harjinder_kanwal2.jpg (8152 bytes)

ਹਰਜਿੰਦਰ ਕੰਵਲ

ਸ਼ਹੀਦ ਭਗਤ ਸਿੰਘ ਦਾ ਸਿੱਖੀ ਸਿਦਕ
ਹਰਜਿੰਦਰ ਕੰਵਲ

ਪੰਜਾਬ ਦੀ ਧਰਤੀ ਨੇ ਅਨੇਕਾਂ ਸੂਰਬੀਰਾਂ, ਯੋਧਿਆਂ ਅਤੇ ਪਰਉਪਕਾਰੀਆਂ ਨੂੰ ਜਨਮ ਦਿਤਾ। ਪ੍ਰੋ. ਪੂਰਨ ਸਿੰਘ ਦੇ ਅਨੁਸਾਰ ਇਸ ਧਰਤੀ ਉਤੇ ਗੁਰੂਆਂ ਦੀ ਬਖਸ਼ਿਸ਼ ਹੈ ਇਸੇ ਲਈ ਇਥੇ ਚਮਤਕਾਰੀ ਜੀਵਨ ਵਾਲੇ ਮਹਾਂਪੁਰਖਾਂ ਨੇ ਜਨਮ ਲਿਆ ਜਿਨ੍ਹਾਂ ਵਿਚੋਂ ਅਜ਼ਾਦੀ ਦੀਆਂ ਸੰਘਰਸ਼ਮਈ ਗਤੀਆਂ, ਵਿਧੀਆਂ ਵਿਚ ਭਰਪੂਰ ਯੋਗਦਾਨ ਪਾਣ ਵਾਲੇ ਮਰਜੀਵੜਿਆਂ ਦੀ ਸੂਚੀ ਬਹੁਤ ਲੰਬੀ ਹੈ । ਇਸ ਸੂਚੀ ਦੇ ਸਿਖਰ ਉਤੇ ਸ਼ਹੀਦੇ ਆਜ਼ਮ ਸ੍ਰ. ਭਗਤ ਸਿੰਘ ਦਾ ਮਹਾਨ ਨਾਮ ਬਿਰਾਜਮਾਨ ਹੈ ।

bhagat_singh3-1.jpg (18205 bytes)

ਸ਼ਹੀਦ ਭਗਤ ਸਿੰਘ

ਇਸ ਸੰਖੇਪ ਭੂਮਕਾ ਵਿਚ ਅਸੀਂ ਸ੍ਰ. ਭਗਤ ਸਿੰਘ ਦੀ ਸਿੱਖੀ ਵਿਚਾਰਧਾਰਾ ਅਤੇ ਪਛੋਕੜ ਉਤੇ ਕੁਝ ਪ੍ਰਕਾਸ਼ ਪੌਣ ਦਾ ਯਤਨ ਕਰਦੇ ਹਾਂ । ਆਪ ਜੀ ਦੇ ਪਰੀਵਾਰ ਦੇ ਵਿਚ ਸਿੱਖੀ ਸਿਦਕ ਦੀ ਪ੍ਰੰਪਰਾ ਬਹੁਤ ਡੂੰਘੀ ਸੀ । ਦੁਆਬੇ ਦੇ ਪਿੰਡ ਆਪਦੇ ਜਨਮ ਨਗਰ ਖਟਕੜ ਕਲਾਂ ਵਿਚ ਇਤਿਹਾਸਕ ਗੁਰਧਾਮ ‘ਝੰਡਾ ਜੀ’ ਦੇ ਜੋੜ ਮੇਲੇ ਉਤੇ ਹੁੰਮ ਹੁਮਾ ਕੇ ਇੱਕਤ੍ਰ ਹੁੰਦੇ ਹਨ । ਉਸ ਇਲਾਕੇ ਦਾ ਸਿੱਖੀ ਪਿਛੋਕੜ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਸਮੇਂ ਤੋਂ ਇਤਿਹਾਸਕਾਰਾਂ ਨੇ ਖੋਜਿਆ ਹੈ । ਸਾਰੇ ਨਗਰਾਂ ਦਾ ਵਾਤਾਵਰਨ ਸਿੱਖ ਸ਼ਰਧਾ ਨਾਲ ਓਤ ਪੋਤ ਸੀ । ਇਹੋ ਕਾਰਨ ਹੈ ਕਿ ਸ੍ਰ. ਭਗਤ ਸਿੰਘ ਦੇ ਬਾਬਾ ਜੀ ਆਪਣੇ ਸਮੇਂ ਦੇ ਪ੍ਰਮੁੱਖ ਗੁਰਸਿੱਖਾਂ ਵਿਚੋਂ ਸਿਰ ਕੱਢ ਹੋਏ ਹਨ, ਜਦੋਂ ਆਪ ਬਾਰ ਵਿਚ ਲਾਇਲਪੁਰ ਜ਼ਿਲੇ ਅੰਦਰ ਨਵੇਂ ਵਸਾਏ ਚੱਕ ਵਿਚ, ਜਿਸਨੂੰ ਬੰਗਾ ਆਖਦੇ ਹਨ, ਜਾ ਵਸੇ ਤਾਂ ੳੇਸ ਸਮੇਂ ਜੈਤੋ ਦੇ ਮੋਰਚੇ ਲਈ ਜਥੇ ਜਾਂਦੇ ਸਨ । ਇਨ੍ਹਾਂ ਜਥਿਆਂ ਦੀ ਚਾਹ ਪਾਣੀ ਦੀ ਸੇਵਾ ਪਿੰਡ ਦੇ ਭੁਝੰਗੀ ਨੌਜਵਾਨ ਭਗਤ ਸਿੰਘ ਦੀ ਅਗੁਵਾਈ ਵਿਚ ਨਿਰੰਤਰ ਕਰਦੇ ਰਹੇ । ਜੋਟੀਆਂ ਨਾਲ, ਹੱਲੇਦਾਰ ਸ਼ਬਦ ਪੜ੍ਹਿਆ ਕਰਦੇ ਸਨ । ਜਿਸ ਪਰਕਾਰ ਕੂਕਿਆਂ ਦੇ ਨਗਰ ਕੀਰਤਨ ਵਿਚ ਹੁੰਦਾ ਹੈ ਐਨ ਇਸੇ ਹੀ ਤਰ੍ਹਾਂ ਭਗਤ ਸਿੰਘ ਦਾ ਬਚਪਨ ਅਜੇਹੇ ਕਾਰਜਾਂ ਵਿਚੋਂ ਅਤੇ ਗੁਰਸਿੱਖੀ ਦੀਆਂ ਲੋਰਾਂ ਵਿਚੋਂ ਗੁਜ਼ਰਿਆ, ਇਥੇ ਇਹ ਦਸਣਾ ਬਹੁਤ ਜ਼ਰੂਰੀ ਹੈ ਕਿ ਆਪਣੇ ਕਈ ਬਿਆਨਾ ਵਿਚ ਸ੍ਰ ਭਗਤ ਸਿੰਘ ਨੇ ਨਾਮਧਾਰੀ ਲਹਿਰ ਦੇ ਮੋਢੀ ਸ੍ਰੀ ਸਤਿਗੁਰੂ ਰਾਮ ਸਿੰਘ ਨੂੰ ਆਪਣਾ ਪੱਥ ਪ੍ਰਦਰਸ਼ਕ ਮੰਨਿਆ ਹੈ, ਅਤੇ ਕੂਕਿਆਂ ਦਾ ਆਜ਼ਾਦੀ ਪ੍ਰਤੀ ਸੰਘਰਸ਼, ਉਨ੍ਹਾਂ ਦੀਆਂ ਲਾਸਾਨੀ ਸ਼ਹੀਦੀਆਂ ਜਿਹੜੀਆਂ ਦਿਲ ਹਿਲਾ ਦੇਣ ਵਾਲੀਆਂ ਹਨ ਜਿਵੇਂ ਕਿ 66 ਕੂਕਿਆਂ ਨੂੰ ਮਲੇਰਕੋਟਲੇ ਤੋਪਾਂ ਅੱਗੇ ਉਡਾਉਣਾ ,ਅਤੇ ਫਾਸੀ ਦੇ ਰੱਸਿਆਂ ਨੂੰ ਚੁੰਮ ਕੇ ਗਲ ਵਿਚ ਪਾਉਣਾ, ਆਦਿ । ਇਸ ਦਾ ਪਰਭਾਵ ਅਸੀਂ ਆਪ ਜੀ ਦੇ ਸੰਗਰਾਮ ਭਰੇ ਜੀਵਨ ਵਿਚ ਥਾਂਹ ਪਰ ਥਾਂਹ ਭਲੀਪਰਕਾਰ ਅਨੁਭਵ ਕਰਦੇ ਹਾਂ । ਅੰਤਮ ਸਮੇਂ ਜੇਹਲ ਵਿਚ ਵੀ ਆਪ ਸਿਮਰਨ ਵਿਚ ਜੁੜੇ ਰਹਿੰਦੇ ਸਨ, ਜਿਸਦੇ ਨਾਲ ਭਗਤੀ ਔਰ ਸ਼ਕਤੀ ਦਾ ਸੁਮੇਲ ਉਨ੍ਹਾਂ ਦੀ ਅੰਤਰ ਆਤਮਾ ਵਿਚ ਉਂਗਰਦਾ ਹੋਇਆ ਨਿਰੰਤਰ ਫਲੀ ਭੂਤ ਹੋ ਰਿਹਾ ਸੀ ਜੋ ਉਨ੍ਹਾਂ ਦੀ ਆਤਮਕ ਬੁਲੰਦੀ ਨੂੰ ਮਜ਼ਬੂਤ ਕਰਦਾ ਜਾ ਰਿਹਾ ਸੀ ।

bhagat_singh_parivar.jpg (31967 bytes)

ਮਾਤਾ, ਸ: ਅਜੀਤ ਸਿੰਘ, ਸ: ਕਿਸ਼ਨ ਸਿੰਘ

ਆਪ, ਆਪਣੇ ਚਾਚਾ ਜੀ ਅਤੇ ਚਾਚੀ ਜੀ ਨੂੰ ਬਹੁਤ ਪਿਆਰ ਕਰਦੇ ਸਨ । ਚਾਚੀ ਜੀ ਨੂੰ ੴ ਅੰਕਾਰ ਲਿਖ ਕੇ, "ਪਿਆਰੀ ਚਾਚੀ ਜੀ, ਸਤਿ ਸ੍ਰੀ ਅਕਾਲ," ਸਹਿਤ ਸੰਬੋਧਨ ਕਰਿਆ ਕਰਦੇ ਸਨ । ਇਸ ਦਾ ਦਸਤਾਵੇਜ਼ੀ ਸਬੂਤ ਮਿਲਦਾ ਹੈ । ਲੇਖਕ ਨੇ ਡਾ. ਚਨੰਣ ਸਿੰਘ ਚੰਨ ਦੇ ਸੰਗ੍ਰਹਿ ਵਿਚ ਸ਼ਹੀਦ ਭਗਤ ਸਿੰਘ ਦੀ ਸੈਂਟਰਲ ਜੇਲ ਲਾਹੌਰ ਵਾਲੀ ਫਾਇਲ ਦੇਖੀ ਜਿਸ ਵਿਚ ਸ੍ਰ. ਭਗਤ ਸਿੰਘ ਜੀ ਦੀ ਦੇਸ਼-ਭਗਤੀ ਅਤੇ ਪ੍ਰਭੂ ਭਗਤੀ ਦੇ ਅਨੇਕਾਂ ਚਮਤਕਾਰੀ ਪ੍ਰਮਾਣ ਮੌਜੂਦ ਹਨ । ਨਿਰਸੰਦੇਹ ਸ਼ਹੀਦੇ-ਆਜ਼ਮ ਸ੍ਰ. ਭਗਤ ਸਿੰਘ ਇਕ ਪੂਰਨ ਇਨਸਾਨ ਦੀ ਤਸਵੀਰ ਸਿੱਖ ਵਿਚਾਰਧਾਰਾ ਵਿਚੋਂ ਹੀ ਲਭਦਾ ਹੈ ।

ਕ੍ਰਾਂਤੀਕਾਰੀ ਨੌਜਵਾਨ ਉਨ੍ਹਾਂ ਦਿਨਾਂ ਵਿਚ (ਅਤੇ ਅੱਜ ਵੀ) ਇਨਕਲਾਬੀ ਸਾਹਿਤ ਅਤੇ ਅੰਤਰ-ਰਾਸ਼ਟਰੀ ਮੰਚ ਦੀਆਂ ਗਤੀਆਂ ਵਿਧੀਆਂ ਪੜ੍ਹਨਾਂ ਜ਼ਰੂਰੀ ਸਮਝਦੇ ਸਨ । ਸ੍ਰ. ਭਗਤ ਸਿੰਘ ਨੇ ਵੀ ਮੁਸਤਫਾ ਕਮਾਲ ਪਾਸ਼ਾ, ਲੈਨਿਨ ਅਤੇ ਕੂਕਿਆਂ ਆਦਿ ਦੇ ਸੰਘਰਸ਼ਾਂ ਨੂੰ ਗਹਿਰ ਗੰਭੀਰ ਕ੍ਰਾਂਤੀਕਾਰੀ ਦੀ ਦ੍ਰਿਸ਼ਟੀ ਨਾਲ ਪੜ੍ਹਿਆ ਅਤੇ ਵਿਚਾਰਿਆ । ਮੁਸਲਮਾਨ ‘ਕਮਾਲ’ ਬਾਰੇ ਪੜ੍ਹਨ ਨਾਲ ਸ੍ਰ. ਭਗਤ ਸਿੰਘ ਨੇ ਇਸਲਾਮ ਕਬੂਲ ਨਹੀਂ ਸੀ ਕਰ ਲਿਆ ਅਤੇ ਲੈਨਿਨ ਦਾ ਕ੍ਰਾਂਤੀ ਕਾਰੀ ਜੀਵਨ ਪੜ੍ਹਨ ਪਿਛੋਂ ਉਹ ਕਮਿਊਨਿਸਟ ਜਾਂ ਨਾਸਤਕ ਨਹੀਂ ਸੀ ਬਣ ਗਿਆ । ਉਹ ਤਾਂ ਹਰ ਇਕ ਕ੍ਰਾਂਤੀਕਾਰੀ ਦਾ ਆਸ਼ਿਕ ਸੀ ਅਤੇ ਸਭ ਤੋਂ ਵੱਧ ਉਸਨੂੰ ਇਸ਼ਕ ਸੀ ਪੜ੍ਹਾਈ ਨਾਲ, ਇਲਮ ਨਾਲ ਅਤੇ ਵਿਦਿਆ ਨਾਲ ਜਿਸ ਦੀ ਅਧੂਰੀ ਪ੍ਰਾਪਤੀ ਦਾ ਜ਼ਿਕਰ ਉਹ ਹਮੇਸ਼ਾਂ ਕਰਿਆ ਕਰਦਾ ਸੀ ੳਤੇ ਜਿਸਦੀ ਪੂਰਨਤਾ ਵਲ ਜੀਵਨ ਦੇ ਅੰਤਮ ਸਾਹਾਂ ਤਕ ਉਹ ਅਗਰਸਰ ਹੁੰਦਾ ਗਿਆ । ਅਜੇਹੇ ਮਰਜੀਵੜਿਆਂ ਨੂੰ ਇਕ ਇਜ਼ਮ ਜਾਂ ਵਿਚਾਰਾਂ ਨਾਲ ਬੰਨਣਾ ਜ਼ਿਆਦਤੀ ਹੈ। ਇਹੋ ਗੱਲ ਸਿੱਖੀ ਦੇ ਬਾਹਰੀ ਸਰੂਪ ਨਾਲ ਬੰਨਣ ਵਾਲਿਆਂ ਉਤੇ ਵੀ ਲਾਗੂ ਹੁੰਦੀ ਹੈ । ਇਸ ਸਰੂਪ ਨੂੰ ਮਹਾਂਨ ਸ਼ਹੀਦ ਨੇ ਆਜ਼ਾਦੀ ਦੀ ਪ੍ਰਾਂਪਤੀ ਦੇ ਪੈਂਤੜਿਆਂ ਨਾਲੋਂ ਵੱਧ ਤਰਜੀਹ ਨਹੀਂ ਦਿਤੀ ਅਤੇ ਲੋੜ ਪੈਣ ਉਤੇ ਕੇਸਾਂ ਦਾ ਬਲੀਦਾਨ ਵੀ ਦਿਤਾ। ਇਹ ਬਲੀਦਾਨ ਵੀ ਸ਼ਹੀਦੀ ਵਰਗਾ ਮਹਾਨ ਕਾਰਜ ਸੀ।

bhagat_singh_ghar.jpg (25052 bytes)

ਸ਼ਹੀਦ ਭਗਤ ਸਿੰਘ ਦਾ ਘਰ - ਖਟਕੜ ਕਲਾਂ

ਕਈ ਆਖਦੇ ਹਨ ਕਿ ਸ਼ਹੀਦ ਦੇ ਪਿਤਾ ਜੀ ਸਰਦਾਰ ਕਿਸ਼ਨ ਸਿੰਘ ਜੇਕਰ ਤਨੋ ਮਨੋ ਸਿੱਖ ਸਨ ਤਾਂ ਉਨ੍ਹਾਂ ਭਗਤ ਸਿੰਘ ਨੂੰ ਆਰੀਆ ਸਮਾਜੀ ਡੀ.ਏ.ਵੀ ਕਾਲਜ ਲਾਹੌਰ ਵਿਚ ਪੜ੍ਹਨ ਕਿਉਂ ਪਾਇਆ ? ਗ਼ੌਰ ਨਾਲ ਦੇਖਿਆਂ ਪਤਾ ਲਗ ਜਾਵੇਗਾ ਕਿ ਸਿੱਖ ਵਿਦਿਅਕ ਸੰਸਥਾਵਾਂ ਚੀਫ ਖਾਲਸਾ ਦੀਵਾਨ ਦੇ ਪ੍ਰਭਾਵ ਹੇਠਾਂ ਸਨ ਜੋ ਅੰਗਰੇਜ਼ ਦੀ ਗ਼ੁਲਾਮੀ ਦਾ ਜੂਲਾ ਲਾਹੁਣ ਵਾਲਿਆਂ ਦੇ ਵਿਰੋਧ ਵਾਲੀ ਕਤਾਰ ਵਿਚ ਖੜੇ ਸਨ, ਟੋਡੀ ਸਨ ਅਤੇ ਦੇਸ਼ ਦੇ ਐਲਾਨੀਆ ਗ਼ੱਦਾਰ ਸਨ । ਇਸ ਤੋਂ ਉਲਟ ਡੀ.ਏ.ਵੀ ਕਾਲਜ ਦੀ ਪੜ੍ਹਾਈ ਅਤੇ ਗਤੀਆਂ ਵਿਧੀਆਂ ਦੇਸ਼ ਭਗਤਾਂ ਦੇ ਸੰਗਰਾਮ ਲਈ ਇਕ ਪੂਰਕ ਦਾ ਕੰਮ ਦਿੰਦੀਆਂ ਸਨ । ਇਹੋ ਕਾਰਨ ਹੈ ਕਿ ਲਾਹੌਰ ਦਾ ਡੀ.ਏ.ਵੀ. ਕਾਲਜ ਦੇਸ਼ ਭਗਤਾਂ ਦਾ ਕਾਲਜ ਕਰਕੇ ਪ੍ਰਸਿੱਧ ਸੀ। ਨਾਲੇ ਗੁਲਾਮ ਹਿੰਦੁਸਤਾਨ ਵਿਚ ਆਰੀਆ ਸਮਾਜ ਦਾ ਰੋਲ ਆਜ਼ਾਦ ਹਿੰਦੁਸਤਾਨ ਦਾ ਅਜੋਕਾ ਰੋਲ ਦੋ ਵਖੋ ਵਖਰੇ ਪਰਿਪੇਖ ਹਨ।

ਸ੍ਰ. ਭਗਤ ਸਿੰਘ ਦੀਆਂ ਸੈਂਟਰਲ ਜੇਲ ਵਿਚ ਹੋਰ ਦੇਸ਼ ਭਗਤਾਂ ਨਾਲ ਮੁਲਾਕਾਤਾਂ ਦਾ ਉਲੇਖ ਆਮ ਕੀਤਾ ਜਾਂਦਾ ਹੈ । ਇਸ ਸਿਲਸਿਲੇ ਵਿਚ ਭਾਈ ਸਾਹਿਬ ਭਾਈ ਰਣਧੀਰ ਸਿੰਘ ਨਾਲ ਭੇਂਟ ਬਾਰੇ ਬਹੁਤ ਚਰਚਾ ਕੀਤੀ ਗਈ ਹੈ । ਇਸ ਸਮੇਂ ਭਾਈ ਸਾਹਿਬ ਨੇ ਸ਼ਹੀਦੇ ਆਜ਼ਮ ਦੇ ਬਾਬਾ ਜੀ ਸ੍ਰ. ਅਰਜਨ ਸਿੰਘ ਦੇ ਸਿੱਖੀ ਪੂਰਨਿਆਂ ਉਤੇ ਤੁਰਨ ਦੀ ਪ੍ਰਸੰਸਾ ਕੀਤੀ ਅਤੇ ਸ੍ਰ. ਕਿਸ਼ਨ ਸਿੰਘ ਰਾਹੀਂ ਉਨ੍ਹਾਂ ਮਹਾਨ ਪ੍ਰੰਪਰਾਵਾਂ ਦਾ ਸੰਚਾਰ ਸ੍ਰ. ਭਗਤ ਸਿੰਘ ਵਿਚ ਸਾਖਸ਼ਾਤ ਦੇਖਿਆ । ਨਾਸਤਿਕਤਾ ਦਾ ਸ਼ਹੀਦ ਦੇ ਜੀਵਨ ਵਿਚ ਕੋਈ ਦਖਲ ਨਹੀਂ ਦਸਿਆਂ ਗਿਆ । ਸ਼ਹੀਦ ਤਾਂ ਆਪਣੇ ਵਿਰਸੇ ਵਿਚੋਂ "ਸਭੇ ਸਾਂਝੀਵਾਲ ਸਦਾਇਣ" ਦੇ ਮਹਾਂਵਾਕ ਉਤੇ ਵਿਸ਼ਵਾਸ ਰਖਦਾ ਸੀ ਅਤੇ ਦਸਮ ਪਿਤਾ ਦੇ ਨਕਸ਼ੇ-ਕਦਮ ਉਤੇ ਚਲਦਾ "ਬਸੰਤੀ ਚੋਲਾ" ਪਹਿਣ ਕੇ ਹਮੇਸ਼ਾਂ ਆਖਦਾ ਸੀ,

"ਜਬ ਆਵ ਕੀ ਆਉਧ ਨਿਦਾਨ ਬਨੇ,
ਅਤ ਹੀ ਰਣ ਮੇਂ ਤਬ ਜੂਝ ਮਰੋਂ ॥"

ਸ਼ਹੀਦੇ-ਆਜ਼ਮ ਦੀ ਕਲਮ ਦਾ ਕਮਾਲ

ਅਬ ਤੋ ਖਾ ਬੈਠੇ ਹੈਂ ਚਿਤੌੜ ਕੇ ਗੜ੍ਹ ਕੀ ਕਸਮੇ,
ਸ਼ਰਫਰੋਸ਼ੀ ਕੀ ਅਦਾ ਹੋਤੀ ਹੈ ਯੂੰ ਹੀ ਰਸਮੇ ।
ਕਿਆ ਲਜ਼ਤ ਹੈ ਕਿ ਰਗ਼ ਰਗ਼ ਮੇਂ ਆਤੀ ਹੈ ਸਦਾ,
ਦਮ ਤਲੇ ਤਲਵਾਰ ਜਬ ਤਕ ਜਾਨ ਬਿਸਮਿਲ ਮੇਂ ਰਹੇ ।
ਕੋਈ ਦਮ ਕਾ ਮਹਿਮਾਂ ਹੂੰ ਅਹਿਲੇ ਮਹਿਫਿਲ,
ਚਿਰਾਗ਼ੇ ਸਹਿਰ ਹੂੰ ਬੁਝ੍ਹਾ ਚਾਹਤਾ ਹੂੰ ।
ਹੋਂ ਫਰਿਸ਼ਤੇ ਭੀ ਫਿਦਾ ਜਿਨ ਪਰ ਯੇਹ ਵੋਹ ਇਨਸਾਂ ਹੈਂ ।

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com