ਰੈਹਿਲ : ਇਹ ਜੱਟਾਂ ਦਾ ਇੱਕ ਛੋਟਾ ਜਿਹਾ ਗੋਤ ਹੈ। ਇਹ ਨਾਭੇ ਦੇ ਖੇਤਰ ਵਿੱਚ
ਕਾਫ਼ੀ ਆਬਾਦ ਹਨ। ਇਹ ਵੀ ਆਪਣਾ ਪਿਛੋਕੜ ਰਾਜਪੂਤਾਂ ਨਾਲ ਜੋੜਦੇ ਹਨ। ਵਿਧਵਾ ਵਿਆਹ ਕਾਰਨ
ਰਾਜਪੂਤਾਂ ਨੇ ਇਨ੍ਹਾਂ ਨੂੰ ਆਪਣੀ ਬਰਾਦਰੀ ਵਿਚੋਂ ਕੱਢ ਦਿੱਤਾ। ਆਖਿਰ ਇਹ ਜੱਟਾਂ ਵਿੱਚ
ਰਲ ਗਏ।
ਜੱਟ ਬਰਾਦਰੀ ਵਿਧਵਾ ਵਿਆਹ ਨੂੰ ਬੁਰਾ ਨਹੀਂ ਸਮਝਦੀ ਸੀ। ਇੱਕ ਰਵਾਇਤ ਦੇ ਅਨੁਸਾਰ
ਇਨ੍ਹਾਂ ਦਾ ਵਡੇਰਾ ਰਾਹ ਵਿੱਚ ਪੈਦਾ ਹੋਇਆ ਸੀ ਜਦੋਂ ਉਸ ਦੀ ਗਰਭਵਤੀ ਮਾਂ ਆਪਣੇ ਪਤੀ ਲਈ
ਖੇਤਾਂ ਵਿੱਚ ਰੋਟੀ ਲੈਕੇ ਜਾ ਰਹੀ ਸੀ। ਰਾਹ ਵਿੱਚ ਪੈਦਾ ਹੋਣ ਕਾਰਨ ਉਸ ਦਾ ਨਾਮ ਰਾਹਲ
ਰੱਖਿਆ ਗਿਆ ਜੋ ਹੌਲੀ–ਹੌਲੀ ਬਦਲ ਕੇ ਰੈਹਲ ਬਣ ਗਿਆ।
ਪਹਿਲਾਂ ਇਹ ਵਿਆਹ ਸ਼ਾਦੀ ਸਮੇਂ ਜਨੇਊ ਜ਼ਰੂਰ ਪਾਉਂਦੇ ਸਨ ਬੇਸ਼ੱਕ ਮਗਰੋਂ ਲਾ ਦਿੰਦੇ
ਸਨ। ਹੁਣ ਇਹ ਰਸਮ ਛੱਡ ਗਏ ਹਨ। ਰੈਹਲ ਜੱਟ ਅਮਲੋਹ ਦੇ ਖੇਤਰ ਵਿੱਚ ਹਲੋਤਾਲੀ ਵਿੱਚ ਸਤੀ
ਮੰਦਿਰ ਦੀ ਮਾਨਤਾ ਕਰਦੇ ਹਨ। ਇਸ ਇਲਾਕੇ ਦੇ ਉਘੇ ਪਿੰਡ ਭਦਲ ਥੂਹਾ ਵਿੱਚ ਵੀ ਰੈਹਲ ਵੱਸਦੇ
ਹਨ। ਪਟਿਆਲੇ ਖੇਤਰ ਵਿੱਚ ਵੀ ਕੁਝ ਰੈਹਿਲ ਵਸਦੇ ਹਨ।
ਮਾਲਵੇ ਦੀ ਧਰਤੀ ਤੇ ਰੈਹਿਲ ਗੋਤ ਦਾ ਮੇਲਾ ਪਿੰਡ ਰੈਸਲ ਵਿੱਚ ‘ਰਾਣੀ ਧੀ' ਬਹੁਤ ਹੀ
ਪ੍ਰਸਿੱਧ ਹੈ। ਇਹ ਸਤੰਬਰ ਦੇ ਮਹੀਨੇ ਵਿੱਚ ਲੱਗਦਾ ਹੈ। ਇਸ ਮੇਲੇ ਵਿੱਚ ਤਰ੍ਹਾਂ–ਤਰ੍ਹਾਂ
ਦੇ ਰੰਗ ਤਮਾਸ਼ੇ ਦਿਖਾਏ ਜਾਂਦੇ ਹਨ। ਕਵੀਸ਼ਰ ਤੇ ਢਾਡੀ ਜਥੇ ਵਾਰਾਂ ਗਾਕੇ ਲੋਕਾਂ ਨੂੰ
ਖ਼ੁਸ਼ ਕਰਦੇ ਹਨ ਅਤੇ ਲੋਕਾਂ ਨੂੰ ਪੰਜਾਬ ਦੇ ਇਤਿਹਾਸ, ਵਿਰਸੇ ਤੇ ਸਭਿਆਚਾਰ ਬਾਰੇ
ਜਾਣਕਾਰੀ ਵੀ ਦਿੰਦੇ ਹਨ। ਮੇਲਾ ਕਮੇਟੀ ਵੱਲੋਂ ਕੁਸ਼ਤੀਆਂ ਆਦਿ ਵੀ ਕਰਵਾਈਆਂ ਜਾਂਦੀਆਂ
ਹਨ। ਚਾਹ ਤੇ ਗੁਰੂ ਕਾ ਲੰਗਰ ਵੀ ਖੁੱਲ੍ਹਾ ਵਰਤਾਇਆ ਜਾਂਦਾ ਹੈ। ਇਸ ਮੇਲੇ ਬਾਰੇ ਵਿਸ਼ਵਾਸ
ਕੀਤਾ ਜਾਂਦਾ ਹੈ ਕਿ ਜਿਸ ਵਿਅਕਤੀ ਦੇ ਮੌਹਕੇ ਨਾ ਹਟਦੇ ਹੋਣ ਉਹ ਮਾਤਾ ਦੇ ਮੰਦਿਰ ਵਿੱਚ
ਲੂਣ ਸੁਖਣ ਨਾਲ ਹੱਟ ਜਾਂਦੇ ਹਨ। ਇਸ ਖੇਤਰ ਵਿੱਚ ਰੈਹਲ ਗੋਤ ਦੇ 12 ਪਿੰਡ ਵਿਸ਼ੇਸ਼ ਤੌਰ
ਤੇ ਇਸ ਮੰਦਿਰ ਦੀ ਮਾਨਤਾ ਕਰਦੇ ਹਨ। ਰੈਹਲ ਗੋਤ ਦੇ ਜੱਟ ਸਿੱਖ ਧਰਮ ਨੂੰ ਵੀ ਮੰਨਦੇ ਹਨ
ਅਤੇ ਮਾਤਾ ਦੇ ਵੀ ਸ਼ਰਧਾਲੂ ਹਨ। ਰੈਹਲ ਭਾਈਚਾਰੇ ਦੇ ਬਹੁਤੇ ਲੋਕ ਮਾਲਵੇ ਵਿੱਚ ਹੀ ਵੱਸਦੇ
ਹਨ। ਇਹ ਗੋਤ ਬਹੁਤ ਪ੍ਰਸਿੱਧ ਨਹੀਂ ਹੈ।
|