ਸਾਹੀ – ਇਹ ਸੂਰਜਬੰਸੀ ਹਨ। ਇਹ ਕਾਬਲ ਗੰਧਾਰ ਤਕ ਘੁੰਮਦੇ ਘੁੰਮਦੇ ਕੁਝ ਸਮੇਂ
ਮਗਰੋਂ ਲਾਹੌਰ ਦੇ ਆਸਪਾਸ ਰਾਵੀ ਦੇ ਕਿਨਾਰੇ ਆਬਾਦ ਹੋ ਗਏ। ਲਾਹੌਰ ਤੋਂ ਕੁਝ ਮਾਲਵੇ ਵਲ ਆ
ਗਏ। ਬਹੁਤੇ ਸਾਹੀ ਪੱਛਮੀ ਪੰਜਾਬ ਦੇ ਸਿਆਲਕੋਟ, ਗੁਜਰਾਂਵਾਲਾ, ਜੇਹਲਮ, ਗੁਜਰਾਤ,
ਸ਼ਾਹਪੁਰ, ਮੁਲਤਾਨ, ਝੰਗ ਤੇ ਮਿੰਟਗੁਮਰੀ ਦੇ ਖੇਤਰਾਂ ਵਿਚ ਵਸ ਗਏ। ਇਹ ਕਾਬਲ ਤੇ ਵੀ ਕਾਬਜ਼
ਰਹੇ ਹਨ। ਪੂਰਬੀ ਪੰਜਾਬ ਵਿਚ ਲੁਧਿਆਣਾ, ਅੰਮ੍ਰਿਤਸਰ, ਜਲੰਧਰ, ਫਿਰੋਜ਼ਪੁਰ ਤੇ ਨਾਭਾ ਆਦਿ
ਖੇਤਰਾਂ ਵਿਚ ਵੀ ਸਾਹੀ ਗੋਤ ਦੇ ਜੱਟ ਕਾਫੀ ਵਸਦੇ ਹਨ। ਇਹ ਵੀ ਪ੍ਰਾਚੀਨ ਤੇ ਖਾੜਕੂ ਜੱਟ
ਹਨ। ਲੁਧਿਆਣਾ ਦੇ ਸਾਹੀ ਆਪਣਾ ਗੋਤ ਸ਼ਾਹੀ ਲਿਖਦੇ ਹਨ। ਇਹ ਸੰਧੂ ਜੱਟਾਂ ਨੂੰ ਆਪਣੇ
ਭਾਈਚਾਰੇ ਵਿਚੋਂ ਸਮਝਦੇ ਹਨ। ਇਹ ਹੋਰ ਜੱਟਾਂ ਵਾਂਗ ਜੰਡੀ ਵੰਡਣ ਦੀ ਰਸਮ ਵੀ ਕਰਦੇ ਸਨ।
ਇਨ੍ਹਾਂ ਵਿਚ ਵਿਧਵਾ ਇਸਤਰੀ ਕੇਵਲ ਆਪਣੇ ਪਤੀ ਦੇ ਭਰਾ ਨਾਲ ਹੀ ਦੋਬਾਰਾ ਸ਼ਾਦੀ ਕਰ ਸਕਦੀ
ਹੈ।
ਪੱਛਮੀ ਪੰਜਾਬ ਵਿਚ ਬਹੁਤੇ ਸਾਹੀ ਜੱਟ ਮੁਸਲਮਾਨ ਬਣ ਗਏ ਹਨ। ਪੂਰਬੀ ਪੰਜਾਬ ਦੇ ਸਾਹੀ
ਜਾਂ ਸ਼ਾਹੀ ਜੱਟ ਸਿੱਖ ਹਨ। ਹਿੰਦੂ ਸ਼ਾਹੀ ਘਰਾਣੇ ਨੇ 870 ਈਸਵੀ ਤੋਂ 1020 ਈਸਵੀ ਤਕ
ਪੰਜਾਬ, ਕਸ਼ਮੀਰ ਤੇ ਗੰਧਾਰ ਖੇਤਰ ਤੇ ਰਾਜ ਕੀਤਾ। ਮਹਿਮੂਦ ਗਜ਼ਨਵੀ ਨਾਲ ਕਈ ਛੋਟੀਆਂ ਵਡੀਆਂ
ਲੜਾਈਆਂ ਕਰਕੇ ਉੱਤਰੀ ਹਿੰਦ ਦੀ ਰਖਿਆ ਕੀਤੀ। ਹਿੰਦੂ ਸ਼ਾਹੀ ਬੰਸ ਦੇ ਪ੍ਰਸਿਧ ਰਾਜੇ
ਜੈਪਾਲ, ਆਨੰਦਪਾਲ, ਤ੍ਰੈਲੋਚਨ ਪਾਲ ਤੇ ਭੀਮ ਪਾਲ ਹੋਏ ਹਨ।
ਸਾਂਝੇ ਪੰਜਾਬ ਵਿਚ 1881 ਈਸਵੀ ਦੀ ਜਨਸੰਖਿਆ ਅਨੁਸਾਰ ਸਾਹੀ ਜਟਾਂ ਦੀ ਗਿਣਤੀ ਕੇਵਲ
13,402 ਸੀ। ਬਠਿੰਡੇ ਦੇ ਰਾਜੇ ਬਿਜੇਰਾਏ ਭੱਟੀ ਨੇ ਲਾਹੌਰ ਦੇ ਹਿੰਦੂ ਸ਼ਾਹੀ ਰਾਜੇ
ਆਨੰਦਪਾਲ ਨੂੰ ਕਰ ਦੇਣ ਤੋਂ ਨਾਂਹ ਕਰਕੇ ਉਸ ਨੂੰ ਆਪਣਾ ਵਿਰੋਧੀ ਬਣਾ ਲਿਆ ਸੀ। 1004
ਈਸਵੀ ਵਿਚ ਮਹਿਮੂਦ ਗਜ਼ਨਵੀ ਤੋਂ ਹਾਰ ਕੇ ਭੱਟੀ ਰਾਜਸਥਾਨ ਵਲ ਚਲੇ ਗਏ ਸਨ। ਸਾਹੀ ਜੱਟ ਵੀ
ਗਿਲਾਂ ਨੂੰ ਆਪਣੀ ਬਰਾਦਰੀ ਵਿਚੋਂ ਸਮਝਦੇ ਹਨ। ਭੱਟੀ ਦੋਬਾਰਾ ਪੰਜਾਬ ਵਿਚ 1180 ਈਸਵੀ
ਤੋਂ ਮਗਰੋਂ ਆਏ। ਸਾਹੀ ਤੇ ਗਿਲ ਗੋਤ ਦੇ ਲੋਕ ਸੂਰਜਬੰਸੀ ਹਨ। ਭੱਟੀ ਕਬੀਲੇ ਦੇ ਲੋਕ ਚੰਦਰ
ਬੰਸੀ ਯਾਦਵਾਂ ਵਿਚੋਂ ਹਨ। ਸ਼ਾਹੀ ਉਘਾ ਗੋਤ ਹੈ। |