ਸਿੱਵੀਆ: ਇਸ ਗੋਤ ਦਾ ਮੋਢੀ ਸਿਵੀ ਸੀ। ਉਸ ਦਾ ਪਿਤਾ ਉਸ਼ੀਨਰ ਸੀ। ਇਸ ਗੋਤ ਦੇ
ਲੋਕ ਸਿੱਥੀਅਨ ਜੱਟਾਂ ਵਿਚੋਂ ਹਨ। ਇਹ ਪੰਜਾਬ ਵਿੱਚ ਈਸਵੀ ਸਦੀ ਤੋਂ 800 ਸਾਲ ਪਹਿਲਾਂ ਆਏ
ਹਨ। ਇਹ ਪਸ਼ੂ ਪਾਲਕ ਤੇ ਲੜਾਕੇ ਵੀ ਸਨ। ਮਹਾਭਾਰਤ ਵਿੱਚ ਵੀ ਇੱਕ ਸਿਬੀ ਰਾਸ਼ਟਰ ਬਾਰੇ
ਵਰਣਨ ਕੀਤਾ ਗਿਆ ਹੈ। 326 ਪੂਰਬ ਈਸਵੀ ਸਿਕੰਦਰ ਦੇ ਸਮੇਂ ਵੀ ਪੰਜਾਬ ਵਿੱਚ ਮਲੀ, ਸੰਘੇ,
ਕੰਗ, ਦਾਹੇ, ਬਿਰਕ ਤੇ ਸਿਬੀਏ ਆਦਿ 100 ਜੱਟ ਕਬੀਲੇ ਪੰਜਾਬ ਵਿੱਚ ਸਨ। ਸਭ ਨੇ ਰਲਕੇ
ਮਹਾਨ ਸਿਕੰਦਰ ਦਾ ਟਾਕਰਾ ਕੀਤਾ ਸੀ। ਜੱਟ ਨਿੱਡਰ ਤੇ ਦਲੇਰ ਸਨ। ਆਰੰਭ ਵਿੱਚ ਸਿਬੀਆਂ
ਭਾਈਚਾਰਾ ਦਰਿਆ ਚਨਾਬ ਅਤੇ ਰਾਵੀ ਦੇ ਵਿਚਕਾਰ ਦੇ ਖੇਤਰ ਵਿੱਚ ਆਬਾਦ ਹੋਇਆ। ਇਨ੍ਹਾਂ ਨੇ
ਸਿਬੀਪੁਰਾ ਨਵਾਂ ਨਗਰ ਆਬਾਦ ਕੀਤਾ। ਇਸ ਨਗਰ ਨੂੰ ਹੁਣ ਸ਼ਾਹਕੋਟ ਕਿਹਾ ਜਾਂਦਾ ਹੈ। ਕਾਫ਼ੀ
ਸਮੇਂ ਮਗਰੋਂ ਬਦੇਸ਼ੀ ਹਮਲਾਵਰਾਂ ਤੋਂ ਤੰਗ ਆ ਕੇ ਇਹ ਲੋਕ ਪੰਜਾਬ ਛੱਡ ਕੇ ਰਾਜਸਥਾਨ ਵੱਲ
ਚਲੇ ਗਏ। ਕੁਝ ਦੱਖਣ ਵੱਲ ਕਾਵੇਰੀ ਦਰਿਆ ਦੇ ਨਾਲ ਨਾਲ ਅੱਗੇ ਚਲੇ ਗਏ। ਰਾਜਸਥਾਨ ਵਿੱਚ
ਇਨ੍ਹਾਂ ਨੇ ਚਿਤੌੜ ਦੇ ਇਲਾਕੇ ਵਿੱਚ ਆਪਣਾ ਰਾਜ ਕਾਇਮ ਕਰ ਲਿਆ। ਮੱਛਮਿਕ ਨਗਰੀ ਇਨ੍ਹਾਂ
ਦੀ ਰਾਜਧਾਨੀ ਸੀ। ਮੁਸਲਮਾਨਾਂ ਦੇ ਹਮਲਿਆਂ ਤੋਂ ਤੰਗ ਆ ਕੇ ਇਹ ਲੋਕ ਫਿਰ 12ਵੀਂ ਸਦੀ ਦੇ
ਲਗਭਗ ਪੰਜਾਬ ਦੇ ਮਾਲਵਾ ਖੇਤਰ ਚਲੇ ਗਏ। ਪੰਜਾਬ ਵਿੱਚ ਸਿਵੀਆਂ ਨਾਮ ਦੇ ਕਈ ਪਿੰਡ ਹਨ।
ਪਿੰਡ ਰਾਮਗੜ੍ਹ ਸਿੱਬੀਆਂ ਵਿੱਚ ਇਸ ਗੋਤ ਦੇ ਵਡੇਰੇ ਦੀ ਨੌਰਾਤਿਆਂ ਸਮੇਂ ਪੂਜਾ ਕੀਤੀ
ਜਾਂਦੀ ਹੈ।
ਕੁਝ ਸਿੱਬੀਏ ਫਰੀਦਕੋਟ ਤੋਂ ਅੱਗੇ ਮੋਗੇ, ਲੁਧਿਆਣੇ ਤੇ ਅੰਮ੍ਰਿਤਸਰ ਦੇ ਇਲਾਕਿਆਂ
ਵਿੱਚ ਵੀ ਚਲੇ ਗਏ। ਮੋਗੇ ਵਿੱਚ ਫਤਿਹਗੜ੍ਹ ਸੀਵੀਆਂ ਅਤੇ ਅੰਮ੍ਰਿਤਸਰ ਵਿੱਚ ਬੁੱਟਰ
ਸਿੱਵੀਆਂ ਇਸ ਗੋਤ ਦੇ ਪ੍ਰਸਿੱਧ ਪਿੰਡ ਹਨ। ਲੁਧਿਆਣੇ ਜਿਲ੍ਹੇ ਵਿੱਚ ਰਾਏਕੋਟ ਦੇ ਇਲਾਕੇ
ਵਿੱਚ ਵੀ ਇੱਕ ਸਿੱਵੀਆਂ ਪਿੰਡ ਹੈ। ਬਠਿੰਡੇ ਦੇ ਨਜ਼ਦੀਕ ਵੀ ਇੱਕ ਸਿਵੀਆਂ ਪਿੰਡ ਹੈ।
ਸੰਗਰੂਰ ਤੋਂ ਤਿੰਨ ਕਿਲੋਮੀਟਰ ਤੇ ਪਿੰਡ ਰਾਮ ਨਗਰ ਸਿਵੀਆ ਵੀ ਸਿੱਬੀਆਂ ਗੋਤ ਦਾ ਉਘਾ
ਪਿੰਡ ਹੈ। ਫਰੀਦਕੋਟ ਦੇ ਪਾਸ ਵੀ ਇੱਕ ਸਿਵੀਆ ਪਿੰਡ ਹੈ। ਮੁਕਤਸਰ ਦੇ ਇਲਾਕੇ, ਨੰਦਗੜ੍ਹ
ਵੀ ਸਿਵੀਏ ਗੋਤ ਦਾ ਕਾਫ਼ੀ ਪ੍ਰਸਿੱਧ ਪਿੰਡ ਹੈ।
ਸਿੱਬੀਆ ਬੇਸ਼ੱਕ ਇੱਕ ਪੁਰਾਣਾ ਗੋਤ ਹੈ ਪਰ ਪੰਜਾਬ ਵਿੱਚ ਸਿੱਬੀਏ ਜੱਟਾਂ ਦੀ ਗਿਣਤੀ
ਬਹੁਤ ਹੀ ਘੱਟ ਹੈ। ਇਸ ਗੋਤ ਬਾਰੇ ਇੱਕ ਪੁਰਾਣੀ ਦੰਦ ਕਥਾ ਵੀ ਪ੍ਰਚਲਿਤ ਹੈ ਕਿ ਇੱਕ ਵਾਰੀ
ਇੱਕ ਵਿਆਹੀ ਹੋਈ ਔਰਤ ਨੂੰ ਜਨੇਪੇ ਦੀਆਂ ਪੀੜ੍ਹਾਂ ਸਮੇਂ ਮਰੀ ਸਮਝਕੇ ਕੁਝ ਲੋਕ ਉਸ ਨੂੰ
ਸਿਵਿਆਂ ਵਿੱਚ ਲੈ ਗਏ। ਜਦੋਂ ਉਸ ਇਸਤਰੀ ਨੂੰ ਸਿਵਿਆਂ ਵਿੱਚ ਜਾ ਕੇ ਰੱਖਿਆ ਹੀ ਸੀ ਤਾਂ
ਉਸ ਸਮੇਂ ਉਸ ਦੇ ਇੱਕ ਪੁੱਤਰ ਪੈਦਾ ਹੋਇਆ। ਸਿਵਿਆਂ ਵਿੱਚ ਜੰਮਿਆਂ ਹੋਣ ਕਾਰਨ ਉਸ ਦਾ ਨਾਮ
ਸਿਵੀਆ ਰੱਖ ਦਿੱਤਾ। ਇਸ ਦੀ ਬੰਸ ਦੇ ਲੋਕਾਂ ਨੂੰ ਅੱਗੇ ਤੋਂ ਦੁਨੀਆਂ ਸਿੱਵੀਆਂ ਕਹਿਣ ਲੱਗ
ਪਈ।
ਮਿਥਿਆਸ ਇੱਕ ਮਿੱਥੀ ਹੋਈ ਲੋਕ ਕਹਾਣੀ ਹੁੰਦੀ ਹੈ। ਪੰਜਾਬ ਵਿੱਚ ਸਿਵੀਆ ਗੋਤ ਦੇ
ਬਹੁਤੇ ਜੱਟ ਮਾਲਵੇ ਵਿੱਚ ਹੀ ਹਨ। ਮਾਝੇ ਵਿੱਚ ਬਹੁਤ ਘੱਟ ਹਨ। ਸਿੱਬੀਏ ਰਾਜਪੂਤ ਵੀ
ਹੁੰਦੇ ਹਨ ਅਤੇ ਜੱਟ ਵੀ ਹੁੰਦੇ ਹਨ। ਇਨ੍ਹਾਂ ਦੇ ਰਾਜ ਦੇ ਸਿੱਕੇ ਵੀ ਮਿਲੇ ਹਨ। ਬਲਵੰਤ
ਸਿੰਘ ਹਿਸਟੋਰੀਅਨ ਸਿਵੀਆਂ ਨੂੰ ਰਾਓ ਜੂੰਧਰ ਦੇ ਬੇਟੇ ਸ਼ਿਵ ਭੱਟੀ ਦੀ ਬੰਸ ਵਿਚੋਂ ਦੱਸਦਾ
ਹੈ। ਜਦੋਂ ਬੀਕਾਨੇਰ ਦੇ ਖੇਤਰ ਤੇ ਗਠੌਰਾਂ ਦਾ ਰਾਜ ਹੋ ਗਿਆ ਤਾਂ ਭੱਟੀ ਭਾਈਚਾਰੇ ਦੇ
ਕਾਫ਼ੀ ਲੋਕ ਬੀਕਾਨੇਰ ਇਲਾਕੇ ਛੱਡ ਕੇ ਪੰਜਾਬ ਦੇ ਮਾਲਵਾ ਖੇਤਰ ਵਿੱਚ ਆ ਗਏ। ਪੰਜਾਬ
ਕ੍ਰਿਸਾਨ ਕਬੀਲਿਆਂ ਦਾ ਘਰ ਸੀ। ਭੱਟੀ ਪੰਜਾਬ ਵਿੱਚ ਆਉਂਦੇ ਤੇ ਜਾਂਦੇ ਰਹਿੰਦੇ ਸਨ।
ਸਿਵੀਏ ਵੀ ਇਸ ਭਾਈਚਾਰੇ ਵਿਚੋਂ ਸਨ। ਭੱਟੀ ਵੀ ਖਾੜਕੂ ਕਬੀਲਾ ਸੀ। |