ਸੋਹਲ – ਇਹ ਪੰਵਾਰ ਰਾਜਪੂਤਾਂ ਵਿਚੋਂ ਹਨ। ਇਹ ਜਗਦੇਉ ਪੰਵਾਰ ਨੂੰ ਆਪਣਾ ਵਡੇਰਾ
ਮੰਨਦੇ ਹਨ। ਜਗਦੇਉ ਬੰਸੀ ਮਹਾਜ਼ ਦੇ ਪੰਜ ਪੁਤਰ ਸੋਹਲ, ਦੇਵਲ, ਦਿਉ, ਔਲ਼ਖ ਤੇ ਕੋਮ ਸਨ।
ਸੋਹਲ ਦੇ ਨਾਮ ਤੇ ਇਸ ਦੀ ਬੰਸ ਦੇ ਲੋਕਾਂ ਦਾ ਨਾਮ ਸੋਹਲ ਪੈ ਗਿਆ। ਇਨ੍ਹਾਂ ਦਾ ਮੁੱਢ
ਲੁਧਿਆਣਾ ਜ਼ਿਲ੍ਹਾ ਹੀ ਹੈ। ਜਗਦੇਉ, ਜਰਗ ਵਿਚ ਆਪਣਾ ਕਿਲ੍ਹਾ ਬਣਾਕੇ ਰਹਿੰਦਾ ਸੀ। ਉਹ
ਮਹਾਂਬਲੀ ਤੇ ਮਹਾਨ ਸਿੱਧ ਸੀ। ਉਸ ਦੀ ਬੰਸ ਦੇ ਸਾਰੇ ਲੋਕ ਜਰਗ ਦੇ ਖੇਤਰ ਵਿਚ ਹੀ ਰਹਿੰਦੇ
ਸਨ। ਅਰੰਭ ਵਿਚ ਸੋਹਲ ਲੁਧਿਆਣਾ ਤੇ ਫਿਰੋਜ਼ਪੁਰ ਦੇ ਪਿੰਡਾਂ ਵਿਚ ਦਰਿਆ ਸਤਲੁਜ ਦੇ ਖੇਤਰਾਂ
ਵਿਚ ਆਬਾਦ ਹੋਏ ਸਨ। ਫਿਰ ਕੁਝ ਸੋਹਲ ਜਲੰਧਰ, ਹੁਸ਼ਿਆਰਪੁਰ ਤੇ ਅੰਬਾਲਾ ਵਲ ਚਲੇ ਗਏ। ਮਾਝੇ
ਵਿਚ ਵੀ ਸੋਹਲ ਗੋਤ ਦੇ ਜੱਟ ਕਾਫੀ ਹਨ। ਸੋਹਲ ਕਬੀਲੇ ਦੇ ਕੁਝ ਲੋਕ ਮਾਝੇ ਤੋਂ ਅੱਗੇ
ਸਿਆਲਕੋਟ, ਗੁਜਰਾਂਵਾਲਾ, ਮੁਲਤਾਨ ਤੇ ਸਿੰਧ ਤਕ ਵੀ ਚਲੇ ਗਏ ਸਨ।
ਪੰਜਾਬ ਵਿਚ ਸੋਹਲ ਨਾਮ ਦੇ ਕਈ ਪਿੰਡ ਹਨ। ਬਠਿੰਡਾ, ਪਟਿਆਲਾ, ਨਾਭਾ ਤੇ ਕਪੂਰਥਲਾ ਦੇ
ਰਿਆਸਤੀ ਇਲਾਕੇ ਵਿਚ ਹੀ ਸੋਹਲ ਭਾਈਚਾਰੇ ਦੇ ਲੋਕ ਕਈ ਪਿੰਡਾਂ ਵਿਚ ਵਸਦੇ ਹਨ। ਦਲਿਤ
ਜਾਤੀਆਂ ਵਿਚ ਵੀ ਸੋਹਲ ਗੋਤ ਦੇ ਲੋਕ ਕਾਫੀ ਹਨ। ਗਊ ਮਰ ਜਾਣ ਨਾਲ ਜਾਂ ਕਿਸੇ ਦਲਿਤ ਇਸਤਰੀ
ਨਾਲ ਵਿਆਹ ਕਰਾਉਣ ਨਾਲ ਉੱਚ ਜਾਤੀ ਵਾਲੇ ਦਲਿਤ ਜਾਤੀ ਵਿਚ ਰਲ ਮਿਲ ਜਾਂਦੇ ਸਨ। ਜਾਤੀ
ਜ਼ਰੂਰ ਬਦਲ ਜਾਂਦੀ ਸੀ ਪਰ ਗੋਤ ਨਹੀਂ ਬਦਲਦਾ ਸੀ। 800 ਤੋਂ 1200 ਈਸਵੀ ਦੇ ਵਿਚਕਾਰ ਵੀ
ਅਨੇਕ ਜਾਤੀਆਂ ਤੇ ਉੱਪਜਾਤੀਆਂ ਦਾ ਨਿਰਮਾਣ ਹੋਇਆ। ਕਈ ਜਾਤੀਆਂ ਤੇ ਉੱਪਜਾਤੀਆਂ ਦਾ
ਨਿਰਮਾਣ ਨਵੇਂ ਪੇਸ਼ੇ ਅਪਣਾਉਣ ਨਾਲ ਹੋਇਆ ਜਿਵੇਂ ਤ੍ਰਖਾਣ, ਨਾਈ, ਛੀਂਬੇ ਆਦਿ। ਸੋਹਲ ਗੋਤ
ਦੇ ਲੋਕ ਤਰਖਾਣ ਵੀ ਹੁੰਦੇ ਹਨ। ਇਬਟਸਨ ਸੋਹਲ ਜੱਟਾਂ ਨੂੰ ਚੋਹਾਣ ਬੰਸ ਵਿਚੋਂ ਮੰਨਦਾ ਹੈ।
ਇਸਦੇ ਵੇਡੇਰ ਦਾ ਨਾਮ ਮਹਾਗ ਲਿਖਦਾ ਹੈ। ਇਹ ਸਹੀ ਨਹੀਂ ਲਗਦਾ। ਸੋਹਲ ਜੱਟ ਸੇਖੋਂ
ਜਟਾਂ ਨੂੰ ਵੀ ਆਪਣੇ ਭਾਈਚਾਰੇ ਵਿਚੋਂ ਮੰਨਦੇ ਹਨ। ਸੇਖੋਂ, ਪੰਵਾਰ ਰਾਜਪੂਤਾਂ ਵਿਚੋਂ ਹਨ।
ਪੰਜਾਬ ਵਿਚ ਸੋਹਲ ਜੱਟਾਂ ਦੀ ਗਿਣਤੀ ਬਹੁਤ ਘੱਟ ਹੈ। ਸਾਂਝੇ ਪੰਜਾਬ ਵਿਚ ਕਾਫੀ ਸੋਹਲ ਗੋਤ
ਦੇ ਜੱਟ ਮੁਸਲਮਾਨ ਬਣ ਗਏ ਸਨ। ਪੰਜਾਬ ਤੇ ਸਿੰਧ ਵਿਚ ਸੋਹਲ ਭਾਈਚਾਰੇ ਦੇ ਲੋਕ ਕਾਫੀ ਹਨ।
ਸਾਂਦਲ ਬਾਰ ਵਿਚ ਸੋਹਲ ਪਿੰਡ, ਸੋਹਲ ਗੋਤ ਦਾ ਬਹੁਤ ਹੀ ਉੱਘਾ ਪਿੰਡ ਸੀ।
|