ਵਿਰਕ : ਵਿਰਕ ਜੱਟਾਂ ਦਾ ਬਹੁਤ ਹੀ ਮਹੱਤਵਪੂਰਨ ਤੇ ਵੱਡਾ ਗੋਤ ਹੈ। ਇਹ ਸ਼ੱਕ
ਬੰਸੀ ਜੱਟ ਸਨ। ਇਨ੍ਹਾਂ ਦੇ ਵਡੇਰੇ ਦਾ ਨਾਮ ਵਿਰਕ ਹੀ ਸੀ। ਵਿਰਕ ਜੱਟ ਬੜੇ ਖਾੜਕੂ ਤੇ
ਦਲੇਰ ਹੁੰਦੇ ਹਨ। ‘ਬੁਰੇ' ਵੀ ਵਿਰਕਾਂ ਦਾ ਸ਼ਾਖਾ ਗੋਤਰ
ਹੈ। ਸਰ ਇੱਬਟਸਨ ਆਪਣੀ ਖੋਜ ਭਰਪੂਰ ਪੁਸਤਕ ‘ਪੰਜਾਬ ਕਾਸਟਸ ਵਿੱਚ ਵਿਰਕਾਂ ਨੂੰ ਮਿਨਹਾਸ
ਰਾਜਪੂਤਾਂ ਨਾਲ ਜੋੜਦਾ ਹੈ। ਮਿਨਹਾਸ, ਰਾਜਪੂਤ ਵੀ ਹੁੰਦੇ
ਹਨ ਅਤੇ ਜੱਟ ਵੀ ਹੁੰਦੇ ਹਨ। ਵਿਰਕਾਂ ਅਨੁਸਾਰ ਉਨ੍ਹਾਂ ਦਾ ਵਡੇਰਾ ਜੰਮੂ ਨੂੰ ਛੱਡਕੇ
ਅੰਮ੍ਰਿਤਸਰ ਜਿਲ੍ਹੇ ਦੇ ਪਿੰਡ ਘੁਚਲੀ ਵਿੱਚ ਆਕੇ ਵੱਸਿਆ ਸੀ। ਉਸ ਦਾ ਸੰਬੰਧ ਜੰਮੂ ਦੇ
ਰਾਜਿਆਂ ਨਾਲ ਵੀ ਦੱਸਿਆ ਜਾਂਦਾ ਹੈ।
ਵਿਰਕਾਂ ਦੇ ਵਡੇਰੇ ਨੇ ਮਾਝੇ ਦੇ ਗਿੱਲ ਜੱਟਾਂ ਨਾਲ ਰਿਸ਼ਤੇਦਾਰੀ ਪਾ ਲਈ। ਇਸ ਦੀ
ਗਿੱਲ ਪਤਨੀ ਤੋਂ ਵਿਰਕ, ਵਰਣ ਤੇ ਦਰਿਗੜ ਹੋਏ ਸਨ। ਵਿਰਕ ਗੋਤ ਦੇ ਲੋਕ ਮਲਨਹੰਸ ਨੂੰ
ਵਡੇਰਾ ਮੰਨਦੇ ਹਨ, ਜਿਸ ਪਾਸ ਸਿਆਲਕੋਟ ਦਾ ਇਲਾਕਾ ਸੀ। ਉਸਦੇ ਭਰਾ ਸੂਰਜ ਹੰਸ ਦਾ ਜੰਮੂ
ਦੇ ਖੇਤਰ ਤੇ ਕਬਜ਼ਾ ਸੀ। ਰਾਜੇ ਮਲਨਹੰਸ ਦੇ 12 ਪੁੱਤਰਾਂ ਦੀ ਬੰਸ ਨੂੰ ਹੀ ਮਿਨਹਾਸ
ਰਾਜਪੂਤ ਮੰਨਿਆ ਜਾਂਦਾ ਹੈ। ਵਿਰਕ ਵੀ ਇਸ ਦੀ ਬੰਸ ਵਿਚੋਂ ਸੀ। ਵਿਰਕ ਭਾਈਚਾਰੇ ਦੇ ਲੋਕ
ਅੰਮ੍ਰਿਤਸਰ ਤੋਂ ਅੱਗੇ ਲਾਹੌਰ, ਸਿਆਲਕੋਟ, ਗੁਜਰਾਂਵਾਲਾ ਤੇ ਸ਼ੇਖੂਪਰਾ ਤੱਕ ਚਲੇ ਗਏ ਸਨ।
ਗੁਜਰਾਂਵਾਲਾ ਵਿੱਚ ਤਾਂ ਵਿਰਕਾਂ ਦੇ 132 ਪਿੰਡ ਸਨ। 1881 ਦੀ ਜਨਸੰਖਿਆ ਅਨੁਸਾਰ
ਗੁਜਰਾਂਵਾਲੇ ਜਿਲ੍ਹੇ ਵਿੱਚ ਵਿਰਕ ਜੱਟ 15,944 ਸਨ ਅਤੇ
ਵਿਰਕ ਰਾਜਪੂਤ 6871 ਸਨ। ਲਾਹੌਰ ਜਿਲ੍ਹੇ ਵਿੱਚ ਵਿਰਕ ਜੱਟ 6,164
ਸਨ। ਸਿਆਲਕੋਟ ਵਿੱਚ ਵਿਰਕ ਤਿੰਨ ਹਜ਼ਾਰ ਦੇ ਲਗਭਗ ਸਨ। ਦਰਿਆ ਚਨਾਬ ਦੇ ਤਿੰਨ ਕੰਢਿਆਂ ਤੇ
ਮੁਸਲਮਾਨ ਤੇ ਸਿੱਖ ਵਿਰਕ ਜੱਟ ਬਹੁਗਿਣਤੀ ਵਿੱਚ ਆਬਾਦ ਸਨ। ਸਾਂਦਲਬਾਰ ਵਿੱਚ ਵਿਰਕਾਂ ਦਾ
ਬੋਲਬਾਲਾ ਸੀ।
ਵਿਰਕਾਂ ਨੂੰ ਚੋਰ, ਡਾਕੂ ਤੇ ਲੜਾਕੂ ਸਮਝਿਆ ਜਾਂਦਾ ਸੀ। ਵਿਰਕ ਪਸ਼ੂਆਂ ਦੀ ਵੀ ਚੋਰੀ
ਕਰਦੇ ਸਨ ਪਰ ਆਪਣੇ ਘਰ ਆਏ ਬੰਦੇ ਦੇ ਪਸ਼ੂਆਂ ਦੀ ਪੂਰੀ ਰੱਖਿਆ ਕਰਦੇ ਸਨ। ਵਿਰਕਾਂ ਦੇ ਵੀ
ਕੁਝ ਅਸੂਲ ਸਨ। ਵਿਰਕ ਜੱਟ ਵਰਣ ਤੇ ਦਰਿਗੜ ਜੱਟਾਂ ਨੂੰ ਆਪਣਾ ਭਾਈਚਾਰਾ ਸਮਝਦੇ ਸਨ। ਬਾਬਾ
ਵਿਰਕ ਕਿਸ ਸਮੇਂ ਹੋਇਆ, ਇਸ ਬਾਰੇ ਇਤਿਹਾਸਕਾਰਾਂ ਦੇ ਵੱਖ ਵੱਖ ਵਿਚਾਰ ਹਨ।
ਵਿਰਕਾਂ ਦੇ ਮਰਾਸੀ ਅਨੁਸਾਰ ਵਿਰਕ ਦੇ ਚਾਰ ਪੁੱਤਰ ਸਨ। ਕੇਵਲ ਅੰਗਿਆਰੀ ਦੀ ਬੰਸ ਹੀ
ਬਹੁਤੀ ਵਧੀ ਫੁੱਲੀ। ਇਸ ਦੇ ਸਮੇਂ ਹੀ ਵਿਰਕ ਗੋਤ ਆਮ ਪ੍ਰਚਲਿਤ ਹੋਇਆ। ਵਿਰਕਾਂ ਦੇ
ਮਿਰਾਸੀ ਆਮ ਹੀ ਕਹਿੰਦੇ ਹਨ ‘ਵਿਰਕ ਰਾਜਾ, ਜੱਦ ਅੰਗਿਆਰੀ ਦੀ ਕਾਇਮ, ਬਾਬੇ ਵਿਰਕ ਨੇ ਦੋ
ਵਿਆਹ ਕਰਾਏ ਸਨ। ਪਹਿਲੀ ਪਤਨੀ ਝਿੱਡੂ ਘਰਾਣੇ ਦੇ ਝੰਡੀਰਾਂ ਦੀ ਧੀ ਸੀ। ਦੂਜੀ ਪਤਨੀ
ਸਿੱਧੂਆਂ ਦੀ ਧੀ ਸੀ। ਪਹਿਲੇ ਵਿਆਹ ਵੇਲੇ ਬਾਬਾ ਵਿਰਕ ਆਪਣੇ ਪਿਤਾ, ਉਧਰਸੈਨ ਨਾਲ ਨਾਰਾਜ਼
ਹੋ ਕੇ ਆਪਣੇ ਸਹੁਰਿਆਂ ਦੇ ਪਿੰਡ ਝੰਡੀਰਾਂ ਦੇ ਨਜ਼ਦੀਕ ਨਵਾਂ ਘੁਚਲੀ ਪਿੰਡ ਵਸਾਕੇ ਰਹਿਣ
ਲੱਗ ਪਿਆ ਸੀ। ਭੱਟੀ ਰਾਜਪੂਤਾਂ ਨੂੰ ਖ਼ੁਸ਼ ਕਰਨ ਲਈ ਵਿਰਕ ਨੇ ਦੂਜੀ ਸ਼ਾਦੀ ਸਿੱਧੂ
ਚੌਧਰੀਆਂ ਦੇ ਘਰ ਕੀਤੀ।
ਕਈ ਇਤਿਹਾਸਕਾਰਾਂ ਨੇ ਵਿਰਕਾਂ ਨੂੰ ਭੱਟੀ ਰਾਜਪੂਤਾਂ ਵਿਚੋਂ ਮੰਨਿਆ ਹੈ। ਇਹ ਗ਼ਲਤ
ਲੱਗਦਾ ਹੈ। ਸਿੱਧੂ ਵੀ ਭੱਟੀ ਰਾਜਪੂਤਾਂ ਵਿਚੋਂ ਹਨ। ਜੇ ਵਿਰਕ ਭੱਟੀ ਹੁੰਦੇ ਤਾਂ ਬਾਬਾ
ਵਿਰਕ ਸਿੱਧੂਆਂ ਨਾਲ ਰਿਸ਼ਤੇਦਾਰੀ ਕਿਉਂ ਪਾਉਂਦਾ। ਵਿਰਕ ਭਾਈਚਾਰੇ ਦੇ ਬਹੁਤੇ ਲੋਕ
ਸਾਂਦਲਬਾਰ ਵਿੱਚ ਵੀ ਵੱਸਦੇ ਸਨ। ਮਾਲਵੇ ਵਿੱਚ ਵਿਰਕਾਂ ਦੀ ਗਿਣਤੀ ਬਹੁਤ ਘੱਟ ਸੀ।
ਬਠਿੰਡੇ ਦੇ ਇਲਾਕੇ ਦੇ ਪਿੰਡਾਂ ਵਿਰਕ ਕਲਾਂ, ਵਿਰਕ ਖੁਰਦ, ਚੰਨੂੰ ਆਦਿ ਦੇ ਵਿਰਕਾਂ ਨੂੰ
ਕੁਝ ਇਤਿਹਾਸਕਾਰਾਂ ਨੇ ਭੱਟੀ ਰਾਜਪੂਤਾਂ ਵਿਚੋਂ ਲਿਖਿਆ ਹੈ। ਇਹ ਠੀਕ ਨਹੀਂ ਕਿਉਂਕਿ ਵਿਰਕ
ਕਲਾਂ ਤੇ ਚੰਨੂੰ ਪਿੰਡ ਦੇ ਵਿਰਕਾਂ ਦਾ ਪਿਛੋਕੜ ਚੂਹੜਕਾਣਾ ਪਿੰਡ ਸੀ। 1947 ਈਸਵੀਂ ਦੀ
ਵੰਡ ਤੋਂ ਪਹਿਲਾਂ ਇਹ ਗੱਲ ਵਿਰਕਾਂ ਦੇ ਦੌਲੀ ਮਿਰਾਸੀ ਨੇ ਬਾਬਾ ਹਰਨਾਮ ਸਿੰਘ ਵਿਰਕ ਪਿੰਡ
ਚੰਨੂੰ ਨੂੰ ਦੱਸੀ ਸੀ। ਦੌਲੀ ਮਿਰਸੀ ਦਾ ਪਿੰਡ ਵਿਰਕ ਕਲਾਂ ਹੀ ਸੀ। ਉਹ ਵਿਰਕਾਂ ਦਾ ਹੀ
ਮਿਰਾਸੀ ਸੀ।
ਵਿਰਕ ਕਲਾਂ ਦੇ ਵਿਰਕ ਚੂੜਕਾਣੇ ਵਿਚੋਂ (1713) ਈਸਵੀਂ ਦੇ ਲਗਭਗ ਫਰਖਸੀਅਰ ਦੀ ਗਸ਼ਤੀ
ਫ਼ੌਜ ਦੇ ਧੱਕੇ ਤੇ ਜ਼ੁਲਮਾਂ ਤੋਂ ਤੰਗ ਆ ਕੇ ਰਿਸ਼ਤੇਦਾਰਾਂ ਪਾਸ ਇਸ ਰੋਹੀ ਬੀਆਬਾਨ ਤੇ
ਜੰਗਲੀ ਇਲਾਕੇ ਵਿੱਚ ਬਠਿੰਡੇ ਦੇ ਨਜ਼ਦੀਕ ਨਵਾਂ ਪਿੰਡ ਵਿਰਕ ਵਸਾਕੇ ਇਥੇ ਹੀ ਸੰਤ ਮਸਤਰਾਮ
ਪਾਸ ਹੀ ਆਬਾਦ ਹੋ ਗਏ। ਇਸ ਸਮੇਂ ਕੁਝ ਵਿਰਕ ਦੁਆਬੇ ਵਿੱਚ ਵੀ ਚਲੇ ਗਏ ਸਨ। ਦੁਆਬੇ ਵਿੱਚ
ਜਲੰਧਰ ਦੇ ਖੇਤਰ ਵਿੱਚ ਵੀ ਇੱਕ ਵਿਰਕਾਂ ਪਿੰਡ ਹੈ। ਲੁਧਿਆਣੇ ਜਿਲ੍ਹੇ ਵਿੱਚ ਵੀ ਇੱਕ
ਬਿਰਕ ਪਿੰਡ ਹੈ। ਦੁਆਬੇ ਤੇ ਮਾਲਵੇ ਵਿੱਚ ਵੀ ਵਿਰਕ ਹੌਲੀ ਹੌਲੀ ਮੁਸਲਮਾਨਾਂ ਤੋਂ ਤੰਗ ਆ
ਕੇ ਦੂਰ ਦੂਰ ਤੱਕ ਆਬਾਦ ਹੋ ਗਏ ਸਨ। ਫਰਖਸੀਅਰ ਦੇ ਸਮੇਂ ਸੰਦਲਬਾਰਾ ਵਿੱਚ ਵਿਰਕਾਂ ਦਾ
ਬਹੁਤ ਹੀ ਜਾਨੀ ਤੇ ਮਾਲੀ ਨੁਕਸਾਨ ਹੋਇਆ ਸੀ। ਅਹਿਮਦਸ਼ਾਹ ਅਬਦਾਲੀ ਦੇ ਸਮੇਂ ਵੀ ਵਿਰਕਾਂ
ਦਾ ਬਹੁਤ ਨੁਕਸਾਨ ਹੋਇਆ ਸੀ। ਇਸ ਦੀਆਂ ਫ਼ੌਜਾਂ ਨੇ ਲੁੱਟਮਾਰ ਕਰਕੇ ਵਿਰਕਾਂ ਦੇ ਕਈ ਪਿੰਡ
ਉਜਾੜ ਦਿੱਤੇ ਸਨ। ਵਿਰਕਾਂ ਦੇ ਰਸਮ ਰਵਾਜ ਵੀ ਆਮ ਜੱਟਾਂ ਵਾਲੇ ਹੀ ਸਨ। ਵਿਆਹ ਵੇਲੇ ਜੰਡੀ
ਵੱਢਣਾ, ਬੱਕਰੇ ਜਾਂ ਛੱਤਰੇ ਦੀ ਕੁਰਬਾਨੀ ਦੇਣਾ, ਸੀਰਾ ਤੇ ਮੰਡੇ ਦੇਣਾ ਆਦਿ ਸਨ। ਜਾਇਦਾਦ
ਪਗੜੀ ਵੰਡ ਦੇ ਅਨੁਸਾਰ ਦਿੱਤੀ ਜਾਂਦੀ ਸੀ। ਧੀਆਂ ਨੂੰ ਜ਼ਮੀਨ ਨਹੀਂ ਦਿੱਤੀ ਜਾਂਦੀ ਸੀ।
ਵਿਰਕਾਂ ਦਾ ਪਰੋਹਤ ਆਮ ਤੌਰ ਤੇ ਮਿਰਾਸੀ ਹੀ ਹੁੰਦਾ ਸੀ। ਵਿਰਕ ਵਰਣ ਗੋਤ ਦੇ ਜੱਟਾਂ
ਨਾਲ ਰਿਸ਼ਤੇਦਾਰੀ ਨਹੀਂ ਪਾਉਂਦੇ ਸਨ। ਸਾਂਦਲਬਾਰ ਵਿੱਚ ਵਿਰਕ, ਵਰਣ ਤੇ ਧਰੰਗਤ ਤਿੰਨਾਂ
ਭਰਾਵਾਂ ਦੀ ਬੰਸ ਕਾਫ਼ੀ ਗਿਣਤੀ ਵਿੱਚ ਵੱਸਦੀ ਸੀ। ਬਾਬੇ ਅੰਗਿਆਰੀ ਦਾ ਪੋਤਰਾ ਬਾਲਾ ਬਹੁਤ
ਹੀ ਸੂਰਬੀਰ ਤੇ ਹਿੰਮਤੀ ਸੀ। ਉਸ ਨੇ ਗੁਜਰਾਂਵਾਲੇ ਦੇ ਇਲਾਕੇ ਵਿੱਚ ਨਵੀਂ ਆਬਾਦੀ ਕੀਤੀ।
ਬਾਲੇ ਦੇ ਤਿੰਨ ਪੁੱਤਰਾਂ ਜਾਊ, ਜੋਪਰ ਤੇ ਬੱਛਰਾਏ ਦੀ ਬੰਸ, ਤਿੰਨ ਸ਼ਾਖਾਂ ਵਿੱਚ ਵੰਡੀ
ਗਈ। ਹੁਣ ਵਿਰਕਾਂ ਦੀਆਂ ਮੁੱਖ ਮੂੰਹੀਆਂ ਤੇਰਾਂ ਬਣ ਗਈਆਂ ਹਨ।
ਸਾਂਦਲਬਾਰ ਵਿੱਚ ਵਿਰਕਾਂ ਦੀਆਂ ਭੱਟੀ, ਖਰਲ ਤੇ ਸਿਆਲ ਆਦਿ ਜਾਤੀਆਂ ਨਾਲ ਅਕਸਰ
ਲੜਾਈਆਂ ਹੁੰਦੀਆਂ ਰਹਿੰਦੀਆਂ ਸਨ। ਵਿਰਕ ਵੀ ਲੜਾਕੂ, ਬਦਲਾਖੋਰ, ਅੱਖੜ ਤੇ ਘੈਂਟ ਜੱਟ ਸਨ।
ਜੇ ਦੁਸ਼ਮਣ ਵਿਰਕਾਂ ਦਾ ਇੱਕ ਬੰਦਾ ਮਾਰਦੇ ਸਨ ਤਾਂ ਵਿਰਕ ਵੀ ਦੁਸ਼ਮਣ ਦੇ 20 ਬੰਦੇ
ਮਾਰਦੇ ਸਨ। ਜੇ ਉਹ ਵਿਰਕਾਂ ਦਾ ਇੱਕ ਡੰਗਰ ਲੈ ਜਾਂਦੇ ਤਾਂ ਵਿਰਕ ਉਨ੍ਹਾਂ ਦਾ ਸਾਰਾ ਡੰਗਰ
ਮਾਲ ਲੈ ਜਾਂਦੇ ਸਨ। ਵਿਰਕਾਂ ਦੇ ਮਾੜੇ ਦਿਨ ਵੀ ਆਏ ਅਤੇ ਚੰਗੇ ਦਿਨ ਵੀ ਆਏ ਪਰ ਵਿਰਕਾਂ
ਨੇ ਹਿੰਮਤ ਤੇ ਹੌਸਲਾ ਨਹੀਂ ਛੱਡਿਆ ਸੀ। ਦੁਸ਼ਮਣ ਨੇ ਕਈ ਵਾਰ ਇਨ੍ਹਾਂ ਦੇ ਪਿੰਡ ਉਜਾੜੇ
ਤੇ ਅੱਗਾਂ ਲਾਈਆਂ। ਸਿੱਖ ਮਿਸਲਾਂ ਦੇ ਸਮੇਂ ਵਿਰਕ ਫਿਰ ਚੜ੍ਹਦੀ ਕਲਾ ਵਿੱਚ ਆ ਗਏ।
ਇਨ੍ਹਾਂ ਨੇ ਸਾਂਦਲਬਾਰ ਦੇ ਪ੍ਰਸਿੱਧ ਤੇ ਮਜ਼ਬੂਤ ਕਿਲ੍ਹੇ ਸ਼ੇਖੂਪੁਰਾ ਤੇ ਕਬਜ਼ਾ ਕਰ ਲਿਆ
ਅਤੇ 84 ਪਿੰਡ ਰੋਕ ਲਏ। 1713 ਈਸਵੀਂ ਤੋਂ 1808 ਈਸਵੀਂ ਤੱਕ ਕਿਲ੍ਹਾ ਸ਼ੇਖੂਪਰਾ ਵਿਰਕਾਂ
ਪਾਸ ਰਿਹਾ। 1808 ਈਸਵੀਂ ਵਿੱਚ ਇੱਕ ਸਮਝੌਤੇ ਰਾਹੀਂ ਇਹ ਕਿਲ੍ਹਾ ਤੇ ਕੁਝ ਪਿੰਡ ਧਾੜ
ਕਰਕੇ ਸ਼ੇਖੂਪੁਰੇ ਕਿਲ੍ਹੇ ਵਿੱਚ ਆ ਗਰਜਦੇ ਸਨ।
ਵਿਰਕ ਸੰਸਕ੍ਰਿਤ ਦਾ ਸ਼ਬਦ ਹੈ। ਇਸ ਦੇ ਅਰਥ ਬਘਿਆੜ ਹਨ। ਵਿਰਕ ਸ਼ੇਰ
ਵੀ ਸਨ ਤੇ ਬਘਿਆੜ ਵੀ ਸਨ। ਮਹਾਂਰਾਜਾ ਰਣਜੀਤ ਸਿੰਘ ਦੇ ਸਮੇਂ ਵਿਰਕਾਂ ਦੀ ਸ਼ਕਤੀ ਕਾਫ਼ੀ
ਘੱਟ ਗਈ ਸੀ। ਵਿਰਕ ਸਾਰੇ ਪੰਜਾਬ ਵਿੱਚ ਦੂਰ ਦੂਰ ਤੱਕ ਫੈਲ ਚੁੱਕੇ ਸਨ। ਵਿਰਕ ਗੁਰੂ ਨਾਨਕ
ਦੇ ਵੀ ਸ਼ਰਧਾਲੂ ਸਨ। ਨਨਕਾਣਾ ਵਿਰਕਾਂ ਦੇ ਇਲਾਕੇ ਵਿੱਚ ਹੀ ਸੀ। ਗੁਰੂ ਅਰਜਨ ਦੇਵ ਜੀ ਦੇ
ਸਮੇਂ ਤੋਂ ਹੀ ਵਿਰਕ ਸਿੱਖੀ ਵੱਲ ਖਿੱਚੇ ਗਏ ਸਨ। ਭਾਈ ਪਿਰਾਣਾ ਵਿਰਕ ਗੁਰੂ ਜੀ ਦੇ ਪੱਕੇ
ਸ਼ਰਧਾਲੂ ਤੇ ਭਗਤ ਸਨ। ਇਹ ਚੱਕ ਰਾਮਦਾਸ ਜਿਲ੍ਹਾ ਗੁਜਰਾਂਵਾਲਾ ਦੇ ਵਸਨੀਕ ਸਨ। ਨਵਾਬ
ਕਪੂਰ ਸਿੰਘ ਵੀ ਵਿਰਕ ਜੱਟ ਸਨ ਜੋ 1733 –ਤੋਂ 1753 ਈਸਵੀਂ ਤੱਕ 20 ਸਾਲ ਸਿੱਖ ਕੌਮ ਦੇ
ਆਗੂ ਤੇ ਜਥੇਦਾਰ ਰਹੇ। ਇਨ੍ਹਾਂ ਦੇ ਪ੍ਰਭਾਵ ਕਾਰਨ ਹੀ ਵਿਰਕਾਂ ਨੇ ਸਿੱਖ ਧਰਮ ਧਾਰਨ
ਕੀਤਾ। ਕੇਵਲ ਈਦੂ ਵਿਰਕ ਦੀ ਬੰਸ ਹੀ ਮੁਸਲਮਾਨ ਬਣੀ ਸੀ। ਬਹੁਤੇ ਵਿਰਕ ਸਿੱਖ ਹੀ ਸਨ।
ਅੰਗਰੇਜ਼ਾਂ ਦੇ ਰਾਜ ਸਮੇਂ ਅਕਾਲੀ ਲਹਿਰ ਵਿੱਚ ਹਿੱਸਾ ਲੈਣ ਤੇ ਲੁੱਟ ਮਾਰ ਤੇ ਲੜਾਈਆਂ
ਕਰਨ ਕਰਕੇ ਵਿਰਕਾਂ ਨੂੰ ਅੰਗਰੇਜ਼ਾਂ ਨੇ ਜਰਾਇਮ ਪੇਸ਼ਾ ਕੌਮ ਐਲਾਨ ਕਰ ਦਿੱਤਾ ਸੀ ਪਰ
ਸਿੱਖ ਲੀਡਰਾਂ ਤੇ ਵਿਰਕ ਵਕੀਲਾਂ ਦੇ ਦਬਾਉ ਕਾਰਨ ਅੰਗਰੇਜ਼ਾਂ ਨੂੰ ਇਹ ਹੁਕਮ ਵਾਪਿਸ ਲੈਣਾ
ਪਿਆ। ਹੁਣ ਵਿਰਕ ਜੱਟ ਪੜ੍ਹ ਲਿਖ ਕੇ ਬਹੁਤ ਉਚੀਆਂ ਪਦਵੀਆਂ ਤੇ ਪਹੁੰਚੇ ਹੋਏ ਹਨ।
ਖੇਤੀਬਾੜੀ ਵਿੱਚ ਵੀ ਇਨ੍ਹਾਂ ਨੇ ਬਹੁਤ ਉਨਤੀ ਕੀਤੀ ਹੈ। ਕੁਲਵੰਤ ਸਿੰਘ ਵਿਰਕ ਪੰਜਾਬੀ ਦਾ
ਮਹਾਨ ਕਹਾਣੀਕਾਰ ਸੀ।
ਸਾਂਦਲਬਾਰ ਵਿੱਚ ਜਿਲ੍ਹਾ ਸ਼ੇਖੂਪੁਰਾ ਤੇ ਗੁਜਰਾਂਵਾਲਾ ਵਿਰਕਾਂ ਦੇ ਗੜ੍ਹ ਸਨ।
ਜਿਲ੍ਹਾ ਸ਼ੇਖੂਪੁਰਾ ਵਿੱਚ ਵਿਰਕੈਤ ਲਗਭਗ ਇੱਕ ਸੌ ਪਿੰਡ ਵਿੱਚ ਫੈਲੇ ਹੋਏ ਸਨ।
ਗੁਜਰਾਂਵਾਲਾ ਵਿੱਚ ਵੀ ਵਿਰਕਾਂ ਦੇ 132 ਪਿੰਡ ਸਨ। ਇਹ ਵੱਡਾ ਭਾਈਚਾਰਾ ਸੀ। ਇਨ੍ਹਾਂ ਦੇ
ਵੱਡੇ ਵੱਡੇ ਪਿੰਡ ਚੂਹੜਕਾਣਾ, ਈਸ਼ਰਕਾ, ਵਰਨ, ਕਾਲੇਕੇ, ਝੱਬਰ, ਭਿੱਖੀ, ਗਰਮੂਲਾ, ਵਡੀ
ਕੜਿਆਲ ਆਦਿ ਸਨ। ਪੱਛਮੀ ਪੰਜਾਬ ਵਿੱਚ ਵਿਰਕਾਂ ਦੇ ਕੁਝ ਹੋਰ ਪ੍ਰਸਿੱਧ ਪਿੰਡ ਹੰਬੋ,
ਫੁਲਰਵੰਨ, ਮਹਿਲੀਆ ਵਿਰਕ, ਨੁਸ਼ਹਿਰਾ ਵਿਰਕਾਂ, ਚੱਕ ਰਾਮਦਾਸ, ਮੁਰੀਦਕਾ, ਭੰਡੋਰਵਾਲਾ,
ਸ਼ੇਰੋਕਾ, ਡਾਚਰ, ਗਜਿਆਣ, ਸਲਾਰ, ਮਾਂਗਾ, ਜਾਤਰੀ, ਨਵਾਂ ਪਿੰਡ ਵਿਰਕ, ਫਤਿਹ ਸ਼ਾਹ,
ਪਰੋਜ਼• ਜੈਚੱਕ ਮਾਲੋ ਕੀ ਟਿੱਬੀ ਆਦਿ ਸਨ।
ਨਵਾਬ ਕਪੂਰ ਸਿੰਘ ਦਾ ਜਨਮ ਪਿੰਡ ਮਾਲੋ ਕੀ ਟਿੱਬੀ ਵਿੱਚ ਹੀ ਹੋਇਆ ਸੀ। ਨਨਕਾਣਾ
ਸਾਹਿਬ ਤੇ ਸੱਚਾ ਸੌਦਾ ਦੇ ਗੁਰਦੁਆਰੇ ਵੀ ਸਾਂਦਲਬਾਰ ਵਿੱਚ ਸਨ। ਸਾਂਦਲਬਾਰ ਵਿਰਕਾਂ ਦਾ
ਹੋਮਲੈਂਡ ਸੀ। ਪੂਰਬੀ ਪੰਜਾਬ ਵਿੱਚ ਵਿਰਕਾਂ ਦੇ ਪ੍ਰਸਿੱਧ ਪਿੰਡ ਬਿਰਕਾਂ, ਵਿਰਕ ਕਲਾਂ,
ਸਲੀਣਾ, ਚੌਹਾਣ ਕੇ, ਖਸਣ, ਬੀਰੋਵਾਲ, ਸੈਫਲਾਬਾਦ ਆਦਿ ਹਨ। ਸਿੰਘ ਪੁਰੀਏ ਵਿਰਕ ਸਰਦਾਰ ਵੀ
ਪੰਜਾਬ ਵਿੱਚ ਬਹੁਤ ਪ੍ਰਸਿੱਧ ਸਨ।
ਵਿਰਕ ਨਾਮ ਦੇ ਪੰਜਾਬ ਵਿੱਚ ਕਈ ਪਿੰਡ ਹਨ। ਸ਼ੇਖੂਪੁਰੇ ਦਾ ਪ੍ਰਾਚੀਨ ਨਾਮ ਬਿਰਕਗੜ੍ਹ
ਸੀ। ਵਿਰਕ ਖੁਰਾਸਾਨ ਵਿੱਚ ਵੀ ਕਾਫ਼ੀ ਸਮਾਂ ਕਾਬਜ਼ ਰਹੇ। ਉਤਰ ਪ੍ਰਦੇਸ਼ ਵਿੱਚ ਵਿਰਕਾਂ
ਨੂੰ ਬੁਰੇ ਜੱਟ ਕਹਿੰਦੇ ਹਨ। ਕੰਬੋ ਜਾਤੀ ਵਿੱਚ ਵੀ ਕੁਝ ਵਿਰਕ ਗੋਤ ਦੇ ਲੋਕ ਅੰਮ੍ਰਿਤਸਰ
ਆਦਿ ਖੇਤਰਾਂ ਵਿੱਚ ਵੱਸਦੇ ਹਨ। ਇਹ ਵੀ ਖੇਤੀ ਬਾੜੀ ਕਰਦੇ ਹਨ। ਹੋ ਸਕਦਾ ਹੈ ਕਿ ਕੋਈ
ਵਿਰਕ ਜੱਟ ਕੰਬੋਆਂ ਦੀ ਲੜਕੀ ਨਾਲ ਸ਼ਾਦੀ ਕਰਕੇ ਕੰਬੋਜ਼ ਭਾਈਚਾਰੇ ਵਿੱਚ ਰਲਮਿਲ ਗਿਆ
ਹੋਵੇ, ਅਤੇ ਆਪਣੀ ਜੱਟ ਬਰਾਦਰੀ ਨਾਲੋਂ ਹਮੇਸ਼ਾ ਲਈ ਸੰਬੰਧ ਤੋੜ ਲਏ ਹੋਣ। ਜਾਤੀ ਬਦਲ
ਜਾਂਦੀ ਹੈ ਪਰ ਗੋਤ ਨਹੀਂ ਬਦਲਦਾ। ਪੂਰਬੀ ਪੰਜਾਬ ਵਿੱਚ ਮਾਲਵਾ, ਮਾਝਾ ਤੇ ਦੁਆਬਾ ਦੇ
ਖੇਤਰਾਂ ਵਿੱਚ ਵਿਰਕ ਜਾਂ ਬਿਰਕ ਨਾਮ ਦੇ ਕਈ ਪਿੰਡ ਹਨ ਜੋ ਵਿਰਕ ਭਾਈਚਾਰੇ ਨੇ ਹੀ ਆਬਾਦ
ਕੀਤੇ ਹਨ।
ਪੱਛਮੀ ਪੰਜਾਬ ਵਿੱਚ ਵਿਰਕ ਲਾਹੌਰ, ਗੁਜਰਾਂਵਾਲਾ, ਸਿਆਲਕੋਟ, ਸ਼ੇਖੂਪੁਰਾ, ਮੁਲਤਾਨ,
ਜਿਹਲਮ, ਝੰਗ, ਮਿੰਟਗੁਮਰੀ ਤੇ ਬੰਨੂ ਤੱਕ ਦੂਰ ਦੂਰ ਫੈਲੇ ਹੋਏ ਸਨ।
ਪਾਕਿਸਤਾਨ ਬਣਨ ਤੋਂ ਮਗਰੋਂ ਵਿਰਕ ਹਰਿਆਣੇ ਦੇ ਕੁਰੂਕਸ਼ੇਤਰ, ਕਰਨਾਲ, ਕੈਥਲ ਤੇ
ਸਿਰਸਾ ਆਦਿ ਜਿਲ੍ਹਿਆਂ ਵਿੱਚ ਆਬਾਦ ਹੋ ਗਏ ਹਨ। 1881 ਈਸਵੀਂ ਦੀ ਜਨਸੰਖਿਆ ਅਨੁਸਾਰ
ਸਾਂਝੇ ਪੰਜਾਬ ਵਿੱਚ ਵਿਰਕ ਜੱਟ 36,416 ਸਨ ਪਰ 7,118 ਵਿਰਕਾਂ ਨੇ ਇਸ ਮਰਦਮਸ਼ੁਮਾਰੀ
ਵਿੱਚ ਆਪਣਾ ਗੋਤ ਰਾਜਪੂਤ ਵਿਰਕ ਦੱਸਿਆ ਸੀ।
ਵਿਰਕ ਤੇ ਬਰਕ ਇਕੋ ਹੀ ਗੋਤ ਹੈ। ਵਿਰਕਾਂ ਬਾਰੇ ਭਗਵੰਤ ਸਿੰਘ ਆਜ਼ਾਦ ਤੇ ਗੁਰਇਕਬਾਲ
ਸਿੰਘ ਲਿਖਤ ਪੁਸਤਕ ‘ਸਾਂਦਲਬਾਰ ਦਾ ਇਤਿਹਾਸ–ਵਿਰਕ ਅਤੇ ਹੋਰ' ਵਿੱਚ ਵੀ ਕਾਫ਼ੀ
ਜਾਣਕਾਰੀ ਦਿੱਤੀ ਗਈ ਹੈ। ਇਹ ਪ੍ਰਸ਼ੰਸਾਯੋਗ ਪੁਸਤਕ ਹੈ। ਬੀ• ਐਸ• ਦਾਹੀਆ ਆਪਣੀ ਪੁਸਤਕ
‘ਜਾਟਸ' ਵਿੱਚ ਵਿਰਕਾਂ ਨੂੰ ਪੰਜਾਬ ਦਾ ਬਹੁਤ ਹੀ ਪੁਰਾਣਾ ਜੱਟ ਕਬੀਲਾ ਮੰਨਦਾ ਹੈ। ਉਸਦੇ
ਅਨੁਸਾਰ ਵਿਰਕ ਭਾਰਤ ਵਿੱਚ 800 ਪੂਰਬ ਈਸਵੀਂ ਤੋਂ ਮਗਰੋਂ ਹੀ ਸ਼ਕਸਤਾਨ ਦੇ ਇਲਾਕੇ ਤੋਂ
ਉਠ ਕੇ ਆਏ ਹਨ। ਪਾਣਿਨੀ ਦੇ ਅਨੁਸਾਰ ਵਿਰਕ 500 ਪੂਰਬ ਈਸਵੀਂ ਦੇ ਸਮੇਂ ਪੰਜਾਬ
ਵਿੱਚ ਆਬਾਦ ਸਨ।
ਵਿਰਕ ਭਾਈਚਾਰੇ ਦੇ ਲੋਕ ਖਾੜਕੂ ਸਨ। ਕੈਸਪੀਅਨ ਸਾਗਰ ਖੇਤਰ ਵੀ ਕਿਸੇ ਸਮੇਂ ਵਿਰਕਾਂ
ਦਾ ਮੁੱਢਲਾ ਘਰ ਰਿਹਾ ਹੈ। ਮੱਧ ਏਸ਼ੀਆ ਤੋਂ ਇਰਾਨ ਤੇ ਭਾਰਤ ਵਿੱਚ ਦਾਖ਼ਲ ਹੋਣ ਵਾਲਾ ਇਹ
ਜੱਟ ਕਬੀਲਾ ਸਭ ਤੋਂ ਪੁਰਾਣਿਆਂ ਕਬੀਲਿਆਂ ਵਿਚੋਂ ਸੀ। ਮਾਰਕੰਡੇ ਪੁਰਾਣ ਵਿੱਚ ਵੀ ਬਿਰਕਾਂ
ਦਾ ਜਿਕਰ ਹੈ। ਮਹਾਭਾਰਤ ਦੇ ਸਮੇਂ ਦੇ ਉਘੇ ਜੱਟ ਕਬੀਲੇ ਬਿਰਕ ਛੀਨੇ, ਸੰਧੂ, ਜਾਖੜ,
ਤੋਮਰ, ਚੌਹਾਨ, ਬੱਲ ਤੇ ਕੰਗ ਆਦਿ ਸਨ। ਰਿਗਵੇਦਾਂ ਦੇ ਸਮੇਂ ਵੀ ਕਈ ਜੱਟ ਕਬੀਲੇ ਭਾਰਤ
ਵਿੱਚ ਆਬਾਦ ਸਨ। ਸੱਤਵੀਂ ਸਦੀ ਮਗਰੋਂ ਜੱਟ ਕਬੀਲੇ ਰਾਜਪੂਤਾਂ ਅਤੇ ਕਸ਼ਤਰੀਆਂ ਵਿੱਚ
ਪਰਿਵਰਤਤ ਹੋ ਗਏ। ਰਾਜਪੂਤ ਸ਼ਬਦ ਨੌਵੀਂ ਤੇ ਦਸਵੀਂ ਸਦੀ ਵਿੱਚ ਪ੍ਰਚਲਿਤ ਹੋਇਆ। ਵਿਰਕ
ਜੱਟ ਆਪਣਾ ਸੰਬੰਧ ਮਿਨਹਾਸ ਰਾਜਪੂਤਾਂ ਨਾਲ ਜੋੜਦੇ ਹਨ। ਸੱਤਵੀਂ ਸਦੀ ਤੋਂ ਪਹਿਲਾਂ
ਰਾਜਪੂਤ ਸ਼ਬਦ ਕਿਸੇ ਥਾਂ ਵੀ ਲਿਖਿਆ ਨਹੀਂ ਮਿਲਦਾ। ਮਿਨਹਾਸ ਰਾਜਪੂਤ ਵੀ ਹਨ ਅਤੇ ਜੱਟ ਵੀ
ਹਨ। ਅਸਲ ਵਿੱਚ ਵਿਰਕ ਮਿਨਹਾਸ ਜੱਟਾਂ ਦੀ ਬਰਾਦਰੀ ਵਿਚੋਂ ਹਨ। ਮਿਨਹਾਸ ਜੱਟ ਵੀ ਬਹੁਤ
ਪੁਰਾਣਾ ਕਬੀਲਾ ਹੈ। ਜੱਟਾਂ ਦੇ ਬਹੁਤੇ ਕਬੀਲੇ ਸਕਿਥੀਅਨ ਜਾਤੀ ਵਿਚੋਂ ਹਨ। ਸਕਿਥੀਅਨ
ਜਾਤੀ ਦੇ ਲੋਕ ਆਪਣੀ ਜਾਇਦਾਦ ਆਪਣੇ ਪੁੱਤਰਾਂ ਵਿੱਚ ਬਰਾਬਰ ਵੰਡਦੇ ਸਨ।
ਅੱਜ ਕੱਲ੍ਹ ਵਿਰਕ ਜੱਟ ਪੰਜਾਬ ਦੇ ਕੋਨੇ–ਕੋਨੇ ਵਿੱਚ ਮਿਲਦੇ ਹਨ। ਵਿਰਕ ਜੱਟ ਉਤਰਾਂਚਲ
ਪ੍ਰਦੇਸ਼ ਦੇ ਉਧਮ ਸਿੰਘ ਨਗਰ ਜਿਲ੍ਹੇ ਵਿੱਚ ਵੀ ਕਾਫ਼ੀ ਆਬਾਦ ਹਨ। ਪੰਜਾਬ ਤੋਂ ਬਾਹਰਲੇ
ਦੇਸ਼ਾਂ ਵਿੱਚ ਜਾਕੇ ਵੀ ਵਿਰਕਾਂ ਨੇ ਕਾਫ਼ੀ ਉਨਤੀ ਕੀਤੀ ਹੈ। ਵਿਰਕ ਪੰਜਾਬ ਦਾ ਇੱਕ ਬਹੁਤ
ਹੀ ਮਹੱਤਵਪੂਰਨ ਤੇ ਪ੍ਰਭਾਵਸ਼ਾਲੀ ਜੱਟ ਕਬੀਲਾ ਹੈ। ਪੱਛਮੀ ਪੰਜਾਬ ਵਿੱਚ ਹੁਣ ਸਾਰੇ ਵਿਰਕ
ਮੁਸਲਮਾਨ ਹਨ। ਪੂਰਬੀ ਪੰਜਾਬ ਵਿੱਚ ਹੁਣ ਸਾਰੇ ਵਿਰਕ ਸਿੱਖ ਹਨ। ਇਹ ਬਹੁਤ ਪ੍ਰਭਾਵਸ਼ਾਲੀ
ਉਪਜਾਤੀ ਹੈ। ਵਿਰਕ ਸੂਰਜਬੰਸੀ ਨਾਲ ਹਨ। ਵਿਰਕਾਂ ਦੇ ਮਿਰਾਸੀ ਇਨ੍ਹਾਂ ਦਾ ਬੰਸਾਵਲੀ ਬਾਬਾ
ਮਨਹਾਸ ਤੇ ਸ਼੍ਰੀ ਰਾਮ ਚੰਦਰ ਜੀ ਨਾਲ ਜੋੜਦੇ ਹਨ। ਵਿਰਕਾਂ ਦੇ ਤਿੰਨ ਥੰਮ ਤੇ 12
ਮੂੰਹੀਆਂ ਹਨ। ਵਿਰਕ, ਕੰਗ, ਦਾਹੀਆ, ਵੈਨੀਵਾਲ, ਬੈਂਸ, ਮਾਨ, ਮੰਡ, ਮੈੜਜ਼ ਆਦਿ ਮੱਧ
ਏਸ਼ੀਆ ਤੋਂ ਭਾਰਤ ਵਿੱਚ ਆਉਣ ਵਾਲੇ ਬਹੁਤ ਹੀ ਪ੍ਰਾਚੀਨ ਜੱਟ ਕਬੀਲੇ ਹਨ। ‘ਜਾਟ ਇਤਿਹਾਸ
ਦੇ ਲੇਖਕ ਸ੍ਰੀਮਦ ਅਚਾਰੀਆ ਸ਼੍ਰੀ ਨਿਵਾਸ ਅਚਾਰੀਆ ਮਹਾਰਾਜ ਅਨੁਸਾਰ ਹਿਰਕਾਨੀ ਪ੍ਰਦੇਸ਼
ਹੀ ਬਰਿਕਾਂ ਦਾ ਮੂਲਵਾਸ ਸੀ। ਰਾਜਸਥਾਨ ਵਿੱਚ ਬਿਰਕਾਲੀ ਸੀ। ਇਹ ਕੁਝ ਸਮਾਂ ਇਰਾਨ ਵਿੱਚ
ਵੀ ਵਸਦੇ ਰਹੇ ਹਨ। ਇੱਕ ਨਦੀ ਵਿੱਚ ਰਹਿੰਦੇ ਸਨ। ਵਿਰਕ ਮਹਾਨ ਜਾਤੀ ਹੈ।
|