ਮਾਨ : ਇਸ ਬੰਸ ਦਾ ਵਡੇਰਾ ਮਾਨਪਾਲ ਸੀ। ਇਸ ਨੂੰ ਮਾਨਾ ਵੀ ਕਿਹਾ ਜਾਂਦਾ ਸੀ।
ਸ਼ੱਕ ਜਾਤੀ ਦੇ ਕੁਝ ਲੋਕ ਈਸਾ ਤੋਂ 160 ਵਰ੍ਹੇ ਪਹਿਲਾਂ ਟੈਕਸਲਾ,
ਮਥੁਰਾ ਤੇ ਸੁਰਾਸ਼ਟਰ ਵਿੱਚ ਮੱਧ ਏਸ਼ੀਆ ਦੇ ਕੈਸਪੀਅਨ ਸਾਗਰ ਦੇ ਖੇਤਰਾਂ ਤੋਂ ਆਕੇ ਹੀ
ਵਸੇ ਸਨ। ਆਰੀਆ ਲੋਕਾਂ ਦੇ ਵੱਖ ਵੱਖ ਕਬੀਲੇ ਵੱਖ–ਵੱਖ ਦੇਸ਼ਾਂ ਵਿੱਚ ਘੁੰਮ ਫਿਰ ਕੇ
ਵੱਖ–ਵੱਖ ਸਮੇਂ ਸਿੰਧ, ਰਾਜਸਥਾਨ ਤੇ ਪੰਜਾਬ ਪਹੁੰਚੇ ਸਨ।
ਮੱਧ ਏਸ਼ੀਆ ਤੋਂ ਮਾਨ ਜਾਤੀ ਦੇ ਕੁਝ ਲੋਕ ਯੂਨਾਨ ਅਤੇ ਯੂਰਪ ਵੱਲ ਵੀ ਚਲੇ ਗਏ ਸਨ।
ਜਰਮਨੀ ਵਿੱਚ ਵੀ ਮਾਨ, ਭੁੱਲਰ ਤੇ ਹੋਰ ਗੋਤਾਂ ਦੇ ਲੋਕ ਵੱਸਦੇ ਹਨ। ਥਾਮਸ ਮਾਨ ਯੂਰਪ ਦਾ
ਮਹਾਨ ਸਾਹਿਤਕਾਰ ਸੀ। ਮਾਨ ਜਗਤ ਪ੍ਰਸਿੱਧ ਗੋਤ ਹੈ। ਸ਼ੁਰੂ–ਸ਼ੁਰੂ ਵਿੱਚ ਜੱਟ ਕਬੀਲੇ
ਸੂਰਜ, ਚੰਦ ਤੇ ਸ਼ਿਵ ਦੀ ਮਾਨਤਾ ਕਰਦੇ ਸਨ। ਇਸ ਕਾਰਨ ਹੀ ਮਾਨ, ਭੁੱਲਰ ਤੇ ਹੇਰਾਂ ਨੂੰ
ਸ਼ਿਵ ਗੋਤਰੀ ਜੱਟ ਕਿਹਾ ਜਾਂਦਾ ਹੈ।
ਜੱਟ ਆਪਣੇ ਆਪ ਨੂੰ ਵਿਸ਼ੇਸ਼ ਜਾਤੀ ਸਮਝਤੇ ਹਨ। ਉਨ੍ਹਾਂ ਨੂੰ ਜੱਟ ਹੋਣ ਤੇ ਮਾਣ
ਹੁੰਦਾ ਹੈ। ਜੱਟਾਂ ਦੇ ਬਹੁਤੇ ਗੋਤ ਉਨ੍ਹਾਂ ਦੇ ਵਡੇਰਿਆਂ ਦੇ ਨਾਂ ਤੇ ਪ੍ਰਚਲਿਤ ਹੋਏ ਹਨ।
ਗੋਤ, ਜੱਟ ਦੀ ਪਹਿਚਾਣ ਤੇ ਸ਼ਾਨ ਹੁੰਦਾ ਹੈ। ਯੂਨਾਨੀ ਇਤਿਹਾਸਕਾਰ ਜੱਟਾਂ ਨੂੰ ਬਹਾਦਰ ਤੇ
ਮਹਾਨ ਸਮਝਦੇ ਸਨ। ਛੇਵੀਂ, ਸੱਤਵੀਂ ਸਦੀ ਵਿੱਚ ਬ੍ਰਾਹਮਣਵਾਦ ਦਾ ਜ਼ੋਰ ਸੀ। ਬ੍ਰਾਹਮਣ
ਜੱਟਾਂ ਨਾਲੋਂ ਖੱਤਰੀਆਂ ਨੂੰ ਉਚਾ ਸਮਝਦੇ ਸਨ। ਸਾਕਾ ਤੇ ਬਿਕਰਮ ਸੰਮਤ ਵੀ ਜੱਟਾਂ ਨਾਲ ਹੀ
ਸੰਬੰਧਿਤ ਹਨ।
ਮਾਨ ਭਾਈਚਾਰੇ ਦੇ ਲੋਕ ਪਹਿਲਾਂ ਗੁਜਰਾਤ ਤੇ ਮਹਾਰਾਸ਼ਟਰ ਵਿੱਚ ਆਬਾਦ ਹੋਏ। ਇਸ ਬੰਸ
ਦੇ ਦੋ ਪ੍ਰਸਿੱਧ ਰਾਜੇ ਵਰਨਮਾਨ ਤੇ ਰੁਧਰ ਮਾਨ ਹੋਏ ਹਨ। ਮਹਾਰਾਸ਼ਟਰ ਦੇ ਗੋਆ ਵਿੱਚ
ਕੌਂਕਣ ਖੇਤਰਾਂ ਵਿੱਚ ਮਾਨ ਰਾਜਿਆਂ ਦੇ ਸਿੱਕੇ ਮਿਲੇ ਹਨ। ਵਿਸ਼ਨੂੰ ਪੁਰਾਣ ਵਿੱਚ ਇਨ੍ਹਾਂ
ਨੂੰ ਗੰਧਰਵ ਖੇਤਰ ਦਾ ਇੱਕ ਬਹਾਦਰ ਕਬੀਲਾ ਦੱਸਿਆ ਗਿਆ ਹੈ। ਗੰਧਰਵ ਖੇਤਰ ਵਿੱਚ ਕਾਬੁਲ,
ਪੇਸ਼ਾਵਰ ਤੇ ਰਾਵਲਪਿੰਡੀ ਆਦਿ ਦੇ ਖੇਤਰ ਸ਼ਾਮਿਲ ਸਨ।
ਅੱਠਵੀਂ ਸਦੀ ਵਿੱਚ ਮਾਨ ਰਾਜਸਥਾਨ ਤੇ ਕੋਟਾ ਦੇ ਚਤੌੜ ਆਦਿ ਖੇਤਰਾਂ ਵਿੱਚ ਰਾਜ ਕਰਦੇ
ਸਨ। ਇਸ ਇਲਾਕੇ ਤੇ ਧਾਵਲ ਮੌੜ ਦਾ ਕਬਜ਼ਾ ਸੀ। ਮੌੜ ਵੀ ਮਾਨਾ ਦਾ ਉਪਗੋਤ ਹੈ। ਕੋਟਾ
ਬੂੰਦੀ ਦੇ ਇਲਾਕੇ ਵਿੱਚ ਇੱਕ ਮਾਨਪੂਤਾਂ ਨਾਲ ਵੀ ਜੋੜਦੇ ਹਨ। ਜੈਪੁਰ ਦੇ ਨੇੜੇ ਮਾਨਾ ਗੋਤ
ਵਿੱਚ ਠਾਕਰ ਰਾਜਪੂਤ ਵੀ ਹਨ। ਮਾਨਾਂ ਦੇ ਭੱਟ ਮਾਨ ਗੋਤੀ ਜੱਟਾਂ ਨੂੰ ਰਾਜਪੂਤੀ ਮੂਲ ਦੇ
ਸਭ ਤੋਂ ਪੁਰਾਣੇ ਕਸ਼ਤਰੀ ਦੱਸਦੇ ਹਨ। ਇਹ ਰਾਜਸਥਾਨ ਦੇ ਖੇਤਰ ਤੋਂ ਉਠ ਕੇ ਪੰਜਾਬ ਦੇ
ਮਾਲਵਾ ਖੇਤਰ ਵਿੱਚ ਸਿੱਧੂ, ਬਰਾੜਾਂ ਤੋਂ ਕਾਫ਼ੀ ਸਮਾਂ ਪਹਿਲਾਂ ਆਕੇ ਆਬਾਦ ਹੋਏ। ਮਾਨਾਂ,
ਭੁੱਲਰਾਂ ਤੇ ਹੇਰਾਂ ਨੂੰ ਹੀ ਮਾਲਵੇ ਦੇ ਅਸਲੀ ਤੇ ਪੁਰਾਣੇ ਜੱਟ ਮੰਨਿਆ ਜਾਂਦਾ ਹੈ।
ਇਨ੍ਹਾਂ ਤਿੰਨ ਜੱਟ ਗੋਤਾਂ ਨੂੰ ਅਸਲ ਵਿੱਚ ਢਾਈ ਗਿਣਿਆ ਜਾਂਦਾ ਹੈ। ਮਾਨ, ਭੁੱਲਰ ਤੇ
ਹੇਅਰ ਅੱਧਾ। ਮਾਲਵੇ ਵਿੱਚ ਇਨ੍ਹਾਂ ਦੀਆਂ ਭੱਟੀਆਂ ਤੇ ਸਿੱਧੂ ਬਰਾੜਾਂ ਨਾਲ ਕਈ ਲੜਾਈਆਂ
ਹੋਈਆਂ ਸਨ। ਮਾਨ ਕਈ ਪੀੜੀਆਂ ਰਾਜ ਕਰਕੇ ਗੁਜਰਾਤ ਤੇ ਮਹਾਰਾਸ਼ਟਰ ਤੇ ਖੇਤਰਾਂ ਵਿਚੋਂ
ਉਠਕੇ ਤੀਜੀ ਸਦੀ ਵਿੱਚ ਮਾਲਵੇ ਵਿੱਚ ਆਏ ਤੇ ਸਾਰੇ ਮਾਲਵੇ ਵਿੱਚ ਫੈਲ ਗਏ।
ਸ਼ੱਕਸਤਾਨ ਤੋਂ ਆਏ ਹੋਏ ਸ਼ਾਹੀ ਗੋਤ ਦੇ ਸਰਦਾਰ ਮਾਨਸ਼ਾਹ ਨੇ ਮਾਲਵੇ ਵਿੱਚ ਤੀਜੀ
ਈਸਵੀਂ ਵਿੱਚ ਬਠਿੰਡੇ ਦੇ ਇਲਾਕੇ ਵਿੱਚ ਆਕੇ ਮਾਨਸਾ ਖੇਤਰ ਨੂੰ ਆਬਾਦ ਕੀਤਾ ਅਤੇ
ਮਾਨਸਾ ਸ਼ਹਿਰ ਦੀ ਨੀਂਹ ਰੱਖੀ। ਸੰਤ ਵਿਸਾਖਾ ਸਿੰਘ ਇਤਿਹਾਸਕਾਰ ਤਾਂ ਮਾਨ ਸ਼ਾਹੀਆਂ
ਨੂੰ ਸ਼ੱਕ ਬੰਸ ਵਿਚੋਂ ਮੰਨਦਾ ਹੈ। ਇਹ ਗੁਜਰਾਤ, ਮੱਧ ਪ੍ਰਦੇਸ਼, ਰਾਜਸਥਾਨ, ਮਥਰਾ ਆਦਿ
ਵਿੱਚ ਹੁੰਦੇ ਹੋਏ ਪੰਜਾਬ ਦੇ ਮਾਲਵਾ ਖੇਤਰ ਵਿੱਚ ਪਹੁੰਚੇ ਸਨ। ਲੈਕਚਰਾਰ ਦੇ ਸਰਾਜ ਛਾਜਲੀ
ਵੀ ਲਿਖਦਾ ਹੈ ਕਿ ਮਾਨ, ਖੇੜੇ ਤੇ ਮੋਂਗੇ ਗੋਤਾਂ ਦੇ ਜੱਟ, ਅੱਜ ਤੋਂ ਕਈ ਸੌ ਸਾਲ
ਪਹਿਲਾਂ, ਰਾਜਸਥਾਨ ਤੇ ਮੱਧ ਪ੍ਰਦੇਸ਼ ਦੀ ਹੱਦ ਅਤੇ ਚੰਬਲ ਨਦੀ ਦੇ ਨੇੜਿਉਂ, ਉਜੜ ਕੇ
ਆਪਣੀਆਂ ਗੱਡੀਆਂ ਵਿੱਚ ਸਾਮਾਨ ਲੈ ਕੇ ਖੁਡਾਲਾ ਜਿਲ੍ਹਾ ਮਾਨਸਾ ਵੱਲ ਆ ਗਏ ਅਤੇ ਮਾਨਸਾ ਦੇ
ਖੇਤਰ ਵਿੱਚ ਹੀ ਵੱਸ ਗਏ। ਮਾਲਵੇ ਵਿੱਚ ਪਹਿਲਾਂ ਇਹ ਮਾਨਸਾ ਤੇ ਬਠਿੰਡਾ ਖੇਤਰਾਂ ਵਿੱਚ ਹੀ
ਆਬਾਦ ਹੋਏ। ਭੁੱਲਰ ਤੇ ਹੇਅਰ ਵੀ ਇਨ੍ਹਾਂ ਨਾਲ ਰਲਮਿਲ ਗਏ। ਸਰ ਇੱਬਟਸਨ ਦੇ ਅਨੁਸਾਰ ਦਲਾਲ
ਤੇ ਮਾਨ ਜੱਟ ਰਾਠੌਰ ਰਾਜਪੂਤਾਂ ਵਿਚੋਂ ਹਨ। ਇਨ੍ਹਾਂ ਦੇ ਵਡੇਰੇ ਪਹਿਲਾਂ ਰੋਹਤਕ ਦੇ
ਇਲਾਕੇ ਦੇ ਵਿੱਚ ਆਬਾਦ ਹੋਏ। ਇੱਕ ਵਡੇਰੇ ਧੰਨਾ ਰਾਉ ਨੇ ਬੜਗੁਜ਼ਰ ਗੋਤ ਦੀ ਜੱਟੀ ਨਾਲ
ਵਿਆਹ ਕਰ ਲਿਆ ਸੀ। ਉਸ ਦੇ ਚਾਰ ਪੁੱਤਰ ਹੋਏ। ਜਿਨ੍ਹਾਂ ਦੇ ਨਾਮ ਤੇ ਉਨ੍ਹਾਂ ਦੇ ਚਾਰ ਗੋਤ
ਦਲਾਲ, ਮਾਨ, ਦੇਸਵਾਲ ਤੇ ਸੇਵਲ ਪ੍ਰਚਲਿਤ ਹੋਏ। ਇਹ ਚਾਰੇ ਗੋਤਾਂ ਦੇ
ਲੋਕ ਆਪਸ ਵਿੱਚ ਰਿਸ਼ਤੇਦਾਰੀ ਹੀ ਨਹੀਂ ਕਰਦੇ ਕਿਉਂਕਿ ਇਨ੍ਹਾਂ ਦਾ ਵਡੇਰਾ ਇੱਕ ਸੀ। ਕੁਝ
ਮਾਨ ਭਾਈਚਾਰੇ ਦੇ ਹਿੰਦੂ ਜਾਟ ਹਰਿਆਣੇ ਦੇ ਰੋਹਤਕ, ਕਰਨਾਲ, ਹਿੱਸਾਰ ਆਦਿ ਖੇਤਰਾਂ ਵਿੱਚ
ਵੀ ਵੱਸਦੇ ਹਨ।
ਪਟਿਆਲੇ ਖੇਤਰ ਦੇ ਕੁਝ ਮਾਨ ਕਹਿੰਦੇ ਹਨ ਕਿ ਉਨ੍ਹਾਂ ਦੇ ਵਡੇਰੇ ਬਠਿੰਡੇ ਦੇ ਰਾਜੇ
ਬਿਨੇਪਾਲ ਦੇ ਸਮੇਂ ਗੜ੍ਹਗਜ਼ਨੀ ਤੋਂ ਆਏ ਸਨ। ਇੱਕ ਹੋਰ ਰਵਾਇਤ ਹੈ ਕਿ ਮਾਨ ਜੱਟ ਬਿਨੇਪਾਲ
ਦੀ ਬੰਸ ਵਿਚੋਂ ਹਨ। ਇਹ ਬਿਨੇਪਾਲ ਵਰੀਆ ਰਾਜਪੂਤ ਸੀ। ਬਿਨੇਪਾਲ ਦੇ ਚਾਰ ਪੁੱਤਰ
ਪਰਾਗਾ, ਸੰਧਰ, ਖੇਲਾ ਅਤੇ ਮੋੜ ਸਨ। ਪਰਾਗੇ ਦੀ ਬੰਸ ਨਾਭੇ ਦੇ ਖੇਤਰ ਵਿੱਚ
ਆਬਾਦ ਹੋਈ। ਬਿਨੇਪਾਲ ਨੇ ਭੱਟੀਆਂ ਨੂੰ ਬਠਿੰਡੇ ਦੇ ਇਲਾਕੇ ਵਿਚੋਂ ਭਜਾ ਦਿੱਤਾ। ਬਿਨੇਪਾਲ
ਗਜ਼ਨੀ ਦਾ ਆਖ਼ਰੀ ਹਿੰਦੂ ਰਾਜਾ ਸੀ। ਬਿਨੇਪਾਲ ਦੀ ਬੰਸ ਦੇ ਚੌਧਰੀ ਭੂੰਦੜ ਖ਼ਾਨ ਤੇ
ਮਿਰਜ਼ਾ ਖ਼ਾਨ ਨੂੰ ਬਾਦਸ਼ਾਹ ਵੱਲੋਂ ਸ਼ਾਹ ਦਾ ਖਿਤਾਬ ਮਿਲਿਆ ਸੀ।
ਮਾਨਾ ਦੀ ਮਾਨ ਸ਼ਾਹੀ ਮੂੰਹੀ ਇਸ ਬੰਸ ਵਿਚੋਂ ਹੈ। ਮਾਨ ਦੇ 12 ਪੁੱਤਰ ਸਨ। ਇਨ੍ਹਾਂ
ਦੇ ਨਾਮ ਤੇ ਮਾਨਾਂ ਦੀਆਂ 12 ਮੁੱਖ ਮੂੰਹੀਆਂ ਹਨ। ਅਸਲ ਵਿੱਚ ਮਾਨਾਂ ਦਾ ਘਰ ਉਤਰੀ ਮਾਲਵਾ
ਹੀ ਹੈ। ਭੁੱਲਰ ਭਾਈਚਾਰੇ ਦੇ ਲੋਕ ਵੀ ਮਾਨਾਂ ਦੇ ਨਜ਼ਦੀਕ ਹੀ ਵੱਸਦੇ ਰਹੇ ਹਨ। ਦੋਵੇਂ
ਰਲਕੇ ਸਿੱਧੂ, ਬਰਾੜਾਂ ਨਾਲ ਟਕਰਾ ਲੈਂਦੇ ਰਹੇ ਹਨ। ਜਲੰਧਰ ਅਤੇ ਕਰਨਾਲ ਦੇ ਮਾਨ ਆਪਣਾ
ਪਿਛੋਕੜ ਬਠਿੰਡਾ ਹੀ ਦੱਸਦੇ ਹਨ। ਪੁਰਾਣੀ ਜੀਂਦ ਅਤੇ ਸੰਗਰੂਰ ਰਿਆਸਤ ਵਿੱਚ ਇਨ੍ਹਾਂ ਦੇ
ਜਠੇਰੇ ਬਾਬੇ ਬੋਲਾ ਦਾ ਚਉ ਵਿੱਚ ਸਥਾਨ ਹੈ। ਉਸ ਦੀ ਦੀਵਾਲੀ ਅਤੇ ਵਿਆਹ ਸ਼ਾਦੀ ਸਮੇਂ ਖਾਸ
ਮਾਨਤਾ ਕੀਤੀ ਜਾਂਦੀ ਹੈ। ਮਾਲਵੇ ਵਿੱਚ ਮਾਨਾ ਦਾ ਮੌੜ ਖ਼ਾਨਦਾਨ ਵੀ ਬਹੁਤ ਪ੍ਰਸਿੱਧ ਹੈ।
ਮਾਨਸ਼ਾਹੀ ਬਹੁਤੇ ਮਾਨਸਾ ਵਿੱਚ ਹੀ ਹਨ। ਮੁਕਤਸਰ ਦੇ ਇਲਾਕੇ ਗਿੱਦੜਬਾਹਾ ਅਤੇ ਲਾਲਾ ਬਾਈ
ਆਦਿ ਵਿੱਚ ਯਾਤਰੀ ਕੇ ਮਾਨ ਆਬਾਦ ਹਨ।
ਮਾਨਾ ਦੇ ਪੁਰਾਣੇ ਪਿੰਡ ਬੁਰਜ ਮਾਨਸਾ, ਬੜੀ ਮਾਨਸਾ, ਮੌੜ,
ਮਾਨਾ, ਮਾਨਾ ਵਾਲਾ ਤੇ ਸ਼ੇਰ ਕੋਟੀਆ ਆਦਿ ਹਨ। ਸਿੱਖ ਰਾਜ ਕਾਇਮ ਕਰਨ
ਵੇਲੇ ਮਾਨ ਸਰਦਾਰਾਂ ਨੇ ਰਣਜੀਤ ਸਿੰਘ ਦੀ ਡਟ ਕੇ ਸਹਾਇਤਾ ਕੀਤੀ। ਫਤਿਹ ਸਿੰਘ ਮਾਨ
ਮਹਾਰਾਜ ਰਣਜੀਤ ਸਿੰਘ ਦਾ ਪੱਕਾ ਸਾਥੀ ਸੀ। ਤੇਜਵੰਤ ਸਿੰਘ ਮਾਨ ਮਾਲਵੇ ਦਾ ਮਹਾਨ ਲੇਖਕ
ਹੈ।
ਮਾਨ ਦੇ ਦਲਾਲ ਆਦਿ ਗੋਤਾਂ ਬਾਰੇ ਭਾਟਾਂ ਦੀਆਂ ਵਹੀਆਂ ਭਰੋਸੇਯੋਗ ਤੇ ਠੀਕ ਨਹੀਂ ਹਨ।
ਖ਼ਾਨਦਾਨ ਮੌੜਾਂ ਵਿੱਚ ਮੌੜ (ਨਾਭਾ) ਪਿੰਡ ਦੇ ਵਸਨੀਕ ਸਰਦਾਰ ਧੰਨਾ ਸਿੰਘ ਮਲਵਈ ਮਹਾਰਾਜਾ
ਰਣਜੀਤ ਸਿੰਘ ਦੀ ਫ਼ੌਜ ਦਾ ਨਿਡਰ ਤੇ ਸੂਰਬੀਰ ਜਰਨੈਲ ਸੀ। ਜਦ ਖਾਲਸੇ ਨੇ ਸੰਮਤ 1875
ਬਿਕਰਮੀ ਵਿੱਚ ਮੁਲਤਾਨ ਨੂੰ ਫਤਿਹ ਕੀਤਾ ਸੀ ਤਦ ਇਨ੍ਹਾਂ ਨੇ ਹੀ ਅੱਗੇ ਵੱਧ ਕੇ ਮੁਲਤਾਨ
ਦੇ ਨਵਾਬ ਮੁਜ਼ੱਫਰ ਖ਼ਾਂ ਦਾ ਸਿਰ ਵੱਢਿਆ ਸੀ। ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਵਿੱਚ
ਬਾਈ ਮਾਨ ਸਰਦਾਰ ਫ਼ੌਜਾਂ ਦੇ ਅਫ਼ਸਰ ਸਨ। ਇਨ੍ਹਾਂ ਦਾ ਬਹੁਤ ਪ੍ਰਭਾਵ ਸੀ। ਸਰ ਲੈਪਲ
ਗਰੀਫਨ ਨੇ ਆਪਣੀ ਕਿਤਾਬ ‘ਪੰਜਾਬ ਚੀਫਸ ਵਿੱਚ ਕੁਝ ਮਾਨ ਸਰਦਾਰਾਂ ਨੂੰ ਬਹਾਦਰ ਤੇ ਸੱਚੇ
ਮਰਦ ਮੰਨਿਆ ਹੈ। ਇਹ ਮੱਧ ਏਸ਼ੀਆ ਜਰਮਨੀ ਅਤੇ ਬਰਤਾਨੀਆਂ ਵਿੱਚ ਵੀ ਮਾਨ ਗੋਤ ਦੇ ਗੋਰੇ
ਮਿਲਦੇ ਹਨ। ਪੰਜਾਬੀਆਂ ਨਾਲ ਰਲਦੇ–ਮਿਲਦੇ ਹਨ।
ਮਹਾਰਾਜਾ ਰਣਜੀਤ ਸਿੰਘ ਦਾ ਇੱਕ ਪ੍ਰਸਿੱਧ ਜਰਨੈਲ ਬੁੱਧ ਸਿੰਘ ਮਾਨ ਵੀ ਸੀ। ਉਸ ਦੀ
ਬੰਸ ਵਿਚੋਂ ਮਹਾਨ ਅਕਾਲੀ ਲੀਡਰ ਸਿਮਰਨਜੀਤ ਸਿੰਘ ਮਾਨ ਹੈ।
ਮਾਨ ਗੋਤ ਦੇ ਕੁਝ ਲੋਕ ਮਜ਼੍ਹਬੀ ਸਿੱਖ ਅਤੇ ਛੀਂਬੇ ਵੀ ਹੁੰਦੇ ਹਨ। ਛੀਂਬੇ ਟਾਂਕ
ਕਸ਼ਤਰੀ ਹੁੰਦੇ ਹਨ। ਮਾਨ ਸਾਰੇ ਪੰਜਾਬ ਵਿੱਚ ਹੀ ਫੈਲੇ ਹੋਏ ਹਨ। 1881 ਦੀ ਜਨਸੰਖਿਆ
ਅਨੁਸਾਰ ਸਾਂਝੇ ਪੰਜਾਬ ਵਿੱਚ ਮਾਨ ਭਾਈਚਾਰੇ ਦੀ ਕੁੱਲ ਗਿਣਤੀ 53,970 ਸੀ। ਪੰਜਾਬ ਵਿੱਚ
ਮਾਨ ਨਾਮ ਦੇ ਕਈ ਪਿੰਡ ਹਨ। ਕੁਝ ਮਾਨ ਨਾਮ ਦੇ ਪਿੰਡਾਂ ਵਿੱਚ ਮਾਨ ਵੱਸਦੇ ਹਨ ਅਤੇ ਕੁਝ
ਮਾਨ ਨਾਮ ਦੇ ਪਿੰਡਾਂ ਨੂੰ ਮਾਨ, ਸਿੱਧੂਆਂ ਤੋਂ ਹਾਰਕੇ ਛੱਡ ਗਏ ਸਨ। ਬੀਦੋਵਾਲੀ ਦੇ ਪਾਸ
ਵੀ ਮਾਨ ਭਾਈਚਾਰੇ ਦਾ ਇੱਕ ਮਾਨਾਂ ਪਿੰਡ ਸੀ। ਇਸ ਪਿੰਡ ਨੂੰ ਸਿੱਧੂ ਬਰਾੜਾਂ ਨੇ ਮਾਨਾਂ
ਤੋਂ ਜਿੱਤ ਲਿਆ। ਅੱਜਕੱਲ੍ਹ ਇਸ ਪਿੰਡ ਵਿੱਚ ਸਾਰੇ ਸਿੱਧੂ ਬਰਾੜ ਹੀ ਹਨ। ਮੁਕਤਸਰ ਵਿੱਚ
ਦੌਲਾ, ਆਧਣੀਆਂ, ਖੁੱਡੀਆਂ ਮਹਾਂਸਿੰਘ, ਅਬੁਲਖੁਰਾਣਾ, ਬਾਮ ਤੇ ਮੌੜਾਂ ਆਦਿ ਵਿੱਚ ਬਹੁਤੇ
ਮਾਨ ਭਾਈਚਾਰੇ ਦੇ ਲੋਕ ਹੀ ਵੱਸਦੇ ਹਨ। ਮੋਗੇ ਦੇ ਪੂਰਬ ਉਤਰ ਵੱਲ ਵੀ ਮਾਨਾਂ ਦਾ ਕਾਫ਼ੀ
ਪਸਾਰ ਹੋਇਆ। ਦੌਧਰ ਤੇ ਕਿਸ਼ਨਪੁਰਾ ਆਦਿ ਵਿੱਚ ਵੀ ਮਾਨ ਵੱਸਦੇ ਹਨ। ਮਾਨਾਂ ਦਾ ਘਰ ਮਾਲਵਾ
ਹੈ ਅਤੇ ਇਹ ਭੁੱਲਰ ਗੋਤੀਆਂ ਦੇ ਪੂਰਬ ਵਿੱਚ ਹੀ ਹਨ। ਬਠਿੰਡੇ ਖੇਤਰ ਵਿੱਚ ਵੀ ਮਾਨ ਕਾਫ਼ੀ
ਹਨ। ਮੌੜ, ਮਾਨਸ਼ਾਹੀਏ ਤੇ ਯਾਤਰੀ ਕੇ ਮਾਨ ਪ੍ਰਸਿੱਧ ਉਪਗੋਤ ਹਨ। ਲੁਧਿਆਣੇ ਵਿੱਚ ਮਾਨ,
ਚੌਕੀ ਮਾਨ, ਸ਼ੇਖ ਦੌਲਤ ਤੇ ਕੁਮਕਲਾਂ, ਦੁਰਾਹ ਆਦਿ ਪਿੰਡਾਂ ਵਿੱਚ ਵੀ ਉਸਮਾਂ ਤੇ ਬਟਾਲਾ
ਖੇਤਰ ਵਿੱਚ ਮਾਨ ਭਾਈਚਾਰੇ ਦੇ ਲੋਕ ਕਾਫ਼ੀ ਗਿਣਤੀ ਵਿੱਚ ਰਹਿੰਦੇ ਹਨ। ਸੰਗਰੂਰ ਖੇਤਰ
ਵਿੱਚ ਮੌੜਾਂ ਤੇ ਸਤੋਜ਼ ਮਾਨਾ ਉਘੇ ਪਿੰਡ ਹਨ। ਪਟਿਆਲੇ ਦੇ ਨਾਭੇ ਦੇ ਇਲਾਕੇ ਵਿੱਚ ਵੀ
ਮਾਨ ਕਾਫ਼ੀ ਹਨ। ਫਤਿਹਗੜ੍ਹ ਸਾਹਿਬ ਦੇ ਖੇਤਰ ਵਿੱਚ ਪਿੰਡ ਕਿਲ੍ਹਾ ਹਰਨਾਮ ਸਿੰਘ ਤਲਾਣੀਆਂ
ਵੀ ਮਾਨ ਸਰਦਾਰਾਂ ਦਾ ਬਹੁਤ ਪ੍ਰਸਿੱਧ ਪਿੰਡ ਹੈ। ਰੋਪੜ ਖੇਤਰ ਵਿੱਚ ਵੀ ਮਾਨਾਂ ਦੇ ਕਾਫ਼ੀ
ਪਿੰਡ ਹਨ। ਫਿਰੋਜ਼ਪੁਰ ਜਿਲ੍ਹੇ ਵਿੱਚ ਸੁਹੇਲੇਵਾਲਾ, ਮੋੜ ਨੌਅਬਾਦ, ਮੌੜ ਠਾਹੜਾ ਵੀ
ਮਾਨਾਂ ਦੇ ਉਘੇ ਪਿੰਡ ਹਨ।
ਪੱਛਮੀ ਪੰਜਾਬ ਵਿੱਚ ਵੀ ਮਾਨ ਲਾਹੌਰ, ਸਿਆਲਕੋਟ, ਝੰਗ, ਗੁਜਰਾਂਵਾਲਾ, ਗੁਜਰਾਤ ਤੱਕ
ਕਾਫ਼ੀ ਗਿਣਤੀ ਵਿੱਚ ਵੱਸਦੇ ਹਨ। ਪੱਛਮੀ ਪੰਜਾਬ ਵਿੱਚ ਬਹੁਤੇ ਮਾਨ ਜੱਟ ਮੁਸਲਮਾਨ ਸਨ।
ਪੂਰਬੀ ਪੰਜਾਬ ਵਿੱਚ ਸਾਰੇ ਮਾਨ ਸਿੱਖ ਹਨ। ਹਰਿਆਣੇ ਵਿੱਚ ਕੁਝ ਮਾਨ ਹਿੰਦੂ ਜਾਟ ਹਨ।
ਮਾਨ ਬਹੁਤ ਹੀ ਸਿਆਣੇ ਤੇ ਸੰਜਮੀ ਜੱਟ ਹੁੰਦੇ ਹਨ। ਦੁਆਬੇ ਵਿਚੋਂ ਕੁਝ ਮਾਨ ਅਮਰੀਕਾ,
ਕੈਨੇਡਾ ਤੇ ਆਸਟਰੇਲੀਆ ਆਦਿ ਬਾਹਰਲੇ ਦੇਸ਼ਾਂ ਵਿੱਚ ਜਾਕੇ ਵੀ ਆਬਾਦ ਹੋ ਗਏ ਹਨ। ਮਾਨ ਇੱਕ
ਵੱਡਾ ਤੇ ਪੁਰਾਣਾ ਗੋਤ ਹੈ। ਇਹ ਸਾਰੇ ਪੰਜਾਬ ਵਿੱਚ ਦੂਰ–ਦੂਰ ਤੱਕ ਫੈਲੇ ਹੋਏ ਹਨ।
ਸਿੱਧੂ, ਬਰਾੜਾਂ, ਵਿਰਕਾਂ, ਸੰਘੇ ਧਾਲੀਵਾਲਾਂ ਤੇ ਗਰੇਵਾਲਾਂ ਆਦਿ ਦੇ ਇਤਿਹਾਸ ਬਾਰੇ ਖੋਜ
ਪੁਸਤਕਾਂ ਛਪੀਆਂ ਹਨ। ਮਾਨ ਗੋਤ ਦਾ ਇਤਿਹਾਸ ਅਜੇ ਤੱਕ ਕਿਸੇ ਮਾਨ ਇਤਿਹਾਸਕਾਰ ਨੇ ਖੋਜ
ਕਰਕੇ ਠੀਕ ਤੇ ਪੂਰਾ ਨਹੀਂ ਲਿਖਿਆ ਹੈ। ਹਰਦੁਆਰ ਦੇ ਪਰੋਹਤ ਵੀ ਮਾਨ ਗੋਤ ਬਾਰੇ ਵੱਖ–ਵੱਖ
ਵਿਚਾਰ ਰੱਖਦੇ ਹਨ। ਮਾਨ ਗੋਤ ਦੇ ਜੱਟਾਂ ਬਾਰੇ ਅਜੇ ਹੋਰ ਖੋਜ ਹੋਣੀ ਚਾਹੀਦੀ ਹੈ।
ਮੌੜ ਖ਼ਾਨਦਾਨ ਦੇ ਮਾਨ ਮੋਰ ਨੂੰ ਸਤਿਕਾਰ ਨਾਲ ਵੇਖਦੇ ਹਨ ਕਿਉਂਕਿ ਇਸ ਖ਼ਾਨਦਾਨ ਦੇ
ਵਡੇਰੇ ਨੂੰ ਬਚਪਨ ਵਿੱਚ ਮੋਰ ਨੇ ਸੱਪ ਤੋਂ ਬਚਾਇਆ ਸੀ। ਮਾਨ, ਭੁੱਲਰੇ ਤੇ ਹੇਅਰ ਅੱਕ ਨੂੰ
ਵੱਢਣਾ ਪਾਪ ਸਮਝਦੇ ਹਨ ਕਿਉਂਕਿ ਅੱਕ ਦੇ ਪੱਤੇ ਸ਼ਿਵਜੀ ਮਹਾਰਾਜ ਨੂੰ ਸ਼ਿਵ ਮੰਦਿਰ ਵਿੱਚ
ਸ਼ਰਧਾ ਨਾਲ ਭੇਂਟ ਕੀਤੇ ਜਾਂਦੇ ਸਨ। ਇਹ ਤਿੰਨੇ ਗੋਤ ਸ਼ਿਵਜੀ ਨੂੰ ਮਹਾਦੇਵ ਮੰਨਦੇ ਹਨ।
ਮਾਨ, ਮੰਡ, ਦਾਹੀਏ, ਵਿਰਕ ਆਦਿ ਪ੍ਰਾਚੀਨ ਜੱਟ ਉਪ ਜਾਤੀਆਂ ਮੱਧ ਏਸ਼ੀਆ ਦੇ ਵੱਖ–ਵੱਖ
ਖੇਤਰਾਂ ਤੋਂ ਚਲਕੇ ਈਸਵੀਂ ਸੰਨ ਤੋਂ ਕਾਫ਼ੀ ਸਮਾਂ ਪਹਿਲਾਂ ਹੀ ਭਾਰਤ ਵਿੱਚ ਆ ਗਈਆਂ ਸਨ।
ਜੱਟ ਧਾੜਵੀ ਖੁੱਲ੍ਹ ਦਿਲੇ ਤੇ ਖਾੜਕੂ ਕ੍ਰਿਸਾਨ ਕਬੀਲੇ ਸਨ। ਕਹਾਵਤ ਹੈ,
‘‘ਮਾਨ, ਪੂੰਨੀਆਂ, ਚੱਠੇ, ਖਾਨ ਪਾਨ ਮੇਂ ਅਲਗ ਅਲਗ, ਲੂਟਨੇ ਮੇਂ ਕੱਠੇ‘‘। |