ਵੜਿੰਗ : ਇਹ ਪਵਾਰ ਬੰਸੀ ਰਾਜਪੂਤਾਂ ਦਾ ਇੱਕ ਉਪਗੋਤ ਹੈ। ਇਹ ਜਰਗ ਦੇ ਰਾਜੇ
ਜੱਗਦੇਉ ਨੂੰ ਆਪਣਾ ਵਡੇਰਾ ਮੰਨਦੇ ਹਨ। ਇਨ੍ਹਾਂ ਦਾ ਮੁੱਢ ਲੁਧਿਆਣਾ ਜਿਲ੍ਹਾ ਹੀ ਹੈ। ਇਹ
ਲੁਧਿਆਣੇ ਖੇਤਰ ਤੋਂ ਹੀ ਸਾਰੇ ਪੰਜਾਬ ਵਿੱਚ ਫੈਲੇ ਹਨ। ਲੁਧਿਆਣੇ ਜਿਲ੍ਹੇ ਵਿੱਚ ਭੈਣੀ
ਵੜਿੰਗਾਂ ਇਨ੍ਹਾਂ ਦਾ ਮੋਢੀ ਤੇ ਪੁਰਾਣਾ ਪਿੰਡ ਹੈ। ਫਰੀਦਕੋਟ, ਮੁਕਤਸਰ ਤੇ ਬਠਿੰਡੇ
ਦੇ ਇਲਾਕੇ ਵਿੱਚ ਵੀ ਵੜਿੰਗ ਭਾਈਚਾਰੇ ਦੇ ਕਾਫ਼ੀ ਲੋਕ ਵੱਸਦੇ ਹਨ। ਕੁਝ ਸੰਗਰੂਰ ਖੇਤਰ
ਵਿੱਚ ਵੀ ਹਨ। ਫਰੀਦਕੋਟ ਦੇ ਇਲਾਕੇ ਵਿੱਚ ਰਾਮੇਆਣਾ, ਡੋਡ ਤੇ ਕੋਠੇ ਵੜਿੰਗ ਆਦਿ ਪਿੰਡਾਂ
ਵਿੱਚ ਵੀ ਵੜਿੰਗ ਆਬਾਦ ਹਨ। ਸਿੱਖ ਇਤਿਹਾਸ ਨਾਲ ਸੰਬੰਧਿਤ ਪੁਸਤਕ ‘ਗੁਰੂ ਕੀਆ
ਸਾਖੀਆਂ' ਅਨੁਸਾਰ ਦਸਵੇਂ ਗੁਰੂ ਗੋਬਿੰਦ ਸਿੰਘ ਜੀ
ਨੇ ਰਾਮੇਆਣੇ ਵਿੱਚ ਭਾਈ ਘੁੱਦਾ ਸਿੰਘ ਵੜਿੰਗ ਦੇ ਘਰ ਇੱਕ ਰਾਤ ਵਿਸ਼ਰਾਮ ਕੀਤਾ। ਅਗਲੇ
ਦਿਨ ਸਵੇਰ ਹੀ ਗੁਰੂ ਕਾ ਵਹੀਕ ਮਲਣ ਵੱਲ ਨੂੰ ਚੱਲ ਪਿਆ। ਗੁਰੂ ਕਾ ਵਹੀਕ ਜਦ ਪਿੰਡ ਮਲਣ
ਦੇ ਨੇੜੇ ਪਹੁੰਚਿਆ ਤਾਂ ਉਥੇ ਬੇਲੇ ਵਿੱਚ ਚੌਧਰੀ ਜੁੱਗਰਾਜ ਵੜਿੰਗ ਪਸ਼ੂ ਚਾਰ ਰਿਹਾ ਸੀ।
ਜੁੱਗਰਾਜ ਨੇ ਮੁਗਲਾਂ ਦੇ ਭੈਅ ਕਾਰਨ ਮੁਗਲਾਂ ਨੂੰ ਦੱਸ ਦਿੱਤਾ ਕਿ ਸਵੇਰੇ–ਸਵੇਰੇ ਗੁਰੂ
ਆਪਣੇ ਸਿੱਖਾਂ ਨਾਲ ਇਥੋਂ ਦੀ ਲੰਘਿਆ ਸੀ। ਜਦੋਂ ਗੁਰੂ ਜੀ ਨੂੰ ਜੁੱਗਰਾਜ ਦੀ ਗੱਲ ਦਾ
ਪੱਤਾ ਲੱਗਿਆ ਤਾਂ ਸੱਚੇ ਪਾਤਸ਼ਾਹ ਕਲਗ਼ੀਧਰ ਨੇ ਸਹਿਜ ਸੁਭਾਅ ਹੀ ਕਿਹਾ ਕਿ ਜੱਟ ਬੜਾ
ਆਫਰਿਆ ਹੋਇਆ ਹੈ। ਇਸ ਕੋਲੋਂ ਜ਼ਰਾ ਜਿੰਨੀ ਗੱਲ ਵੀ ਪੱਚਾ ਨਾ ਹੋਈ। ਮੁਕਤਸਰ ਅਤੇ
ਕੋਟਕਪੂਰੇ ਦੇ ਇਲਾਕੇ ਵਿੱਚ ਰਵਾਇਤ ਪ੍ਰਚਲਿਤ ਹੈ ਕਿ ਕੁਝ ਸਮੇਂ ਬਾਅਦ ਜੁੱਗਰਾਜ ਵੜਿੰਗ
ਆਫਰ ਕੇ ਮਰ ਗਿਆ। ਹੁਣ ਵੀ ਜੁੱਗਰਾਜ ਦੀ ਬੰਸ ਦੇ ਵੜਿੰਗ ਆਖਿਰ ਆਫਰਕੇ ਹੀ ਮਰਦੇ ਹਨ। ਇਹ
ਮਿਥਿਹਾਸਕ ਘਟਨਾ ਹੈ।
ਮੁਕਤਸਰ ਦੇ ਨਜ਼ਦੀਕ ਇੱਕ ਵੜਿੰਗ ਪਿੰਡ ਹੈ। ਇਸ ਵਿੱਚ ਵੜਿੰਗ ਭਾਈਚਾਰੇ ਦੇ ਲੋਕ ਹੀ
ਰਹਿੰਦੇ ਹਨ। ਡਬਵਾਲੀ ਦੇ ਪਾਸ ਵੀ ਇੱਕ ਵੜਿੰਗ ਖੇੜਾ ਪਿੰਡ ਹੈ। ਇਸ ਪਿੰਡ ਵਿੱਚ ਜੱਟਾਂ
ਦੀਆਂ ਦੋ ਪੱਤੀਆਂ ਵੜਿੰਗ ਤੇ ਗਰੇਵਾਲਾਂ ਦੀਆਂ ਹਨ। ਬਠਿੰਡੇ ਦੇ ਇਲਾਕੇ ਵਿੱਚ ਵੀ ਭਾਈ
ਭਗਤਾ ਪਿੰਡ ਵਿੱਚ ਕੁਝ ਵੜਿੰਗਾਂ ਦੇ ਘਰ ਹਨ। ਜਿਲ੍ਹਾ ਪਟਿਆਲਾ ਦੇ ਖੇਤਰ ਰਾਜਪੁਰਾ ਵਿੱਚ
ਖਾਨਪੁਰ ਬੜਿੰਗਾਂ ਪਿੰਡ ਵੀ ਵੜਿੰਗ ਗੋਤੀ ਜੱਟਾਂ ਦਾ ਹੈ। ਬੜਿੰਗ ਕੁਝ ਸਮੇਂ ਕਸ਼ਮੀਰ
ਖੇਤਰ ਵਿੱਚ ਵੀ ਵੱਸਦੇ ਰਹੇ ਹਨ। ਜਿਲ੍ਹਾ ਸੰਗਰੂਰ ਵਿੱਚ ਬੜਿੰਗਾ ਦੇ ਉਘੇ ਪਿੰਡ ਮਹਿਲਾ
ਚੌਕ, ਚੱਨਾਂ, ਵਾਲਾ, ਬੁਜਰਕ, ਨਾਰੀਕੇ, ਮਲਾਕ ਆਦਿ ਹਨ। ਵੜਿੰਗ ਮਾਝੇ ਵਿੱਚ ਵੀ ਹਨ।
ਵੜਿੰਗ ਜੱਟਾਂ ਨੇ ਮਾਝੇ ਵਿੱਚ ਵੀ ਆਪਣੇ ਗੋਤ ਦੇ ਨਾਮ ਤੇ ਅੰਮ੍ਰਿਤਸਰ ਦੇ ਇਲਾਕੇ ਵਿੱਚ
ਇੱਕ ਵੜਿੰਗ ਪਿੰਡ ਵਸਾਇਆ ਸੀ। ਕਿਸੇ ਕਾਰਨ ਸਾਰੇ ਵੜਿੰਗ ਪਿੰਡ ਛੱਡ ਗਏ। ਹੁਣ ਇਸ ਪਿੰਡ
ਵਿੱਚ ਬਾਜਵੇ ਜੱਟ ਰਹਿੰਦੇ ਹਨ। ਬਨਿੰਗ, ਬਲਿੰਗ ਤੇ ਬੜਿੰਗ ਇਕੋ ਭਾਈਚਾਰੇ ਵਿਚੋਂ ਲੱਗਦੇ
ਹਨ। ਦੁਆਬੇ ਦੇ ਜਲੰਧਰ ਖੇਤਰ ਵਿੱਚ ਵੀ ਬੜਿੰਗ ਨਾਮ ਦਾ ਇੱਕ ਵੱਡਾ ਤੇ ਪ੍ਰਸਿੱਧ ਪਿੰਡ
ਹੈ। ਇਸ ਵਿੱਚ ਵੜਿੰਗ ਗੋਤ ਦੇ ਜੱਟ ਹੀ ਵੱਸਦੇ ਹਨ। ਬੱਬਰ ਅਕਾਲੀ ਲਹਿਰ ਦਾ ਮੋਢੀ ਬਾਬਾ
ਕਿਸ਼ਨ ਸਿੰਘ ਵੜਿੰਗ ਸੀ। ਦੁਆਬੇ ਤੋਂ ਵੜਿੰਗ ਬਾਹਰਲੇ ਦੇਸ਼ਾਂ ਵਿੱਚ ਵੀ ਜਾਕੇ ਆਬਾਦ ਹੋਏ
ਹਨ। ਵੜਿੰਗ ਸਾਰੇ ਜੱਟ ਸਿੱਖ ਹੀ ਹਨ।
ਟਾਵੇਂ–ਟਾਵੇਂ ਵੜਿੰਗ ਸਾਰੇ ਪੰਜਾਬ ਵਿੱਚ ਹੀ ਵੱਸਦੇ ਹਨ। ਵੈਸੇ ਪੰਜਾਬ ਵਿੱਚ ਵੜਿੰਗ
ਭਾਈਚਾਰੇ ਦੀ ਗਿਣਤੀ ਬਹੁਤ ਹੀ ਘੱਟ ਹੈ। ਵਿਦਿਅਕ ਤੇ ਆਰਥਿਕ ਤੌਰ ਤੇ ਅਜੇ ਵੜਿੰਗ ਬਹੁਤ
ਪਿੱਛੇ ਹਨ।
ਨਵੀਂ ਖੋਜ ਅਨੁਸਾਰ ਵੜਿੰਗ ਜੱਟ ਰਾਜੇ ਜੱਗਦੇਉ ਦੀ ਬੰਸ ਵਿਚੋਂ ਨਹੀਂ ਹਨ। ਇਹ ਜੱਗਦੇਉ
ਦੇ ਪਰਮਾਰ ਭਾਈਚਾਰੇ ਵਿਚੋਂ ਹਨ। ਬੀ• ਐਸ• ਦਾਹੀਆ ਦੇ ਅਨੁਸਾਰ ਬੜਿੰਗ ਜੱਟਾਂ ਦਾ
ਪ੍ਰਾਚੀਨ ਕਬੀਲਾ ਹੈ। ਰਾਜਾ ਜੱਗਦੇਉ ਗਿਆਰ੍ਹਵੀਂ ਸਦੀ ਵਿੱਚ ਪੈਦਾ ਹੋਇਆ ਹੈ। ਇਹ ਮਾਲਵੇ
ਦੇ ਜਰਗ ਖੇਤਰ ਵਿੱਚ 12ਵੀਂ ਸਦੀ ਦੇ ਆਰੰਭ ਵਿੱਚ ਆਕੇ ਆਬਾਦ ਹੋਇਆ ਸੀ। ਇਹ ਮਹਾਨ ਸੂਰਬੀਰ
ਤੇ ਮਹਾਨ ਸਿੱਧ ਸੀ। ਪਰਮਾਰ ਰਾਜੇ ਉਦੇਦਿੱਤ ਦੀ 1088 ਈਸਵੀਂ ਵਿੱਚ ਹੋਈ ਮੌਤ ਤੋਂ ਮਗਰੋਂ
ਜੱਗਦੇਉ ਧਾਰਾ ਨਗਰੀ ਦਾ ਰਾਜਾ ਬਣਿਆ ਸੀ। ਰਾਜੇ ਜੱਗਦੇਉ ਦੀ ਜਰਗ ਦੇ ਖੇਤਰ ਵਿੱਚ 1160
ਈਸਵੀਂ ਦੇ ਲਗਭਗ ਮੌਤ ਹੋਈ ਸੀ।
ਅਸਲ ਵਿੱਚ ਬੜਿੰਗ ਪਰਮਾਰਾਂ ਦਾ ਉਪਗੋਤ ਹੈ। ਇਹ ਬਹੁਤ ਉਘਾ ਤੇ ਛੋਟਾ ਭਾਈਚਾਰਾ ਹੈ।
ਪਰਮਾਰ ਜੱਟ ਰਾਜਪੂਤਾਂ ਦੀ ਉਤਪਤੀ ਤੋਂ ਪਹਿਲਾਂ ਕਨਿਸ਼ਕ ਦੇ ਸਮੇਂ ਵੀ ਪੰਜਾਬ ਵਿੱਚ ਆਬਾਦ
ਸਨ। ਅਸਲ ਵਿੱਚ ਪਰਮਾਰ ਪੁਰਾਤਨ ਜੱਟ ਹੀ ਹਨ। ਵੜਿੰਗ ਪਰਮਾਰਾਂ ਦਾ ਸ਼ਾਖਾ ਗੋਤਰ ਹੈ। ਜੱਟ
ਇਤਿਹਾਸਕਾਰਾਂ ਅਨੁਸਾਰ ਜੱਟ ਹੀ ਰਾਜਪੂਤਾਂ ਦੇ ਅਸਲੀ ਮਾਪੇ ਹਨ। ਭੱਟਾਂ ਦੀਆਂ ਬਹੁਤੀਆਂ
ਕਹਾਣੀਆਂ ਕਲਪਤ ਤੇ ਝੂਠੀਆਂ ਹਨ। ਵੜਿੰਗ ਜੱਟ ਸਾਰੀ ਦੁਨੀਆਂ ਵਿੱਚ ਹੀ ਦੂਰ ਦੂਰ ਤੱਕ
ਵੱਸਦੇ ਹਨ। ਇਹ ਪ੍ਰਾਚੀਨ ਤੇ ਉਘਾ ਜੱਟ ਭਾਈਚਾਰਾ ਹੈ।
|