ਟਿਵਾਣੇ – ਇਹ ਪਰਮਾਰ ਰਾਜਪੂਤਾਂ ਵਿਚੋਂ ਹਨ। ਇਹ ਪਹਿਲਾਂ ਧਾਰਾ ਨਗਰੀ ਤੋਂ ਉਠਕੇ
ਰਾਮਪੁਰ ਦੇ ਖੇਤਰ ਵਿਚ ਆਬਾਦ ਹੋਏ। ਫਿਰ ਅਲਾਉਦੀਨ ਖਿਲਜੀ ਦੇ ਸਮੇਂ ਤੇਰ੍ਹਵੀਂ ਸਦੀ ਵਿਚ
ਪੰਜਾਬ ਵਿਚ ਆਏ। ਪੰਜਾਬ ਵਿਚ ਬਹੁਤੇ ਪਰਮਾਰ ਲੁਧਿਆਣੇ ਦੇ ਖੇਤਰ ਵਿਚ ਪਹਿਲਾਂ ਹੀ ਆਬਾਦ
ਸਨ। ਇਹ ਰਾਜੇ ਜੱਗਦੇਵ ਦੇ ਭਰਾ ਰਣਧੌਲ ਦੀ ਬੰਸ ਵਿਚੋਂ ਹਨ। ਇਸ ਬੰਸ ਦਾ ਪ੍ਰਸਿੱਧ ਰਾਜਾ
ਰਾਏ ਸ਼ੰਕਰ ਹੋਇਆ ਹੈ ਜਿਸਦਾ ਰਾਮਪੁਰ ਦੇ ਇਲਾਕੇ ਵਿਚ ਰਾਜ ਸੀ।
ਟਿਵਾਣੇ ਗੋਤ ਦਾ ਮੋਢੀ ਟੇਊਂ (ਟਿਵਾਣਾ) ਸੀ। ਟਿਵਾਣੇ ਦੀ ਸੱਤਵੀਂ ਪੀੜੀ ਵਿਚੋਂ ਲਖੂ
ਪ੍ਰਸਿੱਧ ਹੋਇਆ ਹੈ ਜੋ ਪਟਿਆਲੇ ਦੇ ਖੇਤਰ ਵਿਚ ਆਕੇ ਆਬਾਦ ਹੋਇਆ ਹੈ। ਟਿਵਾਣੇ ਇੱਕ ਸਤੀ
ਦੀ ਵੀ ਪੂਜਾ ਕਰਦੇ ਹਨ ਜਿਸਨੂੰ ਦਾਦੀ ਬੀਰ ਸਧੋਈ ਕਿਹਾ ਜਾਂਦਾ ਹੈ। ਕਿਸੇ ਸਮੇਂ ਲੁਧਿਆਣੇ
ਦੇ ਖੇਤਰ ਬਘੌਰ, ਸਰਵਰਪੁਰ, ਰੱਬੋ ਉੱਚੀ ਤੇ ਸਰਹੰਦ ਭਾਦਸੋਂ ਕੋਲ ਚਨਾਰਥਲ ਆਦਿ ਵਿਚ
ਟਿਵਾਣਿਆਂ ਦੀ ਚੌਧਰ ਸੀ। ਪਟਿਆਲੇ ਤੇ ਫਤਿਹਗੜ੍ਹ ਸਾਹਿਬ ਦੇ ਖੇਤਰਾਂ ਵਿਚ ਟਿਵਾਣਾ ਤੇ
ਟੌਹੜਾ ਪਿੰਡ ਟਿਵਾਣੇ ਭਾਈਚਾਰੇ ਦਾ ਪ੍ਰਸਿਧ ਪਿੰਡ ਹੈ। ਪੂਰਬੀ ਪੰਜਾਬ ਵਿਚ ਫਿਰੋਜ਼ਪੁਰ,
ਲੁਧਿਆਣਾ ਪਟਿਆਲਾ ਤੇ ਅੰਬਾਲਾ ਤੇ ਕੁਝ ਖੇਤਰਾਂ ਵਿਚ ਟਿਵਾਣੇ ਭਾਈਚਾਰੇ ਦੇ ਲੋਕ ਵਸਦੇ
ਹਨ। ਮਾਝੇ ਵਿਚ ਟਿਵਾਣੇ ਬਹੁਤ ਘਟ ਹਨ। ਪੂਰਬੀ ਪੰਜਾਬ ਤੋਂ ਬਹੁਤੇ ਟਿਵਾਣੇ ਪੱਛਮੀ ਪੰਜਾਬ
ਵਲ ਚਲੇ ਗਏ ਸਨ। ਬਹੁਤੇ ਟਿਵਾਣੇ ਪੱਛਮੀ ਪੰਜਾਬ ਦੇ ਸ਼ਾਹਪੁਰ, ਮੁਲਤਾਨ, ਝੰਗ,
ਮਿੰਟਗੁਮਰੀ, ਮੁਜ਼ੱਫਰਗੜ੍ਹ ਤੇ ਬੰਨੂੰ ਤੱਕ ਦੇ ਖੇਤਰਾਂ ਵਿਚ ਜਾਕੇ ਆਬਾਦ ਹੋ ਗਏ ਸਨ।
ਟਿਵਾਣੇ ਕਿਸੇ ਸਮੇਂ ਸਿੰਧ ਦੇ ਇਲਾਕੇ ਜਹਾਂਗੀਰ ਵਿਚ ਵੀ ਵਸਦੇ ਰਹੇ ਹਨ।
ਟਿਵਾਣੇ ਜੱਟਾਂ ਦੀ ਗਿਣਤੀ ਤਾਂ ਘਟ ਹੈ ਪਰ ਇਹ ਬਹੁਤ ਹੀ ਪ੍ਰਸਿਧ ਗੋਤ ਹੈ। |