ਛੀਨੇ – ਇਹ ਯਦੂ ਬੰਸੀ ਰਾਜੇ ਸਲਵਾਨ ਦੇ ਪੁੱਤਰ ਛੀਨੇ ਦੀ ਅੰਸ਼ ਹਨ। ਸੰਨ 520
ਈਸਵੀ ਵਿਚ ਰਾਜਾ ਸਲਵਾਨ ਆਪਣੇ ਸੋਲਾਂ ਪੁਤਰਾਂ ਸਮੇਤ ਗਜ਼ਨੀ ਛਡ ਕੇ ਸਿਆਲਕੋਟ ਆਇਆ। ਇਸ ਦੇ
ਪੁੱਤਰ ਅੱਡੇ ਅੱਡ ਖੇਤਰਾਂ ਵਿਚ ਆਪਣੇ ਕਬਜ਼ੇ ਕਰਕੇ ਬੈਠ ਗਏ। ਛੀਨਾ ਰਾਉ ਨੇ ਬਿਆਸ ਤੇ
ਰਾਵੀ ਦਾ ਵਿਚਕਾਰਲਾ ਦੁਆਬਾ ਮਲਿਆ। ਛੀਨੇ ਦੀ ਸੰਤਾਨ ਕੁਝ ਮਾਝੇ ਤੇ ਕੁਝ ਮਾਲਵੇ ਵਿਚ ਆਕੇ
ਆਬਾਦ ਹੋ ਗਈ। ਲੁਧਿਆਣੇ ਦੇ ਛੀਨੇ, ਸਰਾਵਾਂ ਨੂੰ ਆਪਣੀ
ਬਰਾਦਰੀ ਵਿਚੋਂ ਹੀ ਸਮਝਦੇ ਹਨ। ਇਸ ਕਾਰਨ ਇਹ ਯਦੂ ਬੰਸੀ ਹਨ, ਚੌਹਾਨ ਨਹੀਂ ਹਨ।
ਸਰ ਇਬਸਟਸਨ ਇਨ੍ਹਾਂ ਨੂੰ ਚੌਹਾਨਾਂ ਵਿਚੋਂ ਮੰਨਦਾ ਹੈ। ਇਹ ਸਹੀ ਨਹੀਂ ਲਗਦਾ।
ਬਿੱਕਰਮਾਦਿੱਤ ਤੋਂ ਇਕ ਹਜ਼ਾਰ ਬਰਸ ਪਹਿਲਾਂ ਸ਼ਲਯ ਰਾਜੇ ਨੇ ਪਹਿਲੀ ਵਾਰ ਸਿਆਲਕੋਟ ਨਗਰ
ਵਸਾਇਆ ਸੀ। ਇਸ ਰਾਜੇ ਨੇ ਮਹਾਂਭਾਰਤ ਦੇ ਯੁੱਧ ਵਿਚ ਵੀ ਹਿੱਸਾ ਲਿਆ ਸੀ। ਉਸ ਸਮੇਂ ਵੀ ਇਸ
ਖੇਤਰ ਵਿਚ ਸੰਧੂ, ਕੰਗ, ਮਲ੍ਹੀ ਤੇ ਪਰਮਾਰ ਆਦਿ ਜੱਟ ਕਬੀਲੇ ਰਹਿੰਦੇ ਸਨ। ਭਾਰਤ ਦੇ
ਇਤਿਹਾਸ ਵਿਚ ਤਿੰਨ ਸਲਵਾਨ ਰਾਜੇ ਬਹੁਤ ਪ੍ਰਸਿਧ ਹੋਏ ਸਨ। ਇਹ ਪਰਮਾਰ, ਸ਼ੁੱਕ ਤੇ
ਭੱਟੀ ਸਨ। ਭੱਟੀ ਸਭ ਤੋਂ ਮਗਰੋਂ ਇਸ ਇਲਾਕੇ ਵਿਚ ਆਏ ਹਨ। ਬਹੁਤੇ ਜੱਟ ਗੋਤ
ਪਰਮਾਰਾਂ, ਚੌਹਾਨਾਂ, ਭਟੀਆਂ ਤੇ ਤੁਰਾਂ ਆਦਿ ਵਿਚੋਂ ਹਨ। ਖੱਤਰੀਆਂ ਵਿਚੋਂ ਘੱਟ ਹਨ।
ਸਿਆਲਕੋਟ ਵਿਚ ਛੀਨੇ ਗੋਤ ਦਾ ਉੱਘਾ ਤੇ ਪੁਰਾਣਾ ਪਿੰਡ ਜਾਮਕੀ ਸੀ। ਛੀਨੇ
ਭਾਈਚਾਰੇ ਦੇ ਲੋਕ ਮੁਲਤਾਨ ਤੋਂ ਅੱਗੇ ਡੇਰਾ ਗਾਜ਼ੀ ਖਾਨ ਤੱਕ ਚਲੇ ਗਏ ਸਨ। ਕੁਝ ਪਾਕਿਪਟਨ
ਦੇ ਖੇਤਰ ਵਿਚ ਆਬਾਦ ਹੋ ਗਏ ਜਿੱਥੇ ਇਨ੍ਹਾਂ ਦੇ ਤਿੰਨ ਘਰਾਨੇ; ਤਾਰੇਕੇ,
ਮਹਿਰਮਕੇ ਤੇ ਖਾਨੇ ਕੇ ਬਹੁਤ ਪ੍ਰਸਿਧ ਹਨ। ਇਹ ਸਭ ਮਕੁਸਲਮਾਨ ਹੋ ਗਏ ਸਨ।
ਛੀਨਿਆਂ ਦੀ ਬਹੁਤੀ ਵਸੋਂ ਗੁਜਰਾਂਵਾਲਾ ਤੇ ਡੇਰਾ ਇਲਮਾਇਲ ਖਾਂ ਦੇ ਖੇਤਰ ਵਿਚ ਸੀ। ਪੱਛਮੀ
ਪੰਜਾਬ ਵਿਚ ਬਹੁਤੇ ਛੀਨੇ ਮੁਸਲਮਾਨ ਸਨ। ਸਿੱਖ ਬਹੁਤ ਘੱਟ ਸਨ।
ਮਾਝੇ ਦੇ ਇਲਾਕੇ ਅੰਮ੍ਰਿਤਸਰ ਵਿਚ ਛੀਨੇ ਕਾਫੀ ਆਬਾਦ ਸਨ। ਮੁਸਲਮਾਨ ਹਮਲਾਵਰਾਂ ਦੇ
ਸਮੇਂ ਵੀ ਜੱਟ ਕਬੀਲੇ ਇਕ ਥਾਂ ਤੋਂ ਉਠ ਕੇ ਕਿਸੇ ਹੋਰ ਇਲਾਕੇ ਵਿਚ ਚਲੇ ਜਾਂਦੇ ਸਨ।
ਅੰਮ੍ਰਿਤਸਰ ਜ਼ਿਲੇ ਵਿਚ ਛੀਨਾ ਤੇ ਸੁਰ ਸਿੰਘ ਛੀਨੇ ਜੱਟਾਂ ਦੇ ਉਘੇ ਪਿੰਡ
ਸਨ। ਅੰਮ੍ਰਿਤਸਰ ਦੇ ਖੇਤਰ ਵਿਚ ਬਹੁਤੇ ਛੀਨੇ ਸਿੱਖ ਸਨ। ਕਹਾਵਤ ਸੀ: ''ਬਿਧੀ ਚੰਦ
ਛੀਨਾ, ਗੁਰੂ ਸਾਹਿਬ ਦਾ ਸੀਨਾ''। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਸੇਵਕ ਸਿੰਘ ਭਾਈ
ਬਿਧੀਚੰਦ ਵੀ ਸਿੱਖ ਬਣਨ ਤੋਂ ਪਹਿਲੋਂ ਹੋਰ ਛੀਨੇ ਜੱਟਾਂ ਵਾਂਗ ਚੋਰੀਆਂ ਕਰਦਾ ਤੇ ਧਾੜੇ
ਮਾਰਦਾ ਸੀ। ਇਹ ਸੁਰ ਸਿੰਘ ਪਿੰਡ ਦੇ ਚੌਧਰੀ ਭਿੱਖੀ ਦਾ ਪੋਤਰਾ ਤੇ ਵਸਣ ਦਾ ਪੁਤਰ ਸੀ।
ਛੇਵੇਂ ਗੁਰੂ ਦੇ ਖੋਏ ਹੋਏ ਘੋੜੇ ਇਹ ਲਾਹੌਰ ਚੋਰੀ ਕਰਕੇ ਮੁਗਲ ਹਾਕਮ ਨੂੰ ਧੋਖਾ ਦੇ ਕੇ
ਗੁਰੂ ਸਾਹਿਬ ਪਾਸ ਹੀ ਵਾਪਸ ਲੈ ਆਇਆ ਸੀ। ਛੀਨੇ ਜੱਟ ਮੀਆਂ ਵਾਲੀ ਤੇ ਬਹਾਵਲਪੁਰ ਰਿਆਸਤ
ਵਿੱਚ ਵੀ ਰਹਿੰਦੇ ਸਨ। ਛੀਨੇ ਦੀ ਅਠਾਰਵੀਂ ਪੀੜੀ ਵਿਚੋਂ ਪੇਰੂ ਛੀਨੇ ਨੇ ਆਪਣੇ ਭਾਈਚਾਰੇ
ਸਮੇਤ ਪਾਕਿਪਟਨ ਦੇ ਬਾਬਾ ਫਰੀਦ ਦੇ ਪ੍ਰਭਾਵ ਕਾਰਨ ਇਸਲਾਮ ਧਾਰਨ ਕਰ ਲਿਆ ਸੀ। ਬਾਬੇ ਫਰੀਦ
ਦਾ ਆਪਣੇ ਇਲਾਕੇ ਵਿਚ ਬਹੁਤ ਪ੍ਰਭਾਵ ਸੀ। ਇਸ ਦੇ ਪ੍ਰਭਾਵ ਹੇਠ ਆਕੇ ਇਸ ਇਲਾਕੇ ਵਿਚ ਕਈ
ਜੱਟ ਕਬੀਲੇ ਮੁਸਲਮਾਨ ਬਣ ਗਏ ਸਨ। ਪ੍ਰਸਿਧ ਚੀਨੀ ਯਾਤਰੀ ਹਿਯੂਨ ਸਾਂਗ ਦੇ ਭਾਰਤ
ਆਉਣ ਸਮੇਂ ਪੂਰਬੀ ਪੰਜਾਬ ਵਿਚ ਵੀ ਕਾਫੀ ਛੀਨੇ ਜੱਟ ਆ ਚੁਕੇ ਸਨ। ਪੱਛਮੀ ਪੰਜਾਬ ਦੇ ਛੀਨੇ
ਜੱਟ ਸਿੱਖ, 1947 ਈਸਵੀ ਦੀ ਵੰਡ ਮਗਰੋਂ ਗੁਰਦਾਸਪੁਰ, ਫਿਰੋਜ਼ਪੁਰ, ਸੰਗਰੂਰ, ਹੁਸ਼ਿਆਰਪੁਰ
ਤੇ ਜਲੰਧਰ ਖੇਤਰਾਂ ਵਿਚ ਮੁਸਲਮਾਨਾਂ ਦੇ ਉਜੜੇ ਪਿੰਡਾਂ ਤੇ ਘਰਾਂ ਵਿਚ ਆਕੇ ਆਬਾਦ ਹੋ ਗਏ
ਹਨ। ਕੁਝ ਛੀਨੇ ਹਰਿਆਣੇ ਵਿਚ ਵੀ ਜਾਕੇ ਵਸੇ ਹਨ। ਛੀਨੇ ਸਿੱਖ ਘਟ ਹਨ, ਮੁਸਲਮਾਨ ਜ਼ਿਆਦਾ
ਸਨ।
1881 ਦੀ ਜਨਸੰਖਿਆ ਅਨੁਸਾਰ ਪੂਰਬੀ ਤੇ ਪੱਛਮੀ ਪੰਜਾਬ ਵਿਚ ਛੀਨੇ ਜੱਟਾਂ ਦੀ ਗਿਣਤੀ
ਕੇਵਲ 10,196 ਸੀ। ਮਾਲਵੇ ਵਿਚ ਹੁਣ ਵੀ ਇਨ੍ਹਾਂ ਦੀ ਗਿਣਤੀ ਬਹੁਤ ਹੀ ਘੱਟ ਹੈ। ਛੀਨਾ ਵੀ
ਜੱਟਾਂ ਦਾ ਪੁਰਾਣਾ ਗੋਤ ਹੈ। ਇਸ ਦਾ ਮਹਾਂਭਾਰਤ ਵਿਚ ਵਰਣਨ ਕੀਤਾ ਗਿਆ ਹੈ।
ਛੀਨਾ ਗੋਤ ਪੱਛੜੀਆਂ ਸ਼੍ਰੇਣੀ ਵਿਚ ਵੀ ਹੈ। ਪਠਾਣ ਤੇ ਬਲੋਚ ਡੇਰਾ ਗਾਜ਼ੀ ਖਾ ਦੇ ਜੱਟਾਂ
ਨੂੰ ਆਪਣੇ ਤੋਂ ਘਟੀਆ ਸਮਝਦੇ ਸਨ। ਇਸ ਦਾ ਕਾਰਨ ਪੁਰਾਣੀਆ ਦੁਸ਼ਮਣੀਆਂ ਸਨ। ਰਾਵੀ ਖੇਤਰ ਦੇ
ਬਹੁਤੇ ਜੱਟ ਬਾਬਾ ਫਰੀਦ ਦੇ ਸਮੇਂ ਮੁਸਲਮਾਨ ਬਣੇ ਸਨ। ਛੀਨੇ ਮਿਹਨਤੀ ਤੇ ਖਾੜਕੂ ਜੱਟ ਹਨ।
ਬਹੁਤੇ ਪਠਾਨ ਤੇ ਬਲੋਚ ਜੱਟਾਂ ਵਿਚੋਂ ਹੀ ਹਨ। ਇਹ ਆਪਣਾ ਪਿਛੋਕੜ ਭੁਲ ਗਏ ਹਨ। ਕੁਝ
ਡੋਗਰੇ, ਮਰਹਟੇ ਵੀ ਜੱਟਾਂ ਵਿਚੋਂ ਹਨ।
|