WWW 5abi.com  ਪੰਨਿਆ ਵਿੱਚ ਸ਼ਬਦ ਭਾਲ
 

ਧਾਰਾ

  ਸਾਡਾ ਮਨੋਰਥ
  ਹੋਰ ਪੰਜਾਬੀ ਸੰਪਰਕ
  ਮਾਨਵ ਚੇਤਨਾ
  ਕਲਾ/ਕਲਾਕਾਰ
  ਅਨੰਦ ਕਰਮਨ
  ਵਿਅੱਕਤੀਗਤ ਨਾਮ
  ਇਤਿਹਾਸ
  ਫਿਲਮੀ ਸੰਸਾਰ
  ਖੇਡਾਂ
  ਪੁਸਤਕਾਂ
  ਗਿਆਨ ਵਿਗਿਆਨ
  ਆਮ ਜਾਣਕਾਰੀ
  ਸਾਨੂੰ ਲਿਖੋ

ਇਤਿਹਾਸ ਦੇ ਝਰੋਖੇ ਚੋਂ 14 ਜਨਵਰੀ ਜਨਮ ਦਿਨ ਤੇ ਵਿਸ਼ੇਸ਼ ਲੇਖ
ਪਰੇਮ ਕੁਮਾਰ ਚੁੰਬਰ (ਕੈਲੇਫੋਰਨੀਆਂ)

ਕੈਲੇਫੌਰਨੀਆਂ ਨਾਲ ਪੰਜਾਬੀਆਂ ਦਾ ਬਹੁਤ ਪੁਰਾਣਾ ਅਤੇ ਗੂਡ਼ਾ ਸਬੰਧ ਹੈ, ਇਹੀ ਵਜਾ ਹੈ ਕਿ ਕੈਲੇਫੋਰਨੀਆਂ ਵਿੱਚ ਪੰਜਾਬੀਆਂ ਦੀ ਵਸੋਂ ਅਮਰੀਕਾ ਦੀਆਂ ਬਾਕੀ ਸਟੇਟਾਂ ਨਾਲੋ ਕੁਝ ਜਿਆਦਾ ਹੀ ਹੈ। ਇਥੋਂ ਦਾ ਜਲਵਾਯੂ ਪੰਜਾਬ ਵਰਗਾ ਹੀ ਹੈ ਇਸ ਕਰਕੇ ਪੰਜਾਬੀਆਂ ਦਾ ਇਥੇ ਆਕੇ ਵਸੇਬਾ ਕਰਨਾ ਕੁਦਰਤੀ ਹੈ। ਦੂਸਰੀ ਗੱਲ ਭਾਰਤ ਦੀ ਆਜ਼ਾਦੀ ਵਿੱਚ ਅਹਿਮ ਰੋਲ ਅਦਾ ਕਰਨ ਵਾਲੀ ਗ਼ਦਰ ਪਾਰਟੀ ਦਾ ਹੈੱਡ ਆਫਿਸ ਵੀ ਕੈਲੇਫੋਰਨੀਆ ਵਿਚ ਹੀ ਸੀ। ਗ਼ਦਰ ਪਾਰਟੀ ਵਿੱਚ ਕੰਮ ਕਰਦੇ ਬਹੁਤ ਸਾਰੇ ਅਜ਼ਾਦੀ ਦੇ ਪਰਵਾਨੇ ਸ਼ਹੀਦ ਹੋ ਗਏ ਅਤੇ ਕਈਆਂ ਨੇ ਚੰਗਾ ਕੰਮ ਕਰਦੇ ਹੋਏ ਦੇਸ਼ ਦੀ ਅਜ਼ਾਦੀ ਨੂੰ ਵੀ ਦੇਖਿਆ, ਉਨਾਂ ਵਿੱਚੋ ਇੱਕ ਮੰਗੂ ਰਾਮ ਸਨ ਜਿਨਾ ਨੂੰ ਬਾਅਦ ਵਿੱਚ ਬਾਬੂ ਮੰਗੂ ਰਾਮ ਮੁੱਗੋਲਵਾਲੀਆ ਅਤੇ ਗ਼ਦਰੀ ਬਾਬਾ ਮੰਗੂ ਰਾਮ ਮੁੱਗੋਵਾਲੀਆ ਦੇ ਨਾਮ ਨਾਲ ਜਾਣਿਆ ਜਾਣ ਲੱਗਾ, ਜਿਨਾਂ ਨੂੰ ਇੰਗਲਿਸ਼ ਸਰਕਾਰ ਨੇ ਉਸ ਸਮੇਂ ਗਿਰਫਤਾਰ ਕਰਕੇ ਸਖਤ ਕੈਦ ਦੀ ਸਜ਼ਾ ਸੁਣਾਈ ਪਰ ਨਾਲ ਹੀ ਖਤਰਨਾਕ ਸਮਝਦੇ ਹੋਏ ਫਾਂਸੀ ਤੇ ਲਟਕਾਉਣ ਦੇ ਆਰਡਰ ਵੀ ਜਾਰੀ ਕਰ ਦਿੱਤੇ। ਜਰਮਨਾਂ ਦੀ ਮਦਦ ਨਾਲ ਆਪ ਬਚ ਤਾਂ ਗਏ ਪਰ ਇੰਗਲਿਸ਼ ਸਰਕਾਰ ਨੇ ਆਪਣੀ ਨਾਮੋਸ਼ੀ ਨੂੰ ਛੁਪਾਉਣ ਲਈ ਕਿਸੇ ਹੋਰ ਨੂੰ ਫਾਂਸੀ ਚਾਡ਼ ਦਿੱਤਾ ਜਿਸ ਬਾਰੇ ਮਨੀਲਾ ਟਾਈਮਜ਼ ਦੇ ਮੁੱਖ ਪੰਨੇ ਤੇ ਖਬਰ ਛਪੀ ਸੀ।

ਗ਼ਦਰ ਤੋਂ ਆਜ਼ਾਦੀ ਤਕ - ਖੋਜ ਅਤੇ ਲੇਖਨ: ਪ੍ਰੋ: ਮਲਵਿੰਦਰਜੀਤ ਸਿੰਘ ਵੜੈਚ

ਇਸ ਮਹਾਨ ਸਖਸ਼ੀਅਤ ਦਾ ਜਨਮ 14 ਜਨਵਰੀ 1886 ਨੂੰ ਪਿੰਡ ਮੁਗੋਵਾਲ ਜ਼ਿਲਾ ਹੁਸ਼ਿਆਰਪੁਰ ਪੰਜਾਬ ਵਿੱਚ ਪਿਤਾ ਹਰਨਾਮ ਦਾਸ ਜੀ ਦੇ ਘਰ ਤੇ ਮਾਤਾ ਅੱਤਰੀ ਦੇਵੀ ਜੀ ਦੀ ਕੁੱਖੋ ਹੋਇਆ ਸੀ। ਆਪ ਨੇ ਪਰਾਇਮਰੀ ਸਿੱਖਿਆ ਪਿੰਡ ਦੇ ਸਕੂਲ ਤੋਂ ਫਿਰ ਮਿਡਲ ਤੱਕ ਦੀ ਪਡ਼ਾਈ ਮਾਹਿਲਪੁਰ ਅਤੇ ਦੇਹਰਾਦੂਨ ਤੋਂ ਕੀਤੀ ਤੇ ਹਾਈ ਸਕੂਲ ਲਈ ਆਪ ਜੀ ਨੂੰ ਅਮੀਂ ਚੰਦ ਹਾਈ ਸਕੂਲ ਬਜਵਾਡ਼ਾ ਕਲਾਂ ਹੁਸ਼ਿਅਰਪੁਰ ਪਡ਼ੁਨ ਭੇਜਿਆ ਗਿਆ। ਉਨਾਂ ਦਿਨਾਂ ਵਿੱਚ ਭਾਰਤ ਅੰਦਰ ਛੂਤ -ਛਾਤ, ਜਾਤ-ਪਾਤ ਦਾ ਭਾਰੀ ਜ਼ੋਰ ਸੀ ਜਿਸ ਕਰਕੇ ਆਪ ਨੂੰ ਬਾਕੀ ਅਛੂਤਾਂ ਦੀ ਤਰਾਂ ਆਪ ਨੂੰ ਵੀ ਅਨੇਕਾਂ ਮੁਸ਼ਕਿਲਾਂ ਆਈਆਂ। ਇਸ ਬਿਮਾਰੀ ਨੇ ਆਪ ਨੂੰ ਹਾਈ ਸਕੂਲ ਵਿੱਚ ਹੀ ਛੱਡਣ ਲਈ ਮਜ਼ਬੂਰ ਕਰ ਦਿੱਤਾ।

ਬਾਬੂ ਮੰਗੂ ਰਾਮ ਮੁੱਗੋਲਵਾਲੀਆ

ਅਖੀਰ ਆਪ ਪਡ਼ਾਈ ਵਿੱਚ ਹੀ ਛੱਡ ਕੇ 1909 ਅਮਰੀਕਾ ਵਿੱਚ ਰੁਜ਼ਗਾਰ ਦੀ ਭਾਲ ਵਿੱਚ ਪਹੁੰਚ ਕੇ ਆਪ ਨੇ ਦੋ ਸਾਲ ਕੈਲੇਫੋਰਨੀਆ ਰਹਿ ਕੇ ਸਖ਼ਤ ਮਿਹਨਤ ਕੀਤੀ। ਉਨਾਂ ਦਿਨੀ 1913 ਈਸਵੀ ਵਿੱਚ ਗ਼ਦਰੀ ਬਾਬਾ ਲਾਲਾ ਹਰਦਿਆਲ ਜੀ ਦੀ ਅਗਵਾਈ ਵਾਲੀ ਗ਼ਦਰ ਪਾਰਟੀ ਵਿੱਚ ਆਪ ਇੱਕ ਸਰਗਰਮ ਵਰਕਰ ਦੇ ਤੌਰ ਤੇ ਸ਼ਾਮਲ ਹੋ ਕੇ ਭਾਰਤ ਦੀ ਅਜ਼ਾਦੀ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ। ਆਪ ਦੀ ਸੱਚੀ ਲਗਨ ਅਤੇ ਦੇਸ਼ ਭਗਤੀ ਨੂੰ ਦੇਖਦੇ ਹੋਏ 1914 ਵਿੱਚ ਆਪ ਨੂੰ ਭਾਰਤ ਨੂੰ ਅਜ਼ਾਦ ਕਰਵਾਉਣ ਲਈ ਅਸਲਾ ਦੇ ਕੇ ਚਾਰ ਹੋਰ ਵਿਅਕਤੀਆਂ ਨਾਲ ਲਾਸਏਂਜਲਸ ਤੋਂ ਸਮੁੰਦਰੀ ਜਹਾਜ਼ ਰਾਹੀਂ ਰਵਾਨਾ ਕੀਤਾ ਗਿਆ। ਜੋ ਚਾਰ ਸਾਥੀ ਸਨ ਉਨਾਂ ਦੇ ਨਾਮ ਹਰੀ ਸਿੰਘ, ਗੰਭੀਰ ਸਿੰਘ, ਹਰਨਾਮ ਚੰਦ, ਅਤੇ ਚਰਨ ਦਾਸ ਸੀ। ਇਹ ਸਭ ਨਾਮ ਫਰਜ਼ੀ ਸਨ। ਬਾਬੂ ਜੀ ਦਾ ਨਾਮ ਨਿਯਾਮੂਦੀਨ ਰੱਖਿਆ ਗਿਆ ਸੀ। ਆਪ ਨੂੰ ਉਨਾ ਦਾ ਆਗੂ ਬਣਾ ਕੇ ਭੇਜਿਆ ਗਿਆ। ਉਨਾਂ ਦਿਨਾਂ ਵਿੱਚ ਪਹਿਲਾ ਵਿਸ਼ਵ ਯੁੱਧ ਵੀ ਚੱਲ ਰਿਹਾ ਸੀ ਤੇ ਜਰਮਨਾਂ ਨੇ ਗ਼ਦਰ ਪਾਰਟੀ ਨੂੰ ਵਿਸ਼ਵਾਸ ਦਿਵਾਇਆ ਸੀ ਕਿ ਤੁਸੀਂ ਸਾਨੂੰ ਸਾਥ ਦਿਓ ਤੇ ਅਸੀਂ ਤੁਹਾਨੂੰ ਸਾਥ ਦੇਵਾਂਗੇ ਭਾਰਤ ਨੂੰ ਆਜ਼ਾਦ ਕਰਾਉਣ ਵਿੱਚ। ਪਰ ਬਦਕਿਸਮਤ ਨਾਲ ਬਾਬੂ ਜੀ ਆਪਣੇ ਸਾਥੀਆ ਸਮੇਤ ਅਸਲੇ ਨਾਲ ਰਸਤੇ ਵਿੱਚ ਹੀ ਫਡ਼ ਲਏ ਗਏ ਅਤੇ ਸਭ ਨੂੰ ਇੱਕ ਸਾਲ ਦੀ ਸਖ਼ਤ ਸਜ਼ਾ ਦਿੱਤੀ ਗਈ। ਪਰ ਅਚਾਨਕ ਬਾਬੂ ਮੰਗੂ ਰਾਮ ਮੁੱਗੋਵਾਲੀਆ ਨੂੰ ਖਤਰਨਕ ਕਰਾਂਤੀਕਾਰੀ ਕਰਾਰ ਦਿੰਦੇ ਹੋਏ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ। ਪਰ ਜਰਮਨਾਂ ਨੇ ਬਾਬੂ ਜੀ ਨੂੰ ਫਾਂਸੀ ਲੱਗਣ ਵਾਲੀ ਸਵੇਰ ਤੋ ਇੱਕ ਰਾਤ ਪਹਿਲਾ ਹੀ ਛੁਡਾ ਕੇ ਆਪਣੇ ਧਰਮ ਨੂੰ ਨਿਭਾਇਆ। ਫਿਰ ਇਨਾਂ ਨੂੰ ਮਨੀਲਾ ਵੱਲ ਭੇਜ ਦਿੱਤਾ ਗਿਆ। ਪਰ ਜਬਰਦਸਤ ਤੂਫਾਨ ਆਓਣ ਕਰਕੇ ਸਮੂੰਦਰੀ ਜਹਾਜ਼ ਮਨੀਲਾ ਦੀ ਬਜਾਹ ਸਿੰਘਾਪੁਰ ਵੱਲ ਚੱਲ ਪਿਆ। ਜਿੱਥੇ ਦੇਸ਼ ਧਰੋਹੀਆਂ ਨੇ ਬਾਬੂ ਜੀ ਨੂੰ ਪਕਡ਼ਵਾ ਦਿੱਤਾ। ਜਿਸ ਨਾਲ ਬਾਬੂ ਜੀ ਨੂੰ ਤੋਪ ਦੇ ਗੋਲੇ ਨਾਲ ਉਡਾਏ ਜਾਣ ਦੇ ਹੁਕਮ ਜਾਰੀ ਹੋ ਗਏ। ਇਹ ਖਬਰ ਉਸ ਵਕਤ ਮਨੀਲਾ ਟਾਈਮਜ਼ ਦੇ ਮੁੱਖ ਪੰਨੇ ਤੇ ਮੋਟੇ ਮੋਟੇ ਅੱਖਰਾਂ ਵਿੱਚ ਪ੍ਕਾਸ਼ਿਤ ਹੋ ਗਈ। ਇਸ ਖਬਰ ਨਾਲ ਗ਼ਦਰ ਪਾਰਟੀ ਅਤੇ ਮੰਗੂ ਰਾਮ ਜੀ ਦੇ ਘਰ ਵਿੱਚ ਸਨਾਟਾ ਛਾ ਗਿਆ ਕਿਉਂਕਿ ਇਹ ਦੂਸਰੀ ਵਾਰ ਚਾਂਸ ਹੋ ਗਿਆ।

1918 ਵਿੱਚ ਪਹਿਲਾ ਵਿਸ਼ਵ ਯੁੱਧ ਖ਼ਤਮ ਹੋਇਆ ਤਾਂ ਜਰਮਨਾਂ ਦੀ ਹਾਰ ਨਾਲ ਗ਼ਦਰ ਪਾਰਟੀ ਨੂੰ ਜਬਰਦਸਤ ਧੱਕਾ ਲੱਗਾ। 1922 ਵਿੱਚ ਪ੍ਸਿ ਆਫ਼ ਵੇਲਜ਼ ਦੁਨੀਆ ਦਾ ਦੌਰਾ ਕਰਦਾ ਮਨੀਲਾ ਪੁੱਜਾ ਤਾਂ ਬਾਬੂ ਮੰਗੂ ਰਾਮ ਮੁਗੋਵਾਲੀਆ ਨੂੰ ਗਦਰ ਪਾਰਟੀ ਦਾ ਸਰਗਰਮ ਮੈਂਬਰ ਹੋਣ ਕਰਕੇ ਛੇ ਮਹੀਨੇ ਲਈ ਸਖ਼ਤ ਨਜ਼ਰਬੰਦੀ ਲਈ ਭੇਜ ਦਿੱਤਾ ਗਿਆ। ਅਖ਼ੀਰ ਆਪ ਦਸੰਬਰ 1925 ਨੂੰ ਸ਼ੀਰੀਲੰਕਾ, ਮਦੁਰਾਈ ਮਦਰਾਸ, ਬੰਬਈ, ਪੂਨਾ, ਸਿਤਾਰਾ, ਨਾਗਪੁਰ, ਦਿੱਲੀ, ਦੇਹਰਾਦੂਨ, ਹੁੰਦੇ ਹੋਏ ਆਪਣੇ ਪਿੰਡ ਪੰਜਾਬ ਪਹੁੰਚ ਗਏ। ਘਰ ਵਾਪਸੀ ਤੱਕ ਆਪ ਨੂੰ ਮੁਦਹਾਇ ਤੋ ਪੰਜਾਬ ਤੱਕ ਜਾਤ-ਪਾਤ, ਛੂਆ-ਛਾਤ ਦੇ ਖੱਟੇ ਮਿੱਠੇ ਤਜ਼ਰਬਿਆਂ ਨੇ ਬਚਪਨ ਦੀਆਂ ਘਟਨਾਵਾਂ ਨੂੰ ਫਿਰ ਦੁਹਰਾ ਦਿੱਤਾ। ਜਿਨਾਂ ਨੂੰ ਭਾਰਤ ਦੀ ਅਜ਼ਾਦੀ ਲਈ ਘੋਲ ਕਰਦੇ ਸਮੇਂ ਭੁੱਲ ਚੁੱਕੇ ਸਨ। ਇਸ ਤਰਾਂ ਵਿਦੇਸ਼ ਵਿਚਲੇ ਰਹਿਣ ਸਹਿਣ ਦੇ ਫ਼ਰਕ ਨੇ ਆਪ ਜੀ ਨੂੰ ਮਜ਼ਬੂਰ ਕਰ ਦਿੱਤਾ ਕਿ ਦੇਸ਼ ਦੀ ਅਜ਼ਾਦੀ ਦੇ ਨਾਲ ਨਾਲ ਕੌਮ ਲਈ ਵੀ ਕੋਈ ਕਾਰਗਰ ਕੰਮ ਕੀਤਾ ਜਾਵੇ ਜਿਸ ਨਾਲ ਦੋਹਰੀ ਗੁਲਾਮੀ ਤੋਂ ਛੁਟਕਾਰਾ ਪਾਇਆ ਜਾ ਸਕੇ।

ਬਾਬੂ ਜੀ ਨੇ ਮਨ ਬਣਾਇਆ ਕਿ ਆਪਣੇ ਸਮਾਜ ਨੂੰ ਜਥੇਬੰਦ ਕਰਕੇ ਰਾਜਨੀਤਕ, ਸਮਾਜਿਕ , ਧਾਰਮਿਕ ਅਤੇ ਆਰਥਿਕ ਤੌਰ ਤੇ ਉਪਰ ਚੁੱਕਿਆ ਜਾਵੇ ਜਿਵੇਂ ਕਿ ਸਾਡਾ ਵਿਰਸਾ ਸਾਨੂੰ ਇਤਿਹਾਸ ਰਾਹੀਂ ਪਤਾ ਲੱਗਦਾ ਹੈ ਕਿ ਮਹਿੰਜੋਦਡ਼ੋ, ਹਡ਼ੱਪਾ ਤੇ ਸਿੰਧੂ ਘਾਟੀ ਦੀ ਸਭਿਅਤਾ ਸਾਡੀ ਸਭਿਅਤਾ ਦੀ ਨਿਸ਼ਾਨੀ ਹੈ। ਇਸ ਸਭ ਲਈ ਸਭ ਤੋ ਪਹਿਲਾ ਵਿਦਿਅਕ ਤੌਰ ਤੇ ਵੀ ਜਾਗਰਿਤ ਕਰਨਾ ਜ਼ਰੂਰੀ ਸੀ ਪਰ ਮਨੂੰ ਦੇ ਬਣਾਏ ਗੈਰ ਇਨਸਾਨੀਅਤ ਕਾਨੂੰਨਾਂ ਨੇ ਭਾਰਤ ਦੇ ਅਸਲ ਵਾਸ਼ਿੰਦਿਆਂ ਨੂੰ ਹਰ ਖੇਤਰ ਵਿੱਚ ਲਿਤਾਡ਼ ਕੇ ਰੱਖਿਆ ਸੀ। ਉਨਾਂ ਸਾਰੀਆਂ ਸਹੂਲਤਾਂ ਤੋ ਵਾਂਝੇ ਕਰ ਦਿੱਤਾ ਸੀ ਜੋ ਇੱਕ ਇਨਸਾਨ ਲਈ ਜ਼ਰੂਰੀ ਸਨ। ਇੱਕ ਹੋਰ ਗੱਲ ਜੋ ਸਭ ਤੋ ਜ਼ਿਆਦਾ ਮਹੱਤਵਪੂਰਨ ਸੀ ਜੋ ਉਨਾਂ ਆਪਣੇ ਲੋਕਾਂ ਨੂੰ ਅਹਿਸਾਸ ਕਰਵਾਇਆ ਕਿ ਅਸੀ ਭਾਰਤ ਦੇ ਅਸਲ ਵਸਨੀਕ ਹਾਂ ਅਤੇ ਹਿੰਦੂ (ਆਰੀਅਨ ਲੋਕ) ਵਿਦੇਸ਼ੀ ਹਨ। ਸਾਡੀ ਕੌਮ ਆਦਿ ਧਰਮੀ ਹੈ ਅਤੇ ਧਰਮ, ਆਦਿ ਧਰਮ ਹੈ ਅਤੇ ਅਸੀਂ ਕਿਸੇ ਵੀ ਹਾਲਤ ਵਿੱਚ ਹਿੰਦੂ ਨਹੀਂ ਹਾਂ। ਇਹੋ ਜਿਹੇ ਮਹਾਨ ਵਿਚਾਰਾਂ ਵਾਲੀ ਵਿਸ਼ਾਲ ਅਤੇ ਪਹਿਲੀ ਜਬਰਦਸਤ ਕਾਨਫਰੰਸ ਪਿੰਡ ਮੁੱਗੋਵਾਲ (ਹੁਸ਼ਿਆਰਪੁਰ) ਵਿੱਚ 11-12 ਜੂਨ 1926 ਨੂੰ ਉੱਤਰੀ ਭਾਰਤ ਦੇ ਦਲਿਤ ਸਮਾਜ ਦੀ ਹੋਈ ਜਿਸ ਵਿੱਚ ਪੂਰੇ ਭਾਰਤ ਚੋ ਹੋਰ ਵੀ ਸਿਰਕੱਢ ਆਗੂਆਂ ਨੇ ਸ਼ਿਰਕਤ ਕੀਤੀ। ਇਸ ਦਿਨ ਹੀ ਆਦਿ ਧਰਮ ਮੰਡਲ ਪੰਜਾਬ ਦੀ ਸਥਾਪਨਾ ਹੋਈ ਸੀ। ਇਸ ਕਾਨਫਰੰਸ ਚ ਔਰਤਾਂ ਅਤੇ ਨੌਜਵਾਨਾਂ ਨੇ ਵੱਧ ਚਡ਼ ਕੇ ਵੀ ਭਾਗ ਲਿਆ ਸੀ।

11-12 ਜੂਨ 1926 ਦੀ ਕਾਨਫਰੰਸ ਨੇ ਆਦਿ ਧਰਮੀਆਂ ਅੰਦਰ ਜਬਰਦਸਤ ਚੇਤਨਾ ਲਹਿਰ ਫੈਲਾਅ ਦਿੱਤੀ ਤੇ ਉਨਾਂ ਵਲੋ ਮਿਲੇ ਹੁੰਗਾਰੇ ਨਾਲ ਆਦਿ ਧਰਮ ਮੰਡਲ ਦੇ ਬਜ਼ੁਰਗ ਵੀ ਹੋਰ ਹੌਂਸਲੇ ਵਿੱਚ ਆ ਗਏ। ਆਪਸੀ ਤਾਲਮੇਲ ਨਾਲ ਲੋਕਾਂ ਵਿੱਚ ਜਾਗਰਤੀ ਦਾ ਹਡ਼ ਆ ਗਿਆ। ਸਮਾਜ ਇਸ ਗੱਲੋ ਬੇਹੱਦ ਖੁਸ਼ ਸੀ ਕਿ ਉਨਾਂ ਨੂੰ ਇੱਕ ਵੱਖਰਾ ਨਾਂ ਕੌਂਮ ਅਤੇ ਧਰਮ ਦਾ ਮਿਲ ਗਿਆ।

ਆਦਿ ਧਰਮ ਮੰਡਲ ਪੰਜਾਬ ਵਲੋ ਜੋ ਵੀ ਪ੍ਗੋਰਾਮ ਉਲੀਕੇ ਸਭ ਵਿੱਚ ਸਫ਼ਲਤਾ ਮਿਲਦੀ ਗਈ। ਫ਼ਿਰ ਇੰਗਲੈਂਡ ਤੋ ਜਨਵਰੀ 1928 ਵਿੱਚ ਰੌਇਲ ਕਮਿਸ਼ਨ, ਅਕਤੂਬਰ 1928 ਵਿੱਚ ਸਾਈਮਨ ਕਮਿਸ਼ਨ ਅਤੇ 1932 ਵਿੱਚ ਲੋਥੀਅਨ ਕਮਿਸ਼ਨ ਭਾਰਤ ਆਇਆ ਤਾਂ ਮੰਡਲ ਨੇ ਡਾਕਟਰ ਅੰਬੇਦਕਰ ਦੀ ਰਹਿਨੁਮਾਈ ਨਾਲ ਆਪਣੀ ਕੌਮ ਦੇ ਦੁੱਖ ਦਰਦ ਉਸ ਸਾਹਮਣੇ ਰੱਖਣ ਲਈ ਜਬਰਦਸਤ ਜਲੂਸ ਜਲਸਿਆਂ ਵਿੱਚ ਇਕੱਠੇ ਹੋ ਕੇ ਜਾਂਦੇ ਰਹੇ ਜਿਸ ਵਿੱਚ ਖਾਸ ਕਰਕੇ ਹਿੰਦੂਆਂ ਵਲੋ ਵਿਰੋਧ ਕੀਤਾ ਜਾਂਦਾ ਸੀ। ਇਹੀ ਵਜਾ ਹੈ ਕਿ ਲਾਲਾ ਲਾਜਪੱਤ ਰਾਏ ਦੇ ਪੁਲਿਸ ਵਲੋ ਲਾਠੀਆਂ ਪਈਆਂ ਸਨ। ਅਤੇ ਬਾਬੂ ਮੰਗੂ ਰਾਮ ਵੀ ਹੱਥੋਪਾਈ ਵਿੱਚ ਜ਼ਖਮੀ ਹੋ ਗਏ ਸਨ।

ਇਸ ਮੰਡਲ ਦਾ ਮੁੱਖ ਤੌਰ ਤੇ ਮੰਤਵ ਇਹੀ ਸੀ ਕਿ ਮੌਜੂਦਾ ਦਲਿਤ ਸਮਾਜ ਭਾਰਤ ਦੇ ਅਸਲ ਵਸਨੀਕ ਹਨ ਉਹ ਕਿਸੇ ਵੀ ਤਰਾਂ ਹਿੰਦੂ ਨਹੀ ਹਨ। ਉਨਾਂ ਨੂੰ ਹਿੰਦੂਆਂ ਤੋ ਵੱਖਰੇ ਧਰਮ ਵਜੋਂ ਗਿਣਿਆ ਜਾਵੇ। ਇਸ ਦਾ ਰਿਜਲਟ ਚੰਗਾ ਨਿਕਲਿਆ ਕਿ 1931 ਦੀ ਮਰਦਮ ਸ਼ੁਮਾਰੀ ਸਮੇ ਅਲੱਗ-ਅਲੱਗ 34 ਜਾਤਾਂ ਦੇ ਲੋਕਾਂ ਨੇ ਆਪਣਾ ਧਰਮ, ਆਦਿ ਧਰਮ ਲਿਖਵਾਇਆ। ਡਾਕਟਰ ਅੰਬੇਦਕਰ ਦੀਆਂ ਲਿਖਤਾਂ ਮੁਤਾਬਕ ਜਿਸ ਵਿੱਚ ਕਿਸੇ ਨੇ ਵੀ ਕੋਈ ਆਪਣੀ ਜਾਤ ਦਾ ਜ਼ਿਕਰ ਨਹੀ ਕੀਤਾ, ਉਨਾਂ ਦੀ ਉਸ ਵਕਤ ਗਿਣਤੀ ਚਾਰ ਲੱਖ, ਅਠਾਰਾਂ ਹਜ਼ਾਰ ਸੱਤ ਸੌ ਉਨਾਸੀ (4, 18, 779) ਸੀ। ਜਿਸ ਨਾਲ ਆਦਿ ਧਰਮ ਇੱਕ ਨਵੇ ਧਰਮ ਵਜੋ ਰਜਿਸਟਰਡ ਹੋ ਗਿਆ। ਆਦਿ ਧਰਮ ਮੰਡਲ ਪੰਜਾਬ ਦੀ ਇਹ ਇੱਕ ਬਹੁਤ ਵੱਡੀ ਪ੍ਰਾਪਤੀ ਸੀ।

ਇਸ ਗੱਲ ਤੋ ਮਹਾਤਮਾ ਗਾਂਧੀ ਜੀ ਅਤੇ ਸਿਰਕਡ ਹਿੰਦੂ ਨੇਤਾਵਾਂ ਨੂੰ ਕਾਫ਼ੀ ਤਕਲੀਫ਼ ਹੋਈ ਕਿ ਇਹ ਲੋਕ ਹੁਣ ਹਿੰਦੂ ਨਹੀ ਰਹੇ। ਦੂਸਰੀ ਤਰਫ਼ ਮਹਾਤਮਾ ਗਾਂਧੀ ਜੀ ਵੀ ਇਸ ਗੱਲ ਲਈ ਦੁਖੀ ਸਨ ਕਿ ਬਾਬਾ ਸਾਹਿਬ ਡਾ. ਅੰਬੇਡਕਰ ਜੀ ਭਾਰਤ ਪੱਧਰ ਤੇ ਦਲਿਤਾਂ ਦੀ ਨੁਮਾਇੰਦਗੀ ਕਰ ਰਹੇ ਸਨ। ਇਸ ਵਾਸਤੇ ਲੰਡਨ ਵਿੱਚ ਗੋਲਮੇਜ਼ ਕਾਨਫਰੰਸ ਵਿੱਚ ਗਾਂਧੀ ਜੀ ਕਹਿ ਰਹੇ ਸਨ ਕਿ ਉਹ ਅਛੂਤਾਂ ਦਾ ਨੇਤਾ ਹੈ ਪਰ ਬਾਬਾ ਸਾਹਿਬ ਕਹਿ ਰਹੇ ਸਨ ਕਿ ਦਲਿਤਾਂ ਦਾ ਮੈਂ ਅਸਲੀ ਨੇਤਾ ਹਾਂ। ਇਹ ਗੱਲ 1932 ਈਸਵੀ ਦੀ ਹੈ, ਉਸ ਵਕਤ ਆਦਿ-ਧਰਮ ਮੰਡਲ ਪੰਜਾਬ ਨੇ ਹਜ਼ਾਰਾਂ ਟੈਲੀਗਰਾਮਾਂ ਲੰਡਨ ਨੂੰ ਕਰਕੇ ਕਿਹਾ ਕਿ ਸਾਡਾ ਨੇਤਾ ਡਾ. ਅੰਬੇਡਕਰ ਹੀ ਹੈ ਨਾ ਕਿ ਗਾਂਧੀ। ਅਖੀਰ ਵੋਟਾਂ ਦੇ ਅਧਾਰ ਤੇ ਡਾ ਅੰਬੇਦਕਰ ਜੀ ਦੀ ਜਿੱਤ ਹੋਈ ਤੇ ਗਾਂਧੀ ਨੇ ਆਪਣੀ ਹਾਰ ਤੋ ਬਾਅਦ ਮਰਨ ਵਰਤ ਰੱਖ ਦਿੱਤਾ ਕਿ ਅਛੂਤ ਭਾਰਤ ਤੋ ਅਲੱਗ ਹੋ ਗਏ ਜਾਂ ਵਧੇਰੇ ਹੱਕ ਲੈ ਗਏ ਤਾਂ ਹਿੰਦੂ ਧਰਮ ਘੱਟ ਗਿਣਤੀ ਵਿੱਚ ਆ ਜਾਵੇਗਾ ਤਾਂ ਗਾਂਧੀ ਜੀ ਆਪਣੇ ਮਰਨ ਵਰਤ ਲਈ ਦਿਰਡ਼ ਹੋ ਗਏ ਪਰ ਬਾਬਾ ਸਾਹਿਬ ਵੀ ਆਪਣੇ ਸਮਾਜ ਦੇ ਲੋਕਾਂ ਦੇ ਹੱਕ ਵਿੱਚ ਡਟੇ ਰਹੇ। ਜਦੋ ਗਾਂਧੀ ਜੀ ਦੀ ਹਾਲਤ ਮਾਡ਼ੀ ਹੁੰਦੀ ਗਈ ਤਾਂ ਮਿਸਜ਼ ਕਸਤੂਰਬਾਂ ਗਾਂਧੀ ਨੇ ਬਾਬਾ ਸਾਹਿਬ ਤੋ ਆਪਣੇ ਸੁਹਾਗ ਦੀ ਭੀਖ ਮੰਗਦੇ ਹੋਏ ਕਿਹਾ ਕਿ ਮੇਰਾ ਸੁਹਾਗ ਬਚਾ ਲਵੋ ਅਤੇ ਦੂਸਰੀ ਤਰਫ ਕੱਟਡ਼ ਹਿੰਦੂ ਮੂਲਵਾਦੀਆਂ ਵਲੋ ਬਾਬਾ ਸਾਹਿਬ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਵੀ ਮਿਲ ਰਹੀਆਂ ਸਨ। ਇਧਰ ਬਾਬੂ ਮੰਗੂ ਰਾਮ ਮੁੱਗੋਵਾਲੀਆਂ ਨੇ ਵੀ ਸ਼ਿਮਲਾ ਵਿੱਚ ਬਾਬਾ ਸਾਹਿਬ ਦੇ ਹੱਕ ਅਤੇ ਕੌਮ ਦੇ ਹੱਕ ਵਿੱਚ ਮਰਨ ਵਰਤ ਇਹ ਕਹਿ ਕੇ ਰੱਖ ਦਿੱਤਾ ਕਿ ਜੇਕਰ ਗਾਂਧੀ ਆਪਣੇ ਲੋਕਾਂ ਦੇ ਹੱਕਾਂ ਲਈ ਮਰ ਸਕਦਾ ਹੈ ਤਾਂ ਅਸੀ ਵੀ ਮਰ ਸਕਦੇ ਹਾਂ। ਅਖ਼ੀਰ ਬਾਬਾ ਸਾਹਿਬ ਡਾਕਟਰ ਅੰਬੇਦਕਰ ਅਤੇ ਮਹਾਤਮਾ ਗਾਂਧੀ ਵਿਚਕਾਰ ਇੱਕ ਸਮਝੋਤਾ ਹੋ ਗਿਆ। ਜੋ ਪੂਨਾ ਪੈਕਟ ਦੇ ਨਾ ਨਾਲ ਜਾਣਿਆ ਜਾਂਦਾ ਹੈ, ਇਸ ਵਿੱਚ ਦਲਿਤ ਸਮਾਜ ਨੂੰ ਕੁੱਝ ਰਾਖਵੇ ਹੱਕ ਮਿਲ ਨਾ ਕਿ ਭੀਖ ਸੀ। ਇਸ ਦੇ ਨਾਲ ਹੀ ਪੂਨਾ ਪੈਕਟ ਹੋ ਜਾਣ ਤੇ ਸੰਤ ਸਰਵਨ ਦਾਸ ਡੇਰਾ ਸਚੱਖੰਡ ਬੱਲਾਂ (ਜਲੰਧਰ) ਨੇ ਬਾਬੂ ਮੰਗੂ ਰਾਮ ਨੂੰ ਜੂਸ ਦਾ ਗਿਲਾਸ ਪਿਲਾ ਕੇ ਮਰਨ ਵਰਤ ਨੂੰ ਖਤਮ ਕਰਵਾਇਆ।

ਪੂਨਾ ਪੈਕਟ ਹੋਣ ਨਾਲ ਪੰਜਾਬ ਵਿਧਾਨ ਸਭਾ ਲਈ 8 ਸੀਟਾਂ ਦਲਿਤ ਸਮਾਜ ਲਈ ਰਿਜ਼ਰਵ ਹੋ ਗਈਆਂ। 1936-37 ਦੀ ਵਿਧਾਨ ਸਭਾ ਚੋਣਾਂ ਦੌਰਾਨ ਆਦਿ ਧਰਮ ਮੰਡਲ ਪੰਜਾਬ ਨੇ ਅੱਠਾਂ ਵਿੱਚੋ ਸੱਤ ਸੀਟਾਂ ਉਪਰ ਆਪਣੇ ਐਮ. ਐਲ. ਏ. ਜਿਤਾ ਕੇ ਲਾਹੌਰ ਵਿਧਾਨ ਸਭਾ ਅੰਦਰ ਭੇਜੇ ਤੇ ਬਾਅਦ ਵਿੱਚ 8ਵਾਂ ਐਮ. ਐਲ. ਏ. ਜੋ ਸ. ਮੂਲਾ ਸਿੰਘ ਜੋ ਕਾਂਗਰਸ ਦੀ ਟਿਕਟ ਤੇ ਚੌਣ ਜਿੱਤਿਆ ਸੀ, ਉਹ ਵੀ ਆਦਿ - ਧਰਮ ਮੰਡਲ ਵਿੱਚ ਸ਼ਾਮਿਲ ਹੋ ਗਏ। ਇਹ ਇੱਕ ਹੋਰ ਆਦਿ-ਧਰਮ ਮੰਡਲ ਪੰਜਾਬ ਦੀ ਇਤਹਾਸਿਕ ਜਿੱਤ ਸੀ । ਇਸ ਤਰਾਂ ਜਿੱਤਾਂ ਦਾ ਸਿਲਸਿਲਾ ਜਾਰੀ ਸੀ ਕਿ ਭਾਰਤ ਵੰਡ ਵੱਲ ਚੱਲ ਪਿਆ। 1947 ਵਿੱਚ ਮੁਸਲਿਮ ਲੀਗ ਵਾਲਿਆਂ ਨੇ ਬਾਬੂ ਜੀ ਨੂੰ (ਜੋ 1945 ਤੋਂ 1952 ਤੱਕ ਐਮ. ਐਲ. ਏ. ਰਹੇ) ਅਗਵਾ ਕਰ ਲਿਆ ਤੇ ਕਿਹ ਕਿ ਆਪਣੇ ਲੋਕਾਂ ਦੀ ਵੋਟ ਪਾਕਿਸਤਾਨ ਦੇ ਹੱਕ ਵਿੱਚ ਪਾਉਣ ਲਈ ਕਹਿਣ ਪਰ ਬਾਬੂ ਜੀ ਸੱਚੇ ਦੇਸ਼ ਭਗਤ ਸਨ ਤੇ ਉਹ ਇਹ ਨਹੀ ਸਨ ਚਾਹੁੰਦੇ ਕਿ ਦੇਸ਼ ਟੁਕਡ਼ੇ ਟੁਕਡ਼ੇ ਹੋ ਜਾਵੇ ਕਿਉਂਕਿ ਭਾਰਤ ਸਾਡਾ ਆਪਣਾ ਦੇਸ਼ ਹੈ। ਉਨਾਂ ਪਾਕਿਸਤਾਨ ਦੇ ਹੱਕ ਵਿੱਚ ਨਾ ਭੁਗਤ ਕੇ ਪਾਕਿਸਤਾਨ ਦਾ ਸੁਪਨਾ ਜੋ ਦਿੱਲੀ ਤੱਕ ਸੀ, ਚਕਨਾ ਚੂਰ ਹੋ ਗਿਆ। ਪਰ ਦੁੱਖ ਦੀ ਗੱਲ ਇਹ ਕਿ ਦੇਸ਼ ਦੇ ਲੀਡਰਾਂ ਨੇ ਕਦੇ ਉਹੋ ਜਿਹਾ ਮਾਨ ਸਨਮਾਨ ਦਿੱਤਾ ਜਾ ਕੀਤਾ ਨਹੀ ਜਿਸ ਦੇ ਲਈ ਗਦਰੀ ਬਾਬਾ ਜੀ ਹੱਕ ਦਾਰ ਸਨ। ਇਹ ਠੀਕ ਹੈ ਕਿ 15 ਅਗਸਤ 1972 ਨੂੰ ਗਦਰੀ ਬਾਬਾ ਮੰਗੂ ਰਾਮ ਨੂੰ ਉਸ ਸਮੇਂ ਦੇ ਪਰਧਾਨ ਮੰਤਰੀ ਇੰਦਰਾ ਗਾਂਧੀ ਨੇ ਫਰੀਡਮ ਫਾਈਟਰ ਦਾ ਤਾਮਰ ਪੱਤਰ ਦਿੱਤਾ ਗਿਆ ਤੇ ਦੋ ਸੌ ਰੁਪਏ ਮਹੀਨਾ ਪੈਨਸ਼ਨ ਲਗਾਈ ਗਈ। 1976 ਵਿੱਚ ਆਪ ਜੀ ਦੇ ਲਾਏ ਹੋਏ ਆਦਿ ਧਰਮ ਦੇ ਬੂਟੇ ਦੀ ਗੋਲਡਨ ਜੁਬਲੀ ਮਨਾਈ ਗਈ ਅਤੇ 1977 ਵਿੱਚ ਆਪ ਜੀ ਨੂੰ ਵਿਸ਼ੇਸ਼ ਤੌਰ ਤੇ ਆਦਿ ਧਰਮ ਬ੍ਦਰਜ਼ਹੁੱਡ ਯੂ. ਕੇ. ਵਲੋਂ ਲੰਡਨ ਬੁਲਾ ਕੇ ਸਨਮਾਨਿਤ ਕਿੱਤਾ ਗਿਆ।

ਮੇਰੀ ਜਾਣਕਾਰੀ ਮੁਤਾਬਕ, ਗਦਰੀ ਬਾਬਾ ਮੰਗੂ ਰਾਮ ਮੁੱਗੋਵਾਲੀਆ ਜੀ ਪਹਿਲੇ ਗਦਰੀ ਬਾਬਾ ਹਨ ਜਿਨਾਂ ਦੀ ਲਾਈਫ਼ ਅਤੇ ਉਨਾਂ ਵਲੋ ਚਲਾਈ ਆਦਿ ਧਰਮ ਮੂਵਮੈਂਟ ਬਾਰੇ ਕਿਸੇ ਵਿਦੇਸ਼ੀ ਵਿਦਵਾਨ ਨੇ ਖੋਜ ਭਰਭੂਰ ਥਿਸਸ ਲਿਖ ਕੇ ਡਾਕਟਰੇਟ ਦੀ ਡਿਗਰੀ ਲਈ ਹੋਵੇ। ਇਹ ਸਿਹਰਾ ਅਮਰੀਕਾ ਦੇ ਉਚਕੋਟੀ ਦੇ ਵਿਦਵਾਨ ਅਤੇ ਪਰੋਫੈਸਰ ਤੇ ਹੁਣ ਡਾਕਟਰ ਮਾਰਕ ਜ਼ਰਜ਼ਰਮਾਇਰ ਨੂੰ ਜਾਦਾਂ ਹੈ।

ਪਰ ਇੰਨਾ ਕੁੱਝ ਹੋ ਜਾਣ ਦੇ ਬਾਵਜੂਦ ਵੀ ਜਿਅਦਾ ਤਰ ਮਨੂਵਾਦੀ ਮਾਨਸਿਕਤਾ ਵਾਲੇ ਦੇਸ਼ ਦੇ ਲੀਡਰਾਂ ਅਤੇ ਆਪਣੇ ਆਪ ਨੂੰ ਨਿਰਪੱਖ ਅਤੇ ਸਮਾਜ ਦੇ ਉਸਰੀਏ ਕਹਾਉਣ ਵਾਲੇ ਕਾਮਰੇਡ ਵੀ ਗ਼ਦਰੀ ਬਾਬਾ ਮੰਗੂ ਰਾਮ ਦੀ ਫੋਟੋ, ਗ਼ਦਰੀ ਬਾਬਿਆਂ ਦੀ ਯਾਦ ਵਿੱਚ ਬਣੇ ਦੇਸ਼ ਭਗਤ ਯਾਦਗਰ ਹਾਲ, ਜਲੰਧਰ ਵਿੱਚ ਬਾਕੀ ਗ਼ਦਰੀ ਬਾਬਿਆਂ ਦੀ ਤਰਾਂ ਫੋਟੋ ਲਗਾਉਣ ਲਈ ਪਤਾ ਨਹੀ ਕਿਉ ਇੰਨੇ ਲੰਮੇਂ ਸਮੇਂ ਤੋਂ ਕਿਸ ਪੰਡਿਤ ਦੀ ਇੰਤਜ਼ਾਰ ਵਿੱਚ ਹਨ ? ਇਹ ਕਿਹੋ ਜਿਹੀ ਵਿਡੰਵਨਾ ਹੈ ਕਿ ਜੋ ਦੇਸ਼ ਦੀ ਅਜ਼ਾਦੀ ਨੂੰ 58 ਸਾਲ ਹੋ ਜਾਣ ਤੇ ਵੀ ਗ਼ਦਰੀ ਬਾਬਿਆਂ ਦੀ ਸੋਚ ਨੂੰ ਨਹੀ ਸਮਝ ਸਕੇ, ਇਹ ਤਾਂ ਕਾਮਰੇਡ ਹੀ ਜਾਣਦੇ ਹਨ ਕਿ ਫੋਟੋ ਲਾਉਣ ਵਿੱਚ ਉਨਾ ਨੂੰ ਕਿਸ ਗੱਲ ਦਾ ਭੈਅ ਸਤਾ ਰਿਹਾ ਹੈ। ਜਦ ਕਿ ਬਾਬੂ ਮੰਗੂ ਰਾਮ ਜੀ ਪਰੋਫੈਸਰ ਮਾਰਕ ਜ਼ਰਜ਼ਰਮਾਇਰ ਨੂੰ ਇੰਟਰਵਿਊ ਸਮੇਂ ਦਸਿਆ ਸੀ ਕਿ ਅਮਰੀਕਾ ਵਿੱਚ ਗ਼ਦਰ ਪਾਰਟੀ ਵਿੱਚ ਕੰਮ ਕਰਦਿਆਂ ਸਮੇਂ ਸਾਡਾ ਆਪਸ ਵਿੱਚ ਸਾਰੇ ਗ਼ਦਰੀ ਬਾਬਿਆਂ ਨਾਲ ਕਿਸੇ ਕਿਸਮ ਦਾ ਕੋਈ ਵੀ ਭਿੰਨ ਭੇਦ ਨਹੀ ਸੀ। ਮੇਰੇ ਇਸ ਲੇਖ ਛਪਣ ਤੱਕ ਜੇਕਰ ਉਨਾਂ ਫੋਟੋ ਲਗਾ ਚੁੱਕੇ ਹਨ ਤਾਂ ਮੈਂ ਉਨਾਂ ਦਾ ਧੰਨਵਾਦ ਕਰਦਾ ਹਾਂ ਪਰ ਮੈਨੂੰ ਅਜੇ ਯਕੀਨ ਨਹੀ ਆਉਂਦਾ ਕਿ ਅਜਿਹਾ ਵੀ ਹੋ ਇੰਨੀ ਜਲਦੀ ਹੋ ਸਕਦਾ ਹੈ ਕਿਉਂਕਿ ਜਿੱਥੇ ਇੰਨੀ ਦੇਰ ਪਹਿਲਾਂ ਹੀ ਦੱਸਣ/ਕਹਿਣ/ਲਿਖਣ ਤੇ ਵੀ ਫੋਟੋ ਨਹੀ ਲਗਾਈ ਗਈ। ਇਸ ਦੇ ਨਾਲ ਹੀ ਮੈਂ ਕਹਿਣਾ ਚਾਹਾਂਗਾ ਕਿ ਭਾਰਤ ਦੇ ਕਾਮਰੇਡਾਂ ਦੀ ਪਲਾਨਿੰਗ ਲਗਪਗ ਮੱਹਲਾਂ ਵਿੱਚ ਹੀ ਹੁੰਦੀ ਹੈ ਪਰ ਨਾਹਰੇਬਾਜ਼ੀ, ਜਿੰਦਾਬਾਦ - ਮੁਰਦਾਬਾਦ ਕੁੱਲੀਆਂ-ਢਾਰਿਆਂ ਵੱਲੋ ਸ਼ੁਰੂ ਹੁੰਦੀ ਹੈ।

ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਇਸ ਫਾਨੀ ਸੰਸਾਰ ਅੰਦਰ ਅੱਜ ਤੱਕ ਜਿੰਨੇ ਵੀ ਇਨਕਲਾਬ ਆਏ ਹਨ, ਉਹ ਕੁੱਲੀਆਂ-ਢਾਰਿਆਂ ਚੋਂ ਹੀ ਆਏ ਹਨ ਅਤੇ ਇਨਕਲਾਬ ਲਿਆਉਣ ਵਾਲੇ ਵੀ ਅਕਸਰ ਗਰੀਬ ਪਰਿਵਾਰਾਂ ਵਿੱਚੋ ਹੀ ਹੋਏ ਹਨ ਪਰੰਤੂ ਭਾਰਤ ਦੀ ਕਾਮਰੇਡੀ ਵਾਗਡੋਰ ਜਿਅਦਾਤਰ ਅਮੀਰ ਲੋਕਾਂ ਦੇ ਹੱਥ ਹੀ ਹੈ। ਇਸੇ ਲਈ ਡਾਕਟਰ ਅੰਬੇਦਕਰ ਨੇ ਸਹੀ ਕਿਹਾ ਸੀ ਕਿ ਕਾਰਲ ਮਾਰਕਸ ਅਤੇ ਲੈਨਿਨ ਵਰਗੇ ਮਹਾਨ ਕਾਮਰੇਡ ਜੇਕਰ ਭਾਰਤ ਵਿੱਚ ਪੈਦਾ ਹੋਏ ਹੁੰਦੇ ਅਤੇ ਇੱਥੋਂ ਹੀ ਇੰਨਕਲਾਬ ਦੀ ਗੱਲ ਕਰਦੇ ਤਾਂ ਕਦੇ ਕਾਮ੍ਯਾਬ ਨਾ ਹੁੰਦੇ ਜਿਸ ਪਰਕਾਰ ਉਹ ਆਪਣੇ ਮੁਲਖਾਂ ਅੰਦਰ ਕਾਮ੍ਯਾਬ ਹੋਏ।

ਸੋ ਅਖ਼ੀਰ ਵਿੱਚ 14 ਜਨਵਰੀ ਵਾਲੇ ਦਿਨ ਗ਼ਦਰੀ ਬਾਬਾ ਮੰਗੂ ਰਾਮ ਮੁੱਗੋਵਾਲੀਆ ਦੇ 120ਵੇਂ ਜਨਮ ਦਿਨ ਦੇ ਮੌਕੇ ਉਪਰ ਮੈਂ ਬਡ਼ੀ ਨਿਮਰਤਾ ਨਾਲ ਕਹਿਣਾ ਚਾਹਾਂਗਾ ਕਿ ਇੱਕਲੇ ਗ਼ਦਰੀ ਬਾਬਾ ਮੰਗੂ ਰਾਮ ਹੀ ਨਹੀ ਬਲਕਿ ਹੋਰਨਾ ਗ਼ਦਰੀ ਬਾਬਿਆਂ ਦੀ ਵੀ ਫੋਟੋ ਲਾਈ ਜਾਵੇ ਜਿਨਾਂ ਦੀ ਫੋਟੋ ਅਜੇ ਤੱਕ ਦੇਸ਼ ਭਗਤ ਯਾਦਗਰ ਹਾਲ ਜਲੰਧਰ ਵਿੱਚ ਨਹੀ ਲਗਾਈ ਗਈ। ਇਸ ਨਾਲ ਕਾਮਰੇਡ, ਸਮਾਜ ਅਤੇ ਲਹਿਰ ਨੂੰ ਜੋਡ਼ਨ ਅਤੇ ਅੱਗੇ ਤੋਰਨ ਵਿੱਚ ਕਾਮ੍ਯਾਬ ਹੀ ਹੋਣ ਗੇ ਨਹੀ ਤਾਂ ਉਹ ਗਰੀਬ ਲੋਕਾਂ ਦੀਆਂ ਨਜ਼ਰਾਂ ਵਿੱਚ ਇੱਕ ਨਾਂ ਦੇ ਹੀ ਕਾਮਰੇਡ ਹੋਣਗੇ।

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com