ਮਾਂਗਟ : ਇਸ ਭਾਈਚਾਰੇ ਦਾ ਵਡੇਰਾ ਮਾਂਗਟ ਸੀ। ਮਾਂਗਟ ਭਾਈਚਾਰਾ ਮੱਧ ਏਸ਼ੀਆ ਦੇ
ਰੂਸੀ ਖੇਤਰ ਤੋਂ ਆਇਆ ਹੋਇਆ, ਮਹਾਭਾਰਤ ਦੇ ਸਮੇਂ ਦਾ ਬਹੁਤ ਪੁਰਾਣਾ ਕਬੀਲਾ ਹੈ। ਏ• ਐਲ•
ਮੰਗੇਟ ਰੂਸ ਦਾ ਪ੍ਰਸਿੱਧ ਇਤਿਹਾਸਕਾਰ ਹੋਇਆ ਹੈ। ਕੁਝ ਜੱਟ ਯੂਕਰੇਨ ਵਿੱਚ ਵੀ ਹਨ। ਇੱਕ
ਮਾਂਗਟ ਸਿੱਧ 12ਵੀਂ ਸਦੀ ਵਿੱਚ ਵੀ ਹੋਇਆ ਹੈ। ਇਸ ਸਮੇਂ ਉਤਰੀ ਭਾਰਤ ਵਿੱਚ ਸਿੱਧਾਂ ਦਾ
ਬਹੁਤ ਪ੍ਰਭਾਵ ਸੀ। ਇਸ ਨੇ ਗੜ੍ਹਗੱਜ਼ਨੀ ਤੋਂ ਆਪਣੇ ਕਬੀਲੇ ਸਮੇਤ ਆਕੇ ਜੱਗਦੇਉ ਪਰਮਾਰ
ਨਾਲ ਰਲਕੇ ਰਾਜਸਥਾਨ ਤੇ ਪੰਜਾਬ ਵਿੱਚ ਗੱਜ਼ਨੀ ਵਾਲੇ ਪਠਾਨਾਂ ਨਾਲ ਕਈ ਲੜਾਈਆਂ ਲੜੀਆਂ।
ਅੰਤ ਪਰਿਵਾਰ ਸਮੇਤ ਮਾਲਵੇ ਦੇ ਲੁਧਿਆਣੇ ਖੇਤਰ ਵਿੱਚ ਆਬਾਦ ਹੋ ਗਏ।
ਇਸ ਦੀ ਬਰਾਦਰੀ ਪਹਿਲਾਂ ਸ਼ਾਹਪੁਰ ਕਦੋਂ ਆਬਾਦ ਹੋਈ, ਇਸ ਖ਼ਾਨਦਾਨ ਨੇ ਹੀ ਦੋਰਾਹੇ ਦੇ
ਪਾਸ ਛੰਦੜ ਪਿੰਡ ਵਸਾਇਆ। ਰਾਮਪੁਰ, ਕਟਾਣੀ, ਹਾਂਸ ਕਲਾਂ ਪਿੰਡ ਵੀ ਇਸ ਭਾਈਚਾਰੇ ਦੇ ਹਨ।
ਛੰਦੜਾਂ ਦੇ ਆਸਪਾਸ ਮਾਂਗਟਾਂ ਦੇ 12 ਪਿੰਡ ਹਨ। ਲੁਧਿਆਣੇ ਜਿਲ੍ਹੇ ਵਿੱਚ ਮਾਂਗਟ ਜੱਟ
ਪਿੰਡ ਰਾਮਗੜ੍ਹ, ਭੰਮਾ ਕਲਾਂ, ਬੇਗੋਵਾਲ, ਪ੍ਰਿਥੀਪੁਰ, ਖੇੜਾ, ਘੁਲਾਲ, ਮਾਂਗਟ, ਭੈਰੋਂ
ਮੁਨਾ, ਬਲੋਵਾਲ, ਮਲਕਪੁਰ ਆਦਿ ਵਿੱਚ ਵੀ ਕਾਫ਼ੀ ਵੱਸਦੇ ਹਨ।
ਮਾਂਗਟ ਭਾਈਚਾਰੇ ਵਿਚੋਂ ਕਾਲਾ ਮਾਂਗਟ ਬਹੁਤ ਉੱਘਾ ਖਾੜਕੂ ਸੀ। ਉਹ ਕਿਸੇ ਕਾਰਨ ਦੁਆਬਾ
ਛੱਡਕੇ ਲੁਧਿਆਣੇ ਦੇ ਖੇਤਰ ਵਿੱਚ ਆ ਗਿਆ। ਉਸ ਨੇ ਮੁੰਡੀਆਂ ਦੇ ਨੰਬਰਦਾਰ ਨਾਲ
ਰਿਸ਼ਤੇਦਾਰੀ ਪਾ ਲਈ ਅਤੇ ਘਰ ਜੁਆਈ ਬਣਕੇ ਰਹਿਣ ਲੱਗ ਪਿਆ। ਕਿਸੇ ਕਾਰਨ ਸਰਹਿੰਦ ਦਾ ਨਵਾਬ
ਵੀ ਕਾਲੇ ਨਾਲ ਨਾਰਾਜ਼ ਹੋ ਗਿਆ। ਮੁੰਡੀ ਕਬੀਲੇ ਦੇ ਲੋਕ ਕਾਲੇ ਨੂੰ ਪਕੜ ਕੇ ਨਵਾਬ ਨੂੰ
ਖ਼ੁਸ਼ ਕਰਨਾ ਚਾਹੁੰਦੇ ਸਨ। ਕਾਲੇ ਨੂੰ ਉਨ੍ਹਾਂ ਦੀ ਚਾਲ ਦਾ ਪਤਾ ਲੱਗ ਗਿਆ। ਕਾਲੇ ਨੇ
ਮੁੰਡੀ ਜੱਟ ਕਬੀਲੇ ਦੇ ਲੋਕਾਂ ਨੂੰ ਦਾਅਵਤ ਤੇ ਸਦ ਲਿਆ। ਜਦੋਂ ਮੁੰਡੀ ਗੋਤ ਦੇ ਸਾਰੇ ਲੋਕ
ਦਾਅਵਤ ਲਈ ਬੈਠੇ ਤਾਂ ਕਾਲੇ ਨੇ ਅੱਗ ਲਾ ਦਿੱਤੀ। ਜਿਸ ਨਾਲ ਮੁੰਡੀ ਗੋਤ ਦੇ ਸਾਰੇ ਮਰਦ
ਮਾਰੇ ਗਏ। ਉਸ ਸਮੇਂ ਮੁੰਡੀ ਕਬੀਲੇ ਦੀ ਇੱਕ ਇਸਤਰੀ ਬੱਚਾ ਜੰਮਣ ਲਈ ਆਪਣੇ ਪੇਕੇ ਗਈ ਸੀ।
ਉਸ ਦੇ ਪੇਟੋਂ ਜਨਮੇ ਬੱਚੇ ਤੋਂ ਮੁੰਡੀ ਗੋਤ ਫਿਰ ਚੱਲ ਪਿਆ। ਇਸ ਕਾਰਨ ਹੀ ਮੁੰਡੀ ਗੋਤ ਦੇ
ਜੱਟਾਂ ਦੀ ਗਿਣਤੀ ਬਹੁਤ ਹੀ ਘੱਟ ਹੈ। ਕਾਲਾ ਬਹੁਤ ਤਾਕਤਵਰ ਪਹਿਲਵਾਨ ਸੀ। ਪਾਇਲ ਦੇ ਹਾਕਮ
ਜੈ ਸਿੰਘ ਨੇ ਕਾਲੇ ਦੀ ਕੁਸ਼ਤੀ ਤੋਂ ਖ਼ੁਸ਼ ਹੋ ਕੇ ਕਾਲੇ ਨੂੰ ਘੋੜਾ ਫੇਰ ਕੇ ਜਿੰਨੀ
ਜ਼ਮੀਨ ਉਹ ਘੇਰ ਸਕੇ, ਘੇਰ ਲੈਣ ਦੀ ਖੁੱਲ੍ਹ ਦੇ ਦਿੱਤੀ। ਇਸ ਪ੍ਰਕਾਰ ਕਾਲੇ ਮਾਂਗਟ ਨੇ
ਮਾਂਗਟਾਂ ਦਾ ਪ੍ਰਸਿੱਧ ਪਿੰਡ ਛੰਦੜਾਂ ਵਸਾਇਆ। ਅੱਜ ਕੱਲ੍ਹ ਇਸ ਮੁੱਲੇ ਵਾਲੇ ਪਿੰਡ ਨੂੰ
ਹੀ ਘੁਲਾਲ ਕਹਿੰਦੇ ਹਨ। ਘੁਲਾਲ ਦੇ ਥੇਹ ਤੋਂ ਕੁਸ਼ਨ ਕਾਲ ਦੇ ਸਮੇਂ ਦੀਆਂ ਮੂਰਤੀਆਂ ਤੇ
ਸਿੱਕੇ ਮਿਲੇ ਹਨ। ਬਾਬੂ ਹੀਰਾ ਸਿੰਘ ਜੀ 'ਘੁਲਾਲ ਦਾ ਇਤਿਹਾਸ' ਪੁਸਤਕ ਵੀ ਲਿਖੀ
ਹੈ।
ਮਾਲਵੇ ਵਿੱਚ ਬਹੁਤੇ ਮਾਂਗਟ ਲੁਧਿਆਣੇ, ਪਟਿਆਲੇ ਤੇ ਫਿਰੋਜ਼ਪੁਰ ਖੇਤਰਾਂ ਵਿੱਚ ਆਬਾਦ
ਸਨ। ਮੁਕਤਸਰ ਦੇ ਇਲਾਕੇ ਵਿੱਚ ਮਾਂਗਟ ਕੇਰ ਪਿੰਡ ਮਾਂਗਟ ਜੱਟਾਂ ਦਾ ਬਹੁਤ ਉਘਾ ਪਿੰਡ ਹੈ।
ਕੁਝ ਮਾਂਗਟ ਮਲੇਰਕੋਟਲਾ, ਨਾਭਾ ਤੇ ਫਰੀਦਕੋਟ ਖੇਤਰਾਂ ਵਿੱਚ ਵੀ ਵੱਸਦੇ ਹਨ। ਮਾਝੇ ਵਿੱਚ
ਅੰਮ੍ਰਿਤਸਰ ਜਿਲ੍ਹੇ ਵਿੱਚ ਵੀ ਮਾਂਗਟ ਭਾਈਚਾਰੇ ਦੇ ਲੋਕ ਕੁਝ ਪਿੰਡਾਂ ਵਿੱਚ ਰਹਿੰਦੇ ਹਨ।
ਜਲੰਧਰ ਖੇਤਰ ਵਿੱਚ ਮਾਂਗਟ ਭਾਈਚਾਰੇ ਦੇ ਲੋਕ ਕੁਝ ਪਿੰਡਾਂ ਵਿੱਚ ਰਹਿੰਦੇ ਹਨ। ਜਲੰਧਰ
ਖੇਤਰ ਵਿੱਚ ਮਾਂਗਟ ਕਾਫ਼ੀ ਹਨ। ਰੋਪੜ ਅਤੇ ਸਿਰਸਾ ਦੇ ਖੇਤਰਾਂ ਵਿੱਚ ਵੀ ਕੁਝ ਮਾਂਗਟ
ਵੱਸਦੇ ਹਨ। ਕੁਝ ਹੁਸ਼ਿਆਰਪੁਰ ਵਿੱਚ ਵੀ ਹਨ। ਪੱਛਮੀ ਪੰਜਾਬ ਦੇ ਸਿਆਲਕੋਟ, ਲਾਹੌਰ,
ਗੁਜਰਾਂਵਾਲਾ, ਗੁਜਰਾਤ ਤੇ ਮਿੰਟਗੁੰਮਰੀ ਆਦਿ ਖੇਤਰਾਂ ਵਿੱਚ ਵੀ ਮਾਂਗਟ ਭਾਈਚਾਰੇ ਦੇ
ਕਾਫ਼ੀ ਲੋਕ ਵੱਸਦੇ ਹਨ। ਸਾਂਦਲਬਾਰ ਵਿੱਚ ਵੀ ਮਲੇ ਅਤੇ ਮਾਂਗਟ ਪਿੰਡ ਮਾਂਗਟ ਜੱਟਾਂ ਦੇ
ਸਨ। ਪੱਛਮੀ ਪੰਜਾਬ ਵਿੱਚ ਬਹੁਤੇ ਮਾਂਗਟ ਮੁਸਲਮਾਨ ਬਣ ਗਏ ਸਨ। ਪੂਰਬੀ ਪੰਜਾਬ ਵਿੱਚ ਸਾਰੇ
ਮਾਂਗਟ ਜੱਟ ਸਿੱਖ ਹਨ। ਦੁਆਬੇ ਵਿਚੋਂ ਕਾਫ਼ੀ ਮਾਂਗਟ ਬਾਹਰਲੇ ਦੇਸਾਂ ਵਿੱਚ ਜਾਕੇ ਆਬਾਦ
ਹੋ ਗਏ ਹਨ। ਇਸ ਭਾਈਚਾਰੇ ਨੇ ਬਹੁਤ ਉਨਤੀ ਕੀਤੀ ਹੈ। 1881 ਈਸਵੀਂ ਦੀ ਜਨਸੰਖਿਆ ਅਨੁਸਾਰ
ਸਾਂਝੇ ਪੰਜਾਬ ਵਿੱਚ ਮਾਂਗਟ ਭਾਈਚਾਰੇ ਦੀ ਕੁੱਲ ਗਿਣਤੀ 11,661 ਸੀ।
ਚਾਲੀ ਮੁਕਤਿਆਂ ਵਿਚੋਂ ਇੱਕ ਮੁਕਤਾ ਭਾਈ ਫਤਿਹ ਸਿੰਘ ਖੁਰਦਪੁਰ ਮਾਂਗਟ ਪਿੰਡ ਦਾ
ਸੂਰਬੀਰ ਸ਼ਹੀਦ ਸੀ। ਮਾਂਗਟ ਜੱਟਾਂ ਦਾ ਇੱਕ ਪੁਰਾਣਾ, ਉਘਾ ਤੇ ਛੋਟਾ ਗੋਤ ਹੈ। ਮਹਾਂਭਾਰਤ
ਦੇ ਯੁੱਧ ਸਮੇਂ ਭਾਰਤ ਵਿੱਚ 244 ਰਾਜ ਸਨ ਜਿਨ੍ਹਾਂ ਵਿਚੋਂ 83 ਜੱਟ ਰਾਜ ਸਨ। ਇੱਕ
ਪਰਾਤੱਤਵ ਵਿਗਿਆਨੀ ਤੇ ਵਿਦਵਾਨ ਪ੍ਰੋਫੈਸਰ ਬੀ• ਬੀ• ਲਾਲ ਅਨੁਸਾਰ ਮਹਾਭਾਰਤ ਦਾ ਯੁੱਧ
ਈਸਾ ਤੋਂ ਅੱਠ ਸੌ ਜਾਂ ਨੌ ਸੌ ਸਾਲ ਪਹਿਲਾਂ ਹੋਇਆ ਸੀ। ਸ਼੍ਰੀ ਕ੍ਰਿਸ਼ਨ ਜੀ, ਸ਼੍ਰੀ
ਰਾਮਚੰਦਰ ਜੀ ਜੱਟ ਰਾਜੇ ਸਨ। ਜੱਟ ਤੇ ਖੱਤਰੀ ਇਕੋ ਜਾਤੀ ਵਿਚੋਂ ਹਨ। ਇਹ ਸਾਰੇ ਮੱਧ
ਏਸ਼ੀਆ ਤੋਂ ਆਏ ਆਰੀਆ ਕਬੀਲੇ ਹੀ ਹਨ।
|