਰਤਾਂ ਰੱਖ ਕੇ ਮੰਨ ਲਈ। ਸਰਦਾਰ ਬਘੇਲ ਸਿੰਘ ਨੇ ਕਿਹਾ ਕਿ ਦਿੱਲੀ ਦੀ ਹਕੂਮਤ ਉਦੋਂ ਤੱਕ ਸਿੱਖ ਕਰਦੇ ਰਹਿਣਗੇ ਜਦੋਂ ਤੱਕ ਉਹ ਸਿੱਖਾਂ ਦੇ ਗੁਰਦੁਆਰਿਆਂ ਦੀ ਦਿੱਲੀ ਵਿਚ ਉਸਾਰੀ ਨਹੀਂ ਕਰਵਾ ਲੈਂਦੇ। ਇਸ ਤਰ੍ਹਾਂ ਸਰਦਾਰ ਬਘੇਲ ਸਿੰਘ ਨੇ 11 ਮਾਰਚ 1783 ਤੋਂ ਜਨਵਰੀ 1784 ਈਸਵੀ ਤੱਕ ਦਿੱਲੀ ਦੇ ਲਾਲ ਕਿਲ੍ਹੇ 'ਤੇ ਹਕੂਮਤ ਕਰਕੇ ਦਿੱਲੀ ਵਾਸੀਆਂ ਨੂੰ ਬਾਹਰਲੇ ਹਮਲਿਆਂ ਤੋਂ ਬਚਾਇਆ। ਸਿੱਖਾਂ ਦੇ ਗਸ਼ਤੀ ਟੋਲੇ ਰਾਤ ਨੂੰ ਦਿੱਲੀ ਵਿਚ ਗਸ਼ਤ ਕਰਦੇ ਅਤੇ ਅਮਨੋ-ਅਮਾਨ ਦੀ ਰਾਖੀ ਕਰਦੇ ਜਿਸ ਦੇ ਫਲਸਰੂਪ ਦਿੱਲੀ ਵਿਚ ਮੁੜ ਸੁਖ-ਸ਼ਾਂਤੀ ਦੀ ਸ਼ੁਰੂਆਤ ਹੋਈ।

gurdwara-bangla-sahib1_150.jpg (11607 bytes)

ਗੁਰਦੁਆਰਾ ਬੰਗਲਾ ਸਾਹਿਬ

ਸਰਦਾਰ ਬਘੇਲ ਸਿੰਘ ਨੇ ਆਪਣੇ ਬਾਦਸ਼ਾਹੀ ਸਮੇਂ ਦੌਰਾਨ ਦਿੱਲੀ ਵਿਚ ਗੁਰਦੁਆਰਿਆਂ ਦੀ ਉਸਾਰੀ ਲਈ "ਚੂੰਗੀ ਵਸੂਲੀ" ਦਾ 37·5 ਪ੍ਰਤੀਸ਼ਤ ਭਾਗ ਸਿੱਖਾਂ ਨੂੰ ਆਪਣੇ ਕੋਲ ਰੱਖਣ ਦਾ ਹੁਕਮ ਦਿੱਤਾ। ਕੋਤਵਾਲੀ, ਚਾਂਦਨੀ ਚੌਕ ਅਤੇ ਸ਼ਹਿਰ ਦੀਆਂ ਸਾਰੀਆਂ ਚੂੰਗੀਆਂ ਦਾ ਅਧਿਕਾਰ ਆਪਣੇ ਕੋਲ ਰੱਖਣ ਦਾ ਹੁਕਮ ਦਿੱਤਾ। ਸਿੱਖ ਸਰਦਾਰਾਂ ਨੇ ਆਪਣਾ ਵੱਖਰਾ ਮੁੱਖ ਦਫਤਰ ਸਬਜ਼ੀ ਮੰਡੀ ਵਿਚ ਬਣਾ ਲਿਆ ਤਾਂ ਜੋ ਉਨ੍ਹਾਂ ਦੁਆਰਾ ਬਣਾਈਆਂ ਜਾਂਦੀਆਂ ਯੋਜਨਾਵਾਂ ਬਾਰੇ ਲਾਲ ਕਿਲ੍ਹੇ ਦੇ ਛੜਯੰਤਰੀ ਅਫਸਰ ਨਾ ਭਾਂਪ ਸਕਣ। ਇਸੇ ਕਰਕੇ ਸਿੱਖ ਸਰਦਾਰਾਂ ਨੇ ਲਾਲ ਕਿਲੇ ਤੋਂ ਹਟਵੀਂ ਅਤੇ ਨਿਵੇਕਲੀ ਥਾਂ 'ਤੇ 30 ਹਜ਼ਾਰ ਫੌਜ ਨਾਲ ਆਪਣਾ ਪੜਾਅ ਪਾਇਆ ਇਸ ਥਾਂ ਨੂੰ ਹੁਣ ਦਿੱਲੀ ਵਿਖੇ 30 ਹਜ਼ਾਰੀ ਨਾਂ ਨਾਲ ਜਾਣਿਆ ਜਾਂਦਾ ਹੈ। ਬਘੇਲ ਸਿੰਘ ਨੇ 4000 ਦੀ ਸੈਨਾ ਸਮੇਤ ਦਿੱਲੀ ਵਿਚ ਹੀ ਡੇਰੇ ਲਗਾਈ ਰੱਖੇ। ਬਾਕੀ ਸੈਨਾ ਅਤੇ ਸਰਦਾਰਾਂ ਨੂੰ ਹੁਕਮ ਦਿੱਤਾ ਕਿ ਉਹ ਦਿੱਲੀ ਨੂੰ ਛੱਡ ਕੇ ਦਿੱਲੀ ਦੇ ਬਾਹਰਲੇ ਇਲਾਕਿਆਂ ਅਤੇ ਗੰਗਾ-ਯਮੁਨਾ ਦੁਆਬ ਵੱਲ ਆਪਣੀ ਪ੍ਰਭੂਸੱਤਾ ਕਾਇਮ ਰੱਖਣ ਤਾਂ ਜੋ ਦਿੱਲੀ ਦੇ ਲਾਲ ਕਿਲ੍ਹੇ ਅੰਦਰ ਬਗਾਵਤ ਕਰਨ ਵਾਲਿਆਂ ਦੇ ਮਨ ਵਿਚ ਡਰ ਭੈਅ ਪੈਦਾ ਰਹੇ। ਬੇਗਮ ਸਮਰੋ ਨੇ ਸਰਦਾਰ ਬਘੇਲ ਸਿੰਘ ਨੂੰ ਆਦਰ ਤੇ ਸਤਿਕਾਰ ਸਾਹਿਤ ਇਸ ਗੱਲ ਲਈ ਵੀ ਮੰਨਵਾ ਲਿਆ ਕਿ ਗੁਰਦੁਆਰਿਆਂ ਦੀ ਉਸਾਰੀ ਤੋਂ ਬਾਅਦ ਸਿੱਖ ਫੌਜਾਂ ਦਿੱਲੀ ਨੂੰ ਵਾਪਸ ਮੁਗਲ ਬਾਦਸ਼ਾਹ ਦੇ ਹਵਾਲੇ ਕਰਕੇ ਪੰਜਾਬ ਵੱਲ ਨੂੰ ਪਰਤ ਜਾਣਗੀਆਂ।

gurdwara-sis-ganj1-150.jpg (13717 bytes)

ਗੁਰਦੁਆਰਾ ਸੀਸ ਗੰਜ

ਸ਼ਾਹ ਆਲਮ ਦੂਜੇ ਨੇ ਸਿੱਖ ਸਰਦਾਰਾਂ ਨੂੰ ਤਿੰਨ ਲੱਖ ਰੁਪਏ ਕੜਾਹ ਪ੍ਰਸ਼ਾਦ ਲਈ ਭੇਟਾ ਦਿੱਤੀ ਜੋ ਰਕਮ ਉਸ ਸਮੇਂ ਸ਼ਾਹ ਆਲਮ ਦੂਜੇ ਲਈ ਬਹੁਤ ਵੱਡੀ ਸੀ। ਸਰਦਾਰ ਬਘੇਲ ਸਿੰਘ ਨੇ ਦਿੱਲੀ ਵਿਚ ਸਭ ਤੋਂ ਪਹਿਲਾਂ ਮਾਤਾ ਸੁੰਦਰੀ ਅਤੇ ਮਾਤਾ ਸਾਹਿਬ ਦੇਵਾਂ ਦੀ ਯਾਦ ਵਿਚ ਗੁਰਦੁਆਰਿਆਂ ਦਾ ਨਿਰਮਾਣ ਕਰਵਾਇਆ। ਦੂਸਰਾ ਗੁਰਦੁਆਰਾ ਮਹਾਰਾਜੇ ਜੈ ਸਿੰਘ ਦੇ ਜੈ ਸਿੰਘਪੁਰੇ ਵਿਖੇ ਬਣਵਾਇਆ ਜਿਸ ਨੂੰ ਅੱਜ ਕੱਲ੍ਹ ਗੁਰਦੁਆਰਾ 'ਬੰਗਲਾ ਸਾਹਿਬ' ਕਿਹਾ ਜਾਂਦਾ ਹੈ ਅਤੇ ਯਮਨਾ ਨਦੀ ਦੇ ਕੰਢੇ 'ਤੇ ਗੁਰੂ ਹਰਕ੍ਰਿਸ਼ਨ ਸਾਹਿਬ, ਮਾਤਾ ਸੁੰਦਰੀ ਅਤੇ ਮਾਤਾ ਸਾਹਿਬ ਦੇਵਾਂ ਦੇ ਅੰਗੀਠੇ ਦੀਆਂ ਯਾਦਗਾਰਾਂ ਵੀ ਕਾਇਮ ਕੀਤੀਆਂ। ਤੀਸਰਾ ਗੁਰਦੁਆਰਾ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਵਾਲੀ ਥਾਂ ਚਾਂਦਨੀ ਚੌਕ ਵਿਖੇ ਬਣਵਾਇਆ। ਇਸ ਤੋਂ ਇਲਾਵਾ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਵਾਲੀ ਥਾਂ 'ਤੇ ਅਤੇ ਜਿਥੇ ਉਨ੍ਹਾਂ ਦਾ ਦਾਹ ਸਸਕਾਰ ਕੀਤਾ ਗਿਆ ਉਨ੍ਹਾਂ ਥਾਵਾਂ 'ਤੇ ਗੁਰਦੁਆਰਿਆਂ ਦੇ ਨਿਰਮਾਣ ਦੀ ਯੋਜਨਾ ਤਿਆਰ ਕੀਤੀ ਗਈ। ਉਸ ਸਮੇਂ ਉਪਰੋਕਤ ਦੋਵੇਂ ਥਾਵਾਂ 'ਤੇ ਮਸਜਿਦਾਂ ਬਣੀਆਂ ਹੋਣ ਕਾਰਨ ਸਮੱਸਿਆਵਾਂ ਆ ਰਹੀਆਂ ਸਨ। ਸਭ ਤੋਂ ਪਹਿਲਾਂ ਸਿੱਖਾਂ ਨੇ ਮਸਜਿਦ ਨੂੰ ਢਾਹ ਕੇ 'ਰਕਾਬ ਗੰਜ' ਗੁਰਦੁਆਰੇ ਦੀ ਨੀਂਹ ਰੱਖੀ ਜਿਸ ਕਾਰਨ ਦਿੱਲੀ ਦੇ ਮੁਸਲਮਾਨਾਂ ਨੇ ਬਾਦਸ਼ਾਹ ਸ਼ਾਹ ਆਲਮ ਦੂਜੇ ਪ੍ਰਤੀ ਹੀ ਨਹੀਂ, ਸਗੋਂ ਸਿੱਖਾਂ ਵਿਰੁੱਧ ਵੀ ਆਪਣਾ ਵਿਰੋਧ ਪ੍ਰਗਟ ਕੀਤਾ। ਬਾਦਸ਼ਾਹ ਨੇ ਇਹ ਕਹਿੰਦੇ ਹੋਏ ਮੁਸਲਮਾਨਾਂ ਨੂੰ ਸ਼ਾਂਤ ਕੀਤਾ ਕਿ ਜੇਕਰ ਇਸ ਵਿਰੁੱਧ ਲੜਾਈ ਝਗੜਾ ਕੀਤਾ ਤਾਂ ਸਿੱਖਾਂ ਨੇ ਦਿੱਲੀ ਵਿਚੋਂ ਲੁੱਟ-ਖਸੁੱਟ ਦੇ ਨਾਲ ਨਾਲ ਕਤਲ-ਏ-ਆਮ ਵੀ ਕਰਨਾ ਹੈ। ਜਦੋਂ ਬਘੇਲ ਸਿੰਘ ਦੁਆਰਾ ਗੁਰਦੁਆਰਾ ਸ਼ੀਸ਼ ਗੰਜ ਦੀ ਨੀਂਹ ਰੱਖਣੀ ਚਾਹੀ ਤਾਂ ਮੁਸਲਮਾਨਾਂ ਵੱਲੋਂ ਸਖਤ ਵਿਰੋਧ ਹੋਣਾ ਸ਼ੁਰੂ ਹੋ ਗਿਆ। ਗਿਆਨੀ ਗਿਆਨ ਸਿੰਘ ਲਿਖਦੇ ਹਨ ਕਿ "ਸਰਦਾਰ ਬਘੇਲ ਸਿੰਘ ਨੇ ਇਕ ਬੁੱਢੀ ਤੀਵੀਂ, ਜਿਸ ਦਾ ਖਾਵੰਦ ਉਸ ਸਮੇਂ ਮਸ਼ਕ ਲੈ ਕੇ ਗੁਰੂ ਤੇਗ ਬਹਾਦਰ ਪਾਸ ਖਲੋਤਾ ਸੀ, ਤੋਂ ਪੁੱਛਿਆ ਕਿ ਦੱਸ ਸ਼ਹਾਦਤ ਵਾਲੀ ਥਾਂ ਕਿਹੜੀ ਹੈ, ਇਸ ਉਪਰੰਤ ਉਸ ਨੇ ਦੱਸਿਆ ਕਿ ਬੋਹੜ ਦੇ ਦਰਖਤ ਪਾਸ ਜਿਥੇ ਮਸਜਿਦ ਬਣੀ ਹੋਈ ਹੈ ਇਥੇ ਉਹ ਘਟਨਾ ਵਾਪਰੀ ਸੀ'' ਵਾਕਿਆ-ਏ-ਸ਼ਾਹ ਆਲਮ ਸਾਨੀ ਦੇ ਲਿਖਾਰੀ ਅਨੁਸਾਰ "ਮੁਗਲ ਬਾਦਸ਼ਾਹ ਸ਼ਾਹ ਆਲਮ ਦੀ ਦਖਲਅੰਦਾਜ਼ੀ ਨਾਲ ਦਿੱਲੀ ਦੇ ਮੁਸਲਮਾਨਾਂ ਦੀ ਸਹਿਮਤੀ ਲੈ ਕੇ ਇਹ ਗੁਰਦੁਆਰਾ ਮਸਜਿਦ ਦੇ ਨਾਲ ਵਾਲੀ ਦੀਵਾਰ ਨੂੰ ਢਾਹ ਕੇ ਬਣਾਇਆ ਗਿਆ ਅਤੇ ਇਸ ਦਾ ਨਾਂ ਗੁਰਦੁਆਰਾ ਸ਼ੀਸ਼ ਗੰਜ ਰੱਖਿਆ ਗਿਆ"।

1857 ਈ· ਦੇ ਗਦਰ ਦੌਰਾਨ ਜੀਂਦ ਦੇ ਰਾਜਾ ਸਰੂਪ ਸਿੰਘ ਨੇ ਅੰਗਰੇਜ਼ਾਂ ਦੀ ਸਲਾਹ ਨਾਲ ਇਸ ਮਸਜਿਦ ਨੂੰ ਢਾਹ ਕੇ ਇਸ ਗੁਰਦੁਆਰੇ ਦੇ ਚਾਰ-ਚੁਫੇਰੇ ਵਧੇਰੀ ਥਾਂ ਮਲ ਲਈ। ਛੇਵਾਂ ਗੁਰਦੁਆਰਾ ਮਜ਼ਨੂ ਦਾ ਟਿੱਲਾ ਵਾਲੀ ਥਾਂ 'ਤੇ ਬਣਵਾਇਆ ਗਿਆ ਜਿਥੇ ਗੁਰੂ ਨਾਨਕ ਤੇ ਭਾਈ ਮਰਦਾਨਾ ਅਤੇ ਬਾਅਦ ਵਿਚ ਗੁਰੂ ਹਰਗੋਬਿੰਦ ਸਾਹਿਬ ਠਹਿਰੇ ਸਨ। ਸੱਤਵਾਂ ਗੁਰਦੁਆਰਾ ਮੋਤੀ ਬਾਗ ਵਿਖੇ ਬਣਾਇਆ ਗਿਆ ਜਿਥੇ ਗੁਰੂ ਗੋਬਿੰਦ ਸਿੰਘ ਠਹਿਰੇ ਸਨ। ਸਰਦਾਰ ਬਘੇਲ ਸਿੰਘ ਨੇ ਉਨ੍ਹਾਂ ਸਾਰੀਆਂ ਥਾਵਾਂ 'ਤੇ ਗੁਰਦੁਆਰਿਆਂ ਦਾ ਨਿਰਮਾਣ ਕਰਵਾਇਆ ਜਿਹੜੀਆਂ ਗੁਰੂ ਸਾਹਿਬਾਨ ਦੀ ਯਾਦ ਨਾਲ ਜੁੜੀਆਂ ਹੋਈਆਂ ਸਨ। ਜੀ·ਡਬਲਿਊ· ਫੌਰੈਸਟ ਜਿਸ ਨੇ ਚਿੱਠੀਆਂ, ਲਿਖਤਾਂ ਅਤੇ ਹੋਰ ਸਰਕਾਰੀ ਚਿੱਠੀਆਂ 1772 ਤੋਂ 1785 ਦੇ ਸਮੇਂ ਦੀਆਂ ਨੂੰ ਤਿੰਨ ਜਿਲਦਾਂ ਵਿਚ ਕਲਮਬੰਦ ਕੀਤਾ। ਤੀਸਰੀ ਜਿਲਦ ਵਿਚ ਉਨ੍ਹਾਂ ਵਰਨਣ ਕੀਤਾ ਹੈ ਕਿ "ਇਨ੍ਹਾਂ ਗੁਰਦੁਆਰਿਆਂ ਦੇ ਨਾਂ 'ਤੇ ਬਹੁਤ ਸਾਰੀਆਂ ਧਰਮ-ਅਰਥ ਗ੍ਰਾਂਟਾਂ ਅਤੇ ਮਾਇਕ ਰੂਪ ਲੋਕਾਂ ਨੇ ਖੁੱਲ੍ਹੇ ਦਿਲ ਨਾਲ ਸਹਾਇਤਾ ਕੀਤੀ"। ਇਸੇ ਤਰ੍ਹਾਂ ਦੇ ਵਿਚਾਰ ਬਾਅਦ ਵਿਚ ਰਤਨ ਸਿੰਘ ਭੰਗੂ ਨੇ ਵੀ ਦਿੱਤੇ। ਮੱਧਕਾਲੀਨ ਭਾਰਤ ਦੇ ਇਤਿਹਾਸਕਾਰਾਂ ਅਨੁਸਾਰ 1784 ਈਸਵੀ ਦੇ ਅਖੀਰਲੇ ਮਹੀਨੇ ਤੱਕ ਸਿੱਖਾਂ ਨੇ ਗੁਰਦੁਆਰਿਆਂ ਦੀ ਉਸਾਰੀ ਦਾ ਕੰਮ ਲਗਪਗ ਪੂਰਾ ਕਰ ਲਿਆ ਸੀ। ਦਸੰਬਰ ਮਹੀਨੇ ਦੇ ਅੰਤ ਸਮੇਂ ਸਿੱਖ ਸਰਦਾਰ ਬਘੇਲ ਸਿੰਘ ਆਪਣੇ ਮੁੱਖ ਦਫਤਰ ਸਬਜ਼ੀ ਮੰਡੀ ਤੋਂ ਇਕ ਵੱਡੇ ਜਲੂਸ ਦੀ ਸ਼ਕਲ ਵਿਚ ਦਿੱਲੀ ਦੇ ਲਾਲ ਕਿਲ੍ਹੇ ਵਿਚ ਸ਼ਾਹ ਆਲਮ ਨੂੰ ਮਿਲਣ ਗਏ। ਗਿਆਨੀ ਗਿਆਨ ਸਿੰਘ ਦੇ ਅਨੁਸਾਰ, "ਮੁਸਲਮਾਨ ਮਸ਼ਾਲਚੀ ਅੱਗੇ-ਅੱਗੇ, ਸਿੱਖ ਸਰਦਾਰ ਸਜੇ ਹੋਏ ਘੋੜਿਆਂ ਉਪਰ ਅਤੇ ਬਘੇਲ ਸਿੰਘ ਇਕ ਖੂਬਸੂਰਤ ਸ਼ਿੰਗਾਰੇ ਹੋਏ ਹਾਥੀ ਉਪਰ ਬੈਠ ਕੇ ਸਿੱਖ ਫੌਜਾਂ ਨਾਲ ਲਾਲ ਕਿਲ੍ਹੇ ਅੰਦਰ ਦਾਖਲ ਹੋਏ। ਇਸ ਸਮੇਂ ਬੋਲੇ-ਸੋ-ਨਿਹਾਲ ਦੇ ਗੂੰਜਦੇ ਜੈਕਾਰਿਆਂ ਨੇ ਲਾਲ ਕਿਲ੍ਹੇ ਦੀਆਂ ਕੰਧਾਂ ਨੂੰ ਵੀ ਕੰਬਣੀ ਛੇੜ ਦਿੱਤੀ''। ਸ਼ਾਹ ਆਲਮ ਬਘੇਲ ਸਿੰਘ ਦੇ ਸਵਾਗਤ ਲਈ ਦੀਵਾਨ-ਏ-ਆਮ ਵਿਚ ਖਲੋਤਾ ਸੀ। ਸਿੱਖ ਫੋਜਦਾਰਾਂ ਨੂੰ ਤੋਹਫਿਆਂ ਨਾਲ ਨਵਾਜਿਆ ਗਿਆ। ਬਘੇਲ ਸਿੰਘ ਨੇ 12·5 ਪ੍ਰਤੀਸ਼ਤ ਚੂੰਗੀ ਕਰ ਆਪਣੇ ਕੋਲ ਰੱਖਣ ਦਾ ਹੁਕਮ ਦਿੱਤਾ ਜੋ ਸ਼ਾਹ ਆਲਮ ਨੇ ਪ੍ਰਵਾਨ ਕਰ ਲਿਆ। ਇਸ ਤਰ੍ਹਾਂ ਸਿੱਖ ਸਰਦਾਰ ਬਘੇਲ ਸਿੰਘ ਨੇ 11 ਮਾਰਚ 1783 ਈ· ਤੋਂ ਜਨਵਰੀ 1784 ਈਸਵੀ ਤੱਕ ਦਿੱਲੀ ਦੇ ਸਿੰਘਾਸਨ 'ਤੇ ਆਪਣਾ ਅਧਿਕਾਰ ਸਥਾਪਤ ਰੱਖਿਆ ਅਤੇ ਆਪਣੇ ਵਾਅਦੇ ਮੁਤਾਬਕ ਜਨਵਰੀ 1784 ਈਸਵੀ ਵਿਚ ਸ਼ਾਹ ਆਲਮ ਨੂੰ ਦਿੱਲੀ ਦੀ ਬਾਦਸ਼ਾਹੀ ਵਾਪਸ ਕਰਦੇ ਹੋਏ ਵਾਪਸ ਪੰਜਾਬ ਪਰਤ ਆਏ।

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com