ਰਾਂਝੇ – ਇਹ ਭੱਟੀ ਰਾਜਪੂਤਾਂ ਵਿਚੋਂ ਹਨ। ਇਨ੍ਹਾਂ ਦਾ ਪਿਛੋਕੜ ਰਾਜਸਥਾਨ ਦਾ
ਜੈਸਲਮੇਰ ਖੇਤਰ ਸੀ। ਪੂਰਬੀ ਪੰਜਾਬ ਵਿਚ ਇਨ੍ਹਾਂ ਦੀ ਗਿਣਤੀ ਬਹੁਤ ਹੀ ਘਟ ਸੀ। ਇਹ ਬਹੁਤ
ਹੀ ਘੱਟ ਗਿਣਤੀ ਵਿਚ ਫਿਰੋਜ਼ਪੁਰ, ਗੁਰਦਾਸਪੁਰ, ਕਪੂਰਥਲਾ, ਜਲੰਧਰ ਤੇ ਪਟਿਆਲਾ ਆਦਿ
ਖੇਤਰਾਂ ਵਿਚ ਪਾਏ ਜਾਂਦੇ ਹਨ। ਦੁਆਬੇ ਵਿਚ ਕੋਟ ਰਾਂਝਾ ਇਨ੍ਹਾਂ ਦਾ ਪ੍ਰਸਿਧ ਪਿੰਡ ਹੁੰਦਾ
ਸੀ। ਇਹ ਭਾਰੀ ਗਿਣਤੀ ਵਿਚ ਮੁਸਲਮਾਨ ਬਣ ਗਏ ਸਨ। ਇਹ ਬਹੁਤੇ ਪੂਰਬੀ ਪੰਜਾਬ ਤੋਂ ਪੱਛਮੀ
ਪੰਜਾਬ ਵਲ ਚਲੇ ਗਏ ਸਨ। ਪੂਰਬੀ ਪੰਜਾਬ ਵਿਚ ਕੁਝ ਰਾਂਝੇ ਜੱਟ ਸਿੱਖ ਵੀ ਹਨ। ਇਹ ਬਹੁਤੇ
ਚਨਾਬ ਤੇ ਜੇਹਲਮ ਦੇ ਵਿਚਕਾਰਲੇ ਖੇਤਰ ਸ਼ਾਹਪੁਰ ਤੇ ਗੁਜਰਾਤ ਵਿਚ ਵਸਦੇ ਹਨ। ਕੁਝ ਇਨ੍ਹਾਂ
ਦਰਿਆਵਾਂ ਨੂੰ ਪਾਰ ਕਰਕੇ ਜੇਹਲਮ ਤੇ ਗੁਜਰਾਂਵਾਲਾ ਦੇ ਦੂਰ ਦੁਰਾੜੇ ਖੇਤਰਾਂ ਤੱਕ ਵੀ
ਪਹੁੰਚ ਗਏ ਸਨ। ਸ਼ਾਹਪੁਰ ਦੇ ਬਹੁਤੇ ਰਾਂਝੇ ਆਪਣੇ ਆਪ ਨੂੰ ਰਾਜਪੂਤ ਮੰਨਦੇ ਹਨ।
ਰਾਂਝੇ ਰਾਜਪੂਤ ਵੀ ਹੁੰਦੇ ਹਨ ਤੇ ਰਾਂਝੇ ਜੱਟ ਵੀ ਹੁੰਦੇ ਹਨ। ਜਿਹੜੇ ਲੋਕ ਜੱਟਾਂ
ਨਾਲ ਰਿਸ਼ਤੇਦਾਰੀ ਪਾ ਲੈਂਦੇ ਸਨ ਉਹ ਜੱਟ ਭਾਈਚਾਰੇ ਵਿਚ ਰਲ ਮਿਲ ਜਾਂਦੇ ਹਨ। ਜੱਟਾਂ ਵਿਚ
ਕਰੇਵੇ ਦੀ ਰਸਮ ਪ੍ਰਚਲਤ ਸੀ। ਪਰ ਰਾਜਪੂਤਾਂ ਵਿਚ ਨਹੀਂ ਸੀ। ਇਹ ਹੀ ਇਨ੍ਹਾਂ ਵਿਚ ਵੱਡਾ
ਫਰਕ ਸੀ। ਰਾਂਝੇ ਬਹੁਤ ਹੀ ਤਾਕਤਵਰ ਤੇ ਖਾੜਕੂ ਸਨ। ਚਨਾਬ ਦਰਿਆ ਦੀ ਵਾਦੀ ਅਥਵਾ ਜ਼ਿਲ੍ਹਾ
ਸ਼ਾਹਪੁਰ ਤੇ ਜ਼ਿਲ੍ਹਾ ਝੰਗ ਵਿਚ ਰਾਂਝੇ ਜੱਟਾਂ ਦੀ ਚੌਧਰ ਰਹੀ ਹੈ। ਇਹ ਬਹੁਤ ਹੀ ਮਿਹਨਤੀ,
ਅਣਖੀ, ਲੜਾਕੇ ਤੇ ਇਜ਼ਤਦਾਰ ਜੱਟ ਸਨ। ਆਪਣੇ ਇਲਾਕੇ ਵਿਚ ਇਨ੍ਹਾਂ ਦਾ ਪੂਰਾ ਦਬਦਬਾ ਸੀ।
ਰਾਂਝੇ ਜੱਟਾਂ ਬਾਰੇ ਕਹਾਵਤ ਸੀ ਕਿ ਇਨ੍ਹਾਂ ਨੂੰ ਪੀਰ ਦੀ ਮਾਰ ਪਈ ਸੀ ਕਿ ਜੇ ਇਨ੍ਹਾਂ
ਨੂੰ ਕੋਈ ਲੜਣ ਭਿੜਣ ਨੂੰ ਹੋਰ ਕਬੀਲਾ ਨਾ ਮਿਲੇ ਤਾਂ ਆਪਸ ਵਿਚ ਹੀ ਲੜਦੇ ਰਹਿੰਦੇ ਸਨ।
ਅੰਗਰੇਜ਼ ਸਰਕਾਰ ਦੇ ਸਮੇਂ ਰਾਂਝੇ ਜੱਟ 64 ਪਿੰਡਾਂ ਵਿਚ ਇਕ ਲਗਾਤਾਰ ਲਗਦੀ ਲਾਰ ਵਿਚ
ਆਬਾਦ ਸਨ। ਇਨ੍ਹਾਂ ਦੇ ਪਿੰਡ ਗੁਜਰਾਤ ਵਲ ਵੀ ਸਨ। ਰਾਂਝੇ ਭਾਈਚਾਰੇ ਦੀ ਪੱਛਮੀ ਪੰਜਾਬ
ਵਿਚ ਚੰਗੀ ਆਨ ਤੇ ਸ਼ਾਨ ਸੀ। ਇਹ ਖਾੜਕੂ ਜੱਟ ਸਨ। ਪੱਛਮੀ ਪੰਜਾਬ ਵਿਚ ਲਾਹੌਰ,
ਗੁਜਰਾਂਵਾਲਾ, ਜੇਹਲਮ, ਗੁਜਰਾਤ, ਸ਼ਾਹਪੁਰ, ਮੁਲਤਾਨ, ਝੰਗ ਤੇ ਮੁਜ਼ਫਰਗੜ੍ਹ ਦੇ ਖੇਤਰਾਂ
ਵਿਚ ਰਾਂਝੇ ਭਾਈਚਾਰੇ ਦੇ ਲੋਕ ਦੂਰ ਤਕ ਫੈਲ਼ੇ ਹੋਏ ਸਨ। ਇਹ ਰਾਜਪੂਤ ਵੀ ਸਨ ਤੇ ਜੱਟ ਵੀ
ਸਨ। 1881 ਈਸਵੀ ਦੀ ਜਨਸੰਖਿਆ ਅਨੁਸਾਰ ਸਾਂਝੇ ਪੰਜਾਬ ਵਿਚ ਰਾਂਝੇ ਜੱਟਾਂ ਦੀ ਗਿਣਤੀ
10,956 ਸੀ ਤੇ ਰਾਜਪੂਤ ਰਾਂਝੇ 7,490 ਸਨ।
ਹੀਰ ਦੀ ਕਹਾਣੀ ਦਾ ਨਾਇਕ ਧੀਦੋ ਰਾਂਝਾ ਤਖਤ ਹਜ਼ਾਰੇ ਦੇ ਚੌਧਰੀ ਮੌਜੂ ਦਾ
ਪੁਤਰ ਸੀ। ਮੌਜੂ ਵੀ ਰਾਂਝਾ ਬਰਾਦਰੀ ਦਾ ਇਕ ਵੱਡਾ ਚੌਧਰੀ ਸੀ। ਇਹ ਵੀ ਰਾਂਝੇ ਜੱਟ ਸਨ।
ਨਵੇਂ ਨਵੇਂ ਮੁਸਲਮਾਨ ਬਣੇ ਸਨ। ਰਾਂਝੇ ਜੱਟ ਜ਼ਿਆਦਾ ਮੁਸਲਮਾਨ ਹੀ ਹਨ। ਪਰ ਸਿੱਖ ਤੇ
ਹਿੰਦੂ ਜੱਟਾਂ ਵਿਚ ਰਾਂਝਾ ਗੋਤ ਆਮ ਮਿਲਦਾ ਹੈ। ਪੱਛਮੀ ਪੰਜਾਬ ਵਿਚ ਰਾਂਝਾ ਗੋਤ ਬਹੁਤ ਹੀ
ਪ੍ਰਸਿਧ ਹੈ। ਪੂਰਬੀ ਪੰਜਾਬ ਵਿਚ ਬਹੁਤਾ ਉਘਾ ਨਹੀਂ ਹੈ। ਰਾਂਝੇ, ਵਿਰਕ, ਢੰਡੇ, ਮੰਡੇਰ
ਆਦਿ ਜੱਟ ਕਬੀਲੇ ਈਸਾ ਤੋਂ ਪੰਜ ਸੌ ਸਾਲ ਪਹਿਲਾਂ ਪਾਣਨੀ ਦੇ ਸਮੇਂ ਵੀ ਪੰਜਾਬ
ਵਿਚ ਵਸਦੇ ਸਨ। ਭੱਟੀ ਜੱਟ ਵੀ ਪੰਜਾਬ ਤੇ ਰਾਜਸਤਾਨ ਦੇ ਪੁਰਾਣੇ ਵਸਨੀਕ ਹਨ। ਇਹ ਆਪਣਾ
ਸਬੰਧ ਸ੍ਰੀ ਕ੍ਰਿਸ਼ਨ ਜੀ ਦੀ ਯਾਦਵ ਬੰਸ ਨਾਲ ਜੋੜਦੇ ਹਨ।
ਰਾਂਝਾ, ਜੱਟਾਂ ਦਾ ਇਕ ਬਹੁਤ ਹੀ ਛੋਟਾ ਤੇ ਉਘਾ ਗੋਤ ਹੈ। ਸ੍ਰੀ ਕ੍ਰਿਸ਼ਨ ਜੀ ਮਹਾਰਾਜ
ਤੇ ਸ੍ਰੀ ਰਾਮ ਚੰਦਰ ਜੀ ਮਹਾਰਾਜ ਦੋਵੇਂ ਜੱ ਸਨ ਕਿਉਂਕਿ ਜੱਟਾਂ ਦੇ ਬਹੁਤੇ ਗੋਤ ਸ੍ਰੀ
ਕ੍ਰਿਸ਼ਨ ਜੀ ਦੀ ਬੰਸ ਵਿਚੋਂ ਹਨ। ਕੁਝ ਜੱਟ ਸ੍ਰੀ ਰਾਮ ਚੰਦਰ ਦੀ ਰਘੂਕੁਲ ਵਿਚੋਂ ਵੀ ਹਨ।
ਰਾਂਝੇ ਤੇ ਭੱਟੀ ਸ੍ਰੀ ਕ੍ਰਿਸ਼ਨ ਜੀ ਦੀ ਬੰਸ ਵਿਚੋਂ ਹਨ। ਸੰਧੂ ਜੱਟ ਸ੍ਰੀ ਰਾਮ ਚੰਦਰ ਜੀ
ਦੀ ਬੰਸਾ ਵਿਚੋਂ ਹਨ। ਬੀ ਐੱਸ ਦਾਹੀਆ ਨੇ ਆਪਣੀ ਕਿਤਾਬ ਜਾਟਸ ਵਿਚ ਜੱਟਾਂ ਨੂੰ
ਹੀ ਭਾਰਤ ਦੇ ਪ੍ਰਾਚੀਨ ਹੁਕਮਰਾਨ ਲਿਖਿਆ ਹੈ। ਰਾਂਝੇ ਵੀ ਆਪਣੇ ਇਲਾਕੇ ਦੇ ਹਾਕਮ ਤੇ
ਚੌਧਰੀ ਸਨ। ਹਿੰਦੂ ਜੱਟਾਂ ਤੇ ਮੁਸਲਿਮ ਜੱਟਾਂ ਵਿਚ ਰੋਟੀ ਬੇਟੀ ਦੀ ਸਾਂਝ ਨਹੀਂ ਹੈ
ਕਿਉਂਕਿ ਮੁਸਲਿਮ ਤੇ ਇਸਾਈ ਸਮਾਜ ਹਿੰਦੂ ਸਮਾਜ ਤੋਂ ਅਲੱਗ ਹੈ। ਬਾਕੀ ਸਾਰੇ ਸਮਾਜ ਹਿੰਦੂ
ਜੀਵਨ ਸ਼ੇਲੀ ਦਾ ਹਿੱਸਾ ਹਨ। ਹਿੰਦੂ ਕੋਈ ਧਰਮ ਨਹੀਂ ਹੈ। ਸਿੱਖ, ਬੋਧੀ, ਜੈਨੀ ਤੇ ਬਿਸਨੋਈ
ਵੱਖਰੇ ਧਰਮ ਹੋਣ ਕਾਰਨ ਵਖਰੀ ਪਛਾਣ ਰਖਦੇ ਹਨ। ਸਨਾਤਨੀ ਹਿੰਦੂਆਂ ਤੇ ਆਰੀਆ ਸਮਾਜੀਆਂ ਦੇ
ਧਰਮ ਵੀ ਵਖ ਵਖ ਹਨ। ਉਤਰ ਪ੍ਰਦੇਸ਼ ਵਿਚ ਹਿੰਦੂ ਜੱਟਾਂ ਦੀਆਂ ਸਿੱਖ ਜੱਟਾਂ ਨਾਲ
ਰਿਸ਼ਤੇਦਾਰੀਆਂ ਹਨ। ਭਾਰਤ ਵਿਚ ਰਾਂਝੇ ਜੱਟ ਬਹੁਤ ਹੀ ਘੱਟ ਹਨ। ਇਹ ਬਹੁਤੇ ਮੁਸਲਮਾਨ ਹੀ
ਬਣ ਗਏ ਸਨ। ਦੁਆਬੇ ਵਿਚ ਕੁਝ ਰਾਂਝੇ ਜੱਟ ਸਿੱਖ ਵੀ ਹਨ। |