WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
 

ਧਾਰਾ

  ਸਾਡਾ ਮਨੋਰਥ
  ਹੋਰ ਪੰਜਾਬੀ ਸੰਪਰਕ
  ਮਾਨਵ ਚੇਤਨਾ
  ਕਲਾ/ਕਲਾਕਾਰ
  ਅਨੰਦ ਕਰਮਨ
  ਵਿਅੱਕਤੀਗਤ ਨਾਮ
  ਇਤਿਹਾਸ
  ਫਿਲਮੀ ਸੰਸਾਰ
  ਖੇਡਾਂ
  ਪੁਸਤਕਾਂ
  ਗਿਆਨ ਵਿਗਿਆਨ

  ਆਮ ਜਾਣਕਾਰੀ

  ਕਹਾਣੀ
  ਕਾਵਿਤਾ
  ਸਾਨੂੰ ਲਿਖੋ
 

ਸੇਖੋਂ :

ਜੱਟਾਂ ਦਾ ਇਤਿਹਾਸ: ਹੁਸ਼ਿਆਰ ਸਿੰਘ ਦੁਲੇਹ

ਸੇਖੋਂ : ਇਸ ਗੋਤ ਦਾ ਮੋਢੀ ਸ਼ੇਸ਼ਰਾਮ ਪੰਵਾਰ ਸੀ। ਇਸ ਨੂੰ ਸੇਖੂ ਜਾਂ ਸੇਖੋਂ ਵੀ ਕਿਹਾ ਜਾਂਦਾ ਸੀ। ਜਦੋਂ ਜੱਗਦੇਵ ਪਰਮਾਰ ਨੇ ਗੱਜ਼ਨੀ ਵਾਲਿਆਂ ਨੂੰ ਸਰਹਿੰਦ ਤੋਂ ਭਜਾਕੇ ਲਾਹੋਰ ਵੱਲ ਭੇਜ ਦਿੱਤਾ ਸੀ। ਉਸ ਸਮੇਂ ਜੱਗਦੇਵ ਬੇਸੀ ਲੋਹਕਰਨ ਦੇ ਪੁੱਤਰ ਸੁਲੱਖਣ ਤੇ ਮੱਖਣ ਬਹੁਤ ਹੀ ਸੂਰਬੀਰ ਸਨ। ਮੱਖਣ ਤਾਂ ਸਿੰਧ ਵਿੱਚ ਮੁਸਲਮਾਨਾਂ ਨਾਲ ਲੜਦਾ ਹੋਇਆ ਸ਼ਹੀਦ ਹੋ ਗਿਆ।

ਸੁਲੱਖਣ ਨੇ ਆਪਣੇ ਭਾਈਚਾਰੇ ਤੇ ਆਪਣੇ ਪੁੱਤਰ ਪੋਤਰਿਆਂ ਦੀ ਸਹਾਇਤਾ ਲੈਕੇ ਮਾਰਵਾੜ ਦੇ ਇਸ ਯੁੱਧ ਵਿੱਚ ਰਾਜਸਥਾਨ ਦਾ ਇੱਕ ਲੱਖ ਦਾ ਇਲਾਕਾ ਜਿੱਤਿਆ। ਭੱਟੀ ਤੇ ਹੋਰ ਮੁਸਲਮਾਨਾਂ ਦਾ ਬਹੁਤ ਜਾਨੀ ਤੇ ਮਾਲੀ ਨੁਕਸਾਨ ਕੀਤਾ ਸੀ। ਢਾਡੀਆਂ ਨੇ ਵੀ ਇਸ ਯੁੱਧ ਬਾਰੇ ਠੀਕ ਹੀ ਗਾਇਆ ਹੈ।

'ਲੱਖ ਫੁਲਾਣੀ ਮਾਰੀ ਸੇਖਵਾਂ, ਪਰਜਾ ਹੈ ਹੈਰਾਨ'  ਸੇਖੋਂ ਗੋਤ ਦੇ ਜੱਟ ਹੁਣ ਵੀ ਰਾਜਸਥਾਨ ਦੇ ਸ਼ੇਖਾਵਤ ਲੋਕਾਂ ਨੂੰ ਆਪਣੇ ਭਾਈਚਾਰੇ ਵਿਚੋਂ ਮਨਦੇ ਹਨ।

ਸੇਖੋਂ ਦੇ ਦੋ ਪੁੱਤਰ ਸਰਾਇ ਅਤੇ ਮਰਾਇਚ ਸਨ। ਸੇਖੋਂ ਦੇ 12 ਪੋਤੇ ਛੱਤ, ਬੱਲ, ਸੋਹਲ, ਦੇਉਲ, ਦੇਊ, ਗੁਰਮ ਆਦਿ ਸਨ। ਸੇਖੋਂ ਦੇ ਪੋਤਿਆਂ ਦੇ ਨਾਮ ਤੇ ਕਈ ਨਵੇਂ ਗੋਤ ਚੱਲ ਪਏ ਸਨ। ਸਾਰੇ ਸੇਖੋਂ ਜੱਟ ਧਾਰਾ ਨਗਰੀ ਦੇ ਰਾਜੇ ਭੋਜ ਅਤੇ ਜਰਗ ਦੇ ਰਾਜੇ ਜੱਗਦੇਉ ਪਰਮਾਰ ਨੂੰ ਆਪਣਾ ਵਡੇਰਾ ਮਨਦੇ ਹਨ। ਸੇਖੋਂ ਦਾ ਪਿਤਾ ਸਿੱਧ ਸੁਲੱਖਣ ਆਪਣੇ ਵਡੇਰਿਆਂ ਦੇ ਪਿੰਡ ਛਪਾਰ ਵਿੱਚ ਰਹਿੰਦਾ ਸੀ। ਸਿੱਧ ਸੁਲੱਖਣ ਨੂੰ ਜੱਗਦੇਉ ਨੇ ਹੀ 1150 ਈਸਵੀ ਵਿੱਚ ਛਪਾਰ ਜਾਕੇ ਦੀਖਿਆ ਮਤਰ ਦੇ ਕੇ ਸਿੱਧੀ ਸੰਪਨ ਕੀਤੀ। ਜਰਗ ਦੇ ਪੁਰਾਣੇ ਲੋਕ ਜੱਗਦੇਉ ਤੇ ਸਿੱਧ ਸੁਲੱਖਣ ਦੀਆਂ ਸਿੱਧੀਆਂ ਬਾਰੇ ਬਹੁਤ ਕੁਝ ਦੱਸਦੇ ਸਨ। ਜੱਗਦੇਵ ਦੀਆਂ ਬਾਹਾਂ ਬਹੁਤ ਲੰਬੀਆਂ ਸਨ।

ਸੇਖੋਂ ਗੋਤ ਦਾ ਮੁੱਢ ਲੁਧਿਆਣਾ ਜਿਲ੍ਹਾ ਹੀ ਹੈ। ਲੁਧਿਆਣੇ ਦੇ ਸੇਖੋਂ ਭੋਜ ਦੀ ਬੰਸ ਦੇ ਹੀ ਇੱਕ ਸੂਰਮੇ ਤੇਜਪਾਲ ਨੂੰ ਵੀ ਆਪਣੇ ਖ਼ਾਨਦਾਨ ਦਾ ਮੁਖੀਆ ਮੰਨਦੇ ਹਨ। ਤੇਜਪਾਲ ਦੇ ਚਾਰ ਪੁੱਤਰ ਸਨ। ਜਿਨ੍ਹਾਂ ਵਿਚੋਂ ਝਲਖਣ ਤੇ ਲਖਣ ਤੋਂ ਜੌੜੇ ਭਰਾ ਸਨ। ਝਲਖਣ ਸਰੀਰ ਦਾ ਪਤਲਾ ਸੀ। ਉਸ ਦੀ ਸ਼ਕਲ ਸੱਪ ਵਰਗੀ ਸੀ। ਇੱਕ ਦਿਨ ਜਦੋਂ ਇਨ੍ਹਾਂ ਦੀ ਮਾਂ ਖੇਤ ਗਈ ਤਾਂ ਝਲਖਣ ਨੂੰ ਧਰਤੀ ਤੇ ਪਾ ਦਿੱਤਾ। ਇੱਕ ਕ੍ਰਿਸਾਨ ਨੇ ਝਲੱਖਣ ਨੂੰ ਸੱਪ ਸਮਝ ਕੇ ਮਾਰ ਦਿੱਤਾ। ਜਦ ਮਾਂ ਕਪਾਹ ਚੁਗ ਕੇ ਵਾਪਿਸ ਆਈ ਤਾਂ ਉਸ ਨੇ ਦੋਵਾਂ ਪੁੱਤਰਾਂ ਨੂੰ ਮਰੇ ਪਿਆ ਦੇਖਿਆ। ਉਸ ਨੇ ਰੋਂਦੀ ਕੁਰਲਾਂਦੀ ਨੇ ਦੋਵੇਂ ਬੱਚਿਆਂ ਨੂੰ ਇਕੋ ਹੀ ਥਾਂ ਦਬਾ ਦਿੱਤਾ। ਕਾਫ਼ੀ ਸਮੇਂ ਪਿਛੋਂ ਇਨ੍ਹਾਂ ਦੇ ਇੱਕ ਨਜ਼ਦੀਕੀ ਨੇ ਸੁਪਨੇ ਵਿੱਚ ਦੋਹਾਂ ਨੂੰ ਦੇਖਿਆ। ਇਨ੍ਹਾਂ ਨੂੰ ਸ਼ਹੀਦ ਸਮਝ ਕੇ ਛਪਾਰ ਵਿੱਚ ਉਨ੍ਹਾਂ ਦੀ ਮੜੀ ਬਣਾਈ। ਇਸ ਮੜੀ ਤੇ ਵੀ ਗੂਗੇ ਪੀਰ ਦੇ ਮੇਲੇ ਦੇ ਨਾਲ ਹੀ ਮੇਲਾ ਲੱਗਦਾ ਹੈ। ਇਸੇ ਮੜੀ ਤੋਂ ਮਿੱਟੀ ਲਿਆਕੇ ਫੁੱਲਾਂ ਵਾਲਾ ਪਿੰਡ ਵਿੱਚ ਉਨ੍ਹਾਂ ਦੀ ਮੜੀ ਬਣਾਈ ਗਈ ਹੈ।

ਫੁੱਲਾਂ ਵਾਲਾ ਪਿੰਡ ਲੁਧਿਆਣੇ ਤੋਂ ਦੋ ਮੀਲ ਹੀ ਹੈ। ਭਾਦੋਂ ਦੀ ਚੌਦਸ ਵਾਲੇ ਦਿਨ ਏਥੇ ਸੇਖੋਂ ਗੋਤ ਦੇ ਜੱਟਾਂ ਦਾ ਭਾਰੀ ਮੇਲਾ ਲੱਗਦਾ ਹੈ। ਮੜੀ ਉਪਰ ਮਿੱਟੀ ਕੱਢਣ ਸਮੇਂ ਲੋਕ ਪਤਾਸੇ ਜਾਂ ਮਖਾਣੇ ਮਿੱਟੀ ਤੇ ਰੱਖਦੇ ਮੱਥਾ ਟੇਕਦੇ ਹਨ। ਇਹ ਸਾਰਾ ਚੜ੍ਹਾਵਾ ਮਿਰਾਸੀ ਨੂੰ ਦਿੱਤਾ ਜਾਂਦਾ ਹੈ। ਇਸ ਨੂੰ ਝਲੱਖਣ ਦਾ ਮੇਲਾ ਕਹਿੰਦੇ ਹਨ। ਸੇਖੋਂ ਜੱਟਾਂ ਦਾ ਵਿਸ਼ਵਾਸ ਹੈ ਕਿ ਜਿਹੜਾ ਇਸ ਮੇਲੇ ਵਿੱਚ ਏਥੇ ਮਿੱਟੀ ਕੱਢ ਜਾਂਦਾ ਹੈ, ਉਸ ਨੂੰ ਸੱਪ ਨਹੀਂ ਲੜਦਾ। ਮੜੀ 'ਤੇ ਮੱਥਾ ਟੇਕ ਕੇ ਲੋਕ ਚੌਕੀ ਵੀ ਭਰਦੇ ਹਨ।

ਗੂਗਾ ਪੀਰ ਤੇ ਸਿੱਧ ਸੁਲੱਖਣ ਦੋਵੇਂ ਮਿੱਤਰ ਸਨ। ਦੋਵੇਂ ਛਪਾਰ ਵਿੱਚ ਰਹਿੰਦੇ ਸਨ। ਦੋਹਾਂ ਦੀ ਹੀ ਮੜੀ ਛਪਾਰ ਵਿੱਚ ਹੈ। ਛਪਾਰ, ਜੱਗਦੇਉ ਦੇ ਪੁੱਤਰ ਛਾਪਾਰਾਏ ਨੇ 1140 ਈਸਵੀ ਵਿੱਚ ਵਸਾਇਆ ਸੀ। ਏਥੇ ਸੇਖੋਂ ਵੀ ਕਾਫ਼ੀ ਰਹਿੰਦੇ ਹਨ। ਫੁਲਾਂਵਾਲੇ ਦੇ ਸਾਰੇ ਜੱਟ ਸੇਖੋਂ ਗੋਤ ਦੇ ਹਨ। ਇਸ ਇਲਾਕੇ ਵਿੱਚ ਸੇਖੋਂ ਗੋਤ ਦੇ ਦਸ ਪਿੰਡ ਹਨ। ਲੁਧਿਆਣੇ ਜਿਲ੍ਹੇ ਵਿੱਚ ਦਾਖਾ ਵੀ ਸੇਖੋਂ ਗੋਤ ਦਾ ਪ੍ਰਸਿੱਧ ਪਿੰਡ ਹੈ। ਪੰਜਾਬੀ ਦਾ ਮਹਾਨ ਸਾਹਿਤਕਾਰ ਸੰਤ ਸਿੰਘ ਸੇਖੋਂ ਦਾਖੇ ਪਿੰਡ ਦਾ ਹੀ ਸੀ। ਭਦੌੜ ਪਿੰਡ ਵਿੱਚ ਵੀ ਕੁਝ ਦਾਖੇ ਦੇ ਸੇਖੋਂ ਬਹੁਤ ਹੀ ਬਹਾਦਰ ਸੀ। ਉਹ ਗੁਰੂ ਹਰਗੋਬਿੰਦ ਜੀ ਦਾ ਪੱਕਾ ਸਿੱਖ ਸੀ।

ਖੰਨੇ ਦੇ ਪਾਸ ਭੜੀ ਪਿੰਡ ਵਿੱਚ ਵੀ ਸੇਖੋਂ ਕਾਫ਼ੀ ਰਹਿੰਦੇ ਹਨ। ਕੋਟ ਸੇਖੋਂ ਵੀ ਸੇਖੋਂ ਗੋਤ ਦਾ ਪਿੰਡ ਹੈ। ਸਾਂਦਲਬਾਰ ਵਿੱਚ ਸੇਖਮ, ਨੰਦਪੁਰ, ਨੌਖਰ ਆਦਿ ਪਿਡਾਂ ਵਿੱਚ ਵੀ ਸੇਖੋਂ ਗੋਤ ਦੇ ਲੋਕ ਵਸਦੇ ਸਨ। ਜਿਲ੍ਹਾ ਸੰਗਰੂਰ ਵਿੱਚ ਵੀ ਸੇਖੋਂ ਗੋਤ ਦੇ ਕਾਫ਼ੀ ਪਿੰਡ ਹਨ। ਸੰਗਰੂਰ ਸ਼ਹਿਰ ਤਾਂ ਆਬਾਦ ਹੀ ਸੇਖੋਂ ਜੱਟਾਂ ਨੇ ਕੀਤਾ ਸੀ। ਉਹ ਆਪਣੇ ਜਠੇਰੇ ਬਾਬਾ ਮੋਹਨ ਸਿੱਧ ਦੀ ਪੂਜਾ ਕਰਦੇ ਹਨ। ਉਹ ਵੱਢੇ ਹੋਏ ਸਿਰ ਨਾਲ ਧਾੜਵੀਆਂ ਦਾ ਮੁਕਾਬਲਾ ਕਰਦਾ ਹੋਇਆ ਸੰਗਰੂਰ ਪਹੁੰਚ ਗਿਆ ਸੀ ਜਿਥੇ ਉਹ ਡਿੱਗਿਆ, ਉਥੇ ਉਸ ਦਾ ਮੱਠ ਬਣਾਇਆ ਗਿਆ ਹੈ। ਖ਼ੁਸ਼ੀ ਤੇ ਦਿਵਾਲੀ ਸਮੇਂ ਸੇਖੋਂ ਗੋਤ ਦੇ ਲੋਕ ਇਸ ਮੱਠ ਤੇ ਚੜ੍ਹਾਵਾ ਚੜ੍ਹਾ ਕੇ ਆਪਣੇ ਜਠੇਰੇ ਦੀ ਪੂਜਾ ਕਰਦੇ ਹਨ।

ਸੇਖੋਂ ਗੋਤ ਦੀ ਇੱਕ ਸ਼ਾਖ ਜਿਨ੍ਹਾਂ ਨੂੰ ਸੇਖੂ ਕੇ ਕਿਹਾ ਜਾਂਦਾ ਹੈ ਉਹ ਆਪਣੇ ਸਿੱਧ ਪ੍ਰਮਾਨੰਦ ਦੀ ਮਾਨਤਾ ਕਰਦੇ ਹਨ। ਇਸ ਦੀ ਮੱਠ ਵੀ ਸੰਗਰੂਰ ਵਿੱਚ ਨਾਭੇ ਗੇਟ ਤੋਂ ਬਾਹਰ ਹੈ। ਉਹ ਰਿਧੀਆਂ ਸਿਧੀਆਂ ਵਾਲਾ ਮਹਾਨ ਕਰਾਮਾਤੀ ਬਾਬਾ ਸੀ। ਇਸ ਦੀ ਸਮਾਧੀ ਤੇ ਐਤਵਾਰ ਨੂੰ ਸ਼ਰਧਾਲੂ ਲੋਕ ਦੁੱਧ ਚੜ੍ਹਾਉਂਦੇ ਹਨ। ਖ਼ੁਸ਼ੀ ਤੇ ਦਿਵਾਲੀ ਸਮੇਂ ਮਿਠਾਈ ਵੀ ਵੰਡੀ ਜਾਂਦੀ ਹੈ ਅਤੇ ਬਾਬੇ ਦੀ ਪੂਜਾ ਵੀ ਕੀਤੀ ਜਾਂਦੀ ਹੈ।

ਸੰਗਰੂਰ ਦੇ ਇਲਾਕੇ ਵਿੱਚ ਪਹਿਲਾਂ ਪਹਿਲ ਸੇਖੋਂ ਜੱਟ ਪਸ਼ੂ ਚਾਰਨ ਲਈ ਆਏ ਸਨ ਫਿਰ ਏਥੇ ਹੀ ਨਵੇਂ ਪਿੰਡ ਆਬਾਦ ਕਰਕੇ ਵਸ ਗਏ। ਸੇਖੋਂਪੱਤੀ ਪਿੰਡ ਵੀ ਸੇਖਵਾਂ ਦਾ ਹੀ ਹੈ। ਬੋਹੜਾਵਾਲ, ਬੜੂੰਦੀ ਤੇ ਦਾਖਾ ਪਿੰਡ ਦੇ ਸੇਖੋਂ ਇਕੋ ਖ਼ਾਨਦਾਨ ਵਿਚੋਂ ਹਨ। ਸੇਖੋਂ ਦੇ ਪੋਤਰੇ ਬਾਬੇ ਬੋਹੜਾ ਨੇ ਕਸਬੇ ਤੋਂ ਉਠਕੇ 1220 ਈਸਵੀ ਦੇ ਲਗਭਗ ਥੋੜਾਵਾਲ ਪਿੰਡ ਆਬਾਦ ਕੀਤਾ ਸੀ। ਇਸ ਪਿੰਡ ਤੋਂ ਇਲਾਵਾ ਮਾਨਸਾ ਵਿੱਚ ਸੇਖਵਾਂ ਦੇ ਕਾਹਨਗੜ੍ਹ, ਫਰਵਾਈ ਆਦਿ ਵੀ ਕਈ ਪਿੰਡ ਹਨ। ਇਸ ਇਲਾਕੇ ਦੇ ਸੇਖੋਂ ਔਲਖਾਂ, ਬੁੱਟਰਾਂ, ਦਲੇਵਾਂ ਤੇ ਮਡੇਰਾਂ ਨੂੰ ਵੀ ਆਪਣੇ ਜੱਗਦੇਉ ਬੰਸੀ ਭਾਈਚਾਰੇ ਵਿਚੋਂ ਸਮਝਦੇ ਹਨ। ਮੁਕਤਸਰ ਦੇ ਇਲਾਕੇ ਵਿੱਚ ਆਲਮਵਾਲਾ, ਰੁਖਾਲਾ, ਚਿਬੜਾਂ ਵਾਲੀ ਆਦਿ 'ਚ ਸੇਖੋਂ ਗੋਤ ਦੇ ਕਾਫ਼ੀ ਜੱਟ ਰਹਿੰਦੇ ਹਨ। ਅਬੋਹਰ ਦੇ ਪਾਸ ਗੋਬਿੰਦਗੜ੍ਹ ਪਿੰਡ ਦੇ ਸੇਖੋਂ ਵੀ ਆਪਣਾ ਪਿਛੋਕੜ ਰਾਜਸਥਾਨ ਦੱਸਦੇ ਹਨ। ਫਿਰੋਜ਼ਪੁਰ ਜਿਲ੍ਹੇ ਵਿੱਚ ਧਰਾਂਗ ਵਾਲਾ ਵੀ ਸੇਖਵਾਂ ਦਾ ਪੁਰਾਣਾ ਪਿੰਡ ਹੈ। ਮਚਾਕੀ (ਫਰੀਦਕੋਟ) ਦੇ ਸੇਖੋਂ ਧਰਾਂਗ ਵਾਲੇ ਤੋਂ ਹੀ ਗਏ ਹਨ। ਤਹਿਸੀਲ ਜੀਰਾ ਵਿੱਚ ਸੇਖੋਂ ਗੋਤ ਦਾ ਇੱਕ ਪ੍ਰਸਿੱਧ ਪਿਡ ਸੇਖਮਾ ਹੈ।

ਸੇਖੋਂ ਜੱਟ ਅਣਖੀ ਤੇ ਲੜਾਕੇ ਹੁੰਦੇ ਹਨ। ਪਿੰਡ ਲੰਗੜੋਆ ਜਿਲ੍ਹਾ ਜਲੰਧਰ ਵਿੱਚ ਵੀ ਸੇਖੋਂ ਜੱਟ ਵਸਦੇ ਹਨ। ਦੁਆਬੇ ਤੇ ਮਾਝੇ ਵਿੱਚ ਸੇਖੋਂ ਗੋਤ ਦੇ ਜੱਟ ਘੱਟ ਹੀ ਹਨ। 'ਗੁਰਦਾਸਪੁਰ ਵਿੱਚ ਸੇਖੋਂ ਗੋਤ ਦਾ ਇੱਕ ਪ੍ਰਸਿੱਧ ਪਿੰਡ ਸੇਖਵਾਂ ਹੈ। ਗੁੱਜਰਾਂਵਾਲੇ ਵਿੱਚ ਸੇਖੋਂ ਗੋਤ ਦੇ ਵੀਹ ਪਿੰਡ ਸਨ ਜੋ ਮਾਲਵੇ ਵਿਚੋਂ ਹੀ ਆਏ ਸਨ। ਇਨ੍ਹਾਂ ਨੂੰ ਪਵਾਰ ਰਾਜਪੂਤ ਹੀ ਸਮਝਿਆ ਜਾਂਦਾ ਸੀ। 1947 ਤੋਂ ਪਹਿਲਾਂ ਜਿਹੜੇ ਸੇਖੋਂ ਗੋਤ ਦੇ ਜੱਟ ਲਾਹੌਰ, ਲਾਇਲਪੁਰ, ਮਿਟਗੁੰਮਰੀ ਤੇ ਗੁੱਜਰਾਂਵਾਲਾ ਆਦਿ ਖੇਤਰ ਵਿੱਚ ਰਹਿੰਦੇ ਸਨ, ਪਾਕਿਸਤਾਨ ਬਣਨ ਮਗਰੋਂ ਉਹ ਸਾਰੇ ਪੂਰਬੀ ਪੰਜਾਬ ਵਿੱਚ ਹੀ ਵਾਪਿਸ ਆ ਗਏ। ਸੇਖੋਂ ਗੋਤ ਦੇ ਕੁਝ ਲੋਕ ਨਾਈ ਤੇ ਮਜ਼੍ਹਬੀ ਸਿੱਖ ਆਦਿ ਦਲਿਤ ਜਾਤੀਆਂ ਵਿੱਚ ਵੀ ਮਿਲਦੇ ਹਨ। ਪਜਾਬ ਦੇ ਮਾਲਵੇ ਖੇਤਰ ਵਿੱਚ ਸੇਖੋਂ ਗੋਤ ਦੇ ਜੱਟਾਂ ਦੀ ਗਿਣਤੀ ਕਾਫ਼ੀ ਹੈ। ਸੇਖੋਂ ਫ਼ੌਜੀ ਸਰਵਸ, ਪੁਲਿਸ, ਵਿਦਿਆ ਤੇ ਖੇਤੀਬਾੜੀ ਦੇ ਖੇਤਰ ਵਿੱਚ ਕਾਫ਼ੀ ਅੱਗੇ ਹਨ। ਕੁਝ ਅਮਰੀਕਾ ਤੇ ਕੈਨੇਡਾ ਵਿੱਚ ਵੀ ਚਲੇ ਗਏ ਹਨ। ਸੰਤ ਸਿੰਘ ਸੇਖੋਂ, ਜਿਸ ਨੂੰ ਪੰਜਾਬੀ ਸਾਹਿਤ ਦਾ ਬਾਬਾ ਬੋਹੜ ਕਿਹਾ ਜਾਂਦਾ ਹੈ, ਨੂੰ ਆਪਣੇ ਗੋਤ ਤੇ ਬਹੁਤ ਮਾਨ ਸੀ ਕਿਉਂਕਿ ਸੇਖੋਂ ਜੱਟ ਰਾਜੇ ਭੋਜ ਤੇ ਮਹਾਨ ਸੂਰਬੀਰ ਜੱਗਦੇਉ ਪਰਮਾਰ ਦੀ ਬੰਸ ਵਿਚੋਂ ਹਨ।

ਰਾਜੇ ਭੋਜ ਬਾਰੇ ਹਿੰਦੀ ਵਿੱਚ ਬੀ• ਐਨ• ਰੇਊ ਦੀ ਅਲਾਹਬਾਦ ਤੋਂ ਇੱਕ ਬਹੁਤ ਹੀ ਖੋਜ ਭਰਪੂਰ ਇਤਿਹਾਸਕ ਪੁਸਤਕ ਛਪੀ ਹੈ। ਰਾਜੇ ਜੱਗਦੇਉ ਬਾਰੇ ਅਜੇ ਤੱਕ ਕਿਸੇ ਨੇ ਕੋਈ ਇਤਿਹਾਸਕ ਪੁਸਤਕ ਨਹੀਂ ਲਿਖੀ। ਪੰਜਾਬੀ ਵਿੱਚ ਰਾਜੇ ਜੱਗਦੇਉ ਪਰਮਾਰ ਬਾਰੇ ਕੁਝ ਕਿੱਸੇ ਵੀ ਛਪੇ ਹਨ। ਲੋਕ ਕਥਾ ਵੀ ਪ੍ਰਚਲਤ ਹੈ। ਭਾਵੇਂ ਸੇਖੋਂ ਗੋਤ ਦੇ ਜੱਟਾਂ ਦੀ ਗਿਣਤੀ ਬਹੁਤ ਘੱਟ ਹੈ ਫਿਰ ਵੀ ਇਹ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਭਾਈਚਾਰਾ ਹੈ। ਪਰਮਾਰਾਂ ਦਾ ਉਤਰੀ ਹਿੰਦ ਅਤੇ ਮੱਧ ਪ੍ਰਦੇਸ਼ ਦੇ ਇਤਿਹਾਸ ਵਿੱਚ ਮਹਾਨ ਯੋਗਦਾਨ ਹੈ। ਪੰਜਾਬ ਵਿੱਚ ਪਰਮਾਰਾਂ ਦੇ 21 ਉਪਗੋਤੀ ਜੱਟ ਵਸਦੇ ਹਨ। ਸੇਖੋਂ ਮਿਹਨਤੀ ਤੇ ਸਿਆਣੇ ਜੱਟ ਹਨ। ਇਤਿਹਾਸ ਦੀ ਸਿਰਜਣਾ ਕਰਨ ਵਾਲੇ ਹਮੇਸ਼ਾ ਜਿੰਦਾ ਰਹਿੰਦੇ ਹਨ। ਸੁਲੱਖਣ ਮਹਾਨ ਸਿੱਧ ਸੀ।

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com