WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
 

ਧਾਰਾ

  ਸਾਡਾ ਮਨੋਰਥ
  ਹੋਰ ਪੰਜਾਬੀ ਸੰਪਰਕ
  ਮਾਨਵ ਚੇਤਨਾ
  ਕਲਾ/ਕਲਾਕਾਰ
  ਅਨੰਦ ਕਰਮਨ
  ਵਿਅੱਕਤੀਗਤ ਨਾਮ
  ਇਤਿਹਾਸ
  ਫਿਲਮੀ ਸੰਸਾਰ
  ਖੇਡਾਂ
  ਪੁਸਤਕਾਂ
  ਗਿਆਨ ਵਿਗਿਆਨ

  ਆਮ ਜਾਣਕਾਰੀ

  ਕਹਾਣੀ
  ਕਾਵਿਤਾ
  ਸਾਨੂੰ ਲਿਖੋ
 

ਥਿੰਦ :

ਜੱਟਾਂ ਦਾ ਇਤਿਹਾਸ: ਹੁਸ਼ਿਆਰ ਸਿੰਘ ਦੁਲੇਹ

ਥਿੰਦ : ਅੱਜ ਤੋਂ ਚਾਰ ਹਜ਼ਾਰ ਸਾਲ ਪਹਿਲਾਂ ਆਰੀਆ ਲੋਕ ਮੱਧ ਏਸ਼ੀਆ ਦੇ ਵੱਖ-ਵੱਖ ਖੇਤਰਾਂ ਤੋਂ ਭਾਰਤ ਵਿੱਚ ਆਉਣੇ ਸ਼ੁਰੂ ਹੋ ਗਏ ਸਨ। ਇਹ ਸਾਰੇ ਇਕੋ ਸਮੇਂ ਨਹੀਂ ਆਏ ਹਨ। ਇਹ ਵੱਖ-ਵੱਖ ਸਮੇਂ ਵੱਖ-ਵੱਖ ਕਬੀਲਿਆਂ ਦੇ ਰੂਪ ਵਿੱਚ ਵਿਦੇਸ਼ਾਂ ਵਿੱਚ ਘੁੰਮਦੇ ਫਿਰਦੇ ਭਾਰਤ ਦੇ ਵੱਖ-ਵੱਖ ਖੇਤਰਾਂ ਵਿੱਚ ਆਬਾਦ ਹੋਏ। ਕੰਬੋ ਫਿਰਕੇ ਦੇ ਲੋਕ ਆਪਣਾ ਪਿੱਛਾ ਫਾਰਸ ਅਥਵਾ ਗੱਜ਼ਨੀ ਦਾ ਦੱਸਦੇ ਹਨ। ਗੁੱਜਰ ਲੋਕ ਵੀ ਛੇਵੀਂ ਸਦੀ ਵਿੱਚ ਮੱਧ ਏਸ਼ੀਆ ਦੇ ਖੇਤਰ ਤੋਂ ਹੀ ਆਏ ਹਨ।

ਥਿੰਦ ਕਬੀਲੇ ਦੇ ਲੋਕ 150 ਈਸਵੀਂ ਪੂਰਬ ਹੋਰ ਜੱਟ ਕਬੀਲਿਆਂ ਨਾਲ ਰਲਕੇ ਮੱਧ ਏਸ਼ੀਆ ਦੇ ਸ਼ੱਕਸਤਾਨ ਤੋਂ ਆਏ ਹਨ। ਇਸ ਬੰਸ ਦਾ ਵਡੇਰਾ ਥਿੰਦਰ ਰਾਏ ਸੀ। ਇਹ ਲੋਕ ਲੋਧੀਆਂ ਨਾਲ ਦੁਸ਼ਮਣੀ ਕਾਰਨ ਦਿੱਲੀ ਦਾ ਖੇਤਰ ਛੱਡਕੇ ਚੌਦਵੀਂ ਸਦੀ ਦੇ ਅੰਤ ਵਿੱਚ ਪੰਜਾਬ ਦੇ ਮਾਲਵੇ ਖੇਤਰ ਵਿੱਚ ਸਤਲੁਜ ਦਰਿਆ ਦੇ ਕਿਨਾਰੇ ਲੁਧਿਆਣੇ ਦੇ ਖੇਤਰ ਵਿੱਚ ਆਕੇ ਆਬਾਦ ਹੋਏ। ਥਿੰਦ ਵੀ ਜੱਟਾਂ ਦਾ ਇੱਕ ਪੁਰਾਣਾ ਕਬੀਲਾ ਹੈ।

ਐਚ• ਏ• ਰੋਜ਼ ਨੇ ਇਨ੍ਹਾਂ ਬਾਰੇ ਲਿਖਿਆ ਹੈ ਕਿ ਇਹ ਬਹੁਤੇ ਲੁਧਿਆਣੇ ਦੇ ਖੇਤਰ ਵਿੱਚ ਹੀ ਹਨ। ਇਨ੍ਹਾਂ ਦੇ ਵਡੇਰੇ ਬਿੱਛੂ ਦੀ ਇਸੇ ਇਲਾਕੇ ਵਿੱਚ ਸ਼ਹਿਣਾ ਵਿੱਚ ਸਮਾਧ ਹੈ। ਏਥੋਂ ਇੱਟਾ ਲਿਜਾਕੇ ਥਿੰਦਾਂ ਨੇ ਆਪਣੇ ਵਡੇਰੇ ਦੀ ਆਪਣੇ ਆਪਣੇ ਪਿੰਡ ਵਿੱਚ ਸਮਾਧ ਬਣਾ ਲਈ ਹੈ। ਵਿਆਹ ਸ਼ਾਦੀ ਵੇਲੇ ਸਮਾਧ ਤੇ ਪੂਜਾ ਕੀਤੀ ਜਾਂਦੀ ਹੈ। ਪੂਜਾ ਦਾ ਚੜ੍ਹਾਵਾ ਬ੍ਰਾਹਮਣ ਨੂੰ ਦਿੰਦੇ ਹਨ।

ਥਿੰਦ ਜੱਟਾਂ ਵਿੱਚ ਦਲਿਉ, ਔਲਖ, ਬੋਪਾਰਾਏ ਤੇ ਬੱਲ ਆਦਿ ਜੱਟਾਂ ਵਾਂਗ ਛੱਟੀ ਖੇਡਣ ਦੀ ਰਸਮ ਪ੍ਰਚਲਿਤ ਸੀ। ਸਿੱਖੀ ਦੇ ਪ੍ਰਭਾਵ ਕਾਰਨ ਥਿੰਦਾਂ ਨੇ ਹੁਣ ਇਹ ਪੁਰਾਣੀਆਂ ਜੱਟ ਰਸਮਾਂ ਛੱਡ ਦਿੱਤੀਆਂ ਹਨ। ਥਿੰਦ ਗੋਤ ਦੇ ਜੱਟ ਮਾਲਵੇ ਦੇ ਲੁਧਿਆਣੇ ਤੇ ਸੰਗਰੂਰ ਆਦਿ ਖੇਤਰਾਂ ਵਿੱਚ ਕਾਫ਼ੀ ਹਨ ਪਰ ਮਾਝੇ ਤੇ ਦੁਆਬੇ ਵਿੱਚ ਬਹੁਤ ਘੱਟ ਹਨ। ਥਿੰਦ ਗੋਤ ਦੇ ਕੰਬੋਜ਼ ਦੁਆਬੇ ਵਿੱਚ ਬਹੁਤ ਹਨ। ਅਕਾਲੀ ਲੀਡਰ ਮਾਝੇ ਵਿੱਚ ਕੁਝ ਟਿਵਾਣੇ ਵੀ ਕੰਬੋਜ਼ ਹਨ। ਕੁਝ ਕੌੜੇ ਜੱਟ ਵੀ ਕੰਬੋਜ਼ ਹੁੰਦੇ ਹਨ। ਜਿਹੜੇ ਥਿੰਦ, ਕੌੜੇ ਤੇ ਟਿਵਾਣੇ ਜੱਟਾਂ ਨੇ ਕੰਬੋਜ਼ ਬਰਾਦਰੀ ਵਿੱਚ ਰਿਸ਼ਤੇਦਾਰੀਆਂ ਪਾਈਆਂ, ਉਹ ਕੰਬੋਜ਼ ਭਾਈਚਾਰੇ ਵਿੱਚ ਰਲ ਮਿਲ ਗਏ।

ਥਿੰਦ ਗੋਤ ਦੇ ਕੁਝ ਲੋਕ ਮਾਝੇ ਤੋਂ ਅੱਗੇ ਮਿਟਗੁੰਮਰੀ ਦੇ ਇਲਾਕੇ ਵਿੱਚ ਵੀ ਜਾਕੇ ਆਬਾਦ ਹੋ ਗਏ ਸਨ। ਮਿਟਗੁੰਮਰੀ ਦੇ ਇਲਾਕੇ ਵਿੱਚ ਥਿੰਦ ਜੱਟ ਵੀ ਸਨ ਤੇ ਕੰਬੋਜ਼ ਵੀ ਸਨ। ਬਹੁਤੇ ਥਿੰਦ ਕੰਬੋਜ਼ ਮੁਸਲਮਾਨ ਬਣ ਗਏ ਸਨ। ਥਿੰਦ ਜੱਟ ਮੁਸਲਮਾਨ ਬਹੁਤ ਹੀ ਘੱਟ ਬਣੇ ਸਨ। ਕੁਝ ਜਾਤੀਆਂ ਵਿੱਚ ਵੀ ਥਿੰਦ ਗੋਤ ਦੇ ਕਾਫ਼ੀ ਲੋਕ ਹਨ। ਜੱਟਾਂ ਵਿੱਚ ਕਰੇਵੇ ਦੀ ਰਸਮ ਪ੍ਰਚਲਿਤ ਸੀ। 800 ਤੋਂ 1200 ਈਸਵੀਂ ਦੇ ਸਮੇਂ ਵਿੱਚ ਅਨੇਕਾਂ ਨਵੀਆਂ ਜਾਤੀਆਂ ਤੇ ਉਪਜਾਤੀਆਂ ਹੋਂਦ ਵਿੱਚ ਆਈਆਂ। ਇਨ੍ਹਾਂ ਦਾ ਨਿਰਮਾਣ ਨਵੇਂ ਪੇਸਿਆਂ ਨੂੰ ਅਪਨਾਉਣ ਨਾਲ ਹੋਇਆ ਸੀ। ਕਿਤੇ-ਕਿਤੇ ਵਿਦੇਸ਼ੀ ਕਬੀਲਿਆਂ ਦੇ ਵੱਧ ਜਾਣ ਨਾਲ ਵੀ ਨਵੀਆਂ ਜਾਤੀਆਂ ਤੇ ਉਪ ਜਾਤੀਆਂ ਹੋਂਦ ਵਿੱਚ ਆਈਆਂ।

ਹੈਂਗ ਜੱਟ ਹੂਣਾਂ ਦੀ ਸੰਤਾਨ ਹਨ। ਭੰਡਾਰੀ ਵੀ ਸਿਕੰਦਰ ਦੇ ਨਾਲ ਜਲਾਲਾਬਾਦ ਜਿਲ੍ਹਾ ਫਿਰੋਜ਼ਪੁਰ ਦੇ ਖੇਤਰ ਵਿੱਚ ਆਉਣ ਵਾਲੇ ਲੋਕਾਂ ਦੀ ਬੰਸ ਵਿਚੋਂ ਹਨ। ਜਿਹੜੇ ਗਰੀਬ ਜੱਟ ਪਛੜੀਆਂ ਸ਼੍ਰੇਣੀਆਂ ਜਾਂ ਦਲਿਤਾਂ ਦੀਆਂ ਇਸਤਰੀਆਂ ਨਾਲ ਵਿਆਹ ਕਰਾ ਲੈਂਦੇ ਸਨ, ਉਹ ਉਸ ਜਾਤੀ ਵਿੱਚ ਰਲ ਮਿਲ ਜਾਂਦੇ ਸਨ। ਉਨ੍ਹਾਂ ਦੀ ਜਾਤੀ ਬਦਲ ਜਾਂਦੀ ਸੀ ਪਰ ਗੋਤ ਨਹੀਂ ਬਦਲਦਾ ਸੀ। ਇਸ ਤਰ੍ਹਾਂ ਕਈ ਰਾਜਪੂਤ ਕਬੀਲੇ ਵੀ ਜੱਟਾਂ ਨਾਲ ਰਿਸ਼ਤੇਦਾਰੀਆਂ ਪਾਕੇ ਜੱਟ ਭਾਈਚਾਰੇ ਵਿੱਚ ਰਲ ਮਿਲ ਗਏ।

ਜੱਟਾਂ ਦੇ ਕਬੀਲੇ ਬਹੁਤ ਹੀ ਪੁਰਾਣੇ ਹਨ ਅਤੇ ਕਈ ਜੱਟ ਗੋਤ ਨਵੇਂ ਪ੍ਰਚਲਿਤ ਹੋਏ ਹਨ। ਦਲਿਓ, ਸੇਖੋਂ, ਚੀਮੇ, ਸੀੜੇ, ਖੋਸੇ, ਦੰਦੀਵਾਲ, ਗਰਚੇ ਆਦਿ ਜੱਟਾਂ ਦੇ ਨਵੇਂ ਗੋਤ ਹਨ। ਰਿੱਗਵੇਦ ਅਤੇ ਮਹਾਭਾਰਤ ਵਿੱਚ ਵੀ ਜੱਟਾਂ ਦੇ ਪੁਰਾਣੇ ਕਬੀਲਿਆਂ ਬਾਰੇ ਵਰਣਨ ਆਉਂਦਾ ਹੈ। ਟੱਕ, ਢੱਕ, ਮਲ੍ਹੀ, ਕੰਗ, ਵਿਰਕ, ਪਰਮਾਰ, ਮਾਨ, ਬੈਂਸ ਆਦਿ ਜੱਟਾਂ ਦੇ ਪੁਰਾਣੇ ਕਬੀਲੇ ਹਨ। ਕਈ ਜੱਟ ਰਾਜੇ ਵੀ ਸਨ। ਸੱਤਵੀਂ ਸਦੀ ਮਗਰੋਂ ਪੰਡਿਤਾਂ ਨੇ ਹਿੰਦੂ ਧਰਮ ਦੀ ਰੱਖਿਆ ਲਈ ਕਈ ਜੱਟ ਕਬੀਲਿਆਂ ਨੂੰ ਕਸ਼ਤਰੀਆਂ ਤੇ ਰਾਜਪੂਤਾਂ ਵਿੱਚ ਆਪਣੀਆਂ ਬ੍ਰਾਹਮਣੀ ਰਸਮਾਂ ਰਾਹੀਂ ਪ੍ਰੀਵਰਤਿਤ ਕਰ ਦਿੱਤਾ ਸੀ। ਕਈ ਖੁੱਲ੍ਹੇ ਸੁਭਾਅ ਵਾਲੇ ਜੱਟ ਕਬੀਲੇ ਪੰਡਿਤਾਂ ਦੀ ਕੱਟੜਤਾ ਤੋਂ ਤੰਗ ਆਕੇ ਮੱਧ ਭਾਰਤ ਨੂੰ ਛੱਡ ਕੇ ਜਮਨਾ ਤੇ ਰਾਵੀ ਦਰਿਆਵਾਂ ਦੇ ਹਰੇ ਭਰੇ ਇਲਾਕਿਆਂ ਵਿੱਚ ਆ ਗਏ। ਅਸਲ ਵਿੱਚ ਪੱਛਮੀ ਉਤਰ ਪ੍ਰਦੇਸ਼, ਹਰਿਆਣਾ ਤੇ ਪੰਜਾਬ ਹੀ ਜੱਟ ਬਹੁਗਿਣਤੀ ਦੇ ਖੇਤਰ ਸਨ। ਸੱਤਵੀਂ ਸਦੀ ਤੋਂ ਪਹਿਲਾਂ ਰਾਜਪੂਤ ਸ਼ਬਦ ਦੀ ਵਰਤੋਂ ਨਹੀਂ ਹੁੰਦੀ ਸੀ। ਰਾਜਪੂਤ ਕਰੇਵੇ ਦੀ ਰਸਮ ਕਾਰਨ ਜੱਟਾਂ ਨੂੰ ਨੀਵਾਂ ਸਮਝਦੇ ਸਨ।

ਪੰਜਾਬ ਦੇ ਥਿੰਦ ਉਪਜਾਤੀ ਦੇ ਲੋਕ ਬਹੁਤ ਮਿਹਨਤੀ, ਸੰਜਮੀ ਤੇ ਸੂਝਵਾਨ ਹਨ। ਪਿੰਡ ਕੰਬੋਮਾਜਰੀ ਜਿਲ੍ਹਾ ਕੈਂਥਲ ਦੇ ਮਾਸਟਰ ਹਰਬੰਸ ਸਿੰਘ ਥਿੰਦ ਨੇ ‘ਕੰਬੋਜ਼ ਇਤਿਹਾਸ’ ਲਿਖਿਆ ਹੈ। ਕੰਬੋ ਮਾਜਰੀ ਦੇ ਸੁਖਾ ਸਿੰਘ ਕੰਬੋਜ਼ ਨੇ ਭਾਈ ਮਹਿਤਾਬ ਸਿੰਘ ਨਾਲ ਰਲਕੇ ਮੱਸੇ ਰੰਗੜ ਦਾ ਸਿਰ ਵਢਿਆ ਸੀ। ਮੱਸਾ ਰੰਗੜ ਸ੍ਰੀ ਦਰਬਾਰ ਸਾਹਿਬ ਅਮ੍ਰਿਤਸਰ ਦੀ ਹੰਕਾਰ ਵਿੱਚ ਆਕੇ ਬੇਅਦਬੀ ਕਰ ਰਿਹਾ ਸੀ।

ਪੰਜਾਬ ਵਿੱਚ ਥਿੰਦ ਗੋਤ ਦੇ ਜੱਟਾਂ ਦੀ ਗਿਣਤੀ ਬਹੁਤ ਘੱਟ ਹੈ। ਥਿੰਦ ਗੋਤ ਦੇ ਕੰਬੋਜ਼ ਬਹੁਤ ਹਨ। ਅਸਲ ਵਿੱਚ ਥਿੰਦ ਜੱਟਾਂ ਦਾ ਹੀ ਗੋਤ ਹੈ। ਕੰਬੋਜ਼ ਭਾਈਚਾਰੇ ਵਿੱਚ ਰਿਸ਼ਤੇਦਾਰੀਆਂ ਪਾਕੇ ਕੁਝ ਜੱਟਾਂ ਦੀ ਬੰਸ ਕੰਬੋਜ਼ ਬਰਾਦਰੀ ਵਿੱਚ ਰਲ ਗਈ।

ਅੱਜਕੱਲ੍ਹ ਡਾਕਟਰ ਕਰਨੈਲ ਸਿੰਘ ਥਿੰਦ ਪੰਜਾਬੀ ਲੋਕ ਵਿਰਸੇ ਬਾਰੇ ਮਹਾਨ ਖੋਜ ਪੁਸਤਕਾਂ ਲਿਖ ਰਹੇ ਹਨ। ਉਹ ਮਹਾਨ ਲੇਖਕ ਹਨ। ਜੱਟਾਂ, ਰਾਜਪੂਤਾਂ, ਖੱਤਰੀਆਂ ਸ਼੍ਰੇਣੀਆਂ, ਕੰਬੋਆਂ, ਪਿਛੜੀਆਂ ਸ਼੍ਰੇਣੀਆਂ ਤੇ ਦਲਿਤਾਂ ਦੇ ਕਈ ਗੋਤ ਸਾਂਝੇ ਹਨ। ਥਿੰਦ ਪੁਰਾਤਨ ਤੇ ਜਗਤ ਪ੍ਰਸਿੱਧ ਗੋਤ ਹੈ। ਸੰਤ ਵਿਸਾਖਾ ਸਿੰਘ ਅਨੁਸਾਰ 150 ਸਾਲ ਪੂਰਬ ਈਸਵੀਂ ਬਾਖਤਰ ਵਾਲਿਆਂ ਵਿਚੋਂ ਰਾਜਾ ਮਨਿੰਦਰ ਦੇ ਨਾਲ ਆਏ ਸ਼ੱਕ ਬੰਸੀ ਜੱਟ ਮਾਨ, ਭੁੱਲਰ, ਹੇਅਰ, ਥਿੰਦ, ਖਰਲ, ਸਿਆਲ, ਅੱਤਲੇ ਤੱਤਲੇ ਆਦਿ ਸਾਰੇ ਭਾਰਤ ਵਿੱਚ ਹੀ ਵਸ ਗਏ ਅਤੇ ਕਾਫ਼ੀ ਸਮੇਂ ਪਿਛੋਂ ਇਸ ਦੇਸ਼ ਦੇ ਚੌਧਰੀ ਬਣ ਗਏ। ਥਿੰਦ ਜੱਟਾਂ ਦਾ ਉਘਾ ਤੇ ਛੋਟਾ ਗੋਤ ਹੈ। ਥਿੰਦ ਕੰਬੋਜ਼ ਕਾਫ਼ੀ ਹਨ।

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com