ਰੰਧਾਵਾ : ਇਸ ਬੰਸ ਦਾ ਮੋਢੀ ਰੰਧਾਵਾ ਸੀ। ਇਹ ਭੱਟੀ ਰਾਜਪੂਤਾਂ ਵਿਚੋਂ ਹਨ।
ਸਿੱਧੂਆਂ ਬਰਾੜਾਂ ਤੇ ਸਾਰਨਾ ਵਾਂਗ ਰੰਧਾਵੇ ਵੀ ਜੂੰਧਰ ਦੀ ਬੰਸ ਵਿਚੋਂ ਹਨ ਪਰ ਇਹ
ਇਨ੍ਹਾਂ ਦੋਵਾਂ ਗੋਤਾਂ ਨਾਲ ਰਿਸ਼ਤੇਦਾਰੀਆਂ ਵੀ ਕਰ ਲੈਂਦੇ ਹਨ।
ਇਹ ਬਾਰ੍ਹਵੀਂ ਸਦੀ ਵਿੱਚ ਹੀ ਰਾਜਸਥਾਨ ਦੇ ਬੀਕਾਨੇਰ ਖੇਤਰ ਤੋਂ ਉਠਕੇ ਸਭ ਤੋਂ
ਪਹਿਲਾਂ ਪੰਜਾਬ ਦੇ ਮਾਲਵਾ ਖੇਤਰ ਵਿੱਚ ਆਕੇ ਆਬਾਦ ਹੋਏ। ਮਾਨ ਜੱਟਾਂ ਨਾਲ ਰਿਸ਼ਤੇਦਾਰੀ
ਪਾਕੇ ਜੱਟ ਭਾਈਚਾਰੇ ਵਿੱਚ ਰਲਮਿਲ ਗਏ। ਚਹਿਲ ਇਨ੍ਹਾਂ ਨਾਲ ਈਰਖਾ ਕਰਨ ਲੱਗ ਪਏ। ਉਨ੍ਹਾਂ
ਨੇ ਰੰਧਾਵਿਆਂ ਨੂੰ ਇੱਕ ਬਰਾਤ ਸਮੇਂ ਘੇਰ ਕੇ ਅੱਗ ਲਾ ਦਿੱਤੀ। ਰੰਧਾਵਿਆਂ ਦਾ ਬਹੁਤ ਜਾਨੀ
ਤੇ ਮਾਲੀ ਨੁਕਸਾਨ ਹੋਇਆ। ਇਸ ਕਾਰਨ ਬਹੁਤੇ ਰੰਧਾਵੇ ਮਾਲਵਾ ਛੱਡ ਕੇ ਮਾਝੇ ਵੱਲ ਚਲੇ ਗਏ।
ਅੰਮ੍ਰਿਤਸਰ ਖੇਤਰ ਵਿੱਚ ਕੱਥੂ ਨੰਗਲ ਤੇ ਰਾਮਦਾਸ ਵੀ ਰੰਧਾਵੇ ਭਾਈਚਾਰੇ ਦੇ ਉਘੇ ਪਿੰਡ
ਹਨ।
ਪੁਰਾਣੀ ਦੁਸ਼ਮਣੀ ਕਾਰਨ ਰੰਧਾਵੇ ਚਹਿਲਾਂ ਨਾਲ ਰਿਸ਼ਤੇਦਾਰੀ ਨਹੀਂ ਪਾਉਂਦੇ ਹਨ।
ਕਜਲ ਰੰਧਾਵੇ ਦੀ ਬੰਸ ਦੇ ਲੋਕ ਬਟਾਲੇ ਦੇ ਖੇਤਰ ਵਿੱਚ ਚਲੇ ਗਏ। ਇਸ ਇਲਾਕੇ ਵਿੱਚ ਇਸ
ਗੋਤ ਦਾ ਪੁਰਾਣਾ ਤੇ ਮੋਢੀ ਪਿੰਡ ਪਖੋਕੇ ਹੈ। ਇਸ ਬੰਸ ਦੇ ਕੁਝ ਲੋਕ ਸਮੇਂ ਪਿਛੋਂ ਵਹੀਲਾਂ
ਵਿੱਚ ਆਬਾਦ ਹੋ ਗਏ। ਗੁਰਦਾਸਪੁਰ ਖੇਤਰ ਵਿੱਚ ਨੌਸ਼ਹਿਰਾ ਮਝਾ ਸਿੰਘ, ਧਾਰੋਵਾਲੀ ਤੇ
ਬੂਲੇਵਾਲ ਆਦਿ ਪਿੰਡ ਵੀ ਰੰਧਾਵੇ ਭਾਈਚਾਰੇ ਦੇ ਹਨ। ਰੰਧਾਵੇ,
ਭੱਟੀਆਂ ਨੂੰ ਆਪਣਾ ਭਾਈਚਾਰਾ ਹੀ ਸਮਝਦੇ ਸਨ। ਬਟਾਲਾ ਸ਼ਹਿਰ ਵੀ ਰਾਮਦਿਉ ਭੱਟੀ ਨੇ ਹੀ
ਵਸਾਇਆ ਸੀ। ਮਾਝੇ ਵਿਚੋਂ ਕੁਝ ਰੰਧਾਵੇ ਗੁਜਰਾਂਵਾਲਾ ਦੇ ਖੇਤਰ ਰਾਮਦਾਸ ਤੇ ਬਖਾਪੁਰ ਆਦਿ
ਪਿੰਡਾਂ ਵਿੱਚ ਆਬਾਦ ਹੋ ਗਏ ਸਨ। ਪੱਖੋਂ ਰੰਧਾਵੇ ਦਾ ਪੋਤਾ ਅਜਿਹਾ ਰੰਧਾਵਾ ਗੁਰੂ ਨਾਨਕ
ਦਾ ਸੇਵਕ ਸੀ ਜਦੋਂ ਗੁਰੂ ਸਾਹਿਬ ਨੇ ਕਰਤਾਰਪੁਰ ਆਬਾਦ ਕੀਤਾ ਤਾਂ ਗੁਰੂ ਸਾਹਿਬ ਦਾ ਸਾਰਾ
ਪਰਿਵਾਰ ਪਖੋਕੇ ਪਿੰਡ ਵਿੱਚ ਅਜਿਹੇ ਰੰਧਾਵੇ ਦੇ ਪਾਸ ਰਹਿੰਦਾ ਸੀ। ਪੱਖੋ ਦੀ ਬੰਸ ਦੇ
ਰੰਧਾਵੇ ਦੂਰ–ਦੂਰ ਤੱਕ ਫੈਲੇ ਹੋਏ ਹਨ। ਮਾਲਵੇ ਵਿੱਚ ਰੰਧਾਵਿਆਂ ਦਾ ਮੁੱਖ ਟਿਕਾਣਾ ਮਾਲਵੇ
ਦਾ ਤਾਮਕੋਟ ਖੇਤਰ ਹੀ ਸੀ। ਚਹਿਲਾਂ ਨਾਲ ਦੁਸ਼ਮਣੀ ਕਾਰਨ ਜਦੋਂ ਰੰਧਾਵੇ ਤਾਮਕੋਟ ਦਾ
ਇਲਾਕਾ ਛੱਡ ਕੇ ਆਪਣਾ ਆਪਣਾ ਸਾਮਾਨ ਗੱਡਿਆਂ ਤੇ ਲਦ ਕੇ ਚਲ ਪਏ ਤਾਂ ਰਸਤੇ ਵਿੱਚ ਉਨ੍ਹਾਂ
ਦੇ ਗਡੇ ਦਾ ਇੱਕ ਧੁਰਾ ਟੁੱਟ ਗਿਆ। ਇਸ ਨੂੰ ਗੱਡੇ ਦੇ ਮਾਲਕ ਬਦਸ਼ਗਨ ਸਮਝ ਕੇ ਉਸੇ ਥਾਂ
ਰੁਕ ਕੇ ਉਥੇ ਹੀ ਡੇਰੇ ਲਾ ਲਏ। ਇਸ ਖੇਤਰ ਵਿੱਚ ਮੀਮਸਾ (ਅਮਰਗੜ) ਵਾਲੇ ਰੰਧਾਵੇ ਰਹਿੰਦੇ
ਹਨ। ਬਾਕੀ ਰੰਧਾਵੇ ਅੱਗੇ ਮਾਝੇ ਤੇ ਦੁਆਬੇ ਵੱਲ ਦੂਰ–ਦੂਰ ਤੱਕ ਚਲੇ ਗਏ। ਜਿਸ ਥਾਂ ਗੱਡੇ
ਦਾ ਧੁਰਾ ਟੁੱਟਿਆ ਸੀ, ਮੀਮਸਾ ਵਾਲੇ ਰੰਧਾਵੇ 12 ਸਾਲ ਪਿਛੋਂ ਆਕੇ ਉਸ ਸਥਾਨ ਦੀ ਮਾਨਤਾ
ਕਰਦੇ ਹਨ।
ਸਰਹੰਦ ਦੇ ਨਜ਼ਦੀਕ ਫਤਿਹਗੜ੍ਹਸਾਹਿਬ ਦੇ ਖੇਤਰ ਵਿੱਚ ਵੀ ਇੱਕ ਰੰਧਾਵਾ ਪਿੰਡ ਬਹੁਤ ਹੀ
ਪੁਰਾਣਾ ਤੇ ਉਘਾ ਹੈ। ਮਾਲਵੇ ਦੇ ਫਤਿਹਗੜ੍ਹ, ਪਟਿਆਲਾ, ਸੰਗਰੂਰ, ਨਾਭਾ, ਲੁਧਿਆਣਾ,
ਮਲੇਰਕੋਟਲਾ, ਮੋਗਾ, ਫਿਰੋਜ਼ਪੁਰ ਤੇ ਬਠਿੰਡਾ ਆਦਿ ਖੇਤਰਾਂ ਵਿੱਚ ਵੀ ਰੰਧਾਵੇ ਭਾਈਚਾਰੇ
ਦੇ ਕਾਫ਼ੀ ਲੋਕ ਵਸਦੇ ਹਨ। ਦੁਆਬੇ ਦੇ ਜਲੰਧਰ, ਹੁਸ਼ਿਆਰਪੁਰ ਤੇ ਕਪੂਰਥਲਾ ਖੇਤਰਾਂ ਵਿੱਚ
ਵੀ ਰੰਧਾਵੇ ਭਾਈਚਾਰੇ ਦੇ ਲੋਕ ਕਈ ਪਿੰਡਾਂ ਵਿੱਚ ਆਬਾਦ ਹਨ। ਜਲੰਧਰ ਦੇ ਖੇਤਰ ਵਿੱਚ
ਰੰਧਾਵਾ ਮਸੰਦਾਂ ਪਿੰਡ ਰੰਧਾਵੇ ਭਾਈਚਾਰੇ ਦਾ ਬਹੁਤ ਹੀ ਵੱਡਾ ਤੇ ਪ੍ਰਸਿੱਧ ਪਿੰਡ ਹੈ।
ਮਹਾਨ ਪੰਜਾਬੀ ਸਾਹਿਤਕਾਰ ਮਹਿੰਦਰ ਸਿੰਘ ਰੰਧਾਵਾ ਵੀ ਦੁਆਬੇ ਦਾ ਰੰਧਾਵਾ ਜੱਟ ਸੀ। ਉਸ ਨੇ
ਲੋਕ ਭਲਾਈ ਦੇ ਮਹਾਨ ਕੰਮ ਕੀਤੇ। ਉਸ ਵਿੱਚ ਵੀ ਜੱਟਾਂ ਵਾਲੀ ਹਉਮੇ ਸੀ। ਉਹ ਮਹਾਨ ਜੱਟ
ਸੀ। ਪਹਿਲਾਂ–ਪਹਿਲ ਸਾਰੇ ਰੰਧਾਵੇ ਸਖੀ ਸਰਵਰ ਸੁਲਤਾਨੀਏ ਦੇ ਚੇਲੇ ਸਨ ਪਰ ਸਿੱਖ ਗੁਰੂਆਂ
ਦੇ ਪ੍ਰਭਾਵ ਕਾਰਨ ਬਹੁਤੇ ਰੰਧਾਵਿਆਂ ਨੇ ਸਿੱਖ ਧਰਮ ਧਾਰਨ ਕਰ ਲਿਆ। ਮਹਾਰਾਜ ਰਣਜੀਤ ਸਿੰਘ
ਦੇ ਸਮੇਂ ਰੰਧਾਵੇ ਜੱਟਾਂ ਨੇ ਕਾਫ਼ੀ ਉਨਤੀ ਕੀਤੀ। ਰੰਧਾਵੇ ਖ਼ਾਨਦਾਨ ਦਾ ਇਤਿਹਾਸ ਸਰ
ਗਰੀਫਨ ਦੀ ਖੋਜ ਪੁਸਤਕ ‘ਪੰਜਾਬ ਚੀਫ਼ਸ ਵਿੱਚ ਵੀ ਕਾਫ਼ੀ ਦਿੱਤਾ ਗਿਆ ਹੈ।
ਮੁਸਲਮਾਨਾਂ ਦੇ ਰਾਜ ਸਮੇਂ ਕੁਝ ਰੰਧਾਵੇ ਲਾਲਚ ਜਾਂ ਮਜ਼ਬੂਰੀ ਕਾਰਨ ਵੀ ਮੁਸਲਮਾਨ
ਬਣੇ। ਬਟਾਲੇ ਤਹਿਸੀਲ ਦੇ ਭੌਲੇਕੇ ਪਿੰਡ ਦੇ ਕੁਝ ਰੰਧਾਵੇਂ ਮਜ਼ਬੂਰੀ ਕਾਰਨ ਮੁਸਲਮਾਨ
ਬਣੇ। ਭੌਲੇਕੇ ਪਿੰਡ ਦਾ ਭੋਲੇ ਦਾ ਪੁੱਤਰ ਰਜ਼ਾਦਾ ਇੱਕ ਚੋਰ ਦੇ ਧਾੜਵੀ ਸੀ। ਇੱਕ ਵਾਰ ਉਸ
ਨੇ ਸ਼ਾਹੀ ਘੋੜੇ ਚੋਰੀ ਕਰ ਲਏ ਸਨ। ਕਾਜ਼ੀ ਤੋਂ ਆਪਣੀ ਸਜ਼ਾ ਮਾਫ਼ ਕਰਾਉਣ ਲਈ ਮੁਸਲਮਾਨ
ਬਣ ਗਿਆ ਸੀ। ਉਸ ਦੇ ਨਾਲ ਹੀ ਉਸ ਦੀ ਇੱਕ ਇਸਤਰੀ ਦੀ ਬੰਸ ਮੁਸਲਮਾਨ ਬਣ ਗਈ ਅਤੇ ਦੂਜੀ ਹੀ
ਬੰਸ ਹਿੰਦੂ ਹੀ ਰਹੀ ਸੀ। ਪਹਿਲੀ ਇਸਤਰੀ ਦਾ ਪੁੱਤਰ ਅਮੀਨ ਸ਼ਾਹ ਹਿੰਦੂ ਹੀ ਰਿਹਾ ਜਦੋਂਕਿ
ਦੂਜੀ ਇਸਤਰੀ ਦੇ ਬੇਟੇ ਅਬੂਲ, ਅਦਲੀ ਤੇ ਜਮਾਲ ਮੁਸਲਮਾਨ ਸਨ। ਜਿਨ੍ਹਾਂ ਦੀ ਬੰਸ ਦੇ
ਰੰਧਾਵੇ ਭੌਲੇਕੇ ਤੇ ਚੱਕ ਮਹਿਮਨ ਵਿੱਚ ਆਬਾਦ ਸਨ। ਸਾਹਿਬ ਮਹਿਮਨ ਗੁਰੂ ਨਾਨਕ ਦੇ ਸਮੇਂ
ਹੋਇਆ ਹੈ। ਇਹ ਦਿਉ ਗੋਤ ਦਾ ਜੱਟ ਸੀ। ਇਹ ਗੁਰੂ ਨਾਨਕ ਦਾ ਸ਼ਰਧਾਲੂ ਤੇ ਕਾਮਲ ਭਗਤ ਸੀ।
ਇਸ ਦੇ ਸ਼ਰਧਾਲੂਆਂ ਨੇ ਇਸ ਨਾਲ ਕਈ ਕਰਾਮਾਤਾਂ ਜੋੜੀਆਂ ਸਨ। ਇਸ ਨੇ ਹੀ ਚੱਕ ਮਹਿਮਨ ਪਿੰਡ
ਵਸਾਇਆ ਸੀ ਜਿਥੇ ਇਸ ਦੀ ਸਮਾਧ ਵੀ ਹੈ ਅਤੇ ਇੱਕ ਤਲਾਬ ਵੀ ਹੈ। ਇਸ ਪਵਿੱਤਰ ਤਾਲਾਬ ਨੂੰ
ਇਸ ਦੇ ਸ਼ਰਧਾਲੂ ਤੇ ਕੁਝ ਰੰਧਾਵੇ ਗੰਗਾ ਸਮਝ ਕੇ ਪੂਜਦੇ ਹਨ।
ਰੰਧਾਵੇ ਭਾਈਚਾਰੇ ਦੇ ਲੋਕ ਗੁਰੂ ਨਾਨਕ, ਸਿੱਧ ਸਾਹੂ ਦੇ ਟਿੱਲੇ, ਮਹਿਮਨ ਸਾਹਿਬ ਦੀ
ਸਮਾਧ, ਬੁੱਢਾ ਸਾਹਿਬ ਦੇ ਗੁਰਦੁਆਰੇ, ਸਾਹਿਬ ਰਾਮ ਕੰਵਰ ਦੇ ਦਰਬਾਰ ਆਦਿ ਦੀ ਬਹੁਤ ਮਾਨਤਾ
ਕਰਦੇ ਹਨ।
ਰੰਧਾਵੇ ਗੋਤ ਦੇ ਜੱਟ ਸਿੱਧ ਸਾਹੂ ਦੇ ਟਿੱਲੇ ਤੇ ਜਾਕੇ ਕੱਤਕ ਤੇ ਹਾੜ ਦੇ ਮਹੀਨੇ ਰਸਮ
ਦੇ ਤੌਰ ਤੇ ਮਿੱਟੀ ਕੱਢਕੇ ਬੱਕਰੇ ਦੀ ਕੁਰਬਾਨੀ ਦਿੰਦੇ ਹਨ। ਆਪਣੇ ਗੋਤ ਦੇ ਮਿਰਾਸੀ ਅਤੇ
ਬ੍ਰਾਹਮਣ ਨੂੰ ਚੜ੍ਹਾਵਾ ਵੀ ਦਿੰਦੇ ਹਨ। ਸਾਹਿਬ ਰਾਮ ਕੰਵਰ ਦਾ ਦਰਬਾਰ ਜਿਲ੍ਹਾ
ਗੁਰਦਾਸਪੁਰ ਦੀ ਤਹਿਸੀਲ ਸ਼ਕਰਕੋਟ ਵਿੱਚ ਨੇਤਨ ਦੇ ਸਥਾਨ ਤੇ ਸੀ। ਸਾਹਿਬ ਰਾਮ ਕੰਵਰ ਦੇ
ਲੜਕੇ ਸਾਹਿਬ ਅਨੂਪ ਦਾ ਦਰਬਾਰ ਬਟਾਲਾ ਤਹਿਸੀਲ ਤੇ ਕਬਜ਼ਾ ਸੀ। ਸਾਰੇ ਪੰਜਾਬ ਵਿੱਚ ਹੀ
ਉਦਾਸੀਆਂ ਤੇ ਨਿਰਮਲਿਆਂ ਦੇ ਕਾਫ਼ੀ ਡੇਰੇ ਸਨ। ਲੋਕ ਇਨ੍ਹਾਂ ਦਾ ਬਹੁਤ ਸਤਿਕਾਰ ਕਰਦੇ ਸਨ।
ਇਨ੍ਹਾਂ ਸਿੱਖ ਧਰਮ ਦਾ ਬਹੁਤ ਪ੍ਰਚਾਰ ਕੀਤਾ ਸੀ। ਗੁਰੂ ਨਾਨਕ ਦਾ ਸਿੱਖ ਬਾਬਾ ਬੁੱਢਾ ਵੀ
ਰੰਧਾਵਾ ਜੱਟ ਸੀ। ਇਸ ਦਾ ਜਨਮ ਪਿੰਡ ਕੱਥੂ ਨੰਗਲ ਜਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ ਸੀ।
ਗੁਰੂ ਨਾਨਕ ਜੀ ਨਾਲ ਮੇਲ ਹੋਇਆ ਤਾਂ ਉਨ੍ਹਾਂ ਉਸ ਦੀਆਂ ਗਲਾਂ ਸੁਣ ਕੇ ਬੁੱਢੇ ਦਾ ਵਰ
ਦਿੱਤਾ। ਗੁਰੂ ਨਾਨਕ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਤਿਲਕ ਇਨ੍ਹਾਂ ਦੇ ਹੱਥੋਂ ਹੀ
ਲਵਾਇਆ ਸੀ। ਛੇਵੇਂ ਗੁਰੂ ਹਰਗੋਬਿੰਦ ਸਾਹਿਬ ਤੱਕ ਟਿੱਕਾ ਬਾਬਾ ਬੁੱਢਾ ਜੀ ਹੀ ਲਾਉਂਦੇ
ਰਹੇ। ਬਾਬਾ ਬੁੱਢਾ ਜੀ ਪਿਛਲੀ ਉਮਰ ਵਿੱਚ ਪਿੰਡ ਰਾਮਦਾਸ ਜਿਲ੍ਹਾ ਅਮ੍ਰਿਤਸਰ ਜਾ ਵਸੇ ਅਤੇ
ਉਥੇ ਹੀ ਪ੍ਰਾਣ ਤਿਆਗੇ। ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਹੱਥੀਂ ਬਾਬਾ ਜੀ ਦਾ ਉਥੇ ਹੀ
ਸਸਕਾਰ ਕੀਤਾ। ਬਾਬਾ ਜੀ ਪਰਮ ਮਨੁੱਖ ਸਨ। ਬਾਬਾ ਜੀ ਦੀ ਬੰਸ ਦੇ ਰੰਧਾਵੇ ਬਹੁਤ ਵਧੇ ਫੁਲੇ
ਹਨ। ਸੱਤਵੇਂ ਗੁਰੂ ਹਰਰਾਏ, ਅੱਠਵੇਂ ਗੁਰੂ ਹਰਕ੍ਰਿਸ਼ਨ ਅਤੇ ਨੌਵੇਂ ਗੁਰੂ ਤੇਗਬਹਾਦਰ ਨੂੰ
ਬਾਬਾ ਬੁੱਢਾ ਜੀ ਦੇ ਪੋਤੇ ਬਾਬਾ ਗੁਰਦਿੱਤਾ ਰੰਧਾਵਾ ਨੇ ਟਿੱਕਾ ਲਾਇਆ। ਮਹਾਰਾਜਾ ਆਲਾ
ਸਿੰਘ ਦੇ ਸਮੇਂ ਰਾਮਦਾਸ ਪਿੰਡ ਤੋਂ ਮਝੈਲ ਰੰਧਾਵੇ ਮਾਲਵੇ ਦੇ ਬੁੱਗਰ ਤੇ ਬੀਹਲੇ ਆਦਿ
ਪਿੰਡਾਂ ਵਿੱਚ ਆਕੇ ਆਬਾਦ ਹੋ ਗਏ ਸਨ। ਦਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
ਮਹਾਰਾਜ ਦੀ ਗੁਰਗਦੀ ਸਮੇਂ ਇਹ ਰਸਮ ਬਾਬਾ ਰਾਮ ਕੰਵਰ ਰੰਧਾਵਾ ਉਰਫ਼ ਗੁਰਬਖਸ਼ ਸਿੰਘ ਨੇ
ਨਿਭਾਈ ਸੀ। ਇਨ੍ਹਾਂ ਨੇ ਹੀ ਦਸਵੇਂ ਗੁਰੂ ਨੂੰ ਹੀਰਿਆਂ ਦੀ ਜੜ੍ਹਤ ਵਾਲੀ ਬਹੁਮੁੱਲੀ
ਕਲਗ਼ੀ ਤੇ ਦਸਤਾਰ ਭੇਂਟ ਕੀਤੀ ਸੀ।
ਪੱਛਮੀ ਪੰਜਾਬ ਦੇ ਲਾਹੌਰ, ਸਿਆਲਕੋਟ, ਗੁਜਰਾਂਵਾਲਾ, ਮੁਲਤਾਨ ਤੇ ਝੰਗ ਆਦਿ ਖੇਤਰਾਂ
ਵਿੱਚ ਵੀ ਰੰਧਾਵੇ ਜੱਟ ਕਾਫ਼ੀ ਵੱਸਦੇ ਸਨ। ਗੁਜਰਾਂਵਾਲੇ ਇਲਾਕੇ ਦੇ ਰੰਧਾਵੇ ਆਪਣੇ ਆਪ
ਨੂੰ ਭੱਟੀ ਕਹਾਕੇ ਮਾਣ ਮਹਿਸੂਸ ਕਰਦੇ ਸਨ। ਪੱਛਮੀ ਪੰਜਾਬ ਦੇ ਬਹੁਤੇ ਰੰਧਾਵੇ ਮੁਸਲਮਾਨ
ਬਣ ਗਏ ਸਨ। ਪਾਕਿਸਤਾਨ ਤੋਂ ਉਜੜ ਕੇ 1947 ਈਸਵੀਂ ਵਿੱਚ ਕੁਝ ਰੰਧਾਵੇ ਸਿੱਖ ਜੱਟ ਹਰਿਆਣੇ
ਦੇ ਕੁਰੂਕਸ਼ੇਤਰ ਖੇਤਰ ਵਿੱਚ ਵੱਸ ਗਏ ਹਨ।
1881 ਈਸਵੀਂ ਦੀ ਜਨਸੰਖਿਆ ਅਨੁਸਾਰ ਸਾਂਝੇ ਪੰਜਾਬ ਵਿੱਚ ਰੰਧਾਵੇ ਜੱਟਾਂ ਦੀ ਗਿਣਤੀ
51,853 ਸੀ। ਹੁਣ ਰੰਧਾਵੇ ਜੱਟ ਤਕਰੀਬਨ ਟਾਵੇਂ–ਟਾਵੇਂ ਸਾਰੇ ਪੰਜਾਬ ਵਿੱਚ ਹੀ ਫੈਲੇ ਹੋਏ
ਹਨ। ਰੰਧਾਵੇ ਨਾਮ ਦੇ ਪੰਜਾਬ ਵਿੱਚ ਕਈ ਪਿੰਡ ਵੀ ਹਨ। ਰੰਧਾਵਾ ਪੰਜਾਬ ਦਾ ਪ੍ਰਸਿੱਧ ਤੇ
ਵੱਡਾ ਗੋਤ ਹੈ। ਰੰਧਾਵੇ ਜੱਟਾਂ ਨੇ ਬਹੁਤ ਉਨਤੀ ਕੀਤੀ ਹੈ। ਇਨ੍ਹਾਂ ਦਾ ਪ੍ਰਭਾਵ ਹੋਰ
ਜੱਟਾਂ ਤੇ ਵੀ ਪਿਆ ਹੈ। ਬਹੁਤੇ ਰੰਧਾਵੇ ਜੱਟ ਸਿੱਖ ਹੀ ਹਨ ਪਰ ਪੱਛਮੀ ਪੰਜਾਬ ਵਿੱਚ
ਮੁਸਲਮਾਨ ਰੰਧਾਵੇ ਵੀ ਬਹੁਤ ਹਨ। ਅਸਲ ਵਿੱਚ ਰੰਧਾਵਾ ਸਾਰਨਾ ਦਾ ਇੱਕ ਮੁਖੀਆ ਕਾਜਲ
ਗੁਰਦਾਸਪੁਰ ਖੇਤਰ ਤੱਕ ਪਹੁੰਚ ਗਿਆ। ਅਚਾਨਕ ਧਾਵਾ ਬੋਲ ਕੇ ਉਸ ਇਲਾਕੇ ਉਤੇ ਆਪਣਾ ਕਬਜ਼ਾ
ਕਰ ਲਿਆ। ਵੈਰੀ ਉਤੇ ਰਣ ਵਿੱਚ ਅਚਾਨਕ ਧਾਵਾ ਬੋਲਣ ਕਰਕੇ ਉਸ ਕਬੀਲੇ ਦਾ ਨਾਂ ਰਣ–ਧਾਵਾ ਪੈ
ਗਿਆ। ਫਿਰ ਇਸ ਕਬੀਲੇ ਦੀ ਅੱਲ ਅਥਵਾ ਗੋਤ ਰੰਧਾਵਾ ਪ੍ਰਚਲਿਤ ਹੋ ਗਿਆ। ਹੌਲੀ–ਹੌਲੀ ਇਸ
ਕਬੀਲੇ ਦੇ ਲੋਕ ਸਾਰੇ ਪੰਜਾਬ ਵਿੱਚ ਵੀ ਦੂਰ–ਦੂਰ ਤੱਕ ਚਲੇ ਗਏ। ਹੁਣ ਰੰਧਾਵਾ ਜਗਤ
ਪ੍ਰਸਿੱਧ ਗੋਤ ਹੈ। ਰੰਧਾਵਿਆਂ ਦੀ ਆਰਥਿਕ ਹਾਲਤ ਵੀ ਠੀਕ ਹੈ। ਕਹਾਵਤ ਹੈ, ਜੱਟਾਂ ਬਾਰੇ:
‘ਕਾਂ ਕੰਬੋਅ ਪਾਲੇ, ਰਜਿਆ ਜੱਟ ਕਬੀਲਾ ਗਾਲੇ।
ਜੱਟਾਂ ਵਿੱਚ ਵੀ ਏਕਤਾ ਹੋਣਾ ਚਾਹੀਦੀ ਹੈ। |