ਤੂਰ : ਬਿੱਕਰਮਾਦਿਤ ਦੀ ਬੰਸ ਵਿਚੋਂ ਤੰਵਰ ਖ਼ਾਨਦਾਨ ਨੇ ਕਨੌਜ ਤੇ ਕਬਜ਼ਾ ਕਰਕੇ
ਆਪਣਾ ਰਾਜ ਕਾਇਮ ਕਰ ਲਿਆ। ਇਸ ਖ਼ਾਨਦਾਨ ਦੇ ਰਾਜਾ ਅਨੰਗਪਾਲ ਨੇ 792 ਈਸਵੀਂ ਵਿੱਚ ਦਿੱਲੀ
ਨੂੰ ਨਵੇਂ ਸਿਰੇ ਨੌਵੀਂ ਵਾਰ ਵਸਾਕੇ ਲਾਲ ਕੋਟ ਨਾਮ ਦਾ ਪ੍ਰਸਿੱਧ ਕਿਲ੍ਹਾ ਬਣਾਇਆ। ਇਸ
ਬੰਸ ਦੇ 20 ਰਾਜੇ ਹੋਏ। ਇਨ੍ਹਾਂ ਨੇ ਦਿੱਲੀ ਤੋਂ ਸਤਲੁਜ ਤੱਕ ਸਾਢੇ 3 ਸੌ ਸਾਲ (350)
ਰਾਜ ਕੀਤਾ।
ਦਿੱਲੀ ਇੰਦਰਪ੍ਰਸਤ ਦੇ ਪੁਰਾਣੇ ਥੇਹ ਉਤੇ ਆਬਾਦ ਕੀਤੀ ਗਈ। ਤੰਵਰ ਬੰਸ ਦਾ
ਆਖ਼ਰੀ ਰਾਜਾ ਅਨੰਗਪਾਲ ਦੂਜਾ ਅਥਵਾ ਅਗਨੀਪਾਲ ਬੇਔਲਾਦ ਸੀ। ਅਨੰਗਪਾਲ ਦੇ ਦੋਹਤੇ ਪ੍ਰਿਥਵੀ
ਰਾਜ ਨੇ ਤੂਰਾਂ ਦੇ ਇਸ ਰਾਜ ਤੇ ਆਪਣਾ ਕਬਜ਼ਾ ਕਰ ਲਿਆ। ਇਸ ਤੋਂ ਪਹਿਲਾਂ ਵੀ ਪ੍ਰਿਥਵੀ
ਰਾਜ ਚੌਹਾਨ ਦੇ ਤਾਏ ਵਿਗ੍ਰਹਿ ਰਾਜਾ ਚੌਹਾਨ ਨੇ ਤੰਵਰਾਂ ਤੋਂ 1163 ਈਸਵੀਂ ਵਿੱਚ ਦਿੱਲੀ
ਖੋਹ ਕੇ ਉਸ ਉਤੇ ਜ਼ਬਰਦਸਤੀ ਕਬਜ਼ਾ ਕਰ ਲਿਆ ਸੀ। ਤੰਵਰ ਭਾਈਚਾਰੇ ਦੇ ਲੋਕ ਚੌਹਾਨਾਂ ਨਾਲ
ਨਾਰਾਜ਼ ਹੋ ਕੇ ਹਰਿਆਣਾ, ਰਾਜਸਥਾਨ ਤੇ ਪੰਜਾਬ ਵਿੱਚ ਆਕੇ ਇਨ੍ਹਾਂ ਖੇਤਰਾਂ ਵਿੱਚ ਹੀ
ਆਬਾਦ ਹੋ ਗਏ।
ਇੱਕ ਹੋਰ ਰਵਾਇਤ ਅਨੁਸਾਰ ਤੰਵਰ ਜਾਂ ਤੂਰ ਭਾਈਚਾਰੇ ਦੇ ਲੋਕ ਰਾਜਾ
ਜਨਮੇਜਾ (ਅਰਜਨ ਦੇ ਪੜ੍ਹਪੋਤਰੇ) ਦੀ ਸੰਤਾਨ ਹਨ। ਪਾਂਡੋ ਬੰਸ ਦੇ ਜਿਨ੍ਹਾਂ ਲੋਕਾਂ ਨੇ
ਤੂਰ ਨਾਂ ਦੇ ਇੱਕ ਰਿਖੀ ਤੋਂ ਦੀਖਿਆ ਲੈਕੇ ਨਵੇਂ ਕਬੀਲੇ ਦਾ ਆਰੰਭ ਕੀਤਾ, ਉਨ੍ਹਾਂ ਦਾ
ਗੋਤ ਤੰਵਰ ਪ੍ਰਚਲਿਤ ਹੋ ਗਿਆ। ਮਹਾਭਾਰਤ ਦੇ ਸਮੇਂ ਦਾ ਹੀ ਇਹ ਪੁਰਾਣਾ ਗੋਤ ਹੈ। ਕਰਨਲ
ਟਾਡ ਨੇ ਆਪਣੀ ਪੁਸਤਕ ਵਿੱਚ ਰਾਜਸਥਾਨ ਖੇਤਰ ਵਿੱਚ ਤੰਵਰਾਂ ਦੇ 82 ਉਪਗੋਤ ਲਿਖੇ ਹਨ।
ਜੱਟਾਂ ਤੇ ਰਾਜਪੂਤਾਂ ਦੇ 36 ਸ਼ਾਹੀ ਗੋਤ ਹਨ। ਤੰਵਰ ਵੀ ਸ਼ਾਹੀ ਗੋਤ ਹੈ। ਦਿੱਲੀ ਦੇ
ਜਮਨਾ ਦੇ ਇਲਾਕੇ ਤੋਂ ਉਠ ਕੇ ਕੁਝ ਤੰਵਰ ਕਰਨਾਲ, ਅੰਬਾਲਾ ਤੇ ਹਿੱਸਾਰ ਵਿੱਚ ਆਬਾਦ ਹੋ
ਗਏ। ਇਸ ਇਲਾਕੇ ਵਿੱਚ ਤੰਵਰ ਗੋਤ ਦੇ ਲੋਗ ਰਾਜਪੂਤ ਕਾਫ਼ੀ ਹਨ ਪਰ ਜੱਟ ਬਹੁਤ ਹੀ ਘੱਟ ਹਨ।
ਗੁੜਗਾਉਂ ਵਿੱਚ ਤੰਵਰ ਰਾਜਪੂਤ ਬਹੁਤ ਹਨ। ਹਰਿਆਣੇ ਦੇ ਜਾਟੂ ਵੀ ਤੰਵਰਾਂ
ਵਿਚੋਂ ਹਨ। ਰੋਹਤਕ ਦੇ ਇਲਾਕੇ ਵਿੱਚ ਜਾਟੂਆਂ ਦੀਆਂ ਪਵਾਰਾ ਨਾਲ ਕਈ ਲੜਾਈਆਂ ਹੋਈਆਂ।
ਦੋਵੇਂ ਲੜਾਕੂ ਕਬੀਲੇ ਸਨ। ਤੂਰ, ਤੰਵਰ ਤੇ ਤੋਮਰ ਇਕੋ ਹੀ ਗੋਤ ਹੈ। ਪ੍ਰਿਥਵੀ ਰਾਜ ਚੌਹਾਨ
ਬਹੁਤ ਹੀ ਪ੍ਰਸਿੱਧ ਤੇ ਤਾਕਤਵਰ ਰਾਜਾ ਸੀ। ਉਸ ਦੀ ਕਨੌਜ ਦੇ ਰਾਜਾ ਜੈਪਾਲ, ਰਾਠੋਰ ਨਾਲ
ਦੁਸ਼ਮਣੀ ਸੀ। ਇਸ ਕਾਰਨ ਹੀ ਮੁਹੰਮਦ ਗੌਰੀ ਨੇ ਪ੍ਰਿਥਵੀਰਾਜ ਚੌਹਾਨ ‘ਤੇ 1192 ਈਸਵੀਂ
ਵਿੱਚ ਹਮਲਾ ਕੀਤਾ। ਪ੍ਰਿਥਵੀ ਰਾਜ ਨੂੰ ਹਰਾਕੇ ਦਿੱਲੀ ਤੇ ਚੌਹਾਨ ਬੰਸ ਦਾ ਰਾਜ ਖਤਮ ਕਰ
ਦਿੱਤਾ। ਮੁਸਲਮਾਨੀ ਰਾਜ ਸ਼ੁਰੂ ਹੋ ਗਿਆ।
ਤੂਰ ਜੱਟ ਹੀ ਹਨ। ਤੰਵਰ ਰਾਜਪੂਤ ਵੀ ਹਨ ਅਤੇ ਜੱਟ ਵੀ ਹਨ। ਹਰਿਆਣੇ ਤੇ
ਪੰਜਾਬ ਦੇ ਜੱਟਾਂ ਨਾਲ ਰਿਸ਼ਤੇਦਾਰੀਆਂ ਪਾਕੇ ਕਾਫ਼ੀ ਤੰਵਰ ਗੋਤ ਦੇ ਲੋਕ ਜੱਟ ਭਾਈਚਾਰੇ
ਵਿੱਚ ਰਲ ਗਏ। ਤੰਵਰ ਜੱਟ ਆਪਣਾ ਗੋਤ ਤੂਰ ਲਿਖਦੇ ਹਨ। ਮੁਸਲਮਾਨ ਰਾਜ ਕਾਰਨ ਬਹੁਤੇ ਤੰਵਰ
ਰਾਜਪੂਤ ਬਣ ਗਏ ਸਨ।
ਸਰ ਜ਼ੇਮਜ਼ ਵਿਲਸਨ ਆਪਣੀ ਸਰਸਾ ਰਿਪੋਰਟ ਵਿੱਚ ਲਿਖਦਾ ਹੈ ਕਿ ਦਿੱਲੀ
ਰਾਜ ਖੁਸਣ ਮਗਰੋਂ ਤੰਵਰ ਉੱਤਰ ਵੱਲ ਨੂੰ ਆ ਗਏ ਅਤੇ ਇਨ੍ਹਾਂ ਵਿਚੋਂ ਕੁਝ ਬਹਾਵਲਪੁਰ ਦੀ
ਖੈਰਪੁਰ ਤਹਿਸੀਲ ਵਿੱਚ ਪਹੁੰਚ ਗਏ। ਇਨ੍ਹਾਂ ਦਾ ਸਰਦਾਰ ਅਮਰਾ ਸਖੇਰਾ ਸੀ।
ਅਮਰੇ ਹੁਰੀਂ ਵੀ 20 ਭਰਾ ਸਨ। ਪਹਿਲਾਂ ਇਹ ਹਿੰਦੂ ਸਨ ਮਗਰੋਂ ਮੁਸਲਮਾਨ ਬਣ ਗਏ ਸਨ।
ਅਮਰੇ ਦੇ ਪਰਿਵਾਰ ਦੇ ਲੋਕ ਲੜਾਕੂ ਸਨ। ਅਮਰੇ ਦਾ ਵੱਡਾ ਪੁੱਤਰ ਵਰਿਆਮ ਅਬੋਹਰ ਦਾ
ਜ਼ੈਲਦਾਰ ਬਣਿਆ। ਇਹ ਪਰਿਵਾਰ ਆਪਣੇ ਇਲਾਕੇ ਵਿੱਚ ਬਹੁਤ ਪ੍ਰਭਾਵਸ਼ਾਲੀ ਸੀ। ਸਖੇਰਾ ਗੋਤ
ਦੇ ਜੱਟ ਤੂਰਾਂ ਦੀ ਹੀ ਇੱਕ ਸ਼ਾਖਾ ਹਨ। ਰਾਜਸਥਾਨ, ਹਿੱਸਾਰ ਤੇ ਸਰਸੇ ਦੇ ਇਲਾਕੇ ਵਿਚੋਂ
ਕਾਫ਼ੀ ਤੂਰ ਫਿਰੋਜ਼ਪੁਰ ਤੇ ਲੁਧਿਆਣੇ ਦੇ ਇਲਾਕੇ ਆਕੇ ਆਬਾਦ ਹੋ ਗਏ ਸਨ। ਲੁਧਿਆਣੇ ਦੇ
ਇਲਾਕੇ ਵਿੱਚ ਹੁਣ ਤੂਰ ਜੱਟਾਂ ਦੇ ਕਾਫ਼ੀ ਪਿੰਡ ਹਨ।
ਇਹ ਗਰਚੇ, ਖੋਸੇ, ਨੈਨ, ਕੰਧੋਲੇ (ਕੰਦੋਲੇ) ਤੇ ਢੰਡੇ ਆਦਿ ਕਈ ਉਪਗੋਤਾਂ ਵਿੱਚ ਵੰਡੇ
ਗਏ ਹਨ। ਇਹ ਬਾਰ੍ਹਵੀਂ ਸਦੀ ਵਿੱਚ ਪੰਜਾਬ ਵਿੱਚ ਆਏ। ਫਿਰੋਜ਼ਪੁਰ ਤੇ ਲੁਧਿਆਣੇ ਤੋਂ ਤੂਰ
ਬਰਾਦਰੀ ਦੇ ਕਾਫ਼ੀ ਜੱਟ ਪਰਿਵਾਰ ਜਲੰਧਰ ਤੇ ਗੁਰਦਾਸਪੁਰ ਦੇ ਖੇਤਰਾਂ ਵਿੱਚ ਆਕੇ ਆਬਾਦ ਹੋ
ਗਏ। ਜਲੰਧਰ ਵਿੱਚ ਇੱਕ ਪਿੰਡ ਦਾ ਨਾਮ ਵੀ ਤੂਰ ਹੈ। ਗੁਰਦਾਸਪੁਰ ਵਿੱਚ ਵੀ ਤੂਰ ਨਾਮ ਦਾ
ਇੱਕ ਉਘਾ ਪਿੰਡ ਹੈ। ਪੰਜਾਬ ਵਿੱਚ ਤੂਰ ਨਾਮ ਦੇ ਕਈ ਪਿੰਡ ਹਨ।
ਸਿਆਲਕੋਟ, ਰਾਵਲਪਿੰਡੀ, ਜਿਹਲਮ, ਗੁਜਰਾਤ ਆਦਿ ਵਿੱਚ ਤੰਵਰ ਰਾਜਪੂਤ ਤੇ ਤੂਰ ਜੱਟ
ਕਾਫ਼ੀ ਗਿਣਤੀ ਵਿੱਚ ਮੁਸਲਮਾਨ ਬਣ ਗਏ ਸਨ। ਪੂਰਬੀ ਪੰਜਾਬ ਵਿੱਚ ਸਾਰੇ ਤੂਰ ਜੱਟ ਸਿੱਖ
ਹਨ। 1881 ਦੀ ਜਨਸੰਖਿਆ ਅਨੁਸਾਰ ਪੂਰਬੀ ਪੰਜਾਬ, ਹਰਿਆਣੇ ਤੇ ਪੱਛਮੀ ਪੰਜਾਬ ਵਿੱਚ ਤੰਵਰ
ਰਾਜਪੂਤਾਂ ਦੀ ਗਿਣਤੀ 39118 ਸੀ। ਤੂਰ ਜੱਟਾਂ ਦੀ ਗਿਣਤੀ 12639 ਸੀ। ਜੱਟ ਆਪਣਾ ਗੋਤ
ਤੰਵਰ ਵੀ ਲਿਖਦੇ ਹਨ ਅਤੇ ਤੂਰ ਵੀ ਲਿਖਦੇ ਹਨ। ਹਰਿਆਣੇ ਦੇ ਹਿੰਦੂ ਜਾਟ ਆਪਣਾ ਗੋਤ ਤੰਵਰ
ਲਿਖਦੇ ਹਨ। ਪੰਜਾਬ ਦੇ ਜੱਟ ਸਿੱਖ ਤੂਰ ਲਿਖਦੇ ਹਨ।
|