ਸੰਘਾ : ਇਹ ਪੰਜਾਬ ਦੇ ਜੱਟਾਂ ਦਾ ਇੱਕ ਪੁਰਾਣਾ ਕਬੀਲਾ ਹੈ। ਇਸ
ਬੰਸ ਦਾ ਵਡੇਰਾ ਸਰੋਈ ਸੀ। ਇਸ ਖ਼ਾਨਦਾਨ ਦਾ ਕਿਸੇ ਸਮੇਂ ਦਿੱਲੀ 'ਚ ਰਾਜ ਸੀ। ਅੱਠਵੀਂ
ਸਦੀ ਵਿੱਚ ਤੰਵਰਾਂ ਨੇ ਇਨ੍ਹਾਂ ਨੂੰ ਹਰਾਕੇ ਦਿੱਲੀ ਤੇ ਆਪਣਾ ਰਾਜ ਕਾਇਮ ਕਰ ਲਿਆ। ਸਰੋਈ
ਬੰਸ ਦੇ ਢਿੱਲੋਂ, ਸੰਘੇ, ਮਲ੍ਹੀ ਤੇ ਦੋਸਾਂਝ ਰਾਜਸਥਾਨ ਵੱਲ ਚਲੇ ਗਏ। ਪੰਦਰ੍ਹਵੀਂ ਸਦੀ
ਦੇ ਅੰਤ ਵਿੱਚ ਇਹ ਪੰਜਾਬ ਦੇ ਮਾਲਵਾ ਖੇਤਰ ਵਿੱਚ ਆ ਗਏ। ਅੱਧੇ ਮਾਲਵੇ 'ਤੇ ਭੱਟੀਆਂ ਤੇ
ਪਵਾਰਾਂ ਦਾ ਕਬਜ਼ਾ ਸੀ।
ਪ੍ਰਸਿੱਧ ਇਤਿਹਾਸਕਾਰ ਤੇ ਮਹਾਨ ਵਿਦਵਾਨ ਸ਼ਮਸ਼ੇਰ ਸਿੰਘ ਅਸ਼ੋਕ ਨੇ ਆਪਣੀ ਕਿਤਾਬ
'ਪਜਾਬੀ ਜੀਵਨ ਤੇ ਸੰਸਕ੍ਰਿਤੀ' ਵਿੱਚ ਲਿਖਿਆ ਹੈ ਕਿ ਸੰਘੇ ਖ਼ਾਨਦਾਨ ਦੇ ਲੋਕ
ਜਿਲ੍ਹਾ ਅਮ੍ਰਿਤਸਰ ਵਿੱਚ ਤਰਨਤਾਰਨ ਦੇ ਲਾਗੇ ਸੰਘਾ ਪਿੰਡ, ਜਿਲ੍ਹਾ ਜਲੰਧਰ ਵਿੱਚ ਕਾਲਾ
ਸੰਘਾ, ਜੰਡੂ ਸੰਘਾ, ਦੁਸਾਂਝ ਆਦਿ 'ਤੇ ਮਾਲਵੇ ਦੇ ਜਿਲ੍ਹੇ ਫਿਰੋਜ਼ਪੁਰ ਵਿੱਚ ਭਾਈਕੀ
ਡਰੌਲੀ, ਜਿਲ੍ਹਾ ਸੰਗਰੂਰ ਵਿੱਚ ਪਿੰਡ ਗੁਆਰਾ ਆਦਿ ਰਹਿੰਦੇ ਹਨ। ਇਨ੍ਹਾਂ ਦੀ ਵੰਸ਼ਾਵਲੀ
ਸਿੱਧੀ ਸੂਰਜ ਬੰਸ ਨਾਲ ਜਾ ਮਿਲਦੀ ਹੈ। ਮੱਲ੍ਹੀ ਤੇ ਢਿੱਲੋਂ ਇਸੇ ਗੋਤ ਦੀਆਂ ਦੋ ਵੱਖੋ
ਵੱਖ ਸ਼ਾਖਾਂ ਹਨ। ਇਲਾਕਾ ਚੜਿੱਕ, ਸਿੱਧਾਂ ਦੇ ਸਮੇਂ ਵਿੱਚ ਸੰਘੇ ਗੋਤ ਦੇ ਜੱਟਾਂ ਨੇ
ਵਸਾਇਆ ਸੀ। ਗਿੱਲਾਂ ਨਾਲ ਅਣਬਨ ਹੋਣ ਕਾਰਨ ਸੰਘੇ ਮੋਗੇ ਤੋਂ ਅੱਠ ਮੀਲ ਅੱਗੇ ਡਰੌਲੀ ਵਿੱਚ
ਜਾ ਵਸੇ ਸਨ।
ਈਸਵੀ 1852-53 ਦੇ ਪਹਿਲੇ ਬੰਦੋਬਸਤ ਅਨੁਸਾਰ ਡਰੌਲੀ ਨਾਂ ਦੀ ਨਾਚੀ ਨੇ ਮੁਸਲਮਾਨ
ਬਾਦਸ਼ਾਹ ਤੋਂ ਏਥੇ ਕੁਝ ਜਾਗੀਰ ਲਈ ਸੀ। ਸੰਘੇ ਡਰੌਲੀ ਦੇ ਮੁਜਾਰੇ ਬਣ ਗਏ। ਉਸ ਦੀ ਮੌਤ
ਮਗਰੋਂ ਉਹ ਉਸਦੀ ਜਾਗੀਰ ਦੇ ਮਾਲਕ ਬਣ ਗਏ। ਜਿਲ੍ਹਾ ਫਿਰੋਜ਼ਪੁਰ ਦੇ ਗਜ਼ਟੀਅਰ ਅਨੁਸਾਰ
ਬਾਬਾ ਲੂੰਬੜੇ ਨੇ ਸੰਘੇ ਖ਼ਾਨਦਾਨ ਨੂੰ ਮਾਲਵੇ ਵਿੱਚ ਵਸਾਇਆ। ਡਰੌਲੀ ਦੇ ਮੋਢੀ ਬਾਬਾ
ਲੂੰਬੜੇ ਦੇ ਦੋ ਵਾਰਿਸ ਅਜਬ ਅਤੇ ਅਜ਼ੈਬ ਹੋਏ। ਇਹ ਦੋਵੇਂ ਭਰਾ ਤੀਸਰੀ ਪਾਤਸ਼ਾਹੀ ਦੇ
ਸੇਵਕ ਸਨ। ਭਾਈ ਗੁਰਦਾਸ ਦੀ ਵਾਰ ਵਿੱਚ ਵੀ ਇਨ੍ਹਾਂ ਬਾਰੇ ਲਿਖਿਆ ਹੈ। ਗੁਰੂ ਅਮਰਦਾਸ ਜੀ
ਦੇ ਸਮੇਂ ਸੰਘੇ ਕੇਵਲ ਡਰੌਲੀ ਵਿੱਚ ਹੀ ਆਬਾਦ ਸਨ।
ਗੁਰੂ ਹਰਗੋਬਿੰਦ ਜੀ ਦਾ ਸਾਂਢੂ ਸਾਈਂ ਦਾਸ ਖੱਤਰੀ ਡਰੌਲੀ ਵਿੱਚ ਰਹਿੰਦਾ ਸੀ। ਉਹ
ਗੁਰੂ ਅਰਜੁਨ ਦੇਵ ਦਾ ਪੱਕਾ ਸੇਵਕ ਸੀ। ਸੰਘੇ ਵੀ ਸਿੱਖੀ ਵਿੱਚ ਬਹੁਤ ਸ਼ਰਧਾ ਰੱਖਦੇ ਸਨ।
ਛੇਵੇਂ ਪਾਤਸ਼ਾਹ ਨੇ ਖ਼ੁਸ਼ ਹੋਕੇ ਡਰੌਲੀ ਪਿੰਡ ਨੂੰ ਭਾਈਕੀ ਦਾ ਖਿਤਾਬ ਦਿੱਤਾ ਤਾਂ ਲੋਕ
ਸੰਘੇ ਖ਼ਾਨਦਾਨ ਦੇ ਲੋਕਾਂ ਨੂੰ ਵੀ ਭਾਈਕੇ ਕਹਿਣ ਲੱਗ ਪਏ। ਡਰੌਲੀ ਦੀ ਸੰਗਤ ਨੂੰ ਗੁਰੂ
ਜੀ ਨੇ ਆਪ ਹੀ ਕਟਾਰ ਤੇ ਪੋਥੀ ਬਖਸ਼ੀ। ਸੰਘੇ ਖ਼ਾਨਦਾਨ ਦਾ ਭਾਈ ਕਲਿਆਣ ਦਾਸ ਛੇਵੇਂ
ਪਾਤਸ਼ਾਹ ਦਾ ਪੱਕਾ ਸਿੱਖ ਸੀ। ਉਹ ਅਜ਼ੈਬ ਦਾ ਪੋਤਰਾ ਸੀ। ਭਾਈ ਕਲਿਆਣ ਦਾ ਪੁੱਤਰ ਵੀ
ਆਪਣੇ ਪਿਤਾ ਵਾਂਗ ਬੜਾ ਬਹਾਦਰ ਸੀ, ਉਹ ਦਸਮ ਗੁਰੂ ਦਾ ਸੈਨਾਪਤੀ ਬਣਿਆ ਉਸ ਦਾ ਨਾਮ ਭਾਈ
ਨੰਦ ਚੰਦ ਸੀ। ਭਾਈ ਨੰਦ ਚੰਦ ਦਾ ਪੁੱਤਰ ਭਾਈ ਦੇਸ ਰਾਜ ਵੀ ਗੁਰੂ ਜੀ ਦਾ ਸ਼ਰਧਾਲੂ ਸੀ।
ਭਾਈ ਕਲਿਆਣ ਦਾਸ ਦੀ ਬੰਸ ਨੇ ਦੋਵੇਂ ਕੋਰੇਵਾਲੇ, ਦੋਵੇਂ ਤੈਮੂਰ, ਜੋਗੇਵਾਲਾ, ਭਾਈਕਾ
ਵਾੜਾ ਆਦਿ ਕਈ ਨਵੇਂ ਪਿਡ ਬੰਨ੍ਹੇ ਸਨ।
ਮਾਲਵੇ ਵਿੱਚ ਜਦੋਂ ਸੰਘਿਆਂ ਦੀ ਗਿਣਤੀ ਵੱਧ ਗਈ ਤਾਂ ਕੁਝ ਸੰਘੇ ਲੁਧਿਆਣੇ ਤੋਂ ਵੀ
ਅੱਗੇ ਮਾਝੇ ਤੇ ਦੁਆਬੇ ਵੱਲ ਚਲੇ ਗਏ। ਕਿਸੇ ਸਮੇਂ ਸੰਘੋਲ ਵੀ ਸੰਘੇ ਜੱਟਾਂ ਦਾ ਘਰ ਸੀ।
ਸੰਘੋਲ ਕਈ ਵਾਰ ਉਜੜਿਆ ਤੇ ਕਈ ਵਾਰ ਵਸਿਆ। ਇਸ ਪਿਡ ਵਿੱਚ ਬਹੁਤ ਹੀ ਪ੍ਰਾਚੀਨ ਥੇਹ ਹੈ।
ਹੂਣਾਂ ਨੇ ਵੀ ਇਸ ਨੂੰ ਤਬਾਹ ਕੀਤਾ। ਅੱਗ ਵੀ ਲਾ ਦਿੱਤੀ ਸੀ। ਸਭ ਤੋਂ ਵੱਧ ਸੰਘੇ ਦੁਆਬੇ
ਵਿੱਚ ਆਬਾਦ ਹਨ। ਸਾਰਾ ਗੋਤ ਕਾਲਾਸੰਘਾ ਤੋਂ ਹੀ ਵਧਿਆ ਫੁਲਿਆ ਹੈ। ਗੜ੍ਹਸ਼ੰਕਰ ਦੇ ਇਲਾਕੇ
ਵਿੱਚ ਚੱਕਸੰਘਾ ਵੀ ਸੰਘੇ ਗੋਤ ਦੇ ਜੱਟਾਂ ਦਾ ਪਿੰਡ ਹੈ। ਨਵਾਂ ਸ਼ਹਿਰ ਜਿਲ੍ਹੇ ਵਿੱਚ
ਸ਼ਹਾਬਪੁਰ ਵੀ ਸੰਘੇ ਗੋਤ ਦਾ ਪ੍ਰਸਿੱਧ ਪਿੰਡ ਹੈ। ਹੁਣ ਤਾਂ ਸੰਘੇ ਗੋਤ ਦੇ ਜੱਟ ਸਾਰੇ
ਪੰਜਾਬ ਵਿੱਚ ਬਠਿੰਡਾ, ਮਾਨਸਾ ਤੱਕ ਵੀ ਆਬਾਦ ਹਨ। ਮਾਨਸਾ ਵਿੱਚ ਸੰਘਾ ਪਿੰਡ ਸੰਘੇ ਗੋਤ
ਦੇ ਲੋਕਾਂ ਦਾ ਹੀ ਹੈ। ਸੰਘਾ ਛੋਟਾ ਗੋਤ ਹੀ ਹੈ। ਇੱਕ ਸੰਘੇ ਪਿੰਡ ਤਰਨਤਾਰਨ ਪਾਸ ਹੈ।
ਬੀ• ਐਸ• ਦਾਹੀਆ ਅਨੁਸਾਰ ਸੰਘੇ ਸਿਕੰਦਰ ਦੇ ਹਮਲੇ ਸਮੇਂ ਵੀ ਪੰਜਾਬ ਵਿੱਚ ਵਸਦੇ ਸਨ।
ਹੂਣਾਂ ਦੇ ਹਮਲਿਆਂ ਤੋਂ ਤੰਗ ਆਕੇ ਸੰਘੇ, ਮੱਲ੍ਹੀ ਤੇ ਪਰਮਾਰ ਆਦਿ ਜਾਤੀਆਂ ਦੇ ਲੋਕ
ਪੰਜਾਬ ਛੱਡ ਕੇ ਦਿੱਲੀ ਤੇ ਮੱਧ ਪ੍ਰਦੇਸ਼ ਦੇ ਖੇਤਰਾਂ ਵੱਲ ਚਲੇ ਗਏ। ਮੁਸਲਮਾਨਾਂ ਦੇ
ਹਮਲਿਆਂ ਸਮੇਂ ਫਿਰ ਵਾਪਿਸ ਪੰਜਾਬ ਵਿੱਚ ਆ ਗਏ ਸਨ।
ਪੰਜਾਬੀ ਦਾ ਮਹਾਨ ਲੇਖਕ ਤੇ ਬੁੱਧੀਜੀਵੀ ਸ਼ਮਸ਼ੇਰ ਸਿੰਘ ਅਸ਼ੋਕ ਸੰਘਾ ਜੱਟ ਸੀ।
ਮੋਗੇ ਦੇ ਮੇਜਰ ਦਰਬਾਰਾ ਸਿੰਘ ਨੇ 'ਸੰਘਿਆਂ ਦਾ ਇਤਿਹਾਸ' ਇੱਕ ਖੋਜ ਭਰਪੂਰ
ਪੁਸਤਕ ਲਿਖੀ ਹੈ। ਜਿਸ ਵਿੱਚ ਸੰਘੇ ਜੱਟਾਂ ਬਾਰੇ ਕਾਫ਼ੀ ਜਾਣਕਾਰੀ ਦਿੱਤੀ ਗਈ ਹੈ। ਉਤਰੀ
ਭਾਰਤ ਦੇ ਇਤਿਹਾਸ ਵਿੱਚ ਮੱਲ੍ਹੀ, ਕੰਗ, ਵਿਰਕ, ਸੰਘੇ, ਸੰਧੂ ਅਤੇ ਖੋਖਰ ਆਦਿ ਜੱਟ
ਕਬੀਲਿਆਂ ਦਾ ਯੋਗਦਾਨ ਬਹੁਤ ਹੀ ਮਹੱਤਵਪੂਰਨ ਅਤੇ ਮਹਾਨ ਹੈ।
ਸੰਘਾ ਜੱਟਾਂ ਦਾ ਬਹੁਤ ਹੀ ਉਘਾ ਤੇ ਛੋਟਾ ਗੋਤ ਹੈ। ਜੱਟ ਕਈ ਜਾਤੀਆਂ ਦਾ ਰਲਿਆ ਮਿਲਿਆ
ਭਾਈਚਾਰਾ ਹੈ।
|