ਸਵਾਗ – ਸਿਵਾਗ, ਸਿਆਗ ਤੇ ਸਮਾਘ ਇਕੋ ਗੋਤ ਹੈ। ਵਖ ਵਖ ਖੇਤਰਾਂ ਵਿਚ ਉਚਾਰਨ ਵਿਚ
ਫਰਕ ਪੈ ਗਿਆ ਹੈ। ਐੱਚ ਏ ਰੋਜ਼ ਆਪਣੀ ਪੁਸਤਕ ਵਿਚ ਸਵਾਗ ਨੂੰ ਖੋਖਰਾਂ ਦੀ ਇੱਕ ਸ਼ਾਖ ਮੰਨਦਾ
ਹੈ। ਇਹ ਛੋਟਾ ਜਿਹਾ ਫਿਰਕਾ ਪਹਿਲਾਂ ਮੀਆਂਵਾਲੀ ਖੇਤਰ ਵਿਚ ਰਹਿੰਦਾ ਸੀ। ਇਸ ਕਬੀਲੇ ਦਾ
ਇੱਕ ਮੁਖੀਆ ਸਾਗੋ, ਡੇਰਾ ਗਾਜ਼ੀਖਾਨ ਦੇ ਇਲਾਕੇ ਹਾਜੀਪੁਰ ਤੋਂ ਉਠ ਕੇ ਦਰਿਆ ਸਿੰਧ ਦੇ
ਪੂਰਬੀ ਖੇਤਰ ਵਿਚ ਵਸ ਗਿਆ। ਇਕ ਬਲੋਚੀ ਹਾਕਮ ਨੇ ਉਸ ਨੂੰ ਸ਼ੇਰ ਕਾਬੂ ਕਰਨ ਲਈ ਆਖਿਆ। ਸ਼ੇਰ
ਦੀਆ ਵਾਗਾਂ ਪਕੜਨ ਕਰਕੇ ਉਸਨੂੰ ਸਿੰਹ ਵਾਗ ਕਹਿਣ ਲਗ ਪਏ। ਸਿੰਹ ਵਾਗ ਸ਼ਬਦ ਹੌਲੀ
ਹੌਲੀ ਬਦਲਕੇ ਸਿਵਾਗ ਬਣ ਗਿਆ। ਇਹ ਇਕ ਮਿਥਿਹਾਸਕ ਘਟਨਾ ਹੈ। ਪਹਿਲਾਂ ਪਹਿਲ ਸਵਾਗ ਆਪਣੇ
ਸਿਰ ਦੇ ਵਾਲ ਨਹੀਂ ਕਟਦੇ ਸਨ। ਮੀਆਂ ਸਰੋਈ ਦੇ ਪ੍ਰਭਾਵ ਕਾਰਨ ਕੁਝ ਸਵਾਗ ਸ਼ੀਆ ਮੁਸਲਮਾਨ
ਬਣ ਗਏ ਤੇ ਮੀਆਂ ਅਖਵਾਉਣ ਲਗ ਪਏ ਸਨ।
ਕੁਝ, ਮੁਸਲਮਾਨਾਂ ਤੋਂ ਤੰਗ ਆ ਕੇ ਪੰਜਾਬ ਦੇ ਦਖਣੀ ਮਾਲਵੇ ਵਿਚ ਘੱਗਰ ਨਾਲੀ ਵਲ ਆ
ਗਏ। ਕੁਝ ਘੱਗਰ ਪਾਰ ਕਰਕੇ ਸਿਰਸਾ, ਹਿਸਾਰ, ਰੋਹਤਕ ਤੇ ਗੁੜਗਾਵਾਂ ਵਲ ਚਲੇ ਗਏ। ਕੁਝ
ਮੇਰਠ ਤੇ ਮੁਜ਼ੱਫਰ ਨਗਰ ਵਲ ਚਲੇ ਗਏ। ਬਹੁਤੇ ਬੀਕਾਨੇਰ ਖੇਤਰ ਵਿਚ ਆਬਾਦ ਹੋ ਗਏ।
ਬੀਕਾਨੇਰ ਵਿਚ ਸੂਹੀ ਖੇਤਰ ਵਿਚ ਸਿਵਾਗਾਂ ਦਾ ਪਰਜਾਤੰਤਰੀ ਰਾਜ ਸੀ। ਚੌਖਾ ਸਿਆਗ
ਇਨ੍ਹਾਂ ਦਾ ਰਾਜਾ ਸੀ। ਸਿਆਗ ਰਾਜਿਆ ਦੀ ਮੋਵਾੜ ਖੇਤਰ ਵਿਚ ਕੋਟ ਖੋਖਰ ਰਾਜਧਾਨੀ ਸੀ।
ਬੀਰਾਗਣਾ ਤੇ ਧੀਰਾਗਣਾ ਆਦਿ ਇਨ੍ਹਾਂ ਦੇ ਪ੍ਰਸਿਧ ਰਾਜ ਸਨ। ਹਰਿਆਣੇ ਵਿਚ ਚੌਟਾਲਾ,
ਸਿਆਗਾਂ ਦਾ ਪ੍ਰਸਿਧ ਪਿੰਡ ਹੈ। ਸਾਬਕ ਉੱਪ ਪ੍ਰਧਾਨ ਮੰਤਰੀ ਚੌਧਰੀ ਦੇਵੀ ਲਾਲ ਸਿਆਗ ਗੋਤ
ਦੇ ਜੱਟ ਹਨ। ਰਾਮ ਸਰੂਪ ਜੂਨ ਨੇ ਆਪਣੀ ਪੁਸਤਕ ਜਾਟ ਇਤਿਹਾਸ ਪੰਨਾ-74 ਉਤੇ
ਲਿਖਿਆ ਹੈ ਕਿ ਸਿਆਗ ਗਣਰਾਜ ਮਹਾਂਭਾਰਤ ਦੇ ਸਮੇਂ ਵੀ ਸੀ। ਕਰਨਲ ਜੇਮਜ਼ ਟਾਡ ਨੇ ਵੀ ਲਿਖਿਆ
ਹੈ ਕਿ ਈਸਾ ਤੋਂ ਹਜ਼ਾਰਾਂ ਸਾਲ ਪਹਿਲਾਂ ਹੇਅਰ, ਭੁਲਰ ਤੇ ਸਿਆਗ ਮੱਧ ਏਸ਼ੀਆ ਦੇ ਸਿਰ ਦਰਿਆ
ਦੇ ਨਜ਼ਦੀਕ ਹੀ ਆਬਾਦ ਸਨ। ਇਹ ਇਰਾਨ ਦੇ ਰਸਤੇ ਆਏ, ਪੰਜਾਬ ਦੇ ਮੀਆਵਾਲੀ ਖੇਤਰ ਵਿਚ ਆਬਾਦ
ਹੋਏ ਸਨ। ਹਰਿਆਣੇ ਵਿਚ ਮਾਨ, ਸਿਹਾਗ, ਦਲਾਲ, ਦੇਸਵਾਲ ਗੋਤਰਾ ਦੇ ਜੱਟ ਇਕੋ ਭਾਈਚਾਰਾ ਸਮਝ
ਕੇ ਆਪਸ ਵਿਚ ਰਿਸ਼ਤੇ ਨਹੀਂ ਕਰਦੇ। ਇਹ ਸਹੀ ਨਹੀਂ ਇਹ ਇਕੋ ਭਾਈਚਾਰੇ ਵਿਚ ਨਹੀਂ ਹਨ।
ਬੀਕਾਨੇਰ ਤੇ ਮਾਨਸਾ ਦੇ ਖੇਤਰਾਂ ਵਿਚ ਸਵਾਗ ਜੱਟ ਕਾਫੀ ਵਸਦੇ ਹਨ। ਸਾਧੂ ਸਦਾ ਰਾਮ, ਜਿਸ
ਨੇ ਪੰਜਾਬੀ ਦੇ ਪ੍ਰਸਿਧ ਕਿੱਸੇ ਸੋਹਣੀ ਮਹੀਂਵਾਲ ਤੇ ਸੱਸੀ ਪੁੰਨੂ ਆਦਿ ਲਿਖੇ ਹਨ, ਸਵਾਗ
ਜੱਟ ਸਨ। ਸਵਾਗ ਹਿੰਦੂ ਜਾਟ ਤੇ ਜੱਟ ਸਿੱਖ ਵੀ ਹਨ। ਪੰਜਾਬ ਵਿਚ ਸਵਾਗ ਜੱਟਾਂ ਦੀ ਗਿਣਤੀ
ਬਹੁਤ ਹੀ ਘਟ ਹੈ। ਹਰਿਆਣੇ ਵਿਚ ਇਹ ਉਘਾ ਗੋਤ ਹੈ।
|