WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
 

ਧਾਰਾ

  ਸਾਡਾ ਮਨੋਰਥ
  ਹੋਰ ਪੰਜਾਬੀ ਸੰਪਰਕ
  ਮਾਨਵ ਚੇਤਨਾ
  ਕਲਾ/ਕਲਾਕਾਰ
  ਅਨੰਦ ਕਰਮਨ
  ਵਿਅੱਕਤੀਗਤ ਨਾਮ
  ਇਤਿਹਾਸ
  ਫਿਲਮੀ ਸੰਸਾਰ
  ਖੇਡਾਂ
  ਪੁਸਤਕਾਂ
  ਗਿਆਨ ਵਿਗਿਆਨ

  ਆਮ ਜਾਣਕਾਰੀ

  ਕਹਾਣੀ
  ਕਾਵਿਤਾ
  ਸਾਨੂੰ ਲਿਖੋ
 

ਸਮਰਾ :

ਜੱਟਾਂ ਦਾ ਇਤਿਹਾਸ: ਹੁਸ਼ਿਆਰ ਸਿੰਘ ਦੁਲੇਹ

ਸਮਰਾ: ਇਹ ਰਾਜੇ ਸਲਵਾਨ ਦੀ ਬੰਸ ਵਿਚੋਂ ਹਨ। ਇਸ ਗੋਤ ਦਾ ਮੋਢੀ ਸਿਨਾਮ ਰਾਏ, ਰਾਜੇ ਸਲਵਾਨ ਦਾ ਪੁੱਤਰ ਸੀ। ਸਿਨਾਮ ਰਾਏ ਨੂੰ ਸਮਰਾਉ ਵੀ ਕਿਹਾ ਜਾਂਦਾ ਸੀ। ਇਹ ਕਿਸੇ ਸਮੇਂ ਸਿੰਧ ਘਾਟੀ ਦੇ ਹੇਠਲੇ ਖੇਤਰ ਵਿੱਚ ਆਬਾਦ ਸਨ। ਫਰਿਸ਼ਤੇ ਨੇ ਵੀ ਆਪਣੀ ਲਿਖਤ ਵਿੱਚ ਲਿਖਿਆ ਹੈ ਕਿ ਸਿੰਧ ਵਿੱਚ ਸਮਰੇ ਜੱਟਾਂ ਦਾ ਇੱਕ ਬਹੁਤ ਵੱਡਾ ਰਾਜ ਸੀ। ਇਨ੍ਹਾਂ ਨੇ 750 ਈਸਵੀ ਵਿੱਚ ਅਰਬ ਧਾੜਵੀਆਂ ਨੂੰ ਭਾਰੀ ਹਾਰ ਦਿੱਤੀ ਸੀ। ਸਮਰਾ ਜਾਤ ਦੇ ਲੋਕਾਂ ਨੇ ਅਰਬਾਂ ਨਾਲ ਕਈ ਲੜਾਈਆਂ ਲੜੀਆਂ ਸਨ।

ਆਈਨੇ ਅਕਬਰੀ ਅਨੁਸਾਰ ਸਮਰਾ ਕਬੀਲੇ ਦੇ 36 ਰਾਜਿਆਂ ਨੇ 500 ਸਾਲ ਤੱਕ ਇਸ ਖੇਤਰ ਤੇ ਰਾਜ ਕੀਤਾ। 1351 ਈਸਵੀ ਵਿੱਚ ਸੱਮਾ ਉਪਜਾਤੀ ਨੇ ਇਨ੍ਹਾਂ ਤੋਂ ਰਾਜ ਖੋਹ ਲਿਆ ਅਤੇ ਸਮਰਿਆ ਦਾ ਵੱਧ ਤੋਂ ਵੱਧ ਜਾਨੀ ਤੇ ਮਾਲੀ ਨੁਕਸਾਨ ਕੀਤਾ। ਮੁਲਤਾਨ ਦੇ ਇਲਾਕੇ ਵਿਚੋਂ ਵੀ ਇਨ੍ਹਾਂ ਨੂੰ ਬਾਹਰ ਕੱਢ ਦਿੱਤਾ। ਇਨ੍ਹਾਂ ਨੇ ਦਲਿਤ ਜਾਤੀਆਂ ਵਿੱਚ ਰਲਕੇ ਜਾਨ ਬਚਾਈ। 1380 ਈਸਵੀ (ਚੌਦਵੀਂ ਸਦੀ) ਤੱਕ ਸਮਰੇ ਕਾਫ਼ੀ ਗਿਣਤੀ ਵਿੱਚ ਮੁਸਲਮਾਨ ਬਣ ਚੁੱਕੇ ਸਨ। ਹੁਣ ਵੀ ਕੁਝ ਮੁਸਲਮਾਨ ਸਮਰੇ ਸਿੰਧ ਵਿੱਚ ਰਹਿੰਦੇ ਹਨ। ਜੈਸਲਮੇਰ ਦੇ ਬਾਰਾਨੀ ਇਲਾਕੇ ਵਿੱਚ ਰਹਿਣ ਵਾਲੇ ਸਮਰੇ ਹਿੰਦੂ ਹਨ। ਸੱਤਵੀਂ ਸਦੀ ਤੋਂ ਪਹਿਲਾਂ ਕੇਵਲ ਜੱਟ ਕਬੀਲੇ ਹੀ ਹੁੰਦੇ ਸਨ। ਰਾਜਪੂਤ ਨਹੀਂ ਹੁੰਦੇ ਸਨ। ਮੁਸਲਮਾਨ ਹਮਲਾਵਰਾਂ ਦੇ ਆਉਣ ਤੋਂ ਮਗਰੋਂ ਕੁਝ ਜੱਟ ਰਾਜਿਆਂ ਦੀ ਬੰਸ, ਆਪਣੇ ਆਪ ਨੂੰ ਰਾਜਪੂਤ ਅਖਵਾਕੇ ਮਾਣ ਮਹਿਸੂਸ ਕਰਦੀ ਸੀ। ਸਮਰੇ, ਜੱਟ ਬਹੁਤ ਹਨ ਅਤੇ ਰਾਜਪੂਤ ਘੱਟ ਹਨ।

ਈਸਵੀ 1881 ਦੀ ਜਨਸੰਖਿਆ ਅਨੁਸਾਰ ਸਮਰੇ ਗੋਤ ਦੇ ਜੱਟਾਂ ਦੀ ਗਿਣਤੀ 12,558 ਸੀ ਪਰ ਰਾਜਪੂਤ ਸਮਰੇ ਕੇਵਲ 2319 ਹੀ ਸਨ। ਰਾਜਪੂਤ ਸਮਰੇ ਡਰ ਤੇ ਲਾਲਚ ਕਾਰਨ ਬਹੁਤੇ ਮੁਸਲਮਾਨ ਬਣ ਗਏ ਸਨ।

ਸੱਮਾ ਕਬੀਲੇ ਨੇ ਸਮਰਾ ਜਾਤੀ ਦੇ ਲੋਕ ਬਹੁਤ ਗਿਣਤੀ ਵਿੱਚ ਮਾਰੇ ਸਨ। ਇਸ ਕਾਰਨ ਸਮਰੇ ਪਰਿਵਾਰ ਦੀਆਂ ਇਸਤਰੀਆਂ ਆਪਣੇ ਵਡੇਰਿਆਂ ਦੇ ਅਫ਼ਸੋਸ ਕਾਰਨ ਆਪਣੇ ਨੱਕ ਵਿੱਚ ਕੋਕਾ ਘੱਟ ਹੀ ਪਾਉਂਦੀਆਂ ਹਨ। ਇਸ ਘਟਨਾ ਤੋਂ ਮਗਰੋਂ ਸਮਰੇ ਰਾਜਸਥਾਨ ਵਿੱਚ ਚਲੇ ਗਏ। ਵਿਰਕਾਂ ਨੇ ਵੀ ਸਮਰੇ ਲੋਕਾਂ ਨੂੰ ਆਪਣੇ ਇਲਾਕੇ ਵਿਚੋਂ ਕੱਢ ਦਿੱਤਾ। ਸਮਰੇ ਗੋਤ ਦੇ ਲੋਕਾਂ ਨੂੰ ਸਮਰਾਉ ਵੀ ਕਿਹਾ ਜਾਂਦਾ ਹੈ। 11ਵੀਂ ਸਦੀ ਵਿੱਚ ਇੱਕ ਵਾਰ ਫਿਰ ਸਮਰੇ ਹਿੰਦੂਆਂ ਨੇ ਸਿੰਧ ਤੇ ਕਬਜ਼ਾ ਕਰ ਲਿਆ ਸੀ। ਇਨ੍ਹਾਂ ਤਿੰਨ ਸੌ ਸਾਲ ਰਾਜ ਕੀਤਾ। ਚੌਦਵੀਂ ਸਦੀ ਦੇ ਵਿਚਕਾਰ ਰਾਜ ਦੀ ਵਾਗਡੋਰ ਸੱਮਾ ਕਬੀਲੇ ਦੇ ਹੱਥਾਂ ਵਿੱਚ ਚਲੀ ਗਈ। ਸੱਮਾ ਜੱਟ ਇਨ੍ਹਾਂ ਦੇ ਵੈਰੀ ਸਨ। ਸਮਰੇ ਗੋਤ ਦੀਆਂ ਕਈ ਮੂੰਹੀਆਂ ਹਨ। ਪਟਿਆਲੇ ਦੇ ਇਲਾਕੇ ਦੇ ਸਮਰੇ ਆਪਣੇ ਆਪ ਨੂੰ ਰਾਜਪੂਤ ਸਮਝਦੇ ਸਨ। ਪੰਜਾਬ ਵਿੱਚ ਸਮਰੇ ਗੋਤ ਦੇ ਜੱਟ ਸਿਰਸਾ, ਅੰਬਾਲਾ, ਜਲੰਧਰ, ਲੁਧਿਆਣਾ, ਸੰਗਰੂਰ ਆਦਿ ਖੇਤਰਾਂ ਵਿੱਚ ਵੀ ਕਾਫ਼ੀ ਰਹਿੰਦੇ ਹਨ। ਮਾਝੇ ਵਿੱਚ ਵੀ ਕੁਝ ਸਮਰੇ ਹਨ। ਪੱਛਮੀ ਪੰਜਾਬ ਦੇ ਸਿਆਲਕੋਟ, ਲਾਹੌਰ ਤੇ ਗੁੱਜਰਾਂਵਾਲਾ ਆਦਿ ਖੇਤਰ ਦੇ ਸਮਰੇ ਬਹੁਤੇ ਮੁਸਲਮਾਨ ਬਣ ਗਏ ਸਨ।

ਪੂਰਬੀ ਪੰਜਾਬ ਦੇ ਸਮਰੇ ਸਾਰੇ ਹੀ ਜੱਟ ਸਿੱਖ ਹਨ। ਹੋਰ ਜੱਟਾਂ ਵਾਂਗ ਇਹ ਵੀ ਬਾਹਰਲੇ ਦੇਸ਼ਾਂ ਵਿੱਚ ਬਹੁਤ ਗਏ ਹਨ। ਸਿੱਧੂ, ਸੰਧੂ ਤੇ ਗਿੱਲਾਂ ਆਦਿ ਦੇ ਮੁਕਾਬਲੇ ਸਮਰੇ ਗੋਤ ਦੀ ਗਿਣਤੀ ਬਹੁਤ ਹੀ ਘੱਟ ਹੈ। ਰੂਸੀ ਲੇਖਕ ਸੇਰੇਬਰੀਆ ਕੋਵ ਨੇ ਆਪਣੀ ਪੁਸਤਕ ‘ਪੰਜਾਬੀ ਸਾਹਿਤ’ ਦੇ ਆਰੰਭ ਵਿੱਚ ਲਿਖਿਆ ਹੈ ਕਿ ਪੰਜਾਬ ਬਹੁਤ ਸਦੀ ਪਹਿਲਾਂ ਪਰਸ਼ੀਆ ਦੇ ਰਾਜੇ ਡੇਰੀਅਸ ਨੇ ਸਿੰਧ ਦੇ ਸੱਜੇ ਕੰਢੇ ਦੇ ਇਲਾਕੇ ਨੂੰ ਆਪਣੇ ਨਾਲ ਮਿਲਾ ਲਿਆ ਸੀ। ਇਹ ਇਰਾਨ ਦਾ ਹਿੱਸਾ ਬਣ ਗਿਆ ਸੀ। ਸਮਰੇ ਜੱਟਾਂ ਨੇ ਅਰਬੀ ਹਮਲਾਵਰਾਂ ਦਾ ਵੀ ਕਈ ਵਾਰ ਮੁਕਾਬਲਾ ਕੀਤਾ ਸੀ। ਜੱਟ ਕਬੀਲੇ ਆਪਸ ਵਿੱਚ ਵੀ ਲੜਦੇ ਰਹਿੰਦੇ ਸਨ। ਆਪਸੀ ਲੜਾਈਆਂ ਕਾਰਨ ਹੀ ਜੱਟਾਂ ਦੀ ਸ਼ਕਤੀ ਘੱਟ ਗਈ ਤੇ ਕਈ ਜੱਟ ਕਬੀਲਿਆਂ ਨੂੰ ਸਿੰਧ ਛੱਡ ਕੇ ਪੰਜਾਬ ਵੱਲ ਆਉਣਾ ਪਿਆ।

ਸਮਰੇ ਜੱਟਾਂ ਦਾ ਪੱਕਾ ਘਰ ਸਿੰਧ ਸੀ। ਸਮਰਾ ਵੀ ਜੱਟਾਂ ਦਾ ਇੱਕ ਉਘਾ ਗੋਤ ਹੈ। ਪ੍ਰਾਚੀਨ ਜੱਟ ਉਪ ਜਾਤੀਆਂ ਨੇ ਭਾਰਤ ਦੇਸ਼ ਦੀ ਰੱਖਿਆ ਲਈ ਸਿਕੰਦਰ, ਤੈਮੂਰ, ਨਾਦਰਸ਼ਾਹ, ਅਹਿਮਦਸ਼ਾਹ ਅਬਦਾਲੀ, ਮੁਹੰਮਦ ਬਿਨਕਾਸਮ, ਮਹਿਮੂਦ ਗਜ਼ਨਵੀ ਤੇ ਮੁਹੰਮਦ ਗੌਰੀ ਆਦਿ ਬਦੇਸ਼ੀ ਹਮਲਾਵਰਾਂ ਦਾ ਪੂਰੀ ਬਹਾਦਰੀ ਨਾਲ ਟਾਕਰਾ ਕੀਤਾ ਸੀ। ਕਦੇ ਵੀ ਦਿਲੋਂ ਹਾਰ ਨਹੀਂ ਮੰਨੀ ਸੀ। ਜੱਟ ਮਹਾਨ ਜਾਤੀ ਹੈ। ਪੂਰਬੀ ਪੰਜਾਬ ਦੇ ਸਾਰੇ ਸਮਰੇ ਸਿੱਖ ਧਰਮ ਨੂੰ ਮੰਨਦੇ ਹਨ ਕਿਉਂਕਿ ਇਹ ਮੱਤ ਪੰਜਾਬ ਦਾ ਲੋਕ ਧਰਮ ਬਣ ਗਿਆ ਹੈ। ਸਿੱਖਾਂ ਨੇ ਦੇਸ਼ ਤੇ ਧਰਮ ਦੀ ਰੱਖਿਆ ਲਈ ਮਹਾਨ ਕੁਰਬਾਨੀਆਂ ਦਿੱਤੀਆਂ ਹਨ। ਸ੍ਰੀ ਗੁਰੂ ਗੰਰਥ ਸਾਹਿਬ ਵਿੱਚ ਭਾਰਤ ਦੇ ਸਾਰੇ ਧਰਮਾਂ ਦੀ ਫਿਲਾਸਫੀ ਦਿੱਤੀ ਹੋਈ ਹੈ। ਇਹ ਗੰਰਥ ਅਟਲ ਸੱਚਾਈਆਂ ਨਾਲ ਵੀ ਭਰਪੂਰ ਹੈ।

ਸਮਰਾ, ਜੱਟਾਂ ਦਾ ਉਘਾ ਤੇ ਪ੍ਰਾਚੀਨ ਗੋਤ ਹੈ। ਸਮਰੇ ਜੱਟ ਸਾਰੀ ਦੁਨੀਆਂ ਵਿੱਚ ਦੂਰ ਦੂਰ ਤੱਕ ਫੈਲੇ ਹੋਏ ਹਨ। ਇਨ੍ਹਾਂ ਦੀ ਭਾਰਤ ਨੂੰ ਮਹਾਨ ਦੇਣ ਹੈ। ਸਮਰਾ ਜਗਤ ਪ੍ਰਸਿੱਧ ਗੋਤ ਹੈ।

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com