ਮੰਡੇਰ : ਇਸ ਬੰਸ ਦਾ ਵਡੇਰਾ ਮੰਡੇਰਾ ਸੀ। ਇਹ ਮੱਧ ਪ੍ਰਦੇਸ਼ ਦੇ ਮਾਂਡੂ ਖੇਤਰ
ਵਿੱਚ ਆਬਾਦ ਸਨ। ਇਹ ਰਿੱਗਵੇਦ ਦੇ ਸਮੇਂ ਦਾ ਪੁਰਾਣਾ ਜੱਟ ਕਬੀਲਾ ਹੈ। ਇਹ ਧਾਰਾ ਨਗਰੀ ਦੇ
ਰਾਜੇ ਜੱਗਦੇਉ ਪਰਮਾਰ ਨਾਲ ਰਾਜਸਥਾਨ ਦੇ ਰਸਤੇ 12ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੇ
ਮਾਲਵਾ ਖੇਤਰ ਵਿੱਚ ਆਏ। ਇਸ ਕਬੀਲੇ ਨੇ ਰਾਜੇ ਜੱਗਦੇਉ ਪੰਵਾਰ ਦੇ ਲਸ਼ਕਰ ਵਿੱਚ ਸ਼ਾਮਿਲ
ਹੋ ਕੇ ਰਾਜਸਥਾਨ ਤੇ ਪੰਜਾਬ ਵਿੱਚ ਗੱਜ਼ਨਵੀ ਪਠਾਨਾਂ ਨਾਲ ਕਈ ਲੜਾਈਆਂ ਕੀਤੀਆਂ ਅਤੇ
ਉਨ੍ਹਾਂ ਨੂੰ ਲਾਹੌਰ ਵੱਲ ਭਜਾ ਦਿੱਤਾ ਸੀ।
ਪੁਰਾਣੇ ਸਮੇਂ ਵਿੱਚ ਪੰਜਾਬ ਦੇ ਮਾਲਵਾ ਖੇਤਰ ਤੋਂ ਜੱਟ ਕਬੀਲੇ ਮੱਧ ਪ੍ਰਦੇਸ਼ ਦੇ
ਮਾਲਵਾ ਖੇਤਰ ਵਿੱਚ ਆਉਂਦੇ ਜਾਂਦੇ ਰਹਿੰਦੇ ਸਨ। ਰਾਜੇ ਜੱਗਦੇਉ ਨੇ ਜਰਗ ਨਵਾਂ ਪਿੰਡ
ਵਸਾਇਆ ਅਤੇ ਮੰਡੇਰਾਂ ਨੂੰ ਵੀ ਏਥੇ ਹੀ ਆਬਾਦ ਕਰ ਲਿਆ। ਮੰਡੇਰ ਵੀ ਪਰਮਾਰ ਭਾਈਵਾਰੇ
ਵਿਚੋਂ ਹਨ। ਲੁਧਿਆਣੇ ਜਿਲ੍ਹੇ ਵਿੱਚ ਮੰਡੇਰ ਗੋਤ ਦੇ ਜੱਟ ਕਾਫ਼ੀ ਹਨ। ਸੰਗਰੂਰ ਵਿੱਚ ਵੀ
ਮੰਡੇਰ ਕਲਾਂ ਪਿੰਡ ਮੰਡੇਰ ਭਾਈਚਾਰੇ ਦਾ ਹੀ ਹੈ। ਜਿਲ੍ਹਾ ਜਲੰਧਰ ਦੇ ਬੰਗਾ ਹਲਕੇ ਵਿੱਚ
ਵੀ ਮੰਡੇਰ ਜੱਟਾਂ ਦਾ ਉਘਾ ਪਿੰਡ ਮੰਡੇਰ ਹੈ। ਪਿੰਡ ਅਹਿਮਦਗੜ੍ਹ ਤਹਿਸੀਲ ਬੁਢਲਾਡਾ ਵਿੱਚ
ਵੀ ਕੁਝ ਮੰਡੇਰ ਵੱਸਦੇ ਹਨ। ਮਾਨਸਾ ਖੇਤਰ ਵਿੱਚ ਮੰਡੇਰ ਕਾਫ਼ੀ ਹਨ। ਭੂਰਥਲਾ ਮੰਡੇਰ
ਤਹਿਸੀਲ ਮਲੇਰਕੋਟਲਾ ਜਿਲ੍ਹਾ ਸੰਗਰੂਰ ਵਿੱਚ ਮੰਡੇਰਾਂ ਦਾ ਵੱਡਾ ਪਿੰਡ ਹੈ।
ਮਾਲਵੇ ਵਿੱਚ ਮੰਡੇਰ ਗੋਤ ਦੇ ਲੋਕ ਕਾਫ਼ੀ ਹਨ। ਦੁਆਬੇ ਵਿੱਚ ਬਹੁਤ ਘੱਟ ਹਨ। ਪੰਜਾਬ
ਵਿੱਚ ਮੰਡੇਰ ਨਾਮ ਦੇ ਕਈ ਪਿੰਡ ਹਨ। ਮੰਡੇਰ ਉਪਗੋਤ ਹੈ। ਸਾਰੇ ਮੰਡੇਰ ਜੱਟ ਸਿੱਖ ਹਨ।
ਮੰਡੇਰ ਜੱਟਾਂ ਦਾ ਉਘਾ ਤੇ ਛੋਟਾ ਗੋਤ ਹੈ। ਮੰਡੇਰ ਜੱਟ ਆਪਣਾ ਸੰਬੰਧ ਪੰਵਾਰ ਰਾਜਪੂਤਾਂ
ਨਾਲ ਜੋੜਦੇ ਹਨ। ਜਾਟ ਇਤਿਹਾਸਕਾਰ ਪਿੰਰਸੀਪਲ ਹੁਕਮ ਸਿੰਘ ਪੰਵਾਰ, ਰੋਹਤਕ ਅਨੁਸਾਰ
ਰਾਜਪੂਤਾਂ ਦੀ ਉਨਤੀ ਸਮੇਂ ਜੱਟ ਰਾਜ ਘਰਾਣਿਆਂ ਵਿਚੋਂ ਹੀ ਪੁਰਾਣਕ ਬ੍ਰਾਹਮਣਾਂ ਨੇ
ਕਸ਼ਤਰੀਆਂ ਦੀ ਇੱਕ ਨਵੀਂ ਸ਼੍ਰੇਣੀ ਬਣਾਈ। ਜੱਟ ਬਹੁਤ ਹੀ ਪ੍ਰਾਚੀਨ ਜਾਤੀ ਹੈ। ਇਹ
ਰਾਜਪੂਤਾਂ ਦੇ ਵੀ ਮਾਪੇ ਹਨ।
|