ਯਤੀਮੀ ਕੀ ਨਹੀਂ ਕਰਾਉਂਦੀ?
ਮੇਘ ਰਾਜ ਮਿੱਤਰ, ਬਰਨਾਲਾਮੈਂ ਆਪਣੇ
ਦਫ਼ਤਰ ਵਿੱਚ ਬੈਠਾ ਇੱਕ ਲੇਖ ਲਿਖਣ ਦਾ ਯਤਨ ਕਰ ਰਿਹਾ ਸੀ, ਕਿ ਮੇਰੇ ਫ਼ੋਨ ਦੀ ਘੰਟੀ
ਵੱਜੀ, ਮੁੰਬਈ ਤੋਂ ਇੱਕ ਇਸਤਰੀ ਬੋਲ ਰਹੀ ਸੀ। ਕਹਿਣ ਲੱਗੀ ਮੇਰੇ ਭਰਾ ਦੇ ਘਰ
ਬੁਰੀਆਂ ਘਟਨਾਵਾਂ ਵਾਪਰ ਰਹੀਆਂ ਹਨ। ਕਦੇ ਪੱਥਰ ਵਰਸਣੇ ਸ਼ੁਰੂ ਹੋ ਜਾਂਦੇ ਹਨ। ਕਦੇ
ਅੱਗ ਲੱਗਣੀ ਸ਼ੁਰੂ ਹੋ ਜਾਂਦੀ ਹੈ। ਮੈਨੂੰ ਤੁਹਾਡੇ ਬਾਰੇ ਦੱਸ ਪਈ ਸੀ ਕਿ ਤੁਸੀਂ ਇਸ
ਕੇਸ ਨੂੰ ਹੱਲ ਕਰ ਸਕਦੇ ਹੋ? ਮੈਂ ਉਸਨੂੰ ਕਿਹਾ ਕਿ ‘‘ਮੈਂ ਇਹਨਾਂ ਘਟਨਾਵਾਂ ਨੂੰ
ਸਦਾ ਲਈ ਖਤਮ ਕਰ ਸਕਦਾ ਹਾਂ ਪਰ ਜੇ ਸੰਬੰਧਿਤ ਪ੍ਰੀਵਾਰ ਦਾ ਮੁਖੀ ਆ ਕੇ ਬੇਨਤੀ
ਕਰੇ’’ ਤਾਂ ਉਹ ਕਹਿਣ ਲੱਗੀ ‘‘ਪ੍ਰੀਵਾਰ ਦਾ ਮੁਖੀ ਦੂਰ ਹੈ ਜੇ ਮੈਂ ਚੰਡੀਗੜ ਦੇ ਹੀ
ਇੱਕ ਨਜਦੀਕੀ ਨੂੰ ਤੁਹਾਡੇ ਕੋਲ ਭੇਜ ਦੇਵਾਂ ਤਾਂ ਕੀ ਤੁਸੀਂ ਚਲੇ ਜਾਵੋਗੇ?’’ ਮੈਂ
ਹੁੰਗਾਰਾ ਭਰ ਦਿੱਤਾ। ਦੋ ਘੰਟੇ ਬਾਅਦ ਹੀ ਇੱਕ ਨਜਦੀਕੀ ਗੁਰਦੁਆਰੇ ਦੇ ਗਰੰਥੀ ਸਾਹਿਬ
ਆ ਗਏ। ਉਹ ਕਹਿਣ ਲੱਗੇ ਕਿ ‘‘ਮੈਂ ਗੱਡੀ ਭੇਜ ਦਿੰਦਾ ਹਾਂ ਤੁਸੀਂ ਚਲੇ ਜਾਣਾ।’’
ਪ੍ਰੀਵਾਰ ਨਾਲ ਵੀ ਉਸ ਨੇ ਮੇਰੀ ਗੱਲਬਾਤ ਕਰਵਾ ਦਿੱਤੀ। ਮੈਂ ਨਿਸਚਿਤ ਦਿਨ ’ਤੇ ਸਮੂਹ
ਪ੍ਰੀਵਾਰ ਮੈਂਬਰਾਂ ਨੂੰ ਘਰ ਰਹਿਣ ਲਈ ਕਹਿ ਦਿੱਤਾ। ਜਦੋਂ ਗਰੰਥੀ ਸਾਹਿਬ ਆਪਣੇ
ਪੁੱਤਰ ਨੂੰ ਗੱਡੀ ਬਾਰੇ ਕਹਿਣ ਲੱਗੇ ਤਾਂ ਘਰ ਵਿੱਚ ਵੀ ਕਲੇਸ਼ ਪੈ ਗਿਆ। ਅਜਿਹੇ
‘‘ਓਪਰੀ ਸ਼ੈਅ’’ ਵਾਲੇ ਘਰ ਵਿੱਚ ਕੋਈ ਵੀ ਜਾਣਾ ਨਹੀਂ ਚਾਹੁੰਦਾ ਸੀ।
ਪਰ ਕੇਸ ਤਾਂ ਹੱਲ ਕਰਨਾ ਹੀ ਸੀ ਮੈਂ ਆਪਣੇ ਡਰਾਈਵਰ ਨਰੇਸ਼ ਨੂੰ ਨਿਸਚਿਤ ਸਮੇਂ ਤੇ
ਆਪਣੇ ਘਰ ਬੁਲਾ ਲਿਆ, ਸਤੰਬਰ 2013 ਦੇ ਤੀਸਰੇ ਐਂਤਵਾਰ ਘਰੋਂ ਸੱਤ ਵਜੇ ਹੀ ਰਵਾਨਾ
ਹੋ ਪਏ। ਖਰੜ ਚੌਂਕ ਵਿੱਚ ਪੁੱਜੇ ਸਾਂ ਵੇਖਿਆ ਕਿ ‘‘ਅਧਿਆਪਕਾਵਾਂ ਨੇ ਵੱਡੀ ਗਿਣਤੀ
ਵਿੱਚ ਇਕੱਠੀਆਂ ਹੋ ਕੇ ਸੜਕਾਂ ਹੀ ਜਾਮ ਕੀਤੀਆਂ ਹੋਈਆਂ ਸਨ। ਕਈ ਅਧਿਆਪਕਾਵਾਂ ਤੇ
ਅਧਿਆਪਕ ਸੜਕਾਂ ’ਤੇ ਹੀ ਚਾਦਰਾਂ ਵਸਾ ਕੇ ਲਿਟੇ ਹੋਏ ਸਨ। ਕਾਰ ਅੱਗੇ ਜਾ ਨਹੀਂ ਸਕਦੀ
ਸੀ ਤੇ ਨਾ ਹੀ ਸਾਨੂੰ ਜਾਣਾ ਚਾਹੀਦਾ ਸੀ। ਕਿਉਂਕਿ ਮਜਬੂਰੀ ਦੇ ਸਤਾਏ ਲੋਕਾਂ ਵੱਲੋਂ
ਕੀਤੇ ਜਾਂਦੇ ਘੋਲਾਂ ਵਿੱਚ ਸਾਥ ਦੇਣਾ ਮੇਰੀ ਜ਼ਿੰਦਗੀ ਦਾ ਸਿਰਨਾਵਾਂ ਰਿਹਾ ਹੈ। ਮੈਂ
ਖੁਦ ਇਹਨਾਂ ਸੰਘਰਸ਼ਾਂ ਵਿੱਚ ਮੋਹਰੀ ਰੋਲ ਅਦਾ ਕਰਦਾ ਰਿਹਾ ਹਾਂ। ਅਸੀਂ ਗੱਡੀ ਕਿਸੇ
ਹੋਰ ਰਸਤੇ ਰਾਹੀਂ ਕੱਢਣ ਦਾ ਯਤਨ ਕੀਤਾ ਤਾਂ ਉਸ ਵਿੱਚ ਇੱਕ ਟਰੱਕ ਫਸਿਆ ਹੋਇਆ ਸੀ
ਕਿਉਂਕਿ ਉਸ ਦਾ ਐਕਸਲ ਟੁੱਟ ਗਿਆ। ਗੱਡੀ ਬੈਕ ਕਰਕੇ ਕਿਸੇ ਹੋਰ ਗੱਡੀ ਦੇ ਪਿੱਛੇ
ਲਾਈ। ਸ਼ਹਿਰ ਵਿੱਚ ਕਈ ਮੋੜ ਕੱਟਕੇ ਆਖਰ ਵਿੱਚ ਅਸੀਂ ਇੱਕ ਘੰਟੇ ਦੀ ਜੱਦੋ-ਜਹਿਦ
ਪਿੱਛੋਂ ਖਰੜ ਵਿੱਚੋਂ ਬਾਹਰ ਆ ਗਏ ਤੇ ਮਹਿਲਾ ਚੌਕ ਨੂੰ ਰਵਾਨਾ ਹੋ ਪਏ। ਲੱਗਭੱਗ
ਬਾਰਾਂ ਕੁ ਵਜੇ ਪੰਜ ਘੰਟੇ ਦੇ ਸਫਰ ਪਿੱਛੋਂ ਪੁੱਜ ਗਏ।
ਪਿੰਡ ਦਾ ਸਰਪੰਚ ਇੱਕ ਰੀਟਾਇਰਡ ਅਧਿਆਪਕ ਹੈ ਤੇ ਉਹ ਤੇ ਉਸਦਾ ਭਰਾ ਤਰਕਸ਼ੀਲ ਲਹਿਰ
ਦੇ ਸਮਰੱਥਕ ਹਨ। ਕੁੱਝ ਦਿਨ ਪਹਿਲਾਂ ਉਸਦਾ ਫੋਨ ਆ ਗਿਆ ਕਿ ਮੈਂ ਤੁਹਾਨੂੰ ਮਿਲਣਾ
ਚਾਹੁੰਦਾ ਹਾਂ। ਮੈਂ ਉਹਨੂੰ ਸੰਬਧਤ ਘਰ ਹੀ ਪੁੱਜਣ ਦਾ ਸੁਨੇਹਾ ਲਾ ਦਿੱਤਾ, ਸਤਨਾਮ
ਕ੍ਰਿਤੀ ਅਮਿਰਤਸਰ ਤੇ ਗੁਰਦਾਸਪੁਰ ਜਿਲੇ ਵਿੱਚ ਤਰਕਸ਼ੀਲ ਲਹਿਰ ਦਾ ਪ੍ਰਸਿੱਧ ਆਗੂ ਹੈ
ਉਸਨੂੰ ਵੀ ਸੰਬੰਧਤ ਘਰ ਪੁੱਜਣ ਦਾ ਮੈਸੇਜ ਭੇਜ ਦਿੱਤਾ। ਜਦੋਂ ਮੈਂ ਸੰਬੰਧਤ ਘਰ
ਪੁੱਜਿਆ ਤਾਂ ਲੱਗਭੱਗ ਇੱਕ ਦਰਜਨ ਸੂਝਵਾਨ ਅਧਿਆਪਕ ਤੇ ਪੱਤਰਕਾਰ ਪੁੱਜੇ ਹੋਏ ਸਨ।
ਇਹਨਾਂ ਸਾਰੇ ਸਾਥੀਆਂ ਨੂੰ ਤਰਕਸ਼ੀਲ ਲਹਿਰ ਦੀਆਂ ਪ੍ਰਾਪਤੀਆਂ ’ਤੇ ਬਹੁਤ ਵੱਡਾ ਮਾਣ
ਸੀ। ਮੈਨੂੰ ਆਪਣੇ ਇਲਾਕੇ ਵਿੱਚ ‘ਜੀ ਆਇਆ’ ਕਹਿਣ ਲਈ ਉਹ ਸਾਰੇ ਆਏ ਸਨ। ਪ੍ਰੀਵਾਰ
ਵਲੋਂ ਸਭ ਨੂੰ ਚਾਹ ਪਾਣੀ ਪਿਲਾਇਆ ਗਿਆ। ਸਰਸਰੀ ਗੱਲਬਾਤ ਤੋਂ ਬਾਅਦ ਮੈਂ ਉਹਨਾਂ ਨੂੰ
ਇਹ ਕਹਿ ਕੇ ਵਿਦਾ ਕਰ ਦਿੱਤਾ ਕਿ ਪ੍ਰੀਵਾਰ ਵਿੱਚ ਕੁੱਝ ਗੱਲਾਂ ਗੁਪਤ ਰੱਖਣੀਆਂ
ਹੁੰਦੀਆਂ ਹਨ। ਇਸ ਲਈ ਸਾਰਿਆਂ ਨੂੰ ਕੇਸ ਹੱਲ ਕਰਨ ਲਈ ਨਾ ਬਿਠਾ ਸਕਣਾ ਸਾਡੀ ਮਜਬੂਰੀ
ਹੈ।
ਸਾਰੇ ਸਾਥੀ ਸੂਝਵਾਨ ਸਨ ਤੇ ਉਹਨਾਂ ਨੇ ਮੇਰੀ ਇਸ ਗੱਲ ਦਾ ਹੁੰਗਾਰਾ ਭਰਿਆ ਉਂਝ
ਵੀ ਸਭ ਨੇ ਆਪਣੇ ਕੰਮਾਂ ਧੰਦਿਆਂ ਵਿੱਚ ਜਾਣਾ ਸੀ।
ਪਰਿਵਾਰ ਦਾ ਇਕੱਠ : ਘਰ ਵਿੱਚ ਵਾਪਰੀਆਂ ਘਟਨਾਵਾਂ ਦਾ ਸਰਸਰੀ ਜਾਇਜਾ
ਲੈਣ ਤੋਂ ਬਾਅਦ ਅਸੀਂ ਪ੍ਰੀਵਾਰ ਨੂੰ ਇਕੱਠਾ ਕੀਤਾ ਅਤੇ ਕੁੱਝ ਹਦਾਇਤਾਂ ਦਿੱਤੀਆਂ।
ਇਹਨਾਂ ਹਦਾਇਤਾਂ ਵਿੱਚ ‘‘ਗੱਲਾਂ ਨੂੰ ਵਧਾ ਚੜਾ ਕੇ ਨਾ ਦੱਸਣ ਦੀ ਹਦਾਇਤ ਸੀ। ਇਹ ਵੀ
ਕਿਹਾ ਗਿਆ ਕਿ ਅਸੀਂ ਹਰੇਕ ਨੂੰ ਇਕੱਲੇ ਇਕੱਲੇ ਨੂੰ ਬੁਲਾਵਾਂਗੇ। ਕੋਈ ਕਿਸੇ ਨੂੰ ਇਸ
ਗੱਲ ਦੀ ਜਾਣਕਾਰੀ ਨਹੀਂ ਦੇਵੇਗਾ ਕਿ ਅਸੀਂ ਉਸਤੋਂ ਕੀ ਪੁੱਛਿਆ ਹੈ ਤੇ ਉਸਨੇ ਕੀ
ਦੱਸਿਆ ਹੈ। ਸਾਰੇ ਆਪਣੇ ਕੰਮ ਧੰਦੇ ਕਰਦੇ ਰਹਿਣਗੇ ਤੇ ਸਿਰਫ ਸਾਡੇ ਕੋਲ ਉਹ ਹੀ
ਵਿਅਕਤੀ ਆਵੇਗਾ ਜਿਸਨੂੰ ਅਸੀਂ ਬੁਲਾਵਾਗੇ।’’
ਇਸ ਤੋਂ ਬਾਅਦ ਪ੍ਰੀਵਾਰ ਨੂੰ ਖਿੰਡਾ ਦਿੱਤਾ ਗਿਆ ਬਾਹਰਲੇ ਪ੍ਰੀਵਾਰ ਦੀ ਨਿਗਰਾਨੀ
ਲਈ ਅਸੀਂ ਨਰੇਸ਼ ਦੀ ਡਿਊਟੀ ਲਾ ਦਿੱਤੀ।
ਪ੍ਰੀਵਾਰ ਦੇ ਮੈਂਬਰਾਂ ਦੀ ਲਿਸਟ ਵੇਖਣ ਤੋਂ ਬਾਅਦ ਅਸੀਂ ਘਰ ਦੀ ਸਭ ਤੋਂ ਵੱਡੀ
ਔਰਤ ਨੂੰ ਬੁਲਾਇਆ, ਉਮਰ ਭਾਵੇਂ ਉਸਦੀ ਪੰਜਾਹ ਤੋਂ ਘੱਟ ਹੀ ਸੀ। ਪਰ ਉਸਦੀਆਂ ਗੱਲਾਂ
ਕਰਨ ਦੇ ਢੰਗ ਤੋਂ ਸਾਨੂੰ ਕੁੱਝ ਗੱਲਾਂ ਸਪੱਸ਼ਟ ਨਹੀਂ ਹੋ ਰਹੀਆਂ ਸਨ। ਪ੍ਰੀਵਾਰ ਦੇ
ਦੋ ਤਿੰਨ ਮੈਂਬਰਾਂ ਨਾਲ ਗੱਲ ਬਾਤ ਕਰਨ ਤੋਂ ਬਾਅਦ ਸਾਨੂੰ ਘਰ ਵਿੱਚ ਵਾਪਰੀਆਂ
ਸਾਰੀਆਂ ਘਟਨਾਵਾਂ ਦੀ ਜਾਣਕਾਰੀ ਮਿਲ ਗਈ।
ਵਾਪਰ ਰਹੀਆਂ ਘਟਨਾਵਾਂ: ਸਭ ਤੋਂ ਪਹਿਲਾਂ ਘਰ ਵਿੱਚ ਪੱਥਰ ਵੱਜਣੇ ਸ਼ਰੂ
ਹੋ ਗਏ। ਪ੍ਰੀਵਾਰ ਦੇ ਮੁਖੀ ਚਾਰ ਸਕੇ ਭਰਾ ਸਨ। ਇਹਨਾਂ ਚਾਰਾਂ ਨੇ ਆਪਣੇ ਖੇਤ ਵਿੱਚ
ਇਕੱਠੀਆਂ ਹੀ ਚਾਰ ਕੋਠੀਆਂ ਇੱਕ ਦੂਜੇ ਦੇ ਨਜ਼ਦੀਕ ਬਣਾਈਆਂ ਹੋਈਆਂ ਸਨ। ਤੀਸਰੇ ਨੰਬਰ
ਵਾਲਾ ਭਰਾ ਬਾਹਰਲੇ ਦੇਸ਼ ਕਮਾਈ ਕਰਨ ਗਿਆ ਹੋਇਆ ਸੀ। ਉਸਦੇ ਪ੍ਰੀਵਾਰ ਵਿੱਚ ਦੋ ਪੁੱਤਰ
ਤੇ ਇੱਕ ਪੁੱਤਰੀ ਆਪਣੀ ਕੋਠੀ ਵਿੱਚ ਰਹਿ ਰਹੇ ਸਨ। ਕੋਠੀ ਦੀਆਂ ਵਾਰੀਆਂ ਤੇ
ਰੋਸਨਦਾਨਾਂ ਦੇ ਸੀਸੇ ਮਾਰੇ ਗਏ ਪੱਥਰਾਂ ਨੇ ਚਕਨਾ ਚੂਰ ਕਰ ਦਿੱਤੇ ਸਨ। ਘਰ ਵਿੱਚ
ਮਾਰੇ ਪੱਥਰਾਂ ਦੀ ਢੇਰੀ ਏਨੀ ਵੱਡੀ ਹੋ ਗਈ ਸੀ ਕਿ ਮੌਜ ਨਾਲ ਇਸ ਦੇ ਦੋ ਚਾਰ ਬੱਠਲ
ਭਰੇ ਜਾ ਸਕਦੇ ਸਨ। ਪ੍ਰੀਵਾਰ ਦੇ ਦੋਵੇ ਵਿਦਿਆਰਥੀ ਪੁੱਤਰ ਤੇ ਮਾਂ ਘਰ ਵਿੱਚੋਂ ਬਾਹਰ
ਨਿਕਲਣ ਦਾ ਹੌਂਸਲਾ ਨਹੀਂ ਕਰਦੇ ਸਨ।
ਇੱਕ ਦਿਨ ਤਾਂ 500 ਗ੍ਰਾਮ ਦਾ ਵੱਟਾ ਅੰਦਰ ਪਏ ਟਰੰਕ ਨਾਲ ਆ ਟਕਰਾਇਆ।
ਘਰ ਦਾ ਮਾਲਕ ਆਪਣੇ ਸੀਰੀ ਤੇ ਇੱਕ ਘਰੇਲੂ ਨੌਕਰ ਪ੍ਰਿਤੂ ਨੂੰ ਲੈ ਕੇ ਖੇਤ ਦਵਾਈ
ਛਿੜਕਣ ਚਲਿਆ ਗਿਆ। ਛਿੜਕਣ ਵਾਲੀ ਦਵਾਈ ਦੀ ਸੀਸੀ ਹੀ ਗਾਇਬ ਹੋ ਗਈ। ਸੀਸੀ ਮਿਲੀ ਤਾਂ
ਸੀਰੀ ਦੀ ਚੱਪਲ ਉੱਡ ਗਈ। ਤਿੰਨੇ ਜਾਣੇ ਜਦੋਂ ਦਵਾਈ ਛਿੜਕ ਕੇ ਘਰੇ ਵਾਪਸ ਆਏ ਤਾਂ
ਪੱਥਰ ਘਰ ਦੇ ਦਰਵਾਜਿਆਂ ਵਿੱਚ ਵੱਜਣੇ ਸ਼ੁਰੂ ਹੋ ਗਏ।
ਭੂਤਾਂ ਤੋਂ ਡਰਦੇ ਪ੍ਰੀਵਾਰ ਨੇ ਛੱਤ ਤੇ ਸੌਣਾ ਸ਼ੁਰੂ ਕਰ ਦਿੱਤਾ। ਘਰ ਪੱਥਰ ਵੱਜਣ
ਦਾ ਸਿਲਸਿਲਾ ਰਾਤ ਦੇ ਦਸ ਵਜੇ ਤਕ ਚਲਦਾ ਰਹਿੰਦਾ। ਪਸ਼ੂਆਂ ਲਈ ਜਦੋਂ ਹਰਾ ਪਾਉਣਾ
ਹੁੰਦਾ ਜਾਂ ਕੁਤਰਾ ਕਰਨਾ ਹੁੰਦਾ ਤਾਂ ਪੱਥਰਾਂ ਦੇ ਵੱਜਣ ਦਾ ਮਿਸਸਿਲਾ ਤੇਜ ਹੋ
ਜਾਂਦਾ। ਕਈ ਵਾਰ ਤਾਂ ਚੱਪਲ ਹੀ ਹਵਾ ਵਿੱਚ ਉੱਡਣੇ ਸ਼ੁਰੂ ਹੋ ਜਾਂਦੇ।
ਪੱਥਰਾਂ ਦੀ ਬਰਸਾਤ ਦੇ ਨਾਲ ਨਾਲ ਘਰ ਵਿੱਚ ਫੋਨ ਆਉਣੇ ਵੀ ਸ਼ੁਰੂ ਹੋ ਗਏ। ਕਦੇ
ਫੋਨ ਆਉਂਦਾ ਜਿਸ ਵਿੱਚ ਕਿਹਾ ਹੁੰਦਾ
ਲੱਭੀ ਚੀਜ਼ ਖੁਦਾ ਦੀ,
ਨਾ ਧੇਲੇ ਦੀ ਨਾ ਪਾ ਦੀ,
ਕਦੇ ਫੋਨ ਆ ਜਾਂਦਾ। ‘‘ਚਾਰ ਥਾਂ ਤੇ ਪੱਚੀ-ਪੱਚੀ ਲੱਖ ਭਰ ਦਿਓ ਫਿਰ ਖਹਿੜਾ ਛੱਡੂ’’
ਘਰ ਵਾਲੇ ਦਿਨੋ ਦਿਨ ਹੈਰਾਨ ਹੁੰਦੇ ਸੋਚਦੇ ਕਿ ਪਤਾ ਨਹੀਂ ਕਿਸ ਦੈਂਤ ਨਾਲ ਵਾਸਤਾ ਪੈ
ਗਿਆ ਹੈ।
ਘਰ ਵਿੱਚ ਤਿੰਨ ਮੋਬਾਇਲ ਫੋਨ ਸਨ। ਫੋਨ ਉਤੇ ਮਾਵਾਂ ਭੈਣਾਂ ਦੀ ਚਕਵੀਆਂ ਤੋਂ
ਚਕਵੀਆਂ ਗਾਲਾਂ ਵੀ ਆਉਂਦੀਆਂ। ਤਿੰਨਾਂ ਫੋਨਾਂ ਵਿੱਚੋਂ ਕੋਈ ਗਾਇਬ ਹੋ ਜਾਂਦਾ।
ਪ੍ਰੀਵਾਰ ਵਾਲੇ ਵੇਖਦੇ ਜੋ ਪ੍ਰੀਵਾਰ ਦਾ ਫੋਨ ਗਾਇਬ ਹੁੰਦਾ ਸੀ ਤੇ ਕਾਲ ਉਸ ਫੋਨ ਤੋਂ
ਆਈ ਹੁੰਦੀ।
ਕਈ ਵਾਰ ਜਦੋਂ ਫੋਨ ਪ੍ਰਿਤੂ ਚੁੱਕਦਾ ਤਾਂ ਆਵਾਜ਼ ਆਉਂਦੀ ‘‘ਤੇਰਾ ਘਰ ਨੀ ਵਾਰ ਨੀ
ਤੂੰ ਫੋਨ ਚੁੱਕਣ ਵਾਲਾ ਕੌਣ ਹੁੰਦਾ ਹੈ। ਕਈ ਵਾਰ ਫੋਨ ਆਉਂਦਾ ਕਿ ਸਾਡਾ ਸਾਰਾ ਘਰ
ਬਾਰ ਬਰਬਾਦ ਕਰ ਦਿੱਤਾ ਹੈ।’’
ਘਰ ਤੋਂ ਬਾਹਰ ਪਸ਼ੂਆਂ ਲਈ ਇਕੱਠੇ ਕੀਤੇ ਗਏ ਹਰੇ ਚਾਰੇ ਦੇ ਭਰਿਆਂ ਨੂੰ ਸੌਂ ਜਾਣ
ਤੋਂ ਦਸ ਮਿੰਟ ਬਾਅਦ ਹੀ ਅੱਗ ਲਾ ਦਿੱਤੀ ਗਈ।
ਘਰ ਦੀ ਨੌਜੁਆਨ ਕੁੜੀ ਨੇ ਵਿਦਿਆਰਥੀਆਂ ਦੇ ਪੇਪਰ ਚੈਕ ਕਰਨੇ ਸਨ। ਇਸ ਲਈ ਉਸਨੇ
ਪੇਪਰਾਂ ਦਾ ਬੰਡਲ, ਟਰੰਕ ਵਿੱਚ ਰੱਖ ਦਿੱਤਾ। ਟਰੰਕ ਹੀ ਅੱਗ ਫੜ ਗਿਆ, ਪੇਪਰਾਂ ਦੇ
ਨਾਲ-ਨਾਲ ਉਸ ਵਿੱਚ ਪਏ ਕੱਪੜੇ ਵੀ ਜਲ ਗਏ।
ਸਾਡੇ, ਪ੍ਰੀਵਾਰ ਵਿੱਚ ਪੁੱਜਣ ਵੇਲੇ ਵੀ ਘਰ ਦਾ ਇੱਕ ਫੋਨ ਗੁੰਮ ਸੀ। ਫੋਨ ਗਾਇਬ
ਹੋ ਜਾਂਦੇ ਤੇ ਮਿਲ ਵੀ ਜਾਂਦੇ।
ਪ੍ਰੀਵਾਰ ਤੋਂ ਇਕੱਠੀ ਕੀਤੀ ਜਾਣਕਾਰੀ ਦਾ ਜਦੋਂ ਅਸੀਂ ਬਰੀਕੀ ਨਾਲ ਵਿਸ਼ਲੇਸ਼ਣ ਕੀਤਾ
ਤਾਂ ਸਾਨੂੰ ਸਾਰਾ ਮਾਜਰਾ ਸਮਝ ਆ ਗਿਆ।
ਪ੍ਰੀਵਾਰ ਵਲੋਂ ਘਟਨਾਵਾਂ ਨੂੰ ਰੋਕਣ ਲਈ ਕੀਤੇ ਗਏ ਯਤਨ
ਪ੍ਰੀਵਾਰ ਸਰਦਾ ਪੁੱਜਦਾ ਸੀ। 18 ਏਕੜ ਜ਼ਮੀਨ ਉਹਨਾਂ ਦੀ ਆਪਣੀ ਸੀ। ਘਰ ਦੇ ਕੁੱਝ
ਜੀਅ ਵਿਦੇਸ਼ਾਂ ਵਿੱਚ ਗਏ ਹੋਣ ਕਾਰਨ ਘਰ ਵਿੱਚ ਕਮਾਈ ਚੰਗੀ ਸੀ। ਉਂਜ ਵੀ ਪ੍ਰੀਵਾਰ
ਖਾਨਦਾਨੀ ਜੈਲਦਾਰਾਂ ਦਾ ਪ੍ਰੀਵਾਰ ਸੀ। ਭਾਵੇਂ ਜੈਲਦਾਰੀ ਸਿਸਟਮ ਅੰਗਰੇਜ਼ਾਂ ਦੀ ਦੇਣ
ਸੀ। ਉਹਨਾਂ ਨੇ ਪਿੰਡਾਂ ਵਿੱਚ ਜਾਸੂਸਾਂ ਨੂੰ ਨੰਬਰਦਾਰ, ਜੈਲਦਾਰ ਤੇ ਚੌਂਕੀਦਾਰ
ਬਣਾਇਆ ਹੋਇਆ ਸੀ। ਪਰ ਹੁਣ ਗੋਰੇ ਚਲੇ ਗਏ ਹਨ ਇਸ ਲਈ ਉਹਨਾਂ ਨਾਲ ਹੀ ਉਹਨਾਂ ਦੀ
ਜੈਲਦਾਰੀ ਚਲੀ ਗਈ। ਪਰ ਪ੍ਰੀਵਾਰਾਂ ਨਾਲ ਅੱਲਾਂ ਚੱਲਦੀਆਂ ਹੀ ਰਹਿੰਦੀਆਂ ਹਨ। ਸੋ
ਪ੍ਰੀਵਾਰ ਦੀ ਕਾਫ਼ੀ ਦੱਸ ਪੁੱਛ ਸੀ। ਇਸ ਲਈ ਰਾਤਾਂ ਨੂੰ ਸੌ ਸੌ ਬੰਦਾ ਪਹਿਰਾ ਦਿੰਦਾ
ਰਹਿੰਦਾ ਸੀ। ਕਈ ਵਾਰ ਪੁਲੀਸ ਦੇ ਪਹਿਰੇ ਵੀ ਲਵਾਏ ਗਏ। ਕਈ ਵਾਰ ਤਾਂ ਫਾਇਰ ਵੀ ਕੀਤੇ
ਜਾਂਦੇ ਸਨ ਤਾਂ ਜੋ ਭੂਤਾਂ ਡਰਦੀਆਂ ਹੀ ਘਰ ਵਿੱਚ ਪੈਰ ਨਾ ਪਾਉਣ। ਪਸ਼ੂਆਂ ਦੇ ਚਾਰੇ
ਲਈ ਬੀਜੀ ਗਈ ਦੋ ਏਕੜ ਚਰੀ ਵੀ ਟ੍ਰੈਕਟਰਾਂ ਨਾਲ ਵਾਹ ਦਿੱਤੀ ਗਈ। ਤਾਂ ਜੋ ਭੂਤਾਂ ਉਸ
ਵਿੱਚ ਵੀ ਰਹਿਣ ਬਸੇਰਾ ਨਾ ਕਰ ਸਕਣ।
ਪ੍ਰੀਵਾਰ ਦੀ ਇੱਕ ਤੇਈ ਵਰਿਆਂ ਦੀ ਜੁਆਨ ਐਮ. ਏ. ਪੜੀ ਕੁੜੀ ਵੀ ਸੀ। ਉਹ ਆਪਣਾ
ਬਹੁਤ ਸਮਾਂ ਪਾਠ ਕਰਨ ਵਿੱਚ ਲਾਉਂਦੀ। ਜਦੋਂ ਉਹ ਘਰ ਹੁੰਦੀ ਤਾਂ ਘਟਨਾਵਾਂ ਦਾ
ਸਿਲਸਿਲਾ ਤੇਜ ਹੋ ਜਾਂਦਾ। ਇਸ ਲਈ ਘਟਨਾਵਾਂ ਵਾਪਰਨ ਤੋਂ ਬਾਅਦ ਉਹਨੂੰ ਉਸਦੇ ਨਾਨਕੇ
ਭੇਜ ਦਿੱਤਾ ਜਾਂਦਾ। ਪਰ ਜਦੋਂ ਉਸ ਘਰ ਆ ਜਾਂਦੀ ਤਾਂ ਘਟਨਾਵਾਂ ਜ਼ਿਆਦਾ ਵਾਪਰਨ ਲੱਗ
ਪੈਂਦੀਆਂ।
ਘਟਨਾਵਾਂ ਵਾਪਰਨ ਲਈ ਜ਼ਿੰਮੇਵਾਰ : ਸਾਰੀਆਂ ਘਟਨਾਵਾਂ ਦੇ ਸਿਲਸਿਲੇਵਾਰ
ਵਿਸ਼ਲੇਸ਼ਣ ਨੇ ਸਾਨੂੰ ਪੂਰੀ ਤਰਾਂ ਇਹ ਗੱਲ ਸਪੱਸ਼ਟ ਕਰ ਦਿੱਤੀ ਕਿ ਉਹ ਘਟਨਾਵਾਂ
ਪ੍ਰਿਤੂ ਹੀ ਕਰ ਰਿਹਾ ਸੀ। ਪ੍ਰਿਤੂ ਚੌਦਾ ਪੰਦਰਾਂ ਵਰਿਆਂ ਦਾ ਘਰ ਦਾ ਨੌਕਰ ਸੀ।
ਪ੍ਰਿਤੂ ਘਟਨਾਵਾਂ ਕਿਉਂ ਕਰਦਾ ਸੀ ਇਸ ਗੱਲ ਨੂੰ ਘੋਖਣ ਤੇ ਸਾਨੂੰ ਜੋ ਜਾਣਕਾਰੀ ਮਿਲੀ
ਉਹ ਬਹੁਤ ਹੀ ਤਰਸਯੋਗ ਸੀ। ਸਾਨੂੰ ਸਾਡੇ ਦੇਸ਼ ਦੀ ਗਰੀਬੀ ਹੀ ਉਹਨਾਂ ਘਟਨਾਵਾਂ ਦੀ
ਜੁੰਮੇਵਾਰ ਨਜ਼ਰ ਆ ਰਹੀ ਸੀ।
ਪ੍ਰਿਤੂ ਦਾ ਪਿਛੋਕੜ : ਮੌਜੂਦਾ ਪ੍ਰੀਵਾਰ ਦੀ ਮੁਖੀ ਇਸਤਰੀ ਦੇ ਪੇਕੇ
ਨਜਦੀਕੀ ਪਿੰਡ ਰਾਮੇ ਸਨ। ਉਸ ਦੇ ਪੇਕੇ ਪ੍ਰੀਵਾਰ ਵਿੱਚ ਹਰਨਾਮਾਂ ਉਸਦਾ ਭਰਾ ਲੱਗਦਾ
ਸੀ ਹਰਨਾਮੇ ਦੇ ਪੰਜ ਬੱਚੇ ਸਨ। ਉਹ ਦੋ ਕਿੱਲੇ ਜ਼ਮੀਨ ਦਾ ਮਾਲਕ ਸੀ। ਕਿਵੇਂ ਨਾ
ਕਿਵੇਂ ਹਰਨਾਮਾ ਤੇ ਉਸਦੀ ਪਤਨੀ ਘਰ ਦਾ ਖਰਚਾ ਪਾਣੀ ਤੋਰੀ ਜਾ ਰਹੇ ਸਨ। ਇਸ ਸਮੇਂ
ਦੌਰਾਨ ਹਰਨਾਮੇ ਨੂੰ ਨਸ਼ੇ ਦੀ ਲੱਤ ਲੱਗ ਗਈ। ਘਰ ਵਾਲੀ ਨੇ ਹਰਨਾਮੇ ਨੂੰ ਨਸ਼ੇ ਪੱਤੇ
ਤੋਂ ਕਿਨਾਰਾ ਕਰਵਾਉਣ ਲਈ ਭਰਪੂਰ ਯਤਨ ਕੀਤੇ। ਜਦੋਂ ਹਰਨਾਮਾਂ ਆਪਣੀ ਲਤ ਤੋਂ ਬਾਜ ਨਾ
ਆਇਆ ਤਾਂ ਉਸਦੀ ਘਰਵਾਲੀ ਨੇ ਉਸਨੂੰ ਸਬਕ ਸਿਖਾਉਣ ਦਾ ਦਰਦਨਾਇਕ ਫੈਸਲਾ ਲੈ ਲਿਆ। ਉਸ
ਨੇ ਹੋਰ ਵਿਅਕਤੀਆਂ ਨਾਲ ਸੰਬੰਧ ਬਣਾਉਣੇ ਸ਼ੁਰੂ ਕਰ ਦਿੱਤੇ। ਇਹ ਪਿਆਰ ਸਬੰਧ ਇਸ ਹੱਦ
ਤੱਕ ਵਧ ਗਏ ਇੱਕ ਦਿਨ ਉਹ ਘਰ ਨੂੰ ਹੀ ਅਲਵਿਦਾ ਕਹਿ ਗਈ। ਪੰਜੇ ਬੱਚਿਆਂ ਦੀ
ਜਿੰਮੇਵਾਰੀ ਹਰਨਾਮੇ ’ਤੇ ਆ ਪਈ। ਭੁੱਕੀ ਦੀ ਲਤ ਤੇ ਬੱਚਿਆਂ ਦੀ ਜਿੰਮੇਵਾਰੀ ਵੀ
ਹਰਨਾਮੇ ਨੂੰ ਬੰਦਾ ਬਣਾਉਣ ਵਿੱਚ ਸਫਲ ਨਾ ਹੋ ਸਕੀ। ਇੱਕ ਦਿਨ ਉਹ ਵੀ ਇੱਕ ਟਰੱਕ ਤੇ
ਫੇਟ ਵੱਜਣ ਕਾਰਨ ਜਖਮੀ ਹੋ ਗਿਆ। ਜਦੋਂ ਹਰਨਾਂਮਾ ਜਖਮੀ ਹਾਲਤ ਵਿੱਚ ਮੰਜੇ ’ਤੇ ਪਿਆ
ਸੀ ਤਾਂ ਬਹੁਤ ਸਾਰੇ ਪ੍ਰੀਵਾਰਾਂ ਨੇ ਹਰਨਾਮੇ ਨੂੰ ਸਮਝਾਉਣ ਦਾ ਯਤਨ ਕੀਤਾ ਕਿ ਉਹ
ਆਪਣੇ ਚਾਰੇ ਪੁੱਤਰਾਂ ਵਿੱਚ ਇੱਕ ਜਾਂ ਦੋ ਲੋੜਬੰਦ ਪ੍ਰੀਵਾਰਾਂ ਨੂੰ ਦੇ ਦੇਵੇ। ਪਰ
ਹਰਨਾਮਾ ਇਸ ਗੱਲ ਲਈ ਤਿਆਰ ਨਾ ਹੋਇਆ। ਉਸਦੀ ਧੀ ਵੱਡੀ ਹੋ ਰਹੀ ਸੀ। ਉਸਨੇ ਉਸਨੂੰ
ਤਾਂ ਆਪਣੀ ਸਾਲੀ ਦੇ ਸਪੁਰਦ ਕਰ ਦਿੱਤਾ। ਜਦੋਂ ਉਸਨੂੰ ਇਹ ਅਹਿਸਾਸ ਹੋ ਗਿਆ ਕਿ ਹੁਣ
ਉਹ ਬਚ ਨਹੀਂ ਸਕੇਗਾ ਤਾਂ ਉਸਨੇ ਆਪਣੇ ਚਾਰੇ ਪੁੱਤਰਾਂ ਨੂੰ ਗੁਰਦੁਆਰੇ ਚਾੜ ਦਿੱਤਾ
ਤੇ ਕੁੱਝ ਦਿਨਾਂ ਬਾਅਦ ਹੀ ਉਸਦੀ ਮੌਤ ਹੋ ਗਈ।
ਚਾਰੇ ਮੁੰਡੇ ਘੋੜਿਆਂ ਦੀਆਂ ਦੁਲੱਤੀਆਂ ਨਾਲ ਜਖਮੀ ਹੁੰਦੇ ਲਿੱਦ ਹੂੰਝਦੇ ਰਹਿੰਦੇ
ਇਸ ਤਰਾਂ ਉਹ ਵੱਡੇ ਹੁੰਦੇ ਗਏ। ਗੁਰਦੁਆਰੇ ਵਿੱਚ ਬਚਿਆ ਖੁਚਿਆ, ਬਾਸੀ ਖਾਣਾ
ਖਾਂਦਿਆਂ ਦੋ ਤਿੰਨ ਸਾਲ ਲੰਘ ਗਏ।
ਪ੍ਰਿਤੂ ਦਾ ਇਸ ਪ੍ਰੀਵਾਰ ਵਿੱਚ ਹਾਜ਼ਰ ਹੋਣਾ : ਇੱਕ ਦਿਨ ਰਾਤੀ ਦਸ ਕੁ
ਵਜੇ ਦੇ ਕਰੀਬ ਦਰਵਾਜੇ ’ਤੇ ਦਸਤਕ ਹੋਣ ਲੱਗੀ ਕੋਈ ਬੱਚਾ ਬੋਲ ਰਿਹਾ ਸੀ ‘‘ਭੂਆ
ਦਰਵਾਜਾ ਖੋਲ ਮੈਂ ਪ੍ਰਿਤੂ ਬੋਲ ਰਿਹਾ ਹਾਂ।’’ ਘਰ ਦੀ ਮਾਲਕਨ ਨੇ ਜਦੋਂ ਦਰਵਾਜਾ
ਖੋਲਿਆ ਤਾਂ ਵੇਖਿਆ ਕਿ ਦਸ ਕੁ ਸਾਲ ਦਾ ਇੱਕ ਬੱਚਾ ਦਰਵਾਜਾ ਖੜਕਾ ਰਿਹਾ ਸੀ। ਉਸਨੇ
ਪੁੱਛਿਆ ਤੂੰ ਕੌਣ ਹੈ ਤਾਂ ਉਹ ਕਹਿਣ ਲੱਗਿਆ ‘‘ਮੈਂ ਹਰਨਾਮੇ ਦਾ ਦੂਜਾ ਪੁੱਤਰ ਹਾਂ
ਮੈਂ ਤੇ ਮੇਰਾ ਵੱਡਾ ਭਰਾ ਗੁਰਦੁਆਰੇ ਤੋਂ ਭੱਜ ਆਏ ਹਾਂ। ਉਹ ਨੇੜੇ ਦੇ ਪਿੰਡ ਕਿਸੇ
ਨਜਦੀਕੀ ਦੇ ਘਰ ਚਲਿਆ ਗਿਆ ਹੈ। ਮੈਂ ਤੇਰੇ ਕੋਲ ਆ ਗਿਆ ਹਾਂ। ਭੂਆ ਮੈਨੂੰ ਰੱਖ ਲੈ
ਮੈਂ ਪਸ਼ੂਆਂ ਨੂੰ ਸਾਂਭ ਲਿਆ ਕਰਾਂਗਾ। ਘਰ ਦੀ ਮਾਲਕਣ ਨੇ ਆਪਣੇ ਪੁੱਤਰ ਤੇ ਧੀ ਨੂੰ
ਤਾਂ ਵਧੀਆ ਤੋਂ ਵਧੀਆ ਪੜਾਈ ਕਰਵਾਉਣ ਦਾ ਬੰਦੋਬਸਤ ਕੀਤਾ ਹੋਇਆ ਸੀ। ਪਸ਼ੂਆਂ ਨੂੰ
ਸਾਂਭਣ ਲਈ ਉਹਨਾਂ ਨੂੰ ਵੀ ਕਿਸੇ ਮੁੰਡੇ ਦੀ ਲੋੜ ਸੀ। ਸੋ ਉਹਨਾਂ ਨੇ ਪ੍ਰਿਤੂ ਨੂੰ
ਪਨਾਹ ਦੇ ਦਿੱਤੀ। ਪ੍ਰਿਤੂ ਸਾਰਾ ਦਿਨ ਘਰ ਦਾ ਔਖਾ ਤੋਂ ਔਖਾ ਕੰਮ ਕਰਦਾ। ਪਸ਼ੂਆਂ ਦੀ
ਸਾਂਭ ਸੰਭਾਲ, ਗੋਹਾ ਕੂੜਾ, ਪਾਥੀਆਂ ਪੱਥਣ, ਭਾਂਡੇ ਮਾਂਜਣ ਦਾ ਸਾਰਾ ਕੰਮ ਉਸਨੂੰ ਹੀ
ਕਰਨਾ ਪੈਂਦਾ। ਕਈ ਵਾਰੀ ਤਾਂ ਖੇਤਾਂ ਵਿੱਚ ਨੱਕੇ ਮੋੜਨ, ਗੁੱਡ ਗੁਡਾਈ ਤੇ ਦਵਾਈ
ਛਿੜਕਣ ਦਾ ਕੰਮ ਵੀ ਪ੍ਰਿਤੂ ਦੇ ਪੱਲੇ ਹੀ ਪੈਂਦਾ। ਇਸ ਤੋਂ ਇਲਾਵਾ ਕਿਸੇ ਕੰਮ ਦੀ
ਅਣਗਹਿਲੀ ਤੇ ਉਸਨੂੰ ਗਾਲਾਂ ਦੀ ਵਾਛੜ ਵੀ ਹੁੰਦੀ ਤੇ ਨਾਲ ਹੀ ਦੋ ਚਾਰ ਲੱਫੜ ਵੀ ਜੜ
ਦਿੱਤੇ ਜਾਂਦੇ। ਸਾਰੇ ਪ੍ਰੀਵਾਰ ਦੇ ਖਾਣ ਤੋਂ ਬਾਅਦ ਹੀ ਬਚਿਆ ਖਾਣਾ ਪ੍ਰਿਤੂ ਹੀ
ਖਾਂਦਾ। ਘਟੀਆ ਵਤੀਰਾ ਕਰਨ ਵਿੱਚ ਘਰ ਦੀ ਨੌਜੁਆਨ ਕੁੜੀ ਦਾ ਰੋਲ ਜ਼ਿਆਦਾ ਹੁੰਦਾ ਹੈ।
ਇਸ ਤਰਾਂ ਚਾਰ ਪੰਜ ਸਾਲਾਂ ਵਿੱਚ ਪ੍ਰਿਤੂ ਪੰਦਰਾਂ ਸਾਲ ਨੂੰ ਪੁੱਜ ਗਿਆ।
ਹੁਣ ਉਹ ਆਲੇ ਦੁਆਲੇ ਵਾਲੇ ਘਰਾਂ ਦੇ ਮੁੰਡਿਆਂ ਨੂੰ ਵੀ ਮਿਲਣ ਗਿਲਣ ਲੱਗ ਪਿਆ।
ਪਿੰਡਾਂ ਵਿੱਚ ਖਾਂਦੇ ਪੀਂਦੇ ਘਰਾਂ ਦੇ ਈਰਖਾਲੂ ਵੀ ਪੈਦਾ ਹੋ ਜਾਂਦੇ ਹਨ। ਉਹਨਾਂ
ਵਿੱਚੋਂ ਕਿਸੇ ਨੇ ਪ੍ਰਿਤੂ ਨੂੰ ਇਹ ਜਚਾਉਣਾ ਸ਼ੁਰੂ ਕਰ ਦਿੱਤਾ ਕਿ ‘‘ਤੇਰੀ ਮਾਂ ਦੇ
ਭੱਜਣ, ਪਿਉ ਦੀ ਮੌਤ ਅਤੇ ਜ਼ਮੀਨ ਦੇ ਦੋ ਕਿੱਲੇ ਵਿਕਣ ਵਿੱਚ ਤੈਨੂੰ ਆਸਰਾ ਦੇ ਰਹੇ
ਪ੍ਰੀਵਾਰ ਦਾ ਹੀ ਹੱਥ ਹੈ।’’ ਮਨ ਹੀ ਮਨ ਵਿੱਚ ਇਹ ਗੱਲਾਂ ਪ੍ਰਿਤੂ ਦੇ ਦਿਮਾਗ ਵਿੱਚ
ਨਫਰਤ ਦੇ ਭਾਂਬੜ ਬਾਲ ਰਹੀਆਂ ਸਨ। ਉਸਨੇ ਆਪਣੇ ਮਨ ਵਿੱਚ ਚੱਲ ਰਹੀਆਂ ਗੱਲਾਂ ਹੀ
ਪ੍ਰੀਵਾਰ ਨੂੰ ਦੱਸਣੀਆਂ ਸ਼ੁਰੂ ਕਰ ਦਿੱਤੀਆਂ। ਉਸਦਾ ਇਹ ਕਹਿਣਾ ਕਿ ਮੈਨੂੰ ਫੋਨ ’ਤੇ
ਕਹਿੰਦਾ ਹੈ’’ ਤੇਰਾ ਘਰ ਨੀ ਵਾਰ ਨੀ। ਤੂੰ ਫੋਨ ਚੁੱਕਣ ਵਾਲਾ ਕੌਣ ਹੈ, ‘‘ਕਦੇ ਉਸਦਾ
ਕਹਿਣਾ ‘‘ਪੱਚੀ ਪੱਚੀ ਲੱਖ ਰੁਪਏ ਚਾਰ ਜਗਾ ਜਮਾਂ ਕਰਵਾਉ’’ ਇਹ ਸਾਰੀਆਂ ਗੱਲਾਂ ਉਸਦੇ
ਅਰਧ ਚੇਤਨ ਮਨ ਦੀਆਂ ਉਪਜਾਂ ਸਨ। ਉਹ ਬਦਲਾ ਲੈਣਾ ਚਾਹੁੰਦਾ ਸੀ ਪਰ ਕੁੱਝ ਕਰ ਨਹੀਂ
ਸਕਦਾ ਸੀ। ਇਹਨਾਂ ਸੋਚਾਂ ਨੇ ਉਸਨੂੰ ਅਰਧ ਪਾਗਲ ਬਣਾ ਦਿੱਤਾ। ਜਦੋਂ ਮੈਂ ਉਸਨੂੰ
ਆਪਣੇ ਵਿਸ਼ਵਾਸ ਲਿਆ ਤਾਂ ਉਸਨੇ ਵਾਅਦਾ ਕੀਤਾ ਕਿ ਉਹ ਮੁੜ ਅਜਿਹੀਆਂ ਘਟਨਾਵਾਂ ਨਹੀਂ
ਕਰੇਗਾ। ਘਰ ਵਿੱਚੋਂ ਗੁੰਮ ਹੋਏ ਇੱਕ ਫੋਨ ਬਾਰੇ ਉਹ ਕਹਿਣ ਲੱਗਿਆ ਕਿ ‘‘ਉਹ ਦੂਰ ਹੈ
ਮੈਂ ਦੋ ਦਿਨਾਂ ’ਚ ਲਿਆ ਕੇ ਘਰੇ ਰੱਖ ਦੇਵਾਂਗਾ।’’
ਪ੍ਰਿਤੂ ਨਾਲ ਵਤੀਰਾ : ਪ੍ਰੀਵਾਰ ਦੇ ਮੈਂਬਰਾਂ ਦਾ ਪ੍ਰਿਤੂ ਨਾਲ ਵਤੀਰਾ
ਬਹੁਤ ਹੀ ਨਿਖੇਧੀ ਯੋਗ ਸੀ। ਪਸ਼ੂਆਂ ਦਾ ਗੋਹਾ ਕੂੜਾ, ਕੱਖ ਕੰਡਾ, ਘਰ ਦੇ ਭਾਂਡੇ
ਮਾਂਜਣਾ ਅਤੇ ਖੇਤਾਂ ਵਿੱਚ ਗੋਡੀ ਕਰਨਾ ਅਤੇ ਦਵਾਈਆਂ ਛਿੜਕਣਾ ਆਦਿ ਬਹੁਤ ਸਾਰੇ ਕੰਮ
ਉਸਨੂੰ ਕਰਨੇ ਪੈਂਦੇ ਸਨ। ਇਹਨਾਂ ਕੰਮਾਂ ਨਾਲੋਂ ਵੱਧ ਦੁਖੀ ਤਾਂ ਕੰਮ ਸਮੇਂ ਦੀਆਂ
ਗਾਲਾਂ, ਝਿੜਕਾਂ ਤੇ ਕੁੱਟਮਾਰ ਕਰਦੀਆਂ ਸਨ। ਇਨਾਂ ਸਾਰਾ ਕੁਝ ਹੋਣ ਦੇ ਬਾਵਜੂਦ ਵੀ
ਖਾਣ ਪਿੱਛੇ ਦੂਹਰਾ ਮਿਆਰ ਆਪਦਿਆਂ ਲਈ ਹੋਰ ਤੇ ਨੌਕਰਾਂ ਲਈ ਹੋਰ।
ਸਿੱਟਾ : ਇਸ ਕੇਸ ਨੂੰ ਹੱਲ ਕਰਨ ਤੋਂ ਬਾਅਦ ਮੈਂ ਇਸ ਸਿੱਟੇ ਉੱਤੇ
ਪੁੱਜਿਆ ਹੈ ਕਿ ਭਾਰਤ ਦੇ ਬਹੁਤ ਸਾਰੇ ਪਿੰਡਾਂ ਤੇ ਸ਼ਹਿਰਾਂ ਵਿੱਚ ਵਾਪਰਦੀਆਂ
ਅਜਿਹੀਆਂ ਘਟਨਾਵਾਂ ਪਿੱਛੇ ਕਾਰਨ ਗਰੀਬੀ, ਦੂਹਰਾ ਮਿਆਰ ਜਾਂ ਈਰਖਾਂ ਹੀ ਹੁੰਦੀਆਂ
ਹਨ। ਮੇਰੇ ਦੇਸ਼ ਦੇ ਮੌਜੂਦਾ ਤਾਣੇ ਬਾਣੇ ਨੇ ਮੇਰੇ ਦੇਸ਼ ਦੇ 70% ਲੋਕਾਂ ਨੂੰ ਗਰੀਬੀ
ਰੇਖਾ ਤੋਂ ਥੱਲੇ ਪੁਚਾ ਦਿੱਤਾ ਹੈ। ਅੱਜ ਪੂਰੇ ਭਾਰਤ ਵਿੱਚ ਹਰ ਸਾਲ ਅੱਠ ਲੱਖ
ਵਿਅਕਤੀ ਖੁਦਕੁਸੀ ਕਰ ਜਾਂਦੇ ਹਨ। ਜੇ ਕਿਤੇ ਇਹ ਲੋਕ ਹੀ ਆਪਣੇ ਜਥੇਬੰਦ ਹੋਕੇ ਕੇ
ਮੈਦਾਨ ਵਿੱਚ ਆ ਨਿਤਰਣ ਤਾਂ ਸਾਡੇ ਦੇਸ਼ ਦੇ ਇਸ ਲੋਟੂ ਤਾਣੇ ਬਾਣੇ ਨੂੰ ਬਦਲਿਆ ਜਾ
ਸਕਦਾ ਹੈ। ਇੱਕ ਪ੍ਰਿਤੂ ਵਲੋਂ ਲਾਈ ਇੱਕ ਚੰਗਿਆੜੀ, ਭਾਂਬੜ ਵੀ ਬਣ ਸਕਦੀ ਹੈ ਸੋ ਲੋੜ
ਹੈ ਜਥੇਬੰਦਕ ਸੰਘਰਸ਼ਾਂ ਦੀ ਤਾਂ ਜੋ ਇਸ ਤਾਣੇ ਬਾਣੇ ਨੂੰ ਬਦਲ ਕੇ ਨਵੇਂ ਸਮਾਜ ਦੀ
ਸਿਰਜਣਾ ਕੀਤੀ ਜਾ ਸਕੇ।
3/11/2013 |