ਪੱਵਾਰ : ਇਹ ਪੱਛਮੀ ਖੇਤਰ ਦੇ ਰਾਜਪੂਤ ਸਨ। ਆਰੰਭ ਵਿੱਚ ਇਨ੍ਹਾਂ ਦੀ ਵਸੋਂ
ਮੁਲਤਾਨ ਤੇ ਸਿੰਧ ਦੇ ਖੇਤਰਾਂ ਵਿੱਚ ਸੀ। ਫਾਰਸੀ ਤੇ ਯੂਨਾਨੀ ਹਮਲਾਵਾਰਾਂ ਪਿਛੋਂ ਪਾਰਥੀ,
ਸ਼ਕ, ਹੂਨ, ਗੁਜਰ ਆਦਿ ਜਾਤੀਆਂ ਦੇ ਲੋਕ ਉਤਰੀ ਤੇ ਮੱਧ ਏਸ਼ੀਆ ਦੇ ਵੱਖ-ਵੱਖ ਖੇਤਰਾਂ ਤੋਂ
ਚੱਲ ਕੇ ਕਈ ਦੇਸ਼ਾਂ ਵਿੱਚ ਘੁੰਮਦੇ-ਘੁੰਮਦੇ ਭਾਰਤ ਦੇ ਵੱਖ ਵੱਖ ਖੇਤਰਾਂ ਵਿੱਚ ਆਕੇ ਆਬਾਦ
ਹੋਏ। ਇਹ ਸਾਰੇ ਕਬੀਲੇ ਇਕੋ ਸਮੇਂ ਨਹੀਂ ਆਏ। ਇਹ ਵੱਖ ਵੱਖ ਸਮੇਂ ਆਏ। ਰਿਗਵੇਦਾਂ ਦੇ
ਸਮੇਂ ਵੀ ਕਈ ਜੱਟ ਕਬੀਲੇ ਭਾਰਤ ਵਿੱਚ ਆਬਾਦ ਸਨ। ਅਸਲ ਵਿੱਚ ਪੱਵਾਰ ਜੱਟ ਰਿਗਵੇਦਾਂ ਦੇ
ਸਮੇਂ ਹੀ ਭਾਰਤ ਵਿੱਚ ਇਰਾਨ ਰਾਹੀਂ ਆਏ ਹਨ। ਕਨਿਸ਼ਕ ਦੇ ਸਮੇਂ ਵੀ ਮਾਨ ਤੇ
ਪੱਵਾਰ ਪੰਜਾਬ ਵਿੱਚ ਆਬਾਦ ਸਨ। ਚੌਹਾਨ ਤੇ ਚਾਲੂਕੀਆ ਗੋਤਾਂ ਦੇ ਰਾਜਪੂਤ ਵੀ ਮੱਧ ਏਸ਼ੀਆ
ਤੋਂ ਆਏ ਪੁਰਾਣੇ ਜੱਟ ਕਬੀਲੇ ਹਨ।
ਮੱਧ ਏਸ਼ੀਆ, ਪੱਛਮੀ ਏਸ਼ੀਆ ਤੇ ਯੂਰਪ ਦੇ ਲੋਕਾਂ ਦੇ ਕਈ ਗੋਤ ਰਲਦੇ ਮਿਲਦੇ ਹਨ।
ਕਿਉਂਕਿ ਸਭ ਦਾ ਪਿਛੋਕੜ ਸਾਂਝਾ ਹੈ। ਛੇਵੀਂ ਤੇ ਸੱਤਵੀਂ ਸਦੀ ਵਿੱਚ ਬ੍ਰਹਾਮਣਵਾਦ ਦਾ
ਜ਼ੋਰ ਸੀ। ਬ੍ਰਾਹਮਣ ਜੱਟ ਕਬੀਲਿਆਂ ਨੂੰ ਨੀਵਾਂ ਸਮਝਦੇ ਸਨ। ਬੋਧੀਆਂ ਅਤੇ ਵਿਦੇਸ਼ੀਆਂ
ਤੋਂ ਪੁਰਾਤਨ ਹਿੰਦੂ ਧਰਮ ਦੀ ਰੱਖਿਆ ਲਈ ਬ੍ਰਾਹਮਣਾਂ ਨੈ ਅੱਬੂ ਪਰਬਤ ਤੇ ਹਿੰਦੂ ਰਸਮਾਂ
ਅਨੁਸਾਰ ਮਹਾਨ ਹੱਵਨ ਯੱਗ ਕੀਤਾ। ਰਾਜਬੰਸ ਦੇ ਜੱਟਾਂ ਨੂੰ ਅਗਨੀ ਰਾਹੀਂ ਸ਼ੁੱਧ ਕਰਕੇ
ਅਗਨੀ ਕੁਲ ਰਾਜਪੂਤਾਂ ਦੀ ਉਤਪਤੀ ਕੀਤੀ। ਪਰਮਾਰ ਜੱਟਾਂ ਵਿਚੋਂ ਧੁਮਾ ਰਾਜਾ ਸਭ ਤੋਂ
ਪਹਿਲਾਂ ਪਰਮਾਰ ਰਾਜਪੂਤ ਬਣਿਆ। ਪਹਿਲਾਂ ਪਹਿਲਾਂ ਕੇਵਲ ਰਾਜਬੰਸਾਂ ਦੇ ਲੋਕ ਹੀ ਰਾਜਪੂਤ
ਬਣੇ ਸਨ। ਹੌਲੀ-ਹੌਲੀ ਰਾਜਪੂਤਾਂ ਦੀਆਂ ਕਈ ਜਾਤੀਆਂ ਬਣ ਗਈਆਂ। 36 ਰਾਜਪੂਤ ਕੌਮਾਂ ਨੂੰ
ਸ਼ਾਹੀ ਰਾਜਪੂਤ ਕਿਹਾ ਜਾਂਦਾ ਹੈ। ਪੰਵਾਰ ਵੀ ਸ਼ਾਹੀ ਰਾਜਪੂਤਾਂ ਵਿਚੋਂ ਹਨ।
ਪੱਵਾਰ, ਪੰਵਾਰ ਤੇ ਪਰਮਾਰ ਇਕੋ ਉਪਜਾਤੀ ਹੈ।
ਸੱਤਵੀਂ ਸਦੀ ਮਗਰੋਂ ਜੱਟਰਾਜਪੂਤਾਂ ਅਤੇ ਕਸ਼ਤਰੀਆਂ ਵਿੱਚ ਪ੍ਰੀਵਰਤਤ ਹੋ ਗਏ।
ਪ੍ਰਸਿੱਧ ਇਤਿਹਾਸਕਾਰ ਚਾਂਦ ਬਰਦਾਈ ਨੇ ਵੀ ਆਪਣੀ ਕਿਤਾਬ ਵਿੱਚ ਅਗਨੀ ਕੁਲ ਰਾਜਪੂਤਾਂ ਦੀ
ਉਤਪਤੀ ਬਾਰੇ ਲਿਖਿਆ ਹੈ ਕਿ ਹਿੰਦੂ ਧਰਮ ਦੀ ਰੱਖਿਆ ਲਈ ਬ੍ਰਾਹਮਣਾਂ ਨੇ ਬ੍ਰਾਹਮਣੀ ਰਸਮਾਂ
ਅਨੁਸਾਰ ਅੱਬੂ ਪਰਬਤ ਤੇ ਮਹਾਨ ਹਵਨ ਯੱਗ ਕੀਤਾ। ਜਿਸ ਵਿਚੋਂ ਚਾਰ ਯੋਧੇ ਪਰਮਾਰ, ਚੌਹਾਨ,
ਪਰਿਹਾਰ ਤੇ ਸੁਲੰਕੀ ਪੈਦਾ ਹੋਏ। ਇਨ੍ਹਾਂ ਵਿੱਚ ਕੁਝ ਅਸਲੀਅਤ ਵੀ ਹੈ ਅਤੇ ਕੁਝ ਕਲਪਣਾ ਵੀ
ਹੈ। ਹਰਸ਼ ਦੀ ਮੌਤ 648 ਈਸਵੀਂ ਵਿੱਚ ਹੋਈ ਸੀ। ਇਸ ਦੀ ਮੌਤ ਤੋਂ ਮਗਰੋਂ ਭਾਰਤ ਵਿੱਚ ਕਈ
ਛੋਟੇ ਛੋਟੇ ਰਾਜ ਕਾਇਮ ਹੋ ਗਏ। ਇਨ੍ਹਾਂ ਰਾਜਿਆਂ ਨੂੰ ਖ਼ੁਸ਼ ਕਰਨ ਲਈ ਅਤੇ ਦਖਸ਼ਨਾ ਦੇ
ਲਾਲਚ ਵਿੱਚ ਪੰਡਿਤਾਂ ਨੇ ਇਨ੍ਹਾਂ ਰਾਜਿਆਂ ਦਾ ਸੰਬੰਧ ਸੂਰਜ ਤੇ ਚੰਦਰਮਾ ਬੰਸਾਂ ਨਾਲ ਜੋੜ
ਦਿੱਤਾ। ਸੂਰਜ ਸ੍ਰੀ ਰਾਮ ਚੰਦਰ ਦੀ ਬੰਸ ਹੈ ਅਤੇ ਚੰਦਰਮਾ ਸ੍ਰੀ ਕ੍ਰਿਸ਼ਨ ਭਗਵਾਨ ਦੀ ਬੰਸ
ਹੈ। ਪ੍ਰਸਿੱਧ ਇਤਿਹਾਸਕਾਰ ਸ਼ਮਸ਼ੇਰ ਸਿੰਘ ਅਸ਼ੋਕ ਅਨੁਸਾਰ ਰਾਜਪੂਤ ਅੱਠਵੀਂ ਨੌਵੀਂ ਸਦੀ
ਦੇ ਸਮੇਂ ਬਣੇ। ਰਾਜਪੂਤ ਸ਼ਬਦ ਦਸਵੀਂ ਸਦੀ ਵਿੱਚ ਪ੍ਰਚਲਿਤ ਹੋਇਆ। ਰਿੱਗਵੇਦ ਤੇ ਮਹਾਭਾਰਤ
ਵਿੱਚ ਰਾਜਪੂਤਾਂ ਦਾ ਕੋਈ ਵਰਣਨ ਨਹੀਂ ਹੈ। ਜੱਟ ਕਬੀਲਿਆਂ ਬਾਰੇ ਜ਼ਰੂਰ ਲਿਖਿਆ ਹੈ।
ਪ੍ਰਸਿੱਧ ਇਤਿਹਾਸਕਾਰ ਕਰਨਲ ਟਾਡ ਅਨੁਸਾਰ ਪਰਮਾਰ ਰਾਜਪੂਤਾਂ ਦੀਆਂ 36 ਸ਼ਾਖਾਂ ਹਨ।
ਪੰਵਾਰ ਕਬੀਲੇ ਦੇ ਲੋਕ ਸਤਲੁਜ ਦੇ ਨਾਲ-ਨਾਲ ਦੂਰ ਹੇਠਾਂ ਸਿੰਧ ਦੇ ਖੇਤਰਾਂ ਤੱਕ ਆਬਾਦ
ਸਨ। ਮੁਲਤਾਨ ਤੇ ਡੇਰਾ ਜਾਤ ਦੇ ਖੇਤਰਾਂ ਵਿੱਚ ਵੀ ਕਾਫ਼ੀ ਆਬਾਦ ਸਨ। ਗੁਰਦਾਸਪੁਰ ਤੇ
ਸਿਆਲਕੋਟ ਦੇ ਖੇਤਰਾਂ ਤੋਂ ਅੱਗੇ ਬਿਆਸ ਦੇ ਜਲੰਧਰ ਖੇਤਰ ਵਿੱਚ ਵੀ ਪਹੁੰਚ ਗਏ। ਜਿਹਲਮ ਦੇ
ਪੱਬੀ ਖੇਤਰ ਵਿੱਚ ਵੀ ਕੁਝ ਪੰਵਾਰ ਵਸਦੇ ਸਨ। ਦੱਖਣੀ ਮਾਲਵੇ ਦੇ ਅਬੋਹਰ ਖੇਤਰ ਤੱਕ ਆਬਾਦ
ਸਨ। ਪੰਜਾਬ ਤੋਂ ਅੱਗੇ ਵੀ ਪਰਮਾਰ ਭਾਈਚਾਰੇ ਦੇ ਲੋਕ ਹਰਿਆਣੇ ਦੇ ਹਿੱਸਾਰ, ਰੋਹਤਕ,
ਦਾਦਰੀ ਅਤੇ ਗੋਹਾਣੇ ਤੱਕ ਚਲੇ ਗਏ। ਕਿਸੇ ਸਮੇਂ ਪੰਜਾਬ ਤੇ ਹਰਿਆਣੇ ਦੀ ਸਾਰੀ ਧਰਤੀ
ਪਰਮਾਰ ਭਾਈਚਾਰੇ ਦੇ ਲੋਕਾਂ ਪਾਸ ਸੀ। ਹੂਣਾਂ ਤੇ ਮੁਹੰਮਦ ਬਿਨ ਕਾਸਮ ਅਰਬੀ ਮੁਸਲਮਾਨ
ਹਮਲਾਵਰਾਂ ਦੇ ਹਮਲਿਆਂ ਤੋਂ ਦੁਖੀ ਹੋ ਕੇ ਪਰਮਾਰ ਭਾਈਚਾਰੇ ਦੇਲੋਕ ਪੰਜਾਬ ਦੇ ਮਾਲਵੇ
ਖੇਤਰ ਤੋਂ ਉਠਕੇ ਮੱਧ ਪ੍ਰਦੇਸ਼ ਦੇ ਮਾਲਵਾ ਖੇਤਰ ਵਿੱਚ ਚਲੇ ਗਏ। ਇਹ 715 ਈਸਵੀਂ ਤੱਕ ਦਾ
ਸਮਾਂ ਸੀ ; 825 ਈਸਵੀਂ ਵਿੱਚ ਪਰਮਾਰ ਨੇ ਮੱਧ ਪ੍ਰਦੇਸ਼ ਦੇ ਮਾਲਵਾ ਖੇਤਰ ਵਿੱਚ ਆਪਣਾ
ਰਾਜ ਕਾਇਮ ਕਰ ਲਿਆ। ਮਾਲਵੇ ਦੇ ਪਰਮਾਰ ਘਰਾਣੇ ਦੀ ਨੀਂਹ ਉਪੇਂਦਰ ਨਾਮ ਦੇ ਸਰਦਾਰ ਨੇ
ਨੋਵੀਂ ਸਦੀ ਵਿੱਚ ਰੱਖੀ ਸੀ। ਇਸ ਖ਼ਾਨਦਾਨ ਦੇ ਹੋਰ ਪ੍ਰਸਿੱਧ ਰਾਜੇ ਮੁੰਜ, ਭੋਜ ਦੇ
ਜੱਗਦੇਉ ਹੋਏ ਹਨ। ਰਾਜੇ ਭੋਜ ਦੀ ਮੌਤ 1060 ਈਸਵੀਂ ਵਿੱਚ ਹੋਈ ਸੀ। ਜੱਗਦੇਉ ਦੀ ਮੌਤ
1160 ਈਸਵੀਂ ਵਿੱਚ ਹੋਈ ਸੀ। 13ਵੀਂ ਸਦੀ ਤੱਕ ਮਾਲਵੇ ਉਤੇ ਰਾਜੇ ਭੋਜ ਦੇ ਪਰਮਾਰ ਘਰਾਣੇ
ਦਾ ਰਾਜ ਰਿਹਾ ਅੰਤ 1305 ਈਸਵੀਂ ਵਿੱਚ ਅਲਾਉਦੀਨ ਖਿਲਜੀ ਦੇ ਸੈਨਾਪਤੀ ਨੇ ਮੰਡੂ, ਉਜੈਨ,
ਧਾਰ ਆਦਿ ਨਗਰ ਫਤਹਿ ਕਰ ਲਏ ਸਨ। ਪਰਮਾਰ ਬੰਸ ਵਿਚੋਂ ਰਾਜਾ ਭੋਜ ਤੇ ਰਾਜਾ ਜੱਗਦੇਉ ਪਰਮਾਰ
ਬਹੁਤ ਪ੍ਰਸਿੱਧ ਤੇ ਸ਼ਕਤੀਸ਼ਾਲੀ ਹੋਏ ਹਨ। ਰਾਜਾ ਜੱਗਦੇਉ ਧਾਰਾ ਨਗਰੀ ਜਿਲ੍ਹਾ ਉਜੈਨ ਮੱਧ
ਪ੍ਰਦੇਸ਼ ਦੇ ਮਾਲਵਾ ਖੇਤਰ ਦੇ ਰਾਜੇ ਉਦੇਦਿੱਤ ਦਾ ਪੁੱਤਰ ਸੀ। ਘਰੇਲੂ ਕਾਰਨਾਂ ਕਰਕੇ
ਰਾਜਾ ਜੱਗਦੇਉ ਧਾਰਾ ਨਗਰੀ ਦਾ ਰਾਜ ਆਪਣੇ ਭਾਈ ਰਣਧੌਲ ਨੂੰ ਦੇ ਕੇ ਆਪ ਕਈ ਰਾਜਪੂਤ
ਕਬੀਲਿਆਂ ਨੂੰ ਨਾਲ ਲੈ ਕੇ ਰਾਜਸਥਾਨ ਦੇ ਰਸਤੇ ਗੱਜ਼ਨੀ ਵਾਲੇ ਮੁਸਲਮਾਨ ਹਾਕਮਾਂ ਦਾ
ਟਾਕਰਾ ਕਰਦਾ ਹੋਇਆ ਬਾਰ੍ਹਵੀ ਸਦੀ ਦੇ ਆਰੰਭ ਵਿੱਚ ਪੰਜਾਬ ਦੇ ਮਾਲਵਾ ਖੇਤਰ ਵਿੱਚ ਆ ਗਿਆ।
ਲੁਧਿਆਣੇ ਦੇ ਖੇਤਰ ਜਰਗ ਵਿੱਚ ਕਿਲ੍ਹਾ ਬਣਾਕੇ ਪੰਜਾਬ ਤੇ 1160 ਈਸਵੀਂ ਤੱਕ ਰਾਜ ਕੀਤਾ।
ਭੱਟੀਆਂ ਦੇ ਆਉਣ ਤੋਂ ਪਹਿਲਾਂ ਮੁਕਤਸਰ, ਅਬੋਹਰ, ਬਠਿੰਡੇ ਖੇਤਰ ‘ਚ ਅਤੇ ਫਰੀਦਕੋਟ ਦੇ
ਖੇਤਰਾਂ ਵਿੱਚ ਵੀ ਪੰਵਾਰਾਂ ਦਾ ਕਬਜ਼ਾ ਸੀ। 1005 ਈਸਵੀਂ ਵਿੱਚ ਮਹਿਮੂਦ ਗੱਜ਼ਨਵੀ ਤੋਂ
ਹਾਰ ਕੇ ਭੱਟੀ ਰਾਜਸਥਾਨ ਵੱਲ ਚਲੇ ਗਏ। 12ਵੀਂ ਸਦੀ ਦੇ ਅੰਤ 1180 ਈਸਵੀਂ ਵਿੱਚ ਭੱਟੀ
ਫਿਰ ਜੈਸਲਮੇਰ ਅਤੇ ਫਰੀਦਕੋਟ ਦੇ ਇਲਾਕੇ ਵਿਚੋਂ ਜ਼ਬਰੀ ਧੱਕ ਕੇ ਫਿਰ ਲੁਧਿਆਣੇ ਖੇਤਰ
ਵਿੱਚ ਭੇਜ ਦਿੱਤਾ।
12ਵੀਂ ਸਦੀ ਵਿੱਚ ਹੱਠੂਰ ਤੇ ਵੀ ਉਦੋਂ ਪੰਵਾਰ ਦਾ ਕਬਜ਼ਾ ਸੀ। ਹੱਠੂਰ ਨਗਰ ਬਹੁਤ
ਪੁਰਾਣਾ ਹੈ। ਇਹ ਅੱਠਵੀਂ ਵਾਰੀ ਉਜੜ ਕੇ ਵਸਿਆ ਹੈ। ਇਸ ਖੇਤਰ ਵਿੱਚ ਪੰਵਾਰਾਂ ਦੇ ਨਾਲ
ਹੋਰ ਵੀ ਕਈ ਛੋਟੇ ਛੋਟੇ ਕਬੀਲੇ ਆਕੇ ਆਬਾਦ ਹੋਏ ਸਨ। ਇੱਕ ਹੋਰ ਰਵਾਇਤ ਅਨੁਸਾਰ ਰੋਹਤਕ ਦੇ
ਖੇਤਰ ਵਿੱਚ ਪੰਵਾਰ ਧਾਰਾ ਨਗਰੀ ਤੋਂ ਆ ਕੇ ਆਬਾਦ ਹੋਏ ਹਨ। ਇਨ੍ਹਾਂ ਨੇ ਇਸ ਖੇਤਰ ਦੇ
ਚੌਹਾਨਾਂ ਦੇ ਇਰਦ-ਗਿਰਦ ਕਾਫ਼ੀ ਜ਼ਮੀਨ ਦੇ ਦਿੱਤੀ। ਸਿਆਲਕੋਟ ਦੇ ਪੱਵਾਰ ਰਾਜੇ
ਬਿਕਰਮਾਜੀਤ ਨੂੰ ਵੀ ਪੰਵਾਰ ਜਾਤੀ ਵਿਚੋਂ ਮੰਨਦੇ ਹਨ। ਪੂਰਨ ਭਗਤ ਨੂੰ ਵੀ ਪਰਮਾਰ ਜਾਤੀ
ਵਿਚੋਂ ਦੱਸਦੇ ਹਨ। ਸਿਆਲਕੋਟ ਖੇਤਰ ਦੇ ਪੰਵਾਰਾ ਦੀਆਂ ਭੋਟੇ, ਮੰਡੀਲਾ, ਸਰੋਲੀ ਤੇ
ਪਿੰਜੌਰੀਆਂ ਚਾਰ ਸ਼ਾਖਾ ਸਨ। ਬਹਾਵਲਪੁਰ ਦੇ ਪੰਵਾਰਾਂ ਦੀਆਂ ਕਈ ਮੂੰਹੀਆਂ ਹਨ।
ਗੁਰਦਾਸਪੁਰ ਜਿਲ੍ਹੇ ਵਿੱਚ ਵੀ ਇੱਕ ਬਹੁਤ ਪੁਰਾਣਾ ਤੇ ਪ੍ਰਸਿੱਧ ਪਿੰਡ ਪੱਵਾਰ ਹੈ। ਬਟਾਲੇ
ਦੇ ਖੇਤਰ ਬੂਝਿਆਂ ਵਿੱਚ ਵੀ ਇੱਕ ਬਹੁਤ ਪੁਰਾਣਾ ਤੇ ਪ੍ਰਸਿੱਧ ਪਿੰਡ ਪੱਵਾਰ ਹੈ। ਬਟਾਲੇ
ਦੇ ਖੇਤਰ ਬੂਝਿਆਂ ਵਾਲੀ ਦੇ ਇਰਦ ਗਿਰਦ ਵੀ ਪੱਵਾਰ ਜੱਟਾਂ ਦੇ ਪੰਜ ਛੀ ਪਿੰਡ ਹਨ।
ਪੱਵਾਰ ਪ੍ਰਾਚੀਨ ਜੱਟ ਗੋਤ ਹੈ। ਪੰਵਾਰ ਭਾਈਚਾਰੇ ਦੇ ਲੋਕ ਪੂਰਬੀ ਤੇ ਪੱਛਮੀ ਪੰਜਾਬ
ਵਿੱਚ ਦੂਰ ਦੂਰ ਤੱਕ ਫੈਲ ਗਏ ਸਨ। ਸਾਂਝੇ ਪੰਜਾਬ ਵਿੱਚ ਪੰਵਾਰ ਜੱਟਾਂ ਦੀ ਗਿਣਤੀ, (1881
ਈਸਵੀਂ ਦੀ ਜਨਸੰਖਿਆ ਅਨੁਸਾਰ) 17846 ਸੀ ਅਤੇ ਪੰਵਾਰ ਰਾਜਪੂਤਾਂ ਦੀ ਗਿਣਤੀ 61004 ਸੀ।
ਪੰਵਾਰ ਦਲਿਤ ਤੇ ਪੱਛੜੀਆਂ ਸ਼੍ਰੇਣੀਆਂ ਵਿੱਚ ਵੀ ਬਹੁਤ ਹਨ। ਪੱਛਮੀ ਪੰਜਾਬ ਵਿੱਚ ਬਹੁਤੇ
ਪੰਵਾਰ ਰਾਜਪੂਤ ਮੁਸਲਮਾਨ ਬਣ ਗਏ ਸਨ। ਪੱਵਾਰ ਜੱਟ 1947 ਤੋਂ ਮਗਰੋਂ ਪੱਛਮੀ ਪੰਜਾਬ ਤੋਂ
ਆ ਕੇ ਪੂਰਬੀ ਪੰਜਾਬ ਵਿੱਚ ਆਬਾਦ ਹੋ ਗਏ ਹਨ।
ਮਾਝੇ ਦੇ ਅਜਨਾਲੇ ਇਲਾਕੇ ਵਿੱਚ ਪੱਵਾਰ ਜੱਟ ਕਾਫ਼ੀ ਹਨ। ਜਿਲ੍ਹਾ ਸੰਗਰੂਰ ਦੇ
ਲਹਿਰਗਾਗਾ ਖੇਤਰ ਵਿੱਚ ਗਾਗਾ ਪਿੰਡ ਦੇ ਜੱਟਾਂ ਦਾ ਗੋਤ ਪਰਮਾਰ ਹੀ ਹੈ। ਜੱਗੀ ਖੱਤਰੀ ਤੇ
ਜੱਗਦੇਉ ਗੋਤ ਦੇ ਤ੍ਰਖਾਣ ਵੀ ਪੱਵਾਰਾਂ ਵਿਚੋਂ ਹਨ। ਦਲਿਉ, ਦਿਉਲ, ਔਲਖ, ਬੁੱਟਰ,
ਸੇਖੋਂ ਆਦਿ ਪੱਵਾਰਾਂ ਦੇ ਹੀ ਉਪਗੋਤ ਹਨ। ਜੱਗਦੇਉ ਬੰਸੀ ਪੱਵਾਰ 1225 ਈਸਵੀਂ ਦੇ
ਲਗਭਗ ਖ਼ਾਨਦਾਨ ਗੁਲਾਮਾਂ ਦੇ ਬਾਦਸ਼ਾਹ ਸ਼ਮਸਦੀਨ ਦੇ ਸਮੇਂ ਮੁਸਲਮਾਨਾਂ ਦਾ ਟਾਕਰਾ ਕਰਦੇ
ਕਰਦੇ ਹਾਰ ਗਏ, ਕੁਝ ਮਾਰੇ ਗਏ, ਕੁਝ ਮੁਸਲਮਾਨ ਬਣ ਗਏ ਤੇ ਕੁਝ ਨੇ ਆਪਣੇ ਵਡੇਰਿਆਂ ਦੇ
ਨਾਮ ਤੇ ਨਵੇਂ ਗੋਤ ਰੱਖ ਕੇ ਜੱਟ ਭਾਈਚਾਰੇ ਵਿੱਚ ਰਲ ਗਏ। ਇਸ ਤਰ੍ਹਾਂ ਪੰਵਾਰਾਂ ਦੇ ਨਵੇਂ
21 ਉਪਗੋਤ ਹੋਰ ਪ੍ਰਚਲਿਤ ਹੋ ਗਏ। ਪੱਵਾਰ ਭਾਈਚਾਰੇ ਦੇ ਲੋਕ ਪੰਜਾਬ ਤੋਂ ਬਾਹਰ ਵੀ ਸਾਰੇ
ਭਾਰਤ ਵਿੱਚ ਫੈਲੇ ਹੋਏ ਹਨ। ਇਹ ਜੱਟ ਵੀ ਹਨ ਅਤੇ ਰਾਜਪੂਤ ਵੀ ਬਹੁਤ ਹਨ। ਦਲਿਤ ਜਾਤੀਆਂ
ਵਿੱਚ ਵੀ ਕਾਫ਼ੀ ਹਨ। ਮਹਾਰਾਸ਼ਟਰ ਵਿੱਚ ਵੀ ਪੱਵਾਰ ਗੋਤ ਦੇ ਮਰਹੱਟੇ ਬਹੁਤ ਹਨ।
ਪਰਮਾਰਾਂ ਨੂੰ ਪਰੰਪਰਾਵਾਂ ਪਰਮਾਰ ਸੂਰਮੇ ਦੀ ਬੰਸ ਵਿੱਚ ਦਸਦੀਆਂ ਹਨ। ਪਰਮਾਰ ਰਾਜੇ
ਉਦਿਆ ਦਿੱਤ (1059-88 ਈਸਵੀਂ) ਦੀ ਮੌਤ ਤੋਂ ਮਗਰੋਂ ਬਾਰ੍ਹਵੀਂ ਸਦੀ ਵਿੱਚ ਕਮਜ਼ੋਰ
ਰਾਜਿਆਂ ਦੇ ਅਧੀਨ ਪਰਮਾਰ ਰਾਜ ਦਾ ਪੱਤਨ ਸ਼ੁਰੂ ਹੋ ਗਿਆ। ਅਲਾਉਦੀਨ ਖਿਲਜੀ ਦੇ ਜਰਨੈਲ
ਆਈਨ ਉਲ ਮੁਲਕ ਨੇ 1305 ਈਸਵੀਂ ਵਿੱਚ ਮਾਂਡੂ, ਧਾਰਾ, ਉਜੈਨ ਆਦਿ ਖੇਤਰ ਜਿੱਤ
ਲਏ। ਡਾਕਟਰ ਡੀ• ਸੀ• ਗੰਗੁਲੀ ਨੇ ਆਪਣੀ ਪੁਸਤਕ ‘ਇਤਿਹਾਸ ਪਰਮਾਰ ਰਾਜਬੰਸ’ ਵਿੱਚ
ਪਰਮਾਰਾਂ ਬਾਰੇ ਬਹੁਤ ਜਾਣਕਾਰੀ ਦਿੱਤੀ ਹੈ। ਪਰਮਾਰ ਜਗਤ ਪ੍ਰਸਿੱਧ ਗੋਤ ਹੈ।
|