ਮਾਹਿਲ : ਇਹ ਮਹਾਭਾਰਤ ਦੇ ਸਮੇਂ ਦਾ ਇੱਕ ਪੁਰਾਣਾ ਜੱਟ ਕਬੀਲਾ
ਹੈ। ਮਾਹਲ, ਮੋਹਿਲ ਅਤੇ ਮਾਹੇ ਇਕੋ ਗੋਤ ਹੈ। ਵੱਖ–ਵੱਖ ਖੇਤਰਾਂ ਵਿੱਚ ਉਚਾਰਨ ਵਿੱਚ ਫਰਕ
ਹੈ। ਇਹ ਆਪਣਾ ਸੰਬੰਧ ਚੌਹਾਨ ਰਾਜਪੂਤਾਂ ਨਾਲ ਜੋੜਦੇ ਹਨ। ਇਹ ਗੋਦਾਰਿਆਂ ਨੂੰ ਆਪਣੇ
ਭਾਈਚਾਰੇ ਵਿਚੋਂ ਸਮਝਦੇ ਹਨ। ਰਾਮਾਇਣ ਕਾਲ ਸਮੇਂ ਵੀ ਇਨ੍ਹਾਂ ਦਾ ਇੱਕ ਜਨਪਦ ਸੀ। ਮਾਹੀ
ਅਤੇ ਗੁਜਰਾਤ ਤੇ ਮਾਲਵਾ ਦੇ ਖੇਤਰ ਤੇ ਪੂਰਾ ਅਧਿਕਾਰ ਸੀ। ਟਾਡ ਅਤੇ ਸਮਿਥ ਨੇ ਇਨ੍ਹਾਂ ਦਾ
ਜਨਪਦ ਸੁਜਾਨਗੜ੍ਹ ਬੀਕਾਨੇਰ ਖੇਤਰ ਲਿਖਿਆ ਹੈ। ਇਨ੍ਹਾਂ ਦੀ ਰਾਣਾ ਪਦਵੀ ਸੀ। ਇਨ੍ਹਾਂ ਦਾ
ਕੇਵਲ 140 ਪਿੰਡਾਂ ਤੇ ਕਬਜ਼ਾ ਸੀ। ਇਸ ਖੇਤਰ ਨੂੰ ਮਹਿਲਵਾਟੀ ਕਿਹਾ ਜਾਂਦਾ ਸੀ।
ਜੋਧਪੁਰ ਦਾ ਰਾਜਾ ਜੋਧਾ ਸੀ। ਰਾਠੌਰ ਨੇ ਮਹਿਲਵਾੜੀ ਜਿੱਤ ਲਿਆ। ਇਸ ਲੜਾਈ
ਵਿੱਚ ਰਾਣਾ ਮਜੀਤ ਮਾਹਲ ਅਤੇ ਰਾਣਾ ਬਛੂਰਾਜ ਮਾਹਲ ਮਾਰੇ ਗਏ। ਰਾਠੌਰ ਬੰਸੀ ਰਾਜਿਆਂ ਨੇ
ਮਾਹਲਾਂ ਨੂੰ ਹਰਾ ਕੇ ਉਨ੍ਹਾਂ ਦੇ ਇਲਾਕਿਆਂ ਤੇ ਕਬਜ਼ਾ ਕਰ ਲਿਆ। ਮਾਹਲ ਬੰਸ ਦੇ ਕੁਝ ਜੱਟ
ਰਾਜਸਥਾਨ ਦੇ ਮੇਵਾੜ ਖੇਤਰ ਵਿੱਚ ਵਸ ਗਏ ਅਤੇ ਕੁਝ ਪੰਜਾਬ, ਹਰਿਆਣਾ, ਪੱਛਮੀ ਉਤਰ
ਪ੍ਰਦੇਸ਼ ਤੇ ਮੱਧ ਪ੍ਰਦੇਸ਼ ਦੇ ਖੇਤਰਾਂ ਵਿੱਚ ਚੱਲ ਗਏ। ਕੁਝ ਮਾਹਲ ਜੱਟ ਬੀਕਾਨੇਰ ਦੇ
ਖੇਤਰ ਤੋਂ ਉਠਕੇ ਪੰਜਾਬ ਦੇ ਮਾਲਵਾ ਖੇਤਰ ਵਿੱਚ ਹੀ ਸਭ ਤੋਂ ਪਹਿਲਾਂ ਆਬਾਦ ਹੋਏ। ਫਿਰ
ਜਲੰਧਰ ਤੇ ਅੰਮ੍ਰਿਤਸਰ ਵੱਲ ਚਲੇ ਗਏ। ਮਾਲਵੇ ਦੇ ਬਠਿੰਡਾ, ਮੁਕਤਸਰ, ਸੰਗਰੂਰ, ਪਟਿਆਲਾ,
ਫਰੀਦਕੋਟ, ਲੁਧਿਆਣਾ ਆਦਿ ਖੇਤਰਾਂ ਵਿੱਚ ਮਾਹਲ ਭਾਈਚਾਰੇ ਦੇ ਕਾਫ਼ੀ ਲੋਕ ਵੱਸਦੇ ਹਨ।
ਅੰਮ੍ਰਿਤਸਰ ਦੇ ਖੇਤਰ ਵਿੱਚ ਮਾਹਲ ਗੋਤ ਦਾ ਇੱਕ ਉੱਘਾ ਪਿੰਡ ਮਾਹਲ ਹੈ।
ਨਵਾਂ ਸ਼ਹਿਰ ਜਿਲ੍ਹੇ ਦਾ ਮਾਹਲ ਗਹਿਲਾਂ ਤੇ ਮਾਹਲ ਖੁਰਦ ਪਿੰਡ ਮਾਹਲ
ਜੱਟਾਂ ਦੇ ਹੀ ਹਨ। ਜਿਲ੍ਹਾ ਊਨਾ ਵਿੱਚ ਦੇਹਲਾਂ ਪਿੰਡ ਮਾਹਲ ਭਾਈਚਾਰੇ ਦਾ ਹੈ। ਕੁਝ ਮਾਹਲ
ਰੋਪੜ ਜਿਲ੍ਹੇ ਵਿੱਚ ਵੀ ਆਬਾਦ ਹਨ। ਦੁਆਬੇ ਵਿੱਚ ਮਾਹਿਲ ਜੱਟ ਕਾਫ਼ੀ ਵੱਸਦੇ ਹਨ। ਸੰਗਰੂਰ
ਵਿੱਚ ਭੂੱਦੜ ਭੈਣੀ ਅਤੇ ਬਠਿੰਡੇ ਵਿੱਚ ਤੁੰਗਵਾਲੀ ਵੀ ਮਾਹਲਾਂ ਦੇ ਪ੍ਰਸਿੱਧ ਪਿੰਡ ਹਨ।
ਕੁਝ ਮਾਹਲ ਸਿਰਸੇ ਵਿੱਚ ਵੀ ਆਬਾਦ ਹਨ। ਉਜਾਗਰ ਸਿੰਘ ਮਾਹਲ ਨੇ ‘ਐਂਟੀਕਵਿਟੀ ਔਫ ਜਾਟਰੇਸ
ਪੁਸਤਕ ਲਿਖੀ ਹੈ ਜੋ ਜੱਟਾਂ ਦੇ ਪ੍ਰਾਚੀਨ ਇਤਿਹਾਸ ਨਾਲ ਸੰਬੰਧਿਤ ਹੈ।
1881 ਜਨਸੰਖਿਆ ਅਨੁਸਾਰ ਸਾਂਝੇ ਪੰਜਾਬ ਵਿੱਚ ਮਾਹਲ ਜੱਟਾਂ ਦੀ ਗਿਣਤੀ 7,630 ਸੀ।
ਮਾਹਲ ਰਾਜਾਪੂਤ ਕੇਵਲ 839 ਸਨ। ਪੂਰਬੀ ਪੰਜਾਬ ਵਿੱਚ ਸਾਰੇ ਮਾਹਲ ਜੱਟ ਸਿੱਖ ਹਨ। ਕੁਝ
ਮਾਹਲ ਹਿੰਦੂ ਜਾਟ ਵੀ ਹਨ। ਪੱਛਮੀ ਪੰਜਾਬ ਵਿੱਚ ਬਹੁਤੇ ਮਾਹਲ ਮੁਸਲਮਾਨ ਸਨ। ਰਾਜਸਥਾਨ
ਵਿੱਚ ਹਿੰਦੂ ਜਾਟ ਹਨ ਸ਼ਾਹਬਾਜ਼ ਸਿੰਘ ਮਾਹਲ ਸੀ।
|