ਪੂੰਨੀਆਂ : ਸ਼ੱਕ ਜਾਤੀ ਦੇ ਲੋਕ ਈਸਾ
ਤੋਂ ਕਈ ਸੌ ਵਰ੍ਹੇ ਪਹਿਲਾਂ ਤੁਰਕਸਤਾਨ ਤੇ ਬੱਲਖ ਖੇਤਰ ਤੋਂ ਆ ਕੇ ਟੈਕਸਲਾ, ਮੱਥਰਾ ਅਤੇ
ਸੁਰਾਸ਼ਟਰ ਆਦਿ ਵਿੱਚ ਵਸ ਗਏ ਸਨ। ਇਨ੍ਹਾਂ ਦੇ ਇੱਕ ਪਰਤਾਪੀ ਰਾਜੇ ਸਲਵਾਨ ਨੇ ਈਸਾ ਤੋਂ
78 ਵਰ੍ਹੇ ਮਗਰੋਂ ਦੱਖਣੀ, ਪੱਛਮੀ ਤੇ ਉਤਰ ਪੱਛਮੀ ਭਾਰਤ ਨੂੰ ਜਿੱਤ ਕੇ ਆਪਣਾ ਸੰਮਤ
ਚਲਾਇਆ ਸੀ। ਕੰਗ, ਬੱਲ ਤੇ ਪੂੰਨੀਆ ਜਾਤੀ ਦੇ ਲੋਕ ਬੱਲਖ ਖੇਤਰ ਤੋਂ ਪੰਜਾਬ ਵਿੱਚ ਆਏ ਹਨ।
ਸੰਤ ਵਿਸਾਖਾ ਸਿੰਘ ਆਪਣੀ ਪੁਸਤਕ ‘ਮਾਲਵਾ ਇਤਿਹਾਸ’ ਵਿੱਚ ਪੂੰਨੀਆਂ ਗੋਤ ਦਾ
ਮੋਢੀ ਪੁੰਨੀ ਰਾਏ ਪੁੱਤਰ ਰਾਜਾ ਸਲਵਾਨ ਨੂੰ ਲਿਖਦਾ ਹੈ। ਭਾਰਤ ਦੇ ਇਤਿਹਾਸ ਵਿੱਚ ਕਈ
ਸਲਵਾਨ ਰਾਜੇ ਹੋਏ ਹਨ। ਇਸ ਕਾਰਨ ਆਮ ਲੋਕਾਂ ਨੂੰ ਇਨ੍ਹਾਂ ਬਾਰੇ ਭੁਲੇਖੇ ਲੱਗਦੇ ਹਨ।
ਐਚ• ਏ• ਰੋਜ਼ ਦੇ ਅਨੁਸਾਰ ਪੂੰਨੀਏ ਸ਼ਿਵ ਗੋਤਰੀ ਜੱਟ ਹਨ। ਹਿੱਸਾਰ ਗਜ਼ਟੀਅਰ ਦੇ
ਅਨੁਸਾਰ ਪੂੰਨੀਏ ਸ਼ਿਵ ਗੋਤਰੀ ਹਨ। ਇਹ ਸ਼ਿਵਾ ਦੀਆਂ ਜੱਟਾਂ ਵਿਚੋਂ ਉਤਪੰਨ ਹੋਏ ਸ਼ਿਵ ਬੰਸੀ
ਜੱਟ ਹਨ। ਅਸਲ ਵਿੱਚ ਇਹ ਸ਼ਿਵਾ ਦੇ ਭਗਤ ਸਨ। ਕੈਪਟਨ ਦਲੀਪ ਸਿੰਘ ਅਹਿਲਾਵਤ ਪੂੰਨੀਏਂ ਜੱਟਾ
ਨੂੰ ਚੰਦਰਬ ਸੀ ਦੱਸਦਾ ਹੈ। ਚੰਦਰਬੰਸੀ ਰਾਜਾ ਬੀਰ ਭੱਦਰ ਦਾ ਰਾਜ ਹਰਦੁਆਰ ਤੋਂ ਲੈ ਕੇ
ਸ਼ਿਵਾਲਕ ਦੀਆਂ ਪਹਾੜੀਆਂ ਤੱਕ ਸੀ।
ਬੀ• ਐਸ• ਦਾਹੀਆ ਨੇ ਆਪਣੀ ਕਿਤਾਬ ‘ਜਾਟਸ’ ਵਿੱਚ ਲਿਖਿਆ ਹੈ
‘‘ਪੋਨੀਆ ਜਾਟੋਂ ਕੀ ਇੱਕ ਸੁਤੰਤਰ ਰਿਆਸਤ ਕਾਲਾ ਸਾਗਰਕੇ
ਨੇੜ੍ਹੇ ਲਘੂ ਏਸ਼ੀਆ ਵਿੱਚ ਸੀ। ਉਥੋਂ ਸਮਰਾਟ ਦਾਰਾ ਨੇ ਇਨ੍ਹਾਂ ਨੂੰ ਅਮਰੀਆ ਦੇ ਨਜ਼ਦੀਕ
ਬੈਕਟਰੀਆ ਖੇਤਰ ਵਿੱਚ ਭੇਜ ਦਿੱਤਾ।’’
ਪ੍ਰਾਚੀਨ ਜੱਟ ਕਬੀਲੇ ਮੁਲਤਾਨ ਤੋਂ ਲੈ ਕੇ ਕੈਸਪੀਅਨ ਸਾਗਰ ਤੱਕ ਆਉਂਦੇ ਜਾਂਦੇ
ਰਹਿੰਦੇ ਸਨ। ਏਸ਼ੀਆ ਹੀ ਜੱਟਾਂ ਦੀ ਮਾਤਰ ਭੂਮੀ ਸੀ। ਭਾਰਤ ਦੀ ਪੱਛਮੀ ਸੀਮਾ ਰਾਹੀਂ
ਪੁੰਨੀਏ ਪੰਜਾਬ ਤੇ ਰਾਜਸਥਾਨ ਵਿੱਚ ਪਹੁੰਚੇ। ਇਹ ਪਹਿਲੀ ਸਦੀ ਦੇ ਲਗਭਗ ਹੀ ਸਪਤਸਿੰਧੂ
ਪ੍ਰਦੇਸ਼ ਵਿੱਚ ਆਕੇ ਆਬਾਦ ਹੋਏ। ਪੂੰਨੀਏਂ ਬਹੁਤ ਸੂਰਬੀਰ ਜੱਟ ਸਨ। ਇਨ੍ਹਾਂ ਦੇ ਇੱਕ ਹੱਥ
ਵਿੱਚ ਹਲ ਦੀ ਮੁਠ ਤੇ ਦੂਜੇ ਹੱਥ ਵਿੱਚ ਤਲਵਾਰ ਹੁੰਦੀ ਸੀ। ਬੀਕਾਨੇਰ ਦੇ ਖੇਤਰ ਵਿੱਚ
ਇਨ੍ਹਾਂ ਦਾ 360 ਪਿੰਡਾਂ ਤੇ ਕਬਜ਼ਾ ਸੀ। ਬੀਕੇ ਦੀ ਰਾਠੌਰ ਸੈਨਾ ਤੋਂ ਇਹ ਹਾਰ ਗਏ
ਕਿਉਂਕਿ ਗੋਦਾਰੇ ਜੱਟਾਂ ਨੇ ਪੂੰਨੀਆ ਦੇ ਵਿਰੁੱਧ ਬੀਕੇ ਦੀ ਸਹਾਇਤਾ ਕੀਤੀ ਸੀ। ਹਾਰ ਕਾਰਨ
ਕੁਝ ਪੂੰਨੀਏ ਹਰਿਆਣੇ ਤੇ ਉਤਰ ਪ੍ਰਦੇਸ਼ ਵੱਲ ਚਲੇ ਗਏ ਸਨ। ਕੁਝ ਪੰਜਾਬ ਦੇ ਮਾਲਵਾ ਖੇਤਰ
ਲੁਧਿਆਣਾ, ਸੰਗਰੂਰ ਤੇ ਪਟਿਆਲੇ ਦੇ ਖੇਤਰਾਂ ਵਿੱਚ ਆਬਾਦ ਹੋ ਗਏ। ਸਿਰਸਾ, ਹਿੱਸਾਰ,
ਹਾਂਸੀ, ਦਾਦਰੀ, ਰੋਹਤਕ, ਅੰਬਾਲਾ, ਜਗਾਧਰੀ ਆਦਿ ਵਿੱਚ ਹੀ ਪੂੰਨੀਆਂ ਗੋਤ ਦੇ ਕਾਫ਼ੀ ਜੱਟ
ਆਬਾਦ ਹਨ।
ਪੂੰਨੀਏਂ ਜੱਟਾਂ ਦਾ ਜਗਾਧਰੀ ਪਾਸ ਦੇ ਜਮਨਾ ਇਲਾਕੇ ਵਿੱਚ ਵੀ ਰਾਜ ਰਿਹਾ ਹੈ। ਪਾਨੀਪਤ
ਦੇ ਇਲਾਕੇ ਵਿੱਚ ਵੀ ਕਾਫ਼ੀ ਪੂੰਨੀਏ ਵਸਦੇ ਹਨ। ਭਵਾਨੀ ਜਿਲ੍ਹੇ ਵਿੱਚ 150 ਪਿੰਡ
ਪੂੰਨੀਏਂ ਜੱਟਾਂ ਦੇ ਹਨ। ਰਾਜਸਥਾਨ ਦੇ ਬੀਕਾਨੇਰ ਖੇਤਰ ਵਿੱਚ 100 ਪਿੰਡ ਪੂੰਨੀਏਂ ਜੱਟਾਂ
ਦੇ ਹਨ।
ਇਹ ਹਿੰਦੂ ਜਾਟ ਅਤੇ ਬਿਸ਼ਨੋਈ ਹਨ।
ਜਲੰਧਰ ਜਿਲ੍ਹੇ ਵਿੱਚ ਵੀ ਪੂੰਨੀਆਂ ਦੇ ਕਈ ਪਿੰਡ ਹਨ। ਪੂੰਨੀਆ ਗੋਤ ਦਾ ਇੱਕ ਪ੍ਰਸਿੱਧ
ਪਿੰਡ ਪੂੰਨੀਆਂ ਤਹਿਸੀਲ ਬੰਗਾ ਜਿਲ੍ਹਾ ਨਵਾਂਸ਼ਹਿਰ ਵਿੱਚ ਹੈ। ਅਮਰੀਕ ਸਿੰਘ ਪੂੰਨੀ ਸਾਬਕ
ਆਈ• ਏ• ਐਸ• ਅਫ਼ਸਰ ਇਸ ਪਿੰਡ ਦਾ ਹੀ ਹੈ। ਲੁਧਿਆਣੇ ਜਿਲ੍ਹੇ ਵਿੱਚ ਵੀ ਇੱਕ ਪੂੰਨੀਆ
ਪਿੰਡ ਪੂੰਨੀਏਂ ਜੱਟਾਂ ਦਾ ਬਹੁਤ ਹੀ ਉਘਾ ਤੇ ਪੁਰਾਣਾ ਪਿੰਡ ਹੈ। ਮਾਝੇ ਵਿੱਚ ਪੂੰਨੀਏ
ਜੱਟ ਬਹੁਤ ਘੱਟ ਹਨ। ਪੱਛਮੀ ਪੰਜਾਬ ਵਿੱਚ ਪੁੰਨੀਏਂ ਜੱਟ ਬਹੁਤ ਸਨ। ਇਹ ਭਾਰੀ ਗਿਣਤੀ
ਵਿੱਚ ਮੁਸਲਮਾਨ ਬਣ ਗਏ ਸਨ। ਪੂੰਨੀਏਂ ਗੋਤ ਦੇ ਲੋਕ ਦਲਿਤ ਜਾਤੀਆਂ ਵਿੱਚ ਵੀ ਹਨ। ਅਬੋਹਰ
ਤੇ ਫਾਜਿਲਕਾ ਇਲਾਕੇ ਵਿੱਚ ਪੂੰਨੀਏਂ ਬਿਸ਼ਨੋਈ ਤੇ ਜੱਟ ਸਿੱਖ ਹਨ।
ਪੰਜਾਬ ਵਿੱਚ ਪੂੰਨੀਏਂ ਜੱਟ ਸਿੱਖ ਹੀ ਹਨ। ਉਤਰ ਪ੍ਰਦੇਸ਼ ਦੇ ਮੇਰਠ, ਮੁਰਾਦਾਬਾਦ ਤੇ
ਅਲੀਗੜ੍ਹ ਆਦਿ ਖੇਤਰਾਂ ਵਿੱਚ ਪੂੰਨੀਏਂ ਜੱਟਾਂ ਦੇ 100 ਦੇ ਲਗਭਗ ਪਿੰਡ ਹਨ। ਰਾਜਸਥਾਨ,
ਹਰਿਆਣੇ ਤੇ ਉਤਰ ਪ੍ਰਦੇਸ਼ ਵਿੱਚ ਬਹੁਤੇ ਪੂੰਨੀਏ ਹਿੰਦੂ ਜਾਟ ਹਨ। ਕੁਝ ਬਿਸ਼ਨੋਈ ਜਾਟ
ਹਨ। ਪੂਰਬੀ ਪੰਜਾਬ ਵਿੱਚ ਪੂੰਨੀਏ ਜੱਟ ਸਿੱਖ ਹਨ। ਪੱਛਮੀ ਪੰਜਾਬ ਦੇ ਸਾਰੇ ਪੂੰਨੀਏਂ
ਮੁਸਲਮਾਨ ਬਣ ਗਏ ਹਨ। ਉਤਰੀ ਭਾਰਤ ਵਿੱਚ ਦੁਆਬਾ ਖੇਤਰ ਵਿਚੋਂ ਪੂੰਨੀਆਂ ਭਾਈਚਾਰੇ ਦੇ ਲੋਕ
ਬਦੇਸ਼ਾਂ ਵਿੱਚ ਵੀ ਬਹੁਤ ਗਏ ਹਨ। ਇਹ ਬਹੁਤ ਸ਼ਕਤੀਸ਼ਾਲੀ ਜੱਟ ਹਨ। ਉਤਰੀ ਭਾਰਤ ਦੇ ਸਾਰੇ
ਖੇਤਰਾਂ ਵਿੱਚ ਜੱਟਾਂ ਦੇ ਬਹੁਤ ਗੋਤ ਸਾਂਝੇ ਹਨ। ਜੱਟ ਵਿਰਸਾ ਵੀ ਸਾਂਝਾ ਹੈ। ਅਸਲ ਵਿੱਚ
ਪੂੰਨੀਆਂ ਨਾਗਬੰਸੀ ਤੇ ਸ਼ਿਵ ਗੋਤਰੀ ਗੋਤ ਹੈ। ਪੂੰਨੀਏ ਦਲਿਤ ਵੀ ਹਨ। ਦਲਿਤ ਜਾਤੀਆਂ ਦੇ
ਗੋਤਾਂ ਬਾਰੇ ਵੀ ਇਤਿਹਾਸਕਾਰਾਂ ਨੂੰ ਖੋਜ ਕਰਨੀ ਚਾਹੀਦੀ ਹੈ। ਜੱਟਾਂ ਦੇ ਕਾਫ਼ੀ ਗੋਤ
ਦਲਿਤਾਂ ਨਾਲ ਰਲਦੇ ਹਨ। |